Share on Facebook

Main News Page

ਭੁੱਲਰ ਸਿੱਖੀ ਤੋਂ ਭੁੱਲੇ ਭਟਕੇ
ਚੰਗਾ ਹੁੰਦਾ ਜੇ ਮਰ ਚੁੱਕੇ ਭੁੱਲਰਾਂ ਦੀਆਂ ਸਮਾਧਾਂ ਬਚਾਉਣ ਦੀ ਬਜ਼ਾਏ ਜਿਉਂਦੇ ਭੁੱਲਰ ਨੂੰ ਬਚਾਉਣ ਲਈ ਸੰਘਰਸ਼ ਵਿੱਢਦੇ
- ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਸਿੱਖੀ ਵਿੱਚ ਜਿੱਥੇ ਮ੍ਰਿਤਕ ਪ੍ਰਾਣੀ ਦੇ ਸਸਕਾਰ ਵਾਲੀ ਥਾਂ ਸਮਾਧਾਂ, ਮੜ੍ਹੀਆਂ ਮਸਾਣਾਂ ਤੇ ਕਬਰਾਂ ਆਦਿ ਯਾਦਗਾਰਾਂ ਬਣਾਉਣ ਤੇ ਪੂਜਣ ਦੀ ਸਖਤ ਮਨਾਹੀ ਹੈ: {‘ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ, ਮੜੈ ਮਸਾਣਿ ਨ ਜਾਈ ॥’ (ਸੋਰਠਿ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 634), ‘……. ਗੋਰ, ਮੱਠ, ਮੜੀ, ਮੂਰਤੀ ਪੂਜਾ ਆਦਿ ਭਰਮ ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ।…….’ (ਸਿੱਖ ਰਹਿਤ ਮਰਯਾਦਾ, ਦੇ ਗੁਰਮਤਿ ਰਹਿਣੀ ਦੇ ਸਿਰਲੇਖ ਹੇਠ ਮਦ (ਸ), ‘........ ਸਸਕਾਰ ਸਥਾਨ ’ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾਂ ਹੈ।’ (ਸਿੱਖ ਰਹਿਤ ਮਰਯਾਦਾ, ਦੇ ਮ੍ਰਿਤਕ ਸੰਸਕਾਰ ਸਿਰਲੇਖ ਹੇਠ ਮਦ (ਕ)}; ਉਥੇ ਜਾਤ, ਕੁਲ, ਗੋਤ ਦੇ ਅਧਾਰ ’ਤੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਉਚਾ ਤੇ ਵੱਖਰਾ ਸਮਝ ਕੇ ਭਾਈਚਾਰੇ ਵਿੱਚ ਵੰਡੀਆਂ ਪਾਉਣੀਆਂ ਵੀ ਗਲਤ ਹਨ: {‘ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ (ਭੈਰਉ ਮ: 3, ਗੁਰੂ ਗ੍ਰੰਥ ਸਾਹਿਬ – ਪੰਨਾ 1128), ‘ਕਹਿ ਕਬੀਰ ਕੁਲ ਜਾਤਿ ਪਾਤਿ ਤਜਿ, ਚੀਟੀ ਹੋਇ ਚੁਨਿ ਖਾਈ ॥2॥3॥12॥’ (ਰਾਮਕਲੀ ਗੁਰੂ ਗ੍ਰੰਥ ਸਾਹਿਬ -ਪੰਨਾ 972), ‘ਜਾਤਿ ਜਨਮ ਕੁਲ ਖੋਈਐ, ਹਉ ਗਾਵਉ ਹਰਿ ਹਰੀ ॥1॥’ (ਸਾਰੰਗ ਮ: 5 ਗੁਰੂ ਗ੍ਰੰਥ ਸਾਹਿਬ - ਪੰਨਾ 1230), ‘ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜ਼ਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ।’ (ਸਿੱਖ ਰਹਿਤ ਮਰਯਾਦਾ, ਦੇ ਅਨੰਦ ਸੰਸਕਾਰ ਸਿਰਲੇਖ ਹੇਠ ਮਦ (ੳ)}।

ਇਤਿਹਾਸਕ ਤੌਰ ’ਤੇ ਵੀ ਪ੍ਰਮਾਣ ਮਿਲਦੇ ਹਨ ਕਿ ਭਾਈ ਮੰਝ ਜੀ ਜਿਹੜਾ ਪਹਿਲਾਂ ਸਖੀ ਸਰਵਰਾਂ ਦਾ ਮੁਖੀ ਸੀ ਤੇ ਆਪਣੇ ਘਰ ਸਖੀ ਸਰਵਰ ਦੀ ਕਬਰ ਬਣਾ ਕੇ ਉਸ ਦੀ ਪੂਜਾ ਕਰਦਾ ਸੀ, ਉਸ ਨੇ ਗੁਰੂ ਅਰਜੁਨ ਸਾਹਿਬ ਜੀ ਤੋਂ ਸਿੱਖੀ ਦੀ ਮੰਗ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਫ਼ੁਰਮਾਇਆ ਕਿ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਗੁਰੂ ਸਾਹਿਬ ਦਾ ਭਾਵ ਸੀ ਕਿ ਭਾਈ ਮੰਝ ਨੇ ਪਹਿਲਾਂ ਹੀ ਸਖੀ ਸਰਵਰਾਂ ਦੀ ਸਿੱਖੀ ਸੇਵਕੀ ਧਾਰਨ ਕੀਤੀ ਹੈ, ਇਸ ਲਈ ਇਸ ਸਿੱਖੀ ਉਤੇ ਗੁਰੂ ਦੀ ਸਿੱਖੀ ਨਹੀਂ ਟਿਕ ਸਕਦੀ। ਇਸ ਲਈ ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇ ਤੁਸੀਂ ਸਿੱਖੀ ਲੈਣੀ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਘਰ ਬਣੀ ਸਖੀ ਸਰਵਰ ਦੀ ਕਬਰ ਢਾਹ ਕੇ ਆਓ। ਭਾਈ ਮੰਝ ਨੇ ਇਸ ਤਰ੍ਹਾਂ ਹੀ ਕੀਤਾ ਤੇ ਗੁਰੂ ਜੀ ਤੋਂ ਸਿੱਖੀ ਪ੍ਰਪਾਤ ਕਰਕੇ ਪ੍ਰਮਾਣ ਚੜ੍ਹਿਆ। ਸਿੱਖ ਸੰਗਤਾਂ ਵਿੱਚ ਇਹ ਸਾਖੀ ਸੁਣਾਈ ਤਾਂ ਬਹੁਤ ਜਾਂਦੀ ਹੈ ਪਰ ਇਸ ’ਤੇ ਅਮਲ ਬਹੁਤ ਘੱਟ ਹੁੰਦਾ ਹੈ ਤੇ ਆਮ ਤੌਰ ’ਤੇ ਅੰਮ੍ਰਿਤ ਛਕ ਕੇ ਸਾਬਤ ਸੂਰਤ ਦਿਸਦੇ ਸਿੱਖ ਵੀ ਦੇਵੀ ਦੇਵਤੇ, ਕਬਰ, ਸਮਾਧਾਂ, ਮੜੀਆਂ ਮਸਾਣੀਆਂ ਦੀ ਪੂਜਾ ਤੇ ਹੋਰ ਮਨਮਤਾਂ ਤੋਂ ਬਾਹਰ ਨਹੀਂ ਨਿਕਲ ਰਹੇ।

ਸਮੇਂ ਸਮੇਂ ਸਿਰ ਅਕਾਲ ਤਖ਼ਤ ਸਾਹਿਬ ਤੋਂ ਵੀ ਸਿੱਖਾਂ ਲਈ ਹੁਕਮਨਾਮੇ/ਆਦੇਸ਼ ਜਾਰੀ ਹੁੰਦੇ ਰਹਿੰਦੇ ਹਨ, ਕਿ ਸਿੱਖ ਆਪਣੇ ਨਾਮ ਪਿੱਛੇ ਜਾਤ ਗੋਤ ਆਦਿ ਨਾ ਲਿਖਣ ਅਤੇ ਇੱਕ ਅਕਾਲ ਪੁਰਖ ਤੋਂ ਇਲਾਵਾ ਹੋਰ ਕਿਸੇ ਦੇਵੀ ਦੇਵਤੇ, ਮੱਠ, ਮੜੀਆਂ ਮਸਾਣਾਂ, ਕਬਰਾਂ ਸਮਾਧਾਂ ਦੀ ਪੂਜਾ ਨਹੀਂ ਕਰਨੀ। ਇਸੇ ਕਾਰਣ ਬਹੁਤੇ ਸਿੱਖਾਂ ਨੇ ਆਪਣੇ ਨਾਮ ਪਿੱਛੇ ਆਪਣੇ ਗੋਤ ਦੀ ਥਾਂ ਪਿੰਡ ਦਾ ਨਾਮ ਜਾਂ ਖ਼ਾਲਸਾ ਲਫਜ਼ ਲਿਖਣੇ ਸ਼ੁਰੂ ਕਰ ਦਿੱਤੇ ਸਨ। ਪਰ ਹਾਲੀ ਵੀ ਜਾਤ ਪਾਤ ਅਤੇ ਗੋਤਾਂ ਦੀ ਬਿਮਾਰੀ ਬਹੁਗਿਣਤੀ ਸਿੱਖਾਂ ਵਿੱਚ ਉਸੇ ਤਰ੍ਹਾਂ ਮੌਜੂਦ ਹੈ। ਹਰ ਜਾਤ ਦੇ ਸਿੱਖਾਂ ਨੇ ਆਪਣੀ ਵੱਖਰੀ ਹੋਂਦ ਪ੍ਰਗਟ ਕਰਨ ਲਈ ਜਾਤ ਆਧਾਰਤ ਗੁਰਦੁਆਰੇ ਬਣਾਏ ਹਨ ਤੇ ਹਾਲੀ ਹੋਰ ਬਣਾ ਰਹੇ ਹਨ। ਜਾਤਾਂ ਤੋਂ ਅੱਗੇ ਲੰਘ ਕੇ ਗੋਤਾਂ ’ਤੇ ਅਧਾਰਤ ਧਾਰਮਕ ਸਥਾਨ ਬਣ ਜਾਣ ਤਾਂ ਸਿੱਖੀ ਕਿੱਥੇ ਬਚੇਗੀ?

13 ਅਗਸਤ 2012 ਦੀ ਪੰਜਾਬੀ ਟ੍ਰਿਬਿਊਨ ਦੇ ਮਾਲਵਾ ਪੁਲ ਆਊਟ ਦੇ ਪੰਨਾ ਨੰ: 4 ਉਪਰ ‘ਭੁੱਲਰ ਭਾਈਚਾਰੇ ਵੱਲੋਂ ਬਾਦਲ ਪਰਿਵਾਰ ਨੂੰ ਸਬਕ ਸਿਖਾਉਣ ਦਾ ਫੈਸਲਾ’ ਸਿਰਲੇਖ ਹੇਠ ਛਪੀ ਖ਼ਬਰ ਸਿੱਖਾਂ ਨੂੰ ਜਾਤਾਂ ਪਾਤਾਂ ਤੇ ਗੋਤਾਂ ਵਿੱਚ ਵੰਡਣ ਵਾਲੀ ਦੁਖ ਦਾਇਕ ਖ਼ਬਰ ਹੈ। ਇਸ ਖ਼ਬਰ ਅਨੁਸਾਰ 12 ਅਗਸਤ ਨੂੰ ਭੁੱਲਰ ਭਾਈਚਾਰਾ ਸੰਘਰਸ਼ ਕਮੇਟੀ ਨੇ ਮਾੜੀ ਸਿੱਖਾਂ ਤੋਂ ਕਾਲਝਰਾਨੀ ਤੱਕ ਜਾਗਰਿਤੀ ਮਾਰਚ ਕੱਢਿਆ ਜਿਨ੍ਹਾਂ ਵਿੱਚ ਕਈ ਗਾਤਰੇ ਪਹਿਨੀ ਅੰਮ੍ਰਿਤਧਾਰੀ ਸਿੰਘ ਵੀ ਸ਼ਾਮਲ ਸਨ। ਇਸ ਮਾਰਚ ਦੇ ਆਗੂਆਂ ਨੇ ਬਾਦਲ ਪਰਿਵਾਰ ਨੂੰ ਸਿਆਸੀ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ। ਭੁੱਲਰ ਭਾਈਚਾਰੇ ਦਾ ਇਤਰਾਜ ਹੈ ਕਿ ਮਾੜੀ ਵਿਖੇ ਗੁਰਦੁਆਰਾ ਸਾਹਿਬ ਮਾੜੀ ਸਿੱਖਾਂ ਹੈ, ਜਿੱਥੇ ਭਾਈਚਾਰੇ ਦੇ ਪੁਰਖਿਆਂ ਦੀਆਂ ਸਮਾਧਾਂ ਹਨ ਅਤੇ ਇੰਤਜ਼ਾਮੀਆ ਕਮੇਟੀ ਦੇ ਨਾਂ 12 ਏਕੜ ਜ਼ਮੀਨ ਵੀ ਹੈ। ਉਨ੍ਹਾਂ ਅਨੁਸਾਰ ਸ਼੍ਰੋਮਣੀ ਕਮੇਟੀ ਇਸ ਜਗ੍ਹਾ 'ਤੇ ਕਥਿਤ ਤੌਰ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਸਮਾਧਾਂ 'ਤੇ ਗੁਰਦੁਆਰਾ ਵੀ ਬਣਾਇਆ ਹੋਇਆ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਹਾਕਮ ਧਿਰ 'ਤੇ ਭਰੋਸਾ ਕਰਕੇ ਵੱਡੀ ਗਿਣਤੀ ਵਿੱਚ ਭੁੱਲਰ ਭਾਈਚਾਰੇ ਨੇ ਵੋਟਾਂ ਪਾਈਆਂ ਸਨ ਪਰ ਹੁਣ ਸਰਕਾਰ ਸ਼੍ਰੋਮਣੀ ਕਮੇਟੀ ਦੇ ਇੱਕ ਮੈਨੇਜਰ ਦੀ ਪਿੱਠ 'ਤੇ ਖੜ੍ਹ ਗਈ ਹੈ ਜੋ ਮਾੜੀ ਸਿੱਖਾਂ ਦੀ ਜ਼ਮੀਨ 'ਤੇ ਕਥਿਤ ਤੌਰ 'ਤੇ ਕਾਬਜ਼ ਹੋਣਾ ਚਾਹੁੰਦਾ ਹੈ। ਇਸ ਲਈ ਜਾਗਰਿਤੀ ਮਾਰਚ ਦੇ ਆਗੂਆਂ ਨੇ ਐਲਾਨ ਕੀਤਾ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਬਾਦਲ ਪਰਿਵਾਰ ਨੂੰ ਇਸ ਅਣਦੇਖੀ ਦਾ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭੁੱਲਰ ਭਾਈਚਾਰੇ ਵੱਲੋਂ ਬਠਿੰਡਾ ਸੰਸਦੀ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਭੁੱਲਰ ਭਾਈਚਾਰੇ ਦਾ ਉਮੀਦਵਾਰ ਉਤਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਸਦੀ ਹਲਕੇ ਵਿੱਚ ਭੁੱਲਰ ਭਾਈਚਾਰੇ ਦੀ 55 ਹਜ਼ਾਰ ਵੋਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ 'ਚੋਂ ਭੁੱਲਰ ਭਾਈਚਾਰੇ ਨੂੰ ਇਸ ਹਲਕੇ ਵਿੱਚ ਸੱਦਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਿਆਸੀ ਆਗੂ ਇਸ ਵਿਵਾਦ ਨੂੰ ਮੋੜਾ ਦੇਣਾ ਚਾਹੁੰਦੇ ਹਨ ਅਤੇ ਉਹ ਆਪਣੇ ਸਿਆਸੀ ਮੁਫ਼ਾਦ ਵਾਸਤੇ ਸਿੱਧੂ ਭਾਈਚਾਰੇ ਨੂੰ ਉਨ੍ਹਾਂ ਖ਼ਿਲਾਫ਼ ਉਕਸਾ ਰਹੇ ਹਨ ਜਦੋਂ ਕਿ ਉਨ੍ਹਾਂ ਦਾ ਸਿੱਧੂ ਭਾਈਚਾਰੇ ਨਾਲ ਕੋਈ ਰੌਲਾ ਨਹੀਂ ਹੈ।

ਦੂਸਰੇ ਪਾਸੇ ਪਿੰਡ ਮਹਿਰਰਾਜ ਦੇ ਵਸਨੀਕ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਜਸਪਾਲ ਕੌਰ ਦੇ ਪਤੀ ਜਗਜੀਤ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਦਾ ਸਬੰਧ ਸਿੱਧੂ ਭਾਈਚਾਰੇ ਨਾਲ ਹੈ ਪਰ ਉਹ ਪੰਥ ਵਿੱਚ ਵੰਡੀਆਂ ਪਾਉਣ ਵਾਲੇ ਕਿਸੇ ਭਾਈਚਾਰੇ ਦੇ ਮੈਂਬਰ ਵਜੋਂ ਨਹੀਂ ਬਲਕਿ ਪੰਥਕ ਹਿੱਤਾਂ ਵਿੱਚ ਗੱਲ ਕਰ ਰਹੇ ਹਨ। ਉਨ੍ਹਾਂ ਅਨੁਸਾਰ ਇੱਥੇ ਕੋਈ ਸਮਾਧ ਨਹੀਂ ਹੈ, ਪਿਛਲੇ ਸਮੇਂ ’ਚ ਗੁਰਦੁਆਰਿਆਂ ਦੀਆਂ ਇਮਾਰਤਾਂ ਤੇ ਗੁੰਬਦਾਂ ਅੱਜ ਵਾਂਗ ਬਹੁਤੀਆਂ ਵੱਡੀਆਂ ਨਹੀ ਸਨ ਹੁੰਦੀਆਂ। ਸੋ ਪੁਰਾਣੇ ਸਮੇਂ ਦੀ ਇਹ ਗੁਰਦੁਆਰੇ ਦੀ ਗੁੰਬਦ ਹੈ ਜਿਸ ਨੂੰ ਭੱਲਰ ਭਾਈਚਾਰਾ, ਸਮਾਧ ਕਹੀ ਜਾਂਦਾ ਹੈ। ਮਾਲ ਵਿਭਾਗ ਦੇ ਰੀਕਾਰਡ ਅਨੁਸਾਰ ਸਵਾ ਲੱਖ ਘੁਮਾਂ ਦਾ ਰਕਬਾ ਸਿੱਧੂ ਗੋਤ ਦੇ ਬਾਬਾ ਕਾਲਾ ਚੌਧਰੀ ਦੇ ਨਾਮ ਹੈ ਜਿਸ ਦੀ ਸੰਤਾਨ ਵਿੱਚੋਂ ਬਾਹੀਆ ਦੇ 22 ਪਿੰਡ ਬੱਝੇ ਹਨ। ਭਾਈ ਖ਼ਾਲਸਾ ਜੀ ਅਨੁਸਾਰ ਪਿੰਡ ਮਹਿਰਾਜ ਦੀ ਕਰਮ ਚੰਦ ਪੱਤੀ ਦੇ ਦੋ ਭਰਾਵਾਂ ਮੀਹਾਂ ਤੇ ਸ਼ੀਹਾਂ ਨੇ ਅੱਜ ਤੋਂ ਤਕਰੀਬਨ ਡੇਢ ਸੌ ਸਾਲ ਪਹਿਲਾਂ ਆਪਣੀ 12 ਕਿੱਲੇ ਜਮੀਨ ਇਸ ਗੁਰਦੁਆਰੇ ਦੇ ਲੰਗਰ ਲਈ ਦਾਨ ਕੀਤੀ ਸੀ ਜਿਸ ਦਾ ਮਾਲ ਵਿਭਾਗ ਦੇ 1887 ਤੱਕ ਦੇ ਲੱਭੇ ਗਏ ਰੀਕਾਰਡ ਵਿੱਚ ਇਹ ਗੰਡਾ ਫ਼ਕੀਰ ਜੋ ਲੰਗਰ ਦਾ ਇੰਤਜ਼ਾਮ ਕਰਦਾ ਸੀ ਉਸ ਦੇ ਨਾਮ ਹੈ। ਇਸ ਪਿੰਡ ’ਚੋਂ ਨਿਰੰਜਨ ਸਿੰਘ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣਿਆ ਗਿਆ ਜਿਸ ਨੇ ਸਾਰੇ ਪਿੰਡ ਦੀ ਸਹਿਮਤੀ ਨਾਲ ਇਸ ਗੁਰਦੁਆਰੇ ਸਮੇਤ ਪਿੰਡ ਦੇ ਸਾਰੇ 4 ਗੁਰਦੁਆਰੇ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੇ, ਜਦੋਂ ਕਿ ਗੁਰਦੁਆਰਾ ਵੱਡਾ ਗੁਰੂਸਰ ਜਿਥੇ ਛੇਵੇਂ ਪਾਤਸ਼ਹ ਨੇ ਜੰਗ ਲੜੀ ਸੀ ਉਹ 1925 ’ਚ ਹੀ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆ ਚੁੱਕਾ ਸੀ। 1933 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਹੋਏ ਨੋਟੀਫਿਕੇਸ਼ਨ ਵਿੱਚ ਗੁਰਦੁਆਰਾ ਮਾੜੀ ਸਿੱਖਾਂ ਸਮੇਤ ਬਾਕੀ ਦੇ ਇਹ ਚਾਰੇ ਗੁਰਦੁਆਰੇ ਦਫ਼ਾ 87 ਸੂਚੀ ਅਧੀਨ ਆ ਗਏ ਤੇ 2010 ਵਿੱਚ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੋਏ ਨੋਟੀਫਿਕੇਸ਼ਨ ਵਿੱਚ ਇਹ ਦਫ਼ਾ 85 ਅਧੀਨ ਆ ਗਏ।

ਹੁਣ ਜਦੋਂ ਇਹ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਹਨ ਤਾਂ ਗੁਰਦੁਆਰਿਆਂ ਦੇ ਨਾਮ ਜਿਹੜੀਆਂ ਜਮੀਨਾਂ ਹਨ ਉਹ ਵੀ ਸ਼੍ਰੋਮਣੀ ਕਮੇਟੀ ਦੀਆਂ ਹੀ ਹਨ। ਉਨ੍ਹਾਂ ਕਿਹਾ ਮੈਂ ਕੋਈ ਸਿੱਧੂ ਭਾਈਚਾਰੇ ਜਾਂ ਭੁੱਲਰ ਭਾਈਚਾਰੇ ਦੀ ਗੱਲ ਨਹੀਂ ਕਰਦਾ ਸਗੋਂ ਪੰਥਕ ਹਿਤਾਂ ਵਿੱਚ ਗੱਲ ਕਰਦਾ ਹਾਂ ਕਿ ਇਹ ਗੁਰਦੁਆਰੇ ਤੇ ਇਨ੍ਹਾਂ ਨਾਲ ਸਬੰਧਤ ਜ਼ਮੀਨਾਂ ਸਾਡੀ ਕੇਂਦਰੀ ਪੰਥਕ ਸੰਸਥਾ ਸ਼੍ਰੋਮਣੀ ਕਮੇਟੀਆਂ ਦੇ ਪ੍ਰਬੰਧ ਹੇਠ ਹੀ ਹੋਣੀਆਂ ਚਾਹੀਦੀਆਂ ਹਨ ਨਾ ਕਿ ਇਨ੍ਹਾਂ ਦੇ ਪ੍ਰਬੰਧ ਲਈ ਗੋਤਾਂ ਅਧਾਰਤ ਭਾਈਚਾਰਿਆਂ ਵਿੱਚ ਵੰਡੀਆਂ ਪਾਉਣ ਲਈ ਦੋ ਫਿਰਕਿਆਂ ਵਿੱਚ ਵਿਵਾਦ ਦਾ ਵਿਸ਼ਾ ਬਣੇ। ਉਨ੍ਹਾਂ ਕਿਹਾ ਸਾਡੇ ਸਾਰੇ ਪਿੰਡ ਜਿਸ ਦਾ ਸਿੱਧੂ ਭਾਈਚਾਰਾ ਇਸ ਰਕਬੇ ਦਾ ਮਾਲਕ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਤਜ਼ਵੀਜ਼ ਦੇ ਚੁੱਕਾ ਹੈ ਕਿ ਇਸ ਇਲਾਕੇ ਵਿੱਚ ਲੜਕੀਆਂ ਦੇ ਕਾਲਜ ਦੀ ਭਾਰੀ ਲੋੜ ਹੈ ਇਸ ਲਈ ਸ਼੍ਰੀ ਗੁਰੂ ਹਰਿਗਬਿੰਦ ਸਾਹਿਬ ਜੀ, ਜਿਨ੍ਹਾਂ ਦੀ ਬਖ਼ਸ਼ਿਸ਼ ਨਾਲ ਇਹ ਸਾਰੇ ਪਿੰਡ ਬੱਝੇ ਸਨ, ਉਨ੍ਹਾਂ ਦੇ ਨਾਮ ਕਾਲਜ ਬਣਾ ਦੇਵੇ। ਪਰ ਪਿੱਛੇ ਖਿਚੂ ਤੇ ਸਿੱਖੀ ਤੋਂ ਅਣਜਾਣ ਭੁੱਲਰ ਭਾਈਚਾਰੇ ਨਾਲ ਸਬੰਧਤ ਕੁਝ ਆਗੂ ਇਸ ਦਾ ਵਿਰੋਧ ਕਰਦੇ ਹੋਏ ਕਹਿੰਦੇ ਹਨ ਕਿ ਅਸੀਂ ਇੱਥੇ ਆਪਣੇ ਪੁਰਖਿਆਂ ਦੀ ਮਿੱਟੀ ਕਢਦੇ ਹਾਂ ਇਸ ਲਈ ਉਸ ਇੱਥੇ ਕਾਲਜ ਨਹੀਂ ਬਣਨ ਦੇਣਾ। ਭਾਈ ਜਗਜੀਤ ਸਿੰਘ ਖ਼ਾਲਸਾ ਨੇ ਵਿਅੰਗ ਨਾਲ ਕਿਹਾ ਕਿ ਦੁਨੀਆਂ ਚੰਦ ’ਤੇ ਪਹੁੰਚ ਚੁੱਕੀ ਹੈ ਤੇ ਮੰਗਲ ਗ੍ਰਹਿ ’ਤੇ ਪਹੁੰਚਣ ਦੀਆਂ ਤਿਆਰੀਆਂ ਹਨ ਪਰ ਇਹ ਭੁੱਲਰ ਇੱਥੇ ਮਰ ਚੁੱਕੇ ਪ੍ਰਾਣੀ ਦੀ ਮਿੱਟੀ ਕੱਢਣ ’ਚ ਹੀ ਖਚਿਤ ਹਨ। ਭਾਈ ਖ਼ਾਲਸਾ ਨੇ ਕਿਹਾ ਕਿ ਇਹ ਭਾਈਚਾਰਾ ਜਿਹੜਾ ਇੰਤਜਾਮੀਆਂ ਕਮੇਟੀ ਦੀ ਗੱਲ ਕਰਦਾ ਹੈ ਉਹ ਤਾਂ ਉਸ ਵੇਲੇ ਜਿਹੜੇ ਵੀ ਗੁਰਦੁਆਰਿਆਂ ਦਾ ਪ੍ਰਬੰਧ ਕਰਦੇ ਸਨ ਉਨ੍ਹਾਂ ਨੂੰ ਇੰਤਜਾਮੀਆਂ ਕਮੇਟੀਆਂ ਹੀ ਕਿਹਾ ਜਾਂਦਾ ਸੀ । ਬਾਕੀ ਦੇ ਸਾਰੇ ਗੁਰਦੁਆਰਿਆਂ ਦੀ ਜਾਇਦਾਦ ਵੀ ਉਨ੍ਹਾਂ ਦਾ ਇੰਤਜ਼ਾਮ ਕਰਨ ਵਾਲੀਆਂ ਇੰਤਜ਼ਾਮੀਆਂ ਕਮੇਟੀਆਂ ਦਾ ਹੀ ਨਾਮ ਹੈ। ਇਸ ਵਿੱਚ ਕਿਥੇ ਲਿਖਿਆ ਹੈ ਕਿ ਮਾੜੀ ਸਿੱਖਾਂ ਦਾ ਗੁਰਦੁਆਰਾ ਭੁੱਲਰ ਭਾਈਚਾਰੇ ਦੀ ਇੰਤਜ਼ਾਮੀਆਂ ਕਮੇਟੀ ਦੇ ਨਾਮ ਹੈ।

ਭਾਈ ਜਗਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਜੇ ਸਿਰਫ ਆਪਣੇ ਭੁੱਲਰ ਭਾਈਚਾਰੇ ਦੇ ਹਿੱਤਾ ਦੀ ਹੀ ਗੱਲ ਕਰਨ ਦੀ ਹਾਮੀ ਭਰਦੇ ਹਨ ਤਾਂ ਇੱਥੋਂ ਸਿਰਫ 20 ਕਿਲੋਮੀਟਰ ਦੂਰੀ ’ਤੇ ਪਿੰਡ ਦਿਆਲਪੁਰਾ ਭਾਈਕਾ ਹੈ ਜਿਥੋਂ ਦੇ ਵਸਨੀਕ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਇਸੇ ਭਾਈਚਾਰੇ ਨਾਲ ਹੀ ਸਬੰਧਤ ਹਨ, ਜਿਹੜੇ ਫਾਂਸੀ ਦੀ ਸਜਾ ਅਧੀਨ ਪਿਛਲੇ 18 ਸਾਲਾਂ ਤੋਂ ਤਿਹਾੜ ਜੇਲ੍ਹ ’ਚ ਬੰਦ ਹਨ। ਜੇ ਇਹ ਭੁੱਲਰ ਭਾਈਚਾਰੇ ਦੇ ਹਿੱਤਾਂ ਦੀ ਹੀ ਗੱਲ ਕਰਦੇ ਹਨ ਤਾਂ ਜਿਹੜਾ ਸੰਘਰਸ਼ ਇਹ ਸਮਾਧਾਂ ਬਚਾਉਣ ਲਈ ਵਿੱਢ ਰਹੇ ਹਨ ਉਹ ਪ੍ਰੋ: ਭੁੱਲਰ ਦੀ ਰਿਹਾਈ ਲਈ ਕਿਉਂ ਨਹੀਂ ਵਿੱਢਦੇ? ਕੀ ਇਨ੍ਹਾਂ ਦੀ ਹਾਲਤ ‘ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥’ (ਗਉੜੀ ਕਬੀਰ ਜੀ, ਗੁਰੂ ਗ੍ਰੰਥ ਸਾਹਿਬ – ਪੰਨਾ 332) ਵਾਲੀ ਨਹੀਂ ਬਣੀ ਪਈ?

ਮੈਂ ਭਾਈ ਜਗਜੀਤ ਸਿੰਘ ਖ਼ਾਲਸਾ ਦੀਆਂ ਉਕਤ ਦੋਹਾਂ ਤਜ਼ਵੀਜਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਭੁੱਲਰ ਭਾਈਚਾਰੇ ਨੂੰ ਸਲਾਹ ਦੇਣੀ ਚਾਹੁੰਦਾ ਹਾਂ ਕਿ ਜੇ ਸਮਾਧਾਂ ਪੂਜਣ ਤੇ ਮਰ ਚੁੱਕੇ ਵਿਅਕਤੀਆਂ ਦੀ ਮਿੱਟੀ ਕੱਢਣ ਵਾਲੀ ਮਨਮਤਿ ਤਿਆਗ ਕੇ ਸਿੱਖੀ ਸੋਚ ਅਪਨਾਉਂਦੇ ਹੋਏ ਮਰ ਚੁੱਕੇ ਭੁੱਲਰਾਂ ਦੀਆਂ ਸਮਾਧਾਂ ਬਚਾਉਣ ਦੀ ਬਜ਼ਾਏ ਜਿਉਂਦੇ ਭੁੱਲਰ ਨੂੰ ਬਚਾਉਣ ਲਈ ਸੰਘਰਸ਼ ਵਿੱਢਣ ਤਾਂ ਉਨ੍ਹਾਂ ਨੂੰ ਸਿਰਫ ਭੁੱਲਰ ਭਾਈਚਾਰੇ ਦੀਆਂ 55000 ਵੋਟਾਂ ਦਾ ਹੀ ਨਹੀਂ ਬਲਕਿ ਪੂਰੇ ਪੰਥ ਦਾ ਸਮਰਥਨ ਮਿਲ ਸਕਦਾ ਹੈ, ਕਿਉਂਕਿ ਪੂਰਾ ਪੰਥ ਉਨ੍ਹਾਂ ਨਾਲ ਹਮਦਰਦੀ ਰੱਖਦਾ ਹੈ ਤੇ ਭਾਵਨਾਤਮਿਕ ਤੌਰ ’ਤੇ ਜੁੜਿਆ ਹੋਇਆ ਹੈ। ਬੇਸ਼ੱਕ ਭੁੱਲਰ ਜਾਂ ਸਿੱਧੂ ਭਾਈਚਾਰੇ ’ਚੋਂ ਮੇਰਾ ਕਿਸੇ ਨਾਲ ਵੀ ਸਬੰਧਤ ਨਹੀਂ ਤੇ ਨਾ ਹੀ ਗੁਰੂ ਦਾ ਸਿੱਖ ਹੋਣ ਦੇ ਨਾਤੇ ਜਾਤਾਂ/ਗੋਤਾਂ ਦੇ ਅਧਾਰ ’ਤੇ ਬਣੇ ਭਾਈਚਾਰਿਆਂ ਵਿੱਚ ਮੇਰਾ ਕੋਈ ਯਕੀਨ ਹੈ ਪਰ ਮੈਂ ਆਪਣੇ ਵੱਲੋਂ ਵੀ ਭੁੱਲਰ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਜੇ ਉਹ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸਬਕ ਸਿਖਾਉਣਾ ਹੀ ਚਾਹੁੰਦੇ ਹਨ ਤਾਂ ਇਹ ਅਲਟੀਮੇਟਮ ਦੇਣ ਕਿ ਜੇ ਕਰ ਉਹ ਪ੍ਰੋ: ਭੁੱਲਰ ਦੀ ਰਿਹਾਈ ਲਈ ਪੰਜਾਬ ਵਿਧਾਨ ਸਭਾ ’ਚ ਮਤਾ ਪਾਸ ਕਰਵਾ ਕੇ ਉਨ੍ਹਾਂ ਦੀ ਰਿਹਾਈ ਲਈ ਸੁਹਿਰਦ ਯਤਨ ਨਹੀਂ ਕਰਦੇ ਤਾਂ ਭੁੱਲਰ ਭਾਈਚਾਰਾ 2014 ’ਚ ਆਉਣ ਵਾਲੀਆਂ ਚੋਣਾਂ ਵਿੱਚ ਬਠਿੰਡਾ ਲੋਕ ਸਭਾ ਹਲਕਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਵਿਰੁੱਧ ਆਪਣਾ ਉਮੀਦਵਾਰ ਖੜ੍ਹਾ ਕਰਨਗੇ।

ਜੇ ਇਹ ਭਾਈਚਾਰਾ ਐਸਾ ਕਰਦਾ ਹੈ ਤਾਂ ਮੈਂ ਉਨ੍ਹਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਪੰਥ ਦੇ ਸਾਰੇ ਗੁਰਮਤਿ ਦੇ ਧਾਰਨੀ ਬੁਧੀਜੀਵੀਆਂ, ਪ੍ਰਚਾਰਕਾਂ ਤੇ ਪੰਥਕ ਜਥੇਬੰਦੀਆਂ ਨੂੰ ਉਨ੍ਹਾਂ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਤੇ ਪੂਰਾ ਸਮਰਥਨ ਦੇਣ ਲਈ ਸਾਂਝੇ ਉਮੀਦਵਾਰ ਦੇ ਤੌਰ ’ਤੇ ਅਪਨਾਉਣ ਲਈ ਮਨਾ ਸਕਦਾ ਹਾਂ। ਇਸ ਲਈ ਭੁੱਲਰ ਭਾਈਚਾਰੇ ਨੂੰ ਪੁਰਜੋਰ ਅਪੀਲ ਹੈ ਕਿ ਉਹ ਸਿੱਖੀ ਤੇ ਸਿੱਖੀ ਟਿਕਾਉਣ ਦੀ ਕੋਸ਼ਿਸ਼ ਨਾ ਕਰਨ ਤੇ ਭਾਈ ਮੰਝ ਜੀ ਤੋਂ ਸੇਧ ਲੈਂਦੇ ਹੋਏ ਸਮਾਧਾਂ ਦੀ ਪੂਜਾ ਤੇ ਮਿੱਟੀ ਕੱਢਣ ਦੇ ਮਨਮਤੀ ਕਰਮ ਤਿਆਗ ਕੇ ਸਿਖੀ ਲਈ ਕੰਮ ਕਰਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਮ ’ਤੇ ਲੜਕੀਆਂ ਦਾ ਕਾਲਜ ਬਨਾਉਣ ਤੇ ਪ੍ਰੋ: ਭੁੱਲਰ ਦੀ ਰਿਹਾਈ ਲਈ ਕੰਮ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top