Share on Facebook

Main News Page

ਆਪਣੇ ਵੱਲੋਂ ਹੀ ਘੜੀ ਵਿਧੀ ਅਨੁਸਾਰ ਜਾਪ ਕਰਵਾਉਣ ਵਾਲਿਆਂ ਨੇ ਗੁਰਦੁਆਰਿਆਂ ’ਚ ਯੋਗਮੱਤ ਘੁਸੇੜਿਆ
-
ਪ੍ਰਿੰ. ਗੁਰਬਚਨ ਸਿੰਘ ਪੰਨਵਾਂ

ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਕਥਾ ਕੀਰਤਨ ਦੌਰਾਨ ਧਿਆਨ ਨਾਲ ਸੁਣ ਕੇ ਗੁਰਬਾਣੀ ਸਮਝਣ ਦੀ ਥਾਂ ਮਨ ਇੱਛੇ ਫਲ ਪ੍ਰਾਪਤ ਕਰਨ ਲਈ ਗਿਣਤੀ ਦੇ ਪਾਠ ਕਰਨਾ, ਕਿਸੇ ਖਾਸ ਵਿਧੀ ਨਾਲ ਪਾਠ ਜਾਂ ਸਿਮਰਨ ਕਰਨਾ, ਗਿਣਤੀ ਕਰਕੇ 40 ਦਿਨਾਂ ਲਈ ਗੁਰਦੁਆਰੇ ਆਉਣਾ, ਨੰਗੇ ਪੈਰੀ ਗੁਰਦੁਆਰੇ ਆਉਣਾਂ, ਕਿਸੇ ਵਿਸ਼ੇਸ਼ ਸ਼ਬਦ ਨੂੰ ਖਾਸ ਫਲ ਦੇਣ ਵਾਲਾ ਸਮਝ ਕੇ ਕਰਨਾ ਆਦਿ ‘ਹੋਰ ਲਾਲਚ’ ਹਨ ਜਿਨ੍ਹਾਂ ਦੇ ਕਰਨ ਸਦਕਾ ਗੁਰੂ ਜੀ ਦੀ ਸਿਖਿਆ ਅਨੁਸਾਰ ਮਨੁੱਖਾ ਜਨਮ ਵਿਅਰਥਾ ਚਲੇ ਜਾਣਾ ਹੈ।

ਬਠਿੰਡਾ, 12 ਅਗਸਤ (ਕਿਰਪਾਲ ਸਿੰਘ): ਗੁਰੂ ਨਾਨਕ ਸਾਹਿਬ ਜੀ ਦੇ ਪ੍ਰਚਾਰ ਸਦਕਾ ਜਿਸ ਯੋਗਮੱਤ ਦਾ ਪੰਜਾਬ ’ਚੋਂ ਨਾਮੋ ਨਿਸ਼ਾਨ ਮਿਟ ਗਿਆ ਸੀ ਉਸ ਯੋਗ ਮੱਤ ਨੂੰ ਸਾਡੇ ਡੇਰੇਦਾਰ ਬਾਬਿਆਂ ਵੱਲੋਂ ਆਪਣੇ ਮਨ ਦੀ ਮੱਤ ਨਾਲ ਘੜੀ ਵਿਧੀ ਅਨੁਸਾਰ ਵਾਹਿਗੁਰੂ ਦਾ ਜਾਪ ਕਰਵਾਉਣ ਵਾਲਿਆਂ ਨੇ ਗੁਰਦੁਆਰਿਆਂ ’ਚ ਮੁੜ ਯੋਗ ਮੱਤ ਘੁਸੇੜ ਦਿੱਤਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਪਿਛਲੇ ਦਿਨੀ ਇਕ ਵਾਕਫਕਾਰ ਦੇ ਘਰ ਆਖੰਡ ਪਾਠ ਦੇ ਭੋਗ ਸਮਾਗਮ ਮੌਕੇ ਇਕ ਰਾਗੀ ਵੱਲੋਂ ਕੀਤੇ ਕੀਰਤਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਘੰਟਾ ਕੀਤੇ ਗਏ ਕੀਰਤਨ ਦੌਰਾਨ ਉਸ ਨੇ ਕੀਰਤਨ ਤਾਂ ਸਿਰਫ ਅੱਧੇ ਸ਼ਬਦ ਦਾ ਹੀ ਕੀਤਾ ਪਰ ਬਾਕੀ ਦਾ ਸਮਾਂ ਆਪਣੇ ਮਨਮੱਤ ਦੀ ਵਿਧੀ ਨਾਲ ਜਾਪ ਕਰਵਾਉਂਦਿਆਂ ਹੀ ਲਾ ਦਿੱਤਾ।

ਪ੍ਰਿ. ਪੰਨਵਾਂ ਅਨੁਸਾਰ ਉਹ ਰਾਗੀ ਸਮਝਾ ਰਿਹਾ ਸੀ ਕਿ ਜਦੋਂ ‘ਵਾਹਿ’ ਕਹਿਣਾ ਹੈ ਉਸ ਸਮੇਂ ਸਾਹ ਨੂੰ ਅੰਦਰ ਲੈ ਕੇ ਜਾਣਾ ਹੈ ਤੇ ਜਦੋਂ ‘ਗੁਰੂ’ ਕਹਿਣਾ ਹੈ ਉਸ ਸਮੇਂ ਸਾਹ ਬਾਹਰ ਕੱਢਣਾ ਹੈ। ਪ੍ਰਿ. ਪੰਨਵਾਂ ਨੇ ਕਿਹਾ ਇਹ ਗੁਰਮਤਿ ਨਹੀਂ ਯੋਗ ਮੱਤ ਹੈ। ਗੁਰੂ ਸਾਹਿਬ ਜੀ ਵੱਲੋਂ ਸਾਡੇ ਵਿੱਚ ਦੱਸੇ ਗਏ ਔਗੁਣਾਂ ਨੂੰ ਬਾਹਰ ਕੱਢਣਾ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਤਾਂ ਮਨੁੱਖ ਨੂੰ ਬੜਾ ਔਖਾ ਕੰਮ ਲਗਦਾ ਹੈ ਪਰ ਯੋਗ ਮੱਤ ਅਨੁਸਾਰ ‘ਵਾਹਿ’ ਸ਼ਬਦ ਦਾ ਉਚਾਰਣ ਕਰਦੇ ਸਮੇਂ ਸਾਹ ਅੰਦਰ ਖਿਚਣਾ ਤੇ ‘ਗੁਰੂ’ ਸ਼ਬਦ ਦਾ ਉਚਾਰਣ ਕਰਦੇ ਸਮੇਂ ਸਾਹ ਬਾਹਰ ਕੱਢਣਾ ਆਮ ਸੰਗਤ ਨੂੰ ਬੜਾ ਸੌਖਾ ਲਗਦਾ ਹੈ ਇਸ ਲਈ ਉਹ ਇਨ੍ਹਾਂ ਵਿਹਲੜਾਂ ਦੀ ਫੌਜ ਮਗਰ ਲੱਗ ਕੇ ਆਪਣਾ ਕੀਮਤੀ ਸਮਾਂ ਗੁਰਬਾਣੀ ਸਮਝਣ ਦੀ ਥਾਂ ਇਸ ਯੋਗਮੱਤ ਵਾਲੇ ਸਿਮਰਨ ’ਚ ਗਵਾ ਰਹੇ ਹਨ।

ਯੋਗ ਮੱਤ ਵੱਲੋਂ ਦੱਸੇ ਗਏ ਸਾਹ ਅੰਦਰ ਖਿਚਣ ਤੇ ਬਾਹਰ ਕੱਢਣ ਦੇ ਢੰਗ ਦਾ ਖੰਡਨ ਕਰਨ ਅਤੇ ਗੁਰੂ ਦੀ ਦੱਸੀ ਮੱਤ ਅਨੁਸਾਰ ਔਗੁਣ ਬਾਹਰ ਕੱਢਣ ਅਤੇ ਸ਼ੁਭ ਗੁਣ ਧਾਰਣ ਕਰਨ ਦਾ ਤਰੀਕਾ ਦੱਸਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 992 ’ ਤੇ ਗੁਰੂ ਨਾਨਕ ਸਾਹਿਬ ਜੀ ਦੇ ਮਾਰੂ ਰਾਗੁ ’ਚ ਉਚਾਰਨ ਕੀਤੇ ਸ਼ਬਦ ਦੀ ਵਿਆਖਿਆ ਕਰਦਿਆਂ ਪ੍ਰਿੰ: ਪੰਨਵਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਤਾਂ ਕਹਿ ਰਹੇ ਹਨ:

ਸੂਰ ਸਰੁ ਸੋਸਿ ਲੈ, ਸੋਮ ਸਰੁ ਪੋਖਿ ਲੈ; ਜੁਗਤਿ ਕਰਿ ਮਰਤੁ, ਸੁ ਸਨਬੰਧੁ ਕੀਜੈ ॥
ਮੀਨ ਕੀ ਚਪਲ ਸਿਉ, ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ, ਨਹ ਕੰਧੁ ਛੀਜੈ ॥1॥

(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ), ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ)। ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹੀ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ)। ਪ੍ਰਿੰ. ਪੰਨਵਾਂ ਨੇ ਕਿਹਾ ਨਾਮ ਜਪਣ ਦਾ ਭਾਵ ਹੈ ਵਾਹਿਗੁਰੂ ਦੇ ਗੁਣਾਂ ਨੂੰ ਧਾਰਣ ਕਰਨਾ ਪਰ ਇਨ੍ਹਾਂ ਵਿਹਲੜਾਂ ਨੇ ਇਕੇ ਸ਼ਬਦ ਦੇ ਵਾਰ ਵਾਰ ਰਟਨ ਕਰਨ ਨੂੰ ਨਾਮ ਜਪਣਾ ਬਣਾ ਲਿਆ ਹੈ। ਗੁਰੂ ਸਾਹਿਬ ਜੀ ਨੇ ਜੋਗੀ ਨੂੰ ਸਮਝਾਇਆ:- ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ ਅਜੇਹਾ ਮੇਲ ਮਿਲਾਓ। ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵੱਲ ਨਹੀਂ ਦੌੜਦਾ, ਨਾਂਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ ॥1॥

ਮੂੜੇ! ਕਾਇਚੇ ਭਰਮਿ ਭੁਲਾ ॥ ਨਹ ਚੀਨਿਆ, ਪਰਮਾਨੰਦੁ ਬੈਰਾਗੀ ॥1॥ ਰਹਾਉ ॥

(ਹੇ ਜੋਗੀ!) ਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੇ ਤੋਂ) ਲਾਂਭੇ ਜਾ ਰਿਹਾ ਹੈਂ? ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ,॥1॥ ਰਹਾਉ ॥

ਅਜਰ ਗਹੁ ਜਾਰਿ ਲੈ, ਅਮਰ ਗਹੁ ਮਾਰਿ ਲੈ; ਭ੍ਰਾਤਿ ਤਜਿ ਛੋਡਿ, ਤਉ ਅਪਿਉ ਪੀਜੈ ॥
ਮੀਨ ਕੀ ਚਪਲ ਸਿਉ, ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ, ਨਹ ਕੰਧੁ ਛੀਜੈ ॥2॥

(ਹੇ ਜੋਗੀ!) ਬੁਢਾਪੇ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ। ਇਸ ਤਰ੍ਹਾਂ ਔਗੁਣਾਂ ਦਾ ਤਿਆਗ ਤੇ ਸ਼ੁਭ ਗੁਣ ਧਾਰਨ ਕਰਨ ਨਾਲ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ ॥2॥

ਭਣਤਿ ਨਾਨਕੁ ਜਨੋ, ਰਵੈ ਜੇ ਹਰਿ ਮਨੋ; ਮਨ ਪਵਨ ਸਿਉ, ਅੰਮ੍ਰਿਤੁ ਪੀਜੈ ॥
ਮੀਨ ਕੀ ਚਪਲ ਸਿਉ, ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ, ਨਹ ਕੰਧੁ ਛੀਜੈ ॥3॥9॥

ਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ, ਤਾਂ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਸੁਆਸ ਸੁਆਸ (ਨਾਮ ਜਪ ਕੇ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ। ਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਤੇ ਸਰੀਰ ਭੀ ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ ॥3॥9॥

ਗੁਰੂ ਸਾਹਿਬ ਜੀ ਦੀ ਇਹ ਸਿਖਿਆ ਅਸੀਂ ਤਾਂ ਹੀ ਧਾਰਨ ਕਰ ਸਕਦੇ ਹਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਪੂਰਨ ਪਾਠ ਅਰਥਾਂ ਸਹਿਤ ਆਪ ਕੀਤਾ ਜਾਵੇ। ਗੁਰੂ ਸਾਹਿਬ ਜੀ ਸਾਨੂੰ ਗੁਰਮਤਿ ਦੀ ਸੋਝੀ ਦੇਣ ਲਈ ਸਮਝਾਉਂਦੇ ਹਨ:

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥1॥ ਰਹਾਉ ॥

(ਸਾਰੰਗ ਮ: 5, ਗੁਰੂ ਗ੍ਰੰਥ ਸਾਹਿਬ -ਪੰਨਾ 1219) ਹੇ ਭਾਈ! (ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ)। ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ ॥1॥ ਰਹਾਉ ॥

ਪ੍ਰਿੰ: ਪੰਨਵਾਂ ਨੇ ਕਿਹਾ ਸੁਣਨ ਦਾ ਭਾਵ ਹੈ ਗੁਰਦੁਆਰੇ ਆ ਕੇ ਹੋ ਰਹੇ ਕਥਾ ਕੀਰਤਨ ਨੂੰ ਧਿਆਨ ਨਾਲ ਸੁਣ ਕੇ ਸਮਝਣਾਂ। ਪੜ੍ਹਨ ਦਾ ਭਾਵ ਹੈ ਗੁਰਬਾਣੀ ਸਿੱਖਣ ਲਈ ਗੁਰਦੁਆਰੇ ਵਿੱਚ ਕਲਾਸਾਂ ਲਾਉਣੀਆਂ। ‘ਹੋਰ ਲਾਲਚਾਂ’ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਸੇ ਫ਼ਲ ਦੀ ਪ੍ਰਾਪਤੀ ਲਈ ਇੱਛਾ ਰੱਖ ਕੇ ਗੁਰਦੁਆਰੇ ਆਉਣਾ, ਸੇਵਾ ਕਰਨਾ, ਪਾਠ ਕਰਨਾ ਜਾਂ ਕਰਾਉਣਾ ਤੇ ਨਾਮ ਜਪਣਾਂ ਹੀ ਕਿਉਂ ਨਾ ਹੋਵੇ ਉਹ ‘ਹੋਰ ਲਾਲਚ’ ਹਨ। ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਕਥਾ ਕੀਰਤਨ ਦੌਰਾਨ ਧਿਆਨ ਨਾਲ ਸੁਣ ਕੇ ਗੁਰਬਾਣੀ ਸਮਝਣ ਦੀ ਥਾਂ ਮਨ ਇੱਛੇ ਫਲ ਪ੍ਰਾਪਤ ਕਰਨ ਲਈ ਕਿਸੇ ਮਨਮਤੀਏ ਵੱਲੋਂ ਦੱਸੀ ਗਈ ਵਿਧੀ ਨਾਲ ਗਿਣਤੀ ਦੇ ਪਾਠ ਕਰਨਾ, ਕਿਸੇ ਖਾਸ ਵਿਧੀ ਨਾਲ ਸਿਮਰਨ ਕਰਨਾ, ਗਿਣਤੀ ਕਰਕੇ 40 ਦਿਨਾਂ ਲਈ ਗੁਰਦੁਆਰੇ ਆਉਣਾ, ਨੰਗੇ ਪੈਰੀਂ ਗੁਰਦੁਆਰੇ ਆਉਣਾਂ, ਕਿਸੇ ਸ਼ਬਦ ਨੂੰ ਖਾਸ ਫਲ ਦੇਣ ਵਾਲਾ ਸਮਝ ਕੇ ਕਰਨਾ ਆਦਿ ਸਭ ‘ਹੋਰ ਲਾਲਚ’ ਹਨ। ਇਹ ‘ਹੋਰ ਲਾਲਚ’ ਅਧੀਨ ਕੀਤੇ ਗਏ ਇਹ ਧਾਰਮਿਕ ਕੰਮ ਵੀ ਗੁਰੂ ਜੀ ਦੀ ਸਿਖਿਆ ਅਨੁਸਾਰ ਮਨੁੱਖਾ ਜਨਮ ਵਿਅਰਥਾ ਚਲੇ ਜਾਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top