Share on Facebook

Main News Page

ੴਸਤਿਗੁਰਪ੍ਰਸਾਦਿ ॥
‘ਪੰਥਕ ਜਥੇਬੰਦੀਆਂ’, ਕਿਧਰ ਨੂੰ?
-
ਰਾਜਿੰਦਰ ਸਿੰਘ, ਸ਼੍ਰੋਮਣੀ ਖਾਲਸਾ ਪੰਚਾਇਤ
ਫੋਨ: +91 9876104726

ਛੇ ਅਗਸਤ ਨੂੰ ਕੁਝ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਮੁੱਖ ਪੁਜਾਰੀ, ਜਿਸ ਨੂੰ ਉਹ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਖਦੀਆਂ ਹਨ, ਦਾ ਬਾਈਕਾਟ ਕਰਨ ਦਾ ਫੈਸਲਾ ਅਤੇ ਐਲਾਨ ਕੀਤਾ ਹੈ। ਇਸ ਬਾਈਕਾਟ ਦਾ ਮਤਲਬ ਉਨ੍ਹਾਂ ਇਹ ਦੱਸਿਆ ਹੈ ਕਿ ਉਹ ਅਗੋਂ ਕੋਈ ਵੀ ਪੰਥਕ ਮੁੱਦਾ ਇਸ ਅਖੌਤੀ ਜਥੇਦਾਰ ਕੋਲ ਲੈ ਕੇ ਨਹੀਂ ਜਾਣਗੀਆਂ।

ਇਸ ਦੇ ਉਨ੍ਹਾਂ ਦੋ ਕਾਰਨ ਦਸੇ ਹਨ: ਪਹਿਲਾ, ਅਖੌਤੀ ਜਥੇਦਾਰ ਵਲੋਂ ਦਰਿਆ ਬਿਆਸ ਦੇ ਕੰਡੇ, ਰਾਧਾ ਸੁਆਮੀਆਂ ਦੇ ਡੇਰੇ ਨੇੜੇ ਵਸੇ ਪਿੰਡ ਵੜੈਚ ਦੇ ਗੁਰਦੁਆਰੇ ਨੂੰ ਰਾਧਾ ਸੁਆਮੀਆਂ ਵਲੋਂ ਢਾਉਣ ਦੇ ਮਾਮਲੇ ਵਿੱਚ ਡੇਰਾ ਬਿਆਸ(ਰਾਧਾ ਸੁਆਮੀਆਂ) ਨੂੰ ਕਲੀਨ ਚਿੱਟ ਦੇਣਾ ਹੈ ਅਤੇ ਦੂਸਰਾ, ਇਸੇ ਅਖੌਤੀ ਜਥੇਦਾਰ ਵਲੋਂ ਆਪਣੇ ਬਿਆਨ ਵਿੱਚ, ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਸ਼ਰਾਰਤੀ ਅਨਸਰ ਆਖਣਾ।

ਵੈਸੇ ਉਨ੍ਹਾਂ ਨੂੰ ਵਧੇਰੇ ਤਕਲੀਫ ਕਿਸ ਗੱਲ ਤੋਂ ਹੋਈ ਹੈ, ਇਹ ਉਨ੍ਹਾਂ ਸਪੱਸ਼ਟ ਨਹੀਂ ਕੀਤਾ, ਪਰ ਮੇਰਾ ਆਪਣਾ ਖਿਆਲ ਹੈ ਕਿ ਉਨ੍ਹਾਂ ਨੂੰ ਵਧੇਰੇ ਤਕਲੀਫ ਅਖੌਤੀ ਜਥੇਦਾਰ ਵਲੋਂ ਸ਼ਰਾਰਤੀ ਅਨਸਰ ਗਰਦਾਨਣ ਕਰ ਕੇ ਹੋਈ ਹੋਵੇਗੀ, ਕਿਉਂਕਿ ਨਹੀਂ ਤਾਂ ਗੁਰਦੁਆਰਾ ਢਾਹੁਣ ਦੇ ਮੁੱਦੇ ਤੇ ਤਾਂ ਉਨ੍ਹਾਂ ਮੁੜ ਅਖੌਤੀ ਜਥੇਦਾਰ ਕੋਲ ਹੀ ਰੋਸ ਪ੍ਰਗਟ ਕਰਨ ਲਈ ਚਲੇ ਜਾਣਾ ਸੀ, ਜੈਸਾ ਕਿ ਪਹਿਲਾਂ ਵੀ ਅਕਸਰ ਕਈ ਵਾਰੀ ਹੋਇਆ ਹੈ। ਯਾ ਫਿਰ ਇਹ ਬਿਆਨ ਦੇ ਕੇ ਤਸੱਲੀ ਕਰ ਲੈਣੀ ਸੀ ਕਿ ਜਥੇਦਾਰ ਨੇ ਇਹ ਫੈਸਲਾ ਆਪਣੇ ਸਿਆਸੀ ਆਕਾਵਾਂ ਦੇ ਪ੍ਰਭਾਵ ਥਲੇ ਆ ਕੇ ਕੀਤਾ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ।

ਇਕ ਗੱਲ ਐਤਕੀ ਹੋਰ ਹੈਰਾਨਗੀ ਦੀ ਹੋਈ ਕਿ ਅਖੌਤੀ ਜਥੇਦਾਰ ਦੇ ਇਸ ਫੈਸਲੇ ਖਿਲਾਫ, ਇਨ੍ਹਾਂ ਦੇ ਰੋਸ ਪਰਗਟ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਹੀ ਰੋਸ ਪ੍ਰਗਟ ਕਰ ਦਿੱਤਾ, ਹਾਲਾਂਕਿ ਉਸ ਦੇ ਰੋਸ ਦਾ ਕਾਰਨ ਇਹ ਨਹੀਂ ਸੀ ਕਿ ਉਹ ਇਸ ਫੈਸਲੇ ਨੂੰ ਗਲਤ ਮੰਨਦਾ ਸੀ, ਬਲਕਿ ਇਹ ਸੀ ਕਿ ਜਥੇਦਾਰ ਨੇ ਉਸ ਦੀ ਸਲਾਹ ਲਏ ਬਗੈਰ ਜਾਂਚ ਕਮੇਟੀ ਵਲੋਂ ਦਿੱਤੀ ਰਿਪੋਰਟ ਵਾਲਾ ਫੈਸਲਾ ਛੇਤੀ-ਛੇਤੀ ਇੰਨ ਬਿੰਨ ਕਿਉਂ ਸੁਣਾ ਦਿੱਤਾ। ਜੇ ਪਹਿਲਾਂ ਉਸ ਨਾਲ ਸਲਾਹ ਕਰ ਲਈ ਹੁੰਦੀ(ਜਾਂ ਇੰਝ ਕਹਿ ਲਓ ਕਿ ਆਗਿਆ ਲੈ ਲਈ ਹੁੰਦੀ) ਤਾਂ ਫੈਸਲਾ ਐਸੇ ਗੋਲਮੋਲ ਤਰੀਕੇ ਨਾਲ ਸੁਣਾਇਆ ਜਾਂਦਾ ਕਿ ਲੰਬਾ ਸਮਾਂ ਸੰਗਤਾਂ ਭਰਮ ਭੁਲੇਖੇ ਵਿੱਚ ਹੀ ਪਈਆਂ ਰਹਿੰਦੀਆਂ ਤੇ ਫੇਰ ਹੌਲੀ ਹੌਲੀ ਸਾਰੀ ਗੱਲ ਭੁੱਲ ਜਾਂਦੀਆਂ, ਜਿਵੇਂ ਕਿ ਸਦਾ ਹੀ ਹੁੰਦਾ ਆਇਆ ਹੈ। ਇਸੇ ਕਰਕੇ ਕੁਝ ਦਿਨ ਇਹ ਕਿਆਸਰਾਈਆਂ ਵੀ ਲਾਈਆਂ ਗਈਆਂ ਕਿ ਸ਼ਾਇਦ ਅਖੌਤੀ ਜਥੇਦਾਰ ਦੀ ਛੁੱਟੀ ਕਰ ਦਿੱਤੀ ਜਾਵੇ। ਇਹ ਸਾਡੇ ਸਰਵਉੱਚ ਜਥੇਦਾਰ ਸਾਹਿਬ ਦੀ ਅਸਲੀ ਔਕਾਤ ਹੈ।

ਖੈਰ ! ਮੈਂ ਆਪਣੇ ਮੁੱਦੇ ਤੇ ਵਾਪਸ ਆਵਾਂ। ਪੰਥਕ ਜਥੇਬੰਦੀਆਂ ਦੇ ਇਸ ਫੈਸਲੇ ਦੀ ਕਈ ਪਾਸਿਓਂ ਸ਼ਲਾਘਾ ਹੋਈ ਹੈ ਤੇ ਕਈ ਪਾਸਿਓਂ ਨਿੰਦਾ । ਸੁਭਾਵਕ ਤੌਰ ਤੇ ਨਿੰਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਉਸ ਦੇ ਕੁਝ ਜੋੜੀਦਾਰਾਂ ਅਤੇ ਚਮਚਿਆਂ ਵਲੋਂ ਕੀਤੀ ਗਈ ਹੈ। ਉਹ ਆਪ ਭਾਵੇਂ ਜਥੇਦਾਰ ਨੂੰ ਕੁਝ ਵੀ ਸਮਝਦੇ ਹੋਣ ਅਤੇ ਅੰਦਰ ਵੜ ਕੇ ਉਸ ਨਾਲ ਜੋ ਮਰਜ਼ੀ ਕਰ ਲੈਣ ਪਰ ਇਹ ਤਾਂ ਨਹੀਂ ਬਰਦਾਸ਼ਤ ਕਰ ਸਕਦੇ ਕਿ ਸੰਗਤ ਵਿਚੋਂ ਕੋਈ ਜ਼ਾਹਰਾ ਤੌਰ ਤੇ ਉਸ ਤੋਂ ਬਾਗ਼ੀ ਹੋਣ ਦੀ ਕੋਸ਼ਿਸ਼ ਕਰੇ। ਕਿਉਂਕਿ ਆਪਣੇ ਵਿਰੋਧੀਆਂ ਨੂੰ ਆਪਣੇ ਪ੍ਰਾਧੀਨ ਰੱਖਣ ਲਈ ਅਖੌਤੀ ਜਥੇਦਾਰ ਹੀ ਉਨ੍ਹਾਂ ਕੋਲ ਸਭ ਤੋਂ ਵੱਡਾ ਮੋਹਰਾ ਹੈ। ਜੇ ਇਸ ਡਰਾਉਣੇ ਦਾ ਭੇਦ ਹੀ ਖੁਲ੍ਹ ਗਿਆ ਤੇ ਭੈ ਖਤਮ ਹੋ ਗਿਆ, ਫੇਰ ਤਾਂ ਚਿੜੀਆਂ, ਕਾਂ, ਕਬੂਤਰ ਹੀ ਉਨ੍ਹਾਂ ਦਾ ਖੇਤ ਚੁੱਗ ਜਾਣਗੇ। ਅਵਤਾਰ ਸਿੰਘ ਮੱਕੜ ਨੇ ਇਨ੍ਹਾਂ ਪੰਥਕ ਜਥੇਬੰਦੀਆਂ ਦਾ ਹੋਰ ਮਾਣ ਵਧਾਉਂਦੇ ਹੋਏ, ਇਨ੍ਹਾਂ ਦੇ ਐਲਾਨ ਨੂੰ ਕਾਵਾਂ ਦੀ ਕਾਵਾਂ-ਰੌਲੀ ਨਾਲ ਤੁਲਨਾ ਦਿੱਤੀ ਹੈ। ਖੈਰ ! ਵਿਰੋਧੀਆਂ ਕੋਲੋਂ ਤਾਂ ਇਹੋ ਜਿਹੀ ਹੀ ਆਸ ਹੁੰਦੀ ਹੈ।

ਕੁਝ ਲੋਕ ਐਸੇ ਵੀ ਹਨ, ਜਿਨ੍ਹਾਂ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ, ਇਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਉਹ ਵਿਦਵਾਨ ਹਨ ਜੋ ਸਿਧਾਂਤਕ ਤੌਰ ਤੇ ਜਥੇਦਾਰ ਦੇ ਇਸ ਅਹੁਦੇ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ ਤੇ ਦੂਸਰੇ ਉਹ ਹਨ ਜੋ ਇਸ ਅਹੁਦੇ ਤੇ ਸੁਭਾਏਮਾਨ ਹੋਣ ਵਾਲੀਆਂ ਸ਼ਖਸੀਅਤਾਂ ਦੇ ਕਿਰਦਾਰ ਵਿੱਚ ਆਏ ਨਿਘਾਰ ਤੋਂ ਦੁੱਖੀ ਹਨ। ਇਨ੍ਹਾਂ ਵਿੱਚ ਕੁਝ ਐਸੇ ਵੀ ਹਨ ਜੋ ਇਸ ਪ੍ਰਨਾਲੀ ਨੂੰ ਅਤੇ ਜਥੇਦਾਰਾਂ ਨੂੰ ਮਾਨਤਾ ਦੇਂਦੇ ਹਨ ਪਰ ਇਨ੍ਹਾਂ ਵਲੋਂ ਕੀਤੇ ਕੁਝ ਫੈਸਲਿਆਂ ਨਾਲ ਅਸਹਿਮਤ ਹਨ। ਇਨ੍ਹਾਂ ਵਲੋਂ ਇਹ ਸ਼ਲਾਘਾ ਕਰਨਾ ਕੁਝ ਹੱਦ ਤੱਕ ਬਣਦਾ ਵੀ ਸੀ ਕਿਉਂਕਿ ਜੇ ਕੋਈ ਪਿੰਗਲਾ, ਜੋ ਤੁਰਨ ਤੋਂ ਬਿਲਕੁਲ ਅਸਮਰਥ ਹੋਵੇ, ਹਿੰਮਤ ਕਰ ਕੇ ਕੁਝ ਕਦਮ ਵੀ ਤੁਰ ਲਵੇ, ਤਾਂ ਉਸ ਦਾ ਹੌਸਲਾ ਵਧਾਉਣ ਲਈ ਆਖਣਾ ਬਣਦਾ ਹੈ, ਕਿ ਵਾਹ ! ਪਿਆਰਿਆ ਤੂੰ ਤਾਂ ਪਰਬਤ ਸਰ ਕਰਨ ਵਾਲੀ ਹਿੰਮਤ ਵਿਖਾਈ ਹੈ।

ਵੈਸੇ ਇਨ੍ਹਾਂ ਪੰਥਕ ਜਥੇਬੰਦੀਆਂ ਨੂੰ ਆਪ ਹੀ ਆਪਣੀ ਸਵੈ ਪੜਚੋਲ ਕਰਨੀ ਬਣਦੀ ਹੈ ਕਿ ਇਨ੍ਹਾਂ ਦੇ ਇਸ ਫੈਸਲੇ ਨਾਲ ਇਨ੍ਹਾਂ ਨੂੰ ਆਪ ਨੂੰ ਅਤੇ ਕੌਮ ਨੂੰ ਕਿਤਨਾ ਕੁ ਫਰਕ ਪਵੇਗਾ?

ਪਹਿਲਾਂ ਤਾਂ ਇਨ੍ਹਾਂ ਦੇ ਜਥੇਦਾਰ ਨੂੰ ਮਾਨਤਾ ਦੇਣ ਦੇ ਪਿੱਛੇ ਇਨ੍ਹਾਂ ਦਾ ਇਕ ਆਪਣਾ ਵੱਡਾ ਸੁਆਰਥ ਹੁੰਦਾ ਹੈ। ਇਹ ਸਮਝਦੇ ਹਨ ਕਿ ਜਥੇਦਾਰ ਨੂੰ ਮਾਨਤਾ ਦੇਣ ਨਾਲ ਇਨ੍ਹਾਂ ਨੂੰ ਆਪ ਇਕ ਪੰਥਕ ਜਥੇਬੰਦੀ ਵਜੋਂ ਮਾਨਤਾ ਮਿਲ ਜਾਵੇਗੀ। ਇਹ ਮਾਨਤਾ ਪ੍ਰਾਪਤ ਕਰਨ ਲਈ, ਜਦੋਂ ਕੋਈ ਨਵਾਂ ਜਥੇਦਾਰ ਥਾਪਿਆ ਜਾਂਦਾ ਹੈ, ਇਹ ਉਸ ਨੂੰ ਆਪਣੀ ਜਥੇਬੰਦੀ ਵਲੋਂ ਸਰੋਪਾ ਦੇਣ ਚਲੇ ਜਾਂਦੇ ਹਨ ਅਤੇ ਅਖਬਾਰਾਂ ਵਿੱਚ ਸਰੋਪਾ ਦੇਣ ਵਾਲਿਆਂ ਦੀ ਲੜੀ ਵਿੱਚ ਆਪਣਾ ਨਾਂ ਪੜ੍ਹ ਕੇ ਆਪੇ ਖੁਸ਼ ਹੋ ਜਾਂਦੇ ਹਨ ਕਿ ਸਾਨੂੰ ਪੰਥਕ ਜਥੇਬੰਦੀ ਵਜੋਂ ਮਾਨਤਾ ਮਿਲ ਗਈ ਹੈ।

ਐਸਾ ਕਰਨ ਲੱਗਿਆਂ ਇਨ੍ਹਾਂ ਇਹ ਕਦੇ ਨਹੀਂ ਸੋਚਿਆ ਕਿ ਆਪਣੇ ਇਸ ਕਰਮ ਨਾਲ, ਉਹ ਆਪਣੇ ਸਭ ਤੋਂ ਵੱਡੇ ਸਿਆਸੀ ਵਿਰੋਧੀ ਬਾਦਲ ਦੱਲ ਨੂੰ ਪੰਥ ਦੇ ਤੌਰ ਤੇ ਮਾਨਤਾ ਦੇ ਰਹੇ ਹਨ। ਦੂਸਰਾ, ਇਨ੍ਹਾਂ ਇਹ ਵੀ ਕਦੇ ਨਹੀਂ ਸੋਚਿਆ ਕਿ ਆਪਣੇ ਇਸ ਕਰਮ ਨਾਲ ਇਹ ਸਾਰੀ ਕੌਮ ਨੂੰ ਇਕ ਗਲਤ ਵਿਵਸਥਾ ਵਿੱਚ ਜਕੜਨ ਵਿੱਚ ਸਹਾਈ ਹੋ ਰਹੇ ਹਨ। ਸ਼ਾਇਦ ਬਹੁਤਿਆਂ ਨੂੰ ਆਪ ਹੀ ਇਸ ਸਬੰਧ ਵਿੱਚ ਬਹੁਤੀ ਚੇਤਨਤਾ ਹੀ ਨਹੀਂ। ਸ਼ਾਇਦ ਕਦੇ ਮੁੱਦੇ ਨੂੰ ਗੰਭੀਰਤਾ ਅਤੇ ਗਹਿਰਾਈ ਨਾਲ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਸਬੰਧ ਵਿੱਚ ਇਕ ਵਾਰੀ ਮੇਰੀ ਸ਼੍ਰੋਮਣੀ ਅਕਾਲੀ ਦੱਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨ ਜੀਤ ਸਿੰਘ ਮਾਨ ਨਾਲ ਹੋਈ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਹਾਲਾਂਕਿ ਮੈਂ ਆਪਣੇ ਲੇਖਾਂ ਵਿੱਚ ਕਿਸੇ ਦਾ ਨਾਂ ਲੈਣ ਤੋਂ ਗੁਰੇਜ ਕਰਦਾ ਹਾਂ ਅਤੇ ਨਾ ਹੀ ਮੇਰਾ ਕਿਸੇ ਨਾਲ ਕੋਈ ਨਿਜੀ ਵਿਰੋਧ ਹੈ, ਅਤੇ ਨਾ ਮੇਰਾ ਮਕਸੱਦ ਕਿਸੇ ਦਾ ਅਪਮਾਨ ਕਰਨਾ ਹੈ। ਪਰ ਇਥੇ ਮੁੱਦੇ ਨੂੰ ਸਪੱਸ਼ਟ ਕਰਨ ਲਈ ਨਾਂ ਲਿਖਣ ਦੀ ਮਜਬੂਰੀ ਬਣ ਗਈ ਹੈ।

ਸੰਨ 2004 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ, ਮੈਂ ਸ੍ਰ. ਸਿਮਰਨ ਜੀਤ ਸਿੰਘ ਮਾਨ ਜੀ ਨੂੰ ਮਿਲਣ ਵਾਸਤੇ ਗਿਆ। ਮਿਲਣ ਦਾ ਮਕਸਦ ਉਨ੍ਹਾਂ ਚੋਣਾਂ ਵਿੱਚ ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਨੂੰ ਰੱਲ ਕੇ ਚੋਣ ਲੜਨ ਲਈ ਪ੍ਰੇਰਨਾ ਜਾਂ ਘੱਟੋ-ਘੱਟ ਇਸ ਗੱਲ ਲਈ ਤਿਆਰ ਕਰਨਾ ਸੀ ਕਿ ਉਹ ਆਪਸ ਵਿੱਚ ਇਕ ਦੂਜੇ ਦੇ ਮੁਕਾਬਲੇ ਉਮੀਦਵਾਰ ਖੜ੍ਹੇ ਨਾ ਕਰਨ। ਗੱਲਾਂ ਗੱਲਾਂ ਵਿੱਚ ਸ੍ਰ. ਮਾਨ ਨੇ ਮੇਰੇ ਨਾਲ ਇਹ ਗਿਲਾ ਕੀਤਾ ਕਿ ਅਸੀਂ ਖਾਲਸਾ ਪੰਚਾਇਤ ਵਾਲੇ ਅਕਸਰ ਅਕਾਲ ਤਖਤ ਸਾਹਿਬ ਦੇ ਖਿਲਾਫ ਲੜਾਈ ਛੇੜੀ ਰਖਦੇ ਹਾਂ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਖਿਲਾਫ ਕਦੋਂ ਲੜਾਈ ਛੇੜੀ ਹੈ, ਨਾਲੇ ਕੀ ਦੁਨੀਆਂ ਦਾ ਕੋਈ ਸਿੱਖ ਅਕਾਲ ਤਖਤ ਸਾਹਿਬ ਖਿਲਾਫ ਲੜਾਈ ਛੇੜ ਸਕਦਾ ਹੈ? ਤਾਂ ਉਹ ਕਹਿਣ ਲੱਗੇ ਕਿ ਤੁਸੀਂ ਤਾਂ ਰੋਜ਼ ਜਥੇਦਾਰ ਦੇ ਖਿਲਾਫ ਕੋਈ ਮੋਰਚਾ ਲਾਈ ਰਖਦੇ ਹੋ।

ਮੈਂ ਸਪੱਸ਼ਟ ਕੀਤਾ ਕਿ ਫੇਰ ਅਕਾਲ-ਤਖਤ ਸਾਹਿਬ ਨਹੀਂ, ਜਥੇਦਾਰ ਕਹੋ। ਉਹ ਕਹਿਣ ਲੱਗੇ ਕਿ ਇਕੋ ਗੱਲ ਹੈ। ਮੈਂ ਦੱਸਿਆ ਕਿ ਬਿਲਕੁਲ ਇਕੋ ਗੱਲ ਨਹੀਂ, ਕਿਉਂਕਿ ਅਸੀਂ ਅਕਾਲ ਤਖਤ ਸਾਹਿਬ ਦਾ ਪੂਰਨ ਸਤਿਕਾਰ ਕਰਦੇ ਹਾਂ ਅਤੇ ਜਥੇਦਾਰ ਆਪਣੇ ਕੁਕਰਮਾਂ ਦੁਆਰਾ ਅਕਾਲ ਤਖਤ ਸਾਹਿਬ ਦੀ ਪਾਵਨ ਸੰਸਥਾ ਨੂੰ ਕਲੰਕਤ ਕਰ ਰਿਹਾ ਹੈ। ਅਸੀਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਬਹਾਲ ਕਰਾਉਣਾ ਚਾਹੁੰਦੇ ਹਾਂ। ਉਸ ਵਾਸਤੇ ਸੰਘਰਸ਼ ਕਰ ਰਹੇ ਹਾਂ। ਪਹਿਲਾਂ ਤਾਂ ਇਹੀ ਕੌਮ ਦੀ ਵੱਡੀ ਬਦਕਿਸਮਤੀ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਵਿੱਚ ਹੀ ਫਰਕ ਨਹੀਂ ਕਰ ਸਕੇ।

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਨੂੰ ਜਥੇਦਾਰ ਕਿਸ ਨੇ ਥਾਪਿਆ ਹੈ ਤਾਂ ਉਹ ਕਹਿਣ ਲੱਗੇ ਕਿ ਪੰਥ ਨੇ। ਮੈਂ ਪੁੱਛਿਆ ਕਿ ਕਿਹੜੇ ਪੰਥ ਨੇ, ਤਾਂ ਬਹੁਤ ਨਰਾਜ਼ ਹੋ ਕੇ ਕਹਿਣ ਲੱਗੇ ਕਿ ਕੀ ਹੁਣ ਤੁਹਾਨੂੰ ਇਹ ਵੀ ਦਸਣਾ ਪਵੇਗਾ ਕਿ ਪੰਥ ਕਿਹੜਾ ਹੈ। ਮੈਂ ਆਖਿਆ ਕਿ ਜ਼ਰੂਰ ਦਸਣਾ ਪਵੇਗਾ, ਕਿਉਂਕਿ ਇਸ ਨੂੰ ਬਾਦਲ ਨੇ ਨਿਯੁਕਤ ਕੀਤਾ ਹੈ। ਜੇ ਤੁਸੀਂ ਮੰਨਦੇ ਹੋ ਕਿ ਇਸ ਨੂੰ ਪੰਥ ਨੇ ਥਾਪਿਆ ਹੈ ਤਾਂ ਇਹ ਮੰਨਣਾ ਪਵੇਗਾ ਕਿ ਬਾਦਲ ਹੀ ਪੰਥ ਹੈ। ਫੇਰ ਤੁਸੀਂ ਲੜਾਈ ਕਿਸ ਗੱਲ ਦੀ ਕਰ ਰਹੇ ਹੋ? ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੀ ਗੱਲ ਤਾਂ ਛੱਡ ਹੀ ਦਿਓ, ਅਸੀਂ ਤਾਂ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦੇ, ਪਰ ਤੁਸੀਂ ਤਾਂ ਪੰਥ ਦੀ ਦੋ ਨੰਬਰ ਜਥੇਬੰਦੀ ਹੋ। ਮੈਂ ਇਸ ਇਕ ਵੇਦਾਂਤੀ ਜੀ ਦੀ ਗੱਲ ਨਹੀਂ ਕਰ ਰਿਹਾ, ਪਿਛਲੇ ਤਿੰਨ ਚਾਰ ਜਥੇਦਾਰ ਥਾਪਣ ਤੋਂ ਪਹਿਲਾਂ ਕਿਸੇ ਨੇ ਤੁਹਾਡੀ ਰਾਏ ਹੀ ਲਈ ਹੋਏ(ਮੰਨਣਾ ਜਾਂ ਨਾ ਮੰਨਣਾ ਤਾਂ ਬਾਅਦ ਦੀ ਗੱਲ ਹੈ) ਕਿ ਇਸ ਨੂੰ ਯਾ ਕਿਸ ਨੂੰ ਜਥੇਦਾਰ ਬਣਾ ਦੇਈਏ ਤਾਂ ਮੈਂ ਮੰਨ ਲੈਂਦਾ ਹਾਂ ਕਿ ਇਹ ਪੰਥ ਦਾ ਜਥੇਦਾਰ ਹੈ।

ਇਹ ਤਾਂ ਬਾਦਲ ਦੇ ਮਹਿਲ ਦਾ ਇਕ ਥੰਮ ਹੈ, ਜੋ ਉਸ ਦੀ ਰਾਜਸਤਾ ਦੇ ਮਹਿਲ ਨੂੰ ਅਡਿੱਗ ਰਖਣ ਲਦੀ ਵੱਡਾ ਯੋਗਦਾਨ ਪਾਉਂਦਾ ਹੈ। ਸਿੱਖ ਕੌਮ ਦਾ ਮਾਨਸਿਕ ਸੋਸ਼ਣ ਕਰਨ ਦੇ ਵਾਸਤੇ ਇਹ ਸਭ ਤੋਂ ਵਡਾ ਸਾਧਨ ਹੈ। ਬਾਦਲ ਸੌ ਧਾਰਮਿਕ ਗੁਣਾਹ ਕਰੇ, ਸਿੱਖੀ ਦਾ ਮਜ਼ਾਕ ਬਣਾ ਦੇਵੇ, ਤੁਸੀਂ ਸੌ ਸ਼ਿਕਾਇਤਾਂ ਕਰ ਲਵੋ, ਉਸ ਵਿੱਚ ਜੁਰਅਤ ਨਹੀਂ ਕਿ ਉਸ ਦੇ ਖਿਲਾਫ ਇਕ ਲਫਜ਼ ਵੀ ਬੋਲੇ। ਹਾਂ ! ਇਹ ਅਲੱਗ ਗਲ ਹੈ ਕਿ ਉਸ ਨੂੰ ਆਪ ਜਾਪੇ ਕਿ ਅਕਾਲ ਤਖਤ ਤੇ ਜਾਣ ਨਾਲ ਉਸ ਨੂੰ ਕੋਈ ਰਾਜਨੀਤਕ ਲਾਭ ਹੁੰਦਾ ਹੈ, ਤਾਂ ਅਲੱਗ ਗੱਲ ਹੈ। ਤੁਹਾਡੇ ਕੋਲੋਂ ਅਣਭੋਲ ਕੋਈ ਭੁਲ ਹੋ ਜਾਵੇ, ਜਥੇਦਾਰ ਤੁਹਾਨੂੰ ਪੁੱਠਾ ਲਟਕਾ ਦੇਵੇਗਾ, ਹਰ ਉਹ ਕਰਮ ਕਰੇਗਾ ਜਿਸ ਨਾਲ ਤੁਹਾਨੂੰ ਰਾਜਨੀਤਿਕ ਤੌਰ ਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਇਆ ਜਾ ਸਕੇ, ਸਿੱਖ ਕੌਮ ਵਿੱਚ ਤੁਹਾਡੀ ਛਵੀ ਖਰਾਬ ਕੀਤੀ ਜਾ ਸਕੇ।

ਮਾਨ ਸਾਬ੍ਹ ਨੇ ਸਿਰ ਨੂੰ ਝਟਕਾ ਦੇ ਕੇ ਆਖਿਆ, “ਭਾਈ ਸਾਬ੍ਹ ! ਮੈਨੂੰ ਇਹ ਗੱਲਾਂ ਦੱਸਿਆ ਕਰੋ ਜੀ।”

ਅੱਜ ਉਨ੍ਹਾਂ ਮਾਨ ਸਾਬ੍ਹ ਦੀ ਜਥੇਬੰਦੀ ਦੇ ਆਗੂਆਂ ਨੂੰ ਫੇਰ ਉਸੇ ਜਥੇਦਾਰ ਕੋਲ ਮੰਗ-ਪੱਤਰ ਆਦਿ ਲੈ ਕੇ ਜਾਂਦੇ ਅਕਸਰ ਵੇਖਿਆ ਜਾ ਸਕਦਾ ਹੈ। ਇਥੇ ਗੱਲ ਇਕ ਮਾਨ ਸਾਬ੍ਹ ਯਾ ਉਨ੍ਹਾਂ ਦੀ ਜਥੇਬੰਦੀ ਦੀ ਨਹੀਂ, ਸਾਰੀਆਂ ਪੰਥਕ ਕਹਾਉਣ ਵਾਲੀਆਂ ਜਥੇਬੰਦੀਆਂ ਦਾ ਇਹੀ ਹਾਲ ਹੈ। ਇਹ ਵਿਵਸਥਾ ਹੀ ਇਤਨੀ ਡਾਢੀ ਹੈ ਕਿ ਜੋ ਮਾਨ ਸਾਬ੍ਹ ਭਾਰਤ ਸਰਕਾਰ ਵਰਗੀ ਤਾਕਤ ਅੱਗੇ ਤਾਂ ਡੋਲੇ ਨਹੀਂ ਅੱਜ ਵੀ ਅਡਿੱਗ ਖੜ੍ਹੇ ਹਨ, ਪੁਜਾਰੀਆਂ ਸਾਹਮਣੇ ਖਲੋਣ ਦੀ ਜੁਰਅੱਤ ਨਹੀਂ ਵਿਖਾ ਸਕੇ। ਇਸ ਵੇਲੇ ਇਸ ਪੁਜਾਰੀਵਾਦੀ ਵਿਵਸਥਾ ਦਾ ਗ਼ਲਬਾ ਬਹੁਤੀ ਸਿੱਖ ਮਾਨਸਿਕਤਾ ਤੇ ਪੈ ਚੁੱਕਾ ਹੈ।

ਸਾਰੀਆਂ ਕੌਮਾਂ ਦੇ ਪੁਜਾਰੀਆਂ ਵਲੋਂ ਆਪਣੀਆਂ ਕੌਮਾਂ ਦਾ ਇਸੇ ਤਰ੍ਹਾਂ ਧਾਰਮਿਕ, ਮਾਨਸਿਕ, ਰਾਜਨੀਤਕ ਅਤੇ ਆਰਥਿਕ ਸੋਸ਼ਣ ਹੁੰਦੇ ਵੇਖ ਕੇ ਹੀ ਗੁਰੂ ਨਾਨਕ ਪਾਤਿਸ਼ਾਹ ਨੇ ਉਨ੍ਹਾਂ ਦੇ ਕਰਮਾਂ ਨੂੰ ਵੰਗਾਰਿਆ ਸੀ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥

ਸਤਿਗੁਰੂ ਨੇ ਸਿੱਖੀ ਪੁਜਾਰੀ-ਮੁਕਤ ਵਿਵਸਥਾ ਬਣਾਈ ਸੀ। ਅੱਜ ਗੁਰੂ ਨਾਨਕ ਪਾਤਿਸ਼ਾਹ ਦੀ ਸਾਜੀ ਆਪਣੀ ਸਿੱਖ ਕੌਮ ਅੰਦਰ ਹੀ ਇਹ ਗਲਤ ਵਿਵਸਥਾ ਜਥੇਦਾਰ ਸਾਹਿਬ ਜਾਂ ਸਿੰਘ ਸਾਹਿਬ ਦੇ ਨਾਂ ਹੇਠ ਸਥਾਪਤ ਹੋ ਗਈ ਹੈ, ਹਾਲਾਂਕਿ ਸਿਰਫ ਨਾਂ ਹੀ ਬਦਲਿਆ ਹੈ, ਕਰਮ ਕੋਈ ਨਹੀਂ ਬਦਲਿਆ। ਵਧੇਰੇ ਦੁੱਖ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਅਖਵਾਉਣ ਵਾਲੇ ਹੀ, ਇਸ ਪੁਜਾਰੀ ਵਿਵਸਥਾ ਖਿਲਾਫ ਅਵਾਜ਼ ਉਠਾਉਣ ਦੀ ਜੁਰਅਤ ਨਹੀਂ ਰਖਦੇ, ਇਸ ਤੋਂ ਵਧ ਗਿਰਾਵਟ ਹੋਰ ਕੀ ਹੋ ਸਕਦੀ ਹੈ? ਇਨ੍ਹਾਂ ਪੰਥਕ ਜਥੇਬੰਦੀਆਂ ਦੇ ਕਈ ਆਗੂਆਂ ਨਾਲ ਮੇਰੀ ਨਿਜੀ ਤੌਰ ਤੇ ਕਈ ਵਾਰੀ ਗੱਲਬਾਤ ਹੋਈ ਹੈ। ਉਹ ਇਹ ਮੰਨਦੇ ਹਨ ਕਿ ਜੇ ਐਸਾ ਕੋਈ ਜਥੇਦਾਰ ਦਾ ਜਾਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦਾ ਕੋਈ ਅਹੁਦਾ ਸਥਾਪਤ ਕਰਨਾ ਹੈ ਤਾਂ ਇਹ ਅਧਿਕਾਰ ਕੇਵਲ ਸਰਬੱਤ ਖਾਲਸਾ ਕੋਲ ਹੀ ਹੋ ਸਕਦਾ ਹੈ। ਉਸ ਦੇ ਬਾਵਜੂਦ ਇਕ ਵਿਅਕਤੀ ਵਲੋਂ ਥਾਪੇ ਵਿਅਕਤੀ ਅੱਗੇ ਝੁਕੀ ਜਾ ਰਹੇ ਹਨ। ਕੋਈ ਪੁੱਛੇ ਜਿਸ ਗਲਤ ਵਿਵਸਥਾ ਨੂੰ ਨਕਾਰ ਕੇ ਸਹੀ ਵਿਵਸਥਾ ਦੀ ਮੁੜ ਸਥਾਪਤੀ ਵਾਸਤੇ ਤੁਸੀਂ ਕੋਈ ਕੋਸ਼ਿਸ਼ ਹੀ ਨਹੀਂ ਸ਼ੁਰੂ ਕੀਤੀ, ਉਹ ਸਥਾਪਤ ਕਿਵੇਂ ਹੋ ਜਾਵੇਗੀ?

ਮੈਂ ਇਸ ਨੂੰ ਗਲਤ ਵਿਵਸਥਾ ਇਸ ਵਾਸਤੇ ਆਖ ਰਿਹਾ ਹਾਂ, ਕਿਉਂਕਿ ਇਹ ਨਾਂ ਸਿਧਾਂਤਕ ਤੌਰ ਤੇ ਸਿੱਖ ਕੌਮ ਵਿੱਚ ਪ੍ਰਵਾਨਤ ਹੈ, ਅਤੇ ਨਾ ਇਹ ਅਹੁਦਾ ਇਤਿਹਾਸਕ ਹੈ। ਕਿਉਂਕਿ ਮੈਂ ਪਹਿਲਾਂ ਇਸ ਵਿਸ਼ੇ ਤੇ ਕਾਫੀ ਵਿਸਤਾਰ ਵਿੱਚ ਲਿਖ ਚੁੱਕਾ ਹਾਂ ਇਸ ਵਾਸਤੇ ਦੁਬਾਰਾ ਦੁਹਰਾ ਕੇ ਸੂਝਵਾਨ ਪਾਠਕਾਂ ਦਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਪਰ ਇਕ ਇਤਿਹਾਸਕ ਪ੍ਰਪੇਖ ਨੂੰ ਦੁਹਰਾਉਣ ਦੀ ਆਗਿਆ ਜ਼ਰੂਰ ਮੰਗਦਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਆਪਣੀ ਛਾਪੀ ਲਿਸਟ ਵੀ ਸੰਨ 1920 ਤੋਂ ਸ਼ੁਰੂ ਹੁੰਦੀ ਹੈ। ਇਹ ਸ਼ੁਰੂਆਤ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਨਾਂ ਨਾਲ ਕੀਤੀ ਗਈ ਹੈ, ਹਾਲਾਂਕਿ ਉਹ ਇਸ ਸ਼੍ਰੇਣੀ ਵਿੱਚ ਬਿਲਕੁਲ ਨਹੀਂ ਆਉਂਦੇ, ਉਹ ਤਾਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਬਣਾਏ ਜਥੇ ਦੇ ਜਥੇਦਾਰ ਸਨ। ਪਰ ਇਸ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਹ ਅਹੁਦਾ 1920 ਤੋਂ ਬਾਅਦ ਹੀ ਹੋਂਦ ਵਿੱਚ ਆਇਆ।

ਇਸੇ ਭੁਲੇਖੇ ਵਿੱਚ ਹੀ ਅਕਸਰ ਇਹ ਆਖਿਆ ਜਾਂਦਾ ਹੈ ਕਿ ਜਥੇਦਾਰ ਅਕਾਲੀ ਫੂਲਾ ਸਿੰਘ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਹਾਲਾਂਕਿ ਸਚਾਈ ਇਹ ਹੈ ਕਿ ਅਕਾਲੀ ਫੂਲਾ ਸਿੰਘ ਜੀ ਬੁੱਢਾ ਦੱਲ ਦੇ ਜਥੇਦਾਰ ਸਨ ਅਤੇ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਬੁੱਢਾ ਦੱਲ ਕੋਲ ਸੀ। ਜਿਥੋਂ ਤਕ ਉਸ ਕਹਾਣੀ ਦਾ ਸੁਆਲ ਹੈ, ਜੋ ਬੜੇ ਮਾਣ ਨਾਲ ਸੁਣਾਈ ਜਾਂਦੀ ਹੈ, ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜਾ ਸੁਣਾਈ, ਅਤੇ ਮਹਾਰਾਜਾ ਰਣਜੀਤ ਸਿੰਘ ਪਿੱਠ ਨੰਗੀ ਕਰਕੇ ਖੜਾ ਹੋ ਗਿਆ, ਇਸ ਦੀ ਸਚਾਈ ਸਮਝਣ ਲਈ, ਇਤਨਾ ਜਾਣ ਲੈਣਾ ਹੀ ਕਾਫੀ ਹੈ ਕਿ ਮੋਰਾਂ ਨਾਂਅ ਦੀ ਮੁਸਲਮਾਨ ਵੇਸ਼ਵਾ, ਜਿਸ ਨਾਲ ਸੰਬਧ ਬਨਾਉਣ ਕਾਰਨ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਈ ਦਸੀ ਜਾਂਦੀ ਹੈ, ਆਖਿਰ ਤੱਕ ਮਹਾਰਾਜਾ ਰਣਜੀਤ ਸਿੰਘ ਨਾਲ ਰਹੀ, ਅਤੇ ਉਸ ਦੀ ਮੌਤ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਹੋਈ। ਉਸ ਦੀ ਮਸਜਿਦ ਲਾਹੌਰ ਦੇ ਕਿਲੇ ਵਿੱਚ ਬਣੀ ਹੋਈ, ਦਾਸ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹੈ। ਇਥੋਂ ਤੱਕ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਨਾਂਅ ਤੇ ਸਿੱਕਾ ਵੀ ਜਾਰੀ ਕੀਤਾ।

ਫਿਰ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ 1708 ਈ: ਵਿੱਚ ਅਕਾਲ ਪਾਇਆਣਾ ਕਰ ਗਏ ਸਨ, ਇਹ ਲਿਸਟ 1920 ਤੋਂ ਸ਼ੁਰੂ ਹੁੰਦੀ ਹੈ। ਕੀ ਦੋ ਸੌ ਸਾਲ ਤੋਂ ਵਧੇਰੇ ਸਮੇਂ ਵਿੱਚ ਕੇਵਲ ਇਕ ਹੀ ਜਥੇਦਾਰ ਰਿਹਾ? ਜੇ ਇਹ ਅਹੁਦਾ ਹੁੰਦਾ, ਤਾਂ ਭਾਵੇਂ ਚੰਗੇ ਜਾਂ ਮਾੜੇ, ਕੋਈ ਹੋਰ ਨਾਂ ਵੀ ਇਤਿਹਾਸ ਨੇ ਸੰਭਾਲੇ ਹੁੰਦੇ। 1920 ਤੋਂ ਲੈਕੇ 2012, ਜੋ ਕਿ ਸੌ ਸਾਲ ਤੋਂ ਵੀ ਘੱਟ ਸਮਾਂ ਬਣਦਾ ਹੈ ਵਿੱਚ ਤਾਂ 20 ਜਥੇਦਾਰ ਬਣ ਗਏ ਹਨ।

ਜੋ ਲੋਕ ਇਹ ਕਹਿੰਦੇ ਹਨ ਕਿ ਜੇ ਜਥੇਦਾਰ ਦਾ ਅਹੁਦਾ ਨਾ ਰਿਹਾ ਤਾਂ ਕੌਮ ਦੇ ਕੰਮ ਕਿਵੇਂ ਚਲਣਗੇ, ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ 1920 ਤੋਂ ਪਹਿਲਾਂ ਕੌਮ ਦੇ ਕੰਮ ਕਿਵੇਂ ਚਲਦੇ ਸਨ? ਜੇ ਇਤਹਾਸ ਵਿੱਚ ਝਾਤੀ ਮਾਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਹੁਣ ਨਾਲੋਂ ਚੰਗੇ ਹੀ ਚਲਦੇ ਸਨ। ਵਧੇਰੇ ਨਿਘਾਰ ਤਾਂ ਇਸ ਤੋਂ ਬਾਅਦ ਹੀ ਆਇਆ ਹੈ।

ਕੁਝ ਲੋਕ ਜਥੇਦਾਰ ਦੇ ਅਹੁਦੇ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਾ ਕੇ ਕੌਮ ਲਈ ਲਾਹੇਵੰਦ ਬਨਾਉਣ ਲਈ ਇਸ ਦਾ ਵਿਧੀ ਵਿਧਾਨ ਬਨਾਉਣ ਦੀਆਂ ਗੱਲਾਂ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਇਹੋ ਜਿਹਾ ਵਿਧੀ ਵਿਧਾਨ ਬਣਾਇਆ ਜਾਵੇ, ਜਿਸ ਨਾਲ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਨਾ ਰਹੇ ਅਤੇ ਪੂਰੀਆਂ ਤਾਕਤਾਂ ਨਾਲ ਲੈਸ ਆਤਮ-ਸਮਰੱਥ ਤਾਕਤ ਬਣ ਜਾਵੇ। ਪਹਿਲਾਂ ਤਾਂ ਇਹ ਵੀ ਮਜ਼ਾਕ ਵਾਲੀ ਗੱਲ ਹੈ ਕਿ ਸਾਡੇ ਸਭ ਤੋਂ ਉਚੇ ਅਹੁਦੇ ਦਾ ਅਜੇ ਤੱਕ ਕੋਈ ਵਿਧੀ ਵਿਧਾਨ ਹੀ ਨਹੀਂ। ਇਹ ਆਪਣੇ-ਆਪ ਵਿੱਚ ਇਕ ਵੱਡਾ ਪ੍ਰਮਾਣ ਹੈ ਕਿ ਇਹ ਅਹੁਦਾ ਸਿੱਖ ਕੌਮ ਦਾ ਪ੍ਰਵਾਣਤ ਨਹੀਂ ਹੈ। ਦੂਸਰਾ ਉਨ੍ਹਾਂ ਨੂੰ ਅੰਗਰੇਜ਼ੀ ਦੀ ਇਸ ਕਹਾਵਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ‘ਅਬਸੋਲੁਟੲ ਪੋਾੲਰ ਚੋਰਰੁਪਟਸ’ ਭਾਵ ਇਕ ਵਿਅਕਤੀ ਕੋਲ ਅਥਾਹ ਤਾਕਤ, ਉਸ ਨੂੰ ਬੇਇਮਾਨ ਬਣਾਉਂਦੀ ਹੈ। ਇਸੇ ਕਰਕੇ ਸਤਿਗੁਰੂ ਨੇ ਸਿੱਖੀ ਵਿੱਚ ਸਮੂਹਿਕ ਅਗਵਾਈ ਦਾ ਵਿਧਾਨ ਬਣਾਇਆ ਹੈ। ਅੱਜ ਜਿਹੜੇ ਵੱਡੇ ਫੈਸਲੇ ਅਖੌਤੀ ਜਥੇਦਾਰ ਵਲੋਂ ਕੀਤੇ ਜਾ ਰਹੇ ਹਨ, ਅਸਲ ਵਿੱਚ ਇਹ ਫੈਸਲੇ ਲੈਣ ਦਾ ਹੱਕ ਸਰਬਤ ਖਾਲਸਾ ਦਾ ਹੈ। ਜੇ ਜਥੇਦਾਰ ਦੀ ਗਲਤ ਵਿਵਸਥਾ ਨੂੰ ਸਥਾਪਤ ਕਰ ਕੇ ਇਹ ਹੱਕ ਕਿਸੇ ਇਕ ਵਿਅਕਤੀ ਜਾਂ ਪੱਕੇ ਤੌਰ ਤੇ ਕਿਸੇ ਪੰਜ ਵਿਅਕਤੀਆਂ ਲਈ ਰਾਖਵਾਂ ਰੱਖ ਦਿੱਤਾ ਤਾਂ ਕੌਮ ਦਾ ਕੁਝ ਸਵਾਰਨ ਦੀ ਥਾਂ ਸਗੋਂ ਇਸ ਨੂੰ ਹੋਰ ਮਾਨਸਿਕ ਗੁਲਾਮੀ ਦੀ ਬੇੜੀਆਂ ਵਿੱਚ ਜਕੜ ਦਿਆਂਗੇ, ਜੋ ਬਾਕੀ ਹੋਰ ਸਾਰੀਆਂ ਗੁਲਾਮੀਆਂ ਦੀ ਜੜ੍ਹ ਹੈ।

ਇਸ ਸਭ ਤੋਂ ਉਪਰ, ਜਦੋਂ ਤੁਸੀਂ ਆਪਣਾ ਵਿਧੀ-ਵਿਧਾਨ ਬਣਾ ਲਵੋਗੇ ਅਤੇ ਲਾਗੂ ਕਰਵਾ ਲਵੋਗੇ ਤਾਂ ਆਪਣੇ ਉਸ ਜਥੇਦਾਰ ਨੂੰ ਮਾਨਤਾ ਦੇ ਲੈਣਾ। ਹੁਣ ਇਕ ਗਲਤ ਵਿਵਸਥਾ ਦੁਆਰਾ ਸਥਾਪਤ ਜਥੇਦਾਰ ਨੂੰ ਮਾਨਤਾ ਦੇ ਕੇ ਕੌਮ ਦੀ ਬਰਬਾਦੀ ਕਿਉਂ ਕਰਵਾ ਰਹੇ ਹੌ?

ਇਸ ਵਾਸਤੇ ਲੋੜ ਕੁਝ ਸਮੇਂ ਵਾਸਤੇ ਇਕ ਜਥੇਦਾਰ ਦਾ ਬਾਈਕਾਟ ਕਰਨ ਦੀ ਨਹੀਂ, ਇਸ ਵਿਵਸਥਾ ਨੂੰ ਪੂਰਨ ਰੂਪ ਵਿੱਚ ਰੱਦ ਕਰਨ ਦੀ ਹੈ। ਇਸ ਨਾਲ ਜਿੱਥੇ ਕੌਮ ਦਾ ਕੁਝ ਸੁਆਰਨ ਦੀ ਆਸ ਕਰ ਸਕਦੇ ਹਾਂ, ਉਥੇ ਸੁਚੇਤ ਸੰਗਤਾਂ ਵਲੋਂ ਵੀ ਵਧੇਰੇ ਹੁੰਗਾਰਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ। ਜਿਸ ਨਾਲ ਇਕ ਮਜ਼ਬੂਤ ਲਹਿਰ ਖੜੀ ਹੋ ਸਕਦੀ ਹੈ।

ਇਕ ਗੱਲ ਦੀ ਮੈਂ ਖਿਮਾਂ ਮੰਗਦਾ ਹਾਂ ਕਿ ਮੈਂ ਇਨ੍ਹਾਂ ਨੂੰ, ‘ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ’ ਕਹਿ ਕੇ ਸੰਬੋਧਤ ਕੀਤਾ ਹੈ, ਪਰ ਇਸ ਦੇ ਵਾਸਤੇ ਕਸੂਰਵਾਰ ਮੈਂ ਨਹੀਂ, ਇਹ ਆਪ ਹਨ, ਕਿਉਂਕਿ ਇਹ ਆਪ ਹੀ ਬਾਦਲ ਨੂੰ ਪੂਰਨ ਪੰਥ ਮੰਨਦੇ ਹਨ, ਤਾਂ ਹੀ ਉਸ ਇਕਲੇ ਦੁਆਰਾ ਥਾਪੇ ਜਥੇਦਾਰ ਨੂੰ ਮਾਨਤਾ ਦੇਂਦੇ ਹਨ। ਹੁਣ ਪੰਥ ਤਾਂ ਇਕੋ ਹੋਣਾ ਹੈ, ਕਈ ਤਾਂ ਨਹੀਂ ਹੋ ਸਕਦੇ।

ਇਸ ਮੁੱਦੇ ਦਾ ਇਕ ਦੂਸਰਾ ਪੱਖ ਵੀ ਹੈ, ਜਿੱਥੋਂ ਇਸ ਮੁੱਦੇ ਦੀ ਉਪਜ ਹੋਈ ਹੈ – ‘ਡੇਰਾਵਾਦ’। ਜੇ ਅੱਜ ਚਰਚਾ ‘ਡੇਰਾ ਬਿਆਸ ਜਾਂ ਰਾਧਾ ਸੁਆਮੀਆਂ’ ਦੀ ਹੈ ਤਾਂ ਕੁਝ ਦਿਨ ਪਹਿਲੇ ‘ਸੱਚਾ-ਸੌਦਾ’ ਨਾਂ ਦਾ ਡੇਰਾ ਚਰਚਾ ਵਿੱਚ ਸੀ, ਉਸ ਤੋਂ ਪਹਿਲੇ ‘ਆਸ਼ੂਤੋਸ਼’ ਤੇ ਉਸ ਤੋਂ ਵੀ ਪਹਿਲੇ ‘ਨਿਰੰਕਾਰੀ’। ਇਨ੍ਹਾਂ ਡੇਰਿਆਂ ਦੀ ਚਰਚਾ ਇਸ ਕਰ ਕੇ ਹੋਈ ਜਾਂ ਹੋ ਰਹੀ ਹੈ ਕਿਉਂਕਿ ਇਨ੍ਹਾਂ ਦਾ ਕਿਸੇ ਨਾ ਕਿਸੇ ਕਾਰਨ ਸਿੱਖ ਕੌਮ ਨਾਲ ਸਿੱਧਾ ਟਕਰਾ ਹੋ ਗਿਆ। ਪਰ ਸਿੱਖ ਕੌਮ ਵਿੱਚ ਅੱਜ ਇਤਨੇ ਡੇਰੇ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਗਿਣਤੀ ਦਸਣੀ ਵੀ ਔਖੀ ਹੈ। ਪੰਜਾਬ ਵਿੱਚ ਅੱਜ ਹਰ ਪਿੰਡ, ਨਗਰ, ਸ਼ਹਿਰ ਨੂੰ ਇਨ੍ਹਾਂ ਡੇਰਿਆਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਸਿੱਖ ਕੌਮ ਦਾ ਉਤਨਾ ਹੀ ਨੁਕਸਾਨ ਕਰ ਰਹੇ ਹਨ, ਜਿਤਨਾ ਇਨ੍ਹਾਂ ‘ਰਾਧਾ ਸੁਆਮੀਆਂ’, ‘ਸੱਚਾ-ਸੌਦਾ’, ‘ਆਸ਼ੂਤੋਸ਼ੀਆਂ’ ਜਾਂ ‘ਨਿਰੰਕਾਰੀਆਂ’ ਦੇ ਡੇਰਿਆਂ ਨੇ ਕੀਤਾ ਹੈ। ਸੋ ਸਿੱਖ ਕੌਮ ਦਾ ਅਸਲੀ ਦੁਸ਼ਮਨ ਕੋਈ ਇਕ ਡੇਰਾ ਨਹੀਂ, ਬਲਕਿ ਡੇਰਾਵਾਦ ਹੈ। ਸਭ ਤੋਂ ਵੱਧ ਹੈਰਾਨਗੀ ਇਸ ਗੱਲ ਦੀ ਹੈ ਕਿ ਇਕ ਪਾਸੇ ਜਿਥੇ ਸਿੱਖ ਕੌਮ ਇਸ ਡੇਰਾਵਾਦ ਨਾਲ ਸੰਘਰਸ਼ ਕਰ ਰਹੀ ਹੈ, ਉਥੇ ਅਨ-ਗਿਣਤ ਡੇਰਿਆਂ ਨੂੰ ਆਪਣੀ ਗੋਦ ਵਿੱਚ ਪਾਲ ਰਹੀ ਹੈ।

ਅਸਲ ਵਿੱਚ ਇਹ ਡੇਰੇਦਾਰ ਬਹੁਤ ਚੁਸਤ ਹਨ, ਜਿਸ ਵੇਲੇ ਇਨ੍ਹਾਂ ਪਛਾਣੇ ਜਾ ਚੁੱਕੇ ਡੇਰਿਆਂ ਦੇ ਨਾਲ ਕੋਈ ਟਕਰਾ ਹੁੰਦਾ ਹੈ, ਇਹ ਅੱਗੇ ਹੋ ਕੇ ਇਸ ਦੀ ਅਗਵਾਈ ਕਰਨ ਲਈ ਪਹਿਲੀ ਕਤਾਰ ਵਿੱਚ ਆ ਖਲੋਂਦੇ ਹਨ, ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਪੰਥਕ ਡੇਰੇ ਹਾਂ। ਇਸ ਦਾ ਇਹ ਸਭ ਤੋਂ ਵੱਡਾ ਪ੍ਰਮਾਣ ਇਹ ਦੇਂਦੇ ਹਨ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਤੇ ਅਸੀਂ ਕਰਦੇ ਹਾਂ।

ਇਹ ਸਾਰੇ ਡੇਰੇ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ, ਜਦੋਂ ਉਨ੍ਹਾਂ ਦੀ ਮਾਨਤਾ ਬਣ ਗਈ ਅਤੇ, ਉਨ੍ਹਾਂ ਮਹਿਸੂਸ ਕੀਤਾ ਕਿ ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਰਹੀ, ਸਾਡੀ ਹੱਟੀ ਉਸ ਦੇ ਬਗੈਰ ਹੀ ਚੱਲ ਸਕਦੀ ਹੈ, ਉਨ੍ਹਾਂ ਪ੍ਰਕਾਸ਼ ਚੁੱਕ ਦਿੱਤਾ। ਅਸਲ ਵਿੱਚ ਇਨ੍ਹਾਂ ਸਾਰੇ ਡੇਰਿਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ, ਉਨ੍ਹਾਂ ਦੀ ਦੁਕਾਨਦਾਰੀ ਲੋੜ ਹੈ। ਸਗੋਂ ਇਹ ਸਤਿਗੁਰੂ ਦਾ ਪ੍ਰਕਾਸ਼ ਕਰ ਕੇ, ਆਪਣੇ ਪੰਥਕ ਹੋਣ ਦਾ ਭੁਲੇਖਾ ਪਾਕੇ, ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰਕੇ, ਸਿੱਖ ਕੌਮ ਨੂੰ ਕਿਤੇ ਜ਼ਿਆਦਾ ਸਿਧਾਂਤਕ ਖੋਰਾ ਲਾ ਰਹੇ ਹਨ ਅਤੇ ਕੌੰਮ ਦੀ ਪੂਰਨ ਬਰਬਾਦੀ ਦਾ ਸਮਾਨ ਤਿਆਰ ਕਰ ਰਹੇ ਹਨ।
ਇਹ ਡੇਰੇਦਾਰ ਆਪਣੇ ਆਪ ਨੂੰ ਸੰਤ ਕਹਾਉਂਦੇ ਹਨ। ਵੈਸੇ ਤਾਂ ਮਹੰਤ, ਮਹਾਂਪੁਰਖ, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ ਆਦਿ ਕਈ ਲਕਬ ਇਨ੍ਹਾਂ ਆਪਣੇ ਨਾਵਾਂ ਨਾਲ ਜੋੜੇ ਹੋਏ ਹਨ, ਪਰ ਅਸਲ ਅਧਾਰ ਸੰਤਗਿਰੀ ਹੈ। ਆਓ ਵੇਖੀਏ ਸਿੱਖ ਕੌਮ ਵਿੱਚ ਸੰਤ ਦੀ ਕੀ ਵਿਵਸਥਾ ਹੈ।

ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਵਿਚ ਜਿਥੇ ਵੀ ਸੰਤ ਸ਼ਬਦ ‘ਇਕ ਵਚਨ’ ਆਉਂਦਾ ਹੈ, ਇਹ ਜਾਂ ਅਕਾਲ-ਪੁਰਖ ਵਾਸਤੇ ਆਉਂਦਾ ਹੈ ਜਾਂ ਬਹੁਤੀ ਜਗ੍ਹਾ ਗੁਰੂ ਵਾਸਤੇ ਆਉਂਦਾ ਹੈ। ਹੇਠਾਂ ਇਸ ਦੇ ਕੁਝ ਪ੍ਰਮਾਣ ਅੰਕਤ ਹਨ:

ਅਕਾਲ-ਪੁਰਖ
ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥ ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥” {ਗਉੜੀ ਮਾਝ ਮਹਲਾ 4, ਪੰਨਾ 175}
ਭਾਵ: ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ। ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ।

ਆਨੰਦ ਕਰਿ ਸੰਤ ਹਰਿ ਜਪਿ ॥” {ਰਾਮਕਲੀ ਮਹਲਾ 5, ਪੰਨਾ 895}
ਭਾਵ: ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ।

ਗੁਰੂ:

ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥” {ਧਨਾਸਰੀ ਮਹਲਾ 4, ਪੰਨਾ 667}

ਭਾਵ: ਹੇ ਭਾਈ ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ। ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ।

ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥” {ਨਟ ਮਹਲਾ 4, ਪੰਨਾ 977}
ਭਾਵ: ਹੇ ਭਾਈ ! ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ ।

ਅਤੇ ਜਿਥੇ ਬਹੁ-ਵਚਨ ਆਉਂਦਾ ਹੈ ਸਤਿਸੰਗਤ ਵਾਸਤੇ ਆਉਂਦਾ ਹੈ। ਪ੍ਰਮਾਣ ਦੇ ਤੌਰ ਤੇ:

ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥ ਸੰਤ ਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥” {ਗਉੜੀ ਬਾਵਨ ਅਖਰੀ ਮਹਲਾ 5, ਪੰਨਾ 257}

ਭਾਵ: (ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ; ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ ! ਇਹੀ ਅੰਤ ਤੇਰੇ ਕੰਮ ਆਵੇਗਾ ।

ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥” {ਆਸਾ ਮਹਲਾ 5, ਪੰਨਾ 400}

ਭਾਵ: ਹੇ ਮੇਰੀ ਸੋਹਣੀ ਜਿੰਦੇ ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ ! ਇਹ ਕਰਤੱਬ ਸਿੱਖ, ਤੇ, ਹੇ ਜਿੰਦੇ ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ।

ਇਸ ਤਰ੍ਹਾਂ ਸਿਖ ਕੌਮ ਵਿੱਚ ਕਿਸੇ ਇਕ ਵਿਅਕਤੀ ਦੇ ਸੰਤ ਬਣਨ, ਹੋਣ ਜਾਂ ਕਹਾਉਣ ਦੀ ਕੋਈ ਵਿਵਸਥਾ ਨਹੀਂ। ਇਸ ਤਰ੍ਹਾਂ ਜਿਹੜਾ ਵੀ ਕੋਈ ਸੰਤ ਬਣਦਾ ਹੈ ਗੁਰਮਤਿ ਸਿਧਾਂਤਾਂ ਦੇ ਉਲਟ ਗੁਰੂ ਦਾ ਸ਼ਰੀਕ ਬਣਦਾ ਹੈ। ਪਰ ਕਿਉਂ ਕਿ ਇਨ੍ਹਾਂ ਦੀ ਕਿਰਪਾ ਦੁਆਰਾ ਸਿੱਖ ਕੌਮ ਵਿੱਚ ਗੁਰਬਾਣੀ ਨੂੰ ਵਿਚਾਰਨ ਸਮਝਣ ਦਾ ਰਿਵਾਜ਼ ਤਕਰੀਬਨ ਮੁੱਕ ਹੀ ਗਿਆ ਹੈ, ਸੋ ਅਗਿਆਨੀ ਸਿੱਖ ਵੀ ਇਨ੍ਹਾਂ ਨੂੰ ਮਾਨਤਾ ਦੇਈ ਜਾਂਦੇ ਹਨ, ਅਤੇ ਉਸੇ ਦਾ ਫਾਇਦਾ ਚੁੱਕ ਕੇ ਇਹ ਉਨ੍ਹਾਂ ਦਾ ਸਰਬਪੱਖੀ ਸੋਸ਼ਣ ਕਰੀ ਜਾ ਰਹੇ ਹਨ। ਪਰ ਸਿਧਾਂਤਕ ਤੌਰ ਤੇ ਸਪੱਸ਼ਟ ਹੈ ਕਿ ਜਿਹੜੇ ਵੀ ਸੰਤ ਬਣੇ ਬੈਠੇ ਹਨ, ਗੁਰੂ ਦੇ ਸ਼ਰੀਕ ਬਣੇ ਹੋਏ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਡੇਰਿਆਂ ਨੂੰ ਸਮੇਂ ਦੀ ਹਰ ਸਰਕਾਰ ਦੀ ਮਾਨਤਾ ਮਿਲਦੀ ਹੈ ਅਤੇ ਉਵੇਂ ਹੀ ਅੱਜ ਪੰਜਾਬ ਵਿੱਚ ਬਾਦਲ ਸਰਕਾਰ ਦੀ ਮਿਲ ਰਹੀ ਹੈ। ਇਸ ਦਾ ਮੂਲ ਕਾਰਨ ਇਕੋ ਹੈ ਕਿ ਸਿਆਸੀ ਆਗੂ ਵੋਟਾਂ ਵਾਸਤੇ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਹੋ ਜਾਂਦੇ ਹਨ। ਇਨ੍ਹਾਂ ਡੇਰੇਦਾਰਾਂ ਦੇ ਪ੍ਰੋਗਰਾਮਾਂ ਤੇ ਹੋਏ ਇਕੱਠਾਂ ਤੋਂ ਇਨ੍ਹਾਂ ਦੇ ਵੋਟਰਾਂ ਉਤੇ ਪ੍ਰਭਾਵ ਦਾ ਅੰਦਾਜ਼ਾ ਲਗਾ ਲਿਆ ਜਾਂਦਾ ਹੈ ਤੇ ਫਿਰ ਉਹ ਡੇਰੇਦਾਰ, ਉਨ੍ਹਾਂ ਸਿਆਸੀ ਆਗੂਆਂ ਵਾਸਤੇ ਸੰਤ ਮਹੰਤ, ਮਹਾਂਪੁਰਖ, ...ਬਸ ਰੱਬ ਹੀ ਬਣ ਜਾਂਦੇ ਹਨ। ਇਨ੍ਹਾਂ ਡੇਰੇਦਾਰਾਂ ਦੀ ਵੀ ਇਕ ਮਜ਼ਬੂਰੀ ਹੈ ਕਿ ਤਕਰੀਬਨ ਹਰ ਡੇਰੇ ਤੇ ਕੋਈ ਨਾ ਕੋਈ ਗੈਰ ਕਨੂੰਨੀ ਅਤੇ ਅਨੈਤਿਕ ਕਰਮ ਹੋ ਰਹੇ ਹਨ , ਜਿਸ ਕਰ ਕੇ ਇਨ੍ਹਾਂ ਨੂੰ ਹਰ ਵੇਲੇ ਕਿਸੇ ਕਾਨੂੰਨੀ ਕਾਰਵਾਈ ਦਾ ਡਰ ਬਣਿਆ ਰਹਿੰਦਾ ਹੈ, ਜਿਸ ਵਾਸਤੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆਂ ਦੀ ਲੋੜ ਹੁੰਦੀ ਹੈ। ਇਨ੍ਹਾਂ ਡੇਰਦਾਰਾਂ ਕੋਲ ਧਨ-ਦੌਲਤ ਦੀ ਤਾਂ ਕੋਈ ਕਮੀ ਹੀ ਨਹੀਂ, ਹਰ ਦਿਨ ਗਰੀਬ ਅੰਧ-ਵਿਸ਼ਵਾਸੀ ਸ਼ਰਧਾਲੂਆਂ ਦਾ ਰੱਜ ਕੇ ਲਹੂ ਨਿਚੋੜਦੇ ਹਨ, ਇਸ ਵਾਸਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਪਾਉਣ ਲਈ ਖੁਲ੍ਹ ਕੇ ਪੈਸਾ ਵੀ ਦੇਂਦੇ ਰਹਿੰਦੇ ਹਨ।(ਨਹੀਂ ! ਰਿਸ਼ਵਤ ਨਹੀਂ, ਇਲੈਕਸ਼ਨ ਫੰਡ)।

ਇਸ ਤਰ੍ਹਾਂ ਇਹ ਦੋਵੇਂ ਹੀ ਇਕ ਦੂਸਰੇ ਨੂੰ ਪੂਰੀ ਤਰ੍ਹਾਂ ਮਾਫਕ ਹਨ। ਡੇਰਿਆਂ ਨੂੰ ਸਰਕਾਰੀ ਸੁਰੱਖਿਆਂ ਮਿਲ ਜਾਂਦੀ ਹੈ ਅਤੇ ਸਿਆਸੀ ਆਗੂਆਂ ਨੂੰ ਵੋਟ ਅਤੇ ਨੋਟ। ਹੁਣ ਸਾਰਿਆਂ ਦਾ ਤਾਲਮੇਲ ਤਾਂ ਨਹੀਂ ਬੈਠਦਾ, ਇਕ ਤਾਂ ਇਨ੍ਹਾਂ ਡੇਰੇਦਾਰਾਂ ਦੇ ਆਪਣੇ ਵਿਰੋਧੀ ਧੜੇ ਹਨ। ਦੂਸਰਾ ਚੋਣ ਵੇਲੇ ਹਿਸਾਬ ਲਗਾਉਣ ਵਿੱਚ ਗਲਤੀ ਵੀ ਹੋ ਜਾਂਦੀ ਹੈ, ਆਸ ਕਿਸੇ ਹੋਰ ਦੀ ਸਰਕਾਰ ਬਣਨ ਦੀ ਹੁੰਦੀ ਹੈ ਅਤੇ ਬਣ ਕਿਸੇ ਹੋਰ ਦੀ ਜਾਂਦੀ ਹੈ, ਸੋ ਇਸ ਤਰ੍ਹਾਂ ਕਈ ਵਿਰੋਧੀ ਪੱਖੀ ਵੀ ਹੁੰਦੇ ਹਨ।

ਹੈਰਾਨਗੀ ਦੀ ਗੱਲ ਹੈ ਕਿ ਜਦੋਂ ਡੇਰਾਵਾਦ ਵਿਰੋਧੀ ਕੋਈ ਵਿਉਂਤ ਬਣਦੀ ਹੈ ਤਾਂ ਉਸ ਵਿੱਚ ਵੀ ਸਭ ਤੋਂ ਅੱਗੇ ਡੇਰਾਦਾਰ ਹੀ ਹੁੰਦੇ ਹਨ। ਬਿਲਕੁਲ ਇਹੀ ਹਾਲ ਇਨ੍ਹਾਂ ਪੰਥਕ ਜਥੇਬੰਦੀਆਂ ਦਾ ਹੈ, ਇਨ੍ਹਾਂ ਵਿੱਚ ਵੀ ਵਧੇਰੇ ਬੋਲਬਾਲਾ ਡੇਰੇਦਾਰਾਂ ਦਾ ਹੀ ਹੈ। ਆਪਣੀ ਕੌਮੀ ਸਰਗਰਮੀਂ ਸਮੇਂ ਦਾਸ ਨੇ ਕਈ ਵਾਰੀ ਇਸ ਗੱਲ ਤੇ ਇਤਰਾਜ਼ ਜਤਾਇਆ ਤਾਂ ਦੂਸਰੀਆਂ ਜਥੇਬੰਦੀਆਂ ਦੇ ਆਗੂਆਂ ਵਲੋਂ ਇਹ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਨਹੀਂ ਇਸ ਸਮੇਂ ਆਪਸ ਵਿੱਚ ਪਾੜ ਨਹੀਂ ਪਾਉਣਾ। ਭਾਵ ਪਹਿਲਾਂ ਇਕ ਡੇਰੇਦਾਰ ਖਿਲਾਫ ਲੜੋ ਤੇ ਨਾਲ ਅੱਗੋਂ ਵਾਸਤੇ ਦੱਸ ਹੋਰ ਤਿਆਰ ਕਰ ਲਓ। ਦੁਖੀ ਹੋ ਕੇ ਦਾਸ ਨੇ ਇਨ੍ਹਾਂ ਦਾ ਖਹਿੜਾ ਹੀ ਛੱਡ ਦਿੱਤਾ।

ਜਿਹੜੇ ਆਪਣੇ ਆਪ ਨੂੰ ਸੱਚਮੁੱਚ ਪੰਥ ਹਿਤੂ ਸਮਝਦੇ ਹਨ, ਕੌਮ ਪ੍ਰਤੀ ਕੁਝ ਇਮਾਨਦਾਰੀ ਅਤੇ ਦਰਦ ਰਖਦੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਫੌਰੀ ਤੌਰ ਤੇ ਆਪਣੇ ਨਾਂ ਨਾਲੋਂ ਇਹ ਸੰਤਵਾਦ ਦੇ ਲਕਬ ਉਤਾਰ ਕੇ ਗੁਰੂ ਦੇ ਸਿੱਖ ਬਣਨ। ਜੇ ਉਹ ਐਸਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਇਹ ਅਥਰੂ, ਮਗਰ ਮੱਛ ਦੇ ਅਥਰੂ ਅਤੇ ਵਿਖਾਵੇ ਦਾ ਪਖੰਡ ਹੀ ਸਮਝਿਆ ਜਾਵੇਗਾ। ਇਨ੍ਹਾਂ ਪੰਥਕ ਜਥੇਬੰਦੀਆਂ ਨੂੰ ਵੀ ਸਿਧਾਂਤਕ ਦ੍ਰਿੜਤਾ ਵਿਖਾਉਣ ਦੀ ਲੋੜ ਹੈ ਅਤੇ ਐਸੇ ਲੋਕਾਂ ਨਾਲੋਂ ਫੌਰੀ ਨਾਤਾ ਤੋੜ ਲੈਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top