Share on Facebook

Main News Page

ਬੀਬੀ ਹਰਸਿਮਰਤ ਬਾਦਲ ਨੇ ਬਲਦੇ ਸਿਵਿਆਂ ਤੇ ਲੋਕ ਸਭਾ ਵਿੱਚ ਸਿਆਸੀ ਰੋਟੀਆਂ ਸੇਕੀਆਂ
- ਹਰਲਾਜ ਸਿੰਘ ਬਹਾਦਰਪੁਰ

ਛੇ ਅਗਸਤ ਨੂੰ ਅਮਰੀਕਾ ਦੇ ਗੁਰੂ ਘਰ ਵਿੱਚ ਇੱਕ ਸਿਰ ਫਿਰੇ ਸਾਬਕਾ ਫੌਜੀ ਨੇ ਗੋਲੀਆਂ ਚਲਾ ਕੇ 6 ਸਿੱਖਾਂ ਨੂੰ ਮਾਰ ਦਿੱਤਾ ਅਤੇ ਬਹੁਤ ਸਾਰਿਆਂ ਨੂੰ ਜਖਮੀ ਕਰ ਦਿੱਤਾ ਸੀ। ਅਮਰੀਕਾ ਦੀ ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਨੂੰ ਤੁਰੰਤ ਗੋਲੀ ਨਾਲ ਉਡਾ ਦਿੱਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਘਟਨਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਗੁਰੂ ਘਰ ਦੇ ਪ੍ਰਧਾਨ ਨਾਲ ਫੋਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਾਲ ਸਿੱਖਾਂ ਦੇ ਯੋਗਦਾਨ ਦੀ ਪ੍ਰਸ਼ੰਸ਼ਾਂ ਵੀ ਕੀਤੀ ਅਤੇ ਆਪਣੇ ਦੇਸ਼ ਦੇ ਝੰਡੇ ਨੂੰ ਵੀ 7 ਤੋਂ 10 ਅਗਸਤ ਤੱਕ ਅੱਧਾ ਝੁਕਾ ਦਿੱਤਾ। ਇੱਕ ਦੇਸ਼ ਵੱਲੋਂ ਆਪਣੇ ਨਾਗਰਿਕਾਂ ਪ੍ਰਤੀ ਹਮਦਰਦੀ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ। ਜੋ ਹੋਇਆ ਉਹ ਬਹੁਤ ਮਾੜਾ ਹੋਇਆ। ਪਰ ਮਾੜਾ ਹੋਣ ਤੋਂ ਬਾਅਦ ਜੋ ਕੁੱਝ ਹੋਣਾ ਚਾਹੀਦਾ ਸੀ ਉਹ ਬਹੁਤ ਚੰਗਾ ਹੋਇਆ। ਇਹ ਕੁੱਝ ਅਮਰੀਕਾ ਨੇ ਕਿਸੇ ਦੇ ਦਬਾਅ ਹੇਠ ਜਾਂ ਕਹਿਣ ਤੇ ਨਹੀਂ ਸਗੋਂ ਆਪਣਾ ਫਰਜ਼ ਸਮਝ ਕੇ ਕੀਤਾ ਹੈ। ਹੋਣਾ ਵੀ ਇਹੋ ਚਾਹੀਦਾ ਸੀ।

ਪਰ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤਿਕ ਲੋਕ ਅਜਿਹੀਆਂ ਮਾੜੀਆਂ ਘਟਨਾਵਾਂ ਦੀ ਉਡੀਕ ਕਰ ਰਹੇ ਹੁੰਦੇ ਹਨ। ਇਸਦੀ ਪ੍ਰਤੱਖ ਉਡੀਕਵਾਨ ਸੀ ਬੀਬੀ ਹਰਸਿਮਰਤ ਕੌਰ ਬਾਦਲ। ਜਿਸਨੇ 9 ਅਗਸਤ ਨੂੰ ਲੋਕ ਸਭਾ ਵਿੱਚ ਅਮਰੀਕਾ ਵਿੱਚ ਬਲ ਰਹੇ ਸਿਵਿਆਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ। ਆਪਣੀ ਪਰਿਵਾਰਕ ਰਾਜਨੀਤੀ ਅਨੁਸਾਰ ਕਾਂਗਰਸੀ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਬੀਬੀ ਜੀ ਨੇ ਆਪਣਾ ਭਾਸ਼ਣ ਉੱਚੀ ਅਵਾਜ ਵਿੱਚ ਸ਼ੁਰੂ ਕਰ ਦਿੱਤਾ ਕਿ ਸਿੱਖਾਂ 'ਤੇ ਵਿਦੇਸ਼ਾਂ ਵਿੱਚ ਹੋ ਰਹੇ ਵੱਖ-ਵੱਖ ਤਰ੍ਹਾਂ ਦੇ ਹਮਲਿਆਂ ਅਤੇ 1984 ਦੇ ਕਤਲੇਆਮ ਆਦਿ ਘਟਨਾਵਾਂ ਨੂੰ ਕੇਂਦਰ ਸਰਕਾਰ ਨੇ ਕਦੇ ਗੰਭੀਰਤਾ ਨਾਲ ਨਹੀਂ ਲਿਆ।

ਬੀਬੀ ਜੀ ਦਾ ਭਾਸ਼ਣ ਸੁਣ ਕੇ ਬੜਾ ਦੁੱਖ ਹੋਇਆ ਕਿ ਮਾੜੀ ਘਟਨਾ ਦੀ ਨਿਖੇਧੀ ਕਰਨਾ ਤਾਂ ਹਰੇਕ ਦਾ ਫਰਜ਼ ਬਣਦਾ ਹੈ, ਪਰ ਬਲਦੇ ਸਿਵਿਆਂ 'ਤੇ ਰੋਟੀਆਂ ਸੇਕਣਾ ਬਹੁਤ ਮਾੜੀ ਗੱਲ ਹੈ। ਪਰ ਜਿਸਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਉਹ ਹਟਿਆ ਨਹੀਂ ਕਰਦਾ। ਕਿਉਂਕਿ ਬਾਦਲ ਪਰਿਵਾਰ ਤਾਂ ਬਲਦੇ ਸਿਵਿਆਂ ਤੇ ਪੱਕੀਆਂ ਰਾਜਨੀਤਿਕ ਰੋਟੀਆਂ ਨਾਲ ਹੀ ਇਸ ਮੰਜਿਲ 'ਤੇ ਪਹੁੰਚਿਆ ਹੋਇਆ ਹੈ। ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੈ ਹੀ । ਫਿਰ ਕਾਂਗਰਸ ਸਰਕਾਰ ਨੂੰ ਕਹਿਣਾ ਕਿ ਉਹ ਸਿੱਖਾਂ ਨੂੰ ਇਨਸਾਫ ਦਵਾਵੇ ਜਾਂ ਦੇਵੇ ਇਹ ਗੱਲ ਹੀ ਬੇਤੁਕੀ ਹੈ। ਅਮਰੀਕਾ ਵਾਲਿਆਂ ਨੇ ਇਸ ਘਟਨਾ 'ਤੇ ਜੋ ਕਾਰਵਾਈ ਕਰਨੀ ਬਣਦੀ ਉਹ ਪੰਜਾਬ ਜਾਂ ਕੇਂਦਰ ਸਰਕਾਰ ਦੇ ਬਿਨ੍ਹਾਂ ਕਹੇ ਹੀ ਕਰ ਦਿੱਤੀ। ਇਸ ਘਟਨਾ ਨੂੰ ਮੁੱਦਾ ਬਣਾ ਕੇ ਸਿਆਸੀ ਰੋਟੀਆਂ ਸੇਕਣਾ ਬਹੁਤ ਵੱਡਾ ਜ਼ੁਲਮ ਹੈ। ਪਰ ਦੁੱਖ ਦੀ ਗੱਲ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਪਰਿਵਾਰ ਤਾਂ ਇਸ ਜੁਰਮ ਦੀ ਖੱਟੀ ਹੀ ਖਾ ਰਿਹਾ ਹੈ। ਕਿਉਂਕਿ ਅਸਲ ਵਿੱਚ ਸਿੱਖ ਕੌਮ ਅਤੇ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਬਾਦਲ ਪਰਿਵਾਰ ਹੀ ਹੈ। ਪਰ ਇਹਨਾਂ ਨੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਇੰਨਾ ਰੌਲਾ ਪਾ ਦਿੱਤਾ ਕਿ ਆਮ ਬੰਦੇ ਦੇ ਗੱਲ ਸਮਝ ਵਿੱਚ ਹੀ ਨਹੀਂ ਆ ਸਕਦੀ ਕਿ ਬਾਦਲ ਪਰਿਵਾਰ ਵੀ ਸਿੱਖਾਂ ਦਾ ਦੁਸ਼ਮਣ ਹੈ। ਇਸੇ ਲਈ ਪੰਜਾਬ ਦੇ ਲੋਕ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਮੰਨ ਕੇ ਵੋਟ ਬਾਦਲ ਪਰਿਵਾਰ ਨੂੰ ਪਾ ਦਿੰਦੇ ਹਨ। ਕਾਂਗਰਸ ਨੇ ਜੂਨ 1984 ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਸਿੱਖ ਕੌਮ ਦਾ ਘਾਣ ਕੀਤਾ। ਫਿਰ ਨਵੰਬਰ 1984 ਵਿੱਚ ਦਿੱਲੀ ਅਤੇ ਕਈ ਹੋਰ ਥਾਵਾਂ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਕਾਂਗਰਸ ਨੂੰ ਇਸਦੀ ਕੀਮਤ ਵੀ ਦੇਣੀ ਪਈ ਹੈ। ਅੱਜ ਤੱਕ ਸਿੱਖਾਂ ਅੰਦਰ ਜਿੱਥੇ ਕਾਂਗਰਸ ਪ੍ਰਤੀ ਨਫਰਤ ਭਰੀ ਹੋਈ ਹੈ, ਉੱਥੇ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਆਦਿ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਪਰ ਬਾਦਲ ਪਰਿਵਾਰ ਜੋ ਸਿੱਖਾਂ ਲਈ ਕਾਂਗਰਸ ਤੋਂ ਵੀ ਵੱਡਾ ਦੁਸ਼ਮਣ ਹੈ ਨੇ ਸਿੱਖਾਂ 'ਤੇ ਅਣਗਿਣਤ ਹਮਲੇ ਕੀਤੇ ਹਨ।

ਇਹਨਾਂ ਹਮਲਿਆਂ ਦੀ ਕੀਮਤ ਵਿੱਚ ਬਾਦਲ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਾਨ ਤੋਂ ਹੱਥ ਧੋਣ ਦੀ ਨੌਬਤ ਤਾਂ ਕੀ ਆਉਣੀ ਸੀ ਉਲਟਾ ਵਾਰ-ਵਾਰ ਮੁੱਖ ਮੰਤਰੀ ਦੀ ਕੁਰਸੀ ਮਿਲ ਰਹੀ ਹੈ। ਤਾਹੀਓਂ ਤਾਂ ਬੀਬੀ ਹਰਸਿਮਰਤ ਕੌਰ ਉੱਚੀ ਉੱਚੀ ਰੌਲਾ ਪਾ ਰਹੀ ਹੈ ਕਿ ਵੇਖਿਓ ਕਿਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਵੋਟ ਨਾ ਪਾ ਦਿਓ, ਅਸੀਂ (ਬਾਦਲ ਪਰਿਵਾਰ) ਹੀ ਤੁਹਾਡੇ ਹਮਦਰਦੀ ਹਾਂ ਜੋ ਤੁਹਾਡੇ ਨਾਲ ਹੁੰਦੀ ਬੇਇਨਸਾਫੀ ਦੇ ਵਿੱਰੁਧ ਬੋਲਦੇ ਹਾਂ। ਕਿੰਨਾ ਚੰਗਾ ਹੁੰਦਾ ਜੇਕਰ ਬੀਬੀ ਜੀ ਤੁਸੀਂ ਕਾਂਗਰਸ ਨੂੰ ਆਪਣਾ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਇਸ ਸਲੋਕ ਨੂੰ ਚੇਤੇ ਕਰਿਆ ਹੁੰਦਾ :- 'ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨਾ ਲੇਖੁ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖੁ ॥' (ਪੰਨਾ ਨੰ: 1378) ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸਲੋਕ ਦੇ ਅਰਥ ਕਰਦਿਆਂ ਲਿਖਿਆ ਹੈ ਕਿ :- ਹੇ ਫਰੀਦਾ, ਜੇ ਤੂੰ ਬਰੀਕ ਅਕਲ ਵਾਲਾ ਭਾਵ ਸਮਝਦਾਰ ਹੈਂ ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪੜਚੋਲ ਨਾ ਕਰ। ਆਪਣੀ ਬੁੱਕਲ ਵਿੱਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ)।

ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਅਤੇ ਆਪਣੇ ਆਪ ਨੂੰ ਸਿੱਖਾਂ ਦੀ ਹਮਦਰਦ ਕਹਾਉਣ ਵਾਲੀ ਅਤੇ ਸਿੱਖਾਂ ਨੂੰ ਇਨਸਾਫ ਦਵਾਉਣ ਦੀ ਵਕਾਲਤ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਜੀ ਮੈਂ ਆਪ ਜੀ ਨੂੰ ਕੁੱਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ ਕਿ ਬੀਬੀ ਜੀ ਮੈਂ ਬਹੁਤਾ ਕੁੱਝ ਤਾਂ ਜਾਣਦਾ ਨਹੀਂ ਪਰ ਜਿੰਨੀਆਂ ਕੁ ਬਾਦਲ ਪਰਿਵਾਰ ਵੱਲੋਂ ਸਿੱਖਾਂ ਨਾਲ ਕੀਤੀਆਂ ਬੇਇਨਸਾਫੀਆਂ ਦੀ ਅਖਬਾਰਾਂ, ਰਸਾਲਿਆਂ ਵਿੱਚੋਂ ਮੈਨੂੰ ਜਾਣਕਾਰੀ ਮਿਲੀ ਹੈ ਉਹ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕੀ ਇਸ ਬਾਰੇ ਵੀ ਕੁੱਝ ਬੋਲਣ ਦੀ ਕੋਸ਼ਿਸ਼ ਕਰੋਗੇ? ਨਹੀਂ, ਬੀਬੀ ਜੀ ਤੁਸੀਂ ਤਾਂ ਕੀ ਬੋਲਣਾ ਹੈ ਪਰ ਹੋ ਸਕਦੈ ਕਿਸੇ ਨੂੰ ਇਹ ਪੜ੍ਹ ਕੇ ਤੁਹਾਡੀ ਵਫਾਦਾਰੀ ਦੀ ਸਮਝ ਆ ਜਾਵੇ। ਇਸ ਲਈ ਹੀ ਇਹ ਲਿਖਣ ਦੀ ਖੇਚਲ ਕੀਤੀ ਹੈ। ਬੀਬੀ ਜੀ ਪਹਿਲੀ ਵਾਰ ਬਾਦਲ ਸਾਹਿਬ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ। ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ। ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਜੂਨ 1984 ਦਾ ਅਕਾਲ ਤਖਤ ਸਾਹਿਬ 'ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ। ਬਾਦਲ ਦੇ ਮਿੱਤਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ ਗਾਂਧੀ 'ਤੇ ਦਬਾਅ ਪਾ ਕੇ ਅਕਾਲ ਤਖਤ ਸਾਹਿਬ ਉੱਪਰ ਹਮਲਾ ਕਰਵਾਇਆ।

ਅਕਾਲੀ ਦਲ ਅਕਾਲ ਤਖਤ ਸਾਹਿਬ 'ਤੇ ਛੇਤੀ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਦਾ ਰਿਹਾ ਹੈ। ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ। ਇਸੇ ਲਈ 1997 ਵਿੱਚ ਸਰਕਾਰ ਬਣਨ ਤੇ ਬਾਦਲ ਨੇ ਰਮੇਸ਼ਇੰਦਰ ਨੂੰ ਆਪਣਾ ਨਿੱਜੀ ਸਕੱਤਰ ਬਣਾਇਆ। ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖ਼ੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਦੀ ਵਿਧਾਨ ਸਭਾ ਦੀ ਟਿਕਟ ਦੇ ਕੇ ਨਿਵਾਜਿਆ ਤੇ ਚੀਫ ਪਾਰਲੀਮੈਂਟਰੀ ਸਕੱਤਰ ਦੇ ਚਿੱਟੇ ਹਾਥੀ ਵਾਲਾ ਅਹੁਦਾ ਬਖ਼ਸ਼ ਕੇ ਸਹੂਲਤਾਂ ਦੇ ਗੱਫ਼ੇ ਦਿੱਤੇ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕਰਵਾਇਆ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਹਰਿਆਣੇ ਦੇ ਸਵ: ਮੁੱਖ ਮੰਤਰੀ ਦੇਵੀ ਲਾਲ ਦਾ ਬੁੱਤ ਲੱਖਾਂ ਰੁਪਏ ਖਰਚਕੇ ਪੰਜਾਬ ਦੇ ਲੰਬੀ ਹਲਕੇ ਵਿੱਚ ਲਾਇਆ। ਆਰ.ਐਸ.ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ.ਐਸ.ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ।

ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ 'ਚ ਬਾਦਲ ਦਾ ਬਿਆਨ ਸੀ ਕਿ ਆਰ.ਐਸ.ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਜਥੇਦਾਰਾਂ ਉੱਪਰ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੇ ਸਬੰਧ ਵਿੱਚ ਬਾਦਲ ਦੇ ਗੁਲਾਮ ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਧਾਨ ਨੂੰ 22 ਫਰਵਰੀ 2003 ਨੂੰ ਮੰਗ ਪੱਤਰ ਦੇਣ ਗਏ ਖਾਲਸਾ ਪੰਚਾਇਤ ਦੇ ਆਗੂਆਂ ਨੂੰ ਸ਼੍ਰੋ:ਗੁ:ਪ੍ਰ:ਕਮੇਟੀ ਦੀ ਟਾਸਕ ਨੇ ਫੋਰਸ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਕੁੱਟਿਆ ਤੇ ਉਨ੍ਹਾਂ ਦੀਆਂ ਪੱਗਾਂ ਲਾਹੀਆਂ। ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੱਖ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਇਸ ਰੋਸ ਮਾਰਚ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਉਸ ਸਮੇਂ ਦੀ ਸ਼੍ਰੋਮਣੀ ਤੱਤ ਖਾਲਸਾ ਜਥੇਬੰਦੀ ਦੇ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅੱਜ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਸੀ ਅਤੇ ਡੇਰੇ ਬਣਾਉਣ ਲਈ ਉਸਨੂੰ ਜਮੀਨ ਵੀ ਲੈ ਕੇ ਦਿੱਤੀ ਸੀ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ 'ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ। ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਮਿੱਤ ਦਰਬਾਰ ਸਾਹਿਬ ਕੰਪਲੈਕਸ 'ਚ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ 'ਤੇ ਬੈਠਿਆ ਪਰ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ।

ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ.ਐਸ.ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ। ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਵੀ ਚਲਾਈਆਂ ਹੋਈਆਂ ਹਨ। ਸ਼੍ਰੋ:ਗੁ:ਪ੍ਰ:ਕਮੇਟੀ 'ਤੇ ਲੰਮੇ ਸਮੇਂ ਤੋਂ ਕਾਬਜ਼ ਚੱਲੇ ਆ ਰਹੇ ਬਾਦਲ ਨੇ ਜਿੱਥੇ ਗੁਰੂ ਘਰਾਂ ਦੀ ਵੱਡੀ ਪੱਧਰ 'ਤੇ ਆਰਥਿਕ ਲੁੱਟ ਕੀਤੀ ਹੈ, ਉੱਥੇ ਸਮਾਜਿਕ, ਧਾਰਮਿਕ ਅਤੇ ਮਾਨਸਿਕ ਤੌਰ 'ਤੇ ਸਿੱਖੀ ਜ਼ਜ਼ਬੇ ਨੂੰ 99ਪ੍ਰਤੀਸ਼ਤ ਖਤਮ ਕਰਕੇ ਰੱਖ ਦਿੱਤਾ ਹੈ। ਹੁਣ ਆਪਣੀ ਮੌਤ ਨੂੰ ਨੇੜੇ ਵੇਖਦਿਆਂ ਪੰਜਾਬ ਅਤੇ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਮੁੜ ਆਰ.ਐਸ.ਐਸ.(ਬੀ.ਜੇ.ਪੀ.) ਤੇ ਮਹੰਤਾਂ (ਸੰਤ ਸਮਾਜ) ਨੂੰ ਸੌਂਪ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲ੍ਹਣ ਦੀ ਮੰਨਜੂਰੀ ਦੇ ਕੇ ਪੰਜਾਬ ਨੂੰ ਸ਼ਰਾਬ ਅਤੇ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜ਼ਜ਼ਬਾ ਖਤਮ ਕੀਤਾ। ਪੰਜਾਬ ਹਰ ਪੱਖ ਤੋਂ ਖਤਮ ਹੋ ਰਿਹਾ ਹੈ, ਬਾਦਲ ਦੀ ਜਾਇਦਾਦ ਬੇਮਿਸਾਲ ਵੱਧ ਰਹੀ ਹੈ।

ਬਾਦਲ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਕੇ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ 'ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ। ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨઠਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ। ਬਾਹਰਲੇ ਦੇਸ਼ਾਂ ਵਿੱਚ ਪੱਗ ਦੀ ਹੁੰਦੀ ਤਲਾਸ਼ੀ ਦੇ ਵਿਰੋਧ ਵਿੱਚ ਤੁਸੀਂ ਬਹੁਤ ਰੌਲਾ ਪਾਉਂਦੇ ਹੋ ਅਤੇ ਆਪ ਪੰਜਾਬ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੀਆਂ ਜਿੱਥੇ ਤੁਸੀਂ ਪੁਲਿਸ ਤੋਂ ਡਾਂਗਾਂ ਨਾਲ ਪੱਗਾਂ ਅਤੇ ਚੁੰਨੀਆਂ ਲਹਾਉਂਦੇ ਹੋ ਉੱਥੇ ਤੁਹਾਡੇ ਅਖੌਤੀ ਅਕਾਲੀ ਆਗੂ ਹੱਕ ਮੰਗਦੇ ਲੋਕਾਂ ਦੀ ਖੁਦ ਵੀ ਕੁੱਟ ਮਾਰ ਕਰਦੇ ਹਨ। ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਗੰਦੀ ਕਿਤਾਬ ਦੇ ਤ੍ਰਿਆ ਚਰਿਤ੍ਰਾਂ ਬਾਰੇ ਸੱਚ ਬੋਲਣ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਬਾਦਲ ਨੇ ਅਖੌਤੀ ਪੰਥ ਵਿੱਚੋਂ ਛਿਕਵਾਇਆ। ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਨੂੰ ਪ੍ਰਕਾਸ਼ ਕਰਨ ਵਾਲੇ ਪੁਜਾਰੀਆਂ ਅਤੇ ਡੇਰੇਦਾਰਾਂ ਨੂੰ ਬਾਦਲ ਸਤਿਕਾਰ ਦਿੰਦਾ ਹੈ।

ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਦੀਆਂ ਘਟਨਾਵਾਂ ਨੂੰ ਇਸ ਲੇਖ ਵਿੱਚ ਇਸ ਲਈ ਦਰਜ਼ ਕੀਤਾ ਹੈ ਕਿਉਂਕਿ ਇਹਨਾਂ ਸੰਸਥਾਵਾਂ 'ਤੇ ਵੀ ਬਾਦਲ ਸਾਹਿਬ ਦਾ ਹੀ ਕਬਜ਼ਾ ਹੈ। ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਅਕਾਲ ਤਖਤ ਦਾ ਜਥੇਦਾਰ ਬਾਦਲ ਸਾਹਿਬ ਦੇ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਹੈ। ਇਹਨਾਂ ਸੰਸਥਾਵਾਂ ਵੱਲੋਂ ਸਿਰਫ ਬਾਦਲ ਸਾਹਿਬ ਦੇ ਹੁਕਮਾਂ ਦੀ ਹੀ ਪਾਲਣਾ ਕੀਤੀ ਜਾਂਦੀ ਹੈ। ਦੇਸ਼ ਵਿਦੇਸ਼ ਦੇ ਸਿੱਖ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਖਤਮ ਕਰਨ ਦੀ ਮੰਗ ਕਰ ਰਹੇ ਹਨ। ਬਾਦਲ ਦਵਿੰਦਰਪਾਲ ਸਿੰਘ ਨੂੰ ਖ਼ਤਰਨਾਕ ਅਪਰਾਧੀ ਦੱਸ ਕੇ ਸਖਤ ਸਜਾ ਦੇਣ ਦੀ ਮੰਗ ਕਰ ਰਿਹਾ ਹੈ। ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ। ਸਿੱਖਾਂ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਬਾਦਲ ਨੇ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ। ਘੱਟ ਗਿਣਤੀ ਮੁਸਲਮਾਨਾਂ ਦੇ ਖ਼ੂਨ ਦੀ ਹੋਲੀ ਖੇਡਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ। ਇਸੇ ਲਈ 16-9-2011 ਨੂੰ ਮੋਦੀ ਵੱਲੋਂ ਸਦਭਾਵਨਾ ਦੇ ਕੀਤੇ ਡਰਾਮੇ ਵਿੱਚ ਬਾਦਲ ਵਿਸ਼ੇਸ਼ ਤੌਰ 'ਤੇ ਜਾ ਕੇ ਸ਼ਾਮਿਲ ਹੋਇਆ।

ਇਹ ਉਹੀ ਮੋਦੀ ਹੈ ਜਿਸਨੂੰ ਅਮਰੀਕਾ ਦੀ ਸਰਕਾਰ ਆਪਣੇ ਦੇਸ਼ ਅੰਦਰ ਦਾਖਲ ਹੋਣ ਦੀ ਇਜਾਜਤ ਨਹੀਂ ਦਿੰਦੀ। ਬੀਬੀ ਜੀ ਤੇਰੇ ਸਹੁਰਾ ਬਾਦਲ ਸਾਹਿਬ ਵੱਲੋਂ ਪੰਜਾਬ ਵਿੱਚ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਸਿੱਖ ਭਾਈਚਾਰੇ ਉੱਪਰ ਹੋ ਰਹੇ ਪੁਲਿਸ ਤਸ਼ੱਦਦ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਪੁਲਿਸ ਅਫਸਰ ਸੁਮੇਧ ਸੈਣੀ ਵਰਗਿਆਂ ਨੂੰ ਬਚਾਉਣ ਦੇ ਦੋਸ਼ਾਂ ਤਹਿਤ ਅਮਰੀਕਾ ਦੀ ਇੱਕ ਅਦਾਲਤ ਨੇ ਸੰਮਨ ਜਾਰੀ ਕੀਤੇ ਹੋਏ ਹਨ। ਬਾਦਲ ਸਾਹਿਬ 'ਤੇ ਕੀ ਕਾਰਵਾਈ ਹੋਵੇਗੀ ਇਸਦਾ ਤਾਂ ਪਤਾ ਨਹੀਂ। ਪਰ ਮੁੱਕਦਮਾ ਦਰਜ ਕਰਵਾਉਣ ਵਾਲਿਆਂ ਦੇ ਘਰ ਪੰਜਾਬ ਪੁਲਿਸ ਨੇ ਗੇੜੇ ਮਾਰਨੇ ਸ਼ੁਰੂ ਵੀ ਕਰ ਦਿੱਤੇ ਹਨ ਤੇ ਉਮੀਦ ਹੈ ਇਹਨਾਂ ਨੂੰ ਸਜ਼ਾ ਜਰੂਰ ਮਿਲੇਗੀ। ਨਵੰਬਰ 1984 ਵਿੱਚ ਦਿੱਲੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਇਸ ਦਾ ਇੰਨਸਾਫ ਤਾਂ ਕਿਸੇ ਨੂੰ ਕੀ ਮਿਲਣਾ ਹੈ। ਪਰ ਹਰ ਸਾਲ ਇੱਕ ਨੰਵਬਰ ઠਨੂੰ ਉਨ੍ਹਾਂ ਜਖਮਾਂ ਦੀ ਯਾਦ ਤਾਂ ਸਤਾਉਂਦੀ ਹੀ ਹੈ। ਇਸ ਦਿਨ ਪੀੜਤ ਕੁਰਲਾ ਰਹੇ ਹੁੰਦੇ ਹਨ। ਬਾਦਲ ਨੇ ਕਬੱਡੀ ਕੱਪ ਦੇ ਨਾਮ ਉੱਤੇ ਜਸ਼ਨ ਮਨਾਉਣ ਲਈ ਨਵੰਬਰ ਮਹੀਨੇ ਨੂੰ ਹੀ ਚੁਣਿਆ, ਜਦੋਂ ਦਿੱਲੀ ਵਿੱਚ ਪੀੜਤ ਵਿਧਵਾਵਾਂ ਰੋ ਰਹੀਆਂ ਸਨ ਤਾਂ ਬਾਦਲ 1-11-2011 ਨੂੰ ਬਠਿੰਡੇ ਵਿੱਚ ਜਸ਼ਨ ਮਨਾਉਂਦਿਆਂ ਪਰਿਵਾਰ ਸਮੇਤ ਅੱਧ ਨੰਗੀਆਂ ਕੁੜੀਆਂ ਦਾ ਨਾਚ ਵੇਖ ਰਿਹਾ ਸੀ। ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰਕੂ ਯਾਤਰਾ ਦਾ 13-11-2011 ਪੰਜਾਬ ਵਿੱਚ ਪਹੁੰਚਣ ਤੇ ਬੀਬੀ ਹਰਸਿਮਰਤ ਕੌਰ ਬਾਦਲ ਜੀ ਤੁਸੀਂ ਵਿਤੋਂ ਬਾਹਰ ਹੋ ਕੇ ਸਵਾਗਤ ਕੀਤਾ ਸੀ। ਇਹ ਉਹੀ ਅਡਵਾਨੀ ਹੈ ਜਿਸਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਵਾਇਆ ਸੀ। ਇਹਨਾਂ ਹੀ ਭਾਜਪਾਈਆਂ ਨੇ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦੀ ਖੁਸ਼ੀ ਵਿੱਚ ਲੱਡੂ ਵੰਡੇ ਸਨ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ। 25 ਨਵੰਬਰ ਨੂੰ ਖ਼ਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਮੌਕੇ ਸਟੇਜ ਤੋਂ ਜਿਸ ਪਖੰਡੀ ਆਸਾ ਰਾਮ ਨੇ ਸਿੱਖਾਂ ਤੇ ਪੰਜਾਬ ਦਾ ਮਜਾਕ ਉਡਾਇਆ, ਉਸੇ ਪਖੰਡੀ ਨੂੰ ਬਾਦਲ ਨੇ ਵਾਰ-ਵਾਰ ਬਾਪੂ ਆਸਾ ਰਾਮ ਕਹਿ ਕੇ ਪੁਕਾਰਿਆ, ਕਿਉਂਕਿ ਬਾਦਲ ਆਸਾ ਰਾਮ ਦਾ ਹੀ ਪੁੱਤ ਹੈ। ਇਸੇ ਕਰਕੇ ਤਾਂ ਬਾਦਲ ਨੇ ਸਿੱਖ ਕੀਰਤਨੀਆਂ ਅਤੇ ਢਾਡੀਆਂ ਨੂੰ ਪਛਾੜ ਕੇ ਫਿਲਮੀ ਕਲਾਕਰਾਂ ਤੋਂ ਕੀਰਤਨ ਕਰਵਾਇਆ। ਖਾਲਸਾ ਵਿਰਾਸਤੀ ਕੰਪਲੈਕਸ ਵਿੱਚੋਂ ਸਿੱਖੀ ਦੇ ਨਿਸ਼ਾਨ ਖੰਡੇ ਨੂੰ ਹਟਾਇਆ ਅਤੇ ਇਸ ਵਿੱਚ ਗੂੱਗੇ ਦਾ ਚਿੱਤਰ ਸਥਾਪਿਤ ਕੀਤਾ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ 28 ਮਾਰਚ 2012 ਨੂੰ ਰੋਸ ਮਾਰਚ ਕਰ ਰਹੇ ਸਿੱਖਾਂ ਦਾ ਗੁਰਦਾਸਪੁਰ ਵਿੱਚ ਤੇਰੇ ਸਹੁਰਾ ਸਾਹਿਬ ਦੀ ਮਿੱਤਰ ਪਾਰਟੀ ਭਾਜਪਾ ਦੇ ਆਗੂਆਂ ਨੇ ਵਿਰੋਧਤਾ ਕਰਦਿਆਂ ਸਿੱਖਾਂ ਨਾਲ ਬਦਸਲੂਕੀ ਕੀਤੀ। ਇਸ ਬਦਸਲੂਕੀ ਦੇ ਵਿਰੋਧ ਵਿੱਚ 29 ਮਾਰਚ ਨੂੰ ਰੋਸ ਮਾਰਚ ਕਰ ਰਹੇ ਸਿੱਖਾਂ 'ਤੇ ਬਾਦਲ ਦੀ ਪੁਲਿਸ ਨੇ ਗੋਲੀ ਚਲਾ ਕੇ ਸਿੱਖ ਨੌਜਵਾਨ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ। ਹੁਣ 23 ਜੁਲਾਈ ਨੂੰ ਮਾਨਸਾ ਜਿਲ੍ਹੇ ਦੇ ਪਿੰਡ ਅਕਲੀਆ ਵਿਖੇ ਲੋਕਾਂ ਵੱਲੋਂ ਫੜੇ ਲੁਟੇਰੇ ਨੂੰ ਛੁੜਾਉਣ ਲਈ ਬਾਦਲ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ ਅਤੇ ਪੰਜ ਨੂੰ ਜਖਮੀ ਕਰ ਦਿੱਤਾ। ਬਿਆਸ ਦੇ ਰਾਧਾ-ਸੁਆਮੀ ਡੇਰੇ ਵੱਲੋਂ ਬਿਆਸ ਨੇੜਲੇ ਪਿੰਡ ਵੜੈਚ ਦੇ ਲੋਕਾਂ ਨੂੰ ਬਾਦਲ ਸਰਕਾਰ ਦੀ ਸ਼ਹਿ 'ਤੇ ਸ਼ਰੇਆਮ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਰਾਧਾ-ਸੁਆਮੀਆਂ ਨੇ ਬਾਦਲ ਸਰਕਾਰ ਦੀ ਸ਼ਹਿ 'ਤੇ ਹੀ ਪਿੰਡ ਵੜੈਚ ਦੇ ਗੁਰੂ ਘਰ ਨੂੰ ਵੀ ਢਾਹ ਦਿੱਤਾ ਹੈ। ਬਾਦਲ ਸਰਕਾਰ ਦੇ ਪ੍ਰਸ਼ਾਸ਼ਨ ਨੇ ਤਾਂ ਇਹਨਾਂ ਤੇ ਕੀ ਕਾਰਵਾਈ ਕਰਨੀ ਸੀ ਉਲਟਾ ਬਾਦਲ ਨੇ ਆਪਣੇ ਗੁਲਾਮ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਤੋਂ 28 ਜੁਲਾਈ 2012 ਨੂੰ ਇਹ ਬਿਆਨ ਦਵਾ ਦਿੱਤਾ ਕਿ ਰਾਧਾ-ਸੁਆਮੀਆਂ ਨੇ ਗੁਰੂਘਰ ਨਹੀਂ ਢਾਹਿਆ।

ਜੋ ਇਸ ਮਸਲੇ ਦੀ ਅਵਾਜ ਉਠਾ ਰਹੇ ਹਨ ਉਹ ਸ਼ਰਾਰਤੀ ਅਨਸਰ ਹਨ। ਕਿਉਂਕਿ ਰਾਧਾ-ਸੁਆਮੀ ਵੋਟਾਂ ਵਿੱਚ ਬਾਦਲ ਦੀ ਮੱਦਦ ਕਰਦੇ ਹਨ। ਇਸ ਲਈ 1997 ਵਿੱਚ ਜਦੋਂ ਬਾਦਲ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਰਾਧਾ-ਸੁਆਮੀ ਡੇਰੇ ਦੀਆਂ ਸੜਕਾਂ ਲਈ 30 ਕਰੋੜ ਰੁਪਏ ਮਨਜੂਰ ਕੀਤੇ ਸਨ ਤੇ ਫਿਰ ਮੋਹਾਲੀ ਨੇੜੇ ਇਸ ਡੇਰੇ ਨੂੰ 100 ਏਕੜ ਜਮੀਨ ਵੀ ਦੇ ਦਿੱਤੀ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਬੀਬੀ ਜੀ ਤੁਸੀਂ ਸਿੱਖ ਕੌਮ ਦਾ ਏਨਾ ਘਾਣ ਕਰਨ ਤੋਂ ਬਾਅਦ ਵੀ ਸਿੱਖਾਂ ਦੇ ਹਮਦਰਦ ਬਣੇ ਹੋਏ ਹੋ। ਕਿਉਂਕਿ ਅੱਜ ਦੇ ਸਮੇਂ ਸਿੱਖਾਂ ਦੀ ਹਾਲਤ ਉਸ ਜੇਬ ਕਟੇ ਮੁਸਾਫਰ ਵਰਗੀ ਹੈ ਜਿਸਦੀ ਇੱਕ ਬੱਸ ਅੱਡੇ ਵਿੱਚ ਜੇਬ ਕੱਟੀ ਜਾਂਦੀ ਹੈ। ਜਦੋਂ ਉਸ ਨੂੰ ਪਤਾ ਲੱਗਦਾ ਹੈ ਤਾਂ ਉਹ ਦੁੱਖ ਵਿੱਚ ਕਰਲਾਉਂਦਾ ਹੈ ਅਤੇ ਲੋਕਾਂ ਤੋਂ ਆਪਣੇ ਪਿੰਡ ਤੱਕ ਜਾਣ ਲਈ ਸਿਰਫ ਕਿਰਾਏ ਦੀ ਮੰਗ ਕਰਦਾ ਹੈ ਤਾਂ ਉਹੀ ਜੇਬ ਤਕਰਾ ਜਿਸਨੇ ਉਸਦੇ ਹਜ਼ਾਰਾਂ ਰੁਪਏ ਲੁੱਟੇ ਹੁੰਦੇ ਹਨ ਵੀਹ-ਪੰਜਾਹ ਰੁਪਏ ਉਸ ਮੁਸ਼ਾਫਿਰ ਨੂੰ ਦੇਕੇ ਆਪਣੇ ਆਪ ਨੂੰ ਦਾਨੀ ਸਾਬਿਤ ਕਰ ਦਿੰਦਾ ਹੈ ਤੇ ਮੁਸਾਫਿਰ ਵੀ ਉਸਨੂੰ ਲੁਟੇਰੇ ਦੀ ਥਾਂ ਦਾਨੀ ਹੀ ਸਮਝਦਾ ਹੈ। ਇਸੇ ਤਰ੍ਹਾਂ ਸਿੱਖ ਵੀ ਬਾਦਲ ਨੂੰ ਕਾਤਲ ਦੀ ਥਾਂ ਹਮਦਰਦ ਹੀ ਸਮਝ ਰਹੇ ਹਨ। ਬੀਬੀ ਜੀ ਮੇਰੀ ਸਮਝ ਅਨੁਸਾਰ ਤਾਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਲਈ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਬੇਅੰਤ ਸਿੰਘ ਆਦਿ ਨਾਲੋਂ ਵੀ ਮਾੜਾ ਹੈ। ਪਰ ਸਿੱਖ ਕੌਮ ਦੇ ਸੁੱਤੇ ਹੋਣ ਕਾਰਨ ਅੱਜ ਪੰਥ ਰਤਨ ਅਤੇ ਫ਼ਖ਼ਰ-ਏ-ਕੌਮ ਬਣਿਆ ਬੈਠਾ ਹੈ।

ਬੀਬੀ ਜੀ ਇਹ ਤਾਂ ਸਨ ਬਾਦਲ ਪਰਿਵਾਰ ਦੀਆਂ ਸਿੱਖਾਂ ਨਾਲ ਕੀਤੀਆਂ ਕੁੱਝ ਕੁ ਬੇਇਨਸਾਫੀਆਂ ਦੀਆਂ ਵੰਨਗੀਆਂ। ਹੋ ਸਕਦੈ ਬਾਦਲ ਪਰਿਵਾਰ ਨੇ ਗੁਪਤ ਰੂਪ ਵਿੱਚ ਸਿੱਖ ਕੌਮ ਦੀ ਕੋਈ ਮੱਦਦ ਕੀਤੀ ਹੋਵੇ। ਜਿਵੇਂਕਿ ਜੂਨ 1984 ਵਿੱਚ ਮਾਰੇ ਗਏ ਸਿੱਖਾਂ, ਧਰਮੀ ਫੌਜੀਆਂ, ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੀ ਕੋਈ ਮੱਦਦ ਕੀਤੀ ਹੋਵੇ ਜਾਂ ਜੇਲ੍ਹਾਂ ਵਿੱਚ ਬੈਠੇ ਸਿੱਖ ਨੌਜਵਾਨਾਂ ਨੂੰ ਰਿਹਾਅ ਕੀਤਾ ਹੋਵੇ ਜਾਂ ਸਿੱਖਾਂ ਦੇ ਤਸ਼ੱਦਦ ਕਰਨ ਵਾਲੇ ਅਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਵਾਈਆਂ ਹੋਣ। ਇਸ ਬਾਰੇ ਜਰੂਰ ਦੱਸਣਾ ਤਾਂ ਕਿ ਮੈਨੂੰ ਅਤੇ ਮੇਰੇ ਵਰਗੇ ਹੋਰ ਲੋਕਾਂ ਨੂੰ ਤੁਹਾਡੀ ਹਮਦਰਦੀ ਦਾ ਪਤਾ ਲੱਗ ਜਾਵੇ।

ਮੋ : 94170-23911 Email : harlajsingh70@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top