Share on Facebook

Main News Page

ਰਾਧਾ ਸੁਆਮੀ ਮਾਮਲਾ - ਪੰਥਕ ਜਥੇਬੰਦੀਆਂ ਵੱਲੋਂ ‘ਅਕਾਲ ਤਖ਼ਤ ਸੇਵਕ ਜਥਾ’ ਦੇ ਨਾਂ ਹੇਠ ਸੰਘਰਸ਼ ਲੜਨ ਦਾ ਐਲਾਨ

ਚੰਡੀਗੜ੍ਹ, 11 ਅਗਸਤ (ਗੁਰਪ੍ਰੀਤ ਮਹਿਕ) : ਡੇਰਾ ਰਾਧਾ ਸੁਆਮੀ ਵੱਲੋਂ ਪਿੰਡ ਵੜੈਚ ਦਾ ਗੁਰਦੁਆਰਾ ਢਾਹ ਕੇ ਕਬਜ਼ਾ ਕਰਨਾ, ਲੋਕਾਂ ਦੇ ਘਰ ਢਾਹ ਕੇ, ਬਿਜਲੀ ਸਪਲਾਈ ਰੋਕ ਕੇ ਅਤੇ ਜ਼ਮੀਨਾਂ ਦੁਆਲੇ ਡੂੰਘੇ ਖੱਡੇ ਪੁੱਟ ਕੇ ਲੋਕਾਂ ਦੀਆਂ ਰਿਹਾਇਸ਼ੀ ਅਤੇ ਖੇਤੀਯੋਗ ਜ਼ਮੀਨਾਂ ਨੂੰ ਜ਼ਬਰਦਸਤੀ ਹਥਿਆਉਣ ਅਤੇ ਡੇਰੇਦਾਰ ਦੀ ਇਸ ਗੁੰਡਾਗਰਦੀ ਨੂੰ ਜਥੇਦਾਰ ਵੱਲੋਂ ਕਲੀਨ ਚਿੱਟ ਦੇਣ ਦੇ 'ਤੇ ਭਾਈ ਜੀਵਨ ਸਿੰਘ ਦੇ ਨਾਂ ਹੇਠ ਬਣੇ ਗੁਰਦੁਆਰਾ ਸਾਹਿਬ ਨੂੰ ਬਚਾਉਣ ਸਬੰਧੀ ਵਿਚਾਰ ਕਰਨ ਲਈ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ ਗੁਰਦੁਆਰਾ ਬਾਬਾ ਅਕਾਲ ਬੁੰਗਾ ਕਰਤਾਰਪੁਰ ਵਿਖੇ ਹੋਈ।

ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਗਠਿਤ ਕੀਤੀ 18 ਮੈਂਬਰੀ ਕਮੇਟੀ ਵੱਲੋਂ ਰਾਧਾ ਸੁਆਮੀ ਡੇਰੇ ਦੀਆਂ ਵਧੀਕੀਆਂ ਰੋਕਣ ਲਈ ‘ਅਕਾਲ ਤਖ਼ਤ ਸਾਹਿਬ ਸੇਵਕ ਜਥਾ’ ਦੇ ਨਾਂ ਹੇਠ ਸਮੁੱਚਾ ਸੰਘਰਸ਼ ਲੜਿਆ ਜਾਵੇਗਾ।ਇਸ ਜਥੇ ਵੱਲੋਂ 16 ਅਗਸਤ ਨੂੰ ਸਮੁੱਚੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਅਤੇ ਦੇਸ਼-ਵਿਦੇਸ਼ ’ਚ ਵੀ ਉੱਚ ਅਧਿਕਾਰੀਆਂ ਨੂੰ ਰੋਸ ਵਜੋਂ ਯਾਦ ਪੱਤਰ ਦਿੱਤੇ ਜਾਣਗੇ। ਇਸ ਸਬੰਧੀ ਸਾਰੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।ਇਸ ਤੋਂ ਬਿਨਾਂ 2 ਸਤੰਬਰ ਨੂੰ ਕੀਤੇ ਜਾ ਰਹੇ ਪੰਥਕ ਇਕੱਠ ਨੂੰ ਕਾਮਯਾਬ ਕਰਨ ਲਈ ਵੀ ਵਿਚਾਰ ਕੀਤਾ ਗਿਆ।

ਪਿਛਲੇ ਦਿਨੀਂ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੇ ਗੋਲੀਕਾਂਡ ਦੇ ਮਾਮਲੇ ’ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਅਮਰੀਕਨ ਸਰਕਾਰ ਵੱਲੋਂ ਸੱਚੇ ਦਿਲੋਂ ਕੀਤੀ ਹਮਦਰਦੀ, ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਗੋਲੀਕਾਂਡ ’ਚ ਜ਼ਖਮੀ ਹੋਣ ਵਾਲੇ ਅਮਰੀਕਨ ਪੁਲਿਸ ਅਫ਼ਸਰ ਬ੍ਰਾਇਨ ਮਰਫ਼ੀ ਵੱਲੋਂ ਵਿਖਾਈ ਗਈ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਮਿ. ਮਰਫ਼ੀ ਦਾ ਸਨਮਾਨ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਇਸ ਮੀਟਿੰਗ ’ਚ ਭਾਈ ਧਿਆਨ ਸਿੰਘ ਮੰਡ, ਕੁਲਬੀਰ ਸਿੰਘ ਬੜਾ ਪਿੰਡ, ਭਾਈ, ਮੋਹਕਮ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਤਨਾਮ ਸਿੰਘ ਮਨਾਵਾਂ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਸੂਰਤ ਸਿੰਘ ਖ਼ਾਲਸਾ, ਬਲਵੀਰ ਸਿੰਘ ਮੁੱਛਲ, ਪਰਮਜੀਤ ਸਿੰਘ ਸਹੌਲੀ, ਭਾਈ ਅਮਰੀਕ ਸਿੰਘ, ਕੁਲਦੀਪ ਸਿੰਘ, ਭਾਗੋਵਾਲ,ઠ ਬਲਦੇਵ ਸਿੰਘ ਸਿਰਸਾ, ਅਮਰੀਕ ਸਿੰਘ ਈਸੜੂ, ਮਨਦੀਪ ਸਿੰਘ ਸੰਧੂ, ਦਲਵੀਰ ਸਿੰਘ, ਜਤਿੰਦਰ ਸਿੰਘ ਸਾਂਤ ਆਦਿ ਸ਼ਾਮਲ ਹੋਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top