Share on Facebook

Main News Page

ਬਚਾਓ ਸਿੱਖੀ ਵਿਚਾਰਧਾਰਾ ਨੂੰ, ਇਸ ਕਾਲਕਾ ਪੰਥ ਦੇ ਪ੍ਰਭਾਵ ਤੋਂ

ਸਲੋਕੁ ਮਃ 1 ॥
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥  ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥1॥ ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥ ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥1॥

ਅੰਧਕਾਰ ਸੰਸਾਰ ਨੂੰ ਸਾਰੀ ਸੁੰਦਰਤਾ ਖੁਸ਼ੀਆਂ ਖੇੜੇ ਤੋਂ ਵਾਂਝਾ ਕਰ ਦੇਂਦਾ ਹੈ, ਕੁਛ ਨਹੀਂ ਦਿਸਦਾ ਹਰ ਪਾਸੇ ਕੇਵਲ ਅੰਧੇਰਾ ਹੀ ਅੰਧੇਰਾ, ਇਸੇ ਲਈ ਲੋਕ ਅੰਧੇਰੇ ਤੋਂ ਨਫਰਤ ਕਰਦੇ ਨੇ ਅੰਧੇਰੇ ਨੂੰ ਦੇਖਣਾ ਨਹੀਂ ਚਾਹੁਂਦੇ, ਅੰਧੇਰਾ ਇਕ ਖੌਫ ਹੈ, ਅੰਧੇਰਾ ਡਰ ਨੂੰ ਜਨਮ ਦੇਂਦਾ ਹੈ, ਇਸੇ ਲਈ ਅੰਧੇਰੇ ਵਿਚ ਲੋਕ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਨੇ, ਅੱਖਾਂ ਬੰਦ ਕਰਕੇ ਸੌਂ ਜਾਂਦੇ ਨੇ।

ਪਰ ਇਕ ਗੱਲ ਹੋਰ ਸਮਝਣ ਵਾਲੀ ਹੈ, ਕਿ ਅੰਧੇਰੇ ਜਾਂ ਚਾਨਣ ਦਾ ਫਰਕ ਅਖਾਂ ਹੀ ਪਛਾਣਦੀਆਂ ਹਨ। ਕਈ ਵਾਰ ਅੰਧੇਰੇ ਵਿਚ ਹੋਰ ਕੁਛ ਨਹੀਂ ਦਿਸਦਾ, ਪਰ ਜ੍ਹੇੜੀਆਂ ਚੀਜ਼ਾਂ ਵਿਚ ਚਮਕ ਚਾਨਣ ਹੋਵੇ ਉਹ ਅੰਧੇਰੇ ਵਿਚ ਭੀ ਦਿਸਦੀਆਂ ਹਨ, ਜਿਵੇਂ ਰਾਤ ਦੇ ਅੰਧੇਰੇ ਵਿਚ ਅਕਾਸ਼ ਤੇ ਚਮਕਦੇ ਤਾਰੇ, ਬਾਗਾਂ ਵਿੱਚ ਉਡਦੇ ਜੁਗਨੂੰ {ਟਟੈਹਣੇ} ਭੀ ਦਿਸਦੇ ਅਤੇ ਬੜੇ ਸੋਹਣੇ ਲਗਦੇ ਹਨ, ਪਰ ਇਕ ਖਿਆਲ ਕਰਿਓ ਇਹ ਅੰਧੇਰੇ ਵਿਚ ਚਮਕਦੇ ਚਾਨਣ ਭੀ ਅੱਖਾਂ ਵਾਲਿਆਂ ਨੂੰ ਹੀ ਦਿਸਦੇ ਹਨ, ਪਰ ਜਿਹਨਾਂ ਦੀਆਂ ਅਪਣੀਆਂ ਅੱਖਾਂ ਅੰਧੇਰਾ ਹੋ ਚੁਕੀਆਂ ਹੋਣ, ਅੱਖਾਂ ਵਿਚ ਰੌਸ਼ਣੀ ਨਾ ਹੋਵੇ ਉਹਨਾਂ ਨੂੰ ਚਮਕਦੀਆਂ ਚੀਜ਼ਾਂ ਦੀ ਪਛਾਣ ਭੀ ਨਹੀਂ ਹੁੰਦੀ, ਬਲਕਿ ਉਹਨਾਂ ਨੂੰ ਦਿਨ ਦੇ ਚਾਨਣ ਅਤੇ ਚ੍ਹੜੇ ਸੂਰਜ ਦਾ ਭੀ ਪਤਾ ਨਹੀਂ ਲਗਦਾ, ਉਹਨਾਂ ਲਈ ਰਾਤ ਭੀ ਰਾਤ ਅਤੇ ਦਿਨ ਭੀ ਰਾਤ ਵਾਂਗੂੰ ਬਰਾਬਰ ਹੀ ਹੁੰਦਾ ਹੈ, ਉਹਨਾਂ ਲਈ ਰਾਤ ਤੇ ਦਿਨ ਇਕੋ ਜੇਹਾ ਹੁੰਦਾ ਹੈ, ਇਸੇ ਤਰਾਂ ਜਿਵੇਂ ਗਿਆਨ ਦੀਆਂ ਅੱਖਾਂ ਤੋਂ ਵਿਹੂਣੇ ਲੋਕ ਅਗਿਆਣਤਾ ਦੇ ਅੰਧੇਰੇ ਵਿਚ ਆਖ ਦੇਂਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਚਿੱਤਰ ਨਾਟਕ ਦਾ ਸਿਧਾਂਤ ਇਕੋ ਜੇਹਾ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਬਚਿਤਰ ਨਾਟਕ ਨੂੰ ਭੀ ਗੁਰੂ ਵਾਂਗੂ ਪੂਜਿਆ ਜਾ ਸਕਦਾ ਹੈ। ਹੁਣ ਇਸ ਦਿਨ ਰਾਤ ਦੇ ਫਰਕ ਨੂੰ ਤਾਂ ਅਖਾਂ ਵਾਲੇ ਹੀ ਜਾਨਣ ਨਹੀਂ ਤਾਂ ਏਹਨਾ ਵਿਚਾਰਿਆ ਕੋਲੋਂ ਹੁਣ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਮੂਲ ਮੰਤਰ ਭੀ ਨਹੀਂ ਪਛਾਣਿਆਂ ਗਿਆ। ਇਹਨਾ ਨੇ ਦੁਸਟ ਦਮਨ ਦੇ ਨਾਮ ਹੇਠ ਪਿਛਲੇ ਜਨਮ ਦਾ ਅਖੌਤੀ ਤਪ ਸਥਾਨ ਹੇਮ ਕੁਂਟ ਤਾਂ ਪਛਾਣ ਲਿਆ ਪਰ ਗੁਰੂ ਦਸਮ ਪਾਤਸ਼ਾਹ ਜੀ ਨੇ ਅਪਣੇ ਇਸ ਜਾਮੇ ਵਿਚ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਉਸ ਨੂੰ ਨਹੀਂ ਪਛਾਣ ਸੱਕੇ।

ਇਕ ਹੋਰ ਪਰੇਸ਼ਾਨੀ ਲੋਕਾਂ ਦੀ ਬੜੀ ਪੁਰਾਨੀ ਕਹਾਵਤ ਹੈ ਕਿ ਅੰਧੇ ਦਾ ਜੱਫਾ ਬੜਾ ਮਜਬੂਤ ਹੁੰਦਾ ਹੈ, ਜਾਣੇ ਅਨਜਾਣੇ ਜਿਸਨੂੰ ਫੜ ਲਏ ਉਸ ਨੂੰ ਛੱਡਦਾ ਨਹੀਂ, ਹੁਣ ਇਹਨਾ ਗਿਆਨ ਦੀਆਂ ਅਖਾਂ ਤੋਂ ਵਾਂਝੇ ਕੁਛ ਲੋਕਾਂ ਨੇ ਜ੍ਹੇੜਾ ਬਚਿਤਰ ਨਾਟਕ {ਅਖੌਤੀ ਦਸਮ ਗ੍ਰੰਥ} ਨੂੰ ਜੱਫਾ ਮਾਰਕੇ ਫੜਿਆ ਹੋਇਆ ਹੈ, ਇਹਨਾ ਨੂੰ ਜਿਤਨਾ ਮਰਜੀ ਸਮਝਾ ਕੇ ਪਿਆਰ ਨਾਲ ਅਵਾਜ਼ਾਂ ਦਿਓ, ਕਿ ਭਲਿਓ ਇਹ ਗ੍ਰੰਥ ਅਤੇ ਇਸਦੀ ਵੀਚਾਰਧਾਰਾ ਤੁਹਾਡੀ ਨਹੀਂ, ਇਸ ਬ੍ਰਾਹਮਨਵਾਦ ਦੇ ਪੁਲੰਦੇ ਨੂੰ ਛੱਡੋ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕੋ ਇਕ ਗੋਦੀ ਵਿਚ ਬੈਠੀਏ, ਪਰ ਇਹ ਵੀਰ ਅੰਧੇ ਦੇ ਜੱਫੇ ਵਾਂਗੂੰ ਅਪਣਾ ਜੱਫਾ ਛੱਡਣ ਲਈ ਤਿਆਰ ਨਹੀਂ। ਇਹਨਾ ਦੇ ਅਪਣੇ ਜੀਵਨ ਦਾ ਅਤੇ ਗੁਰੂ ਵਲੋਂ ਬਖਸ਼ੇ ਸਿੱਖੀ ਸਿਧਾਂਤ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਰਿਹਾ ਹੈ। ਭਲਿਓ, ਜਦੋਂ ਤੁਹਾਡੇ ਸਾਡੇ ਬੱਚੇ ਬਚਿਤਰ ਨਾਟਕ ਚ੍ਰਿਤਰੋਪਖਿਯਾਣ ਦੀਆਂ ਅਸ਼ਲੀਲ ਕਹਾਣੀਆਂ ਦੇ ਪਰਭਾਵ ਹੇਠ ਜੀਵਨ ਦਾ ਕੀਮਤੀ ਆਚਰਣ ਬਰਬਾਦ ਕਰ ਲੈਣਗੇ, ਫਿਰ ਪਛਤਾਣ ਨਾਲ ਸਮਾ ਹੱਥ ਨਹੀਂ ਆਉਣਾ।

ਕਿਸ਼ਤੀ ਹੋ ਤੁਫਾਂ ਮੇਂ ਤੋ ਕਾਮ ਆਤੀ ਹੈ ਤਦਬੀਰੇਂ। ਅਗਰ ਕਿਸ਼ਤੀ ਮੇ ਤੁਫਾਂ ਹੋ ਤੋ ਮਿਟ ਜਾਤੀ ਹੈ ਤਕਦੀਰੇਂ।

ਕੌਮੀ ਵਿਚਾਧਾਰਾ ਦੀ ਕਿਸ਼ਤੀ ਕਿਸੇ ਅਨਮੱਤ ਜਾਂ ਮਨਮਤ ਦੇ ਤੁਫਾਨ ਵਿਚ ਘਿਰ ਜਾਵੇ ਤਾਂ ਕਿਸੇ ਚੰਗੇ ਮਲਾਹ {ਆਗੂ} ਦੀ ਕੋਈ ਸਿਆਣਪ ਅਗਵਾਈ ਅਤੇ ਸਭ ਤੋਂ ਵੱਧ ਸ਼ਕਤੀ ਸ਼ਾਲੀ ਸਤਿਗੁਰੂ ਜੇ ਬਾਂਹ ਫੜ ਲਏ "ਅਗਨਿ ਸਾਗਰ ਬੂਡਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ" ਅਨੁਸਾਰ ਗੁਰਮਤਿ ਦੀ ਤਦਬੀਰ ਨਾਲ ਇਸ ਤੁਫਾਨ ਵਿਚੋਂ ਕੱਢ ਲੈਂਦਾ ਹੈ।

ਪਰ ਬਦਕਿਸਮਤੀ ਨਾਲ ਜੇ ਕੌਮੀ ਵਿਚਾਰਧਾਰਾ ਵਿਚ ਹੀ ਮਨਮਤ ਦਾ ਤੁਫਾਨ ਅਤੇ ਵਿਚਾਧਾਰਾ ਹੀ ਮਨਮਤ ਦਾ ਰੂਪ ਧਾਰਣ ਕਰ ਲਵੇ, ਤਾਂ ਕਿਸ਼ਤੀ ਡੁਬਣ ਦੇ ਅਸਾਰ ਸਾਹਮਣੇ ਦਿਸਣ ਲਗ ਪੈਂਦੇ ਹਨ। ਬੱਸ ਉਸ ਡੁਬਦੀ ਕਿਸ਼ਤੀ ਵਿਚੋਂ ਕੋਈ ਚੰਗਾ ਸਿਆਣਾ ਮਲਾਹ ਜਾਂ ਤਾਰੂਪਾਣ ਹੀ ਅਪਣਾ ਆਪ ਬਚਾ ਕੇ ਸੁਰਖਸ਼ਤ ਨਿਕਲ ਸਕਦਾ ਹੈ, ਅਤੇ ਐਸੇ ਭਿਆਣਕ ਸਮੇਂ ਇਤਨੀ ਆਸ ਰਖਨੀ ਅਤੇ ਇਸ ਮਨਮਤ ਦੇ ਤੁਫਾਨ ਵਿਚੋਂ ਅਪਣਾ ਆਪ, ਪ੍ਰਵਾਰ ਅਤੇ ਆਸਪਾਸ ਬਚਾ ਲੈਣਾ ਭੀ ਭਲਾ ਹੈ।

ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ।
ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ।
ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ ਸੋਇ ਗਏ ਰੀਤੋ ਘਰ ਦੇਖੈ ਉਠਿ ਪ੍ਰਾਤ ਹੈ।
ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ।

ਕਦੀ ਆਖਿਆ ਜਾਂਦਾ ਸੀ, ਸਿੱਖੀ ਦੀ ਵਿਚਾਰਧਾਰਕ ਬੇੜੀ ਨੂੰ ਬ੍ਰਾਹਮਨਇਜ਼ਮ ਦੇ ਤੁਫਾਨ ਨੇ ਘੇਰਿਆ ਹੋਇਆ ਹੈ ਕੌਮ ਨੂੰ ਜਗਾਓ ਅਤੇ ਇਸ ਤੁਫਾਨ ਤੋਂ ਬਚਾਓ।

ਪਰ ਅੱਜ ਦੇਖਣ ਵਿਚ ਆ ਰਿਹਾ ਹੈ ਕਿ ਬ੍ਰਾਹਮਨਵਾਦ ਦਾ ਉਹ ਤੁਫਾਨ ਸਿੱਖੀ ਦੀ ਵਿਚਾਰਧਾਰਕ ਬੇੜੀ ਵਿਚ ਇਤਨਾ ਪ੍ਰਵੇਸ਼ ਕਰ ਚੁਕਾ ਹੈ ਕਿ ਹੁਣ ਤਾਂ ਸਿੱਖੀ ਪ੍ਰਚਾਰ ਦਾ ਕੇਂਦਰ ਸਮਝੇ ਜਾਂਦੇ ਬਹੁਤਾਤ ਗੁਰਦੁਵਾਰੇ, ਪ੍ਰਚਾਰਕ, ਧਰਮਸਥਾਨ, ਡੇਰੇ, ਸਾਧ ਸੰਤ, ਧਾਰਮਿਕ ਆਗੂ ਬ੍ਰਾਹਮਣਵਾਦ ਦਾ ਰੂਪ ਧਾਰਨ ਕਰ ਚੁਕੇ ਹਨ, ਬਹੁਤਾਤ ਨੀਲੀਆਂ, ਪੀਲੀਆਂ ਗੋਲ ਪੱਗਾਂ ਵਾਲੇ ਬ੍ਰਾਹਮਣ ਊਪਰੋਂ ਗਾਤਰਿਆਂ ਵਾਲੇ ਨੀਲੇ ਚਿਟੇ ਚੋਲਿਆਂ ਵਾਲੇ, ਬ੍ਰਾਹਮਣ ਕੌਮ ਵਿੱਚ ਬ੍ਰਾਹਮਣ ਹੀ ਬ੍ਰਾਹਮਣ ਵਿਚਰ ਰਹੇ ਹਨ, ਮਾਨੋ ਹਰ ਪਾਸੇ ਡੇਰਾਵਾਦ, ਕਰਮਕਾਂਡੀ ਦੀਵਿਆਂ ਵਾਲੀਆਂ ਆਰਤੀਆਂ, ਜਗਰਾਤੇ, ਗੁਰਮਤਿ ਵਿਰੁਧ ਤੀਰਥਾਂ ਤੇ ਭਟਕਦੇ ਫਿਰ ਰਹੇ ਹਨ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥16॥ ਦੇ ਗੁਰੂ ਬਚਨਾਂ ਨੂੰ ਭੁਲਕੇ, ਭਿਆਨਕ ਰੂਪ ਵਾਲੀ ਦੇਵੀ ਦੁਰਗਾ ਅਤੇ ਮੌਤ ਰੂਪ ਮਾਹਕਾਲ ਦੀਆਂ ਉਪਾਸਨਾ ਕਰਨ ਕਰਕੇ, ਹੰਕਾਰ ਵਿਚ ਤਲਵਾਰਾਂ ਲਹਿਰਾ ਲਹਿਰਾ ਇਕ ਦੂਜੇ ਨੂੰ ਡਰਾਉਂਦੇ, ਕੌਮ ਵਿਚ ਈਰਖਾ ਕ੍ਰੋਧ ਨਫਰਤ ਦਾ ਬੀਜ ਬੀਜ ਰਹੇ ਹਨ, ਕੁੰਭ ਅਤੇ ਜੋਤਾਂ ਦੇ ਨਾਮ ਹੇਠ ਪਾਣੀ ਅਤੇ ਅੱਗ ਦੇ ਪੂਜਾਰੀ, ਜਿਵੇਂ ਭਗਵਾਨ ਦੇ ਨਾਮ ਹੇਠ ਬ੍ਰਾਹਮਣ ਪੱਥਰ ਦੇ ਬੁੱਤਾਂ ਨੂੰ ਭਗਵਾਨ ਮੰਨ ਕੇ ਪੂਜਾ ਕਰ ਰਿਹਾ ਸੀ, ਸਿੱਖ ਅਖਵਾਣ ਵਾਲਾ ਭੀ ਅਕਾਲ ਪੁਰਖ ਦੇ ਸਿਧਾਂਤ ਰੂਪ ਆਕਾਲ ਤਖਤ ਨੂੰ ਛੱਡ ਕੇ, ਅਕਾਲ ਦੇ ਨਾਮ ਹੇਠ ਪਥਰਾ ਚੁਕੀਆਂ ਆਤਮਾ ਵਾਲੇ ਲੋਕਾਂ ਦਾ ਪੂਜਾਰੀ ਬਣ ਚੁਕਾ ਹੈ, ਆਹ ਕੈਸਾ ਤੁਫਾਨ ਹਰ ਪਾਸੇ ਬ੍ਰਾਹਮਨਵਾਦ ਹੀ ਬ੍ਰਾਹਮਣਵਾਦ। ਓ ਤਾਰੂ ਪਾਣ ਲੋਕੋ, ਬਚਾਓ!!! ਬਚਾਓ!!! ਅਪਣੇ ਆਪ ਨੂੰ, ਆਪਣੇ ਪ੍ਰਵਾਰਾਂ ਨੂੰ ਆਪਣੇ ਆਸਪਾਸ ਨੂੰ, ਬਚਾਓ ਸਿੱਖੀ ਵਿਚਾਰਧਾਰਾ ਨੂੰ, ਇਸ ਕਾਲਕਾ ਪੰਥ ਦੇ ਪ੍ਰਭਾਵ ਤੋਂ, ਅਰਦਾਸ ਹੈ ਗੁਰੂ ਤੁਹਾਡੀ ਬਾਂਹ ਫੜੇ।

ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥1॥ ਰਹਾਉ ॥
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥2॥

ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਸੇਵਕ
ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top