Share on Facebook

Main News Page

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ, ਮਿਸ਼ਨਰੀ ਅਤੇ ਹੋਰ ਵਿਦੇਸ਼ੀ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਓਕ ਕਰੀਕ (ਵਿਨਕਾਂਸਨ) ਮਿਲਵਾਕੀ ਵਿਖੇ ਹੋਏ ਨਸਲੀ ਹਮਲੇ ਦੀ ਨਿੰਦਾ ਅਤੇ ਅਮਰੀਕਾ ਸਰਕਾਰ ਦੀ ਸ਼ਲਾਘਾ

(ਅਵਤਾਰ ਸਿੰਘ ਮਿਸ਼ਨਰੀ) ਅਗਸਤ 2012 ਦੇ ਬੀਤੇ ਹਫਤੇ ਗੁਰਦੁਆਰਾ ਸਾਹਿਬ ਓਕ ਕਰੀਕ (ਵਿਨਕਾਂਸਨ) ਮਿਲਵਾਕੀ ਵਿਖੇ ਨਸਲੀ ਜਨੂੰਨ ਦੇ ਸ਼ਿਕਾਰ ਨਾਜ਼ੀਵਾਦੀ ਗੋਰੇ (ਵਾਡੇ ਮਾਈਕਲ ਪੇਜ-40) ਨੇ ਐਤਵਾਰ ਵਾਲੇ ਦਿਨ ਸਵੇਰ ਦੇ 11 ਵਜੇ ਕਰੀਬ ਸਿੱਖ ਸੰਗਤ ਤੇ ਗੰਨ ਨਾਲ ਹਮਲਾ ਕਰਕੇ 7 ਬੇਕਸੂਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਅਤੇ ਇੱਕ ਪੁਲੀਸਮੈਨ ਮਿਸਟਰ ਬਰੇਨ ਮਰਫੀ ਸਮੇਤ ਦਰਜਨ ਹੋਰ ਸਿੱਖਾਂ ਨੂੰ ਜ਼ਖਮੀ ਕਰ ਦਿੱਤਾ।

ਮਰਨ ਵਾਲਿਆਂ ਵਿੱਚ ਸ੍ਰ. ਸਤਵੰਤ ਸਿੰਘ ਕਾਲੇਕੇ ਪ੍ਰਧਾਨ (65), ਭਾਈ ਰਣਜੀਤ ਸਿੰਘ ਤਬਲਚੀ (49), ਭਾਈ ਸੀਤਾ ਸਿੰਘ ਰਾਗੀ (41), ਭਾਈ ਪ੍ਰਕਾਸ਼ ਸਿੰਘ ਗ੍ਰੰਥੀ (39) ਸਾਰੇ ਦਿੱਲੀ, ਸ੍ਰ. ਸ਼ਬੇਗ ਸਿੰਘ ਖਟੜਾ ਕਮੇਟੀ ਮੈਂਬਰ(84) ਅਤੇ ਬੀਬੀ ਪਰਮਜੀਤ ਕੌਰ ਸ਼ਰਧਾਲੂ (41) ਸ਼ਾਮਲ ਹਨ। ਫੇਸ ਬੁੱਕ ਦੀ ਖਬਰ ਅਨੁਸਾਰ ਉਘੇ ਕਥਾਵਾਚਕ ਪ੍ਰਚਾਰਕ ਭਾਈ ਪੰਜਾਬ ਸਿੰਘ ਜੋ ਗੰਭੀਰ ਜ਼ਖਮੀ ਹੋ ਗਏ ਸਨ ਵੀ ਨਹੀਂ ਰਹੇ। 9/11 ਦੇ ਤਾਲੇਬਾਨੀ ਹਮਲੇ ਤੋਂ ਬਾਅਦ ਸਿੱਖਾਂ ਤੇ ਕਈ ਥਾਈਂ ਅਜਿਹੇ ਹਮਲੇ ਹੋ ਚੁੱਕੇ ਹਨ।

ਇਸ ਹਮਲੇ ਵਿੱਚ ਸ੍ਰ. ਸਤਵੰਤ ਸਿੰਘ ਕਾਲੇਕੇ ਅਤੇ ਪੁਲੀਸ ਅਫੀਸਰ ਮਿਸਟਰ ਬਰੇਨ ਮਰਫੀ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਹੋਰਨਾਂ ਦੀਆਂ ਜਾਨਾਂ ਬਚਾ ਲਈਆਂ। ਸ੍ਰ ਸਤਵੰਤ ਸਿੰਘ ਕਾਲੇਕੇ ਨੇ ਹੱਟੇ ਕੱਟੇ ਹਮਲਾਰ ਗੋਰੇ ਨੂੰ ਜੱਫਾ ਪਾ ਲਿਆ ਪਰ ਹਮਲਾਵਰ ਜਿਸਮਾਨੀ ਤੌਰ ਤੇ ਤਕੜਾ, ਦੂਜਾ ਉਸ ਕੋਲ ਗੰਨ ਹੋਣ ਕਰਕੇ ਉਸ ਨੇ ਪ੍ਰਧਾਨ ਨੂੰ ਗੰਨ ਨਾਲ ਸ਼ੂਟ ਕਰ ਦਿੱਤਾ ਬਾਅਦ ਚ’ ਉਹ ਵੀ ਅਕਾਲ ਚਲਾਣਾ ਕਰ ਗਏ। ਪੁਲੀਸਮੈਨ ਮਿਸਟਰ ਮਰਫੀ ਨੇ ਜਦ ਦੇਖਿਆ ਕਿ ਹਮਲਾਵਰ ਹੋਰ ਲੋਕਾਂ ਨੂੰ ਮਾਰੀ ਜਾ ਰਿਹਾ ਹੈ ਤਾਂ ਉਸ ਨੇ ਸਾਹਮਣੇ ਹੋ ਕੇ ਰੋਕਿਆ ਪਰ ਹਮਲਾਵਰ ਨੇ ਉਸ ਨੂੰ ਵੀ ਗੋਲੀਆਂ ਮਾਰ ਕੇ ਸੁੱਟ ਦਿੱਤਾ। ਏਨੇਂ ਨੂੰ ਹੋਰ ਪੁਲੀਸ ਆ ਗਈ ਅਤੇ ਹਮਲਾਵਰ ਨੂੰ ਮਾਰ ਮੁਕਾਇਆ। ਹਰੇਕ ਕੌਮ ਵਿੱਚ ਮਾੜੇ ਅਨਸਰ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਕੋਈ ਇਨਸਾਨੀਅਤ ਨਹੀਂ ਹੁੰਦੀ ਜਾਂ ਉਹ ਹੱਦੋਂ ਵੱਧ ਕਟੜਵਾਦੀ ਹੁੰਦੇ ਹਨ।

ਯਾਦ ਰਹੇ ਕਿ ਇਹ ਗੁਰਦੁਆਰਾ ਸਾਬਕਾ ਸਿੰਘ ਸਾਹਿਬ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਕਈ ਵਾਰ ਪ੍ਰਚਾਰ ਲਈ ਬੁਲਾ ਚੁੱਕਾ ਹੈ। ਸੰਗਤ ਪੜ੍ਹੀ ਲਿਖੀ ਹੈ। ਹਾਲੇ ਕੁਝ ਦਿਨ ਪਹਿਲੇ ਹੀ ਸ੍ਰ. ਸਤਵੰਤ ਸਿੰਘ ਕਾਲੇਕੇ ਗੁਰਦੁਆਰਾ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਸੀ। ਹੁਣੇ ਹੀ ਖਬਰ ਆਈ ਹੈ ਕਿ ਜਿਹੜੇ ਲੋਕ ਪ੍ਰੋ. ਦਰਸ਼ਨ ਸਿੰਘ ਦਾ ਖਾਹ ਮਖਾਹ ਵਿਰੋਧ ਕਰਦੇ ਸੀ, ਓਨ੍ਹਾਂ ਸਾਰਿਆਂ ਨੇ ਪੰਜਾਬ ਵਿਖੇ ਇਕੱਠੇ ਹੋ ਕੇ ਬਾਦਲੀ ਜਥੇਦਾਰ ਭਾਈ ਗੁਰਬਚਨ ਸਿੰਘ ਦਾ ਬਾਈਟਾਟ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਅਮਰੀਕੀ ਮੀਡੀਏ ਅਤੇ ਸਰਕਾਰ ਨੇ ਸਿੱਖ ਕੌਮ ਨਾਲ ਹਮਦਰਦੀ ਦਿਖਾਉਂਦੇ ਹੋਏ 10 ਅਗਸਤ 2012 ਤੱਕ ਵਾਈਟ ਹਾਊਸ ਵਿੱਚ ਸ਼ੋਕ ਮਤਾ ਪਾ ਕੇ ,ਅਮਰੀਕਾ ਦੇ ਝੰਡੇ ਨੀਵੇਂ ਰੱਖੇ ਅਤੇ ਸ਼ੋਕ ਸਭਾਵਾਂ ਵਿੱਚ ਹਿੱਸਾ ਲਿਆ। ਅਮਰੀਕਾ ਦੀ ਓਬਾਮਾਂ ਸਰਕਾਰ ਨੇ ਹਫਤੇ ਵਿੱਚ ਹੀ ਸਿੱਖ ਕੌਮ ਨੂੰ ਇਨਸਾਫ ਦੇ ਦਿੱਤਾ ਹੈ ਪਰ ਜਿਸ ਭਾਰਤ ਨੂੰ ਸਿੱਖ ਕੌਮ ਨੇ ਵੱਧ ਤੋਂ ਵੱਧ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਇਆ ਸੀ ਓਥੇ 1984 ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਕਈ ਹੋਰ ਗੁਰੁਆਰਿਆਂ ਤੇ ਇੰਦਰਾ ਗਾਂਧੀ ਦੀ ਭਾਰਤ ਸਰਕਾਰ ਵੱਲੋਂ ਫੌਜੀ ਹਮਲਾ ਕਰਕੇ ਹਜਾਰਾਂ ਸਿੱਖਾਂ ਨੂੰ ਅੰਨ੍ਹੇਵਾਹ ਤੋਪਾਂ ਨਾਲ ਉਢਾ ਦਿੱਤਾ ਤੇ ਮਗਰੋਂ ਭਾਰਤ ਦੇ ਅਨੇਕਾਂ ਸੂਬਿਆਂ ਵਿੱਚ ਲੱਖਾਂ ਹੀ ਬੇਗੁਨਾਹ ਸਿੱਖ ਬੁਰੀ ਤਰ੍ਹਾਂ ਮਾਰੇ, ਘਰਘਾਟ ਸਾੜੇ ਅਤੇ ਬੀਬੀਆਂ ਦੀਆਂ ਇਜ਼ਤਾਂ ਲੁੱਟੀਆਂ ਪਰ ਅੱਜ ਤੱਕ ਭਾਰਤ ਦੀ ਪਾਰਲੀਮੈਂਟ ਵਿੱਚ ਦੋ ਮਿੰਟ ਦੀ ਵੀ ਸ਼ਰਧਾਂਜਲੀ ਨਹੀਂ ਦਿੱਤੀ ਅਤੇ ਕਿਸੇ ਵੀ ਕਾਤਲ ਨੂੰ ਸਜਾ ਨਹੀਂ ਮਿਲੀ। ਹੁਣ ਵਾਲੇ ਜਨੂੰਨੀ ਹਮਲੇ ਤੋਂ ਫੌਰਨ ਬਾਅਦ ਜਿਵੇਂ ਅਮਰੀਕਾ ਸਰਕਾਰ ਨੇ ਸਿੱਖ ਕੌਮ ਨਾਲ ਹਮਦਰਦੀ ਦਿਖਾਈ ਹੈ ਇਹ ਭਾਰਤ ਦੀ ਬੇਇਨਸਾਫ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ।

ਅਸੀਂ ਸਭ ਜਨੂੰਨੀ ਹਮਲੇ ਵਿੱਚ ਮਾਰੇ ਗਏ ਸਿੰਘ ਸਿੰਘਣੀਆਂ ਦੇ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮਿਸਟਰ ਓਬਾਮਾਂ ਦੀ ਅਮਰੀਕਾ ਸਰਕਾਰ ਦੀ ਪੁਰਜੋਰ ਸ਼ਲਾਘਾ ਕਰਦੇ ਹਾਂ ਜਿਸ ਨੇ ਸਿੱਖ ਕੌਮ ਨਾਲ ਇਨਸਾਫ ਕੀਤਾ ਹੈ। ਇਸ ਮੰਦਭਾਗੀ ਘਟਨਾ ਤੇ ਭਾਰੀ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ-ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਸ੍ਰ. ਗੁਰਮੀਤ ਸਿੰਘ ਬਰਸਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਉਘੇ ਲਿਖਾਰੀ ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਇੰਟ੍ਰਨੈਸ਼ਨਲ ਸਿੰਘ ਸਭਾ ਦੇ ਮੁਖੀ ਸ੍ਰ.ਗੁਰਚਰਨ ਸਿੰਘ ਜਿਉਣਵਾਲਾ, ਅਦਾਰਾ ਸਿੰਘ ਸਭਾ ਯੂ ਐੱਸ ਏ ਦੇ ਭਾਈ ਗੁਰਮੀਤ ਸਿੰਘ ਮਿਸ਼ਨਰੀ, ਮਿਸ਼ਨਰੀ ਸੇਧਾਂ ਦੇ ਸੰਪਾਦਕ ਸ੍ਰ. ਇਕਬਾਲ ਸਿੰਘ ਐਲ ਏ, ਇੰਟ੍ਰੇਸ਼ਨਲ ਸਿੰਘ ਸਭਾ ਅਮਰੀਕਾ ਦੇ ਪ੍ਰੋ ਮੱਖਨ ਸਿੰਘ, ਹਰਦੇਵ ਸਿੰਘ ਸ਼ੇਰਗਿੱਲ ਅਤੇ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਮਿਸ਼ਨਰੀ ਸਰਕਲ ਸੈਕਰਾਮੈਂਟੋ ਦੇ ਸ੍ਰ. ਗਿਆਨ ਸਿੰਘ ਅਤੇ ਸ੍ਰ. ਹਾਕਮ ਸਿੰਘ, ਗੁਰਦੁਆਰਾ ਦਕੋਟਾ ਰੋਡ ਫਰਿਜਨੋ ਦੇ ਡਾ. ਗੁਰਪ੍ਰੀਤ ਸਿੰਘ ਮਾਨ ਅਤੇ ਹੈੱਡ ਗ੍ਰੰਥੀ ਭਾ. ਜਸਵੰਤ ਸਿੰਘ ਬਠਿੰਡਾ, ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ. ਜਸਮਿਤਰ ਸਿੰਘ ਅਤੇ ਇੰਦ੍ਰਜੀਤ ਸਿੰਘ ਓਮਪੁਰੀ, ਪ੍ਰਸਿੱਧ ਸਕਾਲਰ ਸ੍ਰ. ਜੋਰਾ ਸਿੰਘ ਰਾਜੋਆਣਾ, ਗੁਰਦੁਆਰਾ ਵੈਸਲੀ ਦੇ ਮੁੱਖ ਗ੍ਰੰਥੀ ਭਾ. ਬਲਵਿੰਦਰ ਸਿੰਘ ਮਿਸ਼ਨਰੀ, ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, ਮਿਸ਼ਨਰੀ ਕਾਲਜ ਰੋਪੜ ਦੇ ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਇੰਡਿਆਨਾ, ਪ੍ਰੋ ਪਿਆਰਾ ਸਿੰਘ ਮਿਸ਼ਨਰੀ ਮਿਸੀਸਿਪੀ, ਸਹਿਤ ਸਭਾ ਬੇ ਏਰੀਏ ਦੇ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਅਤੇ ਚਰਨਜੀਤ ਸਿੰਘ ਪੰਨੂੰ, ਡਾ. ਗੁਰਦੀਪ ਸਿੰਘ ਸੈਨਹੋਜੇ, ਇੰਟ੍ਰਨੈਸ਼ਨਲ ਸਿੰਘ ਸਭਾ ਫਰਿਜ਼ਨੋ ਦੇ ਸ੍ਰ. ਚਮਕੌਰ ਸਿੰਘ ਜੀ, ਪ੍ਰਸਿੱਧ ਕਥਾਵਾਚਕ ਗਿ. ਅੰਮ੍ਰਿਤਪਾਲ ਸਿੰਘ ਅਨੰਦਪੁਰੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top