Share on Facebook

Main News Page

ਪੰਜਾਬ ’ਚ ਅਖੌਤੀ ਗਊ ਭਗਤਾਂ ਨੇ ਅਤਿਵਾਦੀਆਂ ਨੂੰ ਪਛਾੜਿਆ
- ਕਿਰਪਾਲ ਸਿੰਘ ਬਠਿੰਡਾ (ਮੋਬ:) 9855480797

ਭਾਜਪਾ ਤੇ ਆਰ.ਐੱਸ.ਐੱਸ ਦੀਆਂ ਸ਼ਾਖਾਵਾਂ ਵਿਸ਼ਵ ਹਿੰਦੂ ਸੁਰੱਖਸ਼ਾ ਸੰਮਤੀ, ਸ਼ਿਵਸੈਨਾ ਆਦਿ ਆਪਣੀ ਰਸ਼ਟਰਵਾਦੀ ਸੋਚ ਦਾ ਵਿਖਾਵਾ ਅਖੌਤੀ ਅਤਿਵਾਦ ਵਿਰੁੱਧ ਜ਼ਹਿਰ ਉਗਲ ਕੇ ਕਰਦੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਦੀ ਮੁੱਖ ਮੰਗ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਅਤੇ ਸ਼੍ਰੀ ਅਫ਼ਜ਼ਲ ਗੁਰੂ ਆਦਿ ਨੂੰ ਫਾਂਸੀ ’ਤੇ ਲਟਕਾਉਣ ਦੀ ਹੁੰਦੀ ਹੈ। ਇਨ੍ਹਾਂ ਜਥੇਬੰਦੀਆਂ ਦੇ ਕਈ ਕਾਰਕੁਨ ਸਮੇਂ ਸਮੇਂ ’ਤੇ ਉਕਤ ਕਥਿਤ ਦੋਸ਼ੀਆਂ ਨੂੰ ਅਤਿਵਾਦੀਆਂ ਦਾ ਨਾਮ ਦੇ ਕੇ ਫਾਂਸੀ ’ਤੇ ਲਟਕਾਉਣ ਲਈ ਜਲਾਦ ਬਣਨ ਦੀ ਪੇਸ਼ਕਸ਼ ਵੀ ਕਰਦੇ ਰਹਿੰਦੇ ਹਨ।

ਅਤਿਵਾਦ ਕੀ ਹੈ ਤੇ ਅਤਿਵਾਦੀਆਂ ਦੀ ਪਛਾਣ ਕੀ ਹੈ,ਇਹ ਜਾਨਣ ਲਈ ਪੰਜਾਬ ’ਚ ਅਖੌਤੀ ਗਊ ਭਗਤਾਂ ਦੀਆਂ ਗਤੀ ਵਿਧੀਆਂ ਦੀ ਪੜਚੋਲ ਕਰਨੀ ਬਣਦੀ ਹੈ। ਇਸ ਪੜਤਾਲ ਲਈ ਸਭ ਤੋਂ ਤਾਜੀ ਘਟਨਾ ਬਰਨਾਲਾ ਵਿਖੇ ਬੀਤੇ ਵੀਰਵਾਰ ਸ਼ਾਮ ਨੂੰ ਸੇਖਾ ਕੈˆਚੀਆˆ ਵਿਖੇ ਬਰਨਾਲਾ ਪੁਲਿਸ ਦੀ ਮੱਦਦ ਨਾਲ ਅਖੌਤੀ ਗਊ ਭਗਤਾਂ ਨੇ, ਵਪਾਰੀਆਂ ਵੱਲੋਂ ਖੰਨੇ ਮੰਡੀ ਤੋਂ 5 ਲੱਖ ਤੋਂ ਵੱਧ ਦੀ ਕੀਮਤ ਖਰਚ ਕੇ ਖ੍ਰੀਦੀਆਂ ਗਊਆਂ ਨੂੰ ਗੁਜਰਾਤ ਦੇ ਇਕ ਨਿਜੀ ਡੇਅਰੀ ਫਾਰਮ ’ਚ ਲਿਜਾ ਰਿਹਾ ਟਰੱਕ ਘੇਰ ਲਿਆ ਤੇ ਜ਼ਬਰਦਸਤੀ ਗਊਆਂ ਨੂੰ ਸਥਾਨਕ ਰਾਧੇ ਕ੍ਰਿਸ਼ਨ ਗਊ ਧਾਮ ਵਿੱਚ ਛੱਡ ਦਿੱਤਾ ਤੇ ਵਪਾਰੀਆਂ ਨੂੰ ਧਮਕਾਉਣ ਲਈ ਉਨ੍ਹਾਂ ’ਤੇ ਬਰਨਾਲਾ ਥਾਣਾ ਵਿੱਚ ਕੇਸ ਦਰਜ ਕਰ ਲਿਆ।

ਅਖ਼ਬਾਰ ਦੀ ਖ਼ਬਰ ਅਨੁਸਾਰ ਘਟਨਾਂ ਸਥਾਨ 'ਤੇ ਜਾਣਕਾਰੀ ਦਿੰਦਿਆˆ ਰਾਧੇ ਕ੍ਰਿਸ਼ਨ ਗਊ ਧਾਮ ਬਰਨਾਲਾ ਦੇ ਪ੍ਰਧਾਨ ਅਨਿੱਲ ਕੁਮਾਰ ਨੇ ਦੱਸਿਆ ਕਿ ਉਹ ਰਾਏਕੋਟ ਤੋˆ ਬਰਨਾਲਾ ਵੱਲ ਆਪਣੀ ਗੱਡੀ 'ਤੇ ਆ ਰਿਹਾ ਸੀ ਤਾˆ ਉਸਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਟਰੱਕ ਨੰਬਰ ਪੀਬੀ 23ਜੇ 5291, ਗਿਆਰਾਂ ਗਊਆਂ ਲੱਦ ਕਿ ਗੁਜ਼ਰਾਤ ਬੁਚੜਖਾਨ ਲਿਜਾ ਰਿਹਾ ਹੈ। ਅਨਿੱਲ ਕੁਮਾਰ ਮੁਤਾਬਿਕ ਟਰੱਕ ਦਾ ਪਿੱਛਾ ਕਰਦਾ ਹੋਇਆ ਬਰਨਾਲਾ ਪੁਜਦਿਆˆ ਹੀ ਉਸ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਜਿਸ ਉਪਰੰਤ ਡੀਐਸਪੀ ਸਿਟੀ ਹਰਮੀਕ ਸਿੰਘ ਦਿਉਲ, ਇੰਡਸਟਰੀ ਖੇਤਰ ਦੀ ਚੌˆਕੀ ਦੇ ਇੰਚਾਰਜ਼ ਮਨਜੀਤ ਸਿੰਘ, ਥਾਣਾ ਸਿਟੀ ਦੇ ਇੰਚਾਰਜ਼ ਐਚ ਪੀ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ ਗਏ। ਪੁਲਿਸ ਨੇ ਟਰੱਕ ਸਮੇਤ ਚਾਰ ਸਵਾਰ 4 ਵਿਅਕਤੀਆˆ ਜਿਨ੍ਹਾਂ ਵਿੱਚੋਂ ਜਰਨੈਲ ਸਿੰਘ ਟਰੱਕ ਚਲਾ ਰਿਹਾ ਸੀ ਅਤੇ ਉਨ੍ਹਾਂ ਦੇ ਨਾਲ ਰਾਜ਼ ਨਰਾਇਣ, ਮੇਜ਼ਰ ਸਿੰਘ ਤੇ ਰਜਿੰਦਰ ਸਿੰਘ ਨੂੰ ਕਾਬੂ ਕਰਕੇ ਗਊਆˆ ਨੂੰ ਦਾਣਾ ਮੰਡੀ ਦੀ ਗਊਸ਼ਾਲਾ ਵਿਖੇ ਭੇਜ ਦਿੱਤਾ।

ਜਦੋਂ ਕਿ ਹਿਰਾਸਤ ਵਿੱਚ ਲਏ ਗਏ ਟਰੱਕ 'ਚ ਸਵਾਰ ਚਾਰ ਵਿਅਕਤੀਆਂ ਮੁਤਾਬਿਕ ਉਹ ਦੁੱਧ ਦੀ ਪੈਦਾਵਾਰ ਲਈ ਖੰਨਾਂ ਮੰਡੀ ਤੋˆ ਦੁਧਾਰੂ ਗਊਆਂ ਦੀ ਖਰੀਦ ਕਰਕੇ ਗੁਜ਼ਰਾਤ ਡੇਅਰੀ ਫਾਰਮ ਵਿਖੇ ਲਿਜਾ ਰਹੇ ਸਨ। ਟਰੱਕ 'ਚ ਸਵਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਮਾਲਕ ਇੰਦਰ ਵਦਨ (ਗੁਜ਼ਰਾਤ) ਜੋ ਕਿ ਪਸ਼ੂਆਂ ਦਾ ਵੱਡਾ ਵਪਾਰੀ ਹੈ ਦੇ ਕਾਰੋਬਾਰ 'ਚ ਨੌਕਰੀ ਕਰਦਾ ਹੈ ਅਤੇ ਉਹ 8 ਅਗਸਤ 2012 ਨੂੰ ਖੰਨਾਂ ਪਸ਼ੂ ਮੰਡੀ 'ਚੋˆ ਦੁਧਾਰੂ ਗਊਆਂ ਖਰੀਦ ਕੇ ਗੁਜ਼ਰਾਤ ਵਿਖੇ ਲਿਜਾ ਰਹੇ ਹਨ, ਜਿਸਦਾ ਉਨ੍ਹਾਂ ਕੋਲ ਬਕਾਇਦਾ ਦਸਤਾਵਜ਼ੀ ਸਬੂਤ ਵੀ ਸਨ, ਜਿੰਨ੍ਹਾਂ ਨੂੰ ਇਥੋˆ ਦੇ ਕੁਝ ਅਖੌਤੀ ਗਊ ਭਗਤਾਂ ਵੱਲੋˆ ਜਬਰੀ ਹਥਿਆ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਦੁੱਧ ਦੇ ਵਪਾਰ ਲਈ 5 ਲੱਖ ਦੀਆˆ ਦੁਧਾਰੂ ਗਊਆਂ ਡੇਅਰੀ ਫਾਰਮ ਗੁਜ਼ਰਾਤ ਵਿਖੇ ਲਿਜਾ ਰਹੇ ਸਨ। ਰਜਿੰਦਰ ਸਿੰਘ ਨੇ ਮੰਗ ਕੀਤੀ ਕਿ ਜੇ ਇਸ ਮਾਮਲੇ ਦੀ ਨਿਰਪੱਖਤਾ ਨਾਲ ਡੂੰਘੀ ਜਾˆਚ ਕੀਤੀ ਜਾਵੇ ਤਾਂ ਉਹ ਇਸ ਵਿੱਚ ਉਹ ਨਿਰਦੋਸ਼ ਸਾਬਿਤ ਹੋਣਗੇ। ਉਨ੍ਹਾਂ ਜਾਣਕਾਰੀ ਹਿੱਤ ਦੱਸਿਆ ਕਿ ਹਰੇਕ ਗਊ ਔਸਤਨ 20 ਲੀਟਰ ਦੇ ਕਰੀਬ ਦੁੱਧ ਦਿੰਦੀ ਹੈ ਤੇ ਇੱਕ ਇੱਕ ਦੀ ਕੀਮਤ 50 ਤੋਂ 60 ਹਜਾਰ ਰੁਪਏ ਹੈ। ਇੰਨ੍ਹਾਂ ਗਊਆˆ ਦਾ ਦੁੱਧ ਅੱਗੇ 'ਅਮੂਲ ਡੇਅਰੀ' ਨੂੰ ਸਪਲਾਈ ਕਰਦੇ ਹਨ ਜਿਸ ਤੋˆ ਉਹ ਚੰਗੀ ਨਸ਼ਲ ਦੀਆˆ ਦੁਧਾਰੂ ਗਊਆˆ ਦੀ ਖਰੀਦ ਲਈ ਕਰਜ਼ਾ ਵੀ ਚੁੱਕਦੇ ਹਨ। ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਤੋˆ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦੁਆ ਕੇ ਬਲੋੜੀ ਪ੍ਰੇਸ਼ਾਨੀ ਅਤੇ ਮਾਲੀ ਨੁਕਸਾਨ ਤੋˆ ਨਿਜਾਤ ਦਿਵਾਈ ਜਾਵੇ। ਪਰ ਅਖੌਤੀ ਗਊ ਭਗਤਾਂ ਅੱਗੇ ਇਨ੍ਹਾਂ ਗਰੀਬ ਮੁਲਾਜਮਾਂ ਦੀ ਕੌਣ ਸੁਣਦਾ ਹੈ।

ਅੱਜ ਸਵੇਰੇ ਖ਼ਬਰ ਪੜ੍ਹਦਿਆਂ ਸਾਰ ਹੀ ਪੱਤਰਕਾਰ ਦੇ ਤੌਰ ’ਤੇ ਐੱਸਐੱਸਪੀ ਬਰਨਾਲਾ, ਸ: ਸੁਰਜੀਤ ਸਿੰਘ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਇਸ ਕੇਸ ਵਿੱਚ ਹੁਣ ਤੱਕ ਹੋਈ ਕਾਰਵਾਈ ਸਬੰਧੀ ਜਾਣਕਾਰੀ ਦੀ ਮੰਗ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਇਹ ਅੱਜ ਦੀ ਖ਼ਬਰ ਨਹੀਂ ਬਲਕਿ ਪਰਸੋਂ ਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫੜੇ ਗਏ ਵਿਅਕਤੀਆਂ ’ਤੇ ਬਣਦੀ ਧਾਰਾ ਅਧੀਨ ਕੇਸ ਦਰਜ ਕਰ ਲਿਆ ਤੇ ਗਊਆਂ ਨੂੰ ਗਊਸ਼ਾਲਾ ਵਿੱਚ ਛੱਡ ਦਿੱਤਾ ਹੈ। ਬਾਕੀ ਤਫਤੀਸ਼ ਜਾਰੀ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੀੜਤਾਂ ਮੁਤਾਬਕ ਤਾਂ ਟਰੱਕ ਵਿੱਚ ਲੱਦੀਆˆ ਗਊਆˆ ਸਾਫ਼ ਸੁਥਰੀਆˆ ਤੇ ਚੰਗੀ ਨਸ਼ਲ ਦੀਆˆ ਸਿਹਤਮੰਦ ਦੁਧਾਰੂ ਗਊਆˆ ਸਨ ਜਿੰਨ੍ਹਾਂ 'ਚੋˆ ਇੱਕ ਸੱਜਰ ਸੂਈ ਹੋਈ ਗਾˆ ਵੀ ਸ਼ਾਮਿਲ ਸੀ ਅਤੇ ਇੱਕ ਇੱਕ ਦੀ ਕੀਮਤ 50 ਤੋਂ 60 ਹਜਾਰ ਰੁਪਏ ਹੈ। ਤੁਸੀਂ ਗਊਆਂ ਵੇਖੀਆਂ ਹੋਣਗੀਆਂ, ਕੀ ਤੁਹਾਨੂੰ ਉਹ ਬੁੱਚੜਖਾਨੇ ਲਿਜਾਣ ਵਾਲੀਆਂ ਜਾਪਦੀਆਂ ਹਨ ਜਾਂ ਦੁਧਾਰੂ। ਜਵਾਬ ਦੇਣ ਤੋਂ ਅਸਮਰਥ ਐੱਸਐਸਪੀ ਸਾਹਿਬ ਨੇ ਕਿਹਾ ਕਿ ਉਹ ਕਿਸੇ ਕੰਮ ਵਿੱਚ ਵਿਅਸਥ ਹਨ ਇਸ ਲਈ ਡੀਐੱਸਪੀ ਸਿਟੀ ਤੋਂ ਪੂਰੀ ਜਾਣਕਾਰੀ ਲੈ ਲਵੋ। ਜਦ ਡੀਐੱਸਪੀ ਸਿਟੀ ਸ: ਹਰਮੀਕ ਸਿੰਘ ਨਾਲ ਸੰਪਰਕ ਕੀਤਾ ਤਾਂ ਇਹ ਉਨ੍ਹਾਂ ਦੀ ਇਮਾਨਦਾਰੀ ਹੀ ਕਹਿਣੀ ਪਵੇਗੀ ਕਿ ਉਨ੍ਹਾਂ ਸਪਸ਼ਟ ਲਫਜਾਂ ਵਿੱਚ ਸੱਚ ਦੱਸ ਦਿੱਤਾ ਕਿ ਗਊਆਂ ਬੁੱਚੜਖਾਨੇ ਲਿਜਾਣ ਵਾਲੀਆਂ ਨਹੀਂ ਬਲਕਿ ਚੰਗੀ ਨਸਲ ਦੀਆਂ ਦੁਧਾਰੂ ਗਊਆਂ ਹਨ ਜਿਨ੍ਹਾਂ ਵਿੱਚੋਂ ਇੱਕ ਤਾਂ ਪਹਿਲਾਂ ਹੀ ਸੂਈ ਸੀ ਤੇ ਦੋ ਹੋਰ ਗਊਸ਼ਾਲਾ ਜਾ ਕੇ ਸੂ ਪਈਆਂ ਹਨ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਦ ਤੁਹਾਡੀ ਤਸੱਲੀ ਹੈ ਕਿ ਗਊਆਂ ਦੁਧਾਰੂ ਹਨ ਤਾਂ ਕੇਸ ਕਿਸ ਕਾਨੂੰਨ ਅਧੀਨ ਦਰਜ ਕੀਤਾ ਹੈ।

ਚਾਹੀਦਾ ਤਾਂ ਇਹ ਸੀ ਕਿ ਵਪਾਰੀਆਂ ਤੇ ਟਰੱਕ ਵਾਲਿਆਂ ਨੂੰ ਨਜਾਇਜ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੇ ਹੁਲੜਬਾਜਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ ਜਾਂਦੀ ਤਾਂ ਕਿ ਅੱਗੇ ਤੋਂ ਕਦੀ ਕਿਸੇ ਨੂੰ ਇਸ ਤਰ੍ਹਾਂ ਨਜਾਇਜ਼ ਪ੍ਰੇਸ਼ਾਨ ਕਰਨ ਦੀ ਉਨ੍ਹਾਂ ਦੀ ਹਿੰਮਤ ਨਾ ਪੈਂਦੀ। ਜੇ ਸਭ ਕੁਝ ਜਾਣਦੇ ਹੋਏ ਪੁਲਿਸ ਅਫਸਰਾਂ ਕੋਲੋਂ ਵੀ ਪੀੜਤਾਂ ਨੂੰ ਇਨਸਾਫ ਨਾ ਮਿਲੇ ਤਾਂ ਹੋਰ ਇਸ ਤੋਂ ਵੱਡਾ ਅਤਿਵਾਦ ਕਿਹੜਾ ਹੋਵੇਗਾ? ਡੀਐੱਸਪੀ ਸਾਹਿਬ ਨੇ ਕਿਹਾ ਤੁਸੀਂ ਸਾਨੂੰ ਕਾਨੂੰਨ ਨਾ ਪੜ੍ਹਾਓ, ਜੇ ਉਸ ਸਮੇਂ ਅਸੀਂ ਕੇਸ ਦਰਜ ਨਾ ਕਰਦੇ ਤਾਂ ਹੁਲੜਬਾਜਾਂ ਨੇ ਕੋਈ ਐਸੀ ਭੰਨਤੋੜ ਕਰ ਦੇਣੀ ਸੀ ਜਿਸ ਨਾਲ ਕਿਸੇ ਵਿਅਕਤੀ ਦੀ ਜਾਨ ਵੀ ਜਾ ਸਕਦੀ ਸੀ ਤੇ ਕਈ ਗੰਭੀਰ ਜਖਮੀ ਵੀ ਹੋ ਸਕਦੇ ਸਨ। ਸਾਨੂੰ ਮੌਕੇ ’ਤੇ ਕਾਨੂੰਨ ਮੁਤਾਬਕ ਨਹੀਂ ਬਲਕਿ ਹਾਲਾਤਾਂ ਮੁਤਾਬਿਕ ਕਾਰਵਾਈ ਕਰਨੀ ਪੈਂਦੀ ਹੈ। ਉਨ੍ਹਾਂ ਇਨਸਾਫ਼ ਦਾ ਭਰੋਸਾ ਦੁਆਦਿਆਂ ਕਿਹਾ ਕਿ ਪੀੜਤਾਂ ਨੂੰ ਸਾਡੇ ਕੋਲ ਭੇਜ ਦਿਓ ਉਨ੍ਹਾਂ ਦਾ ਟਿਕਾ ਕਰਵਾ ਦਿੱਤਾ ਜਾਵੇਗਾ।

ਅਜੇਹੀਆਂ ਘਟਨਾਵਾਂ ਤਾਂ ਹੋਰ ਬੇਅੰਤ ਹਨ ਪਰ ਬਹੁਤੇ ਵਿਸਥਾਰ ਵਿੱਚ ਜਾਣ ਦੀ ਬਜਾਏ ਅੱਜ ਤੋਂ ਚਾਰ ਸਾਲ ਪਹਿਲਾਂ 2008 ਵਿੱਚ ਅੱਖੀਂ ਡਿੱਠੀ ਬਠਿੰਡੇ ਦੀ ਘਟਨਾ ਹੈ। ਉਸ ਕੇਸ ਵਿੱਚ ਦੋ ਟਰੱਕਾਂ ਵਿੱਚ ਗਊਆਂ ਵੀ ਨਹੀਂ ਸਨ ਬਲਕਿ ਸੱਜਰ ਸੂਈਆਂ ਮੱਝਾਂ ਸਨ, ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਇੱਕ ਇੱਕ ਦੋ ਦੋ ਦਿਨਾਂ ਦੇ ਕਟਰੂ ਵੀ ਸਨ। ਇਹ ਮੱਝਾਂ ਵੀ ਗੁਜਰਾਤ ਦੀ ਪਸ਼ੂ ਮੰਡੀ ਵਿੱਚ ਵੇਚਣ ਲਈ ਲਿਜਾਈਆਂ ਜਾ ਰਹੀਆਂ ਸਨ। ਉਕਤ ਘਟਨਾ ਵਾਂਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸੁਖਪਾਲ ਸਿੰਘ ਸਰਾਂ ਦੀ ਅਗਵਾਈ ਵਿੱਚ ਹੁਲੜਬਾਜਾਂ ਨੇ ਸ਼ੱਕ ਦੇ ਅਧਾਰ ’ਤੇ ਉਹ ਦੋਵੇਂ ਟਰੱਕ ਬਠਿੰਡਾ ਦੇ ਮਟਕਾ ਚੌਕ (ਬੀਬੀਵਾਲਾ ਚੌਕ) ਵਿੱਚ ਘੇਰ ਲਏ। ਕਿਸੇ ਨੇ ਪਿੱਛੇ ਟਰੱਕਾਂ ਵਿੱਚ ਲੱਦੀਆਂ ਮੱਝਾਂ ਵੱਲ ਵੀ ਨਹੀਂ ਵੇਖਿਆ, ਉਨ੍ਹਾਂ ਨੇ ਟਰੱਕਾਂ ਵਿੱਚ ਸਵਾਰ ਵਿਅਕਤੀਆਂ ਦੀ ਕੁੱਟਮਾਰ ਤੇ ਟਰੱਕਾਂ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਉਹ ਵੀਚਾਰ ਰੋ ਰੋ ਕੇ ਪੁੱਛਣ ਕਿ ਸਾਡਾ ਕਸੂਰ ਤਾਂ ਦੱਸ ਦਿਓ। ਜਵਾਬ ਵਿੱਚ ਹੁਲੜਬਾਜਾਂ ਨੇ ਕਿਹਾ ਸਾਲੇ ਗਊ ਮਾਤਾ ਦੇ ਟਰੱਕ ਭਰ ਭਰ ਕੇ ਬੁੱਚੜਖਾਨੇ ਪੁਚਾ ਰਹੇ ਹੋ ਤੇ ਉਲਟਾ ਕਸੂਰ ਸਾਥੋਂ ਪੁੱਛਦੇ ਹੋ? ਉਹ ਕੁਰਲਾਈ ਜਾਣ ਕਿ ਤੁਸੀਂ ਵੇਖ ਤਾਂ ਲਵੋ ਟਰੱਕ ਵਿੱਚ ਗਊਆਂ ਨਹੀਂ ਇਹ ਤਾਂ ਸੱਜਰ ਸੂਈਆਂ ਮੱਝਾਂ ਹਨ। ਪਰ ਵੇਖੇ ਕੌਣ? ਅਖੀਰ ਸੜਕ ਦੇ ਨੇੜਲੇ ਘਰਾਂ ਵਾਲੇ ਚੋਂ ਕਿਸੇ ਨੇ ਇਸ ਦੀ ਖ਼ਬਰ ਪੁਲਿਸ ਕੰਟਰੋਲ ਰੂਮ ਵਿੱਚ ਦੇ ਦਿਤੀ। ਏਐੱਸਪੀ ਸਿਟੀ ਦੀ ਅਗਵਾਈ ਵਿੱਚ ਪੁਲਿਸ ਮੌਕੇ ’ਤੇ ਪਹੁੰਚ ਗਈ। ਏਐੱਸਪੀ ਦੇ ਪਹੁੰਚਣ ਸਮੇਂ ਅਖੌਤੀ ਗਊ ਭਗਤ ਸੁਖਪਾਲ ਸਿੰਘ ਸਰਾਂ ਮੌਕੇ ’ਤੇ ਹਾਜਰ ਸੀ।

ਮੌਕੇ ’ਤੇ ਇੱਕਠੇ ਹੋਏ ਚਸਮਦੀਦ ਗਵਾਹ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਗਊ ਭਗਤਾਂ ਦੀ ਬਦਮਾਸ਼ੀ ਤੇ ਹੁਲੜਬਾਜੀ ਦਾ ਖ਼ੁਲਾਸਾ ਏਐੱਸਪੀ ਕੋਲ ਕੀਤਾ। ਪੁਲਿਸ ਨੇ ਪੀੜਤ ਟਰੱਕ ਵਾਲਿਆਂ ਦੇ ਬਿਆਨ ਕਲਮਬੰਦ ਕਰਕੇ, ਬਜਾਏ ਹੁਲੜਬਾਜ਼ਾ ਨੂੰ ਹਿਰਾਸਤ ਵਿੱਚ ਲੈਣ ਦੇ; ਮੱਝਾਂ ਸਮੇਤ ਦੋਵੇਂ ਟਰੱਕਾਂ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਲਾਈਨ ਚੌਕੀ ਬਠਿੰਡਾ ਵਿਖੇ ਖਿਲਾਰ ਦਿੱਤਾ ਤੇ ਸਾਰੀ ਰਾਤ ਟਰੱਕ ਉਥੇ ਖੜ੍ਹੇ ਰਹੇ। ਪੀੜਤ ਕਹਿਣ ਕਿ ਸੱਜਰ ਸੂਈਆਂ ਮੱਝਾਂ ਭੁਖੀਆਂ ਤਿਹਾਈਆਂ ਹਨ, ਦੂਸਰਾ ਅਸੀਂ ਪਸ਼ੂ ਮੰਡੀ ਵਿੱਚ ਵੇਚਣ ਲਈ ਲਿਜਾ ਰਹੇ ਹਾਂ ਇਸ ਲਈ ਇਨ੍ਹਾਂ ਦੀ ਧਾਰ ਵੀ ਚੋ ਨਹੀਂ ਸਕਦੇ। ਇਸ ਲਈ ਜਿਆਦਾ ਦਿਨ ਐਸੇ ਤਰ੍ਹਾਂ ਖੜ੍ਹੀਆਂ ਰਹਿਣ ਕਰਕੇ ਇਨ੍ਹਾਂ ਦਾ ਦੁੱਧ ਚੜ੍ਹ ਜਾਣ ਤੇ ਭੁੱਖ ਕਾਰਣ ਇਹ ਮਰ ਵੀ ਸਕਦੀਆਂ ਹਨ ਇਸ ਲਈ ਸਾਡਾ ਖਹਿੜਾ ਛੱਡੋ। ਪੀੜਤਾਂ ’ਤੇ ਦਬਾਉ ਪਾਉਣ ਲਈ ਪੁਲਿਸ ਵਾਲੇ ਉਨ੍ਹਾਂ ਨੂੰ ਕਹਿਣ ਕਿ ਤੁਹਾਡੀ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ ਕਰ ਲਿਆ ਹੈ। ਜਦ ਤੱਕ ਕੇਸ ਦਾ ਨਿਪਟਾਰਾ ਨਹੀਂ ਹੁੰਦਾ ਉਤਨੀ ਦੇਰ ਇਹ ਮੱਝਾਂ ਟਰੱਕ ਸਮੇਤ ਸਬੂਤ ਵਜੋਂ ਇੱਥੇ ਹੀ ਰਹਿਣਗੀਆਂ। ਤੁਸੀਂ ਪਹਿਲਾਂ ਲਿਜਾਣਾ ਚਾਹੁੰਦੇ ਹੋ ਤਾਂ ਰਾਜੀਨਾਮਾ ਲਿਖ ਕੇ ਦੇਵੋ। ਅਖੀਰ ਕੋਈ ਸੁਣਵਾਈ ਨਾ ਹੁੰਦੀ ਵੇਖ ਉਹ ਰਾਜੀਨਾਮਾ ਤੇ ਇਹ ਲਿਖਤੀ ਵਾਅਦਾ ਲਿਖਕੇ, ਕਿ ਉਹ ਕਿਸੇ ਹੋਰ ਥਾਂ ਇਸ ਘਟਨਾ ਦੀ ਰੀਪੋਰਟ ਲਿਖਾ ਕੇ ਇਨਸਾਫ ਦੀ ਮੰਗ ਨਹੀਂ ਕਰਨਗੇ, ਆਪਣਾ ਖਹਿੜਾ ਛੁਡਾ ਕੇ ਗਏ।

ਰਾਧੇ ਕ੍ਰਿਸ਼ਨ ਗਊ ਧਾਮ ਦੇ ਪ੍ਰਧਾਨ ਅਨਿੱਲ ਕੁਮਾਰ ਦੀ ਅਸਲੀਅਤ ਜਾਨਣ ਲਈ ਬਰਨਾਲੇ ਦੇ ਕੁਝ ਪੱਤਰਕਾਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਲੁਟੇਰਾ ਕਿਸਮ ਦਾ ਵਿਅਕਤੀ ਹੈ ਜਿਸ ਨੇ ਪਹਿਲਾਂ ਮੰਡੀ ਦੀ ਜਗ੍ਹਾ ’ਤੇ ਕਬਜ਼ਾ ਕਰਕੇ ਅਤੇ ਲੋਕਾਂ ਤੋਂ ਧਰਮ ਦੇ ਨਾਂ ’ਤੇ ਪੈਸੇ ਇਕੱਠੇ ਕਰਕੇ ਉਥੇ ਗਊਸ਼ਾਲਾ ਬਣਾ ਲਈ ਹੈ। ਅਵਾਰਾ ਫਿਰਦੀਆਂ ਫੰਡਰ ਗਊਆਂ ਤੇ ਢੱਠੇ ਜਿਹੜੇ ਮੰਡੀ ਵਿੱਚ ਹਰਲ ਹਰਲ ਕਰਦੇ ਫਿਰਦੇ ਹਨ; ਤੇ ਜਿਨ੍ਹਾਂ ਕਾਰਣ ਸ਼ਹਿਰ ’ਚ ਅਨੇਕਾਂ ਦੁਰਘਟਨਾਵਾਂ ਹੋ ਚੁੱਕੀਆਂ ਹਨ, ਉਨ੍ਹਾਂ ਦੀ ਸੇਵਾ ਸੰਭਾਲ ਲਈ ਤਾਂ ਕਦੀ ਗਊਸ਼ਾਲਾ ਵਿੱਚ ਨਹੀਂ ਰੱਖੀਆਂ ਪਰ ਇਹ ਦੁਧਾਰੂ ਗਊਆਂ ਜ਼ਬਰਦਸਤੀ ਖੋਹ ਕੇ ਗਊਸ਼ਾਲਾ ਵਿੱਚ ਰੱਖ ਲਈਆਂ, ਜਿਹੜਾ ਸ਼ਰੇਆਮ ਧੱਕਾ ਹੈ ਤੇ ਪੰਜਾਬ ਸਰਕਾਰ ਦੀ ਇਨ੍ਹਾਂ ਨੂੰ ਸਹਿ ਹੋਣ ਕਰਕੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ। ਸਰਕਾਰ ਦੀ ਮਿਲੀ ਭੁਗਤ ਨਾਲ ਅਖੌਤੀ ਧਰਮੀਆਂ ਵੱਲੋਂ ਫੈਲਾਏ ਅਤੰਕਵਾਦ ਨੇ ਇਸ ਲੇਖਕ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਤੇ ਪੀੜਤਾਂ ਦੀ ਮੱਦਦ ਲਈ ਪਹਿਲਾਂ ਤਾਂ ਬਠਿੰਡੇ ਹਲਕਾ ਦੀ ਮੈਂਬਰ ਲੋਕ ਸਭਾ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਸੰਗਰੂਰ ਹਲਕੇ (ਜਿਸ ਵਿੱਚ ਬਰਨਾਲਾ ਜਿਲ੍ਹਾ ਵੀ ਆਉਂਦਾ ਹੈ) ਤੋਂ ਹਾਰੇ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਢਸਾ ਨਾਲ ਸੰਪਰਕ ਕਰਨ ਦੀ ਅਸਫਲ ਕੋਸ਼ਿਸ ਕੀਤੀ। ਫਿਰ ਖਿਆਲ ਆਇਆ ਕਿ ਜੇ ਭਾਜਪਾ ਦੇ ਥੱਲੇ ਲੱਗੇ ਇਨ੍ਹਾਂ ਅਕਾਲੀ ਆਗੂਆਂ ਨੇ ਇਨਸਾਫ ਦਿਵਾਉਣ ਹੁੰਦਾ ਤਾਂ ਇਨ੍ਹਾਂ ਹੁਲੜਬਾਜਾਂ ਦੀ ਕਦੀ ਹਿੰਮਤ ਪੈਣੀ ਹੀ ਨਹੀਂ ਸੀ ਕਿ ਉਹ ਬਠਿੰਡਾ ਤੇ ਬਰਨਾਲਾ ਵਰਗੀਆਂ ਸ਼ਰਮਨਾਕ ਘਟਨਾਵਾਂ ਕਰਕੇ ਵੀ ਦਨਦਨਾਉਂਦੇ ਫਿਰਦੇ। ਜੋਗਾ ਵਿਖੇ ਕੁਝ ਗਊਆਂ ਦੇ ਕਤਲਾਂ ਉਪ੍ਰੰਤ ਅਜੇਹੇ ਗਊ ਭਗਤਾਂ ਨੇ ਕਿਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸਾੜਫੂਕ ਤੇ ਭੰਨਤੋੜ ਕੀਤੀ, ਇਹ ਵੀ ਕਿਸੇ ਤੋਂ ਛੁਪੀ ਹੋਈ ਗੱਲ ਨਹੀਂ ਹੈ।

ਇਹ ਸੋਚ ਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਅਨੰਦਪੁਰ ਸਾਹਿਬ ਹਲਕੇ ਤੋਂ ਮੈਂਬਰ ਲੋਕ ਸਭਾ ਸ: ਰਵਨੀਤ ਸਿੰਘ ਬਿੱਟੂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਈਮੇਲ ਰਾਹੀਂ ਅਖ਼ਬਾਰ ’ਚ ਛਪੀ ਖ਼ਬਰ ਭੇਜ ਕੇ ਅਤੇ ਐੱਸਐੱਸਪੀ ਤੇ ਡੀਐੱਸਪੀ ਬਰਨਾਲਾ ਨਾਲ ਹੋਈ ਸਾਰੀ ਗੱਲਬਾਤ ਦੀ ਜਾਣਕਾਰੀ ਦੇ ਕੇ ਮੰਗ ਕੀਤੀ ਕਿ ਪੀੜਤਾਂ ਨੂੰ ਇਨਸਫ ਦੇਣ ਅਤੇ ਅਤਿਵਾਦ ਕਿਸਮ ਦੇ ਧਾਰਮਿਕ ਹੁਲੜਬਾਜਾਂ ਨੂੰ ਸਜਾ ਦਿਵਾਉਣ ਲਈ ਲੋਕ ਸਭਾ ਵਿੱਚ ਆਵਾਜ਼ ਉਠਾਈ ਜਾਵੇ। ਉਨ੍ਹਾਂ ਵਾਅਦਾ ਕੀਤਾ ਕਿ ਸੋਮਵਾਰ ਨੂੰ ਇਹ ਮਸਲਾ ਲੋਕ ਸਭਾ ਵਿੱਚ ਉਠਾਉਣਗੇ। ਬਾਕੀ ਉਹ ਆਪਣਾ ਵਾਅਦਾ ਕਿਥੋਂ ਤੱਕ ਨਿਭਾਉਂਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਥੇ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਘੱਟ ਜਮੀਨਾਂ ਵਾਲੇ ਕਿਸਾਨਾਂ ਨੇ ਪਸ਼ੂ ਪਾਲਣ ਤੇ ਇਨ੍ਹਾਂ ਦੇ ਵਾਪਾਰ ਦਾ ਕਿੱਤਾ ਵੀ ਅਪਣਾਇਆ ਹੋਇਆ ਹੈ। ਆਰਐੱਸਐੱਸ ਦੇ ਕਰਿੰਦੇ ਪੰਜਾਬ ਦੀ ਆਰਥਿਕਤਾ ਤੇ ਸਿੱਖ ਕਿਰਸਾਨੀ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ। ਇਸ ਦਾ ਸਬੂਤ ਇਹ ਹੈ ਕਿ ਅਜਾਦ ਭਾਰਤ ਦੇ ਅਣਵੰਡੇ ਸੂਬੇ ਪੰਜਾਬ ਜਿਸ ਵਿੱਚ ਮੌਜੂਦਾ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਆਉਂਦੇ ਹਨ ਇਨ੍ਹਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਭਾਰਤ ਵਿੱਚ ਬੁੱਚੜਖਾਨੇ ਚੱਲ ਰਹੇ ਹਨ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਬਾਕੀ ਦੇ ਸੂਬਿਆਂ ਵਿੱਚ ਹਿੰਦੂ ਆਬਾਦੀ ਪੰਜਾਬ ਦੇ ਮੁਕਾਬਲੇ ਕਿਤੇ ਜਿਆਦਾ ਹੈ ਪਰ ਇਸ ਦੇ ਬਾਵਯੂਦ ਉਥੇ ਚੱਲ ਰਹੇ ਬੁੱਚੜਖਾਨਿਆਂ ਵਿੱਚ ਹੋ ਰਹੀ ਗਊ ਹੱਤਿਆ ਕਾਰਣ ਕਿਸੇ ਗਊ ਭਗਤ ਦੇ ਜ਼ਜ਼ਬਾਤ ਨਹੀਂ ਭੜਕਦੇ। ਪਰ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਇਨ੍ਹਾਂ ਦੇ ਜ਼ਜ਼ਬਾਤ ਕਦੀ ਸ਼ਾਂਤ ਹੁੰਦੇ ਹੀ ਨਹੀਂ। ਪੰਜਾਬ ਵਿੱਚ ਬੇਅੰਤ ਸਿੰਘ ਸਰਕਾਰ ਸਮੇਂ ਡੇਰਾਬੱਸੀ ਦੇ ਨਜ਼ਦੀਕ ਇੱਕ ਉਚ ਤਕਨੀਕੀ ਮੀਟ ਪਲਾਂਟ ਖੋਲ੍ਹਿਆ ਗਿਆ ਸੀ ਪਰ ਇਨ੍ਹਾਂ ਗਊ ਭਗਤਾਂ ਦੇ ਧਰਨਿਆਂ ਅਤੇ ਇਨ੍ਹਾਂ ਦੇ ਥੱਲੇ ਲੱਗੇ ਬਾਦਲਕਿਆਂ ਦੇ ਸਮਰਥਨ ਨਾਲ ਇਹ ਬੰਦ ਹੋ ਚੁੱਕਾ ਹੈ।

ਹੁਣ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਗਊ ਹੱਤਿਆ ਵਾਲੇ ਥਾਵਾਂ ’ਤੇ ਯਾਦਗਰਾਂ ਵੀ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਹਨ, ਜਦੋਂ ਕਿ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਉਨ੍ਹਾਂ ਵੱਲੋਂ ਲੱਭੀਆਂ ਗਈਆਂ 25 ਹਜ਼ਾਰ ਲਾਸ਼ਾਂ ਤੋਂ ਲੈ ਕੇ ਜਸਪਾਲ ਸਿੰਘ ਚੌੜ ਸਿੱਧਵਾਂ ਤੱਕ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖਾਂ ਦੀ ਕੋਈ ਯਾਦਗਰ ਤਾਂ ਕੀ ਬਣਨੀ ਸੀ ਉਨ੍ਹਾਂ ਦੇ ਕਿਸੇ ਕਾਤਲ ਪੁਲਸੀਏ ਨੂੰ ਗ੍ਰਿਫ਼ਤਾਰ ਤੱਕ ਨਹੀਂ ਕੀਤਾ ਗਿਆ। ਕਾਤਲਾਂ ਵਿੱਚੋਂ ਕਈ ਤਾਂ ਇਨਾਮ ਵਜੋਂ ਉਚ ਸਰਕਾਰੀ ਅਹੁਦਿਆਂ ਦਾ ਅਨੰਦ ਵੀ ਮਾਣ ਰਹੇ ਹਨ ਜਿਨ੍ਹਾਂ ਵਿੱਚੋਂ ਡੀਜੀਪੀ ਪੰਜਾਬ ਸ਼੍ਰੀ ਸੁਮੇਧ ਸੈਣੀ ਅਤੇ ਮਲੇਰਕੋਟਲਾ ਹਲਕੇ ਦੇ ਬਾਦਲ ਵੱਲੋਂ ਥਾਪੇ ਗਏ ਅਕਾਲੀ ਆਗੂ ਇਜ਼ਹਾਰ ਆਲਮ ਸਾਬਕਾ ਆਈਪੀਐੱਸ ਦੀ ਪਤਨੀ ਨੂੰ ਚੀਫ ਪਾਰਲੀਮੈਂਟਰੀ ਸਕੱਤਰ ਦਾ ਅਹੁੱਦਾ ਬਖ਼ਸ਼ਣਾ ਹੈ। ਗਊ ਭਗਤਾਂ ਨੂੰ ਸਿਰਫ ਪੰਜਾਬ ਵਿੱਚ ਹੀ ਗਊ ਹੱਤਿਆ ਵਿਰੁਧ ਅੰਦੋਲਨ ਚਲਾਉਣ ਦਾ ਜਾਨੂੰਨ ਚੜ੍ਹਿਆ ਹੈ ਜਿਨ੍ਹਾਂ ਦੇ ਭੈਅ ਸਦਕਾ ਸੈਂਕੜੇ ਅਵਾਰਾ ਗਊਆਂ ਤੇ ਢੱਠਿਆਂ ਦੇ ਵੱਗ ਕਿਸਨਾਂ ਦੀਆਂ ਫਸਲਾਂ ਉਜਾੜਦੇ ਤੇ ਸ਼ਹਿਰਾਂ ਤੇ ਮੁਖ ਸੜਕਾਂ ’ਤੇ ਹਰ ਰੋਜ ਹਾਦਸਿਆਂ ਦਾ ਕਾਰਣ ਬਣ ਰਹੇ ਹਨ। ਜੇ ਕੋਈ ਗਰੀਬ ਕਿਸਾਨ ਚੰਗੀ ਨਸਲ ਦੀਆਂ ਗਊਆਂ ਪਾਲ ਕੇ ਉਨ੍ਹਾਂ ਦੇ ਵਾਪਾਰ ਰਾਹੀਂ ਕੁਝ ਸੰਭਾਵਨਾਂ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੀ ਉਮੀਦ ’ਤੇ ਵੀ ਬਰਨਾਲਾ ਤੇ ਬਠਿੰਡਾ ਵਰਗੀਆਂ ਘਟਨਾਵਾਂ ਪਾਣੀ ਫੇਰ ਦਿੰਦੀਆਂ ਹਨ। ਸੋ ਮੀਟ ਪਲਾਂਟ ਅਤੇ ਵਪਾਰ ਬੰਦ ਕਰਵਾ ਕੇ ਪੰਜਾਬ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਤਹਿਸ਼ ਨਹਿਸ਼ ਕਰ ਰਹੇ ਹਨ। ਪੰਜਾਬ ਦੇ ਹਿਤਾਂ ਦੇ ਰਾਖੇ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪੰਜਾਬ ਨੂੰ ਖਤਮ ਕਰਨ ਲਈ ਇਨ੍ਹਾਂ ਧਾਰਮਿਕ ਜਨੂੰਨੀਆਂ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਹਨ। ਦੂਸਰੇ ਨੰਬਰ ’ਤੇ ਸਿੱਖ ਸੰਤਾਂ ਤੇ ਨਾਮਧਾਰੀਆਂ ਦੇ ਚੇਲੇ ਇਨ੍ਹਾਂ ਦੇ ਸਮਰਥਨ ਵਿੱਚ ਖੜ੍ਹ ਕੇ ਸਿੱਖਾਂ ਦੀ ਮਾਨਸਿਕਤਾ ਵਿੱਚ ਇਹ ਭਰ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗਊ ਗਰੀਬ ਦੀ ਰੱਖਿਆ ਲਈ ਹੀ ਖ਼ਾਲਸਾ ਸਾਜਿਆ ਸੀ। ਇਹੋ ਕਾਰਣ ਹੈ ਕਿ ਟਰੱਕ ਘੇਰਨ ਅਤੇ ਗਊ ਹੱਤਿਆ ਵਿਰੁਧ ਰੌਲਾ ਪਾਉਣ ਵਾਲਿਆਂ ਵਿੱਚ ਬਹੁਤੇ ਸੁਖਪਾਲ ਸਿੰਘ ਸਰਾਂ ਦੀ ਸ਼ਕਲ ਸੂਰਤ ਵਾਲੇ ਸਿੱਖ ਹੀ ਹੁੰਦੇ ਹਨ। ਜਿਹੜੇ ਕੁਝ ਕਿਸਾਨ ਅਸਲੀਅਤ ਸਮਝਦੇ ਹਨ ਉਹ ਵੀ ਧਾਰਮਕ ਮਸਲਾ ਉਲਝ ਜਾਣ ਦੇ ਡਰੋਂ ਤੇ ਹਿੰਦੂ ਅਤਿਵਾਦ ਦੇ ਡਰੋਂ ਕੁਝ ਬੋਲਣ ਲਈ ਤਿਆਰ ਨਹੀਂ, ਜਿਸ ਕਾਰਣ ਇਨ੍ਹਾਂ ਵਿਰੁਧ ਕਿਸੇ ਸੰਘਰਸ ਦੀ ਲਾਮਬੰਦੀ ਹੋਣੀ ਅਸੰਭਵ ਹੈ।

ਮੈਂ ਇਸ ਲੇਖ ਰਾਹੀਂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਹ ਅਮਰੀਕਾ ਵਿਚ ਇੱਕ ਸਿਰ ਫਿਰੇ ਗੋਰੇ ਵੱਲੋਂ ਗੁਰਦੁਆਰੇ ਵਿੱਚ ਦਾਖ਼ਲ ਹੋ ਕੇ ਅੰਧਾ ਧੁੰਦ ਗੋਲੀ ਚਲਾ ਕੇ ਮਾਰੇ ਗਏ 6 ਸਿੱਖਾਂ ਨੂੰ ਇਨਸਾਫ਼ ਦਿਵਾੁਣ ਲਈ ਪਾਰਲੀਮੈਂਟ ਵਿੱਚ ਬੜੇ ਜੋਸ਼ੀਲੇ ਲੈਕਚਰ ਕਰ ਰਹੀ ਹੈ, ਪਰ ਉਹ ਪੰਜਾਬ ਵਿੱਚ ਗਰੀਬ ਕਿਸਾਨਾਂ ਤੇ ਪਸ਼ੂ ਵਪਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਕਦੋਂ ਬੋਲਣਗੇ? ਅਮਰੀਕਾ ਜਿਥੋਂ ਦੀ ਸਰਕਾਰ ਤੋਂ ਉਹ ਸਿੱਖਾਂ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ, ਉਸ ਨੇ ਤਾਂ ਦੁਨੀਆਂ ਭਰ ’ਚ ਇਹ ਪਹਿਲੀ ਮਿਸਾਲ ਪੈਦਾ ਕੀਤੀ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਪੁਲਿਸ ਉਥੇ ਪਹੁੰਚ ਗਈ ਤੇ ਗੋਲੀ ਚਲਾ ਰਹੇ ਉਸ ਸਿਰ ਫਿਰੇ ਦਰਿੰਦੇ ਗੋਰੇ ਨੂੰ ਥਾਂ ’ਤੇ ਹੀ ਮੁਕਾਬਲਾ ਕਰਕੇ ਢੇਰੀ ਕਰ ਦਿੱਤਾ, ਜਿਸ ਦੌਰਾਣ ਇੱਕ ਪੁਲਿਸ ਅਫਸਰ ਵੀ ਜਖ਼ਮੀ ਹੋ ਗਿਆ। ਉਸ ਜਖ਼ਮੀ ਹੋਏ ਗੋਰੇ ਅਮਰੀਕਨ ਪੁਲਿਸ ਅਫਸਰ ਦੀ ਇਨਸਾਨੀਅਤ ਦੀ ਸਿਖ਼ਰ ਵੇਖੋ ਕਿ ਜਦੋਂ ਉਸ ਨੂੰ ਜਖ਼ਮੀ ਹਾਲਤ ਵਿੱਚ ਚੁੱਕ ਕੇ ਹਸਪਤਾਲ ਲਿਜਾਣ ਲੱਗੇ ਤਾਂ ਉਹ ਕਹਿਣ ਲੱਗੇ ਕਿ ਮੇਰੀ ਫ਼ਿਕਰ ਛੱਡੋ ਫਾਇਰਿੰਗ ਦੌਰਾਣ ਗੁਰਦੁਆਰੇ ਅੰਦਰ ਹੋਏ ਜਖ਼ਮੀਆਂ ਦੀ ਸਾਰ ਲਵੋ ਤੇ ਗੋਲੀ ਚਲਾ ਰਹੇ ਉਸ ਦਰਿੰਦੇ ਨੂੰ ਪਹਿਲਾਂ ਕਾਬੂ ਕਰੋ ਤਾਂ ਕਿ ਉਹ ਹੋਰ ਜਾਨਾਂ ਦਾ ਨੁਕਸਾਨ ਨਾ ਕਰ ਸਕੇ। ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਤਾਂ ਬੇਅੰਤ ਹੋਏ ਹਨ ਪਰ ਅਮਰੀਕਾ ਵਿੱਚ ਹੋਇਆ ਦੁਨੀਆਂ ਦਾ ਇਹ ਪਹਿਲਾ ਅਸਲੀ ਪੁਲਿਸ ਮੁਕਾਬਲਾ ਹੈ ਜਿਥੇ ਕਾਤਲ ਬਣੇ ਦਰਿੰਦੇ ਨੂੰ ਮੌਕੇ ’ਤੇ ਢੇਰੀ ਕੀਤਾ ਹੋਵੇ।

ਅਮਰੀਕਾ ਦਾ ਪ੍ਰਧਾਨ ਬਰਾਕ ਓਬਾਮਾ ਆਪਣੇ ਸਰਕਾਰੀ ਦੌਰੇ ’ਤੇ ਸਨ, ਘਟਨਾ ਦੀ ਖ਼ਬਰ ਮਿਲਦਿਆਂ ਸਾਰ ਆਪਣਾ ਸਰਕਾਰੀ ਦੌਰਾ ਰੱਦ ਕਰਕੇ ਉਹ ਵਾਪਸ ਰਾਜਧਾਨੀ ਪਹੁੰਚੇ ਤੇ 10 ਅਗੱਸਤ ਜਾਨੀ ਕਿ ਫਾਇਰਿੰਗ ਦੌਰਾਣ ਸ਼ਹੀਦ ਹੋਏ ਸਿੰਘਾਂ ਦੇ ਭੋਗ ਤੱਕ ਸਰਕਾਰੀ ਤੌਰ ’ਤੇ ਸੋਗ ਮਨਾਉਣ ਤੇ ਕੌਮੀ ਝੰਡੇ ਮੰਦਭਾਗੀ ਘਟਨਾ ਦੇ ਸੋਗ ਵਜੋਂ ਅੱਧੇ ਨੀਵੇਂ ਕਰਕੇ ਝੁਲਾਉਣ ਦਾ ਹੁਕਮ ਦਿੱਤਾ। ਸ਼੍ਰੀ ਓਬਾਮਾ ਨੇ ਇੱਕ ਹੋਰ ਬਿਆਨ ਦਿੱਤਾ ਕਿ ਜੇ ਇਹ ਮੰਦਭਾਗੀ ਘਟਨਾ ਨਸਲੀ ਵਿਤਕਰੇ ਕਰਕੇ ਹੋਈ ਹੈ ਤਾਂ ਇਹ ਦੇਸ਼ ਤੇ ਕੌਮ ਲਈ ਇੱਕ ਕਾਲਾ ਧੱਬਾ ਹੈ। ਸਰਕਾਰ, ਪ੍ਰਸ਼ਾਸ਼ਨ ਤੇ ਪੂਰੀ ਅਮਰੀਕਨ ਕਮਿਊਨਿਟੀ ਨੇ ਸਿੱਖਾਂ ਦੇ ਦਰਦ ਨੂੰ ਵੰਡਾਇਆ ਤੇ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹਨ ਤੇ ਇਨਸਾਫ ਦੇਣ ਦਾ ਵਿਸ਼ਵਾਸ਼ ਦਿਵਾਇਆ। ਪਰ ਜਿਸ ਦੇਸ਼ ਦੀ ਪਾਰਲੀਮੈਂਟ ਵਿੱਚ ਅਮਰੀਕਾ ਤੋਂ ਸਿੱਖਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਦਿੱਲੀ, ਕਾਨਪੁਰ, ਗੁਜਰਾਤ, ਉੜੀਸਾ ਕਰਨਾਟਕਾ ਵਿੱਚ ਆਪਣੇ ਹੀ ਦੇਸ਼ ਵਾਸੀਆਂ ਦੀ ਘੱਟ ਗਿਣਤੀ ਕੌਮਾਂ ਦਾ ਨਸਲਘਾਤ ਹੋ ਚੁੱਕਾ ਹੈ, ਜਿਨ੍ਹਾਂ ਦੇ ਕਾਤਲ ਸਿਰਫ ਸਰਕਾਰੀ ਛਤਰੀ ਥੱਲੇ ਦਨਦਨਾਉਂਦੇ ਹੀ ਨਹੀਂ ਫਿਰਦੇ ਬਲਕਿ ਉਨ੍ਹਾਂ ਵਿੱਚੋਂ ਕਈ ਇਨਾਮ ਵਜੋਂ ਉਚ ਅਹੁਦਿਆਂ ਦਾ ਸੁੱਖ ਭੋਗ ਰਹੇ ਹਨ। ਇਹ ਮੰਗ ਕਰਨ ਵਾਲੀ ਮੈਂਬਰ ਪਾਰਲੀਮੈਂਟ ਦੇ ਆਪਣੇ ਸੂਬੇ ਵਿੱਚ ਆਪਣੀ ਹੀ ਪਾਰਟੀ ਦੀ ਸਰਕਾਰ ਤੇ ਆਪਣੇ ਹੀ ਸਹੁਰੇ ਤੇ ਪਤੀ ਦੇ ਕਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹੁੰਦਿਆਂ ਇਥੋਂ ਦੇ ਪੁਲਿਸ ਅਫਸਰ ਮੰਨ ਰਹੇ ਹਨ ਕਿ ਕਾਨੂੰਨ ਨੂੰ ਕੌਣ ਪੁੱਛਦਾ ਹੈ? ਮੌਕੇ ਤੇ ਇਕੱਤਰ ਹੋਏ ਹੁੱਲੜਬਾਜਾਂ ਦੇ ਦਬਾਅ ਥੱਲੇ ਉਨ੍ਹਾਂ ਨੂੰ ਦੋਸ਼ੀ ਛੱਡਣ ਅਤੇ ਨਿਰਦੋਸ਼ਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਤੇ ਉਨ੍ਹਾਂ ਦਾ ਪਸ਼ੂਧਨ ਜ਼ਬਤ ਕਰਕੇ ਹੁਲੜਬਾਜਾਂ ਦੇ ਹਵਾਲੇ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ।

ਵੈਸੇ ਤਾਂ ਉਸ ਪੁਲਿਸ ਅਫਸਰ ਦੀ ਸੱਚ ਬਿਆਨੀ ਦੀ ਕਦਰ ਕਰਨੀ ਬਣਦੀ ਹੈ, ਜਿਹੜੇ ਮੰਨ ਰਹੇ ਕਿ ਜੇ ਉਹ ਕਾਨੂੰਨ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਤਾਂ ਹੁਲੜਬਾਜਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਹੋਰ ਕੋਈ ਵੱਡਾ ਨੁਕਸਾਨ ਵੀ ਕਰ ਦੇਣਾ ਸੀ। ਅਸਲ ਵਿੱਚ ਐਸੇ ਡਰਪੋਕ ਅਫਸਰ ਦੀ ਕਦਰ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਬਾਦਲ ਰਾਜ ਜਿੱਥੇ ਕਾਨੂੰਨ ਨਾ ਦੀ ਕੋਈ ਚੀਜ ਹੀ ਨਹੀ ਉਥੇ ਅਸੀਂ ਹੋਰ ਕਰ ਵੀ ਕੀ ਸਕਦੇ ਹਾਂ? ਫਿਰ ਇਸ ਪਾਰਟੀ ਦੀ ਮੈਂਬਰ ਪਾਰਲੀਮੈਂਟ ਦੀ ਦੀਦਾ ਦਲੇਰੀ ਵੇਖੋ ਕਿ ਉਸ ਨੂੰ ਪੰਜਾਬ ਦੀ ਵਿਗੜੀ ਹਾਲਤ ਤਾਂ ਨਜ਼ਰ ਨਹੀਂ ਪੈਂਦੀ ਪਰ ਅਮਰੀਕਾ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ। ਕੀ ਅਜਿਹੇ ਹਾਲਤ ਜਿਥੇ ਕਾਨੂੰਨ ਆਪਣਾ ਕੰਮ ਕਰਨ ਛੱਡ ਦੇਵੇ ਉਥੇ ਅਤਿਵਾਦ ਪੈਦਾ ਹੋਣ ਤੋਂ ਕੋਈ ਰੋਕ ਸਕਦਾ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top