Share on Facebook

Main News Page

ਬਾਦਲ ਖਿਲਾਫ ਪਟੀਸ਼ਨ ਦਾਖਿਲ ਕਰਨ ਵਾਲਿਆਂ ਦੇ ਘਰ ਪੰਜਾਬ ਪੁਲਿਸ ਲੱਗੀ ਗੇੜੀਆਂ ਮਾਰਨ

* ਪਟੀਸ਼ਨ ਖਾਰਜ਼ ਕਰਵਾਉਣ ਲਈ ਪਰਿਵਾਰਾਂ ਅਤੇ ਰਿਸਤੇਦਾਰਾਂ ਤੇ ਪਾਇਆ ਜਾ ਸਕਦਾ ਦਬਾਅ
* ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਵਿੱਚ ਵਿਸਕੋਸੀਨ ਅਦਾਲਤ ਵਿੱਚ ਪਟੀਸ਼ਨ ਦਾਇਰ

ਭਦੌੜ 11 ਅਗਸਤ (ਸਾਹਿਬ ਸੰਧੂ) ਪੰਜਾਬ ਵਿਚ ਸਿੱਖ ਭਾਈਚਾਰੇ ਖਿਲਾਫ ਲਗਾਤਾਰ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਅਤੇ ਪੁਲਿਸ ਹਿਰਾਸਤ ਵਿਚ ਤਸ਼ੱਦਦ ਤੇ ਫਰਜ਼ੀ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ, ਡੀ ਜੀ ਪੀ ਸੁਮੇਧ ਸੈਣੀ ਤੇ ਹੋਰਾਂ ਨੂੰ ਬਚਾਉਣ ਦੇ ਦੋਸ਼ਾਂ ਤਹਿਤ ਅਮਰੀਕਾ ਦੇ ਪੂਰਬੀ ਜ਼ਿਲਾ ਵਿਸਕਾਂਸਿਨ ਦੀ ਜ਼ਿਲਾ ਅਦਾਲਤ ਵਿੱਚ ਉਥੋਂ ਦੇਨੇ ਅਮਰੀਕਾ ਦੌਰੇ ‘ਤੇ ਆਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਣ ਜਾਰੀ ਕੀਤੇ ਹਨ।ਇਹ ਮੁੱਕਦਮਾ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ, ਪੰਜਾਬ ਵਿਚ ਵਿਰੋਧੀ ਸਿਆਸੀ ਪਾਰਟੀ ਸ੍ਰੋਮਣੀ ਅਕਾਲੀ (ਅੰਮ੍ਰਿਤਸਰ) ਤੇ ਪੁਲਿਸ ਤਸ਼ੱਦਦ ਦੇ ਸ਼ਿਕਾਰ ਪੀੜਤਾਂ ਵਲੋਂ ਪੂਰਬੀ ਜ਼ਿਲਾ ਵਿਸਕਾਂਸਿਨ ਦੀ ਅਮਰੀਕੀ ਜ਼ਿਲਾ ਅਦਾਲਤ ਵਿਚ ਮੁਕੱਦਮਾ ਨੰਬਰ 12-ਸੀ-0806 ਤਹਿਤ ਦਰਜ ਕਰਵਾਇਆ ਗਿਆ।

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਜ਼ਾਰੀ ਹੋਣ ਤੋਂ ਬਆਦ ਪੰਜਾਬ ਵਿੱਚ ਰਹਿੰਦੇ ਸਕਾਇਤ ਕਰਤਾਵਾਂ ਦੇ ਘਰ ਪੁਲਿਸ ਨੇ ਗੇੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਕਤ ਪਰਿਵਾਰਾਂ ਨੂੰ ਭਾਂਵੇ ਪੁਲਿਸ ਨੇ ਕਿਸੇ ਤਰਾਂ ਨਾਲ ਵੀ ਡਰਾਇਆ ਧਮਕਇਆ ਨਹੀ ਪੰ੍ਰਤੂ ਉਕਤ ਪਰਿਵਾਰਾਂ ਵਿੱਚ ਸਹਿਮ ਜਰੂਰ ਬਣਿਆ ਹੋਇਆ ਹੈ। ਇਸ ਤਰਾਂ ਹੀ ਬਲਾਕ ਸ਼ਹਿਣਾ ਦੇ ਨਾਲ ਲੱਗਦੇ ਗਿੱਲ ਕੋਠੇ ਦੇ ਰਹਿਣ ਜਗਤਾਰ ਸਿੰਘ ਪੁੱਤਰ ਚੰਦ ਸਿੰਘ ਜੋ ਕਿ ਚਾਰ ਸਾਲ ਤੋਂ ਅਮਰੀਕਾ ਰਹਿੰਦਾ ਹੈ ਤੇ ਉਕਤ ਪਟੀਸ਼ਨ ਪਾਉਣ ਵਾਲਿਆਂ ਵਿੱਚ ਸ਼ਾਮਿਲ ਹੈ ਦੇ ਘਰ ਵੀ ਡੀ. ਐਸ. ਪੀ ਤਪਾ ਤੋਂ ਇਲਾਵਾ ਸ਼ਹਿਣਾ ਥਾਣਾ ਦੇ ਐਸ. ਐਚ. ਓ ਵੱਲੋਂ ਪਰਿਵਾਰ ਨਾਲ ਗੱਲਬਾਤ ਕਰਕੇ ਉਹਨਾਂ ਦੇ ਬਿਆਨ ਕਲਮਬੰਧ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਮਿਲਣ ਤੇ ਸਾਡੀ ਟੀਮ ਵੱਲੋਂ ਜਗਤਾਰ ਸਿੰਘ ਦੇ ਘਰ ਜਾਕੇ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਜਗਤਾਰ ਸਿੰਘ ਦੇ ਛੋਟੇ ਭਰਾ ਚਮਕੌਰ ਸਿੰਘ ਨੇ ਦੱਸਿਆ ਕਿ ਅਸੀਂ ਚਾਰ ਭਰਾ ਹਾਂ ਤੇ ਜਗਤਾਰ ਸਿੰਘ ਜੋ ਕਿ ਪਿਛਲੇ ਤਿੰਨ ਚਾਰ ਸਾਲ ਤੋਂ ਆਪਣੇ ਪਰਿਵਾਰ ਸਮੇਤ ਅਮਰੀਕਾ ਰਹਿ ਰਿਹਾ ਹੈ ਤੇ ਸਾਡੇ ਨਾਲ ਉਸ ਦਾ ਵਰਤ ਵਰਤਾਰਾ ਬਹੁਤ ਘੱਟ ਹੈ ਤੇ ਉਸ ਵੱਲੋਂ ਪਾਈ ਪਟੀਸ਼ਨ ਦੇ ਅਧਾਰ ਤੇ ਬੀਤੇ ਦਿਨ ਡੀ. ਐਸ. ਪੀ ਤਪਾ ਅਤੇ ਸ਼ਹਿਣਾ ਦੇ ਐਸ. ਐਚ. ਓ ਉਹਨਾਂ ਦੇ ਘਰ ਆਏ ਤੇ ਉਹਨਾਂ ਨੇ ਉਹਨਾਂ ਬਾਰੇ ਤੇ ਉਹਨਾਂ ਦੇ ਰਿਸਤੇਦਾਰਾਂ ਬਾਰੇ ਡੂੰਘਾਈ ਨਾਲ ਪੁੱਛਗਿਛ ਕਰਕੇ ਉਹਨਾਂ ਦੇ ਬਿਆਨ ਕਲਮਬੰਧ ਕੀਤੇ ਗਏ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਭਰਾ ਤੋਂ ਇਲਾਵਾ ਸਥਾਨਕ ਹੀ ਉਹਨਾਂ ਦੇ ਗਵਾਂਢੀ ਜੋਗਿੰਦਰ ਸਿੰਘ ਪੁੱਤਰ ਅਰਜ਼ਨ ਸਿੰਘ ਦੇ ਵੀ ਬਿਆਨ ਕਲਮਬੰਧ ਕੀਤੇ ਗਏ।

 ਪਰਿਵਾਰ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਕੁੱਝ ਨਹੀ ਆਖਿਆ ਤੇ ਨਾਹੀ ਡਰਾਇਆ ਧਮਕਾਇਆ ਤੇ ਇਹ ਆਖਿਆ ਕਿ ਜ਼ੇਕਰ ਕੋਈ ਜਰੂਰਤ ਪਈ ਤਾਂ ਤੁਹਾਨੂੰ ਥਾਣੇ ਬੁਲਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਅਦਾਲਤ ਵਲੋਂ ਪੰਜਾਬ ਦੇ ਮੁੱਖ ਮੰਤਰੀ ਬਾਦਲ ਖਿਲਾਫ 8 ਅਗਸਤ ਨੂੰ ਜਾਰੀ ਕੀਤੇ ਗਏ ਸੰਮਣ ਵਿਚ ਉਨਾਂ ‘ਤੇ ਭਾਰਤ ਵਿਚ ਪੰਜਾਬ ਸੂਬੇ ਵਿਚ ਸਿਖਾਂ ਖਿਲਾਫ ਲਗਾਤਾਰ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਅਤੇ ਫਰਜ਼ੀ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਬਚਾਉਣ ਅਤੇ ਤਸ਼ੱਦਦ ਦੇ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਲਈ ਉਨਾਂ ਨੂੰ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਬਾਦਲ ਖਿਲਾਫ ਇਸ ਮੁਕੱਦਮੇ ਵਿਚ ਜਿਊਰੀ ਟਰਾਇਲ ਅਤੇ ਸਰਟੀਫਿਕੇਸ਼ਨ ਆਫ ਕਲਾਸ ਜਿਸ ਵਿਚ ਉਨਾਂ ਲੋਕਾਂ ਸ਼ਾਮਿਲ ਕੀਤਾ ਜਾਵੇ ਜਿਹੜੇ ਬਾਦਲ ਦੇ ਸ਼ਾਸਨ ਵਿਚ ਤਸ਼ੱਦਦ ਦਾ ਸ਼ਿਕਾਰ ਹੋਏ ਹਨ, ਦੀ ਮੰਗ ਕੀਤੀ ਗਈ ਹੈ। ਇੱਥੇ ਦਸਣਯੋਗ ਹੈ ਕਿ ਪੰਜਾਬ ਵਿਚ 1997 ਤੋਂ 2002 ਤੱਕ ਅਤੇ 2007 ਤੋਂ ਲੈਕੇ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਦਾ ਸ਼ਾਸਨ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਬਾਦਲ ਖਿਲਾਫ ਇਹ ਮੁਕੱਦਮਾ ਏਲੀਅਨ ਟੋਰਟ ਕਲੇਮਸ ਐਕਟ (ਏ ਟੀ ਸੀ ਏ) ਤੇ ਟਾਰਚਰ ਵਿਕਟਿਮ ਪ੍ਰੋਟੈਕਸ਼ਨ ਐਕਟ (ਟੀ ਵੀ ਪੀ ਏ) ਤਹਿਤ ਦਰਜ ਕਰਵਾਇਆ ਗਿਆ ਹੈ ਜੋ ਕਿ ਇਸ ਗਲ ‘ਤੇ ਅਧਾਰਿਤ ਹੈ ਕਿ ਬਾਦਲ ਦੀ ਕਮਾਂਡ ਤੇ ਅਥਾਰਟੀ ਤਹਿਤ ਕੰਮ ਕਰਦੀ ਪੰਜਾਬ ਪੁਲਿਸ ਤੇ ਸੁਰਖਿਆ ਬਲਾਂ ਨੇ ਉਸ ਦੇ ਹੁਕਮਾਂ ‘ਤੇ ਕਮਾਂਡ ਤਹਿਤ ਇਹ ਗੈਰ ਮਨੁੱਖੀ ਵਤੀਰੇ ਵਾਲੀਆਂ ਕਾਰਵਾਈਆਂ ਕੀਤੀਆਂ ਹਨ।ਇਸ ਮਾਮਲੇ ਨੂੰ ਲੈਕੇ ਸਥਾਨਕ ਸ਼ਹਿਣਾ ਪੁਲਿਸ ਕਾਫੀ ਸਰਗਰਮੀ ਦਿਖਾ ਰਹੀ ਹੈ ਜਿਸ ਤੋਂ ਇਹ ਜਾਪ ਰਿਹਾ ਹੈ ਕਿ ਪੁਲਿਸ ਇਸ ਪਟੀਸ਼ਨ ਨੂੰ ਖਾਰਜ਼ ਕਰਵਾਉਣ ਲਈ ਉਕਤ ਪਰਿਵਾਰਾਂ ਤੇ ਉਹਨਾਂ ਦੇ ਰਿਸਤੇਦਾਰਾਂ ਤੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਦਬਾਅ ਪਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top