Share on Facebook

Main News Page

10 ਅਗਸਤ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਮਾਣਯੋਗ ਅਦਾਲਤ ਨੇ ਦਲਜੀਤ ਸਿੰਘ ਸ਼ਿਕਾਗੋ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਭੇਜਣ ਦੇ ਹੁਕਮ ਦਿੱਤੇ

ਆਈਲੈਂਡ ਲੇਕ (ਇਲਾਨੌਇਸ) - ਆਖਰ ਸਿੱਖੀ ਫਲਸਫੇ ਦੇ ਮੁਤਾਬਿਕ “ਸੱਚ ਕਦੇ ਹਾਰਦਾ ਨਹੀਂ” ਸਾਬਤ ਹੋ ਹੀ ਗਿਆ ਜਦੋਂ ਆਪਣੇ ਨਾਂ ਦੇ ਨਾਲ “ਸੰਤ” “ਬਾਬਾ” ਅਤੇ ਹੋਰ ਕਈ ਪਵਿੱਤਰ ਸੰਬੋਧਕ ਲਫਜ਼ ਆਪਣੇ ਨਾਮ ਨਾਲ ਜੋੜ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਵਾਲਾ ਦਲਜੀਤ ਸਿੰਘ ਅਦਾਲਤ ਵਲੋਂ ਬੇਨਿਯਮੀਆਂ ਕਰਕੇ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਅਤੇ ਅਗਸਤ 10, 2012 ਨੂੰ ਮਾਣਯੋਗ ਅਦਾਲਤ ਵਿੱਚ ਆਪਣੇ ਪ੍ਰਤੀ ਅਦਾਲਤ ਦਾ ਫੈਸਲਾ ਸੁਣਨ ਨਾ ਗਿਆ, ਤਾਂ ਅਦਾਲਤ ਨੇ ਦਲਜੀਤ ਸਿੰਘ ਦੇ ਵਾਰੰਟ ਜਾਰੀ ਕਰ ਦਿੱਤੇ ਹਨ।

ਮਾਣਯੋਗ ਅਦਾਲਤ ਵਿੱਚ ਚਲਦੇ ਕੇਸ ਦੀ ਵਿਰੋਧੀ ਧਿਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਦਲਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਮਾਣਯੋਗ ਅਦਾਲਤ ਨੇ ਇਸ ਕਰਕੇ ਦਿੱਤੇ ਹਨ ਕਿ ਉਸਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ। ਉਪਰੰਤ ਉਸ ਪ੍ਰਤੀ ਹੋਣ ਵਾਲੇ ਫੈਸਲੇ ਨੂੰ ਸੁਣਨ ਵਿੱਚ ਵੀ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ 10 ਅਗਸਤ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਮਾਣਯੋਗ ਅਦਾਲਤ ਨੇ ਦਲਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਭੇਜਣ ਦੇ ਹੁਕਮ ਦੇ ਦਿੱਤੇ ਹਨ। ਕਈ ਸਾਲਾਂ ਤੋਂ ਗੁਰਦਵਾਰਾ ਗੁਰਜੋਤ ਪ੍ਰਕਾਸ਼ ਦੇ ਸਬੰਧ ਵਿੱਚ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ। ਦਲਜੀਤ ਸਿੰਘ ਜੋ ਕਿ “ਸ਼ਿਕਾਗੋ ਵਾਲਾ ਬਾਬਾ” ਕਰਕੇ ਜਾਣਿਆ ਜਾਂਦਾ ਹੈ, ਇਸ ਕੇਸ ਨੂੰ ਕਈ ਮੋੜ ਦਿੰਦਾ ਰਿਹਾ।

ਗੁਰਦਵਾਰਾ ਸਾਹਿਬ ਦੀ ਪ੍ਰਾਪਰਟੀ ਨੂੰ ਕਈ ਢੰਗ ਤਰੀਕਿਆਂ ਦੇ ਨਾਲ ਆਪਣੇ ਨਾਂ, ਗੁਰੂ ਨਾਨਕ ਸਿੱਖ ਮਿਸ਼ਨ ਦੇ ਨਾਂ ਅਤੇ ਆਖਰ ਨੂੰ ਹਰਪ੍ਰੀਤ ਸੈਣੀ ਦੇ ਨਾਂ ਕਰਾ ਦਿੱਤਾ ਸੀ। ਯਾਦ ਰਹੇ ਕਿ ਬਾਬੇ ਨੇ ਇਸ ਕੇਸ ਵਿੱਚ ਮਾਣਯੋਗ ਜੱਜ ਤੇ ਵੀ ਇੱਕ ਪਾਸੜ ਹੋਣ ਦਾ ਦੋਸ਼ ਲਾ ਦਿੱਤਾ ਸੀ ਜਿਸ ਕਰਕੇ ਇਹ ਕੇਸ ਦੂਸਰੇ ਜੱਜ ਕੋਲ ਚਲਾ ਗਿਆ ਸੀ। ਪਹਿਲੇ ਜੱਜ ਸਾਹਿਬਾਨ ਨੇ ਹੁਕਮ ਕੀਤਾ ਸੀ ਕਿ ਗੁਰੂ ਘਰ ਦੀ ਪ੍ਰਾਪਰਟੀ ਦੇ ਕਾਗਜ਼ਾਤ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਣੀ ਚਾਹੀਦੀ, ਪਰ ਦਲਜੀਤ ਸਿੰਘ ਨੇ ਇਸ ਹੁਕਮ ਦੀ ਕੋਈ ਪਰਵਾਹ ਨਾ ਕੀਤੀ। ਮਾਣਯੋਗ ਅਦਾਲਤ ਨੇ ਗੁਰੂ ਨਾਨਕ ਸਿੱਖ ਮਿਸ਼ਨ ਦੀਆਂ ਕਾਗਜ਼ੀ ਕਾਰਵਾਈਆਂ ਵਿੱਚ ਬਹੁਤ ਸਾਰੀਆਂ ਬੇਨਿਯਮੀਆਂ ਪਾਈਆਂ ਅਤੇ ਅਦਾਲਤ ਵਿੱਚ ਇਸ ਬਾਬੇ ਵਲੋਂ ਪੇਸ਼ ਕੀਤੇ ਗਏ ਬਹੁਤ ਸਾਰੇ ਕਾਗਜ਼ਾਤਾਂ ਨੂੰ ਜਾਅਲੀ ਪਾਇਆ ਗਿਆ, ਜਿਹਨਾਂ ਨੂੰ ਮਾਣਯੋਗ ਅਦਾਲਤ ਨੇ “ਫਰਾਡ” ਕਰਨ ਦਾ ਲੇਬਲ ਲਾ ਦਿੱਤਾ।

ਮਾਣਯੋਗ ਅਦਾਲਤ ਨੇ ਇਹ ਵੀ ਲੱਭਿਆ ਕਿ ਦਲਜੀਤ ਸਿੰਘ ਨੇ ਮਿਸ਼ਨ ਨੂੰ ਚਲਾਉਣ ਵਾਲੇ ਜੋ ਪ੍ਰਬੰਧਕੀ ਢਾਂਚਾ ਤਿਆਰ ਕੀਤਾ ਸੀ, ਉਸ ਵਿੱਚ ਵੀ ਬਹੁਤ ਧਾਂਦਲੀਆਂ ਸਨ। ਇਸੇ ਤਰ੍ਹਾਂ ਦੇ ਕਾਨੂੰਨੀ ਨਿਯਮਾਂ ਦੀ ਪਾਲਣਾ ਨਹੀਂ ਸੀ ਕੀਤੀ ਗਈ। ਗੁਰੂ ਘਰ ਦੀ ਸੰਗਤ ਵਿੱਚੋਂ ਅਤੇ ਪ੍ਰਬੰਧਕੀ ਢਾਂਚੇ ਵਿੱਚ ਸ਼ਾਮਲ ਸ. ਹਰਮਿੰਦਰ ਸਿੰਘ ਖਹਿਰਾ ਦੇ ਨਾਲ ਦਲਜੀਤ ਸਿੰਘ ਦੇ ਬਹੁਤ ਨਜ਼ਦੀਕੀ ਸਬੰਧ ਸਨ। ਦਲਜੀਤ ਸਿੰਘ ਦੇ ਸੱਦੇ ਤੇ ਬਹੁਤ ਵਾਰ ਸਿੱਖ ਕੌਮ ਦੇ ਉੱਚਕੋਟੀ ਦੇ ਆਗੂ, ਜਿਹਨਾਂ ਵਿੱਚ ਸਿੰਘ ਸਾਹਿਬਾਨ ਵੀ ਸ਼ਾਮਲ ਸਨ, ਹਰਮਿੰਦਰ ਸਿੰਘ ਖਹਿਰਾ ਦੇ ਗ੍ਰਹਿ ਵਿਖੇ ਹੀ ਉਹਨਾਂ ਦਾ ਠਹਿਰਾ ਕਰਾਇਆ ਜਾਂਦਾ ਸੀ। ਪਰ ਸ਼ਿਕਾਗੋ ਵਾਲੇ ਬਾਬੇ ਦਾ ਇੱਕ ਮੋਟਲ ਵਿੱਚੋਂ ਕਿਸੇ ਪਰਾਈ ਔਰਤ ਨਾਲ ਫੜੇ ਜਾਣ ਤੋਂ ਬਾਅਦ ਬਾਬੇ ਦੀ ਬਹੁਤ ਸਾਰੇ ਲੋਕਾਂ ਨਾਲ ਬਣੀ ਹੋਈ ਤਿੜਕਣ ਲੱਗੀ। ਹਰਮਿੰਦਰ ਸਿੰਘ ਖਹਿਰਾ ਨਾਲ ਵੀ ਐਸੀ ਕੁੜੱਤਣ ਵਧੀ ਕਿ ਬਾਬੇ ਨੇ ਸ. ਖਹਿਰਾ ਨੂੰ ਜੋ ਕਿ ਅੰਮ੍ਰਿਤਧਾਰੀ ਸਿੰਘ ਹੈ, ਉੱਪਰ ਘਨੌਣੇ ਦੋਸ਼ ਲਾ ਕੇ ਗੁਰਦਵਾਰੇ ਦੇ ਪ੍ਰਬੰਧਕੀ ਢਾਂਚੇ ‘ਚੋਂ ਕੱਢ ਦਿੱਤਾ। ਦੋਸ਼ਾਂ ਵਿੱਚ ਖਹਿਰਾ ਨੂੰ ਸ਼ਰਾਬੀ ਕਵਾਬੀ ਗਰਦਾਨਿਆ ਅਤੇ ਉਸਦੇ ਉਹ ਬੱਚੇ ਜਿਹਨਾਂ ਨੂੰ ਬਾਬਾ ਖੁਦ ਕੀਰਤਨ ਸਿਖਾਉਂਦਾ ਸੀ, ਉਹਨਾਂ ਨੂੰ ਵੀ ਸ਼ਰਾਬ ਪੀ ਕੇ ਲਲਕਾਰੇ ਮਾਰਨ ਵਾਲੇ ਦੱਸਿਆ।

ਇੱਥੋਂ ਤੱਕ ਕਿ ਉਹਨਾਂ ਦੀ ਧਰਮ ਪਤਨੀ ਉੱਤੇ ਵੀ ਸ਼ਰਾਬ ਆਦਿ ਦੇ ਦੋਸ਼ ਲਾਉਣ ਲੱਗੇ ਬਾਬੇ ਨੇ ਇਹ ਸਭ ਕੁੱਝ ਹੀ ਭਲਾ ਦਿੱਤਾ ਕਿ ਇਸ ਔਰਤ ਦੇ ਹੱਥੋਂ ਤਾਂ ਸਿੱਖ ਧਰਮ ਦੀਆਂ ਸਿਰਮੌਰ ਸਖਸ਼ੀਅਤਾਂ ਪਰਸ਼ਾਦੇ ਛਕਦੀਆਂ ਰਹੀਆਂ ਹਨ। ਬਾਬੇ ਦੇ ਐਸੇ ਗਿਰਾਵਟ ਭਰੇ ਵਤੀਰੇ ਨੂੰ ਲੈ ਕੇ ਸ. ਖਹਿਰਾ ਨੇ ਅਦਾਲਤ ਦਾ ਬੂਹਾ ਖੜਕਾਇਆ ਸੀ ਜਿਸ ਕਰਕੇ ਅਦਾਲਤ ਵਿੱਚ ਪੂਰੀ ਪੜਤਾਲ ਹੁੰਦੀ ਰਹੀ। ਦਲਜੀਤ ਸਿੰਘ ਨੇ ਇਸ ਕੇਸ ਦੌਰਾਨ 10 ਦੇ ਕਰੀਬ ਵਕੀਲ ਬਦਲੇ ਅਤੇ ਇੱਕ ਜੱਜ ਸਾਹਿਬਾਨ ਉੱਤੇ ਸ਼ੰਕਾ ਪ੍ਰਗਟ ਕੀਤੀ ਪਰ ਸੱਚਾਈ ਉਸ ਸਮੇਂ ਨਿਖਰ ਕੇ ਸਾਹਮਣੇ ਆਈ ਜਦੋਂ ਬਾਬੇ ਉੱਤੇ ਮਾਣਯੋਗ ਅਦਾਲਤ ਨੇ ਬੇਨਿਯਮੀਆਂ ਕਰਨ ਦੇ ਕਈ ਕਾਰਨ ਲੱਭ ਲਏ ਅਤੇ ਚੌਰੀ ਕੀਤੇ ਜਾਣ ਵਰਗੀ ਹਰਕਤ ਉਸ ਸਮੇਂ ਸਾਬਤ ਹੋਈ ਜਦੋਂ ਮਾਣਯੋਗ ਅਦਾਲਤ ਨੇ ਇਹ ਹੁਕਮ ਕਰ ਦਿੱਤਾ ਕਿ ਬਾਬਾ ਦਲਜੀਤ ਸਿੰਘ ਜਾਂ ਸਾਢੇ ਤਿੰਨ ਲੱਖ ਡਾਲਰ ਜਮ੍ਹਾਂ ਕਰਾਵੇ ਤੇ ਜਾਂ ਗੁਰੂ ਨਾਨਕ ਮਿਸ਼ਨ ਦੀ ਪ੍ਰਾਪਰਟੀ ਵਾਪਸ ਦੇਵੇ ਜਿਸਨੂੰ ਗਲਤ ਤਰੀਕੇ ਦੇ ਨਾਲ ਹਰਪ੍ਰੀਤ ਸੈਣੀ ਦੇ ਨਾਮ ਕਰਵਾ ਚੁੱਕਾ ਹੈ। ਅਦਾਲਤ ਦੇ ਫੈਂਸਲੇ ਸਬੰਧੀ ਜਾਣਕਾਰੀ ਦਿੰਦਿਆਂ ਖਹਿਰਾ ਨੇ ਦੱਸਿਆ ਕਿ ਦਲਜੀਤ ਸਿੰਘ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੈ ਜਦੋਂ ਤੱਕ ਬਾਬੇ ਦੇ ਜੇਲ੍ਹ ਅੰਦਰ ਰਹਿਣ ਦੀ ਸੰਭਾਵਨਾ ਹੈ। ਅਗਰ ਬਾਬਾ ਅਦਾਲਤ ਦੇ ਹੁਕਮਾਂ ਦੀ ਕੀਤੀ ਉਲੰਘਣਾ ਨੂੰ ਗੁਰੂ ਨਾਨਕ ਸਿੱਖ ਮਿਸ਼ਨ ਦੀ ਪ੍ਰਾਪਰਟੀ ਦੇ ਮਸਲੇ ਨੂੰ ਜਿਸਦੀ ਕੀਮਤੀ ਸਾਢੇ ਤਿੰਨ ਲੱਖ ਡਾਲਰ ਮਿਥੀ ਗਈ ਹੈ ਨੂੰ ਨਹੀਂ ਹੱਲ ਕਰਦਾ, ਹੋ ਸਕਦਾ ਹੈ ਬਾਬੇ ਨੂੰ ਜੇਲ੍ਹ ਅੰਦਰ ਹੋਰ ਲੰਮਾ ਸਮਾਂ ਰਹਿਣਾ ਪੈ ਸਕਦਾ ਹੈ।

ਜਿਕਰਯੋਗ ਹੈ ਕਿ ਮੋਟਲ ਵਿੱਚ ਫੜੇ ਜਾਣ ਤੋਂ ਬਾਅਦ ਵੀ ਬਾਬੇ ਨੇ ਕਦੇ ਹੀਣਭਾਵਤਾ ਮਹਿਸੂਸ ਨਹੀਂ ਕੀਤੀ ਤੇ ਸਮਾਂ ਐਸਾ ਵੀ ਬਣਦਾ ਰਿਹਾ ਕਿ ਮਹਾਰਾਜ ਦੇ ਰੰਗ ਤਮਾਸ਼ਿਆਂ ਵਿੱਚ ਖੁੱਬੇ ਹੋਏ ਕੁੱਝ ਅਖਬਾਰ ਨਵੀਸ਼ ਬਾਬੇ ਨੂੰ “ਸੰਤ ਸੰਤ” ਪ੍ਰਚਾਰ ਕੇ ਅਸਮਾਨ ਚੜਾਉਣ ਦੀ ਕੋਸ਼ਿਸ਼ ਕਰਦੇ ਰਹੇ। ਅਦਾਲਤ ਦੇ ਹੁਕਮ ਦੀ ਉਲੰਘਣਾ ਕਰਕੇ ਜੇਲ੍ਹ ਜਾਣ ਦੀਆਂ ਤਿਆਰੀਆਂ ਵਿੱਚ ਬੈਠੈ ਬਾਬੇ ਦੀਆਂ ਬੇਨਿਯਮੀਆਂ ਨੂੰ ਗੁਰਦਵਾਰਾ ਸਾਹਿਬ ਲਈ ਕੁਰਬਾਨੀ ਦਾ ਕਾਰਜ ਦਸਦੇ ਰਹੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top