Share on Facebook

Main News Page

ਜਥੇਦਾਰ ਦੇ ਬਾਈਕਾਟ ਵਾਲਾ ਦੇਰ ਨਾਲ ਹੋਇਆ ਚੰਗਾ ਫੈਸਲਾ
ਇਸ ਨਾਜ਼ਕ ਮੋੜ ’ਤੇ ਜਥੇਦਾਰ ਲਈ ਆਤਮਿਕ ਮੌਤ ਜਾਂ ਸ਼ਹੀਦੀ ਵਿੱਚੋਂ ਇੱਕ ਦੀ ਚੋਣ ਕਰਨ ਦਾ ਮੌਕਾ
- ਕਿਰਪਾਲ ਸਿੰਘ ਬਠਿੰਡਾ
ਮੋਬ: 9855480797

ਪੰਥਕ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਦੇ ਬਾਈਕਾਟ ਵਾਲੇ ਕੀਤੇ ਗਏ ਫੈਸਲੇ ਨੂੰ ਬੇਸ਼ੱਕ ਕੋਈ ਮੰਦਭਾਗਾ ਕਹੇ ਪਰ ਪੰਥਕ ਹਿੱਤਾਂ ਲਈ ਇਹ ਦੇਰ ਨਾਲ ਕੀਤਾ ਗਿਆ ਚੰਗਾ ਫੈਸਲਾ ਹੈ। ਜੇ ਕਰ ਅੱਜ ਦੇ ਬਾਈਕਾਟ ਵਾਲੀਆਂ ਪੰਥਕ ਜਥੇਬੰਦੀਆਂ ਨੇ, ਕਾਬਜ਼ ਅਕਾਲੀ ਦਲ ਦੇ ਪ੍ਰਧਾਨ ਦੇ ਹੱਥਾਂ ਦੀ ਕਠਪੁਤਲੀ ਬਣੇ ਜਥੇਦਾਰਾਂ ਨੂੰ ਸਿੱਖ ਪੰਥ ਦੇ ਗਿਆਰਵੇਂ ਗੁਰੂ ਬਣਾਉਣ ਵਿੱਚ ਆਪਣਾ ਸਹਿਯੋਗ ਨਾ ਦਿੱਤਾ ਹੁੰਦਾ ਤੇ ਇਨ੍ਹਾਂ ਜਥੇਦਾਰਾਂ ਨੂੰ ਪੰਥ ਵੱਲੋਂ ਸਿਧਾਂਤਕ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਵਿੱਚ ਲਏ ਫੈਸਲਿਆਂ ਨੂੰ ਅਕਾਲ ਤਖ਼ਤ ਤੋਂ ਜਾਰੀ ਕਰਨ ਲਈ ਅਕਾਲ ਤਖ਼ਤ ਦੇ ਬੁਲਾਰੇ ਬਣੇ ਰਹਿਣ ਤੱਕ ਹੀ ਸੀਮਤ ਰਹਿਣ ਲਈ ਅਵਾਜ਼ ਉਠਾਈ ਹੁੰਦੀ ਤਾਂ ਅੱਜ ਵਾਲੀ ਇਹ ਸਥਿਤੀ ਪੈਦਾ ਨਾ ਹੁੰਦੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਜਥੇਦਾਰਾਂ ਸਮੇਤ ਜਿਹੜੇ ਆਗੂ ਪੰਥਕ ਜਥੇਬੰਦੀਆਂ ਦੇ ਇਸ ਫੈਸਲੇ ਨੂੰ ਮੰਦਭਾਗਾ ਗਰਦਾਨ ਰਹੇ ਹਨ ਉਹ ਆਪਣੇ ਅੰਤਰਆਤਮੇ ਝਾਤੀ ਮਾਰ ਕੇ ਵੇਖਣ ਤਾਂ ਉਨ੍ਹਾਂ ਨੂੰ ਇਹ ਪ੍ਰਤੱਖ ਨਜ਼ਰ ਆਉਣ ਲੱਗ ਪਏਗਾ ਕਿ ਜਥੇਦਾਰ ਦੇ ਹੋਏ ਬਾਈਕਾਟ ਦੇ ਮੰਦਭਾਗੇ ਫੈਸਲੇ ਦੇ ਅਸਲ ਦੋਸ਼ੀ ਉਹ ਖ਼ੁਦ ਆਪ ਹਨ ਜਿਹੜੇ ਆਪਣੇ ਅਸਲ ਫਰਜਾਂ ਨੂੰ ਭੁਲਾ ਕੇ ਆਪਣੀ ਕੁਰਸੀ ਬਚਾਉਣ ਲਈ ਕੇਵਲ ਤੇ ਕੇਵਲ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਦੀ ਖੁਸ਼ਾਮਦ ਕਰਨ ਤੋਂ ਬਾਹਰ ਕੁਝ ਸੋਚਦੇ ਹੀ ਨਹੀਂ। ਵੈਸੇ ਤਾਂ ਗੁਰਚਰਨ ਸਿੰਘ ਟੌਹੜਾ ਨੇ ਹੀ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੇ ਨਿਜੀ ਸਿਆਸੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਸਮੇਂ ਇਸ ਦੀ ਦੁਰਵਰਤੋਂ ਲੁਕਵੇਂ ਢੰਗ ਨਾਲ ਹੁੰਦੀ ਸੀ ਤੇ ਇਸ ਹੋਈ ਦੁਰਵਰਤੋਂ ਦਾ ਆਮ ਸਿੱਖਾਂ ਨੂੰ ਬਹੁਤ ਦੇਰ ਬਾਅਦ ਪਤਾ ਚਲਦਾ ਸੀ। ਉਸ ਦਾ ਕਾਰਣ ਇਹ ਸੀ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਜਥੇਦਾਰ ਟੌਹੜਾ ਪੂਰੇ ਤਾਕਤਵਰ ਹੁੰਦੇ ਸਨ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਵੱਧ ਤਾਕਤਵਰ ਨਹੀਂ ਸਨ ਹੁੰਦੇ। ਇਸ ਲਈ ਦੋ ਪੰਥਕ ਸ਼ਕਤੀ ਦਾ ਤਵਾਜ਼ਨ ਦੋ ਵੱਖ ਵੱਖ ਸਖ਼ਸ਼ੀਅਤਾਂ ਕੋਲ ਹੋਣ ਕਰਕੇ ਕੋਈ ਵੀ ਵਿਅਕਤੀ ਆਪਣੀ ਸ਼ਕਤੀ ਨੂੰ ਇਸ ਆਪ ਹੁਦਰੇ ਢੰਗ ਨਾਲ ਨਹੀਂ ਸੀ ਵਰਤ ਸਕਦਾ ਜਿਸ ਤਰ੍ਹਾਂ ਅੱਜ ਬਾਦਲ ਪ੍ਰਵਾਰ ਕਰ ਰਿਹਾ ਹੈ। ਬੇਸ਼ੱਕ ਬਾਦਲ-ਟੌਹੜਾ-ਤਲਵੰਡੀ ਤਿਕੜੀ ਨੇ ਰਲ ਕੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ ਪਰ ਜਥੇਦਾਰ ਟੌਹੜਾ ਦੀ ਮੌਤ ਤੋਂ ਬਾਅਦ ਸਾਰੀਆਂ ਪੰਥਕ ਸ਼ਕਤੀਆਂ ਬਾਦਲ ਦੇ ਹੱਥਾਂ ਵਿੱਚ ਕੇਂਦਰਿਤ ਹੋ ਜਾਣ ਕਰਕੇ ਹੁਣ ਤਾਂ ਜਿਸ ਬੇਕਦਰੀ ਨਾਲ ਸਿਰਮੌਰ ਪੰਥਕ ਸੰਸਥਾਵਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ ਇਸ ਨਾਲ ਸਾਡੇ ਕੋਲ ਸਿਰਫ ਨਾਮ ਦਾ ਹੀ ਪੰਥ ਰਹਿ ਗਿਆ ਪਰ ਇਸ ਵਿੱਚੋਂ ਪੰਥਕ ਰੂਹ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਹੈ।

1999 ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਪੂਰੀ ਤਰ੍ਹਾਂ ਸਾਰੀਆਂ ਸਿਰਮੌਰ ਪੰਥਕ ਸੰਸਥਾਵਾਂ ’ਤੇ ਕਾਬਜ਼ ਹੋਇਆ ਹੈ ਇਸ ਤੋਂ ਬਾਅਦ ਕਹਿਣ ਨੂੰ ਤਾਂ ਅਕਾਲ ਤਖ਼ਤ ਤੇ ਇਸ ਦਾ ਜਥੇਦਾਰ ਕੌਮ ਲਈ ਸਰਬ ਉਚ ਹੈ ਪਰ ਸਹੀ ਮਾਅਨਿਆਂ ਵਿੱਚ ਇਸ ਦੀ ਹਸਤੀ ਬਾਦਲ ਦੇ ਇੱਕ ਦਿਹਾੜੀਦਾਰ ਨੌਕਰ ਤੋਂ ਵੀ ਥੱਲੇ ਗਿਰ ਕੇ ਗੁਲਾਮ ਦੀ ਹੈਸੀਅਤ ਤੱਕ ਪਹੁੰਚ ਚੁੱਕੀ ਹੈ। ਇਹੋ ਕਾਰਣ ਹੈ ਕਿ ਪਿਛਲੇ ਦਹਾਕੇ ਵਿੱਚ ਅਕਾਲ ਤਖ਼ਤ ਤੋਂ ਜਿਤਨੇ ਵੀ ਆਦੇਸ਼ ਤੇ ਹੁਕਮਨਾਮੇ ਜਾਰੀ ਹੋਏ ਹਨ ਉਹ ਵੋਟਾਂ ਕਾਰਣ ਸਿੱਖ ਡੇਰੇਦਾਰਾਂ ਨੂੰ ਖ਼ੁਸ਼ ਕਰਨ ਲਈ ਤੇ ਆਰਐੱਸਐੱਸ ਦੀ ਤਾਬਿਆਦਾਰੀ ਕਰਨ ਲਈ ਸਿੱਖ ਸਿਧਾਂਤਾਂ ਨੂੰ ਪੈਰਾਂ ਹੇਠ ਰੋਲਣ ਵਾਲੇ ਹੀ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 646 ’ਤੇ ਸੋਰਠਿ ਕੀ ਵਾਰ ਮ: 3 ਵਿੱਚ ਦਰਜ ਉਪਦੇਸ਼: ‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥’ ਦੇ ਸਿਧਾਂਤ ਦਾ ਪ੍ਰਚਾਰ ਕਰਨ ਵਾਲੇ ਤੇ ਇਸ ਸਿਧਾਂਤ ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉਚਤਾ ਕਾਇਮ ਰੱਖਣ ਲਈ ਇਸ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦਾ ਵਿਰੋਧ ਕਰਨ ਵਾਲੇ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਪੰਥ ’ਚੋਂ ਛੇਕਣ ਦਾ ਕੁਕਰਮ ਕਰਨਾ ਅਤੇ ਬਿਪਰਵਾਦ ਵੱਲੋਂ ਮੱਸਿਆ ਪੂਰਨਮਾਸ਼ੀਆਂ ਸੰਗਰਾਂਦਾਂ ਦੇ ਖਿੰਡਾਏ ਕਰਮਕਾਂਡੀ ਜਾਲਾਂ ਵਿੱਚੋਂ ਕੱਢ ਕੇ ਪੰਥ ਦੀ ਅਜਾਦ ਪੰਥਕ ਹੋਂਦ ਦੇ ਪ੍ਰਤੀਕ ਬਣੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਵਾਲੇ ਹੁਕਨਾਮੇ ਸ਼ਾਮਲ ਹਨ। ਅਜਿਹੇ ਹੁਕਨਾਮੇ ਜਾਰੀ ਹੋਣ ਦੇ ਸਮੇਂ ਤੋਂ ਹੀ ਪੰਥਕ ਸੋਚ ਵਾਲੇ ਵਿਦਵਾਨ ਤੇ ਪ੍ਰਚਾਰਕ ਕੂਕਦੇ ਆ ਰਹੇ ਹਨ ਕਿ ਸਾਡੇ ਲਈ ਸਰਬਉਚ ਗੁਰੂ ਗ੍ਰੰਥ ਸਾਹਿਬ ਜੀ ਹਨ ਨਾ ਕਿ ਕਿਸੇ ਸਿਆਸੀ ਧੜੇ ਵੱਲੋਂ ਨਿਯੁਕਤ ਕੀਤਾ ਤੇ ਉਨ੍ਹਾਂ ਦੇ ਹੱਥਾਂ ਵਿੱਚ ਕਠਪੁਤਲੀ ਬਣਿਆਂ ਜਥੇਦਾਰ। ਇਸ ਲਈ ਅਕਾਲ ਤਖ਼ਤ ਤੋਂ ਜਿਹੜੇ ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਨਾਂ ਸੇਧ ਪ੍ਰਾਪਤ ਕੀਤਿਆਂ ਇੱਕ ਰਾਜਨੀਤਕ ਧੜੇ ਦੇ ਇਸ਼ਾਰੇ ’ਤੇ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਮੰਨਣਾ ਸਿੱਖ ਪੰਥ ਲਈ ਲਾਜ਼ਮੀ ਨਹੀਂ ਹੈ। ਉਸ ਸਮੇਂ ਬਾਦਲ ਦਲ ਨੇ ਤਾਂ ਇਨ੍ਹਾਂ ਵਿਦਵਾਨਾਂ ਨੂੰ ਅਕਾਲ ਤਖ਼ਤ ਨਾਲ ਟੱਕਰ ਲੈਣ ਵਾਲੇ ਕਹਿਣਾ ਹੀ ਸੀ, ਜਥੇਦਾਰ ਦਾ ਅੱਜ ਬਾਈਕਾਟ ਕਰਨ ਵਾਲੀਆਂ ਇਹ ਪੰਥਕ ਜਥੇਬੰਦੀਆਂ ਦੇ ਆਗੂ ਵੀ ਇਨ੍ਹਾਂ ਵਿਦਵਾਨਾਂ ਦੀ ਸਲਾਹ ਨਕਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਦੇ ਸਿਧਾਂਤ ਨੂੰ ਖੋਰਾ ਲਾਉਣ ਵਿੱਚ ਸਹਾਈ ਹੁੰਦੇ ਰਹੇ ਹਨ।

ਪੰਥਕ ਜਥੇਬੰਦੀਆਂ ਵਲੋਂ ਸਮੇਂ ਸਿਰ ਆਪਣੀ ਸਹੀ ਜਿੰਮੇਵਾਰੀ ਨਿਭਾਉਣ ਤੋਂ ਖੁੰਝਣ ਕਰਕੇ ਹੀ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਨੇ ਮਿਲ ਕੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ, ਡੇਰਾ ਸਿਰਸਾ ਵਿਰੁੱਧ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਨ ਤੋਂ ਟਾਲ਼ਾ ਵੱਟਣ, ਰਾਧਾ ਸਵਾਮੀ ਡੇਰੇ ਨੂੰ ਕਲੀਨ ਚਿੱਟ ਦੇਣ ਅਤੇ ਪੰਥਕ ਹਿੱਤਾਂ ਲਈ ਆਵਾਜ਼ ਉਠਾਉਣ ਵਾਲੈ ਆਗੂਆਂ ਨੂੰ ਸ਼ਰਾਰਤੀ ਅਨਸਰ ਦੱਸਣ ਤੇ ਸਿੱਖ ਸਿਧਾਂਤਾਂ ਦਾ ਹੁਣ ਤੱਕ ਸਭ ਤੋਂ ਵੱਧ ਨੁਕਸਾਨ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਖ਼ਿਤਾਬ ਦੇਣ ਵਾਲੇ ਗਲਤ ਕੰਮ ਹੋਏ ਹਨ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੇ ਸਿੱਖ ਧਰਮ ਦਾ ਸਿਧਾਂਤਕ ਪ੍ਰਚਾਰ ਕਰਨ ਵਿੱਚ ਜੋ ਅਣਗਹਿਲੀ ਵਰਤ ਰਹੀ ਹੈ ਉਸ ਦੀ ਮਿਸਾਲ ਮੈਂ 6 ਅਗਸਤ ਨੂੰ ਛਪੇ ਆਪਣੇ ਲੇਖ ‘ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ, ਪ੍ਰਚਾਰ ਡੇਰੇਦਾਰਾਂ ਦਾ’ ਵਿੱਚ ਪੂਰੀ ਤਸ਼ਵੀਰ ਪੰਥ ਅੱਗੇ ਪੇਸ਼ ਕਰ ਦਿੱਤੀ ਹੈ। ਗੁਰਦੁਆਰਾ ਕਿਲਾ ਮੁਬਾਰਕ ਬਠਿੰਡਾ ਵਿੱਚ ਹੋ ਰਹੇ ਪ੍ਰਚਾਰ ਦਾ ਨਮੂਨਾ ਵੇਖ ਕੇ ਕੋਈ ਕਹਿ ਸਕਦਾ ਹੈ ਕਿ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਪ੍ਰਚਾਰ ਹੋ ਰਿਹਾ ਹੈ? ਇਹ ਹਾਲ ਇਕੱਲੇ ਗੁਰਦੁਆਰਾ ਕਿਲਾ ਮੁਬਾਰਕ ਬਠਿੰਡਾ ਦਾ ਹੀ ਨਹੀਂ ਹੈ ਬਲਕਿ 95% ਤੋਂ ਵੱਧ ਗੁਰਦੁਆਰਿਆਂ ਦਾ ਹਾਲ ਇਸ ਤੋਂ ਵੱਖਰਾ ਨਹੀਂ ਹੈ। ਬੇਸ਼ੱਕ ਉਕਤ ਲੇਖ ਛਪਣ ਉਪ੍ਰੰਤ ਗੁਰਦੁਆਰਾ ਸਹਿਬ ਦੇ ਇੰਚਾਰਜ ਮੀਤ ਮੈਨੇਜਰ ਸ: ਗੁਰਤੇਜ ਸਿੰਘ ਨੇ ਹਿੰਮਤ ਕਰਕੇ ਡੇਰਾਵਾਦੀ ਲਿਟ੍ਰੇਚਰ ਤਾਂ ਤੁਰੰਤ ਚੁਕਵਾ ਕੇ ਉਸ ਦੀ ਥਾਂ ਸ਼੍ਰੋਮਣੀ ਕਮੇਟੀ ਦਾ ਲਿਟ੍ਰੇਚਰ ਰਖਵਾ ਦਿੱਤਾ ਹੈ ਪਰ ਪ੍ਰਚਾਰ ਵਿੱਚ ਬਹੁਤਾ ਸੁਧਾਰ ਹੋਣ ਦੀ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਕਿਉਂਕਿ ਪ੍ਰਚਾਰ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ, ਰਾਗੀਆਂ ਢਾਢੀਆਂ ਨੇ ਹੀ ਕਰਨਾ ਹੈ।

ਇਹ ਸਾਰੇ ਹੀ ਡੇਰੇਵਾਦ ਦੇ ਸਿਖਿਆਰਥੀ ਹਨ ਜਾਂ ਉਨ੍ਹਾਂ ਦਾ ਪ੍ਰਭਾਵ ਕਬੂਲਣ ਵਾਲੇ ਹਨ। ਇਹ ਲੇਖ ਛਪਣ ਉਪ੍ਰੰਤ ਗੁਰਦੁਆਰਾ ਕਿਲਾ ਮੁਬਾਰਕ ਵਿੱਚ ਕਥਾਚਕ ਦੀ ਸੇਵਾ ਨਿਭਾ ਰਹੇ ਭਾਈ ਗੁਰਚਰਨ ਸਿੰਘ ਨਾਲ ਹੋਈ ਗੱਲਬਾਤ ਤੋਂ ਪਤਾ ਲਗਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਿਆਦਾ ਨਾਲੋਂ ਵੱਧ ਮਹੱਤਤਾ ਪ੍ਰਚੱਲਤ ਪ੍ਰੰਪਰਾਵਾਂ ਨੂੰ ਦੇ ਰਿਹਾ ਸੀ। ਉਨ੍ਹਾਂ ਦਾ ਇਤਰਾਜ ਸੀ ਕਿ ਇੱਕ ਪਾਸੇ ਮੈਂ ਆਪਣੇ ਉਕਤ ਲੇਖ ਵਿੱਚ ਸ਼੍ਰੋਮਣੀ ਕਮੇਟੀ ਦੀ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਦੀ ਗੱਲ ਕਰ ਰਿਹਾ ਹਾਂ ਤੇ ਦੂਸਰੇ ਪਾਸੇ ਜੋਤ ਜਗਾਉਣ ਨੂੰ ਮਨਮਤ ਲਿਖ ਰਿਹਾ ਹਾਂ; ਜਦੋਂ ਕਿ ਸ਼੍ਰੋਮਣੀ ਕਮੇਟੀ ਹੇਠਲੇ ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਜੋਤ ਜਗ ਰਹੀ ਹੈ। ਉਨ੍ਹਾਂ ਇਹ ਉਦਾਹਰਣ ਦੇ ਕੇ ਅਤੇ ਗੁਰੂ ਰਾਮਦਾਸ ਜੀ ਵੱਲੋਂ ਉਚਾਰੀ ਬਾਣੀ ਲਾਵਾਂ ਦੀ ਪਹਿਲੀ ਲਾਂਵ ਦਾ ਪ੍ਰਮਾਣ ਦੇ ਕੇ ਕਿਹਾ ਕਿ ਜੋਤ ਜਗਾਉਣੀ ਧੂਪ ਦੇਣੀ ਆਦਿ ਪ੍ਰਵਿਰਤੀ ਕਰਮ ਹਨ ਤੇ ਜਿਸ ਤਰ੍ਹਾਂ ਅਕਾਲ ਪੁਰਖ ਨਾਲ ਇਕਮਿਕਤਾ ਦੀ ਚੌਥੀ ਸਟੇਜ ’ਤੇ ਪਹੁੰਚਣ ਲਈ ਇਹ ਪ੍ਰਵਿਰਤੀ ਕਰਮ ਕਰਨੇ ਵੀ ਜਰੂਰੀ ਹਨ ਤੇ ਇਹ ਮਨਮਤ ਨਹੀਂ ਹੈ। ਉਨ੍ਹਾਂ ਦਾ ਇੱਥੋਂ ਤੱਕ ਕਹਿਣਾ ਸੀ ਕਿ ਜਿੰਨਾਂ ਚਿਰ ਜੋਤ ਨਹੀਂ ਜਗੇਗੀ ਉਨ੍ਹਾਂ ਚਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਵੀ ਪ੍ਰਾਪਤ ਨਹੀਂ ਹੋਵੇਗਾ। ਉਨ੍ਹਾਂ ਨੂੰ ਬਹੁਤੇਰਾ ਕਿਹਾ ਕਿ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ ਉਸ ਵਿੱਚ ਅਖੰਡ ਪਾਠ ਸਿਰਲੇਖ ਹੇਠ ਮਦ (ੲ) ਵਿਚ ਸਾਫ ਲਿਖਿਆ ਹੈ ਕਿ ਅਖੰਡਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਮਨਮਤ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਜਗਨ ਨਾਥ ਪੁਰੀ ਵਿੱਚ ਜਾ ਕੇ ਦੀਵੇ ਜਗਾ ਕੇ ਆਰਤੀ ਕਰਨ ਵਾਲੇ ਪੰਡਿਆਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਉਸ ਅਕਾਲ ਪੁਰਖ ਦੀ ਆਰਤੀ ਤਾਂ ਕੁਦਰਤੀ ਤੌਰ ’ਤੇ ਹੋ ਰਹੀ ਹੈ ਜਿਸ ਵਿੱਚ ਅਕਾਸ਼ ਮਾਨੋ ਇਕ ਥਾਲ ਹੈ ਸੂਰਜ ਤੇ ਚੰਦ ਇਸ ਵਿਚ ਦੀਵੇ ਹਨ, ਸਾਰੇ ਜੀਵਾਂ ਵਿਚ ਉਸ ਅਕਾਲ ਪੁਰਖ਼ ਦੀ ਜੋਤ ਹੀ ਜਗ ਰਹੀ ਹੈ ਜਿਸ ਨਾਲ ਸਾਰਿਆਂ ਵਿਚ ਚਾਨਣ ਹੋ ਰਿਹਾ ਹੈ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥ ……….. ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥3॥ (ਸੋਹਿਲਾ ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 13)

ਗੁਰੂ ਅੰਗਦ ਸਾਹਿਬ ਜੀ ਨੇ ਤਾਂ:

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥2॥

(ਆਸਾ ਕੀ ਵਾਰ ਗੁਰੂ ਗ੍ਰੰਥ ਸਾਹਿਬ -ਪੰਨਾ 463) ਉਚਾਰ ਕੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਗੁਰੂ ਦੇ ਗਿਆਨ ਤੋਂ ਬਿਨਾਂ ਮਨੁਖ ਦੀ ਜਿੰਦਗੀ ’ਚ ਅੰਧੇਰਾ ਹੀ ਅੰਧੇਰਾ ਹੈ ਜਿਸ ਨੂੰ ਸੈਂਕੜੇ ਸੂਰਜ ਤੇ ਹਜਾਰਾਂ ਚੰਦਰਮਾਂ ਦਾ ਪ੍ਰਕਾਸ਼ ਵੀ ਦੂਰ ਨਹੀਂ ਕਰ ਸਕਦਾ ਪਰ ਸਦਕੇ ਤੁਹਾਡੇ ਪ੍ਰਚਾਰਕਾਂ ਦੇ ਜਿਹੜੇ ਇਹ ਮੰਨੀ ਬੈਠੇ ਹਨ ਕਿ ਸਾਡੇ ਚਲੋਂ ਜਗਾਈ ਜੋਤ ਤੋਂ ਬਿਨਾਂ ਗੁਰੂ ਦਾ ਗਿਆਨ ਹੀ ਸਾਨੂੰ ਪ੍ਰਾਪਤ ਨਹੀਂ ਹੋਣਾ। ਜੇ ਤੁਸੀਂ ਗੁਰੂ ਦੇ ਉਪਦੇਸ਼ ਨੂੰ ਮੰਨਣ ਲਈ ਹੀ ਤਿਆਰ ਨਹੀਂ ਤੇ ਦੂਖ ਨਿਵਾਰਨ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੀਆਂ ਉਦਾਹਰਣਾਂ ਦੇ ਕੇ ਜੋਤ ਜਗਾਉਣ ਨੂੰ ਸਹੀ ਠਹਿਰਾਅ ਰਹੇ ਹੋ ਤਾਂ ਤੁਸੀਂ ਹਜੂਰ ਸਾਹਿਬ ਦੀ ਉਦਾਹਰਣ ਦੇ ਕੇ ਗੁਰਦੁਅਰਿਆਂ ਵਿੱਚ ਬਕਰਿਆਂ ਦੀ ਬਲੀ ਨੂੰ ਵੀ ਜਾਇਜ ਠਰਿਹਾ ਸਕਦੇ ਹੋ? ਪਰ ਇਹ ਦਲੀਲਾਂ ਵੀ ਉਸ ਕਥਾਵਾਚਕ ’ਤੇ ਕੋਈ ਅਸਰ ਨਾ ਪਾ ਸਕੀਆਂ ਤੇ ਹੋਰ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਕਿ ਫਿਰ ਤਾਂ ਤੁਸੀਂ ਦਸਮ ਗ੍ਰੰਥ ਦਾ ਵੀ ਵਿਰੋਧ ਕਰੋਗੇ, ਇਕੋਤਰੀਆਂ ਦਾ ਵਿਰੋਧ ਵੀ ਕਰੋਗੇ? ਹੁਣ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦਾ ਇਹ ਹਾਲ ਹੈ ਤਾਂ ਸੁਧਾਰ ਦੀ ਕਿਥੇ ਉਮੀਦ ਹੈ। ਕਿਸੇ ਗੁਰਤੇਜ ਸਿੰਘ ਮਨੇਜਰ ਵੱਲੋਂ ਕੀਤੇ ਉਪਰਾਲੇ ਵੀ ਥੋਹੜੇ ਸਮੇਂ ਬਾਅਦ ਜਾਂ ਉਨ੍ਹਾਂ ਦੀ ਬਦਲੀ ਦੇ ਬਾਅਦ ਖੂਹ ਖਾਤੇ ਵਿੱਚ ਪੈ ਜਾਣਗੇ। ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚਾਹੀਦਾ ਹੈ ਕਿ ਬਾਦਲ ਪ੍ਰੀਵਾਰ ਦੀ ਖ਼ੁਸ਼ਾਮਦੀ ਛੱਡ ਕੇ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਆਪਣੇ ਪ੍ਰਚਾਰਕਾਂ ਨੂੰ ਸੁਧਾਰਣ ਵੱਲ ਧਿਆਨ ਦੇਣ ਤਾ ਕਿ ਗੁਰੂ ਸਾਹਿਬਾਨ ਜੀ ਵੱਲੋਂ ਸਾਡੇ ਲਈ ਘਾਲੀ ਗਈ ਘਾਲਣਾ ਤੋਂ ਸਮੁੱਚਾ ਪੰਥ ਹੀ ਨਹੀਂ ਬਲਕਿ ਸਮੁਚੀ ਮਨੁਖਤਾ ਸੇਧ ਲੈ ਕੇ ਆਪਣਾ ਜੀਵਨ ਸੁਧਾਰ ਸਕਣ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿੰਡ ਵੜੈਚ ਦੇ ਗੁਰਦੁਆਰੇ ਨੂੰ ਰਾਧਾ ਸਵਾਮੀ ਡੇਰੇ ਦੇ ਵਿਕਾਸ ਲਈ ਢਾਹੇ ਜਾਣ ਦੇ ਕੇਸ ਵਿੱਚ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਸੁਖਬੀਰ ਬਾਦਲ ਦੇ ਸਾਲੇ ਦੇ ਰਿਸ਼ਤੇਦਾਰਾਂ ਦਾ ਪੱਖ ਪੂਰਨ ਲਈ ਪੰਥਕ ਸਨਮਾਨ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦਿੱਤੀ ਹੈ, ਪਰ ਜਿਨ੍ਹਾਂ ਦੁੱਖ ਇਨ੍ਹਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਅੱਜ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸ਼ਰਾਰਤੀ ਅਨਸਰ ਕਹਿਣ ਨਾਲ ਹੋਇਆ ਹੈ ਜੇ ਕਦੀ ਇਤਨਾ ਦਰਦ ਸ਼ਬਦ ਗੁਰੂ ਦਾ ਪ੍ਰਚਾਰ ਕਰ ਰਹੇ ਪੰਥਕ ਵਿਦਵਾਨਾਂ ਨੂੰ ਛੇਕੇ ਜਾਣ ਸਮੇਂ ਮਹਿਸੂਸ ਕੀਤਾ ਹੁੰਦਾ ਤਾਂ ਅੱਜ ਜਥੇਦਾਰ ਦੀ ਇਹ ਕਦੀ ਹਿੰਮਤ ਨਾ ਪੈਂਦੀ ਕਿ ਉਹ ਪੰਥਕ ਹਿਤਾਂ ਤੇ ਸਨਮਾਨ ਲਈ ਅਵਾਜ਼ ਉਠਾਉਣ ਵਾਲੇ ਆਗੂਆਂ ਨੂੰ ਸ਼ਰਾਰਤੀ ਅਨਸਰ ਕਹਿ ਸਕਦੇ।

ਰਾਧਾ ਸਵਾਮੀ ਡੇਰੇਦਾਰਾਂ ਦੇ ਰਿਸ਼ਤੇਦਾਰ ਬਿਕ੍ਰਮ ਸਿੰਘ ਮਜੀਠੀਆ ਨੂੰ ਖੁਸ਼ ਕਰਨ ਲਈ ਅਕਾਲ ਤਖ਼ਤ ਦੀ ਹਦਾਇਤ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਬਣਾਈ ਪੜਤਾਲੀ ਕਮੇਟੀ, ਇਸ ਪੜਤਾਲੀਆ ਕਮੇਟੀ ਦੀ ਇੱਕ ਪਾਸੜ ਰੀਪੋਰਟ ਦੇ ਅਧਾਰ ’ਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਜ ਸਿਘ ਸਾਹਿਬਾਨ ਦੀ 7 ਅਗਸਤ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਆਪਣੇ ਤੌਰ ’ਤੇ ਇਕੱਲੇ ਨੇ ਹੀ ਰਾਧਾ ਸਵਾਮੀ ਡੇਰੇ ਨੂੰ ਕਲੀਨ ਚਿੱਟ ਦੇਣੀ, ਪੰਥਕ ਜਥੇਬੰਦੀਆਂ ਦੇ ਵਧੇ ਦਬਾਅ ਕਾਰਣ ਜਥੇਦਾਰ ਵਲੋਂ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਲਈ ਪੜਤਾਲੀਆ ਕਮੇਟੀ ਨੂੰ ਦੋਸ਼ੀ ਦੱਸਣਾ ਤੇ ਇਸ ਦੇ ਸਬੂਤ ਵਜੋਂ ਪੜਤਾਲੀਆ ਕਮੇਟੀ ਦੀ ਰੀਪੋਰਟ ਨੂੰ ਜਨਤਕ ਕਰਨਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਜਥੇਦਾਰ ਵਲੋਂ ਰੀਪੋਰਟ ਨੂੰ ਜਨਤਕ ਕਰਨ ਦਾ ਹੱਦੋਂ ਵੱਧ ਬੁਰਾ ਮਨਾਉਣਾ ਤੇ ਇਸ ਗੁੱਸੇ ਕਰਕੇ ਜਥੇਦਾਰ ਦੀ ਛੁੱਟੀ ਹੋਣ ਦੀਆਂ ਅਫਵਾਹਾਂ ਫੈਲਣ ਵਿੱਚ ਸਹਾਈ ਹੋਣਾ, ਕੁੜਿਕੀ ਵਿੱਚ ਫਸੇ ਜਥੇਦਾਰ ਵਲੋਂ ਐਨ ਮੌਕੇ ’ਤੇ 7 ਅਗਸਤ ਨੂੰ ਹੋਣ ਵਾਲੀ ਪੰਜਾਂ ਦੀ ਮੀਟਿੰਗ ਅਮਰੀਕਾ ਦੇ ਗੁਰਦੁਆਰੇ ਵਿੱਚ ਵਾਪਰੇ ਦੁਖਦਾਈ ਕਾਂਡ ਦੇ ਰੋਸ ਦਾ ਬਹਾਨਾ ਬਣਾ ਕੇ ਰੱਦ ਕਰਨਾ ਸਿੱਧ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੀ ਆਪਣੀ ਕੋਈ ਹੈਸੀਅਤ ਨਹੀਂ ਤੇ ਉਹ ਬਾਦਲ ਦੀ ਬੋਲੀ ਬੋਲਣ ਲਈ ਉਸ ਦੇ ਪਿੰਜਰੇ ਵਿੱਚ ਬੰਦ ਕੀਤੇ ਤੋਤੇ ਹਨ ਜਿਨ੍ਹਾਂ ਦੀ ਬੋਲੀ ’ਚ ਜਰਾ ਜਿੰਨੀ ਤਬਦੀਲੀ ਆਉਣ ਨਾਲ ਉਨ੍ਹਾਂ ਦੀ ਧੌਣ ਮਰੋੜਨ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਹੈ।

ਇਸ ਨਾਜ਼ਕ ਮੋੜ ’ਤੇ ਜਥੇਦਾਰ ਲਈ ਆਤਮਿਕ ਮੌਤ ਜਾਂ ਸ਼ਹੀਦੀ ਵਿੱਚੋਂ ਇੱਕ ਦੀ ਚੋਣ ਕਰਨ ਦਾ ਮੌਕਾ ਹੈ। ਜੇ ਕਰ ਉਹ ਬਾਦਲ ਦੇ ਪਿੰਜਰੇ ਚੋਂ ਅਜਾਦ ਹੋ ਕੇ ਆਪਣੇ ਸਮੇਂ ਦੌਰਾਨ ਹੁਣ ਤੱਕ ਦੇ ਜਾਰੀ ਹੋਏ ਸਾਰੇ ਪੰਥ ਤੇ ਗੁਰਮਤਿ ਵਿਰੋਧੀ ਹੁਕਨਾਮੇ ਜਿਨ੍ਹਾਂ ਵਿੱਚੋਂ ਖਾਸ ਕਰਕੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕਣਾ ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ ਅਤੇ ਪੰਥਕ ਹਿੱਤਾਂ ਨੂੰ ਵਿਸਾਰ ਕੇ ਆਰਐੱਸਐੱਸ ਦਾ ਏਜੰਡਾ ਲਾਗੂ ਕਰਨ ’ਤੇ ਤੁਲੇ ਹੋਏ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਖ਼ਿਤਾਬ ਦੇਣਾ ਸ਼ਾਮਲ ਹਨ, ਨੂੰ ਰੱਦ ਕਰਕੇ ਇਨ੍ਹਾਂ ਗਲਤ ਫੈਸਲੇ ਲੈਣ ਲਈ ਪਰਦੇ ਪਿੱਛੇ ਪਏ ਰਾਜਨੀਤਕ ਦਬਾਅ ਨੂੰ ਉਸੇ ਤਰ੍ਹਾਂ ਜਨਤਕ ਕਰ ਦੇਣ ਜਿਸ ਤਰ੍ਹਾਂ ਰਾਧਾ ਸਵਾਮੀ ਡੇਰੇ ਨੂੰ ਕਲੀਨ ਚਿੱਟ ਦੇਣ ਦੀ ਅਸਲੀਅਤ ਪ੍ਰਗਟ ਕਰ ਦਿੱਤੀ ਹੈ। ਇਹ ਦਲੇਰੀ ਭਰੇ ਫੈਸਲੇ ਉਪ੍ਰੰਤ ਪਿਛਲੀਆਂ ਹੋਈਆਂ ਗਲਤੀਆਂ ਦੀ ਪੰਥ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਕੇ ਭਵਿੱਖ ਵਿੱਚ ਗੁਰਮਤਿ ਅਨੁਸਾਰੀ ਫੈਸਲੇ ਲੈਣ ਦੀ ਜੁਰਅਤ ਕਰਨੀ ਸ਼ੁਰੂ ਕਰ ਦੇਣ ਤਾਂ ਉਹ ਕੌਮ ਦੇ ਹੀਰੋ ਬਣ ਸਕਦੇ ਹਨ। ਅਤੇ ਗੁੱਸੇ ਵਿੱਚ ਆਏ ਬਾਦਲ ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਸੂਰਤ ਵਿੱਚ ਜਿੰਦਾ ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਸਕਦੇ ਹਨ। ਪਰ ਜੇ ਅਹੁਦੇ ਤੇ ਟਿਕੇ ਰਹਿਣ ਦੀ ਲਾਲਸਾ ਹੇਠ ਫੈਸਲੇ ਇਸ ਤਰ੍ਹਾਂ ਹੀ ਕੀਤੇ ਜਿਵੇਂ ਰਾਧਾ ਸਵਾਮੀ ਕੇਸ ਸਮੇਤ ਹੁਣ ਤੱਕ ਦੇ ਸਾਰੇ ਫੈਸਲੇ ਕੀਤੇ ਹਨ ਤੇ ਬਾਦਲ ਦਲ ਵੱਲੋਂ ਕੀਤੀਆਂ ਜਾ ਰਹੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰਦੇ ਆਏ ਹਨ ਤਾਂ ਉਨ੍ਹਾਂ ਤਿਲ ਤਿਲ ਕਰਕੇ ਹਰ ਰੋਜ ਹੀ ਮਰਦੇ ਰਹਿਣਾ ਹੈ ਤੇ ਇਸ ਤਰ੍ਹਾਂ ਆਤਮਿਕ ਮੌਤ ਨੂੰ ਹਮੇਸ਼ਾਂ ਗਲੇ ਲਟਕਾਈ ਰੱਖਣਗੇ। ਬਹੁਤੀ ਸੰਭਾਵਨਾ ਇਹੀ ਹੈ ਕਿ ਉਨ੍ਹਾਂ ਵਿੱਚ ਬਾਦਲ ਦੇ ਪਿੰਜਰੇ ’ਚੋਂ ਅਜ਼ਾਦ ਹੋ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਹਿੰਮਤ ਨਹੀਂ ਹੈ, ਤੇ ਆਖਰ ਇਨ੍ਹਾਂ ਦਾ ਹਾਲ ਉਹੀ ਹੋਣਾ ਹੈ ਜੋ ਪ੍ਰੋ: ਮਨਜੀਤ ਸਿੰਘ ਤੇ ਜੋਗਿੰਦਰ ਸਿੰਘ ਵੇਦਾਂਤੀ ਦਾ ਹੋਇਆ ਸੀ। ਜੇ ਗਿਆਨੀ ਗੁਰਬਚਨ ਸਿੰਘ ਜੀ ਨੇ ਦੂਸਰਾ ਰਾਹ ਹੀ ਚੁਣਿਆ ਜਿਸ ਦੀ ਬਹੁਤੀ ਸੰਭਾਵਨਾ ਹੈ ਤਾਂ ਸਿਰਫ ਨੁਕਸਾਨ ਉਨ੍ਹਾਂ ਦੀ ਸਖ਼ਸ਼ੀਅਤ ਦਾ ਹੀ ਨਹੀਂ ਹੋਣਾ ਬਲਕਿ ਉਹ ਅਕਾਲ ਤਖ਼ਤ ਦੇ ਰੁਤਬੇ ਨੂੰ ਭਾਰੀ ਢਾਹ ਲਾਉਣ ਦੇ ਜਿੰਮੇਵਾਰਾਂ ਵਿੱਚ ਵੀ ਗਿਣੇ ਜਾਣਗੇ।

ਗਿਆਨੀ ਗੁਰਬਚਨ ਸਿੰਘ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿ ਵਿਦਵਾਨਾਂ ਤੋਂ ਬਾਅਦ ਪੰਥਕ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਬਾਈਕਾਟ ਦਾ ਸੱਦਾ ਅਕਾਲ ਤਖ਼ਤ ਦੀ ਸੰਸਥਾ ਦਾ ਵਿਰੋਧ ਨਹੀਂ ਬਲਕਿ ਉਸ ਸਿਸਟਮ ਦਾ ਵਿਰੋਧ ਹੈ ਜੋ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਖੋਰਾ ਲਾ ਰਹੇ ਹਨ। ਇਸੇ ਤਰ੍ਹਾਂ ਜਥੇਦਾਰ ਮੱਕੜ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਉਨ੍ਹਾਂ ਦਾ ਇਹ ਬਿਆਨ : ‘ਜਿਵੇਂ ਕਾਵਾਂ ਦੀ ਕਾਵਾਂ ਰੌਲੀ ਪਾਉਣ ਨਾਲ ਢੋਲ ਨਹੀਂ ਪਾਟਣ ਲੱਗੇ ਉਸੇ ਤਰ੍ਹਾਂ ਪੰਥਕ ਜਥੇਬੰਦੀਆਂ ਦੀ ਕਾਵਾਂਰੌਲੀ ਨਾਲ ਜਥੇਦਾਰ ਦੇ ਅਹੁਦੇ ਦੀ ਮਹੱਤਤਾ ਨਹੀਂ ਘਟ ਸਕਦੀ’ ਦੀ ਕੋਈ ਹੈਸੀਅਤ ਨਹੀਂ ਤੇ ਇਹ ਸਮਝ ਲੈਣਾ ਚਾਹੀਦਾ ਹੈ, ਕਿ ਅਕਾਲ ਤਖ਼ਤ ਦੇ ਜਥੇਦਾਰ ਦਾ ਬਾਈਕਾਟ ਕਰਨ ਵਾਲੇ ਉਨ੍ਹਾਂ ਨੁਕਸਾਨ ਨਹੀਂ ਕਰਨਗੇ, ਜਿੰਨਾ ਨੁਕਸਾਨ ਜਥੇਦਾਰ ਬਾਬਤ ਤੁਹਾਡੇ ਬਿਆਨਾਂ ਤੇ ਕਾਰਵਾਈਆਂ ਨੇ ਕਰ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top