Share on Facebook

Main News Page

ਵਿਦੇਸ਼ੀ ਸੰਗਤਾਂ ਨੂੰ ਵੀ ਭਾਈ ਮਨੀ ਸਿੰਘ ਦੀ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਦਰਸ਼ਨ ਕਰਵਾਏ ਜਾਣਗੇ
-
ਮਹੰਤ ਦਲਜੀਤ ਸਿੰਘ

ਅੰਮ੍ਰਿਤਸਰ 5 ਅਗਸਤ (ਜਸਬੀਰ ਸਿੰਘ ਪੱਟੀ) ਗੁਰੂ ਸਾਹਿਬ ਤੋ ਵਰਸੋਏ ਨਿਰਮਲੇ ਸੰਤਾਂ ਵੱਲੋਂ ਅੱਜ ਵੀ ਸਿੱਖੀ ਦੇ ਵਿਸਥਾਰ ਤੇ ਧਾਰਮਿਕ ਵਸਤਾਂ ਦੀ ਸਾਂਭ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਨਿਰਮਲੇ ਮਹੰਤ ਆਪਣੇ ਕੋਲ ਪੁਰਾਤਨ ਧਾਰਮਿਕ ਸਾਹਿੱਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਬੀੜਾਂ ਵੀ ਸਮੋਈ ਬੈਠੇ ਹਨ ਜਿਹਨਾਂ ਵਿੱਚੋਂ ਭਾਈ ਮਨੀ ਸਿੰਘ ਦੀ ਇੱਕ ਹੱਥ ਲਿਖਤ ਬੀੜ ਮਹੰਤ ਦਲਜੀਤ ਸਿੰਘ ਦੇ ਕੋਲ ਅੱਜ ਵੀ ਸੰਭਾਲੀ ਹੋਈ ਹੈ ਜਿਹੜੀ 300 ਸਾਲ ਤੋ ਵੀ ਵਧੇਰੇ ਪੁਰਾਣੀ ਦੱਸੀ ਜਾਂਦੀ ਹੈ।

ਮਹੰਤ ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਡ ਵਡੇਰੇ ਸ਼ੁਰੂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ ਅਤੇ ਮਹੰਤ ਅਰਬੇਲ ਸਿੰਘ ਨੇ ਤਾਂ ਗੁਰੂ ਸਾਹਿਬ ਦੇ ਸਮਕਾਲੀ ਹੋ ਕੇ ਧਰਮ ਪ੍ਰਚਾਰ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਦਾ ਡੇਰਾ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਚੰਦ ਕਦਮ ਦੂਰ ਸੀ ਜਿਥੇ ਹਮੇਸ਼ਾਂ ਹੀ ਨਿਰਮਲੇ ਤੇ ਉਦਾਸੀ ਸੰਤਾਂ ਦਾ ਮੁਕਾਮ ਹੁੰਦਾ ਸੀ। ਉਹਨਾਂ ਦੱਸਿਆ ਕਿ ਡੇਰੇ ਵਿੱਚ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਹੁੰਦਾ ਤੇ ਡੇਰਾ ਗੁਰੂ ਸਾਹਿਬ ਦੀਆ ਸਿਖਿਆਵਾਂ ਤੇ ਗੁਰਬਾਣੀ ਪ੍ਰਚਾਰ ਦਾ ਇਹ ਇੱਕ ਵੱਡਾ ਕੇਂਦਰ ਬਣ ਗਿਆ। ਉਹਨਾਂ ਦੱਸਿਆ ਕਿ ਉਸ ਵੇਲੇ ਤੋਂ ਪੀੜੀ ਦਰ ਪੀੜੀ ਉਹਨਾਂ ਨੇ ਇੱਕ ਪੁਰਾਤਨ ਹੱਥ ਲਿਖਤ ਬੀੜ ਬਿਨਾਂ ਪਦਛੇਦ ਤੋ ਲੜੀਦਾਰ ਸਰੂਪ ਵਾਲੀ ਸੰਭਾਲੀ ਹੋਈ ਹੈ, ਜਿਸ ਤੋਂ ਅੱਜ ਦੇ ਕਈ ਗ੍ਰੰਥੀ ਸਿੰਘ ਪਾਠ ਕਰਨ ਤੋਂ ਔਖਿਆਈ ਮਹਿਸੂਸ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਸਰੂਪ ਦੇ ਕਰੀਬ 851 ਪੰਨੇ ਹਨ ਅਤੇ ਦੋ ਪੰਨਿਆ ਨੂੰ ਇੱਕ ਲਿਖਿਆ ਗਿਆ ਹੈ ਪਰ ਕੋਈ ਪੰਨਾ ਗਾਇਬ ਨਹੀਂ ਹੈ।

ਉਹਨਾਂ ਦੱਸਿਆ ਕਿ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਬਜੁਰਗ ਮਹੰਤ ਤਾਰਾ ਸਿੰਘ ਜੀ ਇਸ ਸਰੂਪ ਤੋਂ ਹਰ ਰੋਜ਼ ਪਾਠ ਕਰਦੇ ਸਨ ਅਤੇ ਇਸ ਦੇ ਪੱਤਰੇ ਬਿਰਧ ਹੋਣ ਕਾਰਨ ਬਹੁਤ ਸਹਿਜ ਨਾਲ ਇਸ ਤੋਂ ਪਾਠ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਉਹ ਮਾਹਿਰਾਂ ਦੀ ਰਾਇ ਲੈ ਰਹੇ ਹਨ, ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਇਤਿਹਾਸਕ ਸਰੂਪ ਦੇ ਪੰਨਿਆ ਨੂੰ ਸੰਭਾਲਿਆ ਜਾ ਸਕੇ। ਉਹਨਾਂ ਦੱਸਿਆ ਕਿ ਅੱਜ ਕਲ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਮਰਜੀਤ ਕੌਰ ਇਸ ਸਰੂਪ ਤੋਂ ਪਾਠ ਕਰ ਲੈਦੀ ਹੈ, ਅਤੇ ਅਕਸਰ ਹੀ ਅਖੰਡ ਪਾਠਾਂ ਦੀ ਲੜੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਗੁਰੂ ਸਾਹਿਬ ਲਈ ਇੱਕ ਵੱਖਰਾ ਕਮਰਾ ਬਣਾਇਆ ਹੋਇਆ ਹੈ, ਜਿਸ ਨੂੰ ਪੂਰੀ ਤਰਾ ਵਾਤਾਨੂਕੂਲ ਕੀਤਾ ਗਿਆ ਹੈ, ਅਤੇ ਹਰ ਪ੍ਰਕਾਰ ਦੀਆ ਸਹੂਲਤਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਹਰ ਰੋਜ਼ ਭਾਰੀ ਗਿਣਤੀ ਵਿੱਚ ਸੰਗਤਾਂ ਇਸ ਸਰੂਪ ਦੇ ਦਰਸ਼ਨਾਂ ਲਈ ਆਉਦੀਆਂ ਹਨ ਅਤੇ ਡੇਰੇ ਵਿੱਚ ਅਕਸਰ ਹੀ ਤਾਂਤਾ ਲੱਗਾ ਰਹਿੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਦੇਸ਼ਾਂ ਤੋ ਵੀ ਸੰਗਤਾਂ ਦੇ ਬਹੁਤ ਜ਼ਿਆਦਾ ਫੋਨ ਤੇ ਚਿੱਠੀਆਂ ਆ ਰਹੀਆਂ ਹਨ, ਕਿ ਵਿਦੇਸ਼ਾਂ ਦੀਆਂ ਸੰਗਤਾਂ ਵੀ ਇਸ ਸਰੂਪ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ, ਪਰ ਮਰਿਆਦਾ ਅਨੁਸਾਰ ਹੀ ਇਸ ਪਵਿੱਤਰ ਸਰੂਪ ਨੂੰ ਇੱਕ ਥਾਂ ਤੋ ਦੂਜੀ ਥਾਂ ਤੇ ਲਿਜਾਇਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਦੋ ਸਤੰਬਰ 2012 ਨੂੰ ਹਵੇਲੀ ਮਹੰਤ ਤਾਰਾ ਸਿੰਘ ਅੰਦਰੂਨ ਸੁਲਤਾਨਵਿੰਡ ਗੇਟ, ਮਾਹਣਾ ਸਿੰਘ ਰੋਡ ਵਿਖੇ ਇੱਕ ਵੱਡਾ ਸਮਾਗਮ ਹੋਵੇਗਾ ਜਿਸ ਵਿੱਚ ਨਿਰਮਲੇ ਸੰਤਾਂ ਦੇ ਹੈ¤ਡ ਕੁਆਟਰ ਕਨਖਲ (ਹਰਿਦੁਆਰ), ਦੇਸਾਂ ਵਿਦੇਸ਼ਾਂ ਤੋ ਸੰਤ ਮਹੰਤ ਅਤੇ ਹੋਰ ਉਦਾਸੀ ਸੰਤ ਸ਼ਮੂਲੀਅਤ ਕਰਨਗੇ। ਉਹਨਾਂ ਦੱਸਿਆ ਕਿ ਇਸ ਮੌਕੇ ਤੇ ਭੰਡਾਰਾ ਵੀ ਕੀਤਾ ਜਾਵੇਗਾ ਤੇ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਭਾਰੀ ਗਿਣਤੀ ਵਿੱਚ ਸਮਾਗਮ ਵਿੱਚ ਭਾਗ ਲੈਣ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਸੱਦਾ ਦਿੰਦੇ ਹਨ ਕਿ ਉਹ ਵੀ ਇਸ ਸਮਾਗਮ ਵਿੱਚ ਭਾਗ ਲੈ ਕੇ ਸੰਗਤਾਂ ਨਾਲ ਗੁਰਮਤਿ ਦੇ ਵਿਚਾਰ ਸਾਂਝੇ ਕਰਨ ਅਤੇ ਨਿਰਮਲੇ ਸੰਤਾਂ ਨਾਲ ਪਹਿਲਾਂ ਵਾਲੇ ਸਬੰਧ ਕਾਇਮ ਕਰਨ।

ਉਹਨਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਉਹਨਾਂ ਅੱਜ ਵੀ ਮਹੰਤ ਤਾਰਾ ਸਿੰਘ ਸੰਗਤ ਨਿਵਾਸ ਸ੍ਰੀ ਦਰਬਾਰ ਸਾਹਿਬ ਲਾਗੇ ਬਣਾਇਆ ਹੋਇਆ ਹੈ ਜਿਥੇ ਬਹੁਤ ਘੱਟ ਖਰਚੇ ਤੇ ਸੰਗਤਾਂ ਨੂੰ ਕਮਰੇ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਹਵੇਲੀ ਮਹੰਤ ਤਾਰਾ ਸਿੰਘ ਵਿਖੇ ਵੀ ਉਹਨਾਂ ਦਾ ਇਰਾਦਾ ਇੱਕ ਸਰਾਂ ਉਸਾਰਨ ਦਾ ਇਰਾਦਾ ਹੈ, ਜਿਸ ਵਿੱਚ 200 ਤੋਂ 250 ਕਮਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਲਈ ਬਣਾਏ ਜਾਣਗੇ। ਉਹਨਾਂ ਕਿਹਾ ਕਿ ਇਹ ਉਹਨਾਂ ਦੇ ਬਜ਼ੁਰਗਾਂ ਦਾ ਸੁਫਨਾ ਸੀ ਜਿਸ ਨੂੰ ਜਲਦੀ ਹੀ ਸਾਕਾਰ ਕੀਤਾ ਜਾਵੇਗਾ।


ਟਿੱਪਣੀ: ਸਿੱਖਾਂ ਨੂੰ ਪੈਸਾ ਲੁੱਟਣ ਲਈ ਹੁਣ ਮਹੰਤ ਦਲਜੀਤ ਸਿੰਘ ਨੇ ਬੀੜਾ ਚੁਕਿਆ। ਸਿੱਖ ਲਈ ਗੁਰਬਾਣੀ ਸਰਵੋਤਮ ਹੈ, ਗ੍ਰੰਥ ਇੱਕ ਮਾਧਿਯਮ ਹੈ। ਹੱਥ ਲਿਖਤ ਬੀੜ ਨੂੰ ਸੰਭਾਲ ਕੇ ਰੱਖਣਾ ਸਿੱਖ ਦਾ ਫਰਜ਼ ਹੈ, ਪਰ ਮਹਾਨਤਾ ਗੁਰਬਾਣੀ ਦੀ ਹੈ। ਗੁਰਬਾਣੀ ਭਾਂਵੇਂ ਹੱਥ ਲਿਖਤ ਬੀੜ 'ਚ ਲੀਖੀ ਹੈ, ਭਾਂਵੇਂ ਅੱਜ ਮਸ਼ੀਨਾਂ ਰਾਹੀਂ ਛਪਾਈ ਨਾਲ ਤਿਆਰ ਕੀਤੀ ਬੀੜ 'ਚ ਛਪੀ ਹੈ, ਬਾਣੀ ਦੀ ਮਹਾਨਤਾ 'ਚ ਕੋਈ ਫਰਕ ਨਹੀਂ।

ਪਰ ਇਸ ਮਹੰਤ ਜਿਹੇ ਲੋਕਾਂ ਨੇ ਸਿਰਫ ਸਿੱਖਾਂ ਨੂੰ ਮੂਰਖ ਬਣਾਉਣ ਲਈ ਕਦੇ ਕੋਈ ਕਸਰ ਨਹੀਂ ਛੱਡੀ, ਕਦੇ ਗੰਗਾ ਸਾਗਰ ਰਾਹੀਂ, ਕਦੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲੀ ਕਲਗੀ ਰਾਹੀਂ, ਕਦੇ ਕੁਛ ਹੋਰ... ਜਦੋਂ ਤੱਕ ਸਿੱਖ ਇਹ ਗੱਲ ਆਪਣੇ ਦਿਮਾਗ 'ਚ ਫਿਟ ਨਹੀਂ ਕਰ ਲੈਂਦੇ, ਕਿ ਗੁਰਬਾਣੀ ਹੀ ਗੁਰੂ ਹੈ, ਉਦੋਂ ਤੱਕ ਮੂਰਖ ਸਿੱਖ ਇਸ ਤਰ੍ਹਾਂ ਹੀ ਲੁੱਟੇ ਜਾਂਦੇ ਰਹਿਣਗੇ...

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top