Share on Facebook

Main News Page

ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ, ਪ੍ਰਚਾਰ ਡੇਰੇਦਾਰਾਂ ਦਾ
- ਕਿਰਪਾਲ ਸਿੰਘ ਬਠਿੰਡਾ  98554 80797

ਮਹੰਤਾਂ ਦੇ ਸਮੇਂ ਇਤਿਹਾਸਕ ਗੁਰਦੁਆਰਿਆਂ ਵਿਚ ਨਾਨਕ ਵੀਚਾਰਧਾਰਾ ਦੇ ਬਹੁਤ ਕੁਝ ਉਲਟ ਹੋਣ ਅਤੇ ਵਾਪਰ ਰਹੀਆਂ ਗੁਰਮਤਿ ਵਿਰੋਧੀ ਸ਼ਰਮਨਾਕ ਘਟਨਾਵਾਂ ਨੇ ਗੁਰੂ ਦੇ ਸਿੰਘਾਂ ਦੀ ਜ਼ਮੀਰ ਨੂੰ ਟੁੰਭਿਆ, ਜਿਸ ਸਦਕਾ ਗੁਰਦੁਆਰਾ ਸੁਧਾਰ ਲਹਿਰ ਤੇ ਸਿੰਘ ਸਭਾ ਲਹਿਰਾਂ ਨੇ ਜਨਮ ਲਿਆ। ਸੁਧਾਰਵਾਦੀ ਉਠੀਆਂ ਇਨ੍ਹਾਂ ਲਹਿਰਾਂ ਵਿੱਚ ਸਿੰਘਾਂ ਨੂੰ ਬੇਅੰਤ ਸ਼ਹੀਦੀਆਂ ਤੇ ਕੁਰਬਾਨੀਆਂ ਕਰਨੀਆਂ ਪਈਆਂ।

ਆਖਰ ਧਰਮ ਖਾਤਰ ਆਪਾ ਕੁਰਬਾਨ ਕਰਨ ਦੇ ਜ਼ਜ਼ਬੇ ਦੀ ਜਿੱਤ ਹੋਈ ਤੇ ਸਿੱਟੇ ਵਜੋਂ 1921 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ 1925 ’ਚ ਗੁਰਦੁਆਰਾ ਐਕਟ ਰਾਹੀਂ ਇਸ ਕਮੇਟੀ ਨੂੰ ਕਾਨੂੰਨੀ ਰੂਪ ਮਿਲਿਆ। ਸ਼ੁਰੂ ਵਿੱਚ ਇਸ ਕਮੇਟੀ ਨੇ ਬਹੁਤ ਸੁਧਾਰਵਾਦੀ ਕੰਮ ਕੀਤੇ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਅਤੇ ਅਹਿਮ ਪ੍ਰਾਪਤੀ ਪੰਥ ਵਿੱਚ ਏਕਤਾ ਤੇ ਇਕਸਰਤਾ ਲਿਆਉਣ ਲਈ ਸਿੱਖ ਰਹਿਤ ਮਰਿਆਦਾ ਤਿਆਰ ਕਰਨਾ ਸੀ। ਕਿਉਂਕਿ ਇਸ ਤੋਂ ਪਹਿਲਾਂ ਇਤਿਹਾਸਕ ਗੁਰਦੁਆਰੇ ਵੱਖ ਵੱਖ ਸੰਪ੍ਰਦਾਵਾਂ ਦੇ ਮਹੰਤਾਂ ਕੋਲ ਹੋਣ ਕਰਕੇ ਹਰ ਇਕ ਨੇ ਆਪੋ ਆਪਣੀ ਮਰਿਆਦਾ ਲਾਗੂ ਕੀਤੀ ਹੋਈ ਸੀ ਜਿਨ੍ਹਾਂ ਦਾ ਮਕਸਦ ਗੁਰੂ ਦੀ ਮੱਤ ਦਾ ਪ੍ਰਚਾਰ ਕਰਨਾ ਨਹੀ ਸੀ ਬਲਕਿ ਆਪਣੀ ਆਮਦਨ ਦੇ ਸਾਧਨ ਵਧਾਉਣ ਲਈ ਤੇ ਆਪਣੇ ਆਪ ਨੂੰ ਸਭ ਤੋਂ ਸਿਰਮੌਰ ਸਿੱਧ ਕਰਨ ਲਈ ਹੀ ਹੁੰਦਾ ਸੀ। ਪੰਥ ਵਿੱਚ ਵੰਡੀਆਂ ਪਾਉਣ ਲਈ ਪ੍ਰਚੱਲਤ ਹੋਈਆਂ ਇਨ੍ਹਾਂ ਵੱਖ ਵੱਖ ਮਰਿਆਦਾਵਾਂ ਵਿੱਚ ਇਕਸਾਰਤਾ ਲਿਆਉਣ ਲਈ ਅਤੇ ਇਸ ਨੂੰ ਗੁਰਮਤ ਫ਼ਲਸਫ਼ੇ ਦੇ ਅਨੂਕੂਲ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ 1931 ’ਚ ਸਿੱਖ ਰਹਿਤ ਮਰਿਆਦਾ ਦਾ ਇੱਕ ਖਰੜਾ ਤਿਆਰ ਕਰਨ ਲਈ 25 ਮੈਂਬਰਾਂ ਦੀ ਇੱਕ ਕਮੇਟੀ ਬਣਾਈ, ਜਿਸ ਵਿਚ ਸਮੇਂ ਸਮੇਂ ਸਿਰ ਵਾਧਾ ਘਾਟਾ ਵੀ ਹੁੰਦਾ ਰਿਹਾ ਤੇ ਇਸ ਕਮੇਟੀ ਮੈਂਬਰਾਂ ਤੋਂ ਇਲਾਵਾ ਹੋਰ ਵੀ ਕਈ ਪੰਥਕ ਸਖ਼ਸ਼ੀਅਤਾਂ ਤੇ ਵਿਦਵਾਨਾਂ ਨੇ ਆਪਣੇ ਆਪਣੇ ਲਿਖਤੀ ਸੁਝਾਉ ਭੇਜੇ।

14 ਸਾਲਾਂ ਦੇ ਲੰਬੇ ਸਮੇਂ ਦੇ ਦੀਰਘ ਵੀਚਾਰ ਵਟਾਂਦਰੇ ਤੇ ਮੰਥਨ ਤੋਂ ਬਾਅਦ 1945 ’ਚ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕਰਕੇ ਇਸ ਨੂੰ ਪ੍ਰਵਾਨ ਕੀਤਾ ਗਿਆ ਤੇ ਇਸ ਸਰਬ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਸਾਰੇ ਗੁਰਦੁਆਰਿਆਂ ਤੇ ਪੰਥਕ ਕਾਰਜਾਂ ਵਾਲੇ ਸਮਾਗਮਾਂ ਵਿੱਚ ਲਾਗੂ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ। ਅੱਜ ਇਸ ਸਿੱਖ ਰਹਿਤ ਮਰਿਆਦਾ ਦੇ ਪ੍ਰਚਾਰ ਹਿੱਤ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੇ ਹੋਰ ਕਈ ਸੰਸਥਾਵਾਂ ਛਾਪ ਕੇ ਮੁਫਤ ਵੰਡ ਰਹੀਆਂ ਹਨ। ਦੂਸਰਾ ਵੱਡਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਲਤ ਸਰੂਪਾਂ ਵਿੱਚ ਅਣਗਹਿਲੀ ਕਾਰਣ ਛਪਣ ਸਮੇਂ ਰਹੇ ਪਾਠ ਭੇਦ ਤੇ ਕੁਝ ਚਤੁਰ ਲੋਕਾਂ ਵੱਲੋਂ ਰਲਾਵਟ ਦੇ ਮਕਸਦ ਨਾਲ ਜਾਣ ਬੁੱਝ ਕੇ ਪਾਏ ਗਏ ਪਾਠ ਭੇਦਾਂ ਨੂੰ ਪੁਰਾਤਨ ਹੱਥ ਲਿਖਤ ਬੀੜਾਂ ਨਾਲ ਸੋਧ ਕੇ ਸ਼ੁਧ ਰੂਪ ਵਿੱਚ ਛਾਪਣ ਦਾ ਸੀ। ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਆਦੇਸ਼ ਵੀ ਜਾਰੀ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਤੋਂ ਬਿਨਾਂ ਹੋਰ ਕੋਈ ਵੀ ਸੰਸਥਾ ਨਹੀਂ ਛਾਪ ਸਕਦੀ ਤੇ ਪ੍ਰਚਾਰ ਹਿਤ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕੇ ਸਿਰਫ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਨਾਲ ਸੋਧ ਕੇ ਹੀ ਛਾਪੇ ਜਾ ਸਕਦੇ ਹਨ।

ਅੱਜ ਦੁਖਾਂਤ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਾਰਜ ਕਰਤਾ ਧਰਮ ਨਾਲੋਂ ਸਿਆਸਤ ਨੂੰ ਵੱਧ ਤਰਜੀਹ ਦੇ ਰਹੇ ਹਨ ਤੇ ਉਨ੍ਹਾਂ ਦਾ ਧਿਆਨ ਸਿੱਖ ਰਹਿਤ ਮਰਿਆਦਾ ਲਾਗੂ ਕਰਨ, ਗੁਰਬਾਣੀ ਦੇ ਸ਼ੁਧ ਸਰੂਪ ਨੂੰ ਕਾਇਮ ਰੱਖਣ ਤੇ ਇਸ ਦਾ ਗੁਰੂ ਆਸ਼ੇ ਮੁਤਾਬਿਕ ਪ੍ਰਚਾਰ ਕਰਨ ਵੱਲ ਉੱਕਾ ਹੀ ਨਹੀਂ ਹੈ। ਉਹ ਗੋਲਕ ਵਧਾੳਣ ਤੇ ਇਸ ਨੂੰ ਆਪਣੀ ਮਰਜੀ ਮੁਤਾਬਕ ਖਰਚਣ ਨੂੰ ਹੀ ਗੁਰਦੁਆਰੇ ਦਾ ਯੋਗ ਪ੍ਰਬੰਧ ਕਰਨਾ ਸਮਝ ਰਹੇ ਹਨ। ਦੂਸਰਾ ਉਨ੍ਹਾਂ ਦਾ ਧਿਆਨ ਇਹ ਰਹਿੰਦਾ ਹੈ ਕਿ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਵੀਚਾਰਧਾਰਾ ਦਾ ਹੋਵੇ, ਕਿਸੇ ਵੀ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਡੇਰੇ ਨਾਲ ਸਬੰਧਤ ਹੋਵੇ ਉਹ ਨਾਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਵੋਟਾਂ ਅਤੇ ਗੋਲਕ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਬਠਿੰਡਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਚਰਨ ਛੂਹ ਇਤਿਹਾਸਕ ਸਥਾਨ ਹੈ ਗੁਰਦੁਆਰਾ ਕਿਲਾ ਮੁਬਾਰਕ। ਇਤਿਹਾਸ ਮੁਤਾਬਕ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਠਹਿਰਓ ਸਮੇਂ ਕੁਝ ਦਿਨਾਂ ਲਈ ਗੁਰੂ ਸਾਹਿਬ ਜੀ ਨੇ ਇਸ ਕਿਲੇ ਵਿੱਚ ਆਪਣੇ ਮੁਬਾਰਕ ਚਰਨ ਪਾਏ ਸਨ। ਇਸ ਲਈ ਉਨ੍ਹਾਂ ਦੀ ਪਾਵਨ ਯਾਦ ’ਚ ਕਿਲੇ ਦੀ ਕਾਫੀ ਉਚੀ ਜਗ੍ਹਾ ’ਤੇ ਗੁਰਦੁਆਰਾ ਸ਼ਸ਼ੋਬਤ ਹੈ ਜਿਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। 1988 ਦੀਆਂ ਪਈਆਂ ਭਾਰੀ ਵਾਰਸ਼ਾਂ ਕਾਰਨ ਕਿਲੇ ਦੀ ਉਸ ਸਾਈਡ ਦੀ ਕੰਧ ਜਿਸ ਪਾਸੇ ਗੁਰਦੁਆਰਾ ਸਥਿਤ ਸੀ ਉਹ ਕਾਫੀ ਹੱਦ ਤੱਕ ਨੁਕਸਾਨੀ ਗਈ ਸੀ ਜਿਸ ਕਾਰਣ ਗੁਰਦੁਆਰੇ ਦੀ ਇਮਾਰਤ ਖਤਰੇ ਵਾਲੀ ਐਲਾਨੀ ਗਈ। ਇਸ ਕਾਰਣ ਉਥੋਂ ਗੁਰਦੁਆਰਾ ਸ਼ਿਫਟ ਕਰਕੇ ਘੱਟ ਉਚਾਈ ਵਾਲੀ ਦੂਸਰੀ ਜਗ੍ਹਾ ’ਤੇ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੇਸ਼ੱਕ ਨੁਕਸਾਨੀ ਗਈ ਕੰਧ ਅਤੇ ਗੁਰਦੁਆਰੇ ਦੀ ਇਮਾਰਤ ਦੀ ਮੁਰੰਮਤ ਕਰ ਦਿੱਤੀ ਗਈ ਪਰ ਹਾਲੀ ਵੀ ਉਸ ਜਗ੍ਹਾ ’ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਸ ਨੂੰ ਗੁਰਦੁਆਰੇ ਦੇ ਤੌਰ ’ਤੇ ਨਹੀਂ ਵਰਤਿਆ ਜਾ ਰਿਹਾ, ਜਿਸ ਦੇ ਕਾਰਣ ਹਨ ਕਿ ਇੱਕ ਤਾਂ ਇਹ ਜਗ੍ਹਾ ਕਾਫੀ ਉਚਾਈ ਤੇ ਹੋਣ ਕਰਕੇ ਉਥੇ ਆਮ ਸੰਗਤ ਤੇ ਖਾਸ ਕਰਕੇ ਬਜੁਰਗਾਂ ਨੂੰ ਚੜ੍ਹਨਾ ਕਾਫੀ ਮੁਸ਼ਕਲ ਹੈ, ਦੂਸਰੀ ਉਥੇ ਸੰਗਤ ਦੇ ਬੈਠਣ ਲਈ ਜਗ੍ਹਾ ਹੇਠਾਂ ਬਣੇ ਗੁਰਦੁਆਰੇ ਦੇ ਮੁਕਾਬਲੇ ਕਾਫੀ ਘੱਟ ਹੈ ਤੇ ਤੀਸਰੀ ਗੱਲ ਹੈ ਕਿ ਉਸ ਇਮਾਰਤ ਨੂੰ ਹਾਲੀ ਵੀ ਪੂਰੀ ਤਰ੍ਹਾਂ ਖਤਰੇ ਰਹਿਤ ਨਹੀ ਸਮਝਿਆ ਜਾ ਰਿਹਾ।

ਪਰ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਨਾਲੋਂ ਸਥਾਨ ਨਾਲ ਜਿਆਦਾ ਜੁੜੇ ਹੋਏ ਹਨ ਉਹ ਉਥੇ ਜਾਂਦੇ ਹਨ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ। ਉਸ ਇਮਾਰਤ ਨੂੰ ਇੱਕ ਲਾਇਬ੍ਰੇਰੀ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ ਜਿਥੇ ਕੁਝ ਪੁਸਤਕਾਂ ਤੇ ਵੱਡੀ ਗਿਣਤੀ ਵਿੱਚ ਸੁਖਮਨੀ ਸਾਹਿਬ ਦੇ ਗੁਟਕੇ ਪਏ ਹਨ। ਜਿਸ ਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਉਸ ਥੜ੍ਹੇ ’ਤੇ ਰੁਮਾਲੇ ਵਿਛਾ ਕੇ ਅੱਗੇ ਗੋਲਕ ਰੱਖੀ ਹੈ ਤੇ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਸੇਵਾਦਾਰ ਮੱਥਾ ਟੇਕਣ ਵਾਲੇ ਨੂੰ ਪ੍ਰਸ਼ਾਦ ਦੇਣ ਲਈ ਸ਼ਿਫਟਾਂ ਵਿੱਚ ਸਵੇਰੇ 4 ਵਜੇ ਤੋਂ ਸ਼ਾਮ ਨੂੰ 8 ਵਜੇ ਤੱਕ ਹਮੇਸ਼ਾਂ ਹਾਜਰ ਰਹਿੰਦਾ ਹੈ। ਇੱਕ ਪਾਸੇ ਮਨਮੱਤ ਦੀ ਲਿਖਾਇਕ ਜੋਤ ਵੀ 24 ਘੰਟੇ ਜਗਦੀ ਰਹਿੰਦੀ ਹੈ। ਇਸ ਤੋਂ ਇਹ ਭੁਲੇਖਾ ਪੈਂਦਾ ਹੈ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇਸ ਲਈ ਉਪਰ ਪਹੁੰਚਿਆ ਹਰ ਸ਼੍ਰਧਾਲੂ ਗੋਲਕ ਵਿੱਚ ਮਾਇਆ ਪਾ ਕੇ ਮੱਥਾ ਟੇਕ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੰਦਾ ਹੈ।

ਜਦੋਂ ਉਥੇ ਪਈਆਂ ਹੋਈਆਂ ਇਤਿਹਾਸ ਦੀਆਂ ਪੁਸਤਕਾਂ ਵੱਲ ਨਜਰ ਮਾਰੀ ਤਾਂ ਵੇਖਿਆ ਗਿਆ ਕਿ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਜਾਂ ਗੁਰਬਾਣੀ ਅਨੁਸਾਰ ਪ੍ਰਮਾਣਿਕ ਸਿੱਖ ਇਤਿਹਾਸ ਦੀ ਇੱਕ ਵੀ ਪੁਸਤਕ ਨਹੀਂ ਸੀ। ਜਿਆਦਾ ਤਰ ਪੁਸਤਕਾਂ ਗੁਰਮਤਿ ਤੋਂ ਥਿੜਕੇ ਸ਼੍ਰੀਚੰਦ ਜੀ, ਰਾਮ ਰਾਇ ਤੇ ਧੀਰ ਮੱਲ ਦੇ ਜੀਵਨ ਨਾਲ ਸਬੰਧਤ ਸਨ। ਗੁਰਬਾਣੀ ਦੇ ਗੁਟਕਿਆਂ ਵੱਲ ਨਜ਼ਰ ਮਾਰੀ ਤਾਂ ਵੇਖਿਆ ਗਿਆ ਕਿ ਇਥੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਛਪਿਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਅਨੁਸਾਰ ਸ਼ੁੱਧ ਸ਼ਬਦ ਜੋੜਾਂ ਵਾਲਾ ਕੋਈ ਗੁਟਕਾ ਨਹੀਂ ਸੀ।

ਬਹੁਤਾਤ ਵਿੱਚ ਗੁਟਕੇ ਨਾਨਕਸਰ ਦੀ ਮਨਮੱਤ ਮਰਿਆਦਾ ਅਨੁਸਾਰ ਸੰਪਟ ਲਾ ਕੇ ਅਤੇ ਅਸ਼ਟਪਦੀਆਂ ਦੀ ਗਿਣਤੀ (ਜੋ ਕਿ ਪਾਠ ਦਾ ਹਿੱਸਾ ਨਹੀਂ ਸਿਰਫ ਸੰਕੇਤ ਮਾਤਰ ਗਿਣਤੀ ਲਈ ਹਨ) ਨੂੰ ਅੰਕਾਂ ਦੀ ਬਜਾਏ ਸ਼ਬਦ ਵਿੱਚ ਲਿਖਿਆ ਸੀ। ਮਿਸਾਲ ਦੇ ਤੌਰ ’ਤੇ ॥8॥19॥ ਤੇ ॥8॥20॥ ਆਦਿ ਨੂੰ ॥ਅੱਠ ਉਨੀ॥ ਤੇ ॥ਅੱਠ ਵੀਹ॥ ਆਦਿ ਲਿਖ ਕੇ ਇਸ ਨੂੰ ਪਾਠ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਇਹ ਬੱਜਰ ਹੋਈ ਗਲਤੀ ਵੇਖ ਕੇ ਗੁਰਦੁਆਰੇ ਦੇ ਮੈਨੇਜਰ ਸ: ਗੁਰਤੇਜ ਸਿੰਘ ਨੂੰ ਬੁਲਾ ਕੇ ਉਨ੍ਹਾਂ ਨੂੰ ਵਿਖਾਇਆ ਗਿਆ ਕਿ ਇਥੇ ਜਿਨ੍ਹਾਂ ਦੀ ਲੋੜ ਹੈ- ਸ਼੍ਰੋਮਣੀ ਕਮੇਟੀ ਵਲੋਂ ਛਪੀਆਂ ਪੁਸਤਕਾਂ, ਸਿੱਖ ਰਹਿਤ ਮਰਿਆਦਾ, ਤੇ ਗੁਰਬਾਣੀ ਦਾ ਕੋਈ ਗੁਟਕਾ ਤਾਂ ਹੈ ਹੀ ਨਹੀਂ, ਪਰ ਗੁਰਮਤਿ ਦੇ ਵਿਰੋਧ ਵਿੱਚ ਭੁਗਤਣ ਵਾਲੇ ਗੁਰੂ ਅੰਸ਼ ਜਿਨ੍ਹਾਂ ਨੂੰ ਗੁਰੂ ਘਰ ਦੇ ਸ਼ਰੀਕ ਤੇ ਗੁਰਮਤਿ ਦੇ ਵਿਰੋਧੀ ਐਲਾਨ ਕੇ ਉਨ੍ਹਾਂ ਨਾਲ ਸਿੱਖ ਨੂੰ ਵਰਤਣ ਦੀ ਮਨਾਹੀ ਹੈ ਉਨ੍ਹਾਂ ਦੇ ਇਤਿਹਾਸ ਦੀ ਪੁਸਤਕਾਂ ਪਈਆਂ ਹਨ। ਗੁਟਕੇ ਨਾਨਕਸਰ ਦੀ ਉਸ ਮਨਮੱਤ ਮਰਿਆਦਾ ਦੇ ਪਏ ਹਨ ਜਿਹੜੀ ਗੁਰੂ ਵੱਲੋਂ ਲਿਖੀ ਬਾਣੀ ਨੂੰ ਅਧੂਰਾ ਸਿੱਧ ਕਰਨ ਦੀ ਕੌਤਾਹੀ ਕਰ ਰਹੇ ਹਨ। ਕਿਉਂਕਿ ਉਨ੍ਹਾਂ ਅਨੁਸਾਰ ਜੇ ਸੁਖਮਨੀ ਸਾਹਿਬ ਦਾ ਪਾਠ ਸੰਪਟ ਲਾ ਕੇ ਤੇ ਪੱਦਿਆਂ ਤੇ ਅਸ਼ਟਪਦੀਆਂ ਦੀ ਗਿਣਤੀ ਨੂੰ ਉਚਾਰ ਕੇ ਪਾਠ ਕੀਤਾ ਜਾਵੇ ਤਾਂ ਉਸ ਦਾ ਫਲ ਵਧੇਰੇ ਹੁੰਦਾ ਹੈ। ਗੁਰਮਤਿ ਤੋਂ ਅਣਜਾਣ ਜਿਹੜੇ ਵਿਅਕਤੀ ਇਸ ਗੁਟਕੇ ਤੋਂ ਇੱਕ ਵਾਰੀ ਪਾਠ ਕਰ ਲੈਂਦੇ ਹਨ ਉਹ ਗੁਰੂ ਅਰਜੁਨ ਸਾਹਿਬ ਜੀ ਵੱਲੋਂ ਉਚਾਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੁਖਮਨੀ ਸਾਹਿਬ ਨੂੰ ਅਧੂਰਾ ਮੰਨ ਕੇ ਨਾਨਕਸਰ ਮਰਿਆਦਾ ਵਾਲੇ ਗੁਟਕਿਆਂ ਦੀ ਹੀ ਮੰਗ ਕਰਨ ਲੱਗ ਪੈਂਦੇ ਹਨ। ਕਿਉਂਕਿ ਬਹੁ ਗਿਣਤੀ ਭੋਲੇ ਲੋਕ ਗੁਰਬਾਣੀ ਤੋਂ ਜੀਵਨ ਸੇਧ ਲੈਣ ਲਈ ਤਾਂ ਪਾਠ ਕਰਦੇ ਹੀ ਨਹੀ ਉਹ ਤਾਂ ਹਮੇਸ਼ਾਂ ਫਲ ਪ੍ਰਪਤੀ ਦੀ ਇੱਛਾ ਨੂੰ ਮੁਖ ਰੱਖਕੇ ਹੀ ਪਾਠ ਕਰਦੇ ਹਨ। ਲੱਖ ਯਤਨ ਕਰਨ ਤੇ ਅਤੇ ਇਸੇ ਸੁਖਮਨੀ ਸਾਹਿਬ ਦੀਆਂ ਤੁਕਾਂ:

ਕਰਮ ਕਰਤ ਹੋਵੈ ਨਿਹਕਰਮ ॥ ਤਿਸੁ ਬੈਸਨੋ ਕਾ ਨਿਰਮਲ ਧਰਮ ॥ ਕਾਹੂ ਫਲ ਕੀ ਇਛਾ ਨਹੀ ਬਾਛੈ ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥

(ਗਉੜੀ ਸੁਖਮਨੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 274) ਦਾ ਹਵਾਲਾ ਦੇਣ ’ਤੇ ਵੀ ਉਹ ਲੋਕ ਨਹੀਂ ਸਮਝਦੇ ਕਿ ਗੁਰਬਾਣੀ ਕਿਸੇ ਫਲ ਦੀ ਪ੍ਰਾਪਤੀ ਲਈ ਨਹੀਂ ਬਲਕਿ ਜੀਵਨ ਸੇਧ ਪ੍ਰਾਪਤ ਕਰਨ ਲਈ ਹੈ। ਗੁਰੂ ਅਰਜੁਨ ਸਾਹਿਬ ਜੀ ਵਲੋਂ ਉਚਾਰੀ ਬਾਣੀ ਨਾਲੋਂ ਡੇਰੇਦਾਰਾਂ ਵੱਲੋਂ ਸੰਪਟ ਲਾ ਕੇ ਲਿਖੀ ਬਾਣੀ ਨੂੰ ਵੱਧ ਫਲ ਦੇਣ ਵਾਲੀ ਮੰਨ ਕੇ ਗੁਰੂ ਸਾਹਿਬ ਜੀ ਨੂੰ ਅਧੂਰਾ ਤੇ ਸੰਪਟ ਲਾਉਣ ਵਾਲੇ ਡੇਰੇਦਾਰ ਨੂੰ ਗੁਰੂ ਸਾਹਿਬ ਜੀ ਦੀ ਗਲਤੀ ਸੁਧਾਰਨ ਵਾਲਾ ਮੰਨਣਾ; ਗੁਰੂ ਸਾਹਿਬ ਦੀ ਨਿਰਾਦਰੀ ਕਰਨ ਵਾਲਾ ਕੁਕਰਮ ਹੈ।

ਮੈਨੇਜਰ ਸਮਝਦਾਰ ਸੀ ਤੇ ਉਨ੍ਹਾਂ ਝੱਟ ਸਵੀਕਾਰ ਕਰ ਲਿਆ ਕਿ ਇੱਥੇ ਪਿਆ ਇਹ ਲਿਟ੍ਰੇਚਰ ਤੇ ਗੁਟਕੇ ਗਲਤ ਹਨ ਜਿਨ੍ਹਾਂ ਨੂੰ ਉਠਾ ਲਿਆ ਜਾਵੇਗਾ। ਪਰ ਪਤਾ ਲੱਗਾ ਕਿ ਇਸ ਤਰ੍ਹਾਂ ਦਾ ਲਿਟ੍ਰੇਚਰ ਤੇ ਗੁਟਕੇ ਕੋਈ ਮਨਮੋਹਨ ਸਿੰਘ ਸੋਢੀ ਨਾਮ ਦਾ ਆਪਣੇ ਆਪ ਨੂੰ ਨਿਸਕਾਮ ਸੇਵਾਦਾਰ ਕਹਾਉਣ ਵਾਲਾ ਲਿਆ ਕੇ ਰੱਖਦਾ ਹੈ। ਇਹ ਵੀ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇੱਕ ਸ਼੍ਰਧਾਲੂ ਸਿੱਖ ਮਹਿੰਦਰ ਸਿੰਘ ਨੇ ਵੀ ਇਹ ਗਲਤੀ ਮਨੇਜਰ ਦੇ ਧਿਆਨ ਵਿੱਚ ਲਿਆ ਕੇ ਇਤਰਾਜਯੋਗ ਲਿਟ੍ਰੇਚਰ ਉਠਾੳਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਵੀ ਮਨੇਜਰ ਨੇ ਚੰਗਾ ਹੁੰਗਾਰਾ ਦਿੱਤਾ ਸੀ, ਪਰ ਇਹ ਮਨਮੋਹਨ ਸਿੰਘ ਸੋਢੀ ਉਸ ਦੇ ਗਲ਼ ਪੈ ਗਿਆ ਸੀ ਕਿ ਸੰਗਤ ਹੀ ਇੱਥੇ ਲਿਆ ਕੇ ਰੱਖਦੀ ਹੈ ਤੇ ਸੰਗਤ ਹੀ ਇਨ੍ਹਾਂ ਗੁਟਕਿਆਂ ਦੀ ਮੰਗ ਕਰਦੀ ਹੈ ਤਾਂ ਅਸੀਂ ਸੰਗਤ ਨੂੰ ਕਿਵੇਂ ਨਰਾਜ ਕਰ ਸਕਦੇ ਹਾਂ ਜੀ। ਇਸ ਲਈ ਉਸ ਮਨਮੋਹਨ ਸਿੰਘ ਸੋਢੀ ਨੂੰ ਵੀ ਮੌਕੇ ’ਤੇ ਬੁਲਾ ਕੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ।

ਪਹਿਲਾਂ ਤਾਂ ਉਹ ਸਮਝਣ ਦਾ ਯਤਨ ਹੀ ਨਾ ਕਰੇ ਕਿ ਇਹ ਗੱਲ ਸੰਗਤ ਨਹੀਂ ਮੰਨਦੀ। ਉਸ ਨੂੰ ਸਮਝਾਇਆ ਗਿਆ ਕਿ ਸੰਗਤ ਨੂੰ ਦੱਸੋ ਕਿ ਇੱਥੇ ਗੁਰੂ ਦੀ ਮੱਤ ਲੈਣ ਵਾਸਤੇ ਆਈਦਾ ਹੈ ਨਾ ਕਿ ਗੁਰੂ ਨੂੰ ਮੱਤ ਦੇਣ ਲਈ। ਕੀ ਅਸੀਂ ਗੁਰੂ ਨੂੰ ਇਹ ਦੱਸਣ ਲਈ ਆ ਰਹੇ ਹਾਂ ਕਿ ਗੁਰੂ ਸਾਹਿਬ ਜੀ! ਤੁਸੀ ਅਸਲੀ ਮਰਿਆਦਾ ਅਨੁਸਾਰ ਬਾਣੀ ਨਹੀ ਲਿਖ ਸਕੇ, ਅਸਲੀ ਮਰਿਆਦਾ ਇਹ ਹੈ ਜੋ ਨਸਨਕਸਰ ਦੇ ਸਾਧ ਨੇ ਦੱਸੀ ਹੈ। ਸੰਗਤ ਨੂੰ ਇਹ ਦੱਸੋ ਕਿ ਕੁਝ ਚਿਰ ਪਹਿਲਾਂ ਇਸੇ ਗੁਰਦੁਆਰਾ ਸਾਹਿਬ ’ਚ ਸ਼ਨੀਦੇਵਤੇ ਦੀ ਪੂਜਾ ਦਾ ਲਖਾਇਕ ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ ਵੀ ਵਰਤਾਇਆ ਜਾਂਦਾ ਸੀ ਪਰ ਹੁਣ ਇਸ ਨੂੰ ਗੁਰਮਤਿ ਵਿਰੋਧੀ ਜਾਣ ਕੇ ਬੰਦ ਕਰਾ ਦਿੱਤਾ ਹੈ। ਜੇ ਗੁਟਕੇ ਸੰਗਤ ਆਪਣੀ ਮਰਜੀ ਨਾਲ ਰੱਖਦੀ ਹੈ ਤਾਂ ਛੋਲਿਆਂ ਦਾ ਪ੍ਰਸ਼ਾਦ ਵੀ ਸੰਗਤ ਮਰਜੀ ਨਾਲ ਹੀ ਲੈ ਕੇ ਆਉਂਦੀ ਸੀ ਤਾਂ ਉਹ ਕਿਉਂ ਬੰਦ ਕਰਵਾਇਆ। ਜੇ ਸੰਗਤ ਦੀ ਮਰਜੀ ਨਾਲ ਹੀ ਸਭ ਕੁਝ ਕਰਨਾ ਹੈ ਤਾਂ ਕੱਲ ਨੂ ਇੱਥੇ ਸਿਰਸੇ ਵਾਲੇ ਡੇਰੇ ਤੇ ਨਿਰੰਕਾਰੀਆਂ ਦਾ ਲਿਟ੍ਰੇਚਰ ਵੀ ਸੰਗਤ ਦੇ ਨਾਮ ’ਤੇ ਰੱਖਣ ਲੱਗ ਪੈਣਗੇ ਤਾਂ ਕੀ ਉਨ੍ਹਾਂ ਨੂੰ ਨਹੀਂ ਰੋਕਿਆ ਜਾਵੇਗਾ? ਇਤਨਾ ਕਹਿਣ ਦੀ ਦੇਰ ਸੀ ਤਾਂ ਜਿਥੇ ਉਸ ਨੇ ਛੋਲਿਆਂ ਦੇ ਪ੍ਰਸ਼ਾਦ ਬੰਦ ਕਰਵਾਉਣ ਦੀ ਘਟਨਾ ਨੂੰ ਵੀ ਬੜਾ ਦੁਖਦਾਇਕ ਦਸਦਿਆਂ ਕਿਹਾ ਕਿ ਮੈਨੂੰ ਹੀ ਪਤਾ ਹੈ ਕਿ ਇਹ ਕਿਵੇਂ ਬੰਦ ਕਰਵਾਇਆ ਗਿਆ ਸੀ ਤੇ ਸੰਗਤਾਂ ਦੇ ਮਨ ਵਿੱਚ ਇਸ ਪ੍ਰਤੀ ਕਿੰਨਾ ਰੋਸ ਹੈ।

ਉਨ੍ਹਾਂ ਦੀ ਗੱਲਬਾਤ ’ਚੋਂ ਇਹ ਵੀ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਕਿਸ ਤਰ੍ਹਾਂ ਹਰ ਵਿਅਕਤੀ ਆਪਣੇ ਮਨ ਦੀ ਮੱਤ ਨੂੰ ਠੋਸਣ ਲਈ ਆਪ ਨੂੰ ਹੀ ਸੰਗਤ ਸਮਝਣ ਲੱਗ ਪੈਂਦਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਕਿ ਬਾਣੀ ਨੂੰ ਸਮਝਣ ਦੀ ਥਾਂ ਗਿਣਤੀ ਮਿਣਤੀ ਦੇ ਚੱਕਰਾਂ ਵਿੱਚ ਪਾਉਣ ਲਈ ਡੇਰੇਦਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਗੁਟਕਿਆਂ ਵਿੱਚ ਇਸ ਤਰ੍ਹਾਂ ਦੀਆਂ ਪਰਚੀਆਂ ਪਾਈਆਂ ਜਾਂਦੀਆਂ ਹਨ ਕਿ ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰੋਗੇ ਤਾਂ ਕੀ ਕੀ ਫਲ ਮਿਲੇਗਾ। ਇਥੋਂ ਤੱਕ ਪਤਾ ਲੱਗਾ ਕਿ ਕਈ ਗੁਟਕਿਆਂ ਵਿੱਚ ਸਿਰਸੇ ਵਾਲੇ ਸਾਧ ਦਾ ਨਾਹਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਵਾਲੀਆਂ ਪਰਚੀਆਂ ਵੀ ਗੁਟਕਿਆਂ ਵਿੱਚ ਰੱਖੀਆਂ ਜਾਂਦੀਆਂ ਹਨ।

ਇਹ ਸੁਣ ਕੇ ਮਨ ਇਤਨਾ ਚਕਰਾ ਗਿਆ ਕਿ ਸੁਧਾਰ ਨੂੰ ਮੁਖ ਰੱਖ ਕੇ ਦਿੱਤੀਆਂ ਸ਼ਹੀਦੀਆਂ ਤੇ ਕੀਤੀਆਂ ਅਨੇਕਾਂ ਕੁਰਬਾਨੀਆਂ ਦਾ ਮਨੋਰਥ ਕਿਸ ਤਰ੍ਹਾਂ ਅਜਾਂਈ ਜਾ ਰਿਹਾ ਹੈ। ਜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੁੜੇ ਗੁਰਦੁਆਰੇ, ਜਿਸ ਸ਼ਹਿਰ ਵਿੱਚ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਹੀਆ ਦੀ ਰਿਹਾਇਸ਼ ਵੀ ਹੈ, ਨਜ਼ਦੀਕ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੀ ਸਥਿਤ ਹੈ, ਜਿਥੇ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਕੇਂਦਰ ਮਾਲਵਾ ਜ਼ੋਨ ਦਾ ਦਫਤਰ ਵੀ ਖੋਲਿਆ ਹੈ, ਜਿਸ ਦੇ ਇੰਚਾਰਜ ਭਰਪੂਰ ਸਿੰਘ ਹਫਤੇ ਵਿਚ ਘੱਟ ਤੋਂ ਘੱਟ ਪੰਜ ਦਿਨ ਬਠਿੰਡਾ ਵਿਖੇ ਚੱਕਰ ਮਾਰਦੇ ਰਹਿੰਦੇ ਹਨ, ਇਸ ਗੁਰਦੁਆਰਾ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਥਾਵਾਚਕ ਵੀ ਨਿਯਕੁਤ ਕੀਤਾ ਗਿਆ ਹੈ; ਕੀ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਥੇ ਹੋ ਰਹੀ ਮਨਮਤਿ ਅਤੇ ਡੇਰਾਵਾਦ ਦਾ ਪ੍ਰਚਾਰ ਨਜ਼ਰ ਨਹੀਂ ਆਉਂਦਾ! ਜੇ ਜਿਲ੍ਹਾ ਹੈੱਡਕੁਆਟਰ ’ਤੇ ਸਥਿਤ ਗੁਰੁਦਆਰੇ; ਜਿਥੇ ਸੰਗਤ ਵੀ ਪਿੰਡਾਂ ਦੇ ਮੁਕਾਬਲੇ ਵਿੱਚ ਵੱਧ ਪੜ੍ਹੀ ਲਿਖੀ ਹੈ; ਉਥੇ ਸਿੱਖੀ ਪ੍ਰਚਾਰ ਦਾ ਇਹ ਹਾਲ ਹੈ ਤਾਂ ਪਿੰਡਾਂ ਵਿੱਚ ਕੀ ਹਾਲ ਹੋਵੇਗਾ?

ਇਹ ਸਾਰੀ ਸਥਿਤੀ ਸ਼੍ਰੋਮਣੀ ਕਮੇਟੀ ਮੈਂਬਰ ਸ: ਸੁਖਦੇਵ ਸਿੰਘ ਬਾਹੀਆ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਉਨ੍ਹਾਂ ਮੰਨਿਆ ਕਿ ਮੇਰੇ ਕੋਲ ਪਹਿਲਾਂ ਵੀ ਇਹ ਸ਼ਿਕਾਇਤ ਆ ਚੁੱਕੀ ਹੈ। ਇੱਥੇ ਕਈ ਤਰ੍ਹਾਂ ਦੀ ਸੰਗਤ ਆਉਂਦੀ ਹੈ ਜਿਨ੍ਹਾਂ ਨੂੰ ਕੋਈ ਸੋਝੀ ਨਹੀਂ, ਇਕ ਦਮ ਸੁਧਾਰ ਦੀ ਗੱਲ ਕਰੀਏ ਤਾਂ ਸੰਗਤ ਨਰਾਜ਼ ਹੋ ਜਾਂਦੀ ਹੈ ਪਰ ਹੁਣ ਧਿਆਨ ਵਿੱਚ ਆ ਗਿਆ ਹੈ ਤਾਂ ਇਹ ਇਤਰਾਜਯੋਗ ਲਿਟ੍ਰੇਚਰ ਜਰੂਰ ਉਠਾ ਦਿੱਤਾ ਜਾਵੇਗਾ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਸੰਪਟ ਲਾ ਕੇ ਸੁਖਮਨੀ ਸਾਹਿਬ ਦੇ ਗੁਟਕੇ ਛਾਪਣ ’ਤੇ ਅਕਾਲ ਤਖ਼ਤ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਹੈ, ਪਰ ਨਾਨਕਸਰ ਦੇ ਡੇਰੇਦਾਰ ਬਿਨਾ ਕਿਸੇ ਖੌਫ਼ ਦੇ ਛਾਪ ਕੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਹੀ ਵੱਡੀ ਗਿਣਤੀ ਵਿੱਚ ਰੱਖ ਕੇ ਮਨਮੱਤ ਦਾ ਪ੍ਰਚਾਰ ਕਰ ਰਹੇ ਹਨ, ਤਾਂ ਉਨ੍ਹਾਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਉਨ੍ਹਾਂ ਨੇ ਆਪਣਾ ਪੈੱਟ ਜਵਾਬ ਦਿੱਤਾ ਕਿ ਲਿਖਤੀ ਸ਼ਿਕਾਇਤ ਦੇ ਨਾਲ ਉਹ ਗੁਟਕੇ ਭੇਜ ਦਿਓ। ਜਦੋਂ ਪੰਜ ਸਿੰਘਾਂ ਦੀ ਮੀਟਿੰਗ ਹੋਵੇਗੀ ਉਸ ਵਿੱਚ ਵੀਚਾਰ ਕਰ ਲਈ ਜਾਵੇਗੀ।

ਪੁੱਛਿਆ ਗਿਆ ਕਿ ਕੀ ਗੁਰਦੁਆਰਾ ਕਿਲਾ ਮੁਬਾਰਕ ਬਠਿੰਡਾ ਵਿੱਚ ਇਸ ਮਨਮਤ ਵਾਲੇ ਗੁਟਕੇ ਰੱਖਣ ਦੀ, ਕਿਸੇ ਨੇ ਅਕਾਲ ਤਖ਼ਤ ਤੋਂ ਲਿਖਤੀ ਇਜਾਜਤ ਲਈ ਹੈ? ਕੀ ਇਹ ਇਥੋਂ ਚੁਕਾਉਣ ਲਈ ਵੀ ਲਿਖਤੀ ਸ਼ਿਕਾਇਤ ਕਰਨੀ ਪਏਗੀ ਜਾਂ ਜ਼ਬਾਨੀ ਬੇਨਤੀ ਵੀ ਮਨਜੂਰ ਹੋ ਜਾਵੇਗੀ? ਇਹ ਸੁਣ ਕੇ ਜਥੇਦਾਰ ਸਾਹਿਬ ਜੀ ਨੇ ਕਿਹਾ ਚੰਗਾ ਕੀਤਾ ਤੁਸੀਂ ਇਹ ਮੇਰੇ ਧਿਆਨ ਵਿੱਚ ਲੈ ਆਂਦਾ ਮੈਨੇਜਰ ਨੂੰ ਟੈਲੀਫ਼ੋਨ ਕਰਕੇ ਕਹਿ ਦਿੰਦੇ ਹਾਂ ਕਿ ਜੇ ਉਥੇ ਗਲਤ ਲਿਟ੍ਰੇਚਰ ਪਿਆ ਹੈ ਉਹ ਫੌਰਨ ਚੁਕਾ ਦਿੱਤਾ ਜਾਵੇ।

ਹੁਣ ਵੇਖਣਾ ਹੈ, ਕਿ ਜਥੇਦਾਰ ਸਾਹਿਬ ਮਨੇਜਰ ਨੂੰ ਇਹ ਹੁਕਮ ਕਦੋਂ ਦਿੰਦੇ ਹਨ ਤੇ ਇਨ੍ਹਾਂ ਹੁਕਮਾਂ ਦੀ ਕਿੰਨੀ ਜਲਦੀ ਪਾਲਣਾ ਹੁੰਦੀ ਹੈ ਜਾਂ ਪ੍ਰਬੰਧਕ ਸੰਗਤਾਂ ਦਾ ਰੁੱਖ ਜਾਨਣ ਦੀ ਹੀ ਕੋਸ਼ਿਸ਼ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top