Share on Facebook

Main News Page

ੴਸਤਿਗੁਰਪ੍ਰਸਾਦਿ॥
ਨੌਜੁਆਨ ਸਿੱਖ ਗਾਇਕ ਦੇਵੇਂਦਰ ਸਿੰਘ ਵਲੋਂ ਉੱਚੇ ਸੁੱਚੇ ਸਿੱਖ ਕਿਰਦਾਰ ਦਾ ਪ੍ਰਗਟਾਵਾ
- ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ) ਟੈਲੀਫੋਨ: +91 98761 04726

ਸੋਨੀ ਟੀ ਵੀ ਉਤੇ ਅੱਜ ਕੱਲ ਚਲ ਰਹੇ ਰਿਐਲਟੀ ਪ੍ਰੋਗਰਾਮ ‘ਇੰਡੀਅਨ ਆਈਡਲ’ ਵਿੱਚ ਸਿੱਖ ਨੌਜੁਆਨ ਬੱਚੇ ਦੇਵੇਂਦਰ ਪਾਲ ਸਿੰਘ ਨੇ ਜਿੱਥੇ ਆਪਣੀ ਮਨ-ਮੋਹਣੀ ਮਿੱਠੀ ਅਵਾਜ਼ ਅਤੇ ਭੋਲੀ ਸੂਰਤ ਨਾਲ ਸ਼ੋਅ ਦੇ ਜੱਜਾਂ ਦਾ ਮਨ ਮੋਹ ਲਿਆ ਹੈ, ਉਥੇ ਇਸ ਸ਼ੋਅ ਦੇ ਵੇਖਣ ਵਾਲੇ ਦਰਸ਼ਕਾਂ ਦੇ ਮਨਾਂ ਤੇ ਵੀ ਛਾਅ ਗਿਆ ਹੈ। ਭਾਰਤ ਦੀਆਂ ਸਭ ਤੋਂ ਮਸ਼ਹੂਰ ਅਤੇ ਪ੍ਰਵਾਨਤ ਪਿੱਠ ਵਰਤੀ ਗਾਇਕਾ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਜੀ ਵੀ ਉਸ ਦੀ ਗਾਇਨ ਕਲਾ ਦੀ ਭਰਪੂਰ ਸ਼ਲਾਘਾ ਕਰਦੇ ਹਨ। ਆਸ਼ਾ ਭੌਸਲੇ ਜੀ ਤਾਂ ਹਰ ਪ੍ਰੋਗਰਾਮ ਵਿੱਚ ਜੱਜ ਦੇ ਤੌਰ ਤੇ ਉਸ ਦੇ ਗੀਤਾਂ ਤੇ ਝੂਮਦੇ ਵੇਖੇ ਜਾ ਸਕਦੇ ਹਨ।

ਪਿਛਲੇ ਹਫਤੇ ਆਏ ਪ੍ਰੋਗਰਾਮ ਵਿੱਚ, ਇਸ ਹੋਣਹਾਰ ਨੌਜੁਆਨ ਨੇ ਵਧੀਆ ਸਿੱਖ ਕਿਰਦਾਰ ਦਾ ਵਿਖਾਵਾ ਕਰ ਕੇ ਜਿਥੇ ਆਪਣੇ ਮਾਂ-ਬਾਪ ਦਾ ਸਤਿਕਾਰ ਵਧਾਇਆ, ਉਥੇ ਸਿੱਖ ਕੌਮ ਦਾ ਨਾਂ ਵੀ ਉੱਚਾ ਕੀਤਾ ਹੈ।

ਹੋਇਆ ਇੰਝ ਕਿ ਜਦ ਉਸਨੇ ਇਕ ਕਲਾਸੀਕਲ ਗੀਤ ਬੜੇ ਹੀ ਵਧੀਆ ਤਰੀਕੇ ਨਾਲ ਗਾਇਆ ਤਾਂ ਸ਼ੋਅ ਦੇ ਜੱਜਾਂ ਨੇ ਉਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਸਾਰੇ ਜੱਜ ਉਠ ਕੇ ਖੜ੍ਹੇ ਹੋ ਗਏ। ਉਸ ਤੋਂ ਬਾਅਦ ਜਦੋਂ ਸਾਰੇ ਜੱਜਾਂ ਨੇ ਵਾਰੀ ਵਾਰੀ ਉਸ ਦੀ ਗਾਇਨ ਕਲਾ ਦੀ ਭਰਪੂਰ ਤਾਰੀਫ ਕੀਤੀ, ਤਾਂ ਹਰ ਤਾਰੀਫ ਸੁਣ ਕੇ ਉਹ ਬੜੇ ਸਤਿਕਾਰ ਨਾਲ ਸਿਰ ਨਿਵਾਂ ਦੇਂਦਾ ਰਿਹਾ ਅਤੇ ਕਿਤੇ ਵੀ ਖੁਸ਼ੀ ਵਿੱਚ ਫ੍ਹਾਵਾ ਹੋਇਆ ਆਪੇ ਤੋਂ ਬਾਹਰ ਨਹੀਂ ਹੋਇਆ। ਜਦੋਂ ਆਪਣੀ ਪਿਕਚਰ ਦੀ ਮਸ਼ਹੂਰੀ ਲਈ ਆਏ ਫਿਲਮੀ ਕਲਾਕਾਰ ਰਿਤੇਸ਼ ਦੇਸ਼ਮੁੱਖ ਨੂੰ ਉਸ ਦੇ ਗੀਤ ਬਾਰੇ ਆਪਣੇ ਵਿਚਾਰ ਦੇਣ ਲਈ ਕਿਹਾ ਗਿਆ ਤਾਂ ਉਸ ਨੇ ਦੇਵੇਂਦਰ ਸਿੰਘ ਨੂੰ ਕਿਹਾ ਕਿ ਪਹਿਲਾਂ ਤਾਂ ਤੂੰ ਖੁਲ੍ਹ ਕੇ ਹੱਸ, ਇਨ੍ਹਾਂ ਸਾਰਿਆ ਨੇ ਤੇਰੇ ਗੀਤ ਦੀ ਭਰਪੂਰ ਤਾਰੀਫ ਕੀਤੀ ਹੈ ਤਾਂ ਤੂੰ ਕੇਵਲ ਹੱਥ ਬੰਨ੍ਹ ਕੇ ਸਿਰ ਨੀਵਾਂ ਕਰ ਦਿੱਤਾ ਜਦਕਿ ਤੈਨੂੰ ਖੁਲ੍ਹ ਕੇ ਹਸਣਾ, ਨਚਣਾ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ। ਇਸ ਤੇ ਦੇਵੇਂਦਰ ਸਿੰਘ ਨੇ ਆਪਣੀ ਖੂਬਸੂਰਤ ਮੁਸਕਰਾਹਟ ਨਾਲ ਫੁਲਾਂ ਦੀ ਬਾਰਸ਼ ਕਰ ਦਿੱਤੀ।

ਰਿਤੇਸ਼ ਦੇਸ਼ਮੁੱਖ ਨੇ ਵੀ ਉਸ ਦੇ ਗੀਤ ਦੀ ਤਾਰੀਫ ਕਰਦੇ ਹੋਏ ਪੁੱਛਿਆ ਕੇ ਕੀ ਤੂੰ ਕਿਸੇ ਲੜਕੀ ਨਾਲ ਪਿਆਰ ਕੀਤਾ ਹੈ? ਤਾਂ ਦੇਵੇਂਦਰ ਸਿੰਘ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਜਦੋਂ ਉਸ ਨੇ ਪੁੱਛਿਆ ਕਿ ਫੇਰ ਤੂੰ ਗੀਤ ਗਾਣ ਵੇਲੇ ਕਿਸ ਦਾ ਧਿਆਨ ਮਨ ਵਿੱਚ ਲਿਆਉਂਦਾ ਹੈਂ, ਤਾਂ ਉਸ ਅਣਭੋਲ ਜੁਆਬ ਦਿੱਤਾ ਕਿ ਮੈਂ ਆਪਣੀਆਂ ਸੁਰਾਂ ਨਾਲ ਹੀ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਵਿੱਚ ਹੀ ਧਿਆਨ ਰਖਦਾ ਹਾਂ। ਇਹ ਜੁਆਬ ਸੁਣ ਕੇ ਸਾਰੇ ਹੈਰਾਨ ਰਹਿ ਗਏ।

ਪ੍ਰੋਗਰਾਮ ਦੇ ਸੰਜੋਜਕ ਹੁਸੈਨ ਨੇ ਰਿਤੇਸ਼ ਦੇਸ਼ਮੁੱਖ ਨੂੰ ਆਖਿਆ ਕੇ ਤੂੰ ਤਾਂ ਪਿਆਰ ਖੇਡਾਂ ਦਾ ਮਾਹਿਰ ਹੈ, ਤੂੰ ਇਸ ਨੂੰ ਕੁਝ ਜਾਚ ਸਿਖਾ ਤਾਂ ਰਿਤੇਸ਼ ਦੇਸ਼ਮੁੱਖ ਸਟੇਜ ਤੇ ਆ ਗਿਆ ਅਤੇ ਜੱਜਾਂ ਵਿੱਚ ਬੈਠੀ ਸੁਨੱਖੀ ਗਾਇਕਾ ਸੁਨਿਧੀ ਚੌਹਾਨ ਨੂੰ ਵੀ ਸਟੇਜ ਤੇ ਬੁਲਾ ਲਿਆ। ਉਸ ਨੇ ਦੇਵੇਂਦਰ ਸਿੰਘ ਨੂੰ ਆਖਿਆ ਕਿ ਤੂੰ ਸੁਨਿਧੀ ਚੌਹਾਨ ਦੀਆਂ ਅੱਖਾਂ ਵਿੱਚ ਵੇਖ ਕੇ ਇਕ ਖਾਸ ਅੰਦਾਜ਼ ਵਿੱਚ ਕਹਿ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਇਸ ਦੇ ਜੁਆਬ ਵਿੱਚ ਦੇਵੇਂਦਰ ਸਿੰਘ ਨੇ ਆਖਿਆ ਕਿ ਇਹ ਤਾਂ ਮੇਰੀ ਭੈਣਾਂ ਵਰਗੀ ਹੈ। ਰਿਤੇਸ਼ ਦੇਸ਼ਮੁੱਖ ਨੇ ਆਖਿਆ ਕਿ ਇੰਝ ਤਾਂ ਸਾਰੇ ਦੇਸ਼ ਦੀਆਂ ਨੌਜੁਆਨ ਲੜਕੀਆਂ ਤੇਰੀਆਂ ਭੈਣਾਂ ਬਣ ਜਾਣਗੀਆਂ ਤਾਂ ਉਸ ਨੇ ਕਿਹਾ, ਇਹ ਬਿਲਕੁਲ ਠੀਕ ਹੈ ਅਤੇ ਮੈਨੂੰ ਪੂਰੀ ਤਰ੍ਹਾਂ ਪ੍ਰਵਾਨ ਹੈ।

ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਉਹ ਐਸੀਆਂ ਖੇਡਾਂ ਨਾਲ ਆਪਣੇ ਪ੍ਰੋਗਰਾਮ ਨੂੰ ਸੁਆਦਲਾ ਬਨਾਉਣ ਦੀ ਕੋਸ਼ਿਸ਼ ਕਰਦੇ ਹਨ, ਪ੍ਰੋਗਰਾਮ ਦੇ ਸੰਜੋਜਕ ਹੁਸੈਨ ਨੇ ਦੇਵੇਂਦਰ ਸਿੰਘ ਨੂੰ ਆਖਿਆ ਕਿ ਤੂੰ ਜਿਵੇਂ ਰਿਤੇਸ਼ ਦੇਸ਼ਮੁੱਖ ਕਰਦਾ ਹੈ, ਉਂਝ ਹੀ ਕਰ ਅਤੇ ਬੋਲ। ਰਿਤੇਸ਼ ਦੇਸ਼ਮੁੱਖ ਨੇ ਇਕ ਖਾਸ ਅੰਦਾਜ਼ ਵਿੱਚ ਸੁਨਿਧੀ ਵੱਲ ਵੇਖਦੇ ਹੋਏ ਕਿਹਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। ਅਗੋਂ ਦੇਵੇਂਦਰ ਸਿੰਘ ਨੇ ਵੀ ਮਿਲਦਾ ਜੁਲਦਾ ਅੰਦਾਜ਼ ਬਣਾਕੇ ਕਿਹਾ ਮੈਂ ਤੈਨੂੰ ਪਿਆਰ ਨਹੀਂ ਕਰਦਾ। ਰਿਤੇਸ਼ ਦੇਸ਼ਮੁੱਖ ਨੇ ਪੁੱਛਿਆ ਕਿ ਤੇਰੀ ਉਮਰ ਕਿਤਨੀ ਹੈ ਤਾਂ ਦੇਵੇਂਦਰ ਸਿੰਘ ਨੇ ਕਿਹਾ ਕਿ ਸਤਾਰ੍ਹਾਂ ਸਾਲ। ਇਸ ਤੇ ਰਿਤੇਸ਼ ਦੇਸ਼ਮੁੱਖ ਨੇ ਆਪਣੀ ਝੇਂਪ ਮਿਟਾਉਣ ਵਾਸਤੇ ਕਹਿ ਦਿੱਤਾ ਕਿ ਅਜੇ ਇਕ ਸਾਲ ਦੀ ਕਸਰ ਹੈ ਫਿਰ ਆਪੇ ਸਭ ਕੁਝ ਠੀਕ ਹੋ ਜਾਵੇਗਾ ਅਤੇ ਸਟੇਜ ਤੋਂ ਉਤਰ ਗਿਆ ਅਤੇ ਸੁਨਿਧੀ ਚੌਹਾਨ ਵੀ ਉਸ ਨੂੰ ਭੈਣਾਂ ਵਾਲਾ ਲਾਡ ਦੇਕੇ ਆਪਣੀ ਜਗ੍ਹਾ ਤੇ ਵਾਪਸ ਆ ਗਈ।

ਅਸੀਂ ਅਕਾਲ-ਪੁਰਖ ਅਗੇ ਜੋਦੜੀ ਕਰਦੇ ਹਾਂ, ਕਿ ਉਹ ਦੇਵੇਂਦਰ ਪਾਲ ਸਿੰਘ ਨੂੰ ਇੰਝ ਹੀ ਸੁਮਤਿ ਬਖਸ਼ੀ ਰੱਖੇ। ਜਿੱਥੇ ਉਹ ਆਪਣੀ ਗਾਇਨ ਕਲਾ ਵਿੱਚ ਬੁਲੰਦੀਆਂ ਛੂਹ ਕੇ ਆਪਣੇ ਮਾਤਾ ਪਿਤਾ ਅਤੇ ਕੌਮ ਦਾ ਨਾਂ ਰੌਸ਼ਨ ਕਰੇ ਉਥੇ ਗੁਰਮਤਿ ਸਿਧਾਂਤਾਂ ਅਤੇ ਸਿੱਖੀ ਸਰੂਪ ਤੇ ਪਹਿਰਾ ਦੇ ਕੇ ਗੁਰੂ ਬਖਸ਼ਿਸ਼ ਦਾ ਵੀ ਪਾਤਰ ਬਣਿਆ ਰਹੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top