Share on Facebook

Main News Page

ਰੱਖੜੀ

ਕੀ ਭਰਾ ਹੀ ਭੈਣ ਦੀ ਰੱਖਿਆ ਕਰ ਸਕਦਾ ਹੈ, ਭੈਣ ਭਰਾ ਦੀ ਰੱਖਿਆ ਨਹੀਂ ਕਰ ਸਕਦੀ ਜਾਂ ਘੱਟੋ-ਘੱਟ ਆਪਣੀ ਰੱਖਿਆ ਕਰਨ ਦੇ ਆਪ ਕਾਬਲ ਨਹੀਂ ਹੋ ਸਕਦੀ?

ਕੀ ਭਰਾ ਦੇ ਗੁੱਟ 'ਤੇ ਆਪਣੀ ਰੱਖਿਆ ਲਈ ਬੇਨਤੀ ਕਰਨ ਜਾਂ ਵਚਨ ਲੈਣ ਦੇ ਪ੍ਰਤੀਕ ਵਜੋਂ ਇੱਕ ਧਾਗਾ ਬੰਨ੍ਹਣਾ ਤਥਾਕਥਿਤ ਰਿਸ਼ਤਿਆਂ ਦੇ ਪਿਆਰ ਨੂੰ ਜਤਾਉਣ ਦਾ ਤਰੀਕਾ ਹੈ, ਜਾਂ ਫੇਰ ਚਾਸ਼ਨੀ ਵਿੱਚ ਲਪੇਟਿਆ ਹੋਇਆ ਮਹੁਰਾ, ਇੱਕ ਔਰਤ ਨੂੰ ਉਸਦੀ ਗੁਲਾਮੀ ਦੇ ਅਹਿਸਾਸ ਕਰਵਾਉਣ ਦਾ?

ਆਖ਼ਰ ਕਦ ਤਕ ਔਰਤ ਤਿਉਹਾਰਾਂ/ਵਰਤਾਂ ਇਤਿਆਦਿਕ ਦੇ ਨਾਮ 'ਤੇ ਮੱਧ-ਕਾਲੀਨ ਗੁਲਾਮੀ ਨੂੰ ਸਵੀਕਾਰ ਕਰ ਆਪਣੇ ਆਪ ਨੂੰ ਦੋਇਮ ਦਰਜੇ ਦਾ ਮਨੁੱਖ ਮੰਨ ਆਪਣੀ ਸ੍ਵੈ-ਨਿਰਭਰਤਾ ਅਤੇ ਸਵੈਮਾਣ ਦਾ ਧਰਮ/ਸਭਿਆਚਾਰ ਦੇ ਓਹਲੇ ਵਿੱਚ ਆਪਣੇ ਹੱਥੀਂ ਗਲਾ ਘੋਟ ਕੇ ਸਮਾਜ ਅਤੇ ਧਰਮ ਦੇ ਅਲੰਬਰਦਾਰਾਂ ਵਲੋਂ ਮਿਲੇ ਨੀਚ ਦੇ ਤਗਮੇ "ਢੋਰ ਪਸ਼ੂ ਸ਼ੂਦਰ ਔਰ ਨਾਰੀ, ਯੇਹ ਸਭ ਤਾੜਨ ਕੇ ਅਧਿਕਾਰੀ" ਨੂੰ ਚੁੰਮ੍ਹ-੨ ਕੇ ਗਲ ਵਿੱਚ ਸਜਾਈ ਘੁੰਮੇਗੀ ??

ਜੇ ਰੱਖੜੀ ਇੱਕ ਔਰਤ ਵਲੋਂ ਮਰਦ-ਪ੍ਰਧਾਨਤਾ ਨੂੰ ਪੱਠੇ ਪਾ ਕੇ, ਆਪਣੀ ਸਵੈਨਿਰਭਰਤਾ ਤੋਂ ਮੁਨਕਰ ਹੋ, ਉਸ ਅੱਗੇ (ਪ੍ਰ੍ਤੀਕਾਤਮਕ ਹੀ ਸਹੀ ਪਰ) ਝੁੱਕ ਕੇ ਕੀਤਾ ਜਾਣ ਵਾਲਾ "ਰੱਖਿਆ ਕਰਨ ਦਾ ਪ੍ਰਣ/ਬੇਨਤੀ" ਨਹੀਂ ਤਾਂ ਹੋਰ ਕੀ ਹੈ ??

ਜੇ ਪ੍ਰਤੀਕ ਪਿੱਛੇ ਛੁਪੀ ਭਾਵਨਾ ਦਾ ਸਵਾਲ ਹੈ ਤਾਂ ਇਸ ਹਿਸਾਬ ਨਾਲ ਰੱਖੜੀ ਦੇ ਤਿਉਹਾਰ ਦਾ ਪ੍ਰਤੀਕ ਵਜੋਂ ਵਿਰੋਧ ਬਿਲਕੁਲ ਜਾਇਜ਼ ਹੈ, ਕਿਉਂ ਕਰ ਇਸ ਪਿੱਛੇ ਭਾਵਨਾ ਸਿਰਫ਼ ਤੇ ਸਿਰਫ਼ ਔਰਤ ਵਲੋਂ ਮਰਦ ਪ੍ਰਧਾਨਤਾ ਅੱਗੇ ਆਪਣੀ ਸਵੈਨਿਰਭਰਤਾ ਦੀ ਬਲੀ ਦੇ ਕੇ ਆਪਣੀ ਰੱਖਿਆ ਲਈ ਲਿਲਕੜੀਆਂ ਕੱਢ ਮਰਦ-ਹਉ ਪੱਠੇ ਪਾਉਣਾ ਜਾਂ ਇੰਜ ਕਹਿ ਲਵੋ ਜਗੀਰੂ-ਵਿਵਸਥਾ ਨੂੰ ਅੰਗੀਕਾਰ ਕਰਨਾ ਹੈ ਜੋ ਇੱਕ ਵਰਗ ਵਿਸ਼ੇਸ਼ ਦੇ ਪਹਿਲੇ ਦਰਜੇ ਅਤੇ ਬਾਕੀ ਸਾਰੇ ਵਰਗਾਂ ਨੂੰ ਚਾਹੇ ਉਹ ਲਿੰਗ ਅਧਾਰਿਤ ਹੋਣ ਜਾਂ ਜਾਤ ਅਧਾਰਿਤ ਨੂੰ ਨਿਵਿਆਉਣ, ਝੁਕਾਉਣ ਅਤੇ ਸ਼ੋਸ਼ਿਤ ਕਰਨ ਵਿੱਚ ਹੀ ਯਕੀਨ ਰੱਖਦੀ ਹੈ ਨੂੰ ਸਿਰ ਝੁਕਾ ਕੇ ਪ੍ਰਵਾਨਗੀ ਦੇਣੀ ਹੈ!


ਅੰਨਾ ਲੜੀਵਾਰ

ਪੁੱਛ-ਪ੍ਰਤੀਤ ਘਟਣ ਤੋਂ ਬਾਅਦ ਅੰਨਾ ਹੁਣ ਆਪੇ ਹੀ ਭੁੱਖ-ਹੜਤਾਲ ਖਤਮ ਕਰ ਰਾਜਨੀਤਿਕ ਪਿੜ ਵਿੱਚ ਨਿੱਤਰਨ ਦੀ ਫਿਰਾਕ ਵਿੱਚ!

ਕਾਰਨ :

੧. ਪਹਿਲਾਂ ਤੋਂ ਹੀ ਨਿਰਧਾਰਿਤ ਸੱਜੇ-ਪੱਖੀ ਤੇ ਫਾਸੀਵਾਦੀ ਰਣਨੀਤੀ (ਗੇਮ-ਪਲਾਨ) ਦਾ ਹਿੱਸਾ?

੨. ਅੰਨਾ-ਟੀਮ ਦੇ ਮੈਂਬਰਾਂ ਦੇ ਆਪਣੇ ਨੈਤਿਕ ਨਿਵਾਣ ਦੇ ਚਲਦੇ ਘੱਟਦੇ ਸਮਰਥਨ ਨੇ ਵਿਗਾੜੀ ਖੇਡ?

੩. ਭੁੱਖ ਹੜਤਾਲ ਨੂੰ (ਸਰਕਾਰ ਤੇ ਮੀਡੀਆ ਵਲੋਂ) ਖਾਸ ਤਵੱਜੋ ਨਾ ਮਿਲਦੀ ਦੇਖ ਲੰਗੋਟੀ ਤੇ ਜਾਨ ਸੰਭਾਲ ਕੇ ਭੱਜਣ ਦਾ ਬਹਾਨਾ?

੪. ਹੁਣ ਅੰਨਾ-ਟੀਮ ਦੇ ਤਾਨਾਸ਼ਾਹ ਤੀਸ-ਮਾਰ-ਖਾਂਵਾਂ ਨੂੰ ਪੂਰੀ ਸੰਸਦੀ ਪ੍ਰਣਾਲੀ ਚੋਰਾਂ ਤੇ ਬਲਾਤਕਾਰੀਆਂ ਦਾ ਅੱਡਾ ਦਿਸਣਾ ਬੰਦ ਹੋਈ?

੫. ਰਾਸ਼ਟਰਪਤੀ ਦੀ ਚੋਣ ਵਿੱਚ ਆਪਣਾ ਤੀਰ-ਤੁੱਕਾ ਸਹੀ ਨਾ ਬੈਠਣ 'ਤੇ ਹੋਇਆ ਆਪਣੀ ਤਾਕਤ ਦਾ ਅਹਿਸਾਸ?


ਪੰਜਾਬੀ ਕਾਮਰੇਡੀ

ਕਮਿਉਨਿਜ਼ਮ ਦੇ ਦੇਸੀ ਐਵਾਟਾਰ ਪੰਜਾਬੀ-ਕਾਮਰੇਡੀ ਦਾ ਇੱਕੋ-ਇੱਕ ਮਕਸਦ ਗਾਹੇ ਬਗਾਹੇ ਸਿੱਖ ਧਰਮ ਨੂੰ ਨਿੰਦਣਾ ਹੀ ਹੈ, ਭਾਵੇਂ ਇਸ ਲਈ ਉਹਨਾਂ ਨੂੰ ਮਾਰਕਸ ਤੇ ਲੈਨਿਨ ਦੇ ਵਰਗ-ਵੰਡ ਵਿਰੋਧੀ ਅਤੇ ਸਮਾਜਿਕ ਪਾੜੇ ਦੇ ਪ੍ਰਤੀਕਾਂ ਅਤੇ ਵਰਗ ਅਧਾਰਿਤ ਸੋਸ਼ਣ ਨੂੰ ਵਡਿਆਉਣ ਵਾਲੇ ਹਰ ਚਿੰਨ੍ਹ ਨੂੰ ਤਿਆਗਣ ਦੇ ਸਿਧਾਂਤਾਂ ਨੂੰ ਹੱਥੀਂ ਗਲ ਘੋਟ ਕੇ ਅਧਮੋਇਆ ਹੀ ਕਬਰ ਵਿੱਚ ਕਿਉਂ ਨਾ ਦਫਨਾਉਣਾ ਪਵੇ!

ਕਾਰਨ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਪੰਜਾਬੀ ਕਾਮਰੇਡੀ ਅਸਲ ਵਿੱਚ ਮਾਰਕਸ ਅਤੇ ਲੈਨਿਨ ਦਾ ਵਰਗ-ਵਿਰੋਧੀ ਕਮਿਉਨਿਜ਼ਮ ਨਾ ਹੋ ਕੇ ਸਿਰਫ਼ ਤੇ ਸਿਰਫ਼ ਜਾਤ ਅਧਾਰਿਤ ਜਗੀਰੂ-ਸੋਚ ਪ੍ਰਧਾਨ ਮਾਨਸਿਕ-ਪਸਤ ਅਖੌਤੀ ਉੱਚ-ਵਰਗ ਦਾ ਅਖਾੜਾ ਹੈ ਜਿੱਥੇ ਦੋਗਲੀ ਮਾਸਿਕਤਾ ਦੇ ਚੰਦ ਕੁ ਅਬੁੱਧੀਜੀਵੀ ਸ਼ੌਂਕੀਆ ਵੇਲਾਂ ਦੇ-ਦੇ ਕੇ ਆਪਣੀ ਮਰਜੀ ਦੇ ਸਿਧਾਂਤਕ ਦੁਗਾਣੇ ਵਜਾ ਕੇ ਬਸ ਵਾਹ-੨ ਤੇ ਮਨ ਪ੍ਰਚਾਵਾ ਕਰਨ ਵਿੱਚ ਹੀ ਯਕੀਨ ਰੱਖਦੇ ਹਨ, ਅਸਲੀ ਵਰਗ ਵਿਵਸਥਾ ਤਾਂ ਉਹਨਾਂ ਲੋਕਾਂ ਦੀ ਰੋਟੀ ਦਾ ਅਧਾਰ ਹੈ!

ਸ਼ਾਇਦ ਇਹੀ ਕਾਰਨ ਹੈ ਕਿ ਸਾਰੀ ਪੰਜਾਬੀ ਕਾਮਰੇਡੀ ਇੱਕੋ ਜਾਤ ਵਿਸ਼ੇਸ਼ ਵਿੱਚ ਸੀਮਿਤ ਹੋ ਕੇ ਰਹਿ ਗਈ ਹੈ ਅਤੇ ਪੰਜਾਬੀ ਦਲਿਤ ਕਦੇ ਵੀ ਮਾਰਕਸ ਦੇ ਵਰਗ-ਵਿਰੋਧੀ ਸਿਧਾਂਤ ਦਾ ਲਾਭ ਨਹੀਂ ਲੈ ਸਕਿਆ ਕਿਉਂ ਕਰ ਜਾਤੀ-ਪ੍ਰਧਾਨ ਪੰਜਾਬੀ ਕਾਮਰੇਡੀ ਦੇ ਧਮੱਕੜ ਚੌਧਰੀਆਂ ਨੇ ਸ਼ੋਸ਼ਿਤ ਵਰਗਾਂ ਨੂੰ ਕਦੇ ਵੀ ਕਮਿਉਨਿਜ਼ਮ ਦੀ ਅਖੌਤੀ ਪੰਜਾਬੀ-ਬ੍ਰਾਂਚ ਦੀ ਮੁੱਖਧਾਰਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਹੀ ਨਹੀਂ ਦਿੱਤਾ...


ਵਾਲ ਦੀ ਖੱਲ!

ਕਹਾਵਤਾਂ ਬਣਾਉਣ ਵਾਲਿਆਂ ਤੋਂ ਅਗਾਊਂ ਮਾਫੀ ਸਹਿਤ ਕਹਿਣਾ ਚਾਹੁੰਦਾ ਹਾਂ ਕਿ "ਬਾਂਦਰ ਕੀ ਜਾਣੇ ਅਦਰਕ ਦਾ ਸਵਾਦ" ਕਹਿਣ ਵਾਲੇ ਨੂੰ ਕਿਸਨੇ ਇਹ ਹੱਕ ਦਿੱਤਾ ਕਿ ਉਹ ਜਾਨਵਰਾਂ ਦੇ ਸਵਾਦ ਦੇ ਅਧਿਕਾਰ 'ਤੇ ਹਮਲਾ ਬੋਲੇ, ਬੰਦਾ ਹੋਣ ਕਰਕੇ ਉਸਨੂੰ ਸਿਰਫ਼ ਤੇ ਸਿਰਫ਼ ਬੰਦਿਆਂ 'ਤੇ ਹੀ ਟਿੱਪਣੀ ਕਰਨੀ ਚਾਹੀਦੀ ਸੀ ਬਾਂਦਰਾਂ ਦੇ ਸਵਾਦੀ ਸੁਤੰਤਰਾ ਦੇ ਹੱਕ 'ਤੇ ਇੰਜ ਹਮਲਾ ਬੋਲ ਕੇ ਉਸਨੇ ਨਸਲਵਾਦੀ ਵਰਤਾਰੇ ਨੂੰ ਹੁੰਗਾਰਾ ਦਿੱਤਾ ਹੈ ਜੋ ਅਤਿ ਨਿੰਦਣਯੋਗ ਕਾਰਾ ਹੈ ! ਤੇ ਨਾਲ ਹੀ ਨਾਲ "ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ" ਵਾਲੇ ਦੀ ਵਕਤੀ ਜਾਣਕਾਰੀ ਦੀ ਘਾਟ ਵੀ ਉਸਦੀ ਤ੍ਰਾਸਦੀ ਹੈ ਕਿਉਂ ਕਰ ਉਸਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੰਸਦੀ ਲੋਕਤੰਤਰ ਵਿੱਚ ਕਨੂੰਨ-ਘੜਨੀ ਸਭਾ ਹੁਣ ਸੰਸਦ ਹੈ ਨਾ ਕਿ ਪੁਰਾਤਨ ਪੰਚਾਇਤ ਸੋ ਉਸਨੂੰ "ਸੰਸਦ ਮੈਂਬਰਾਂ ਦਾ ਕਿਹਾ" ਹੀ ਸਿਰ ਮੱਥੇ ਕਰਵਾਉਣਾ ਚਾਹੀਦਾ ਹੈ ਤੇ ਅਜਿਹਾ ਨਾ ਕਰਨਾ ਲੋਕਤੰਤਰ ਵਿੱਚ ਸੰਸਦ ਦੀ ਸਰਬ-ਉੱਚਤਾ ਤੇ ਵਿਸ਼ੇਸ਼ਾਧਿਕਾਰ ਦਾ ਵੱਡਾ ਹਾਣ ਹੈ!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top