Share on Facebook

Main News Page

ਜੇ ਤਖਤਾਂ ਦੇ ਪੁਜਾਰੀਆਂ ਦੇ ਹੁਕਮਨਾਮੇ ਹੀ ਮੰਨਦੇ ਰਹਾਂਗੇ, ਤਾਂ ਗੁਰਬਾਣੀ ਦੇ ਹੁਕਮਨਾਮੇ ਕਦੋਂ ਮੰਨਾਂਗੇ?
- ਬਲਜੀਤ ਸਿੰਘ ਇਟਲੀ

* ਗੁਰਬਾਣੀ ਦੇ ਹੁਕਮਨਾਮੇ ਦੀ ਸਾਡੇ ਲਈ ਕੋਈ ਅਹਿਮੀਅਤ ਨਹੀਂ, ਪਰ ਪੁਜਾਰੀਆˆ ਦੇ ਹੁਕਮਨਾਮੇ (ਕੁਫਰਨਾਮੇ) ਮਨਾਉਣ ਲਈ ਅਸੀਂ ਡਾਂਗਾਂ ਵੀ ਚੁਕ ਲੈਂਦੇ ਹਾਂ, ਪਰ ਗੁਰਬਾਣੀ ਦੇ ਹੁਕਮਨਾਮੇ ਮਨਾਉਣ ਲਈ ਅਸੀਂ ਕਦੇ ਜਤਨ ਕੀਤਾ?

ਕਾਫੀ ਗੰਭੀਰ ਮਸਲੇ ਸਾਡੇ ਵਿਚ ਹਮੇਸ਼ਾਂ ਉਠਦੇ ਰਹਿੰਦੇ ਹਨ, ਪਰ ਕੀ ਅਸੀਂ ਕਦੀ ਕਿਸੇ ਮਸਲੇ ਦਾ ਹੱਲ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਵੀ ਕਰਦੇ ਹਾਂ, ਜਾਂ ਕੀਤਾ ਹੈ? ਜਦੋਂ ਗੁਰੂ ਗਰੰਥ ਸਾਹਿਬ ਜੀ ਸਾੰਨੂ ਕਿਸੇ ਵੀ ਮਸਲੇ ਜਾਂ ਮੁਸੀਬਤ ਦਾ ਹੱਲ ਬਹੁਤ ਸੰਜੀਦਗੀ ਨਾਲ ਹਮੇਸ਼ਾਂ ਸਮਝਾ ਰਹੇ ਹਨ, ਤਾਂ ਫਿਰ ਸਾਨੂ ਹੋਰ ਹੋਰ ਲਿਖਤਾਂ ਤੋਂ ਫੈਸਲੇ ਕਰਵਾਓਣ ਦੀ ਕੀ ਜਰੂਰਤ ਪੈ ਜਾਂਦੀ ਹੈ? ਅੱਜ ਗੁਰੂ ਗਰੰਥ ਸਾਹਿਬ ਜੀ ਨੂੰ ਭਾਵੇਂ ਹਰ ਗੁਰਦਵਾਰੇ ਵਿਚ ਉੱਚਾ ਸਥਾਨ ਤਾਂ ਦਿੱਤਾ ਜਾ ਰਿਹਾ ਹੈ, ਪਰ ਕਾਨੂੰਨ ਜਾਂ ਮਰਿਯਾਦਾ ਤਾਂ ਆਪਣੀ ਆਪਣੀ ਹੀ ਚਲਾਈ ਜਾ ਰਹੀ ਹੈ। ਨਾਲ ਹੀ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਅਸੀਂ ਤਾਂ ਹਰ ਕਾਰਜ ਗੁਰੂ ਗਰੰਥ ਸਾਹਿਬ ਜੀ ਦੇ ਅਨੁਸਾਰ ਹੀ ਕਰ ਰਹੇ ਹਾਂ, ਜਿਨ੍ਹਾਂ ਵਿਚ ਸਭ ਤੋਂ ਉਪਰ ਸਿੱਖ ਰਹਿਤ ਮਰਿਯਾਦਾ ਦਾ ਨਾਮ ਆਉਂਦਾ ਹੈ, ਜਿਸ ਮਰਿਯਾਦਾ ਨੂੰ ਅਕਾਲ ਤਖਤ ਤੋਂ ਪੰਥ ਪ੍ਰਵਾਨਿਤ, ਪੰਥਕ ਕਨੂੰਨ ਅਤੇ ਜੀਵਨ ਜਾਚ ਵੀ ਕਹ ਕੇ ਪ੍ਰਚਾਰਿਆ ਜਾ ਰਿਹਾ ਹੈ, ਪਰ ਸ਼ਾਇਦ ਪ੍ਰਚਾਰਨ ਵਾਲਿਆਂ ਨੇ ਇਹ ਕਦੇ ਨਹੀਂ ਸੋਚਿਆ ਕਿ ਇਹ ਰਹਿਤ ਮਰਿਯਾਦਾ ਗੁਰੂ ਗਰੰਥ ਪ੍ਰਵਾਨਿਤ ਵੀ ਹੈ ਜਾਂ ਨਹੀਂ? ਜਿਸ ਵਿਚ 90% ਸੇਧਾਂ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਨਹੀਂ ਹਨ, ਅਤੇ ਹਰ ਰੋਜ 70% ਰਚਨਾਵਾਂ ਗੁਰੂ ਗਰੰਥ ਸਾਹਿਬ ਜੀ ਤੋਂ ਬਾਹਰ ਇੱਕ ਸਿਧਾਂਤਹੀਣ ਕਿਤਾਬ (ਅਖੌਤੀ ਦਸਮ ਗਰੰਥ) ਵਿਚੋਂ ਪੜ੍ਹਨ 'ਤੇ ਜੋਰ ਪਾਇਆ ਜਾ ਰਿਹਾ ਹੈ। ਜਦ ਕੇ ਗੁਰਬਾਣੀ ਫੁਰਮਾਨ ਹੈ,

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥

ਸਪਸ਼ਟ ਹੈ ਕਿ ਸਾਡੇ ਸਤਿਗੁਰੂ ਸਿਰਫ ਗੁਰੂ ਗਰੰਥ ਸਾਹਿਬ ਜੀ ਹੀ ਹਨ। ਤੇ ਗੁਰੂ ਦੀ ਹਜੂਰੀ ਵਿਚ ਜੇ ਹੋਰ ਰਚਨਾਵਾਂ ਗੁਰਬਾਣੀ ਦੇ ਵਾਂਗ ਪੜੀਆਂ ਜਾ ਰਹੀਆਂ ਹਨ, ਤੇ ਓਨਾ ਕਚੀਆਂ ਰਚਨਾਵਾਂ ਦੇ ਪੜੇ ਜਾਣ ਦਾ ਕਾਰਨ ਜੇਕਰ ਕੋਈ ਰਹਿਤ ਮਰਿਯਾਦਾ ਹੈ ਤਾਂ, ਉਹ ਰਹਿਤ ਮਰਿਯਾਦਾ ਪੰਥ ਪ੍ਰਵਾਨਿਤ ਨਹੀਂ ਕਹੀ ਜਾ ਸਕਦੀ, ਕਿਉਂਕਿ ਇਸ ਦੀ ਇਜਾਜ਼ਤ ਗੁਰਬਾਣੀ ਨਹੀਂ ਦਿੰਦੀ, ਤੇ ਪੰਥ ਗੁਰਬਾਣੀ ਤੋਂ ਬਾਹਰ ਹੋ ਨਹੀਂ ਸਕਦਾ, ਅੱਜ ਅਖੌਤੀ ਦਸਮ ਗਰੰਥ ਸਿੱਖ ਸਭਿਆਚਾਰ ਲਈ ਸਭ ਤੋਂ ਘਾਤਕ ਸਿਧ ਹੋ ਰਿਹਾ ਹੈ, ਕਿਉਂਕਿ ਇਸ ਵਿਚ ਰੱਜ ਕੇ ਅਸ਼ਲੀਲਤਾ ਦੇ ਨਾਲ ਨਾਲ ਓਨਾ ਦੇਵੀ ਦੇਵਤਿਆਂ ਨੂੰ ਪੂਜਣ 'ਤੇ ਜੋਰ ਦਿੱਤਾ ਜਾ ਰਿਹਾ ਹੈ, ਜੋ ਅਸਲ ਵਿਚ ਕਦੀ ਹੋਏ ਹੀ ਨਹੀਂ ਅਤੇ ਜਿਨਾ ਨੂੰ ਤਿਆਗਣ ਲਈ ਗੁਰੂ ਗਰੰਥ ਸਾਹਿਬ ਜੀ ਹਮੇਸ਼ਾˆ ਜ਼ੋਰ ਦੇ ਰਹੇ ਹਨ, ਬਾਣੀ ਫੁਰਮਾਨ ਹੈ:

ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥2॥

ਪਰ ਕੌਮੀ ਦਸਤਾਵੇਜ ਦੱਸੀ ਜਾ ਰਹੀ ਰਹਿਤ ਮਰਿਯਾਦਾ ਅਨੁਸਾਰ ਸਵੇਰੇ ਸ਼ਾਮ ਹਰ ਗੁਰਦਵਾਰੇ ਵਿਚ ਅਖੌਤੀ ਦੇਵੀ ਭਗੌਤੀ (ਦੁਰਗਾ) ਨੂੰ ਸਿਮਰਨ ਵਾਲੀ ਇਤਰਾਜ਼ਯੋਗ ਹਰਕਤ ਕੀਤੀ ਜਾ ਰਹੀ ਹੈ, ਜਦ ਕੇ ਆਖੀ ਜਾˆਦੀ ਸਿੱਖ ਰਹਿਤ ਮਰਿਯਾਦਾ ਵਿਚ ਦਰਜ, ਸਿੱਖ ਦੀ ਤਰੀਫ (ਪਰਿਭਾਸ਼ਾ) ਅਨੁਸਾਰ ਸਿੱਖ ਓਹੀ ਹੈ, ਜੋ ਦਸ ਗੁਰੂਆਂ ਦੀ ਬਾਣੀ ਤੇ ਨਿਸਚਾ ਰਖਦਾ ਹੈ, ਜਦ ਕੇ ਲਿਖਣਾ ਸਿਰਫ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਚਾਹੀਦਾ ਸੀ, ਸਿੱਖ ਰਹਿਤ ਮਰਿਯਾਦਾ ਵਿਚ ਦਸ ਗੁਰੂਆˆ ਦੀ ਬਾਣੀ ਤੇ ਨਿਸਚਾ ਰਖਣਾ, ਭਾਵ ਸਿਧੇ ਤੌਰ 'ਤੇ ਅਖੌਤੀ ਦਸਮ ਗਰੰਥ ਨੂੰ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਰਗੀਆਂ ਹੋਰ ਪੁਸਤਕਾਂ ਨੂੰ ਮਾਨਤਾ ਦੇਣੀ ਹੈ, ਜੋ ਕੇ ਸ਼ਰੇਆਮ ਗੁਰੂ ਸਿਧਾਂਤ ਦਾ ਘਾਣ ਕਰ ਰਹੀਆਂ ਹਨ।

ਪਿਛਲੇ ਲੰਮੇ ਸਮੇ ਤੋਂ ਬਾਬੇ ਨਾਨਕ ਦੀ ਮਨੁੱਖਤਾਵਾਦੀ ਵਿਚਾਰਧਾਰਾ ਦੇ ਵਿਰੋਧੀਆਂ ਵੱਲੋਂ ਕਈ ਤਰੀਕਿਆਂ ਨਾਲ ਇਸ ਵਿਚ ਇਤਿਹਾਸ ਦੇ ਨਾਂ ਤੇ ਕਈ ਗੁਮਨਾਮ ਲਿਖਾਰੀਆਂ ਦੇ ਨਾਂ ਤੇ ਰਲਾ ਪਾ ਕੇ ਇਸ ਨੂੰ ਲਗਾਤਾਰ ਗੰਧਲਾ ਕੀਤਾ ਜਾ ਰਿਹਾ ਹੈ, ਇਸ ਕਾਰਣ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸਮਝਣ ਤੇ ਪ੍ਰੇਮ ਕਰਨ ਵਾਲੇ ਮਨੁੱਖਾਂ ਦੇ ਮਨ ਵਿਚ ਬੜੀ ਦੁਬਿਧਾ ਪੈਦਾ ਹੋ ਰਹੀ ਹੈ। ਇਸ ਦਾ ਦੂਜਾ ਮਾੜਾ ਪਖ਼ ਇਹ ਰਿਹਾ ਕਿ ਇਸ ਵਿਚਾਰਧਾਰਾ ਨੂੰ ਸੰਸਾਰ ਵਿਚ ਪ੍ਰਚਾਰਨ ਵਿਚ ਵੀ ਇਹ ਰਹਿਤ ਮਰਿਯਾਦਾ ਬੰਧਨ ਸਿਧ ਹੋ ਰਹੀ ਹੈ। ਜਿਸ ਮਰਯਾਦਾ ਦਾ ਦਾਇਰਾ ਬੜਾ ਸੀਮਤ ਜਿਹਾ ਹੈ, ਅਤੇ ਜਿਸ ਨੂੰ ਅਜੇ ਤਕ 2% ਸਿੱਖਾਂ ਤੇ ਵੀ ਲਾਗੂ ਨਹੀਂ ਕੀਤਾ ਜਾ ਸਕਿਆ। ਸੋ, ਕਿਸੇ ਵੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਉਸ ਵਿਚ ਇਕਸਾਰਤਾ ਦਾ ਹੋਣਾ ਬਹੁਤ ਜਰੂਰੀ ਹੈ, ਅਤੇ ਜਿਹੜੀ ਵਿਚਾਰਧਾਰਾ ਵਿਚ ਸਪਸ਼ਟਤਾ ਨਾ ਹੋਵੇ, ਉਸ ਦਾ ਪ੍ਰਚਾਰ ਕਰਨਾ ਬਹੁਤ ਔਖਾ ਹੁੰਦਾ ਹੈ। ਸੋ, ਐਸੀ ਮਰਯਾਦਾ ਨਾਲ ਸਹੀ ਸੇਧ ਨਹੀਂ ਮਿਲ ਸਕਦੀ, ਜਿਸ ਦੀ ਗੁਰਬਾਣੀ ਗੱਲ ਕਰਦੀ ਹੈ ਅਤੇ ਇਹ ਇਕਸਾਰਤਾ ਅਤੇ ਸਪਸ਼ਟਤਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ (ਗੁਰਬਾਣੀ) ਗਿਆਨ ਰੂਪੀ ਮਰਯਾਦਾ ਨਾਲ ਦਾ ਸਹੀ ਪ੍ਰਚਾਰ ਕਰਨ ਨਾਲ ਹੀ ਆਉਣੀ ਹੈ, ਨਾ ਕਿ ਕਿਸੇ ਗੈਰ ਸਿਧਾਂਤਕ ਦਸਤਾਵੇਜ ਨਾਲ।

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਧਰਮ ਗ੍ਰੰਥਾਂ ਨੂੰ ਪੜਨ ਦਾ ਹਕ ਕੇਵਲ ਬ੍ਰਾਹਮਣ (ਪੂਜਾਰੀ) ਨੂੰ ਸੀ ਅਤੇ ਲੋਕਾਂ ਦੇ ਨਿੱਜੀ ਜੀਵਨ ਦੇ ਅਹਿਮ ਫੈਸਲੇ ਵੀ ਬ੍ਰਾਹਮਣ (ਪੂਜਾਰੀ) ਦੁਆਰਾ ਹੀ ਕੀਤੇ ਜਾਂਦੇ ਸਨ, ਪਰ ਗੁਰੂ ਨਾਨਕ ਸਾਹਿਬ ਨੇ ਦਸ ਜਾਮਿਆˆ ਵਿਚ ਵਿਚਰ ਕੇ, ਇਸ ਮਿਥ ਨੂੰ ਤੋੜਿਆ ਹੀ ਨਹੀਂ, ਬਲਕਿ ਬੜਾ ਸੌਖਾ ਤੇ ਸਪਸ਼ਟ ਫਲਸਫਾ ਆਪਣੀ ਨਿੱਜੀ ਜੀਵਨ ਨੂੰ ਕਰਮਕਾਂਡਾਂ ਤੋਂ ਰਹਿਤ ਅਤੇ ਆਪਣੇ ਫੈਸਲੇ ਗੁਰਬਾਣੀ ਅਨੁਸਾਰ ਆਪ ਕਰਨ ਦਾ ਸੌਖਾ ਰਾਸਤਾ ਵੀ ਦਿਖਾ ਦਿੱਤਾ। ਪਰ ਉਸੇ ਹੀ ਬ੍ਰਾਹਮਣ (ਪੂਜਾਰੀ) ਨੇ ਸਿੱਖੀ ਭੇਖ ਵਿੱਚ ਵਿਚਰ ਕੇ, ਗੁਰੂ ਨਾਨਕ ਦੇ ਨਿਆਰੇ ਮਿਸ਼ਨ ਨੂੰ ਰਹਿਤ ਮਰਿਯਾਦਾ ਰੂਪੀ ਵਿਚੋਲੇ ਦੇ ਰੂਪ ਰਾਹੀਂ ਮੁਸ਼ਕਿਲ ਅਤੇ ਅਸਪਸ਼ਟ ਬਣਾ ਦਿੱਤਾ ਅਤੇ ਇਹ ਦਰਸਾ ਦਿੱਤਾ ਗਿਆ ਕਿ ਬਿਨਾਂ ਰਹਿਤ ਮਰਿਯਾਦਾ ਰੂਪੀ ਵਿਚੋਲੇ ਦੇ ਸਿੱਖ ਆਪਣੇ ਨਿੱਜੀ ਜੀਵਨ ਦਾ ਫੈਸਲਾ ਨਹੀਂ ਲੈ ਸਕਦੇ ਅਤੇ ਗੁਰੂ ਨਾਨਕ ਦੇ ਪ੍ਰੇਮਾ ਭਗਤੀ ਦੇ ਮਾਰਗ ਨੂੰ ਜ਼ੋਰ ਤੇ ਡੰਡੇ ਦਾ ਮਾਰਗ ਬਣਾ ਦਿੱਤਾ ਗਿਆ, ਕਿ ਜਿਹੜਾ ਆਪਣੇ ਨਿੱਜੀ ਕਰਮ ਇਸ ਰਹਿਤ ਮਰਿਯਾਦਾ ਅਨੁਸਾਰ ਨਹੀਂ ਕਰੇਗਾ, ਉਹ ਸਿੱਖ ਹੀ ਨਹੀਂ ਹੋ ਸਕਦਾ, ਜਿਸ ਦਾ ਨੁਕਸਾਨ ਸਿੱਖ ਪੰਥ ਪਿਛਲੇ ਕਈ ਸਾਲਾਂ ਤੋਂ ਭੁਗਤ ਰਿਹਾ ਹੈ।

ਅੱਜ ਪੁਜਾਰੀਵਾਦ ਖਿਲਾਫ਼ ਇਕ ਲਹਿਰ ਖੜੀ ਹੋ ਚੁਕੀ ਹੈ, ਪਰ ਪੁਜਾਰੀਆਂ ਖਿਲਾਫ਼ ਲੜ ਰਹੇ ਕਈ ਪੰਥ ਦਰਦੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੁਜਾਰੀਵਾਦ ਦੀ ਹੋਂਦ ਕੇਵਲ ਰਹਿਤ ਮਰਿਯਾਦਾ ਕਰਕੇ ਹੀ ਹੈ। ਇਸ ਮਰਿਯਾਦਾ ਕਾਰਨ ਹੀ ਸਾਡੇ ਜਨਮ ਤੋਂ ਲੈ ਕੇ ਮੌਤ ਤਕ ਦੀਆਂ ਰਸਮਾਂ ਵਿੱਚ ਪੁਜਾਰੀ ਵਾੜ ਦਿੱਤਾ ਗਿਆ ਹੈ, ਅਤੇ ਇਹ ਕੋਸ਼ਿਸ਼ ਕੀਤੀ ਗਈ ਕਿ ਪੁਜਾਰੀ ਦੀ ਹੋਂਦ ਤੋਂ ਬਿਨਾਂ ਸਾਡੀ ਖੁਸ਼ੀ ਗਮੀ ਦਾ ਕੋਈ ਵੀ ਸਮਾਗਮ ਨਾ ਹੋ ਸਕੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਅਨੁਸਾਰ ਚਲਣ ਦੀ ਕੋਸ਼ਿਸ਼ ਕਰਨ ਵਾਲੇ ਮੱਨੁਖ ਜੋ ਕੰਮ ਆਪ ਕਰ ਸਕਦੇ ਹਨ, ਉਹਨਾਂ ਨੂੰ ਗੁਰੂ ਦੀਆਂ ਸਿਖਿਆਵਾਂ ਅਨੁਸਾਰ ਆਪ ਕਰਨਾ ਵੀ ਚਾਹੀਦਾ ਹੈ। ਉਹ ਕੰਮ ਪੁਜਾਰੀ ਤੋਂ ਕਰਵਾਉਣ ਲਈ ਕਦੇ ਵੀ ਸਹਿਮਤ ਨਹੀ ਹੁੰਦੇ। ਇਸ ਕਾਰਨ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਮੌਜੂਦਾ ਰਹਿਤ ਮਰਿਯਾਦਾ ਨੂੰ ਰੱਦ ਨਹੀਂ ਕੀਤਾ ਗਿਆ, ਤਾਂ ਪੁਜਾਰੀਵਾਦ ਨੂੰ ਵੀ ਰੱਦ ਨਹੀਂ ਕੀਤਾ ਜਾ ਸਕੇਗਾ। ਇਸ ਲਈ ਕਿਸੇ ਵੀ ਦਸਤਾਵੇਜ ਨੂੰ ਕੌਮੀ ਜਾਂ ਪੰਥਕ ਕਹਿਣ ਲੱਗਿਆਂ ਇਹ ਸੋਚਣਾ ਪਵੇਗਾ, ਕਿ ਕੀ ਕੌਮ ਜਾ ਪੰਥ ਦੀ ਅਗਵਾਈ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਉਸ ਦਸਤਾਵੇਜ ਨੂੰ ਪ੍ਰਵਾਨਗੀ ਵੀ ਦਿੰਦੇ ਹਨ ਜਾ ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top