Share on Facebook

Main News Page

ਫੌਜਾ ਸਿੰਘ ਦਾ ਮਖ਼ੌਲ ਉਡਾਉਣ ਵਾਲਿਆਂ ਨੂੰ ਹਰ ਮਿੰਟ ਦੋ ਜਾਨ ਤੋ ਮਾਰ ਦੇਣ ਦੀਆਂ ਧਮਕੀਆਂ ਮਿਲੀਆਂ

* ਫੌਜਾ ਸਿੰਘ ਦਾ ਮਖ਼ੌਲ ਉਡਾਉਣ ਵਾਲਿਆਂ ਨੂੰ ਹਰ ਮਿੰਟ ਦੋ ਜਾਨ ਤੋ ਮਾਰ ਦੇਣ ਦੀਆਂ ਧਮਕੀਆਂ ਮਿਲੀਆਂ ਲਗਾਤਾਰ 36 ਘੰਟੇ ; ਸ਼੍ਰੋਮਣੀ ਕਮੇਟੀ ਅਤੇ ਜ਼ਿਆਦਾਤਰ ਪੰਥਕ ਜਥੇਬੰਦੀਆਂ ਇਸ ਮਾਮਲੇ ਤੇ ਚੁੱਪ ਰਹੀਆਂ

ਚੰਡੀਗੜ੍ਹ, 4 ਅਗਸਤ (ਗੁਰਪ੍ਰੀਤ ਮਹਿਕ) : ਸਿੱਖ ਕੌਮ ਦੀ ਸ਼ਾਨ ਸ: ਫੌਜਾ ਸਿੰਘ ਦਾ ਮਖ਼ੌਲ ਉਡਾਉਣ ਵਾਲਿਆਂ ਲਈ ਇੱਕ ਸਮਾਂ ਐਸਾ ਆਇਆ ਜਦੋਂ ਉਨ੍ਹਾਂ ਨੂੰ ਲਗਾਤਾਰ 36 ਘੰਟੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਇਹ ਸਮਾਂ ਐਸਾ ਸੀ ਜਦੋਂ ਉਨ੍ਹਾਂ ਨੂੰ ਹਰ ਮਿੰਟ ਦੋ ਵਿਅਕਤੀਆਂ ਵੱਲੋਂ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਗੱਲ ਦਾ ਖ਼ੁਲਾਸਾ ਖ਼ੁਦ ਜੈ ਹਿੰਦ ਦੀ ਟੀਮ ਨੇ ਕੀਤਾ ਹੈ। ਟੀਮ ਨੇ ਮਾਫ਼ੀ ਮੰਗਦੇ ਹੋਏ ਦੱਸਿਆ ਕਿ ਸ: ਫੌਜਾ ਸਿੰਘ ਨਾਲ ਸੰਬੰਧਿਤ ਵੀਡੀਓ ਪਹਿਲੀ ਵਾਰ 8 ਮਹੀਨੇ ਪਹਿਲਾਂ 5 ਦਸੰਬਰ, 2011 ਨੂੰ ਦਿਖਾਈ ਗਈ ਸੀ। ਟੀਮ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਕਰਨ ਦਾ ਪਤਾ ਜਦੋਂ ਸਿੱਖਾਂ ਨੂੰ ਲੱਗੇਗਾ ਤਾਂ ਉਨ੍ਹਾਂ ਵਿਚ ਇਨ੍ਹਾਂ ਗ਼ੁੱਸਾ ਆਵੇਗਾ। ਟੀਮ ਨੇ ਆਪਣੀ ਮੁਆਫ਼ੀ ਨਾਮਾ ਵਿਚ ਕਿਹਾ ਹੈ ਕਿ ਉਹ ਫੌਜਾ ਸਿੰਘ ਦੀ ਪੂਰੀ ਇੱਜ਼ਤ ਕਰਦੇ ਹਨ।

ਉਨ੍ਹਾਂ ਮੰਨਿਆ ਕਿ ਇਹ ਉਨ੍ਹਾਂ ਨੂੰ ਫੌਜਾ ਸਿੰਘ ਦੀ ਸਕੈੱਚ ਨਹੀਂ ਬਣਾਉਣਾ ਚਾਹੀਦਾ ਸੀ ਜਿਸ ਨਾਲ ਉਹ ਗ਼ੁੱਸੇ ਤੋਂ ਬਚ ਸਕਦੇ ਸਨ। ਇਸ ਲਈ ਉਨ੍ਹਾਂ ਬਿਨਾਂ ਕਿਸੇ ਸ਼ਰਤ ਮਾਫ਼ੀ ਮੰਗੀ। ਜੈ ਹਿੰਦ ਦੀ ਟੀਮ ਨੇ ਕਿਹਾ ਕਿ ਸ: ਫੌਜਾ ਸਿੰਘ ਇੱਕ ਮਹਾਨ ਵਿਅਕਤੀ ਹਨ ਅਤੇ ਨਾ ਹੀ ਉਨ੍ਹਾਂ ਦਾ ਇਰਾਦਾ ਸ: ਫੌਜਾ ਸਿੰਘ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸੀ ਅਤੇ ਨਾ ਹੀ ਸਿੱਖ ਕੌਮ ਦੀਆਂ। ਟੀਮ ਨੇ ਕਿਹਾ ਕਿ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਹਾਂ।

ਭਾਵੇਂ ਕਿ 1984 ਦੇ ਸਿੱਖ ਕਤਲੇਆਮ ’ਤੇ ਸ਼ੁਗਲਬਾਜ਼ੀ ਕਰਨ ਵਾਲੇ, ਮੈਰਾਥਨ ਜੇਤੂ ਬਜ਼ੁਰਗ ਸਿੱਖ ਦੌੜਾਕ ਸ. ਫ਼ੌਜਾ ਸਿੰਘ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਟਰੱਕ ਹੇਠ ਆਕੇ ਮੌਤ ਵਿਖਾਉਣ ਦੇ ਦੋਸ਼ੀ ਜੈ ਹਿੰਦ ਟੀਮ ਦੇ ਸੁਮੀਤ ਰਾਘਵਨ ਅਤੇ ਰਾਜੀਵ ਨਿਗਮ ਨੇ ਯੂ ਟਿਊਬ 'ਤੇ ਇੱਕ ਵੀਡੀਓ ਪਾ ਕੇ ਇਸ ਕਰਤੂਤ ਲਈ ਸਿੱਖਾਂ ਤੋਂ ‘ਮਾਫ਼ੀ’ ਮੰਗ ਲਈ ਹੈ ਪਰ ਸਿੱਖਾਂ ਨੇ ਯੂ ਟਿਊਬ ਅਤੇ ਫ਼ੇਸਬੁੱਕ ਰਾਹੀਂ ਇਸ ਮਾਫ਼ੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। 2:35 ਮਿੰਟ ਦੀ ਇਸ ਵੀਡੀਓ ’ਚ ਨਕਲੀ ਫੌਜਾ ਸਿੰਘ ਬਣਨ ਵਾਲਾ ਰਾਜੀਵ ਨਿਗਮ ਅਤੇ ਪ੍ਰੋਗਰਾਮ ਦਾ ਡਾਇਰੈਕਟਰ ਅਭੀਗਿਆਨ ਝਾਅ ਵੀ ਐਂਕਰ ਸੁਮੀਤ ਰਾਘਵਨ ਦੇ ਨਾਲ ਖੜ੍ਹੇ ਹਨ ਪਰ ਮਾਫ਼ੀ ਦੀਆਂ ਰਸਮੀ ਜਿਹੀਆਂ ਲਾਈਨਾਂ ਸੁਮੀਤ ਹੀ ਬੋਲ ਰਿਹਾ ਹੈ ਦੂਜੇ ਦੋਵਾਂ ਜਣਿਆਂ ਨੇ ਪੂਰਾ ਸਮਾਂ ਇੱਕ ਲਫ਼ਜ਼ ਵੀ ਮੂੰਹੋਂ ਨਹੀਂ ਕੱਢਿਆ। ਵੀਡੀਓ ’ਚ ਸ. ਫੌਜਾ ਸਿੰਘ ਨੂੰ ਗ਼ਲਤ ਰੂਪ ’ਚ ਵਿਖਾਏ ਜਾਣ ਬਾਰੇ ਤਾਂ ਸੁਮੀਤ ਅਫ਼ਸੋਸ ਪ੍ਰਗਟ ਕਰ ਰਿਹਾ ਹੈ ਪਰ ਸਿੱਖ ਕਤਲੇਆਮ ’ਚ ਮਾਰੇ ਗਏ ਸਿੱਖਾਂ ਦਾ ਮਜ਼ਾਕ ਉਡਾਉਣ ਬਾਰੇ ਉਸ ਵੱਲੋਂ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ।

ਦੂਜੇ ਪਾਸੇ ਇਸ ਕਰਤੂਤ ਲਈ ਦੋਸ਼ੀਆਂ ਖ਼ਿਲਾਫ਼ ਕੇਸ ਕਰਨ ਜਾ ਰਹੇ ਫ਼ਿਲਮ ਲੇਖਕ ਅਤੇ ਗੀਤਕਾਰ ਸ. ਅਮਰਦੀਪ ਸਿੰਘ ਗਿੱਲ ਨੇ ਕਿਹਾ ਹੈ ਕਿ ਇਸ ਵੀਡੀਓ ’ਚ ਮਾਫ਼ੀ ਵਾਲੀ ਕੋਈ ਭਾਵਨਾ ਨਜ਼ਰ ਨਹੀਂ ਆ ਰਹੀ। ਇਸ ਅਖੌਤੀ ਮਾਫ਼ੀ ਵਾਲੀ ਵੀਡੀਓ ’ਚ ’84 ਦੇ ਸ਼ਹੀਦਾਂ ਦਾ ਮਜ਼ਾਕ ਉਡਾਉਣ ਬਾਰੇ ਵੀ ਦੋਸ਼ੀਆਂ ਨੇ ਚੁੱਪ ਧਾਰੀ ਰੱਖੀ ਹੈ। ਐਡਵੋਕੇਟ ਨਵਕਿਰਨ ਸਿੰਘ ਜੋ ਕਿ ਇਸ ਮਾਮਲੇ ’ਚ ਕੇਸ ਕਰਨ ਲਈ ਅਮਰਦੀਪ ਸਿੰਘ ਗਿੱਲ ਦੀ ਮਦਦ ਕਰ ਰਹੇ ਹਨ ਨੇ ਫ਼ੇਸਬੁੱਕ ’ਤੇ ਇਸ ਅਖੌਤੀ ਮਾਫ਼ੀ ਬਾਰੇ ਲਿਖਿਆ ਹੈ ਕਿ ‘‘ਇਹ ‘ਜੇਕਰ’ ਅਤੇ ‘ਪਰ’ ਲਫ਼ਜ਼ਾਂ ਨਾਲ ਲੈਸ ਹੈ, ਇਸ ਵਿਚ ਪਛਤਾਵੇ ਦੀ ਕੋਈ ਭਾਵਨਾ ਨਹੀਂ, ਮਾਫ਼ੀ ਦੇ ਨਾਂ ਹੇਠ ਉਲਟਾ ਕਟਾਖਸ਼ ਹੀ ਕੀਤਾ ਗਿਆ ਹੈ।’’ ਇਸ ‘ਮਾਫ਼ੀ’ ਵਾਲੀ ਵੀਡੀਓ ਨੂੰ ਫ਼ੇਸਬੁੱਕ ’ਤੇ ਪਾ ਕੇ ਅਮਰਦੀਪ ਸਿੰਘ ਗਿੱਲ ਨੇ ਸਿੱਖ ਸੰਗਤਾਂ ਕੋਲੋਂ ਉਨ੍ਹਾਂ ਦੀ ਰਾਏ ਵੀ ਮੰਗੀ ਸੀ। ਇਸ ਰਾਏ ’ਤੇ 99 ਫ਼ੀਸਦੀ ਸਿੱਖਾਂ ਨੇ ਇਸ ਅਖੌਤੀ ਮਾਫ਼ੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਸ. ਗਿੱਲ ਨੂੰ ਕੇਸ ਕਰਨ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਕਿਹਾ। ਲੋਕਾਂ ਦੀ ਰਾਏ ਸੀ ਕਿ ਇੰਨੀ ਵੱਡੀ ਕਰਤੂਤ ਕੋਈ ਅਨਜਾਣੇ ’ਚ ਹੋਈ ਗ਼ਲਤੀ ਨਹੀਂ ਹੋ ਸਕਦੀ। ਇਹ ਸਭ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ। ਸ. ਗਿੱਲ ਨੇ ਦੱਸਿਆ ਕਿ ਉਹ ਸੰਗਤ ਦਾ ਕਿਹਾ ਸਿਰ ਮੱਥੇ ਮੰਨਣਗੇ ਅਤੇ ਦੋਸ਼ੀਆਂ ਖ਼ਿਲਾਫ਼ ਕੇਸ ਕਰਨਗੇ।

ਭਾਵੇਂ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਮੁੱਦਾ ਸੀ ਪਰ ਸ਼੍ਰੋਮਣੀ ਕਮੇਟੀ ਅਤੇ ਜ਼ਿਆਦਾਤਰ ਸਿੱਖ ਜਥੇਬੰਦੀਆਂ ਸ: ਫੌਜਾ ਸਿੰਘ ਦੇ ਮਜ਼ਾਕ ਉਡਾਉਣ ਵਾਲੇ ਵੀਡੀਓ ਦੇ ਮਾਮਲੇ ਵਿਚ ਚੁੱਪ ਰਹੀਆਂ। ਜਦੋਂ ਇਸ ਪੱਤਰਕਾਰ ਨੇ ਪਹਿਲੀ ਵਾਰ ਇਸ ਸੰਬੰਧੀ ਖ਼ਬਰ ਪ੍ਰਕਾਸ਼ਿਤ ਕੀਤੀ ਤਾਂ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਮੀਡੀਆ ਵਿਭਾਗ ਵਿਚੋਂ ਫ਼ੋਨ ਆਇਆ ਅਤੇ ਇਸ ਪੱਤਰਕਾਰ ਨੇ ਯੂ ਟਿਊਬ ਦਾ ਲਿੰਕ ਭੇਜ ਦਿੱਤਾ। ਪਰ ਪਤਾ ਨਹੀਂ ਕਿਉਂ ਕਮੇਟੀ ਨੇ ਇਸ ਮਾਮਲੇ ਤੇ ਕੋਈ ਬਿਆਨ ਜਾਰੀ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਅਤੇ ਦੂਜੀਆਂ ਪੰਥਕ ਜਥੇਬੰਦੀਆਂ ਵੀ ਪਤਾ ਨਹੀਂ ਕਿਉਂ ਚੁੱਪ ਰਹੀਆਂ। ਪਰ ਸਿੱਖ ਚੁੱਪ ਨਾ ਰਹੇ। ਸਿੱਖ ਵੱਲੋਂ ਫੇਸ ਬੁੱਕ ਅਤੇ ਜੈ ਹਿੰਦ ਦੀ ਟੀਮ ਨਾਲ ਸਿੱਧਾ ਸੰਪਰਕ ਕਰ ਕੇ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਦਿੱਤਾ। ਸ: ਫੌਜਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਗੱਲ ਤੇ ਦੁੱਖ ਹੈ ਕਿ ਮੈਰਾਥਨ ਦੌੜਾਕ ਸ: ਫੌਜਾ ਸਿੰਘ ਦਾ ਮਖ਼ੌਲ ਗ਼ਲਤ ਢੰਗ ਨਾਲ ਉਡਾਇਆ ਗਿਆ ਹੈ। ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਨੇ ਕਿਹਾ ਕਿ ਜੈ ਹਿੰਦ ਟੀਮ ਨੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ: ਫੌਜਾ ਸਿੰਘ ਦੇ ਜੱਦੀ ਪਿੰਡ ਬਿਆਸ ਵਾਸੀਆਂ ਨੇ ਵੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਸੂਚਨਾ ਮੰਤਰਾਲੇ ਦੇ ਧਿਆਨ ਵਿਚ ਇਹ ਮਾਮਲਾ ਲਿਆਉਣ ਅਤੇ ਚੈਨਲ ਨੂੰ ਮੁਆਫ਼ੀ ਮੰਗਣ ਲਈ ਕਿਹਾ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top