Share on Facebook

Main News Page

ਰਾਧਾ ਸੁਆਮੀਆਂ ਦੇ ਮਾਮਲੇ ’ਚ ਗਿਆਨੀ ਗੁਰਬਚਨ ਸਿੰਘ ਨੇ ਪਾਸਾ ਵਟਿਆ

ਅੰਮ੍ਰਿਤਸਰ, 2 ਅਗੱਸਤ (ਚਰਨਜੀਤ ਸਿੰਘ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਇਕ ਵਾਰ ਮੁੜ ਪਿੰਡ ਵੜੈਚ ਵਿਖੇ ਰਾਧਾ ਸਵਾਮੀਆਂ ਵਲੋਂ ਗੁਰਦਵਾਰਾ ਢਾਹੇ ਜਾਣ ਦੇ ਮਾਮਲੇ ’ਚ ਪੂਰੀ ਤਰ੍ਹਾਂ ਯੂ ਟਰਨ ਲੈਂਦਿਆਂ ਕਿਹਾ ਹੈ ਕਿ ਪਿੰਡ ਦੀ ਪੰਚਾਇਤ ਵਿਰੁਧ ਕਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਧਾਰਮਕ ਸਜ਼ਾ ਵੀ ਦਿਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਚਾਇਤ ਨੇ ਅਪਣੀ ਮਨਮਰਜ਼ੀ ਨਾਲ ਮਤਾ ਪਾ ਕੇ ਡੇਰੇ ਕੋਲ ਪਹੁੰਚ ਕੀਤੀ ਸੀ ਅਤੇ ਸਰਕਾਰੀ ਜ਼ਮੀਨ ਹੋਣ ਦੇ ਬਾਵਜੂਦ, ਸਰਕਾਰੀ ਅਧਿਕਾਰੀਆਂ ਦੀ ਸਹੀ ਢੰਗ ਨਾਲ ਸਹਿਮਤੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਗੁਰਦਵਾਰਾ ਹੋਣ ਕਰ ਕੇ ਇਹ ਧਾਰਮਕ ਮਾਮਲਾ ਬਣ ਜਾਂਦਾ ਹੈ। ਇਸ ਬਾਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਭਰੋਸੇ ਵਿਚ ਨਹੀਂ ਲਿਆ ਗਿਆ ਜਿਸ ਕਾਰਨ ਇਸ ਮਾਮਲੇ ਵਿਚ ਧਾਰਮਕ ਉਲੰਘਣਾ ਹੋਈ ਹੈ ਜਿਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵਲੋਂ ‘ਧਾਰਮਕ ਸਜ਼ਾ’ ਵੀ ਲੱਗੇਗੀ।

ਜ਼ਿਕਰਯੋਗ ਹੈ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਪਿੰਡ ਵੜੈਚ ਦੇ ਗੁਰਦਵਾਰੇ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਰੀਪੋਰਟ ਨੂੰ ਜਨਤਕ ਕਰਨ ਤੋਂ ਬਾਅਦ ਉਨ੍ਹਾਂ ਦੇ ਅਤੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨਾਲ ਸਬੰਧ ਵਿਗੜਨ ਦੇ ਆਸਾਰ ਬਣ ਗਏ ਹਨ। ਪ੍ਰਧਾਨ ਕੋਲ ਇਹ ਗੱਲ ਪੁੱਜਣ ’ਤੇ ਉਨ੍ਹਾਂ ਤੁਰਤ ਗਿ: ਗੁਰਬਚਨ ਸਿੰਘ ਨਾਲ ਇਸ ਮਸਲੇ ’ਤੇ ਫ਼ੋਨ ’ਤੇ ਗੱਲ ਵੀ ਕੀਤੀ ਹੈ ਅਤੇ ਇਸ ਗੱਲ ਵਲ ਵੀ ਇਸ਼ਾਰਾ ਕਰ ਦਿਤਾ ਹੈ ਕਿ ਗਿ: ਗੁਰਬਚਨ ਸਿੰਘ ਦੀ ਇਸ ਕਾਰਵਾਈ ਤੇ ਵੱਡੇ ਬਾਦਲ ਬਹੁਤ ਨਾਰਾਜ਼ ਹਨ। ਸ. ਮੱਕੜ ਨੇ ਗਿ: ਗੁਰਬਚਨ ਸਿੰਘ ਨੂੰ ਅਜਿਹੇ ਦਸਤਾਵੇਜ਼ ਜਨਤਕ ਨਾ ਕਰਨ ਦੀ ਸਲਾਹ ਵੀ ਫ਼ੋਨ ’ਤੇ ਦਿਤੀ ਸੀ। ਦੋਹਾਂ ਆਗੂਆਂ ਦੀ ਆਪਸੀ ਗੱਲਬਾਤ ਤੋਂ ਬਾਅਦ ਜਥੇਦਾਰ ਨੇ ਇਹ ਯੂ ਟਰਨ ਲਿਆ ਹੈ।

ਜ਼ਿਕਰਯੋਗ ਹੈ ਕਿ ਗਿ: ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਰੀਪੋਰਟ ਨੂੰ ਧਿਆਨ ਵਿਚ ਰੱਖ ਕੇ, ਐਤਵਾਰ ਨੂੰ ਹੀ ਡੇਰੇ ਨੂੰ ਇਸ ਮਾਮਲੇ ’ਚ ਕਲੀਨ ਚਿੱਟ ਦੇ ਦਿਤੀ ਸੀ ਜਿਸ ਕਾਰਨ ਸਿੱਖ ਜਥੇਬੰਦੀਆਂ ਵਿਚ ਗਿ: ਗੁਰਬਚਨ ਸਿੰਘ ਦੇ ਇਸ ਫ਼ੈਸਲੇ ਦਾ ਡਟਵਾਂ ਵਿਰੋਧ ਹੋਇਆ ਸੀ। ਵੱਖ-ਵੱਖ ਸਿੱਖ ਆਗੂਆ ਵਲੋਂ ਇਹ ਫ਼ੈਸਲਾ ਮੁੜ ਵਿਚਾਰਨ ਦਾ ਸੁਝਾਅ ਦਿਤਾ ਜਾ ਰਿਹਾ ਸੀ। ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਵਲੋਂ ਵੀ ਇਕ ਪੱਤਰ ਭੇਜਿਆ ਗਿਆ ਸੀ ਜਿਸ ਵਿਚ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦਾ ਵਾਸਤਾ ਪਾ ਕੇ ਜਥੇਦਾਰ ਨੂੰ ਹਲੂਣਾ ਦਿਤਾ ਗਿਆ ਸੀ। ਗਿ: ਗੁਰਬਚਨ ਸਿੰਘ ਵਲੋਂ ਅਪਣੇ ਫ਼ੈਸਲੇ ’ਤੇ ਦ੍ਰਿੜ੍ਹ ਨਜ਼ਰ ਆਉਦੇ ਹੋਣ ਕਰ ਕੇ ਸਿੱਖ ਜਥੇਬੰਦੀਆਂ ਵਲੋ 6 ਅਗੱਸਤ ਨੂੰ ਇਕੱਠ ਸੱਦ ਲਿਆ ਸੀ ਅਤੇ ਇਸ ਦੇ ਨਾਲ ਹੀ ਇਕ ਜਥੇਬੰਦੀ ਨੇ ਤਾਂ ਇਥੋਂ ਤਕ ਕਹਿ ਦਿਤਾ ਗਿਆ ਸੀ ਕਿ ਜੇ ਉਨ੍ਹਾਂ ਨੇ ਅਪਣਾ ਫ਼ੈਸਲਾ ਨਾ ਬਦਲਿਆ ਤਾਂ ਉਹ 6 ਅਗੱਸਤ ਨੂੰ ਅਪਣਾ ਫ਼ੈਸਲਾ ਸੁਣਾਉਣਗੇ। ਸਿੱਖ ਜਥੇਬੰਦੀਆਂ ਪਿੰਡ ਵੜੈਚ ਵਿਖੇ ਮੁੜ ਉਸੇ ਹੀ ਜਗ੍ਹਾ ’ਤੇ ਗੁਰਦਵਾਰਾ ਸਥਾਪਤ ਕਰਨ ਦੀ ਮੰਗ ਕਰ ਰਹੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top