Share on Facebook

Main News Page

ੴਸਤਿਗੁਰਪ੍ਰਸਾਦਿ ॥
ਪਾਪ ਕੀ ਜੰਝ (ਕਿਸ਼ਤ  ਨੌਵੀਂ)

ਲੜੀ ਜੋੜਨ ਲਈ ਅੱਠਵੀਂ ਕਿਸ਼ਤ ਪੜੋ...

ਬਲਦੇਵ ਸਿੰਘ ਸ਼ਾਮ ਨੂੰ ਪੰਜ ਵਜਣ ਦੀ ਇੰਤਜ਼ਾਰ ਕਰ ਰਿਹਾ ਸੀ, ਉਸ ਨੇ ਪੰਜ ਵੱਜਣ ਤੋਂ ਪਹਿਲਾਂ ਹੀ ਰੇਡਿਓ ਚਾਲੂ ਕਰਕੇ ਜਲੰਧਰ ਸਟੇਸ਼ਨ ਲਗਾ ਲਿਆ। ਪੰਜ ਵਜੇ ਸਿੱਧਾ ਕੀਰਤਨ ਪ੍ਰਸਾਰਨ ਸ਼ੁਰੂ ਹੋ ਗਿਆ। ਵਿੱਚ ਵਿੱਚ ਲਗਾਤਾਰ ਗੋਲੀ ਚੱਲਣ ਦੀ ਅਵਾਜ਼ ਆ ਰਹੀ ਸੀ। ਸਰਕਾਰ ਤਾਂ ਖ਼ਬਰਾਂ ਵਿੱਚ ਲਗਾਤਾਰ ਦਾਅਵੇ ਕਰ ਰਹੀ ਸੀ, ‘ਸਾਰੀ ਸਥਿਤੀ ਨਿਯੰਤਰਣ ਮੇਂ ਹੈ’ ਪਰ ਲਗਾਤਾਰ ਇਹ ਗੋਲੀਆਂ ਦੀ ਅਵਾਜ਼ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੇ ਝੂਠ ਦਾ ਪੋਲ ਖੋਲ੍ਹ ਰਹੀ ਸੀ, ਬੇਸ਼ਕ ਕੀਰਤਨ ਦੇ ਸਿੱਧੇ ਪ੍ਰਸਾਰਣ ਤੋਂ ਇਹ ਤਾਂ ਸਪੱਸ਼ਟ ਹੀ ਸੀ ਕਿ ਦਰਬਾਰ ਸਾਹਿਬ ’ਤੇ ਫੌਜ ਦਾ ਕਬਜ਼ਾ ਹੋ ਚੁਕੈ। ਉਸ ਨੂੰ ਜਾਪਿਆ, ਜੋ ਇਸ ਹਾਲਾਤ ਵਿੱਚ ਵੀ ਹਥਿਆਰ ਸੁੱਟ ਕੇ ਜਾਨ ਬਚਾਉਣ ਦੀ ਬਜਾਏ ਅਜੇ ਤੱਕ ਮੁਕਾਬਲਾ ਕਰ ਰਹੇ ਸਨ ਉਹ ਤਾਂ ਮੌਤ ਨੂੰ ਵੀ ਮਾਤ ਦੇ ਚੁੱਕੇ ਸਨ, ਹੋਰ ਕਿਸੇ ਨੇ ਉਨ੍ਹਾਂ ਨੂੰ ਕੀ ਹਰਾਉਣਾ ਸੀ, ਇਹੀ ਸੋਚਦਾ ਹੋਇਆ ਉਹ ਉਠ ਕੇ ਗੁਰਦੁਆਰੇ ਜਾਣ ਲਈ ਤਿਆਰ ਹੋਣ ਲਗਾ।

ਗੁਰਦੁਆਰੇ ਤੋਂ ਕੁੱਝ ਦੇਰ ਨਾਲ ਪਰਤਿਆ। ਇਕ ਤਾਂ, ਸੰਗਤ ਵਿੱਚੋਂ ਬਹੁਤ ਲੋਕ ਮਿਲਣਾ ਅਤੇ ਦੁੱਖ ਸਾਂਝਾ ਕਰਨਾ ਚਾਹੁੰਦੇ ਸਨ, ਦੂਸਰਾ, ਸ਼ਹਿਰ ਦੇ ਸਰਕਰਦਾ ਸਿੱਖ ਕਾਫੀ ਦੇਰ ਗੁਰਦੁਆਰੇ ਦੇ ਦਫਤਰ ਵਿੱਚ ਬੈਠ ਕੇ ਵਿਚਾਰਾਂ ਕਰਦੇ ਰਹੇ। ਭਾਵੇਂ ਸਭ ਦੇ ਹਿਰਦਿਆਂ ਵਿੱਚ ਭਾਵਨਾਵਾਂ ਦਾ ਗ਼ੁਬਾਰ ਸੀ, ਸਭ ਦੇ ਹਿਰਦੇ ਵਲੂੰਧਰੇ ਪਏ ਸਨ ਪਰ ਹੱਲ ਕਿਸੇ ਕੋਲ ਕੋਈ ਨਹੀਂ ਸੀ ਕਿਉਂਕਿ ਭਾਣਾ ਵਰਤ ਚੁੱਕਾ ਸੀ ਅਤੇ ਇਤਨੀ ਦੂਰ ਬੈਠੇ ਉਹ ਕੁੱਝ ਵੀ ਨਹੀਂ ਸਨ ਕਰ ਸਕਦੇ, ਸਿਰਫ ਮਨ ਦਾ ਕੁੱਝ ਗ਼ੁਬਾਰ ਕੱਢ ਕੇ ਉਠ ਗਏ। ਬਲਦੇਵ ਸਿੰਘ ਜਦੋਂ ਘਰ ਪਹੁੰਚਿਆ ਸਾਰੇ ਬੈਠਕ ਵਿੱਚ ਬੈਠੇ ਸਨ। ਉਹ ਵੀ ਸੋਫੇ ਤੇ ਬੈਠ ਗਿਆ, ਬੱਬਲ ਨੇ ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਗੁਰਮੀਤ ਕਹਿਣ ਲੱਗੀ, “ਉਠੋ ਖਾਣਾ ਖਾ ਲਓ, ਤੁਹਾਡਾ ਇੰਤਜ਼ਾਰ ਹੀ ਕਰ ਰਹੇ ਸਾਂ।” ਸਾਹਮਣੇ ਟੀ.ਵੀ, ਚੱਲ ਰਿਹਾ ਸੀ, ਉਹ ਉਠਣ ਲੱਗੇ ਤਾਂ ਖ਼ਬਰ ਆਉਣ ਲੱਗ ਪਈ ਕਿ ਅੱਜ ਰਾਸ਼ਟਰਪਤੀ ਦਰਬਾਰ ਸਾਹਿਬ ਹੋ ਕੇ ਆਏ ਹਨ। ਉਸ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ, “ਜ਼ਲੀਲ ਇਨਸਾਨ”, ਤੇ ਉਸ ਛੇਤੀ ਨਾਲ ਉਠ ਕੇ ਟੀ.ਵੀ. ਬੰਦ ਕਰ ਦਿੱਤਾ, ਸ਼ਾਇਦ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਸ਼ਕਲ ਵੇਖੇ। ਉਸ ਦੀ ਸ਼ਕਲ ਦੇਖਣਾ ਤਾਂ ਦੂਰ, ਸ਼ਾਇਦ ਉਹ ਉਸ ਦਾ ਨਾਂ ਵੀ ਨਹੀਂ ਸੀ ਸੁਣਨਾ ਚਾਹੁੰਦਾ। ਸਾਰੇ ਪਰਿਵਾਰ ਦੇ ਚਿਹਰੇ ’ਤੇ ਨਫ਼ਰਤ ਦੇ ਚਿੰਨ੍ਹ ਪ੍ਰਗਟ ਹੋ ਗਏ ਸਨ। ਉਸ ਨੂੰ ਯਾਦ ਆਇਆ, ਇਸੇ ਜ਼ੈਲ ਸਿੰਘ ਦੇ ਰਾਸ਼ਟਰਪਤੀ ਬਣਨ ’ਤੇ ਬਹੁਤੇ ਸਿੱਖਾਂ ਨੂੰ ਬੜੀ ਖੁਸ਼ੀ ਹੋਈ ਸੀ ਕਿ ਇਕ ਸਿੱਖ ਦੇਸ਼ ਦੇ ਸਭ ਤੋਂ ਉਚੇ ਅਹੁਦੇ ’ਤੇ ਸਥਾਪਤ ਹੋਇਐ, ਹਾਲਾਂਕਿ ਉਸ ਵੇਲੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਹੈਰਾਨਗੀ ਹੋਈ ਸੀ ਕਿਉਂਕਿ ਇਹ ਸੱਚਾਈ ਹੈ ਕਿ ਜ਼ੈਲ ਸਿੰਘ ਦੀ ਕਾਬਲੀਅਤ ਇਸ ਅਹੁਦੇ ਦੇ ਯੋਗ ਨਹੀਂ ਸੀ, ਇਸ ਵੇਲੇ ਉਸੇ ਜ਼ੈਲ ਸਿੰਘ ਨੇ ਆਪਣੇ ਘਟੀਆ ਕਿਰਦਾਰ ਨਾਲ ਸਾਰੀ ਕੌਮ ਨੂੰ ਸ਼ਰਮਸਾਰ ਕਰ ਦਿੱਤਾ ਸੀ। ਅੱਜ ਉਸ ਨੂੰ ਮਹਿਸੂਸ ਹੋਇਆ, ਇਹ ਡਰਾਮਾ ਤਾਂ ਸਿੱਖਾਂ ’ਤੇ ਜ਼ੁਲਮ ਢਾਹੁਣ ਵਾਸਤੇ, ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ, ਤਿਆਰੀ ਵਜੋਂ ਕੀਤਾ ਗਿਆ ਹੋਵੇਗਾ, ਭਾਵ ਸਿੱਖਾਂ ’ਤੇ ਇਹ ਜ਼ੁਲਮ ਢਾਉਣ ਦੀ ਤਿਆਰੀ ਲੰਮੇ ਸਮੇਂ ਤੋਂ ਹੋ ਰਹੀ ਸੀ। ਸ਼ਾਇਦ 1975-76 ਦੇ ਐਮਰਜੈਂਸੀ ਦੇ ਸਮੇਂ ਤੋਂ ਹੀ, ਕਿਉਂਕਿ ਉਸ ਸਮੇਂ ਜਦੋਂ ਆਪਣੇ ਆਪ ਨੂੰ ਵੱਡੇ ਵੱਡੇ ਮਹਾਂਬਲੀ ਅਖਵਾਉਣ ਵਾਲੇ ਜੋਧਿਆਂ ਨੇ ਵੀ ਇੰਦਰਾ ਗਾਂਧੀ ਦੇ ਅੱਗੇ ਗੋਡੇ ਟੇਕ ਦਿੱਤੇ ਸਨ, ਇਹ ਕੇਵਲ ਸਿੱਖ ਕੌਮ ਹੀ ਸੀ ਜਿਸਨੇ ਇਸ ਜ਼ੁਲਮ ਦੇ ਖਿਲਾਫ ਉਦੋਂ ਤੱਕ ਮੋਰਚਾ ਲਾਈ ਰੱਖਿਆ ਸੀ ਜਿੰਨਾਂ ਚਿਰ ਇਹ ਐਮਰਜੈਂਸੀ ਦਾ ਕਾਲਾ ਦੌਰ ਮੁੱਕਿਆ ਨਹੀਂ ਸੀ। ਸ਼ਾਇਦ ਇੰਦਰਾ ਗਾਂਧੀ ਨੇ ਉਦੋਂ ਦੀ ਹੀ ਸਿੱਖ ਕੌਮ ਪ੍ਰਤੀ ਰੜਕ ਮਨ ਵਿੱਚ ਰੱਖੀ ਹੋਈ ਸੀ।

ਸੌਣ ਤੋਂ ਪਹਿਲਾਂ ਬਲਦੇਵ ਸਿੰਘ ਨੇ ਬੀ.ਬੀ.ਸੀ. ਤੋਂ ਫੇਰ ਖ਼ਬਰਾਂ ਲਾ ਲਈਆਂ। ਦੱਸਿਆ ਜਾ ਰਿਹਾ ਸੀ ਕਿ ਮਸ਼ਹੂਰ ਪੱਤਰਕਾਰ ਅਤੇ ਲੇਖਕ ਖੁਸ਼ਵੰਤ ਸਿੰਘ ਜਿਸ ਨੂੰ ‘ਪਦਮ ਸ੍ਰੀ’ ਦਾ ਸਨਮਾਨ ਮਿਲਿਆ ਹੋਇਆ ਸੀ ਨੇ ਆਪਣਾ ਇਹ ਖਿਤਾਬ ਸਰਕਾਰ ਨੂੰ ਦਰਬਾਰ ਸਾਹਿਬ ’ਤੇ ਹਮਲੇ ਦੇ ਰੋਸ ਵਿੱਚ ਵਾਪਸ ਕਰ ਦਿੱਤਾ ਹੈ।

“ਕਮਾਲ ਹੈ ! ਜਿਥੋਂ ਤੱਕ ਮੈਂ ਸਮਝਦੀ ਹਾਂ ਇਹ ਖੁਸ਼ਵੰਤ ਸਿੰਘ ਤਾਂ ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ ਅਤੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਅਲੋਚਕ ਸੀ”, ਕੋਲ ਲੇਟੀ ਗੁਰਮੀਤ ਕੌਰ ਨੇ ਹੈਰਾਨਹੀ ਜ਼ਾਹਿਰ ਕਰਦੇ ਹੋਏ ਕਿਹਾ। ਬਲਦੇਵ ਸਿੰਘ ਨੇ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ। ਖ਼ਬਰ ਸੁਨਾਉਣ ਤੋਂ ਬਾਅਦ ਉਸ ਦੀ ਅੰਗਰੇਜ਼ੀ ਵਿੱਚ ਇੰਟਰਵਿਊ ਵੀ ਸੁਣਾਈ ਜਾ ਰਹੀ ਸੀ। ਉਸ ਨੇ ਕਿਹਾ ਕਿ ‘ਜੇ ਸਰਕਾਰ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤਾਂ ਇਸ ਦੇ ਹੋਰ ਵੀ ਕਈ ਤਰੀਕੇ ਸਨ, ਦਰਬਾਰ ਸਾਹਿਬ ਨੂੰ ਕਈ ਦਿਨ ਘੇਰਾ ਪਾਕੇ ਵੀ ਐਸਾ ਕੀਤਾ ਜਾ ਸਕਦਾ ਸੀ ਪਰ ਦਰਬਾਰ ਸਾਹਿਬ ’ਤੇ ਹਮਲੇ ਨੂੰ ਕਿਸੇ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਕਾਰਵਾਈ ਨੇ ਸਾਰੀ ਦੁਨੀਆਂ ਦੇ ਸਿੱਖਾਂ ਦੇ ਹਿਰਦੇ ਛਲਣੀ-ਛਲਣੀ ਕਰ ਦਿੱਤੇ ਹਨ........’।

ਬਲਦੇਵ ਸਿੰਘ ਨੇ ਖੁਸ਼ਵੰਤ ਸਿੰਘ ਨੂੰ ਕਦੀਂ ਵੀ ਬਹੁਤਾ ਚੰਗਾ ਸਿੱਖ ਨਹੀਂ ਸੀ ਸਮਝਿਆ ਕਿਉਂਕਿ ਉਹ ਅਕਸਰ ਕਈ ਗੱਲਾਂ ਅਤੇ ਹਰਕਤਾਂ ਗੁਰਮਤਿ ਸਿਧਾਂਤਾਂ ਦੇ ਉਲਟ ਕਰਦਾ ਰਹਿੰਦਾ ਸੀ, ਅੱਜ ਦੀ ਇੰਟਰਵਿਊ ਵਿੱਚ ਵੀ ਉਸ ਦੀਆਂ ਕਈ ਗੱਲਾਂ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ ਪਰ ਫੇਰ ਵੀ ਅੱਜ ਉਸ ਦੇ ਮਨ ਵਿੱਚ ਖੁਸ਼ਵੰਤ ਸਿੰਘ ਪ੍ਰਤੀ ਸਤਿਕਾਰ ਉਮੜ ਆਇਆ। ਉਸ ਨੇ ਰੇਡੀਓ ਬੰਦ ਕੀਤਾ ਤੇ ਗੁਰਮੀਤ ਵੱਲ ਮੂੰਹ ਕਰਕੇ ਬੋਲਿਆ. “ਮੀਤਾ ! ਗੁਰਧਾਮਾਂ ਤੇ ਹਮਲੇ ਖਿਲਾਫ ਰੋਸ ਪਰਗਟ ਕਰਨ ਦਾ ਜ਼ਰੂਰੀ ਇਹ ਮਤਲਬ ਤਾਂ ਨਹੀਂ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨਾਲ ਸਹਿਮਤੀ ਹੋ ਗਈ ਹੈ। ਇਹ ਦੋਵੇਂ ਅਲੱਗ-ਅਲੱਗ ਵਿਸ਼ੇ ਹਨ, ਭਾਵੇਂ ਇਸ ਵੇਲੇ ਇਕੱਠੇ ਹੋ ਗਏ ਜਾਪਦੇ ਹਨ, ਹੁਣ ਵੀ ਸੁਣਿਆ ਨਹੀਂ ਉਸ ਨੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਤਾਂ ਵਿਰੋਧ ਵਿੱਚ ਹੀ ਬੋਲਿਆ ਹੈ। ....ਖੈਰ ਕੁਝ ਵੀ ਹੋਵੇ ........ਇਕ ਗੱਲ ਤਾਂ ਹੈ.......ਉਸ ਦੇ ਅੰਦਰ ਫਿਰ ਵੀ ਸਿੱਖੀ ਭਾਵਨਾ ਜਾਗਦੀ ਹੈ ਅਤੇ ਸੱਚ ਕਹਿਣ ਦੀ ਜੁਰਅਤ ਵੀ ਹੈ। ਇਹ ਗੱਲ ਅੱਜ ਉਸ ਨੇ ਸਾਬਤ ਕਰ ਦਿੱਤੀ ਹੈ।” ਗੁਰਮੀਤ ਨੇ ਜੁਆਬ ਤਾਂ ਕੋਈ ਨਾ ਦਿੱਤਾ ਪਰ ਸਿਰ ਸਹਿਮਤੀ ਵਿੱਚ ਹਿਲਾਇਆ। ਬਲਦੇਵ ਸਿੰਘ ਨੂੰ ਮਹਿਸੂਸ ਹੋਇਆ ਕਿ ਉਸ ਨੇ ਇਕ ਕੁਝ ਚੰਗੀ ਖ਼ਬਰ ਸੁਣ ਲਈ ਸੀ ਅਤੇ ਉਹ ਕੁੱਝ ਤਸੱਲੀ ਨਾਲ ਸੌਂ ਗਿਆ।

ਬਾਹਰੋਂ ਵੇਖਣ ਨੂੰ ਤਾਂ ਅਗਲੇ ਦਿਨ ਤੋਂ ਹਾਲਾਤ ਆਮ ਵਰਗੇ ਹੋਣ ਲੱਗ ਪਏ ਸਨ ਪਰ ਸਿੱਖਾਂ ਦੇ ਹਿਰਦੇ ਅੰਦਰ ਭਬਕ ਰਹੀ ਅੱਗ ਨੂੰ ਕੌਣ ਵੇਖ ਸਕਦਾ ਸੀ। ਅਗਲੇ ਦਿਨ ਹੀ ਖ਼ਬਰ ਆ ਗਈ ਕਿ ਕੈਪਟਨ ਅਮਰਿੰਦਰ ਸਿੰਘ(ਸਾਬਕਾ ਮਹਾਰਾਜਾ ਪਟਿਆਲਾ) ਜੋ ਕਿ ਪੰਜਾਬ ਵਿੱਚ ਕਾਂਗਰਸ ਦਾ ਇਕ ਮਹੱਤਵਪੂਰਨ ਆਗੂ ਅਤੇ ਪਾਰਲੀਆਮੈਂਟ ਦਾ ਮੈਂਬਰ ਸੀ, ਨੇ ਅਸਤੀਫਾ ਦੇ ਦਿੱਤਾ, ਉਸ ਤੋਂ ਬਾਅਦ ਪੰਜਾਬ ਵਿੱਚੋਂ ਹੀ ਲੁਧਿਆਣਾ ਦੇ ਕਾਂਗਰਸੀ ਮੈਂਬਰ ਪਾਰਲੀਆਮੈਂਟ ਦੇਵਿੰਦਰ ਸਿੰਘ ਗਰਚਾ, ਫੇਰ ਨਾਰਵੇ ਵਿੱਚ ਭਾਰਤ ਦੇ ਫ਼ਸਟ ਸੈਕਟਰੀ ਹਰਿੰਦਰ ਸਿੰਘ, ਤੇ ਇੰਝ ਇਸ ਰੋਸ ਵਿੱਚ ਆਪਣੇ ਅਹੁਦੇ, ਸਨਮਾਨ ਅਤੇ ਖਿਤਾਬ ਤਿਆਗਣ ਵਾਲੇ ਗੁਰਸਿੱਖਾਂ ਦੀ ਝੜੀ ਲੱਗ ਗਈ। ਇਹ ਹੈ ਵੀ ਸੁਭਾਵਕ ਸੀ ਕਿਉਂਕਿ ਕੋਈ ਵੀ ਗ਼ੈਰਤਮੰਦ ਸਿੱਖ ਆਪਣੇ ਗੁਰਧਾਮਾਂ ਦੀ ਬੇਅਦਬੀ ਨਹੀਂ ਸਹਿ ਸਕਦਾ ਲੇਕਿਨ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਬੇਗ਼ੈਰਤੇ ਵੀ ਸਨ ਜੋ ਅੰਦਰ ਵੜ ਕੇ ਤਾਂ ਅਥਰੂ ਵਹਾ ਰਹੇ ਸਨ ਪਰ ਬਾਹਰ ਨਿਕਲ ਕੇ ਜੁਰਅੱਤ ਵਿਖਾਉਣ ਦਾ ਹੀਆ ਉਨ੍ਹਾਂ ਕੋਲ ਨਹੀਂ ਸੀ। ਹਰ ਐਸੀ ਖ਼ਬਰ ਆਉਣ ’ਤੇ ਬਲਦੇਵ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਕੁੱਝ ਤਸੱਲੀ ਜਿਹੀ ਮਹਿਸੂਸ ਹੁੰਦੀ, ਸ਼ਾਇਦ ਸਾਰੀ ਸਿੱਖ ਕੌਮ ਦੀ ਇਸ ਸਮੇਂ ਐਸੀ ਹੀ ਮਾਨਸਿਕਤਾ ਸੀ।

10 ਜੂਨ ਨੂੰ ਐਸੀ ਖ਼ਬਰ ਆ ਗਈ ਜਿਸ ਨੇ ਬਲਦੇਵ ਸਿੰਘ ਦੇ ਪਰਵਾਰ ਜਾਂ ਸਿੱਖ ਕੌਮ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਹਲਚਲ ਪੈਦਾ ਕਰ ਦਿੱਤੀ। ਬੀ.ਬੀ.ਸੀ. ਨੇ ਸਵੇਰੇ ਖ਼ਬਰ ਦਿੱਤੀ ਕਿ ਰਾਜਸਥਾਨ ਗੰਗਾ ਨਗਰ ਵਿੱਚ ਫੌਜ ਦੀ ਸਿੱਖ ਰੈਜਮੈਂਟ ਦੇ ਤਕਰੀਬਨ 400 ਸਿੱਖਾਂ ਨੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਵਿਰੁਧ ਰੋਸ ਪ੍ਰਗਟ ਕਰਨ ਲਈ ਬਗ਼ਾਵਤ ਕਰ ਦਿੱਤੀ ਹੈ। ਉਨ੍ਹਾਂ ਅਸਲਾ ਲੁੱਟ ਲਿਆ ਅਤੇ ਗੱਡੀਆਂ ਲੈਕੇ ਦਰਬਾਰ ਸਾਹਿਬ ਵੱਲ ਚੱਲ ਪਏ ਸਨ। ਉਹ ਪੰਜਾਬ ਦੀ ਸੀਮਾਂ ਵਿੱਚ ਦਾਖਲ ਹੋ ਗਏ ਸਨ, ਬਾਕੀ ਰੈਜਮੈਂਟਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਹੈਲੀਕਾਪਟਰਾਂ ਰਾਹੀਂ ਉਨ੍ਹਾਂ ਦੀ ਖੋਜ ਅਤੇ ਪਛਾਣ ਕਰਕੇ ਦੋਹਾਂ ਧਿਰਾਂ ਵਿੱਚ ਲੜਾਈ ਹੋਈ, ਦੋਹਾਂ ਪਾਸਿਆਂ ਤੋਂ ਬਹੁਤ ਜਵਾਨ ਮਾਰੇ ਗਏ ਹਨ।

ਸਵੇਰੇ ਨਾਸ਼ਤੇ ਵਾਸਤੇ ਇਕੱਠੇ ਹੋਏ ਤਾਂ ਬਲਦੇਵ ਸਿੰਘ ਨੇ ਬੈਠਦੇ ਹੀ ਇਹੀ ਗੱਲ ਸ਼ੁਰੂ ਕੀਤੀ, “ਹਰਮੀਤ ਮੈਂ ਬੀ.ਬੀ.ਸੀ. ਤੋਂ ਖ਼ਬਰ ਸੁਣੀ ਏ, ਗੰਗਾ ਨਗਰ ਵਿੱਚ ਸਿੱਖ ਰੈਜਮੈਂਟ ਦੇ ਸਿੱਖ ਫੌਜੀਆਂ ਨੇ ਦਰਬਾਰ ਸਾਹਿਬ ’ਤੇ ਹਮਲੇ ਦੇ ਰੋਸ ਵਿੱਚ ਬਗ਼ਾਵਤ ਕਰ ਦਿੱਤੀ ਏ....।” ਗੱਲ ਕਰਦਿਆਂ ਬਲਦੇਵ ਸਿੰਘ ਦੇ ਲਫਜ਼ਾਂ ਵਿੱਚੋਂ ਕੁੱਝ ਮਾਣ ਅਤੇ ਜੋਸ਼ ਝਲਕ ਰਿਹਾ ਸੀ। ਖ਼ਬਰ ਨੇ ਜਿਵੇਂ ਹਰਮੀਤ ਅੰਦਰ ਵੀ ਇਕ ਨਵਾਂ ਜੋਸ਼ ਪੈਦਾ ਕਰ ਦਿੱਤਾ, ਉਸ ਬਲਦੇਵ ਸਿੰਘ ਦੀ ਗੱਲ ਪੂਰੀ ਵੀ ਨਹੀਂ ਹੋਣ ਦਿੱਤੀ ਤੇ ਬੜਾ ਹੈਰਾਨ ਹੁੰਦਾ ਹੋਇਆ ਵਿੱਚੋਂ ਹੀ ਬੋਲਿਆ, “ਹੈਂ !”

“ਹਾਂ ਹਰਮੀਤ ! ਉਹ ਪੰਜਾਬ ਅੰਦਰ ਦਾਖਲ ਵੀ ਹੋ ਗਏ ਸਨ ਪਰ ਉਥੇ ਉਨ੍ਹਾਂ ਨੂੰ ਹੋਰ ਫੌਜਾਂ ਨੇ ਘੇਰ ਲਿਆ, ਦੋਹਾਂ ਵਿੱਚ ਲੜਾਈ ਹੋਈ ਤੇ ਦੋਹਾਂ ਪਾਸਿਆਂ ਤੋਂ ਬਹੁਤ ਜਵਾਨ ਮਾਰੇ ਗਏ ਨੇ”, ਬਲਦੇਵ ਸਿੰਘ ਨੇ ਗੱਲ ਪੂਰੀ ਕੀਤੀ। ਸੁਣ ਕੇ ਹਰਮੀਤ ਦਾ ਚਿਹਰਾ ਮੁਰਝਾ ਗਿਆ। ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ ਕਿ ਬਹੁਤ ਸਾਰੇ ਸਿੱਖ ਜਵਾਨ ਮਾਰੇ ਗਏ ਸਨ। ਉਹ ਆਪਣੀਆਂ ਭਾਵਨਾਵਾਂ ਨੂੰ ਛੁਪਾ ਨਾ ਸਕਿਆ ਤੇ ਕਹਿਣ ਲੱਗਾ, “ਭਾਪਾ ਜੀ ! ਇਹ ਕੀ ਕਰ ਰਹੇ ਨੇ, ਭਲਾ ਇਨ੍ਹਾਂ ਨੂੰ ਪਤਾ ਨਹੀਂ ਕਿ ਉਹ ਚਾਰ ਸੌ ਬੰਦੇ ਐਡੀ ਫੌਜ ਦਾ ਕਿਤਨੀ ਦੇਰ ਮੁਕਾਬਲਾ ਕਰ ਸਕਦੇ ਹਨ? ਪਹਿਲਾਂ ਹੀ ਭਾਰਤੀ ਫੌਜ ਨੇ ਇਸ ਕਾਰਵਾਈ ਵਿੱਚ ਹਜ਼ਾਰਾਂ ਸਿੱਖਾਂ ਨੂੰ ਮਾਰ ਮੁਕਾਇਐ, ਇਹ ਹੋਰ ਮਰਨ ਲਈ ਨਿਕਲ ਤੁਰੇ ਹਨ।”

“ਇਹ ਕੀ ਕਹਿ ਰਿਹੈਂ ਹਰਮੀਤ?” ਬਲਦੇਵ ਸਿੰਘ ਨੇ ਹੈਰਾਨ ਹੁੰਦੇ ਹੋਏ ਕਿਹਾ, “ਇਹ ਤਾਂ ਬਹੁਤ ਬਹਾਦਰੀ ਦਾ ਕੰਮ ਹੈ। ਕੌਮ ਦੀ ਅਣੱਖ ਤੋਂ ਜ਼ਿੰਦਗੀ ਵਾਰ ਦੇਣਾ ਕੋਈ ਮਮੂਲੀ ਗੱਲ ਨਹੀਂ। ਇਹੀ ਤਾਂ ਕੌਮਾਂ ਦੇ ਮਾਨਮਤੇ ਇਤਿਹਾਸ ਬਣਦੇ ਨੇ। ਇਸੇ ਤਰ੍ਹਾਂ ਇਨ੍ਹਾਂ ਦੀ ਕੁਰਬਾਨੀ ਵੀ ਲਾਸਾਨੀ ਹੈ, ਇਨ੍ਹਾਂ ਵੀਰਾਂ ਦਾ ਤਾਂ ਜਿਤਨਾ ਸਤਿਕਾਰ ਕੀਤਾ ਜਾਵੇ ਥੋੜ੍ਹਾ ਹੈ। ਇਨ੍ਹਾਂ ਸਾਬਤ ਕਰ ਦਿੱਤਾ ਹੈ ਕਿ ਸਿੱਖ ਇਕ ਜ਼ਿੰਦਾ ਕੌਮ ਹੈ ਅਤੇ ਕਿਸੇ ਜ਼ੁਲਮ ਜਾਂ ਵਧੀਕੀ ਨੂੰ ਸਹਿਜੇ ਹੀ ਬਰਦਾਸ਼ਤ ਨਹੀਂ ਕਰੇਗੀ।”

“ਨਹੀਂ ਭਾਪਾ ਜੀ, ਮੇਰਾ ਇਹ ਮਤਲਬ ਬਿਲਕੁਲ ਨਹੀਂ ਸੀ। ਬੇਸ਼ਕ ਉਹ ਵੱਡੇ ਸਤਿਕਾਰ ਦੇ ਹੱਕਦਾਰ ਹਨ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਕੀ ਇੰਝ ਜਾਣਬੁਝ ਕੇ ਮੌਤ ਸਹੇੜਨਾ ਠੀਕ ਹੈ?” ਹਰਮੀਤ ਨੇ ਆਪਣੀ ਵਿਚਾਰ ਨੂੰ ਸਪੱਸ਼ਟ ਕਰਦੇ ਹੋਏ ਕਿਹਾ।

“ਹਰਮੀਤ ਇਸ ਵੇਲੇ ਸੁਆਲ ਆਪਣੀ ਜ਼ਿੰਦਗੀ ਮੌਤ ਦਾ ਨਹੀਂ, ਕੌਮ ਦੀ ਅਣੱਖ ਦਾ ਹੈ ਅਤੇ ਕੌਮ ਦੀ ਅਣੱਖ ਤੋਂ ਇਕ ਨਹੀਂ ਐਸੇ ਹਜ਼ਾਰਾਂ ਜੀਵਨ ਵਾਰੇ ਜਾ ਸਕਦੇ ਹਨ। ਇੰਝ ਸੋਚਣ ਲੱਗੀਏ ਤਾਂ ਫਿਰ ਤਾਂ ਭਾਈ ਗਰਜਾ ਸਿੰਘ ਬੋਤਾ ਸਿੰਘ ਦੀ ਸ਼ਹੀਦੀ ਵੀ ਅਜਾਂਈ ਜਾਪੇਗੀ, ਕਿਉਂਕਿ ਉਨ੍ਹਾਂ ਨੂੰ ਵੀ ਪਤਾ ਸੀ ਕਿ ਦੋ ਆਦਮੀ ਏਡੀ ਵੱਡੀ ਮੁਗਲ ਫੌਜ ਦਾ ਮੁਕਾਬਲਾ ਬਹੁਤੀ ਦੇਰ ਨਹੀਂ ਕਰ ਸਕਦੇ ਪਰ ਉਨ੍ਹਾਂ ਜਿਉਂ ਹੀ ਸੁਣਿਆ ਕਿ ਲੋਕਾਂ ਵਿੱਚ ਇਹ ਅਫਵਾਹ ਫੈਲ ਰਹੀ ਏ ਕਿ ਸਾਰੀ ਸਿੱਖ ਕੌਮ ਮੁੱਕ ਗਈ ਏ, ਉਨ੍ਹਾਂ ਕੌਮ ਦੀ ਹੋਂਦ ਦਰਸਾਉਣ ਲਈ ਉਥੇ ਹੀ ਖ਼ਾਲਸਾ ਰਾਜ ਦਾ ਨਾਕਾ ਲਾ ਦਿੱਤਾ। ਉਹ ਸ਼ਹੀਦੀਆਂ ਪਾ ਗਏ ਪਰ ਕੌਮ ਲਈ ਇਕ ਲਾਸਾਨੀ ਇਤਿਹਾਸ ਸਿਰਜ ਗਏ, ਅਤੇ ਸਾਡੇ ਵਾਸਤੇ ਲੀਹਾਂ ਪਾ ਗਏ। ਜੇ ਐਸੇ ਸਮੇਂ ਇਨ੍ਹਾਂ ਮਰਜੀਵੜਿਆਂ ਦੀ ਅਵਾਜ਼ ਨਾ ਉਠਦੀ ਤਾਂ ਰਹਿੰਦੀ ਖੂੰਦੀ ਕੌਮ ਵੀ ਮਰ ਗਈ ਸਮਝੋ। ਇਨ੍ਹਾਂ ਨੇ ਤਾਂ ਸਾਹਸਤਿ ਹੀਣ ਹੋਈ ਕੌਮ ਅੰਦਰ ਨਵੀਂ ਰੂਹ ਫੂਕ ਦਿੱਤੀ ਏ” ਬਲਦੇਵ ਸਿੰਘ ਨੇ ਬੜੇ ਠਰ੍ਹਮੇਂ ਨਾਲ ਹਰਮੀਤ ਨੂੰ ਸਮਝਾਇਆ।

ਹਰਮੀਤ ਬੋਲਿਆ ਤਾਂ ਕੁੱਝ ਨਾ ਕੇਵਲ ਸਿਰ ਹਾਂ ਵਿੱਚ ਹਿਲਾਇਆ ਪਰ ਉਸ ਨੂੰ ਇਸ ਗੱਲ ਤੇ ਮਾਣ ਹੋ ਆਇਆ ਕਿ ਉਹ ਕਿਤਨੇ ਸੁਲਝੇ ਹੋਏ, ਸਿਆਣੇ ਅਤੇ ਕੌਮੀ ਜਜ਼ਬੇ ਨਾਲ ਭਰਪੂਰ ਪਿਤਾ ਦੀ ਸੰਤਾਨ ਹੈ।

ਅਗਲੇ ਦਿਨ ਬੀ.ਬੀ.ਸੀ. ਨੇ ਖ਼ਬਰ ਦਿੱਤੀ ਕਿ ਬਿਹਾਰ ਵਿੱਚ ਵੀ ਸਿੱਖ ਫੌਜੀਆਂ ਨੇ ਵੱਡੀ ਪੱਧਰ ਤੇ ਬਗ਼ਾਵਤ ਕਰ ਦਿੱਤੀ ਹੈ ਅਤੇ ਉਹ ਹੋਰ ਸਿੱਖਾਂ ਸਮੇਤ ਪੰਜਾਬ ਵੱਲ ਵਧ ਰਹੇ ਹਨ। ਇਸ ਖ਼ਬਰ ਨਾਲ ਸਾਰੀ ਕੌਮ ਨੂੰ ਹੀ ਕੁੱਝ ਹੌਂਸਲਾ ਮਹਿਸੂਸ ਹੋਇਆ ਪਰ ਇਕ ਹੋਰ ਬਹੁਤ ਵੱਡਾ ਭਰਮ ਸੀ ਜੋ ਸਾਰਿਆਂ ਨੂੰ ਅੰਦਰੋ-ਅੰਦਰੀ ਖਾਈ ਜਾ ਰਿਹਾ ਸੀ, ਇਹ ਸੀ ਉਹ ਅਫਵਾਹ ਕਿ ਅਕਾਲ-ਤਖ਼ਤ ਸਾਹਿਬ ਦੀ ਇਮਾਰਤ ਨੂੰ ਬਹੁਤ ਨੁਕਸਾਨ ਪੁੱਜਾ ਹੈ। ਬਲਦੇਵ ਸਿੰਘ ਤੇ ਹਰਮੀਤ ਨਾਸ਼ਤੇ ਵਾਸਤੇ ਇਕੱਠੇ ਹੋਏ ਤਾਂ ਬਲਦੇਵ ਸਿੰਘ ਨੇ ਇਹੀ ਗੱਲ ਸ਼ੁਰੂ ਕਰ ਦਿੱਤੀ, “ਹਰਮੀਤ ! ਮੈਂ ਗੁਰਦੁਆਰੇ ਤੋਂ ਇਹ ਅਫ਼ਵਾਹ ਸੁਣ ਕੇ ਆਇਆਂ ਕਿ ਅਕਾਲ-ਤਖ਼ਤ ਸਾਹਿਬ ਦੀ ਇਮਾਰਤ ਨੂੰ ਬਹੁਤ ਨੁਕਸਾਨ ਪੁੱਜੈ..... ।”

“ਨੁਕਸਾਨ ਪੁੱਜੈ ! ਮੈਂ ਤਾਂ ਸੁਣਿਐ ਅਕਾਲ-ਤਖ਼ਤ ਸਾਹਿਬ ਢਹਿ-ਢੇਰੀ ਹੋ ਗਿਐ”, ਹਰਮੀਤ ਪਿਤਾ ਦੀ ਗੱਲ ਵਿੱਚੋਂ ਹੀ ਕੱਟ ਕੇ ਬੜਾ ਭਾਵੁਕ ਹੁੰਦਾ ਹੋਇਆ ਬੋਲਿਆ ਅਤੇ ਨਾਲ ਹੀ ਉਸ ਦੀਆਂ ਅੱਖਾਂ ਭਰ ਆਈਆਂ, ਉਹ ਆਪਣੇ ਤੇ ਕਾਬੂ ਨਾ ਰੱਖ ਸਕਿਆ ਤੇ ਜ਼ਾਰ-ਜ਼ਾਰ ਅਥਰੂ ਵਗਣ ਲੱਗੇ।

“ਮੈਂ ਵੀ ਇਹੀ ਸੁਣਿਐ ਹਰਮੀਤ......।” ਕਹਿੰਦੇ ਕਹਿੰਦੇ ਬਲਦੇਵ ਸਿੰਘ ਦਾ ਗਲਾ ਵੀ ਭਰ ਆਇਆ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਹਰਮੀਤ ਨੂੰ ਸਮਝਾਉਂਦਾ ਹੋਇਆ ਬੋਲਿਆ, “ਹਰਮੀਤ ਅਕਾਲ ਤਖ਼ਤ ਕੇਵਲ ਇਕ ਇਮਾਰਤ ਦਾ ਨਾਂ ਨਹੀਂ ਬਲਕਿ ਇਹ ਮੀਰੀ-ਪੀਰੀ ਦੇ ਸਾਂਝੇ ਸੰਕਲਪ ਅਤੇ ਇਕ ਅਕਾਲ-ਪੁਰਖ ਦੀ ਪ੍ਰਭੂਸਤਾ ਵਿੱਚ ਹਰ ਮਨੁੱਖ ਮਾਤਰ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਹੈ ਇਸ ਤਰ੍ਹਾਂ ਇਹ ਖਾਲਸਾ-ਪੰਥ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਇਕ ਫਲਸਫਾ ਹੈ, ਜਿਸਨੂੰ ਦੁਨੀਆਂ ਦੀ ਕੋਈ ਤਾਕਤ ਢਾਅ ਨਹੀਂ ਸਕਦੀ। ਸਾਨੂੰ ਸਿੱਖਾਂ ਨੂੰ ਆਪ ਉਸ ਸਿਧਾਂਤ ਦੀ ਪਹਿਰੇਦਾਰੀ ਕਰਨੀ ਬਣਦੀ ਹੈ। ਠੀਕ ਹੈ ਇਮਾਰਤ ਦੀ ਆਪਣੀ ਮਹੱਤਤਾ ਹੈ ਪਰ ਇਮਾਰਤ ਤਾਂ ਨਵੀਂ ਬਣ ਜਾਵੇਗੀ।”

“ਪਰ ਭਾਪਾ ਜੀ ਅਸੀਂ ਕਿਸੇ ਨੂੰ ਤਾਂ ਇਹ ਇਜਾਜ਼ਤ ਨਹੀਂ ਦੇ ਸਕਦੇ ਕਿ ਸਾਡੀਆਂ ਉਹ ਸਤਿਕਾਰ-ਯੋਗ ਇਮਾਰਤਾਂ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਸਾਡੀ ਕਿਸੇ ਉਚ ਸੰਸਥਾ ਦੀਆਂ ਪ੍ਰਤੀਕ ਹਨ, ਉਨ੍ਹਾਂ ਨੂੰ ਢਹਿ ਢੇਰੀ ਕਰ ਦੇਵੇ?”, ਹਰਮੀਤ ਅੱਖਾਂ ਪੂੰਝਦਾ ਹੋਇਆ ਬੋਲਿਆ।

“ਬਿਲਕੁਲ ਨਹੀਂ ਦੇ ਸਕਦੇ, ਅਤੇ ਨਾ ਹੀ ਇਸ ਅਪਮਾਨ ਨੂੰ ਬਰਦਾਸ਼ਤ ਕਰ ਸਕਦੇ ਹਾਂ। ਭਾਰਤ ਸਰਕਾਰ ਨੂੰ ਉਸ ਦੇ ਇਸ ਕਾਲੇ ਕਾਰਨਾਮੇ ਵਾਸਤੇ ਕਦੇ ਮਾਫ ਨਹੀਂ ਕੀਤਾ ਜਾ ਸਕਦਾ। ਮੈਂ ਤਾਂ ਕੇਵਲ ਸਿਧਾਂਤਕ ਗੱਲ ਦਸੀ ਹੈ ਕਿ ਕਿਤੇ ਉਹ ਭੁਲੇਖਾ ਨਾ ਪਾਲ ਰਹੇ ਹੋਣ ਕਿ ਇਮਾਰਤ ਢਾਅ ਕੇ ਉਨ੍ਹਾਂ ਅਕਾਲ ਤਖ਼ਤ ਸਾਹਿਬ ਢਾਅ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਤਾਂ ਹਰ ਸਿੱਖ ਦੇ ਹਿਰਦੇ ’ਚ ਬਣਿਆ ਹੋਇਆ ਹੈ”, ਬਲਦੇਵ ਸਿੰਘ ਨੇ ਗੱਲ ਸਪੱਸ਼ਟ ਕੀਤੀ। ਹਰਮੀਤ ਅੱਗੋਂ ਕੁੱਝ ਨਾ ਬੋਲਿਆ ਕੇਵਲ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਉਸ ਤੋਂ ਬਾਅਦ ਦੋਹਾਂ ਵਿੱਚੋਂ ਕਿਸੇ ਕੋਈ ਗੱਲ ਨਾ ਕੀਤੀ।

ਸ਼ਾਮ ਨੂੰ ਜਿਸ ਵੇਲੇ ਬਲਦੇਵ ਸਿੰਘ ਗੁਰਦੁਆਰੇ ਤੋਂ ਵਾਪਸ ਆਇਆ ਤਾਂ ਹਰਮੀਤ ਬੈਠਾ ਟੀ.ਵੀ. ਵੇਖ ਰਿਹਾ ਸੀ। ਬਲਦੇਵ ਸਿੰਘ ਵੀ ਉਥੇ ਹੀ ਬੈਠਦਾ ਹੋਇਆ ਬੋਲਿਆ, “ਕੀ ਖ਼ਬਰ ਹੈ ਹਰਮੀਤ?”
“ਇਨ੍ਹਾਂ ਕੀ ਖ਼ਬਰ ਦੇਣੀ ਏ ਭਾਪਾ ਜੀ?” ਹਰਮੀਤ ਖਿਝ ਕੇ ਬੋਲਿਆ, “ਇਹ ਤਾਂ ਪਿਛਲੇ ਦਸ ਦਿਨਾਂ ਤੋਂ ਇਕੋ ਕੰਮ ਲੱਗੇ ਹੋਏ ਨੇ, ਆਪਣੀ ਨੀਚ ਕਰਤੂਤ ਨੂੰ ਜਾਇਜ਼ ਠਹਿਰਾਉਣ ਲਈ ਖਾੜਕੂਆਂ ਨੂੰ ਭੰਡਣ ਦੇ ਕੰਮ...., ਹਾਂ ਥੋੜੀ ਦੇਰ ਪਹਿਲੇ ਬੀ.ਬੀ.ਸੀ. ਨੇ ਖ਼ਬਰ ਦਿੱਤੀ ਏ, ਕਿ ਜਿਹੜੇ ਫੌਜੀ ਰਾਮਗੜ੍ਹ ਬਿਹਾਰ ਤੋਂ ਪੰਜਾਬ ਵੱਲ ਨਿਕਲ ਤੁਰੇ ਸਨ, ਉਨ੍ਹਾਂ ਦੀ ਪਿੱਛਾ ਕਰ ਰਹੇ ਦੂਜੇ ਫੌਜੀਆਂ ਨਾਲ ਜੰਗ ਹੋਈ ਏ, ਉਹ ਬਹੁਤ ਜੂਝ ਕੇ ਲੜੇ, ਉਨ੍ਹਾਂ ਵਿੱਚੋਂ ਬਹੁਤ ਸ਼ਹੀਦ ਹੋ ਗਏ ਨੇ ਤੇ ਬਾਕੀ ਬੰਦੀ ਬਣਾ ਲਏ ਗਏ ਨੇ।”

ਸੁਣ ਕੇ ਬਲਦੇਵ ਸਿੰਘ ਦੇ ਚਿਹਰੇ ’ਤੇ ਵੀ ਕੁੱਝ ਉਦਾਸੀ ਛਾ ਗਈ ਤੇ ਉਸ ਦੇ ਮੂੰਹੋਂ ਅਣਭੋਲ ਹੀ ਨਿਕਲਿਆ, “ਬਲਿਹਾਰ ਹਾਂ ਤੁਹਾਡੇ ਕੌਮੀ ਪਰਵਾਨਿਓ ! ਬਲਿਹਾਰ...”, ਤੇ ਉਠ ਕੇ ਆਪਣੇ ਕਮਰੇ ਵੱਲ ਚਲਾ ਗਿਆ। ਥੌੜੀ ਦੇਰ ਬਾਅਦ ਤਾਜ਼ਾ ਹੋਕੇ ਵਾਪਸ ਆਇਆ ਤੇ ਖਾਣੇ ਦੀ ਮੇਜ਼ ਦੁਆਲੇ ਬੈਠ ਗਿਆ। ਗੁਰਮੀਤ ਕੌਰ ਤੇ ਬੱਬਲ ਵੀ ਰੋਟੀ ਲੈਕੇ ਆ ਗਈਆਂ ਸਨ। ਹਰਮੀਤ ਨਾਲ ਦੀ ਕੁਰਸੀ ਤੇ ਬੈਠਦਾ ਹੋਇਆ ਬੋਲਿਆ, “ਭਾਪਾ ਜੀ ! ਇਕ ਹੋਰ ਖ਼ਬਰ ਸੁਣੀ ਏ, ਬੜੀ ਕਮਾਲ ਦੀ।” ਕਹਿੰਦਿਆਂ ਹਰਮੀਤ ਦੇ ਚਿਹਰੇ ’ਤੇ ਇਕ ਚਮਕ ਜਿਹੀ ਆ ਗਈ। ਬਲਦੇਵ ਸਿੰਘ ਜੋ ਪਲੇਟ ਵਿੱਚ ਸਬਜ਼ੀ ਪਾ ਰਿਹਾ ਸੀ ਦੇ ਹੱਥ ਉਥੇ ਹੀ ਰੁੱਕ ਗਏ ਤੇ ਉਸ ਹਰਮੀਤ ਵੱਲ ਇੰਝ ਵੇਖਿਆ ਜਿਵੇਂ ਪੁੱਛ ਰਿਹਾ ਹੋਵੇ, ਕੀ?

ਹਰਮੀਤ ਉਸ ਦਾ ਭਾਵ ਸਮਝਦਾ ਹੋਇਆ ਬੋਲਿਆ, “ਸੁਣਿਐ, ਗਿਆਨੀ ਜ਼ੈਲ ਸਿੰਘ ਅਸਤੀਫ਼ਾ ਦੇਣ ਦੀ ਸੋਚ ਰਿਹੈ।”

ਬਲਦੇਵ ਸਿੰਘ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਬੋਲਿਆ, “ਹਾਂ ਮੈਂ ਵੀ ਸੁਣਿਐ, ਪਰ ਇਹ ਖ਼ਬਰ ਨਹੀਂ ਅਫ਼ਵਾਹ ਹੈ ਔਰ ਹਰਮੀਤ ! ਮੈਨੂੰ ਤਾਂ ਇਸ ਅਫ਼ਵਾਹ ’ਤੇ ਬਿਲਕੁਲ ਯਕੀਨ ਨਹੀਂ, ਉਹ ਬਹੁਤ ਘਟੀਆ ਇਨਸਾਨ ਹੈ, ਉਸ ਕੋਲੋਂ ਇਹ ਆਸ ਰਖਣੀ.....।” ਉਸ ਨੇ ਨਕਾਰ-ਆਤਮਕ ਸੁਆਲੀਆ ਲਹਿਜੇ ਵਿੱਚ ਮੂੰਹ ਬਣਾਇਆ ਅਤੇ ਹੱਥ ਘੁਮਾਏ ਤੇ ਫੇਰ ਆਪੇ ਬੁੜਬੁੜਾਇਆ, “ਵੇਖੋ ! ਜੇ ਉਸ ਵਿੱਚ ਕੋਈ ਮਾੜੀ-ਮੋਟੀ ਸਿੱਖੀ ਭਾਵਨਾ ਜਾਂ ਅਣੱਖ ਦੀ ਕਣੀ ਬਚੀ ਹੋਵੇ?.... ਇਕ ਗੱਲ ਤਾਂ ਹੈ ! ਜੇ ਉਹ ਅਸਤੀਫ਼ਾ ਦੇ ਦੇਵੇ ਤਾਂ ਬਹੁਤੇ ਕਾਂਗਰਸੀ ਸਿੱਖ ਪਾਰਟੀ ਤੋਂ ਅਤੇ ਬਹੁਤੇ ੳੁੱਚ ਸਰਕਾਰੀ ਸਿੱਖ ਅਫਸਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣਗੇ।” ਉਸ ਤੋਂ ਬਾਅਦ ਰੋਟੀ ਮੁੱਕਣ ਤੱਕ ਕੋਈ ਕੁੱਝ ਨਾ ਬੋਲਿਆ।

ਰੋਟੀ ਖਤਮ ਕਰ ਕੇ ਉਠ ਹੀ ਰਹੇ ਸਨ ਕਿ ਉਨ੍ਹਾਂ ਦਾ ਧਿਆਨ ਟੈਲੀਵਿਜ਼ਨ ਨੇ ਖਿਚ ਲਿਆ, ਜਿਥੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਜਿਸ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਉਤੇ ਫੌਜੀ ਕਾਰਵਾਈ ਕੀਤੀ ਗਈ ਸੀ, ਉਸ ਦੀ ਇੰਟਰਵਿਊ ਆਉਣੀ ਸ਼ੁਰੂ ਹੋਈ ਸੀ। ਸਾਰੇ ਉਥੋਂ ਉਠ ਕੇ ਟੈਲੀਵਿਜ਼ਨ ਦੇ ਸਾਹਮਣੇ ਆ ਬੈਠੇ। ਜਨਰਲ ਬਰਾੜ ਬੜਾ ਹੀ ਝੁੰਜਲਾ ਕੇ ਬੋਲ ਰਿਹਾ ਸੀ। ਉਸ ਨੇ ਕਿਹਾ ਕਿ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਅੱਤਵਾਦੀਆਂ ਨੂੰ ਵਿਦੇਸ਼ੀ ਸਹਾਇਤਾ ਮਿਲਦੀ ਸੀ। ਅੱਤਵਾਦੀਆਂ ਪਾਸ ਚੀਨੀ ਹਥਿਆਰ ਹਨ ਜੋ ਪਾਕਿਸਤਾਨ ਰਾਹੀਂ ਆਏ ਹਨ।

ਹਰਮੀਤ ਉਠਦਾ ਹੋਇਆ ਬੋਲਿਆ, “ਹਾਂ ਤੈਨੂੰ ਤਾਂ ਵਿਦੇਸ਼ੀ ਸਹਾਇਤਾ ਨਜ਼ਰ ਆਉਣੀ ਹੀ ਹੈ, ਚੰਦ ਗੁਰੂ ਦੇ ਲਾਲਾਂ ਨੇ ਤੇਰੀ ਇਤਨੀ ਵੱਡੀ ਫੌਜ ਦੇ ਛੱਕੇ ਜੋ ਛੁੜਾ ਦਿੱਤੇ।” ਤੇ ਉਸ ਨੇ ਟੀ.ਵੀ. ਬੰਦ ਕਰ ਦਿੱਤਾ।

12 ਜੂਨ ਨੂੰ ਫੇਰ ਬੀ.ਬੀ.ਸੀ. ਨੇ ਖ਼ਬਰ ਦਿੱਤੀ ਕਿ ਸਿੱਖ ਫੌਜੀਆਂ ਨੇ 6 ਤੋਂ ਵਧੇਰੇ ਜਗ੍ਹਾ ਤੇ ਬਗ਼ਾਵਤ ਕਰ ਦਿੱਤੀ ਹੈ ਇਨ੍ਹਾਂ ਵਿੱਚ ਅਗਰਤਲਾ, ਸਿਲੀਗੁਰੀ ਅਤੇ ਜਮੂੰ ਕਸ਼ਮੀਰ ਦਾ ਰਜੌਰੀ ਖੇਤਰ ਵੀ ਸ਼ਾਮਲ ਹਨ। ਦੱਸਿਆ ਗਿਆ ਕਿ ਰਜੌਰੀ ਵਿੱਚੋਂ ਤਾਂ ਉਹ ਪਾਕਿਸਤਾਨ ਵੱਲ ਚਲੇ ਗਏ ਹਨ। ਬਗ਼ਾਵਤ ਕਰਨ ਵਾਲੇ ਫੌਜੀਆਂ ਦੀ ਗਿਣਤੀ 2000 ਤੋਂ ਵਧ ਹੋ ਚੁੱਕੀ ਹੈ। ਬੀ.ਬੀ.ਸੀ. ਦੀ ਖ਼ਬਰ ਮੁਤਾਬਕ ਹੁਣ ਤੱਕ 53 ਸਿੱਖ ਫੌਜੀ ਸ਼ਹੀਦ ਹੋ ਚੁੱਕੇ ਸਨ ਅਤੇ ਬਾਕੀ ਬੰਦੀ ਬਣਾ ਲਏ ਗਏ ਸਨ।

ਸਾਰੀ ਸਿੱਖ ਕੌਮ ਇਨ੍ਹਾਂ ਧਰਮੀ ਫੌਜੀਆਂ ’ਤੇ ਬਲਿਹਾਰ ਜਾ ਰਹੀ ਸੀ ਜਿਨ੍ਹਾਂ ਕੇਵਲ ਆਪਣੀਆਂ ਜਾਨਾਂ ਹੀ ਨਹੀਂ ਬਲਕਿ ਆਪਣੇ ਬੱਚਿਆਂ ਅਤੇ ਪਰਿਵਾਰਾਂ ਦਾ ਭਵਿੱਖ ਵੀ ਕੌਮ ਦੀ ਅਣਖ ਵਾਸਤੇ ਦਾਅ ’ਤੇ ਲਾ ਦਿੱਤਾ ਸੀ, ਪਰ ਕਿਸੇ ਨੂੰ ਇਹ ਨਹੀਂ ਸੀ ਸਮਝ ਲੱਗ ਰਹੀ ਕਿ ਉਹ ਖੁਸ਼ ਹੋਣ ਕਿ ਦੁਖ ਮਨਾਉਣ। ਜਿਵੇਂ ਕਿਸੇ ਛਾਉਣੀ ਵਿੱਚੋਂ ਬਗ਼ਾਵਤ ਦੀ ਖ਼ਬਰ ਆਉਂਦੀ ਕੌਮ ਅੰਦਰ ਹਲਕਾ ਜਿਹਾ ਜੋਸ਼ ਪੈਦਾ ਹੁੰਦਾ ਪਰ ਕੁੱਝ ਸਿੱਖ ਫੌਜੀਆਂ ਦੇ ਸ਼ਹੀਦ ਹੋਣ ਅਤੇ ਪਕੜੇ ਜਾਣ ਦੀ ਖ਼ਬਰ ਸੁਣ ਕੇ ਫੇਰ ਸੋਗ ਦੀ ਲਹਿਰ ਜਿਹੀ ਛਾ ਜਾਂਦੀ। ਸਾਰੀ ਸਿੱਖ ਕੌਮ ਇਕ ਅਜੀਬ ਜਿਹੀ ਹਾਲਤ ਵਿੱਚੋਂ ਲੰਘ ਰਹੀ ਸੀ।

ਹਰਮੀਤ ਚੰਗੀ ਦੁਪਹਿਰ ਚੜ੍ਹੇ ਹੀ ਦੁਕਾਨ ’ਤੇ ਆਇਆ ਸੀ। ਉਸ ਨੇ ਰੋਟੀ ਵਾਲਾ ਟਿਫਨ ਪਿਤਾ ਦੇ ਕੋਲ ਰੱਖਿਆ ਤੇ ਪਰ੍ਹੇ ਵਿਕਰੀ ਵਾਲੇ ਕਾਉਂਟਰ ’ਤੇ ਬੈਠ ਗਿਆ। ਬਲਦੇਵ ਸਿੰਘ ਨੇ ਟਿਫਨ ਖੋਲ੍ਹਦੇ ਹੋਏ ਅਵਾਜ਼ ਦਿੱਤੀ, “ਆ ਹਰਮੀਤ ! ਪਹਿਲਾਂ ਰੋਟੀ ਖਾ ਲਈਏ।”

“ਨਹੀਂ ਭਾਪਾ ਜੀ ! ਤੁਸੀ ਖਾਓ, ਮੈਂ ਘਰੋਂ ਖਾ ਕੇ ਹੀ ਨਿਕਲਿਆਂ”, ਹਰਮੀਤ ਨੇ ਉਥੇ ਬੈਠੇ ਬੈਠੇ ਹੀ ਕਿਹਾ। ਇਤਨੇ ਨੂੰ ਹਰਮੀਤ ਦਾ ਇਕ ਦੋਸਤ ਆ ਗਿਆ। ਉਸਨੇ ਦੁਕਾਨ ਦੇ ਬਾਹਰੋਂ ਹੀ ਮੋਟਰ-ਸਾਈਕਲ ’ਤੇ ਬੈਠੇ ਹੋਏ ਹਰਮੀਤ ਨੂੰ ਬਾਹਰ ਆਉਣ ਵਾਸਤੇ ਇਸ਼ਾਰਾ ਕੀਤਾ। ਹਰਮੀਤ ਨੇ ਅੰਦਰ ਆਉਣ ਲਈ ਇਸ਼ਾਰਾ ਕਰਦੇ ਹੋਏ ਕਿਹਾ, “ਆ ਜਾ, ਅੰਦਰ ਹੀ ਆ ਜਾ।”

“ਨਹੀਂ, ਤੂੰ ਬਾਹਰ ਆ ਜ਼ਰਾ”, ਉਸ ਨੇ ਉਥੇ ਹੀ ਮੋਟਰ ਸਾਈਕਲ ’ਤੇ ਬੈਠੇ ਬੈਠੇ ਕਿਹਾ।

ਹਰਮੀਤ ਉਠ ਕੇ ਬਾਹਰ ਆਇਆ ਤਾਂ ਦੋਸਤ ਨੇ ਉਸ ਦੇ ਕੰਨ ਕੋਲ ਮੂੰਹ ਕਰਕੇ ਕੁੱਝ ਕਿਹਾ, ਸੁਣ ਕੇ ਹਰਮੀਤ ਦੇ ਚਿਹਰੇ ਤੇ ਇਕ ਅਜੀਬ ਜਿਹੀ ਉਤਸੁਕਤਾ ਨਜ਼ਰ ਆਈ। ਉਸ ਨੇ ਉਥੋਂ ਹੀ ਪਿਤਾ ਵੱਲ ਮੂੰਹ ਕਰਕੇ ਕਿਹਾ, “ਭਾਪਾ ਜੀ ! ਮੈਂ ਥੋੜ੍ਹੀ ਦੇਰ ਤੱਕ ਆਇਆ”, ਤੇ ਜੁਆਬ ਦਾ ਇੰਤਜ਼ਾਰ ਕੀਤੇ ਬਗੈਰ ਮੋਟਰ-ਸਾਈਕਲ ਦੀ ਪਿਛਲੀ ਸੀਟ ’ਤੇ ਬੈਠ ਗਿਆ।

ਸ਼ਾਮ ਪੈ ਗਈ ਹਰਮੀਤ ਵਾਪਸ ਨਹੀਂ ਆਇਆ। ਬਲਦੇਵ ਸਿੰਘ ਬੜਾ ਹੈਰਾਨ ਹੋ ਰਿਹਾ ਸੀ ਕਿ ਕਿਥੇ ਗਿਆ ਹੋਵੇਗਾ, ਜਿਹੜਾ ਇਤਨੀ ਦੇਰ ਨਹੀਂ ਆਇਆ। ਉਸ ਨੂੰ ਥੋੜ੍ਹੀ ਜਿਹੀ ਖਿਝ ਆਈ, ‘ਦਸ ਕੇ ਵੀ ਕੁੱਝ ਨਹੀਂ ਗਿਆ।’ ਉਹ ਸੋਚ ਹੀ ਰਿਹਾ ਸੀ ਕਿ ਸਾਹਮਣੇ ਮੋਟਰ-ਸਾਈਕਲ ਆ ਕੇ ਰੁਕਿਆ, ਹਰਮੀਤ ਉਤਰ ਗਿਆ ਤੇ ਮੋਟਰ-ਸਾਈਕਲ ਅਗੇ ਲੰਘ ਗਿਆ। ਹਰਮੀਤ ਦੇ ਦੁਕਾਨ ਅੰਦਰ ਵੜਦੇ ਹੀ ਬਲਦੇਵ ਸਿੰਘ ਬੋਲਿਆ, “ਤੂੰ ਕਮਾਲ ਕਰ ਦਿੱਤੀ ਹਰਮੀਤ, ਨਾ ਕੁੱਝ ਦੱਸ ਕੇ ਗਿਆ ਤੇ ਇਤਨੀ ਦੇਰ ਲਗਾ ਦਿੱਤੀ।”

ਹਰਮੀਤ ਨੇ ਹੱਥ ਚੁੱਕ ਕੇ ਠਹਿਰਣ ਦਾ ਇਸ਼ਾਰਾ ਕੀਤਾ ਜਿਵੇਂ ਕਹਿ ਰਿਹਾ ਹੋਵੇ, ਰਤਾ ਹੌਂਸਲਾ ਕਰੋ ਸਭ ਕੁੱਝ ਦਸਦਾ ਹਾਂ। ਪਿਤਾ ਦੇ ਕੋਲ ਬੈਠਦੇ ਹੋਏ ਉਸਨੇ ਦੁਕਾਨ ਦੇ ਸੇਵਾਦਾਰ ਨੂੰ ਪਾਣੀ ਪਿਆਉਣ ਵਾਸਤੇ ਕਿਹਾ। ਪਾਣੀ ਪੀ ਕੇ ਪਿਤਾ ਦੇ ਹੋਰ ਨੇੜੇ ਹੁੰਦੇ ਹੋਏ ਬੋਲਿਆ, “ਭਾਪਾ ਜੀ ! ਅੱਜ ਤਾਂ ਮੈਂ ਇਕ ਬੜਾ ਇਤਿਹਾਸਕ ਨਜ਼ਾਰਾ ਵੇਖ ਕੇ ਆਇਆ ਹਾਂ।”

“ਇਤਿਹਾਸਕ ਨਜ਼ਾਰਾ ! ਉਹ ਕੀ?” ਬਲਦੇਵ ਸਿੰਘ ਨੇ ਹੈਰਾਨ ਹੁੰਦੇ ਹੋਏ ਪੁੱਛਿਆ।

“ਇਥੇ ਕਾਨਪੁਰ ਛਾਉਣੀ ਵਿੱਚ ਬਹੁਤ ਸਾਰੇ ਉਨ੍ਹਾਂ ਫੌਜੀ ਸਿੰਘਾਂ ਨੂੰ ਲੈਕੇ ਆਏ ਨੇ ਜਿਨ੍ਹਾਂ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ’ਤੇ ਹਮਲੇ ਦੇ ਰੋਸ ਵਿੱਚ ਬਗ਼ਾਵਤ ਕੀਤੀ ਏ ਤੇ ਬੰਦੀ ਬਣਾ ਲਏ ਗਏ ਨੇ”, ਹਰਮੀਤ ਸਿੰਘ ਨੇ ਹੌਲੀ ਜਿਹੇ ਕਿਹਾ।

“ਹੈਂ !” ਹੁਣ ਹੈਰਾਨ ਹੋਣ ਦੀ ਵਾਰੀ ਬਲਦੇਵ ਸਿੰਘ ਦੀ ਸੀ, “ਉਨ੍ਹਾਂ ਨੂੰ ਇਥੇ ਕੈਦ ਕਰਨਗੇ?”

“ਇਹ ਤਾਂ ਪਤਾ ਨਹੀਂ ਲੱਗ ਸਕਿਆ, ਇਥੇ ਰੱਖਣਗੇ ਕਿ ਕਿਤੇ ਹੋਰ ਲੈਕੇ ਜਾ ਰਹੇ ਨੇ, ਹੋ ਸਕਦੈ ਰਸਤੇ ਵਿੱਚ ਇਥੇ ਰੁਕੇ ਹੋਣ ਪਰ ਉਨ੍ਹਾਂ ਦੇ ਕਈ ਟਰੱਕ ਭਰੇ ਹੋਏ ਨੇ”, ਹਰਮੀਤ ਨੇ ਆਪਣਾ ਖਿਆਲ ਜ਼ਾਹਰ ਕੀਤਾ।

“ਉਥੇ ਜਾਣ ਦੇਂਦੇ ਨੇ?”

“ਬਹੁਤ ਨੇੜੇ ਤਾਂ ਨਹੀਂ, ਪਰ ਵੈਸੇ ਕਾਫੀ ਭੀੜ ਇਕੱਠੀ ਹੋਈ ਹੋਈ ਏ।”

“ਉਨ੍ਹਾਂ ਨੂੰ ਜ਼ਲੀਲ ਕਰਨ ਲਈ ਇਹ ਆਪ ਚਾਹੁੰਦੇ ਹੋਣਗੇ ਕਿ ਲੋਕੀ ਇਕੱਠੇ ਹੋਣ ਤੇ ਉਨ੍ਹਾਂ ਸਿੱਖ ਕੈਦੀਆਂ ਦਾ ਤਮਾਸ਼ਾ ਵੇਖਣ,” ਬਲਦੇਵ ਸਿੰਘ ਨੇ ਆਪਣਾ ਸ਼ੱਕ ਜ਼ਾਹਿਰ ਕੀਤਾ, “ਉਹ ਵਿੱਚਾਰੇ ਵੀ ਬਹੁਤ ਘਬਰਾਏ ਹੋਣਗੇ?”

“ਬਿਲਕੁਲ ਨਹੀਂ ਭਾਪਾ ਜੀ ! ਇਹੀ ਤਾਂ ਕਮਾਲ ਦੀ ਗੱਲ ਹੈ, ਉਨ੍ਹਾਂ ਦੀ ਸ਼ਰੀਰਕ ਹਾਲਤ ਜੋ ਵੀ ਹੋਵੇ ਪਰ ਮਾਨਸਿਕ ਹਾਲਤ ਪੂਰੀਆਂ ਚੜ੍ਹਦੀਆਂ-ਕਲਾ ਵਿੱਚ ਜਾਪਦੀ ਹੈ। ਨਾ ਕਿਸੇ ਦੇ ਚਿਹਰੇ ਤੇ ਕੋਈ ਪ੍ਰੇਸ਼ਾਨੀ, ਨਾ ਥਕਾਵਟ। ਨਾ ਘਬਰਾਹਟ ਤੇ ਨਾ ਕੋਈ ਅਫਸੋਸ ਦਾ ਚਿੰਨ੍ਹ। ਸਾਰਿਆਂ ਦੇ ਚਿਹਰੇ ਦਮਕ ਰਹੇ ਸਨ, ਮੇਰਾ ਤਾਂ ਜੀ ਕਰਦਾ ਸੀ ਜਾ ਕੇ ਉਨ੍ਹਾਂ ਨੂੰ ਗਲਵੱਕੜੀ ਪਾ ਲਵਾਂ, ਇਕ ਇਕ ਦੇ ਹੱਥ ਤੇ ਮੂੰਹ ਚੁੰਮ ਲਵਾਂ”, ਹਰਮੀਤ ਦੇ ਹਰ ਲਫ਼ਜ਼ ’ਚੋਂ ਸ਼ਰਧਾ ਡੁਲ-ਡੁਲ ਪੈਂਦੀ ਸੀ।

“ਵਾਹ ! ਇਹੀ ਤਾਂ ਖ਼ਾਸੀਅਤ ਹੈ ਸਿੱਖ ਸੂਰਮਿਆਂ ਦੀ, ਹਾਲਾਤ ਜਿਹੋ ਜਿਹੇ ਮਰਜ਼ੀ ਹੋਣ ਹਰ ਹਾਲਤ ਵਿੱਚ ਚੜ੍ਹਦੀਆਂ ਕਲਾ ਵਿੱਚ ਰਹਿੰਦੇ ਨੇ। ਅਸਲ ਵਿੱਚ ਇਹ ਸਤਿਗੁਰੂ ਦੀ ਬਖਸ਼ਿਸ਼ ਹੀ ਹੈ ਸਾਡੀ ਕੌਮ ’ਤੇ”, ਕਹਿੰਦੇ ਹੋਏ ਬਲਦੇਵ ਸਿੰਘ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਉਨ੍ਹਾਂ ਵਿੱਚੋ ਦੋ ਅਥਰੂ ਵੱਗ ਕੇ ਗਲ੍ਹਾਂ ’ਤੇ ਆ ਗਏ। ਹਰਮੀਤ ਸਮਝ ਰਿਹਾ ਸੀ ਕਿ ਇਹ ਅਥਰੂ ਕਿਸੇ ਦੁੱਖ ਜਾਂ ਸੋਗ ਦੇ ਨਹੀਂ ਸਗੋਂ ਉਨ੍ਹਾਂ ਸੂਰਬੀਰਾਂ ਪ੍ਰਤੀ ਸ਼ਰਧਾ ਦੇ ਅਥਰੂ ਹਨ। ਉਹ ਤਾਂ ਅੱਗੋਂ ਕੁੱਝ ਨਾ ਬੋਲਿਆ ਪਰ ਥੋੜ੍ਹੀ ਦੇਰ ਬਾਅਦ ਬਲਦੇਵ ਸਿੰਘ ਨੇ ਪੁੱਛਿਆ, “ਉਥੇ ਕੇਵੱਲ ਸਿੱਖ ਹੀ ਸਨ ਕਿ ਹੋਰ ਲੋਕ ਵੀ ਸਨ?”
“ਭਾਪਾ ਜੀ ! ਸਿੱਖ ਤਾਂ ਅਸੀਂ ਬਹੁਤ ਥੋੜ੍ਹੇ ਸਾਂ, ਬਾਕੀ ਬਹੁਤੇ ਤਾਂ ਦੂਸਰੇ ਤਮਾਸ਼ਬੀਨ ਹੀ ਸਨ। ਉਹ ਲੋਕ ਤਾਂ ਬੜੀ ਨਫਰਤ ਭਰੀ ਨਿਗਾਹ ਨਾਲ ਵੇਖ ਰਹੇ ਸਨ, ਸਗੋਂ ਉਨ੍ਹਾਂ ਸੂਰਮਿਆਂ ’ਤੇ ਭੈੜੀਆਂ ਭੈੜੀਆਂ ਫਬਤੀਆਂ ਵੀ ਕੱਸ ਰਹੇ ਸਨ”, ਹਰਮੀਤ ਕੁੱਝ ਦੁੱਖ ਨਾਲ ਬੋਲਿਆ।

“ਉਹ ! ਹਥਿਆਰਾਂ ਦੇ ਜ਼ਖਮਾਂ ਨਾਲੋਂ ਵਧੇਰੇ ਦਰਦ ਤਾਂ ਐਸੀ ਬਕਵਾਸ ਨਾਲ ਹੁੰਦਾ ਹੈ”, ਬਲਦੇਵ ਸਿੰਘ ਨੇ ਵੀ ਦੁੱਖ ਪ੍ਰਗੱਟ ਕੀਤਾ।

“ਬਿਲਕੁਲ ਨਹੀਂ ਭਾਪਾ ਜੀ ! ਇਹੀ ਤਾਂ ਹੈਰਾਨਗੀ ਦੀ ਗੱਲ ਹੈ। ਉਨ੍ਹਾਂ ਦੇ ਚਿਹਰੇ ਤੇ ਕੋਈ ਪ੍ਰੇਸ਼ਾਨੀ ਨਹੀਂ ਬਲਕਿ ਕੋਈ ਜਲੌ ਸੀ। ਤਾਂ ਹੀ ਤਾਂ ਮੈਂ ਕਹਿ ਰਿਹਾਂ, ਇਤਿਹਾਸਕ ਨਜ਼ਾਰਾ ਦੇਖ ਕੇ ਆਇਆਂ, ਬਿਲਕੁਲ ਉਸੇ ਤਰ੍ਹਾਂ ਦਾ ਜਿਵੇਂ ਇਤਿਹਾਸ ਵਿੱਚ ਪੜ੍ਹਿਆ ਸੀ, ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਕੈਦ ਕਰ ਕੇ ਉਨ੍ਹਾਂ ਦਾ ਜਲੂਸ ਕੱਢ ਰਹੇ ਸਨ, ਲੋਕ ਉਨ੍ਹਾਂ ਤੇ ਵੀ ਫਬਤੀਆਂ ਕੱਸ ਰਹੇ ਸਨ ਪਰ ਉਹ ਚੜ੍ਹਦੀਆਂ-ਕਲਾ ਵਿੱਚ ਮੁਸਕੁਰਾ ਰਹੇ ਸਨ, ਬਿਲਕੁਲ ਉਹੀ ਨਜ਼ਾਰਾ ਸੀ, ਜਾਪਦਾ ਸੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ”, ਹਰਮੀਤ ਦੇ ਹਰ ਬੋਲ ’ਚੋਂ ਅਥਾਹ ਸ਼ਰਧਾ, ਪਿਆਰ ਅਤੇ ਸਤਿਕਾਰ ਛਲਕ ਰਿਹਾ ਸੀ।

ਉਸ ਦੀ ਗੱਲ ਦੀ ਪ੍ਰੋੜਤਾ ਕਰਦੇ ਹੋਏ ਬਲਦੇਵ ਸਿੰਘ ਬੋਲਿਆ, “ਬਿਲਕੁਲ ਠੀਕ ਹੈ ਬੇਟਾ, ਸਿੱਖ ਤਾਂ ਆਪਣੇ ਇਤਿਹਾਸ ਨੂੰ ਕਦੇ ਬਹੁਤਾ ਪੁਰਾਣਾ ਨਹੀਂ ਹੋਣ ਦੇਂਦੇ, ਮਿਥਿਹਾਸ ਨਹੀਂ ਬਣਨ ਦੇਂਦੇ, ਨਾਲ ਨਾਲ ਤਾਜ਼ਾ ਕਰਦੇ ਰਹਿੰਦੇ ਹਨ”, ਬਲਦੇਵ ਸਿੰਘ ਦੇ ਬੋਲਾਂ ’ਚੋਂ ਕੁੱਝ ਮਾਣ ਝਲਕ ਰਿਹਾ ਸੀ।

“ਪਰ ਭਾਪਾ ਜੀ ਇਤਨੀਆਂ ਕੁਰਬਾਨੀਆਂ ਹੋਈਆਂ ਨੇ, ਕੋਈ ਸਾਰਥਕ ਨਤੀਜਾ ਤਾਂ ਨਿਕਲਿਆ ਨਹੀਂ?” ਹਰਮੀਤ ਦੀ ਜਗਿਆਸਾ ਅਜੇ ਮੁੱਕੀ ਨਹੀਂ ਸੀ।

“ਬੇਟਾ ! ਇਕ ਤਾਂ ਇਹ ਕੋਈ ਵਿਉਂਤ-ਬੰਦ ਬਗ਼ਾਵਤ ਨਹੀਂ ਹੈ, ਕੇਵਲ ਭਾਵਨਾਤਮਕ ਉਠਾ ਹੈ। ਦੂਸਰਾ ਇਸੇ ਦਾ ਨਾਂ ਤਾਂ ਸਿੱਖ ਕਿਰਦਾਰ ਹੈ। ਜੇ ਉਨ੍ਹਾਂ ਦਾ ਮਕਸਦ ਬਦਲਾ ਲੈਣਾ ਹੁੰਦਾ ਅਤੇ ਉਹ ਚਾਹੁੰਦੇ ਤਾਂ ਜਿਥੋਂ ਜਿਥੋਂ ਉਨ੍ਹਾਂ ਬਗ਼ਾਵਤ ਕੀਤੀ ਸੀ, ਉਥੇ ਹੀ ਤਬਾਹੀ ਲਿਆ ਸਕਦੇ ਸਨ, ਪਰ ਉਨ੍ਹਾਂ ਕਿਸੇ ਬੇਦੋਸ਼ੇ ’ਤੇ ਜ਼ੁਲਮ ਨਹੀਂ ਢਾਹਿਆ, ਇਥੋਂ ਤੱਕ ਕੇ ਆਪਣੇ ਕਿਸੇ ਫੌਜੀ ਸਾਥੀ ਨੂੰ ਵੀ ਉਤਨੀ ਦੇਰ ਨਹੀਂ ਮਾਰਿਆ ਜਿਤਨੀ ਦੇਰ ਉਨ੍ਹਾਂ ਆਪ ਇਨ੍ਹਾਂ ਦਾ ਰਸਤਾ ਰੋਕਣ ਅਤੇ ਇਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।” ਬਲਦੇਵ ਸਿੰਘ ਥੋੜ੍ਹਾ ਜਿਹਾ ਰੁਕਿਆ ਤੇ ਫੇਰ ਬੋਲਿਆ, “ਕੀ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਤਨੀ ਥੋੜ੍ਹੀ ਗਿਣਤੀ ਵਿੱਚ ਅਤੇ ਸੀਮਤ ਹਥਿਆਰਾਂ ਨਾਲ ਇਤਨੀ ਦੂਰੋਂ ਉਹ ਸੁਰੱਖਿਅਤ ਅੰਮ੍ਰਿਤਸਰ ਨਹੀਂ ਪਹੁੰਚ ਸਕਦੇ? ਉਹ ਆਪਣੇ ਮਕਸਦ ਵਿੱਚ ਪੂਰੀ ਤਰ੍ਹਾਂ ਕਾਮਯਾਬ ਨੇ, ਉਨ੍ਹਾਂ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਸਿੱਖ ਆਪਣੇ ਗੁਰਧਾਮਾਂ ਦੀ ਬੇਹੁਰਮਤੀ ਅਤੇ ਕੌਮ ਦੀ ਅਣਖ ’ਤੇ ਹਮਲਾ ਕਦੇ ਬਰਦਾਸ਼ਤ ਨਹੀਂ ਕਰੇਗਾ”, ਬਲਦੇਵ ਸਿੰਘ ਨੇ ਗੱਲੇ ਨੂੰ ਤਾਲਾ ਮਾਰ ਕੇ ਚਾਬੀਆਂ ਹਰਮੀਤ ਨੂੰ ਫੜਾਉਂਦੇ ਹੋਏ ਕਿਹਾ ਤੇ ਫੇਰ ਉਠਦੇ ਹੋਏ ਬੋਲਿਆ, “ਮੈਂ ਨਿਕਲਦਾਂ, ਅੱਜ ਗੁਰਦੁਆਰੇ ਮੀਟਿੰਗ ਸੀ, ਪਹਿਲੇ ਹੀ ਲੇਟ ਹੋ ਗਿਆਂ।”

ਬਲਦੇਵ ਸਿੰਘ ਘਰ ਪਹੁੰਚਿਆ ਤਾਂ ਸਾਰਾ ਪਰਿਵਾਰ ਹੀ ਬੈਠਕ ਵਿੱਚ ਬੈਠਾ ਬੜੇ ਧਿਆਨ ਨਾਲ ਟੀ ਵੀ ਵੇਖ ਰਿਹਾ ਸੀ। ਉਹ ਸਿੱਧਾ ਆਪਣੇ ਕਮਰੇ ਵੱਲ ਜਾਣ ਲੱਗਾ ਤਾਂ ਹਰਮੀਤ ਨੇ ਅਵਾਜ਼ ਮਾਰ ਲਈ, “ਭਾਪਾ ਜੀ ਪਹਿਲਾਂ ਜ਼ਰਾ ਇਧਰ ਆ ਜਾਓ।” ਉਹ ਉਧਰ ਮੁੜਿਆ ਤਾਂ ਹਰਮੀਤ ਨੇ ਟੀ.ਵੀ. ਵੱਲ ਇਸ਼ਾਰਾ ਕੀਤਾ ਜਿਵੇਂ ਕਹਿ ਰਿਹਾ ਹੋਵੇ, ਆਹ ਵੇਖੋ ਪਹਿਲਾਂ।

ਬਲਦੇਵ ਸਿੰਘ ਨੇ ਟੀ.ਵੀ. ਵੱਲ ਵੇਖਿਆ, ਸਾਹਮਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਸੰਗਤਾਂ ਦੇ ਨਾਂ ਸੰਦੇਸ਼ ਪੜ੍ਹਨ ਲੱਗੇ ਸਨ, ਉਹ ਉਥੇ ਹੀ ਬੈਠ ਗਿਆ। ਸੰਦੇਸ਼ ਅਜੇ ਸ਼ੁਰੂ ਹੀ ਹੋਇਆ ਸੀ, ‘ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਪਿਛਲੇ ਕੁੱਝ ਦਿਨਾਂ ਤੋਂ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਹ ਦੁਖਦਾਈ ਅਤੇ ਅਫਸੋਸਨਾਕ ਹਨ ਜਿਸ ’ਤੇ ਹਰ ਹਿਰਦਾ ਅਤਿਅੰਤ ਦੁਖੀ ਹੈ। ਕੌਮਾਂ ਮਹਾਨ ਗੁਰੂ ਸਾਹਿਬਾਨ ਅਤੇ ਵਡੇਰਿਆਂ ਦੀਆਂ ਸਿਖਿਆਵਾਂ ਧਾਰਨ ਕਰਕੇ ਹਮੇਸ਼ਾਂ ਬਿਪਤਾ ਤੇ ਸੰਕਟ ਵਿੱਚੋਂ ਨਿਕਲ ਸਕਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਤੇ ਇਤਿਹਾਸਕ ਤੋਸ਼ਾਖਾਨਾ ਠੀਕ ਹਨ ਤੇ ਤੋਸ਼ਾਖਾਨਾ ਨੂੰ ਸਾਡੇ ਰਾਹੀਂ ਸੀਲ ਕਰਕੇ ਉਸ ਦੇ ਸੁਰੱਖਿਅਤ ਪ੍ਰਬੰਧ ਕਰ ਲਏ ਹਨ।

ਪਾਵਨ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਸਾਨੂੰ ਸਭਨਾਂ ਨੂੰ ਭਾਰੀ ਦੁੱਖ ਹੈ, ਪਰ ਸ੍ਰੀ ਹਰਿਮੰਦਰ ਸਾਹਿਬ ਅਤੇ ਕੋਠਾ ਸਾਹਿਬ ਠੀਕ ਹਨ ਅਤੇ ਆਪਾਂ ਹਿੰਦੂ ਸਿੱਖ ਸਭ ਭਰਾ-ਭਰਾ ਹਾਂ ਅਤੇ ਸਾਡੀ ਸਾਂਝ ਸਦੀਆਂ ਪੁਰਾਣੀ ਹੈ ਤੇ ਸਾਨੂੰ ਇਹ ਕਾਇਮ ਰੱਖਣੀ ਚਾਹੀਦੀ ਹੈ। ਸੰਗਤਾਂ ਕਈ ਦਿਨਾਂ ਤੋਂ ਸ੍ਰੀ ਸੱਚਖੰਡ ਦੇ ਦਰਸ਼ਨ-ਇਸ਼ਨਾਨ ਤੋਂ ਵਾਂਝੀਆਂ ਹਨ। ਇਸ ਲਈ ਭਰਪੂਰ ਯਤਨ ਜਾਰੀ ਹਨ ਅਤੇ ਆਸ ਹੈ ਕਿ ਛੇਤੀ ਹੀ ਇਸ ਅਸਥਾਨ ਦੀ ਧੂੜੀ ਮਸਤਕ ਲਗਾ ਸਕਣਗੀਆਂ।’

ਸੰਦੇਸ਼ ਖਤਮ ਹੁੰਦੇ ਹੀ ਹਰਮੀਤ ਨੇ ਮੱਥੇ ’ਤੇ ਹੱਥ ਮਾਰਿਆ ਤੇ ਬੋਲਿਆ, “ਆਹ ਵੇਖ ਲਓ ਸਾਡੇ ਜਥੇਦਾਰ, ਸਾਡੇ ਆਗੂ। ਸਾਰੀ ਦੁਨੀਆਂ ਨੂੰ ਪਤਾ ਲੱਗ ਚੁੱਕੈ ਕਿ ਅਕਾਲ ਤਖਤ ਸਾਹਿਬ ਖੰਡਰ ਬਣਾ ਦਿੱਤਾ ਗਿਐ, ਢਹਿ ਢੇਰੀ ਹੋਇਆ ਪਿਐ ਤੇ ਇਹ ਕੌਮ ਨੂੰ ਇਹ ਦੱਸ ਕੇ ਗੁੰਮਰਾਹ ਕਰ ਰਹੇ ਨੇ ਕਿ ਕੋਠਾ ਸਾਹਿਬ ਠੀਕ ਠਾਕ ਹੈ। ਇਕ ਪਾਸੇ ਉਹ ਸੂਰਮੇਂ ਜੋ ਆਪਣੇ ਪਰਿਵਾਰਾਂ ਦਾ, ਬੱਚਿਆ ਦਾ ਜੀਵਨ, ਉਨ੍ਹਾਂ ਦਾ ਭਵਿੱਖ ਦਾਅ ’ਤੇ ਲਾਕੇ ਕੌਮ ਦੀ ਅਣਖ ਲਈ ਆਪਣੀਆਂ ਜਾਨਾਂ ਵਾਰਨ ਤੁਰ ਪਏ ਨੇ ਅਤੇ ਦੂਸਰੇ ਪਾਸੇ ਸਾਡੇ ਇਹ ਜਥੇਦਾਰ ਜੋ ਇਹੋ ਜਿਹੇ ਸੰਦੇਸ਼ ਅਤੇ ਬਿਆਨ ਦੇ ਕੇ ਕੌਮ ਦੀਆਂ ਇਤਨੀਆਂ ਮਹਾਨ ਕੁਰਬਾਨੀਆਂ ਦਾ ਮਜ਼ਾਕ ਉਡਾ ਰਹੇ ਨੇ।” ਜਾਪਦਾ ਸੀ ਜਥੇਦਾਰ ਦੇ ਸੰਦੇਸ਼ ਨੇ ਕੁੱਝ ਹੌਂਸਲਾ ਦੇਣ ਦੀ ਬਜਾਏ ਸਗੋਂ ਤਕਲੀਫ ਪਹੁੰਚਾਈ ਹੈ।

“ਬੇਟਾ ! ਕੌਮ ਨੇ ਤਾਂ ਕੁਰਬਾਨੀਆਂ ਕਰਨ ਵਿੱਚ ਕਦੇ ਕਸਰ ਨਹੀਂ ਛੱਡੀ। ਨਾ ਕਦੇ ਜੀਵਨ ਦੀ ਪ੍ਰਵਾਹ ਕੀਤੀ ਹੈ, ਨਾ ਪਰਿਵਾਰਾਂ ਦੀ ਅਤੇ ਨਾ ਹੀ ਧਨ-ਦੌਲਤ ਦੀ। ਜਦੋਂ ਕੌਮ ’ਤੇ ਬਿਪਤਾ ਪਈ ਏ, ਕੋਈ ਚੁਣੌਤੀ ਆਈ ਏ, ਆਪਣਾ ਸਭ ਕੁੱਝ ਅਰਪਣ ਕਰ ਦਿੱਤੈ। ਧੋਖਾ ਤਾਂ ਸਦਾ ਇਨ੍ਹਾਂ ਆਗੂਆਂ ਹੀ ਦਿੱਤੈ। ਪਰ ਪਤਾ ਨਹੀਂ ਕੌਮ ਇਨ੍ਹਾਂ ਦੀ ਪਹਿਚਾਨ ਕਿਉਂ ਨਹੀਂ ਕਰ ਪਾ ਰਹੀ, ਇਨ੍ਹਾਂ ਤੋਂ ਖਹਿੜਾ ਕਿਉਂ ਨਹੀਂ ਛੁਡਾ ਪਾ ਰਹੀ?” ਕਹਿੰਦਾ ਹੋਇਆ ਬਲਦੇਵ ਸਿੰਘ ਉਠ ਕੇ ਆਪਣੇ ਕਮਰੇ ਵੱਲ ਲੰਘ ਗਿਆ, ਉਸ ਦੇ ਲਫਜ਼ਾਂ ’ਚੋਂ ਭਾਰੀ ਦੁੱਖ ਝਲਕ ਰਿਹਾ ਸੀ।

ਚਲਦਾ..........

(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਟੈਲੀਫੋਨ +91 98761 04726


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top