Share on Facebook

Main News Page

ਸੁਭ੍ਹਾ ਨਿਤਨੇਮ ਦੀਆਂ ਬਾਣੀਆਂ ਤਿੰਨ ਜਾਂ ਪੰਜ
- ਅਵਤਾਰ ਸਿੰਘ ‘ਗਿਆਨੀ’

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 239 ਸਾਲਾਂ ਵਿਚ ਪਰਮਾਤਮਾ ਜੀ ਬਾਰੇ ਜੋ ਨਕਸ਼ਾ ਸਮਾਜ ਦੇ ਜੀਵਾਂ ਸਾਹਮਣੇ ਰੱਖਿਆ, ਅਨੁਸਾਰ ਪ੍ਰਭੂ ਜੀ ਦੇ ਦੋ ਸਰੂਪ ਹਨ ਇਕ ‘ਨਿਰਗੁਨ’ ਅਤੇ ਦੂਸਰਾ ‘ਸਰਗੁਨ’ ‘‘ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥’’ ਭਾਵ ਸਰਗੁਨ (ਦਿੱਸਣ ਵਾਲਾ ਆਕਾਰ) ਤੇ ਨਿਰਗੁਨ (ਨਾ ਦਿੱਸਣ ਵਾਲਾ ਅਦ੍ਰਿਸ਼) ਪ੍ਰਭੂ ਆਪ ਹੀ ਦੋਵੇਂ ਰੂਪਾਂ ਵਿਚ ਬਿਰਾਜਮਾਨ ਹੈ, ਪਰ ਦੋਵੇਂ ਰੂਪਾਂ ਵਿਚ ਅੰਤਰ ਇਹ ਹੈ ਕਿ ਦਿੱਸਣ ਵਾਲਾ ਰੂਪ ਚਲਾਇਮਾਨ (ਨਾਸ਼ਵਾਨ) ਹੈ ਅਤੇ ਅਦ੍ਰਿਸ਼ ਰੂਪ ਸਦਾ ਥਿਰ ਰਹਿਣ ਵਾਲਾ ਹੈ। ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪੂਰਵ ਜੀਵਾਂ ਨੇ ਪ੍ਰਭੂ ਜੀ ਨੂੰ ਆਕਾਰ (ਸਰਗੁਨ) ਰੂਪ ਵਿਚ ਹੀ ਪੂਜਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਅਸਲੀ ਸਥਿਰ ਤੇ ਅਦ੍ਰਿਸ਼ ਪ੍ਰਭੂ ਜੀ ਤੋਂ ਸਮਾਜ ਦੀ ਦੂਰੀ ਵਧਦੀ ਗਈ। ਆਕਾਰ ਰੂਪ ਨੂੰ ਹੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ, ਰਿਜਕ ਦੇਣ ਵਾਲਾ ਅਤੇ ਨਾਸ਼ ਕਰਨ ਵਾਲਾ (ਬ੍ਰਹਮਾ, ਵਿਸ਼ਨੂੰ ਤੇ ਸ਼ਿਵ) ਰੂਪ ਵਿਚ ਪੂਜਣਾ ਆਰੰਭ ਕੀਤਾ ਹੋਇਆ ਸੀ। ਪਰਮਾਤਮਾ ਜੀ ਨੂੰ ਆਕਾਰ ਰੂਪ ਵਿਚ ਰੱਖਣ ਤੋਂ ਬਾਅਦ ਇਕ ਪੁਜਾਰੀ ਵਰਗ ਅੱਗੇ ਆਇਆ ਜਿਸ ਨੇ ਆਪਣੇ ਆਰਥਿਕ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਸਮਾਜ ਦੀ ਵਰਣ-ਵੰਡ ਕਰ ਜਾਤ-ਪਾਤ ਦਾ ਕੋਹੜ ਸਮਾਜ ਦੇ ਗਲ ਵਿਚ ਪਾ ਦਿੱਤਾ ਜਿਸ ਦੇ ਨਤੀਜੇ ਵਜੋਂ ਆਕਾਰ ਰੂਪ ਰੱਬ ਤੋਂ ਇਲਾਵਾ ਵੀ ਸੰਸਾਰੀ ਜੀਵਾਂ ਵਿਚ ਇਕ ਜੀਵ ਤੋਂ ਦੂਸਰੇ ਜੀਵ ਵਿਚ ਜਾਤ-ਪਾਤ ਕਾਰਨ ਦੂਰੀ ਵੀ ਵਧਣੀ ਸ਼ੁਰੂ ਹੋ ਗਈ, ਅੰਤ ਸਮਾਜ ਵਿਚ ਏਕਤਾ ਨਾ ਰਹਿ ਪਾਈ।

ਸਮਾਜ ਇਕ ਦੂਸਰੇ ਪ੍ਰਤੀ ਨਫਰਤ, ਈਰਖਾ, ਦ੍ਵੈਤ ਦਾ ਸ਼ਿਕਾਰ ਹੋ ਗਿਆ। ਕੁਝ ਜੀਵ ਇਸ ਦਲਦਲ ਤੋਂ ਮੁਕਤ ਹੋਣ ਲਈ ਗ੍ਰਿਹਸਤੀ ਜੀਵਨ ਨੂੰ ਛੱਡ ਜੰਗਲਾਂ ਵਿਚ ਚਲੇ ਗਏ, ਜਿਨ੍ਹਾਂ ਨੂੰ ਜੋਗੀ (ਤਿਆਗੀ) ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਦੋ ਹੀ ਪ੍ਰਮੁੱਖ ਮੁੱਦੇ ਸਨ-ਇਕ ਸਮਾਜ ਨੂੰ ਅਸਲੀ ਅਦ੍ਰਿਸ਼ ਪ੍ਰਭੂ ਜੀ ਦੀ ਯਾਦ ਨਾਲ ਜੋੜਨਾ, ਦੂਸਰਾ ਸਮਾਜ ਵਿਚ ਆਪਸੀ ਪ੍ਰੇਮ ਪੈਦਾ ਕਰਨਾ। ਦੋਵੇਂ ਪੱਖ ਇਕ ਸਿੱਕੇ ਦੇ ਦੋ ਪਹਿਲੂ ਹਨ, ਵਿਚ ਪਹਿਲਾ ਪ੍ਰਧਾਨ ਮੁੱਦਾ ਸੀ ਕਿ ਜੀਵਾਂ ਤੋਂ ਨਿਰਾਕਾਰ ਪ੍ਰਭੂ ਜੀ ਦੀ ਅਰਾਧਨਾ (ਭਗਤੀ) ਕਰਵਾਈ ਜਾਏ ਤਾਂ ਜੋ ਦੂਸਰਾ ਪੱਖ ਆਪਸੀ ਪ੍ਰੇਮ (ਏਕ ਪਿਤਾ ਏਕਸ ਕੇ ਹਮ ਬਾਰਿਕ) ਦੇ ਸਿਧਾਂਤ ਨੂੰ ਸਹਿਜੇ ਹੀ ਧਾਰਨ ਕਰਵਾਇਆ ਜਾ ਸਕਦਾ ਹੈ। ਗੁਰੂ ਜੀ ਨੇ ਆਪਣੇ ਸੇਵਕਾਂ ਲਈ ਨਿਤਨੇਮ ਦੀਆਂ ਉਹ ਬਾਣੀਆਂ ਲਾਗੂ ਕਰਵਾਈਆਂ ਜਿਸ ਨਾਲ ਜੀਵ ਦੀ ਸੁਰਤ ਆਕਾਰ ਦੀ ਪੂਜਾ ਤੋਂ ਉੱਪਰ ਉੱਠ ਕੇ ਨਿਰਾਕਾਰ ਨਾਲ ਸਹਿਜੇ ਹੀ ਜੁੜ ਸਕਦੀ ਹੋਵੇ। ਸਿੱਖ ਰਹਿਤ ਮਰਯਾਦਾ ਵਿਚ ਵੀ ਇਸ ਪੱਖ ਨੂੰ ਪ੍ਰਧਾਨ ਮੰਨਦਿਆਂ ਸੁਭ੍ਹਾ ਦੀਆਂ ਬਾਣੀਆਂ ਜਪੁ, ਜਾਪ ਤੇ ਸਵੱਈਏ ਰੂਪ ਤਿੰਨ ਬਾਣੀਆਂ ਨੂੰ ਹੀ ਰੱਖਿਆ ਗਿਆ ਹੈ, ਪਰ ਜ਼ਿਆਦਾਤਰ ਗੁਰਦੁਆਰਾ ਸਾਹਿਬ ਵਿਚ ਇਹਨਾਂ ਤਿੰਨ ਬਾਣੀਆਂ ਤੋਂ ਇਲਾਵਾ 2 ਹੋਰ ਬਾਣੀਆਂ ਵੀ ਪੜ੍ਹੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਇਕ ਹੈ ਅਨੰਦ ਸਾਹਿਬ ਤੇ ਦੂਸਰੀ ਚੌਪਈ ਸਾਹਿਬ। ਇਹਨਾਂ ਤਿੰਨ ਤੇ ਦੋ ਬਾਣੀਆਂ ਦੇ ਅੰਤਰ-ਭੇਦ ਨੂੰ ਵੀਚਾਰਿਆਂ ਪਾਠਕਾਂ ਨੂੰ ਸਮਝ ਆਵੇਗੀ ਕਿ ਅਸਲ ਵਿਚ ਸੱਚਾਈ ਭਾਵ ਸੁਭ੍ਹਾ ਦੀਆਂ ਬਾਣੀਆਂ ਕਿੰਨੀਆਂ ਤੇ ਕਿਹੜੀਆਂ ਹੋਣੀਆਂ ਚਾਹੀਦੀਆਂ ਹਨ? ਅੱਗੇ ਵੀਚਾਰ ਜਾਰੀ ਰੱਖਣ ਤੋਂ ਪਹਿਲਾਂ ਪਾਠਕਾਂ ਦਾ ਧਿਆਨ ਮੈਂ ਹੇਠ ਲਿਖੇ ਵਿਸ਼ੇ ਵੱਲ ਲੈ ਜਾਣਾ ਚਾਹੁੰਦਾ ਹਾਂ।

ਮਨੁੱਖਾ ਸਰੀਰ ਵਿਚ ਪੰਜ ਗਿਆਨ ਇੰਦ੍ਰੇ (ਨੇਤ੍ਰ, ਨੱਕ, ਕੰਨ, ਜੀਭ ਤੇ ਤ੍ਵਚਾ (ਚਮੜੀ) ਮੰਨੇ ਜਾਂਦੇ ਹਨ ਜਿਨ੍ਹਾਂ ਤੋਂ ਸਾਨੂੰ ਸਮਾਜ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ, ਇਹ ਪੰਜੇ ਹੀ ਗਿਆਨ ਇੰਦ੍ਰੇ ਮਨ ਦੇ ਅਧੀਨ ਹੁੰਦੇ ਹਨ ਅਤੇ ਮਨ ਬੁੱਧੀ ਦੇ ਅਧੀਨ ਹੀ ਹੋ ਸਕਦਾ ਹੈ। ਜੇਕਰ ਬੁੱਧੀ ਵਿਚ ਮਨ ਨੂੰ ਕਾਬੂ ਵਿਚ ਰੱਖਣ ਦੀ ਸ਼ਕਤੀ ਹੋਵੇ, ਇਹ ਸਕਤੀ ਬੁੱਧੀ ਨੂੰ ਨਿਰਾਕਾਰ ਪਰਮਾਤਮਾ ਦੀ ਯਾਦ ਨਾਲ ਜੁੜ ਕੇ ਹੀ ਪ੍ਰਾਪਤ ਹੋ ਸਕਦੀ ਹੈ। ਇਉਂ ਸਮਝ ਸਕਦੇ ਹਾਂ ਕਿ ਬੁੱਧੀ ਦੀ ਖੁਰਾਕ ਪ੍ਰਭੂ ਜੀ ਦੀ ਯਾਦ ਹੈ। ਇਸ ਖੁਰਾਕ ਨਾਲ ਬੁੱਧੀ ਦਾ ਜਿਉਂ-ਜਿਉਂ ਉੱਚਾ ਹੋਣਾ ਤਿਉਂ-ਤਿਉਂ ਮਨ ਦਾ ਨੀਵਾਂ ਹੋਣਾ ਸੁਭਾਵਿਕ ਹੀ ਹੈ। ਇਹੀ ਭਾਵ ਅਸੀਂ ਅਰਦਾਸ ਵਿਚ ਪ੍ਰਗਟ ਕਰਦੇ ਹਾਂ ਕਿ ‘ਮਨ ਨੀਵਾਂ ਮਤਿ ਉੱਚੀ’, ਮਨ ਦਾ ਨੀਵਾਂ (ਨਿਮਰਤਾ) ਵਿਚ ਰਹਿਣਾ ਪੰਜੇ ਗਿਆਨ ਇੰਦ੍ਰਿਆਂ ਦੀਆਂ ਵਾਸਨਾਵਾਂ ਨੂੰ ਕਾਬੂ ਵਿਚ ਰੱਖਦਾ ਹੈ। ਇਸ ਤੋਂ ਵਿਪਰੀਤ (ਦੁਨੀਆਂਦਾਰੀ ਭਾਵਨਾ) ਬਾਰੇ ਭਗਤ ਕਬੀਰ ਜੀ ਦਾ ਨਜ਼ਰੀਆ ਇਹ ਹੈ ਕਿ ਸਮਾਜ ਦੀ ਬੁੱਧੀ (ਭੇਡ) ਕਮਜ਼ੋਰ ਹੋਣ ਦੇ ਕਾਰਨ ਮਨ ਰੂਪ ਲੇਲੇ ਨੂੰ ਚੁੰਘ ਰਹੀ ਹੈ, ਭਾਵ ਮਨ ਦੇ ਕਹੇ ਅਨੁਸਾਰ ਕੰਮ ਕਰ ਰਹੀ ਹੈ। ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥ 326॥ ਹੁਣ ਤੱਕ ਦੀ ਇਸ ਵਿਚਾਰ ਦਾ ਸਿੱਟਾ ਇਹ ਹੈ ਕਿ ਮਨ ਦੀਆਂ ਵਾਸਨਾਵਾਂ ਨੂੰ ਕਾਬੂ ਵਿਚ ਰੱਖਣ ਲਈ ਬੁੱਧੀ ਦਾ ਮਜ਼ਬੂਤ, ਅਡੋਲ, ਉੱਚਾ ਹੋਣਾ ਜ਼ਰੂਰੀ ਹੈ ਜੋ ਕਿ ਕੇਵਲ ਪ੍ਰਭੂ-ਨਿਰਾਕਾਰ ਦੀ ਹਮੇਸ਼ਾ ਬਣਨ ਵਾਲੀ ਯਾਦ ਨਾਲ ਹੀ ਸੰਭਵ ਹੋ ਸਕਦਾ ਹੈ, ਅਨੁਸਾਰ ਨਿਤਨੇਮ ਦੀਆਂ ਬਾਣੀਆਂ ਉਹ ਚੁਣੀਆਂ ਜਿਨ੍ਹਾਂ ਨਾਲ ਸੁਰਤ ਪ੍ਰਭੂ ਜੀ ਦੀ ਯਾਦ ਵਿਚ ਜੁੜੀ ਰਹੇ।

ਜਪੁ ਜੀ ਸਾਹਿਬ ਜੀ ਦੀ ਬਾਣੀ ਰਾਹੀਂ ਬੁੱਧੀ ਤੋਂ ਪ੍ਰਭੂ ਜੀ ਬਾਰੇ ਇਉਂ ਬੁਲਵਾਇਆ ਜਾ ਰਿਹਾ ਹੈ, ਕਿ ਹੇ ਪ੍ਰਭੂ ਜੀਓ! ਤੇਰੇ ਵਡੱਪਣ ਨੂੰ ਨਾਪਣ ਵਾਸਤੇ ਮੇਰੇ ਕੋਲ ਕੋਈ ਪੈਮਾਨਾ ਨਹੀਂ ਭਾਵ ‘‘ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥’’ ਤੇਰੇ ਗੁਣ ਕੀਮਤ-ਰਹਿਤ ਹਨ। ‘‘ਅਮੁਲ ਗੁਣ ਅਮੁਲ ਵਾਪਾਰ॥ ਅਮੁਲ ਵਾਪਾਰੀਏ ਅਮੁਲ ਭੰਡਾਰ’’॥ ਤੇਰੀ ਸਿਫਤ ਸਾਲਾਹ ਕਰਨ ਵਾਲਾ ਪਰਿਵਾਰ ਬੇਅੰਤ ਹੈ। ‘‘ਗਾਵਹਿ ਖੰਡ ਮੰਡਲ ਵਰਭੰਡਾ’’ ਆਦਿਕ ਕਹਿਣ ਤੋਂ ਬਾਅਦ ‘‘ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ’’॥ ਭਾਵ ਤੈਨੂੰ ਨਮਸਕਾਰ ਕਰਨ ਵਾਲੇ ਵੀ ਬੇਅੰਤ ਹਨ। ‘‘ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ  ਅਨਾਦਿ ਅਨਾਹਤਿ, ਜੁਗੁ ਜੁਗ ਏਕੋ ਵੇਸੁ’’ ਭਾਵ ਪ੍ਰਭੂ ਜੀਓ! ਤੈਨੂੰ ਨਮਸਕਾਰ ਹੈ, ਤੂੰ ਸ੍ਰਿਸ਼ਟੀ ਦਾ ਮੁੱਢ, ਪਵਿੱਤਰ ਸਰੂਪ, ਆਪ ਜੀ ਦਾ ਆਪਣਾ ਕੋਈ ਮੁੱਢ ਨਹੀਂ, ਮੌਤ ਦੇ ਅਧੀਨ ਨਹੀਂ, ਸਦੀਵੀ ਪਹਿਰਾਵਾ (ਹੋਂਦ) ਇਕ ਰਸ ਵਿਆਪਕ ਹੈ, ਆਦਿਕ ਕਹਿਣ ਵਾਲੀ ਬੁੱਧੀ ਤੋਂ ‘ਅਨੰਦ ਸਾਹਿਬ’ ਦੀ ਬਾਣੀ ਰਾਹੀਂ ਅਖਵਾਇਆ ਜਾ ਰਿਹਾ ਹੈ। ‘‘ਏ ਮਨ ਚੰਚਲਾ!, ਏ ਮਨ ਪਿਆਰਿਆ, ਏ ਰਸਨਾ!, ਏ ਸਰੀਰਾ ਮੇਰਿਆ!, ਏ ਨੇਤ੍ਰਹੁ ਮੇਰਿਹੋ!, ਏ ਸ੍ਰਵਣਹੁ ਮੇਰਿਹੋ! ਹੁਣ ਪਾਠਕ ਜਨ ਆਪ ਫੈਸਲਾ ਕਰਨ ਕਿ ਜਪੁ, ਜਾਪ ਸਾਹਿਬ ਦੀ ਬਾਣੀ ਰਾਹੀਂ ਬੁੱਧੀ (ਸੁਰਤਿ) ਪ੍ਰਭੂ ਜੀ ਦੇ ਵੱਡੇਪਣ ਨੂੰ ਯਾਦ ਕਰਕੇ ਆਪਣੇ ਆਪ ਨੂੰ ਨੀਵੇਂਪਣ (ਨਿਮਰਤਾ) ਵਿਚ ਆਉਂਦੀ ਹੈ ਜਦ ਕਿ ‘ਅਨੰਦ ਸਾਹਿਬ’ ਰੂਪੀ ਬਾਣੀ ਰਾਹੀਂ ਗਿਆਨ ਇੰਦ੍ਰਿਆਂ ਵੱਲ ਸੁਰਤ ਦਾ ਝੁਕਾਵ (ਸਿੱਖਿਆ ਵਾਚਕ ਰੂਪ ਵਿਚ) ਚਲਾ ਜਾਂਦਾ ਹੈ। ਕਿਉਂਕਿ ਜਪੁ, ਜਾਪ ਬਾਣੀ ਦਾ ਸਿਰਲੇਖ ਹੀ ਦਰਸਾਉਂਦਾ ਹੈ ਕਿ ਨਿਤਨੇਮ ਦੀਆਂ ਬਾਣੀਆਂ ਪ੍ਰਭੂ ਜੀ ਅੱਗੇ ਬੇਨਤੀ (ਸਿਮਰਨ) ਰੂਪ ਵਿਚ ਹਨ। ਵਿਦਵਾਨਾਂ ਨੇ ਇਸ ਲਈ ਹੀ ਅਨੰਦ ਸਾਹਿਬ ਵਿਚੋਂ ਪਹਿਲੀਆਂ ਪੰਜ ਤੇ ਇਕ ਅਖੀਰ ਵਾਲੀ ਪਉੜੀ ਕੁੱਲ ਛੇ ਪਉੜੀਆਂ ਨਿਤਨੇਮ ਦੀਆਂ ਬਾਣੀਆਂ ਦਾ ਭਾਗ ਬਣਾਈਆਂ ਸਨ।

ਸਿੱਖ ਰਹਿਤ ਮਰਯਾਦਾ ਵਿਚ ਦੱਸੀਆਂ ਨਿਤਨੇਮ ਦੀਆਂ ਸੁਭ੍ਹਾ ਦੀਆਂ ਬਾਣੀਆਂ ਵਿਚੋਂ ਅਨੰਦ ਸਾਹਿਬ ਦੀ ਬਾਣੀ ਤੋਂ ਇਲਾਵਾ ਦੂਸਰੀ ਪੜ੍ਹੀ ਜਾਣ ਵਾਲੀ ਬਾਣੀ ਹੈ ‘ਚੌਪਈ ਸਾਹਿਬ’। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਬਾਣੀ ਨੂੰ ਸ਼ਾਮ ਦੀ ਬਾਣੀ ਰਹਰਾਸਿ ਨਾਲ ਪੜ੍ਹਨ ਦੀ ਪ੍ਰੇਰਣਾ ‘ਸਿੱਖ ਰਹਿਤ ਮਰਯਾਦਾ’ ਦੇਂਦੀ ਹੈ। ਇਕ ਹੋਰ ਪੱਖ ਵੱਲ ਧਿਆਨ ਕਰਨ ਦੀ ਜ਼ਰੂਰਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ‘ਸੋ ਦਰੁ ਤੇਰਾ ਕੇਹਾ’ ਵਾਲੇ ਸ਼ਬਦ ਨੂੰ ਸੁਭ੍ਹਾ ਜਪੁ ਜੀ ਸਾਹਿਬ ਅਤੇ ਸ਼ਾਮ ਨੂੰ ਰਹਰਾਸਿ ਸਾਹਿਬ ਵਿਚ ਨਿਤਨੇਮ ਰੂਪ ਬਾਣੀਆਂ ਦਾ ਭਾਗ ਬਣਾਇਆ ਸੀ, ਤੋਂ ਬਾਅਦ ਕਿਸੇ ਵੀ ਗੁਰੂ ਸਾਹਿਬਾਨ ਜੀ ਨੇ ਕੋਈ ਵੀ ਆਪਣਾ ਇਕ ਸ਼ਬਦ ਸੁਭ੍ਹਾ ਅਤੇ ਉਹੀ ਸ਼ਬਦ ਸ਼ਾਮ ਦੀ ਬਾਣੀ ਦਾ ਹਿੱਸਾ ਨਹੀਂ ਬਣਾਇਆ, ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਵੱਡਪਣ ਭਾਵਨਾ ਨੂੰ ਸਦੀਵੀ ਕਾਇਮ ਰੱਖਿਆ ਜਾ ਸਕੇ, ਹੁਣ ਜਦ ਚੌਪਈ ਸਾਹਿਬ ਦੀ ਬਾਣੀ ਸ਼ਾਮ ਨੂੰ ਰਹਰਾਸਿ ਵਿਚ ਪਹਿਲਾਂ ਤੋਂ ਹੀ ਪੜ੍ਹੀ ਜਾ ਰਹੀ ਹੈ, ਨੂੰ ਦੁਬਾਰਾ ਸੁਭ੍ਹਾ ਪੜ੍ਹ ਕੇ ਗੁਰੂ ਨਾਨਕ ਦੇਵ ਜੀ ਦੀ ਭਾਵਨਾ ਦੇ ਬਰਾਬਰ ਲੰਬੀ ਲਕੀਰ ਖਿੱਚੀ ਜਾ ਚੁੱਕੀ ਹੈ ਜਿਸ ਕਾਰਨ ਇਕ-ਇਕ ਸ਼ਬਦ ਵਾਲੀ ਪੜ੍ਹੀ ਜਾਣ ਵਾਲੀ ਦੂਸਰੀ ਨਿਤਨੇਮ ਰੂਪ ਗੁਰਬਾਣੀ ਦਾ ਨਿਰਾਦਰ ਹੋ ਰਿਹਾ ਹੈ। ਕੁਝ ਸਿੱਖ ਮਿਸ਼ਨਰੀ ਵੀਰਾਂ ਨੇ ਵੀ ਇਸ ਸਿਧਾਂਤ ਨੂੰ ਸਿੱਖ ਸਮਾਜ ਅੱਗੇ ਸਪੱਸ਼ਟ ਕਰਨ ਦੀ ਬਜਾਏ ਆਪ ਵੀ ਸੁਭ੍ਹਾ ਦੀਆਂ ਬਾਣੀਆਂ ਵਿਚ ਚੌਪਈ ਸਾਹਿਬ ਦੀ ਬਾਣੀ ਦਰਜ ਕਰ ਦਿੱਤੀ, ਜਦ ਕਿ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿਕ ਨੇ ਵੀ ਸੁਭ੍ਹਾ ਦੀ ਬਾਣੀ ਵਿਚ ਚੌਪਈ ਸਾਹਿਬ ਨੂੰ ਗੁਟਕਾ ਸਾਹਿਬ ਵਿਚ ਛਾਪ ਕੇ ਨਹੀਂ ਦਿੱਤਾ ਜਾ ਰਿਹਾ ਹੈ।

ਸੋ ‘‘ਏਕ ਪਿਤਾ ਏਕਸ ਕੇ ਹਮ ਬਾਰਿਕ’’॥ ਸਿਧਾਂਤ ਰਾਹੀਂ ਸਾਡੇ ਵਿਚ ਆਪਸੀ ਪ੍ਰੇਮ, ਨਜ਼ਦੀਕੀਆਂ ਬਣਨੀਆਂ ਤਾਂ ਹੀ ਜ਼ਿਆਦਾ ਕਾਰਗਰ ਹੋਣਗੀਆਂ ਜੇ ਸਾਡੀਆਂ ਨਿਤਨੇਮ ਰੂਪੀ ਬਾਣੀਆਂ ਵੀ ਇਕ ਹੋਣ, ਨਿਤਨੇਮ ਵਿਚ ਭਿੰਨਤਾ ਨਹੀਂ ਹੋਣੀ ਚਾਹੀਦੀ। ਸਿੱਖ ਸਮਾਜ ਲਈ ਅਜੋਕੇ ਵਿਗਿਆਨਕ ਯੁੱਗ ਵਿਚ ਇਹ ਏਕਤਾ ਬਹੁਤ ਹੀ ਲਾਭਕਾਰੀ ਹੋਵੇਗੀ, ਕਿਉਂਕਿ ਇਉਂ ਕੀਤਿਆਂ ਗੁਰਮਤਿ ਵਿਰੋਧੀ ਸਮਾਜ ਆਪਣੀ ਛਲ-ਕਪਟ ਨੀਤੀ ਵਿਚ ਸਫਲ ਨਹੀਂ ਹੋ ਸਕੇਗਾ।

ਪਾਠਕਾਂ ਦੇ ਸੁਝਾਵਾਂ ਦੀ ਉਡੀਕ ਵਿਚ :

- ਅਵਤਾਰ ਸਿੰਘ ‘ਗਿਆਨੀ’
ਠੂਠਿਆਂਵਾਲੀ, ਮਾਨਸਾ, ਮੋਬਾ: 98140-35202


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top