Share on Facebook

Main News Page

ਪੂਰਨ ਸੰਤ

ਸਿੱਖੀ ਵਿੱਚ ਧਰਮ ਦੇ ਨਾਂ 'ਤੇ ਕੁੱਝ ਲੋਕਾਂ ਨੇ ਖਾਸ ਕਿਸਮ ਦਾ ਪਹਿਰਾਵਾ ਧਾਰਨ ਕਰਕੇ ਆਪਣੀ ਇੱਕ ਵੱਖਰੀ ਪਹਿਛਾਣ ਬਣਾ ਲਈ ਹੈ, ਕਿ ਜਿਸ ਨੇ ਵੀ ਗੋਲ ਪੱਗ ਬੰਨ ਲਈ, ਪਜਾਮਾ ਉਤਾਰ ਕੇ ਲੱਤਾਂ ਨੰਗੀਆਂ ਕਰ ਲਈਆਂ ਤੇ ਖਾਸ ਲੰਬਾਈ ਵਾਲਾ ਚੋਲ਼ਾ ਪਹਿਨ ਲਿਆ ਉਹ ਪੱਕਾ ਰੱਬ ਦੀ ਨਜ਼ਦੀਕੀ ਵਾਲਾ ਸੰਤ ਹੈ। ਅਜੇਹਿਆਂ ਲੋਕਾਂ ਨੇ ਗੁਰਬਾਣੀ ਵਿਚੋਂ ਤੁਕਾਂ ਲੈ ਕੇ ਆਪਣੀ ਮਰਜ਼ੀ ਨਾਲ ਆਪਣੇ 'ਤੇ ਢੁਕਾਅ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਜੀ ਗੁਰਬਾਣੀ ਵਿੱਚ ਸੰਤਾਂ ਦੀ ਮਹਾਨਤਾ ਕਿੰਨੀ ਵਾਰੀ ਆਈ ਹੈ। ਇਹ ਮਹਾਨਤਾ ਆਈ ਵੀ ਸਾਡੇ ਲਈ ਹੀ ਹੈ।

ਸਿੱਖੀ ਵਿੱਚ ਇਹਨਾਂ ਘੋਗੜ ਕੰਨਿਆਂ ਨੇ ਪਹਿਰਾਵੇ ਕਰਕੇ ਇੱਕ ਵੱਖਰੀ ਪਹਿਛਾਣ ਵਾਲੀ ਯੂਨੀਅਨ ਬਣਾ ਲਈ ਹੈ। ਗੁਰਬਾਣੀ ਵਿਚਾਰ ਦੀ ਘਾਟ ਕਰਕੇ ਜਨ ਸਧਾਰਣ ਆਦਮੀ ਵੀ ਏਹੀ ਸਮਝਣ ਲੱਗ ਪਿਆ ਹੈ ਕਿ ਸ਼ਾਇਦ ਇਹਨਾਂ ਦੀ ਬੰਦਗੀ ਕਰਕੇ ਹੀ ਸੰਸਾਰ ਨੂੰ ਰੋਟੀ ਮਿਲ਼ ਰਹੀ ਹੈ। ਕਈ ਗਏ ਗਵਾਚੇ ਤਾਂ ਏੱਥੋਂ ਤੀਕ ਕਹੀ ਜਾਣਗੇ ਕਿ ਜੀ ਜਿਹੜਾ ਸਾਡੇ ਘਰ ਕਾਕਾ ਹੋਇਆ ਹੈ ਇਹ ਸਾਡੇ ਮਹਾਂਰਾਜ ਦੀ ਕਿਰਪਾ ਸਦਕਾ ਹੀ ਹੋਇਆ ਹੈ। ਮਹਾਂਰਾਜ ਜੀ ਨੇ ਬਹੁਤ ਸਾਡੇ 'ਤੇ ਕ੍ਰਿਪਾਵਾਂ ਕੀਤੀਆਂ ਹਨ ਜੀ। ਅਜੇਹੀ ਗੱਲ ਕਰਨ ਲੱਗਿਆਂ ਤਾਂ ਬੰਦੇ ਨੂੰ ਉਂਝ ਹੀ ਸ਼ਰਮ ਆਉਣੀ ਚਾਹੀਦੀ ਹੈ। ਬੰਦਾ ਜ਼ਰਾ ਕੁ ਸੋਚੇ ਤਾ ਸਹੀ ਕੇ ਮੈਂ ਕਹਿ ਕੀ ਰਿਹਾ ਹਾਂ?

ਸੰਤ ਬਾਬਿਆਂ ਨੇ ਗੁਰਬਾਣੀ ਵਿਚੋਂ ਸੰਤਾਂ ਵਾਲੀਆਂ ਤੁਕਾਂ ਨੂੰ ਇਸ ਢੰਗ ਨਾਲ ਸੁਣਾਇਆ ਹੈ ਕਿ ਸੰਤ ਸ਼ਬਦ ਕੇਵਲ ਸਾਡੇ ਵਾਸਤੇ ਹੀ ਵਰਤਿਆ ਹੈ। ਹਰ ਸੰਤ ਨੇ ਇਹ ਭਰਮ ਪਾਲ ਲਿਆ ਹੈ ਖ਼ੁਦਾ ਨੇ ਸਾਨੂੰ ਦੁਨੀਆਂ ਦਾ ਪਾਰ ਉਤਾਰਾ ਕਰਨ ਲਈ ਭੇਜਿਆ ਹੈ। ਏਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਇੱਕ ਸਲੋਕ ਦੀ ਵਿਚਾਰ ਕੀਤੀ ਜਾ ਰਹੀ ਹੈ ਜਿਸ ਵਿੱਚ ਸੰਤ ਸ਼ਬਦ ਆਇਆ ਹੈ, ਇਸ ਸਲੋਕ ਦੀ ਸੰਤ ਜਨ ਤੇ ਇਹਨਾਂ ਦੇ ਧੂਤੇ ਚੇਲੇ ਆਮ ਆਪਣੇ ਲਈ ਵਰਤੋਂ ਕਰਦੇ ਹਨ।

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨਿ ਮੰਤੁ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥1॥ ਸਲੋਕ ਮ: ੫ ਪੰਨਾ ੩੧੯

ਅਰਥ: ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ; ਹੇ ਨਾਨਕ ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ।

ਵਿਚਾਰ: ਪ੍ਰੋਫੈਸਰ ਸਾਹਿਬ ਸਿੰਘ ਜੀ ਹੁਰਾਂ ਗੁਰਬਾਣੀ ਵਿਆਕਰਣ ਤੇ ਗੁਰਬਾਣੀ ਦਰਪਣ ਤਿਆਰ ਕਰਕੇ ਪੰਥ ਦੀ ਮਹਾਨ ਸੇਵਾ ਕੀਤੀ ਹੈ। ਉਹਨਾਂ ਨੇ ਸਿਧਾਂਤਕ, ਵਿਆਕਰਣਕ ਤੇ ਵਿਆਗਿਆਨਕ ਢੰਗ ਨਾਲ ਗੁਰਬਾਣੀ ਵਿਚਾਰਨ ਦਾ ਨਵਾਂ ਰਾਹ ਖੋਹਲਿਆ ਹੈ। ਹੱਥਲੇ ਸਲੋਕ ਦੇ ਅਰਥ ਏਹੀ ਬਣਦੇ ਹਨ ਜੋ ਉਹਨਾਂ ਨੇ ਕੀਤੇ ਹਨ।

ਵਿਦਵਾਨ ਵੀਰਾਂ ਦੇ ਪਾਸ ਬੈਠਿਆਂ ਇਸ ਸਲੋਕ ਦਾ ਹੋਰ ਵੀ ਵਿਸਥਾਰ ਸਾਹਮਣੇ ਆਇਆ ਹੈ। ਜਿੰਨਾਂ ਨੂੰ ਸਵਾਸ ਲੈਂਦਿਆਂ ਤੇ ਰੋਟੀ ਖਾਂਦਿਆਂ ਕਦੇ ਰੱਬ ਜੀ ਨਹੀਂ ਭੁੱਲਦੇ ਤੇ ਰੱਬ ਜੀ ਮਨ ਵਿੱਚ ਵੱਸਦੇ ਹਨ ਉਹ ਧੰਨਤਾ ਦੇ ਯੋਗ ਹਨ।

ਸਵਾਸ ਤਾਂ ਸਾਰੇ ਲੈ ਰਹੇ ਹਨ ਤੇ ਰੋਟੀ ਵੀ ਸਾਰੇ ਖਾ ਰਹੇ ਹਨ। ਫਿਰ ਤਕਨੀਕੀ ਪੱਖ ਕੀ ਹੋਇਆ? ਕਿਤੇ ਵਿਆਹ ਸ਼ਾਦੀ ਗਏ ਹਾਂ ਓੱਥੇ ਰੋਟੀ ਖਾਣ ਲੱਗਿਆ ਅਸੀਂ ਕਦੇ ਵੀ ਲਾਈਨ ਦਾ ਧਿਆਨ ਨਹੀਂ ਧਰਿਆ ਹਮੇਸ਼ਾਂ ਇੱਕ ਦੂਜੇ ਨਾਲੋਂ ਪਹਿਲਾਂ ਰੋਟੀ ਪਾਉਣ ਦਾ ਯਤਨ ਕਰ ਰਹੇ ਹੁੰਦੇ ਹਾਂ ਭਾਵੇਂ ਅਗਲੇ ਆਦਮੀ ਦਾ ਸੂਟ ਹੀ ਕਿਉਂ ਨਾ ਖਰਾਬ ਹੋ ਜਾਏ।

ਇਕ ਬੁਰਕੀ ਨੂੰ ਆਪਣੇ ਮੂੰਹ ਵਿੱਚ ਪਾਉਣ ਲੱਗਾਂ ਤਾਂ ਮੈਨੂੰ ਇਹ ਅਹਿਸਾਸ ਵੀ ਹੋਵੇ, ਕਿ ਕੀ ਕਿਤੇ ਮੈਂ ਠੇਕੇਦਾਰੀ ਕਰਦਿਆਂ ਕਿਸੇ ਦਾ ਹੱਕ ਤਾਂ ਨਹੀਂ ਰੱਖਿਆ। ਜੇ ਮੈਂ ਅਧਿਆਪਕ ਹਾਂ ਤਾਂ ਮੈਨੂੰ ਇਹ ਵੀ ਪਤਾ ਹੋਵੇ ਕਿ ਮੈਂ ਅੱਜ ਪੂਰਾ ਪੀਰੀਅਡ ਲਾ ਕੇ ਆਇਆ ਹਾਂ। ਜਨੀ ਕਿ ਇਹ ਸਮਝ ਹੋਵੇ ਕਿ ਕਿਤੇ ਮੈਂ ਕਿਸੇ ਦੀ ਕਿਰਤ ਨਾਲ ਖਿਲਵਾੜ ਤਾਂ ਨਹੀਂ ਕਰ ਰਿਹਾ।

ਰੋਟੀ ਖਾਂਦਿਆਂ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਕਿਤੇ ਕੋਈ ਮੇਰਾ ਵੀਰ ਭੁੱਖਾ ਤਾਂ ਸੁੱਤਾ। ਰੋਟੀ ਖਾਦਿਆਂ, ਸਵਾਸ ਲੈਂਦਿਆਂ ਮੈਨੂੰ ਇਹ ਅਹਿਸਾਸ ਹੋਵੇ ਕਿ ਮੇਰੇ ਮਨ ਵਿੱਚ ਕੋਈ ਵਿਕਾਰ ਤਾਂ ਨਹੀਂ ਜਨਮ ਲੈ ਰਿਹਾ। ਰੱਬੀ ਗੁਣਾਂ ਨੂੰ ਹਰ ਵੇਲੇ ਆਪਣੇ ਮਨ ਵਿੱਚ ਵਸਾ ਕਿ ਰੱਖਣਾ ਵਾਲਾ ਧੰਨਤਾ ਦਾ ਪਾਤਰ ਹੈ- ‘ਧੰਨੁ ਸਿ ਸੇਈ ਨਾਨਕਾ’

ਮਗਰਲੀ ਅੱਧੀ ਤੁਕ ਹੋਰ ਵਿਚਾਰ ਮੰਗਦੀ ਹੈ। ਸਮਝਿਆ ਇਹ ਜਾ ਰਿਹਾ ਹੈ, ਜਿਹੜਾ ਚੋਲ਼ੇ ਵਾਲਾ ਸਾਧ ਅੱਗੇ ਅੱਗੇ ਵਾਹਿਗੁਰੂ ਕਹੇ ਤੇ ਪਿੱਛੇ ਪਿੱਛੇ ਸੰਗਤ ਵਾਹਿਗੁਰੂ ਆਖੇ ਇਸ ਨੂੰ ਨਾਮ ਜਪਾਉਣਾ ਕਿਹਾ ਗਿਆ ਹੈ। ਇੰਜ ਕਰਨ ਵਾਲੇ ਸਾਧ ਨੂੰ ਧੰਨ ਬਾਬਾ ਜੀ ਕਿਹਾ ਜਾਂਦਾ ਹੈ ਤੇ ਉਹ ਹੀ ਪੂਰਨ ਸੰਤ ਹੈ।

ਇੰਜ ਸਮਝਣ ਨਾਲ ਆਮ ਸੰਗਤ ਭੁਲੇਖਾ ਖਾ ਗਈ ਕਿ ਵਾਕਿਆ ਹੀ ਸਾਡੇ ਇਲਾਕੇ ਵਾਲੇ ਬ੍ਰਹਮ ਗਿਆਨੀ ਬਾਬਾ ਜੀ ਬਹੁਤ ਨਾਮ ਜਪਾਉਂਦੇ ਹਨ ਤੇ ਉਹੀ ਧਨ ਹਨ ਤੇ ਉਹੀ ਪੂਰਨ ਬ੍ਰਹਮ ਗਿਆਨੀ ਹਨ।

ਗੁਰਬਾਣੀ ਸਾਰੀ ਦੁਨੀਆਂ ਲਈ ਸਾਂਝੀ ਹੈ, ਗੁਰਬਾਣੀ ਉਪਦੇਸ਼ ਹਰ ਮਨੁੱਖ ਨੂੰ ਸਚਿਆਰ ਬਣਨ ਦਾ ਉਪਦੇਸ਼ ਦੇਂਦੀ ਹੈ। ਇਸ ਲਈ ਵਿਚਾਰ ਵਿੱਚ ਆਇਆ ਕਿ ਜਿਹੜਾ ਵੀ ਰੱਬੀ ਗੁਣਾਂ ਦੀ ਭਰਪੂਰਤਾ ਨਾਲ ਇਕਸੁਰਤਾ ਰੱਖਦਾ ਤੇ ਇਸ ਦੀ ਵਰਤੋਂ ਕਰਦਾ ਹੈ ਉਹ ਧੰਨ ਹੈ, ਪਰਾ ਕੇਵਲ ਇੱਕ ਪ੍ਰਮਾਤਮਾ ਹੀ ਹੈ-

ਪੂਰਨੁ ਸੋਈ ਸੰਤੁ

ਸੇਈ ਸ਼ਬਦ ਬਹੁਵਚਨ ਦੇ ਰੂਪ ਵਿੱਚ ਆਇਆ ਹੈ, ਤੇ ਸੋਈ ਸ਼ਬਦ ਇੱਕ ਵਚਨ ਦੇ ਰੂਪ ਵਿੱਚ ਆਇਆ ਹੈ। ਰੱਬੀ ਗੁਣਾਂ ਦੀ ਭਰਪੂਰਤਾ ਵਾਲਾ ਮੁਬਾਰਿਕ ਵਾਦੀ ਹੋ ਸਕਦਾ ਹੈ, ਪਰ ਪੂਰਾ ਨਹੀਂ ਹੋ ਸਕਦਾ ਕਿਉਂ ਕਿ ਪੂਰਾ ਤਾਂ ਕੇਵਲ ਰਬ ਜੀ ਹੀ ਹੋ ਸਕਦਾ ਹੈ।

ਸਮੁੱਚੀ ਵਿਚਾਰ ਦਾ ਕੇਂਦਰੀ ਭਾਵ ਕਿ ਉਹ ਵਿਚਾਰਵਾਨ, ਰੱਬੀ ਗੁਣਾਂ ਦੀ ਹਰ ਵੇਲੇ ਵਰਤੋਂ ਕਰਨ ਵਾਲੇ ਧੰਨ ਹਨ ਜੋ ਹਰ ਵੇਲੇ ਭੈ ਭਾਵਨੀ, ਸੇਵਾ, ਹਲੀਮੀ, ਧੀਰਜ ਵਿੱਚ ਵਿਚਰਦੇ ਹਨ, ਪਰ ਪੂਰੇ ਕੇਵਲ ਇੱਕ ਰੱਬ ਜੀ ਹੀ ਹਨ। ਇੱਕ ਮਨੁੱਖ ਵਿੱਚ ਕਿੰਨੇ ਗੁਣ ਵੀ ਆ ਜਾਣ ਉਹ ਪੂਰਾ ਨਹੀਂ ਹੁੰਦਾ, ਕੋਈ ਨਾ ਕੋਈ ਕਮੀ ਪੇਸ਼ੀ ਰਹਿ ਹੀ ਜਾਂਦੀ ਹੈ। ਪੂਰਾ ਤਾਂ ਕੇਵਲ ਇੱਕ ਅਕਾਲ ਪੁਰਖ ਹੀ ਹੈ, ਪੂਰਾ ਕੇਵਲ ਇੱਕ ਗੁਰੂ ਹੀ ਹੈ।

ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ॥ ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ॥33॥ ਪੰਨਾ ੧੪੧੨


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top