ਬਿਆਸ, 28 ਜੁਲਾਈ (ਰਘਬੀਰ ਸਿੰਘ ਗਿੱਲ, ਰਣਜੀਤ ਸਿੰਘ ਸੰਧੂ)
: ਪਿੰਡ ਵੜੈਚ ਦਾ ਗੁਰਦਵਾਰਾ ਢਾਹ ਕੇ ਉਸ ਤੇ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵਲੋਂ
ਕੀਤੇ ਕਬਜ਼ੇ ਸਬੰਧੀ ਵਿਵਾਦ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਉਸੇ ਸਮੇਂ ਦੌਰਾਨ ਡੇਰੇ ਵਲੋਂ ਇਕ
ਹੋਰ ਗੁਰਦਵਾਰੇ ਦੀ ਜ਼ਮੀਨ ’ਤੇ ਕਬਜ਼ੇ ਦਾ ਵਿਵਾਦ ਜੋ ਕਿ ਪਿੰਡ ਪੁਰਾਣਾ ਵੜੈਚ ਵਿਚ ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਨਾਮ 8-14 ਮਰਲੇ ਜਗ੍ਹਾ ’ਤੇ ਡੇਰੇ ਦੇ ਨਾਜਾਇਜ਼ ਕਬਜ਼ੇ ਸਬੰਧੀ ਮਾਲ ਰੀਕਾਰਡ
ਤੋਂ ਪਤਾ ਲੱਗਣ ’ਤੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਿੰਡ ਵੜੈਚ ਦੀ 86 ਨੰਬਰ 1-10 ਮਰਲੇ
ਜਗ੍ਹਾ ’ਤੇ ਗੁਰਦਵਾਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵਲੋਂ ਢਾਹ ਕੇ ਉਸ ਨੂੰ ਅਪਣੇ ਕਬਜ਼ੇ
ਹੇਠ ਲੈ ਲਿਆ ਗਿਆ ਜਿਸ ਸਬੰਧੀ ਪੰਚਾਇਤ ਵਲੋਂ ਬਿਆਨ ਜਾਰੀ ਕਰ ਕੇ ਗੁਰਦਵਾਰੇ ਦੀ ਜਗ੍ਹਾ ਦੇ
ਤਬਾਦਲੇ ਦੀ ਗੱਲ ਕੀਤੀ ਗਈ ਸੀ। ਇਹ ਮਾਮਲਾ ਅਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਹੀ
ਚੱਲ ਰਿਹਾ ਸੀ। ਪਿੰਡ ਪੁਰਾਣੇ ਵੜੈਚ ਵਿਚ ਖਸਰਾ ਨੰਬਰ 498 ਖੇਵਟ ਜਮਾਂਬੰਦੀ 79 ਖਤੌਨੀ 124
ਸਾਲ 1967-68 ਅਨੁਸਾਰ 8-14 ਮਰਲੇ ਜ਼ਮੀਨ ਜੋ ਕਿ ਮਾਲ ਰੀਕਾਰਡ ਅਨੁਸਾਰ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਨਾਮ ’ਤੇ ਦਰਜ ਹੈ ਤੇ ਇਸ ਜਗ੍ਹਾ ’ਤੇ ਗੁਰਦਵਾਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ
ਵੜੈਚ ਦੇ ਨਾਮ ’ਤੇ ਦਰਜ ਹੈ। ਇਸੇ ਤਰ੍ਹਾਂ ਸਾਲ 1977-78 ਵਿਚ ਇਹ ਜਗ੍ਹਾ ਇਸੇ ਨਾਮ ’ਤੇ ਦਰਜ
ਹੈ। ਸਾਲ 1982-83 ਦੇ ਮਾਲ ਰੀਕਾਰਡ ਵਿਚ ਪੁਰਾਣਾ ਵੜੈਚ ਪਿੰਡ ਖ਼ਤਮ ਕਰ ਕੇ ਇਸ ਜਗ੍ਹਾ ਨੂੰ
ਡੇਰਾ ਬਾਬਾ ਜੈਮਲ ਸਿੰਘ ਦੇ ਨਾਮ ’ਤੇ ਤਬਦੀਲ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ
’ਤੇ ਦਰਜ ਜਗ੍ਹਾ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਜਿਸ ਕਾਰਨ ਸਿੱਖ ਜਥੇਬੰਦੀਆਂ ਦੇ ਆਗੂਆਂ
ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਦਮਦਮੀ ਟਕਸਾਲ ਦੇ ਬਾਬਾ ਅਮਰੀਕ ਸਿੰਘ ਅਜਨਾਲਾ,
ਸ਼੍ਰੋਮਣੀ ਪੰਚ ਪ੍ਰਧਾਨੀ ਦੇ ਆਗੂ ਬਲਦੇਵ ਸਿੰਘ ਸਿਰਸਾ ਅਤੇ ਹੋਰ ਸਿੱਖ ਆਗੂਆਂ ਨੇ ਕਿਹਾ ਕਿ
ਪਿੰਡ ਵੜੈਚ ਦਾ ਮਾਮਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਟੀਮ ਵਲੋਂ ਇਹ ਕਹਿ ਕੇ
ਰਫ਼ਾ-ਦਫ਼ਾ ਕਰ ਦਿਤਾ ਸੀ ਕਿ ਉਹ ਜਗ੍ਹਾ ਗ੍ਰਾਮ ਪੰਚਾਇਤ ਵੜੈਚ ਦੀ ਮਾਲਕੀ ਹੈ ਇਸ ਕਰ ਕੇ ਜੋ ਵੀ
ਪੰਚਾਇਤ ਨੇ ਕਾਰਵਾਈ ਕੀਤੀ ਹੈ ਉਹ ਠੀਕ ਹੈ। ਪਰ ਹੁਣ ਇਕ ਹੋਰ ਗੁਰਦਵਾਰੇ ਦੀ ਜਗ੍ਹਾ ਸਬੰਧੀ
ਮਾਮਲਾ ਸਾਹਮਣੇ ਆਇਆ ਹੈ ਜੋ ਪਿੰਡ ਪੁਰਾਣੇ ਵੜੈਚ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ
ਦਰਜ ਜ਼ਮੀਨ ਨੂੰ ਮਾਲ ਰੀਕਾਰਡ ਵਿਚ ਖੁਰਦ-ਬੁਰਦ ਕਰਨ ਦਾ ਹੈ ਜੋ ਕਿ ਮਾਲ ਵਿਭਾਗ ਦੇ ਰੀਕਾਰਡ
1977-78 ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਬੋਲਦਾ ਰਿਹਾ ਹੈ। ਪਰ ਹੁਣ ਮਾਲ ਰੀਕਾਰਡ
ਵਿਚ ਇਸ ਜਗ੍ਹਾ ਸਬੰਧੀ ਕਿਤੇ ਵੀ ਕੋਈ ਜ਼ਿਕਰ ਨਹੀਂ ਆ ਰਿਹਾ। ਉਕਤ ਆਗੂਆਂ ਨੇ ਜਥੇਦਾਰ ਸ੍ਰੀ
ਗੁਰਬਚਨ ਸਿੰਘ ਪਾਸੋਂ ਮੰਗ ਕਰਦਿਆਂ ਕਿਹਾ ਹੈ ਕਿ ਇਕ ਡੇਰੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ
ਦੇ ਨਾਮ ’ਤੇ ਦਰਜ 8-14 ਮਰਲੇ ਜਗ੍ਹਾ ’ਤੇ ਡੇਰਾ ਰਾਧਾ ਸੁਆਮੀ ਬਿਆਸ ਵਲੋਂ ਨਾਜਾਇਜ਼ ਕਬਜ਼ਾ ਕੀਤਾ
ਹੋਇਆ ਹੈ ਜਿਸ ਸਬੰਧੀ ਕਿਸੇ ਜਾਂਚ ਕਮੇਟੀ ਤੋਂ ਉਚ ਪਧਰੀ ਜਾਂਚ ਕਰਵਾ ਕੇ ਇਸ ਸਾਰੇ ਮਾਮਲੇ ਦੀ
ਅਸਲੀਅਤ ਸਾਹਮਣੇ ਲਿਆਂਦੀ ਜਾਵੇ।
ਇਸ ਸਬੰਧੀ ਸਿੱਖ ਜਥੇਬੰਦੀ ਦਮਦਮੀ ਟਕਸਾਲ ਦੇ ਭਾਈ ਅਮਰੀਕ
ਸਿੰਘ ਅਜਨਾਲਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਬਲਦੇਵ ਸਿੰਘ ਸਿਰਸਾ, ਦਲ ਖ਼ਾਲਸਾ ਦੇ
ਕੁਲਦੀਪ ਸਿੰਘ ਰਜਧਾਨ ਸਮੇਤ ਕਈ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ
ਮਾਲ ਵਿਭਾਗ ਪਾਸੋਂ ਸਾਰਾ ਰੀਕਾਰਡ ਪ੍ਰਾਪਤ ਕਰ ਲਿਆ ਗਿਆ ਹੈ ਜੋ ਕਿ ਸ੍ਰੀ ਅਕਾਲ ਤਖ਼ਤ ਦੇ
ਜਥੇਦਾਰ ਗੁਰਬਚਨ ਸਿੰਘ ਪਾਸ ਜਲਦ ਪੁਜਦਾ ਕਰ ਦਿਤਾ ਜਾਵੇਗਾ। ਜੇਕਰ ਜਥੇਦਾਰ ਸ੍ਰੀ ਅਕਾਲ ਤਖ਼ਤ
ਵਲੋਂ ਇਸ ਗੁਰਦਵਾਰਾ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ ਕੀਤੀ ਤਾਂ ਇਸ ਨਿਕਲਣ ਵਾਲੇ
ਮਾੜੇ ਨਤੀਜਿਆਂ ਲਈ ਪੰਜਾਬ ਸਰਕਾਰ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜ਼ਿੰਮੇਵਾਰ ਹੋਣਗੇ।
ਇਸ ਸਬੰਧੀ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ
ਉਹ 1 ਅਗੱਸਤ ਤਕ ਇਸ ਗੁਰਦਵਾਰੇ ਦੇ ਵਿਵਾਦ ਨੂੰ ਹੱਲ ਕਰ ਦੇਣ ਨਹੀਂ ਤਾਂ ਅਗਲਾ ਐਕਸ਼ਨ ਲੈਣ ਲਈ
ਮਜਬੂਰ ਹੋਣਾ ਪਵੇਗਾ।
ਪਿਛਲੇ ਦਿਨਾਂ 'ਚ ਬਿਆਸ ਡੇਰੇ ਵਲੋਂ ਗੁਰਦੁਆਰੇ ਦੀ ਜ਼ਮੀਨ 'ਤੇ ਕਬਜ਼ਾ
ਕਰਨ ਤੋਂ ਬਾਅਦ ਟੁੱਕੜਬੋਚ ਅਖੌਤੀ ਜਥੇਦਾਰ ਵਲੋਂ ਡੇਰਾ ਬਿਆਸ ਨੂੰ ਕਲੀਨ ਚਿੱਟ ਦਿੱਤੀ ਗਈ।
ਪਿਛਲੇ ਕਿੰਨੇ ਹੀ ਸਾਲਾਂ ਤੋਂ ਜਿੰਨੇ ਵੀ ਜਥੇਦਾਰ ਆਏ,
ਜਿਵੇਂ ਲਵਕੁਸ਼ ਦੀ ਔਲਾਦ ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ (ਜਿਸਨੇ ਵੇਦਾਂ ਦਾ ਤਾਂ
ਅੰਤ ਨਹੀਂ ਕੀਤਾ, ਪਰ ਸਿੱਖੀ ਦਾ ਖੁਰਾ ਖੋਜ ਮਿਟਾਉਣ ਦਾ ਪੂਰਾ ਇੰਤਜ਼ਾਮ ਜ਼ਰੂਰਕੀਤਾ),
ਗੁਰਬਚਨ ਸਿੰਘ (ਇਸ ਨੇ ਪਿਛਲੇ ਦੋਹਾਂ ਅਖੌਤੀ ਜਥੇਦਾਰਾਂ ਦਾ ਵੀ ਰਿਕਾਰਡ ਤੋੜਿਆ, ਜਿੰਨਾਂ
ਨੁਕਸਾਨ ਇਸ ਟੁੱਕੜਬੋਚ ਨੇ ਕੀਤਾ ਹੈ, ਸ਼ਾਇਦ ਹੀ ਕਿਸੇ ਗੈਰ ਸਿੱਖ ਨੇ ਵੀ ਨਾ ਕੀਤਾ ਹੋਵੇ)।
ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦੇ ਗਲ ਮੜ੍ਹਨਾ, ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨਾ, ਸਿੱਖ
ਵਿਦਵਾਨਾਂ ਨੂੰ ਛੇਕਣਾ.... ਉਹ ਵੀ ਆਰ.ਐਸ.ਐਸ ਦੇ ਡਹੇ ਚੜ੍ਹਕੇ... ਇਨਾਂ ਕੁੱਝ ਹੋਣ ਦੇ
ਬਾਵਜੂਦ ਇਹ ਸਿੱਖ ਜਥੇਬੰਦੀਆਂ ਅਜੇ ਵੀ ਇਸ ਅਖੌਤੀ ਜਥੇਦਾਰ ਨੂੰ ਬੇਨਤੀਆਂ ਕਰ ਰਹੀਆਂ ਹਨ।
ਬਲਦੇਵ ਸਿੰਘ ਸਿਰਸਾ ਵਰਗੇ ਲੋਕ, ਜਿਹੜੇ ਹਰ ਦੂਜੇ ਦਿਨ ਕੋਈ ਨਾ ਕੋਈ
ਮਸਲਾ ਲਈ ਜਥੇਦਾਰ ਦੇ ਦਫਤਰ ਚੱਕਰ ਲਾਉਂਦੇ ਹਨ, ਹਾਲੇ ਵੀ ਸਮਝ ਨਹੀਂ ਸਕੇ, ਕੀ ਇਹ ਟੁੱਕੜਬੋਚ
ਬਾਦਲ ਦੇ ਇਸ਼ਾਰਿਆਂ 'ਤੇ ਕੰਮ ਕਰਦਾ ਹੈ, ਅਤੇ ਬਾਦਲ, ਭਾਜਪਾ-ਆਰ.ਐਸ.ਐਸ ਦੇ ਇਸ਼ਾਰਿਆਂ 'ਤੇ।
ਜਿਹੜੇ ਲੋਕ ਡੇਰੇਦਾਰਾਂ ਦੇ ਅੱਗੇ ਵੋਟਾਂ ਲਈ ਪੂਛ ਹਿਲਾਉਂਦੇ ਨੇ, ਉਨ੍ਹਾਂ ਤੋਂ ਇਨਸਾਫ ਦੀ ਕੀ
ਉਮੀਦ ਲਾਈ ਜਾ ਸਕਦੀ ਹੈ। ਕਿੰਨਾ ਕੁੱਝ ਹੋ ਚੁਕਾ ਹੈ, ਹਰ ਵਾਰੀ ਉਹੀ ਗੱਲਾਂ, ਫਲਾਣੀ ਤਰੀਕ
ਤੱਕ ਮਸਲਾ ਹੱਲ ਨਾ ਹੋਇਆ ਤਾਂ ਮਜਬੂਰਨ ਅਗਲਾ ਐਕਸ਼ਨ ਲਿਆ ਜਾਵੇਗਾ, ਸੰਘਰਸ਼ ਵਿਢਿਆ ਜਾਵੇਗਾ...
ਐਵੇਂ ਹੀ ਹਨੇਰੇ 'ਚ ਤੀਰ... ਬਾਦਲ ਦੀ ਘੁਰਕੀ ਆਉਣ 'ਤੇ ਸਾਰੀਆਂ 2-2 ਬੰਦਿਆਂ ਵਾਲੀਆਂ ਜਥੀਆਂ,
ਆਪਣੀਆਂ ਆਪਣੀਆਂ ਖੁੱਡਾਂ 'ਚ ਜਾ ਵੜਦੀਆਂ ਨੇ...