Share on Facebook

Main News Page

ਆਓ, ਗੋਲਕ ਤੇ ਕਾਬਜ਼ ਹੋਣ ਦੀ ਭਾਵਨਾ ਤੋਂ ਉਪਰ ਉਠ ਕੇ, ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਯਤਨ ਕਰੀਏ
- ਭਾਈ ਹਰਜੀਤ ਸਿੰਘ ਪੱਟੀ ਵਾਲੇ

ਗੋਲਕ, ਫ਼ਾਰਸੀ ਦਾ ਲਫ਼ਜ਼ ਹੈ ਜਿਸਦਾ ਅਰਥ ਹੈ, ਧਨ ਇਕੱਠਾ ਕਰਨ ਵਾਲਾ ਬਰਤਨ, ਮੁਸਲਮਾਨੀ ਰਾਜ ਵੇਲੇ ਇਹ ਲਫ਼ਜ਼ ਇਥੇ ਆਇਆ ਹੈ, ਕਰ (ਟੈਕਸ) ਵਸੂਲ ਕਰਨ ਵਾਲੇ ਜਿਸ ਗੱਲੇ ਵਿਚ ਪੈਸੇ ਪਾਉਂਦੇ ਸਨ ਉਸਨੂੰ ਵੀ ਬੋਲਕ (ਗੋਲਕ) ਜਾਂ ਗੱਲਾ ਆਖਦੇ ਸਨ, ਸਰਕਾਰੀ ਖਜ਼ਾਨੇ ਨੂੰ ਵੀ ਗੋਲਕ ਗੱਲਾ ਆਖਿਆ ਜਾਂਦਾ ਸੀ, ਬਾਣੀ ਵਿਚ ਇਸਦਾ ਸੰਕੇਤ ਮਿਲਦਾ ਹੈ: ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਨਿ ਪਈ,ਭੰਨ ਬੋਲਕਾ ਸਭ ਉਠਿ ਗਇਆ, ਇਸ ਗੋਲਕ ਨੂੰ ਗੁਰੁ ਘਰ ਵਿਚ ਕੋਈ ਥਾਂ ਨਹੀ ਹੈ, ਪੈਸੇ ਇਕੱਠੇ ਕਰਨ ਵਾਸਤੇ ਗੁਰ੍ਦੁਆਰੇ ਵਿਚ ਲੋਹੇ ਅਤੇ ਲੱਕੜ ਦੀ ਗੋਲਕ ਦੇ ਉਪਰ ਗੁਰੂ ਕੀ ਗੋਲਕ ਲਿਖਣਾ ਮਨਮਤ ਹੈ, ਫਿਰ ਅਸਲੀ ਗੁਰੂ ਦੀ ਗੋਲਕ ਕੇਹੜੀ ਹੈ, ਓਹ ਹੈ - (ਗਰੀਬ ਦਾ ਮੂੰਹ ਗੁਰੂ ਕੀ ਗੋਲਕ ) ਜਿਸ ਨੂੰ ਲੁਕਾ ਦਿਤਾ ਗਿਆ ਹੈ, ਅਤੇ ਨਕਲੀ ਗੋਲਕ ਹੋਂਦ ਵਿਚ ਲਿਆਂਦੀ ਗਈ ਹੈ, ਸੁਆਰਥੀ, ਪਾਖੰਡੀ, ਲਾਲਚੀ, ਕਰਮਕਾਂਡੀ ਪੁਜਾਰੀ ਲੋਕਾਂ ਨੇ ਧਰਮ ਨੂੰ ਧੰਧਾ ਬਣਾਉਣ ਦੀ ਨੀਅਤ ਨਾਲ ਇਹ ਗੋਲਕ ਲਭੀ ਹੈ, ਜਿਵੇ ਕੀੜੀਆਂ ਮਿਠਾ ਲਾਭ ਲੈਦੀਆਂ ਹਨ, ਸਿੱਖਾਂ ਨੇ ਇਹ ਗੋਲਕ ਲਭ ਲਈ ਹੈ, ਇਸ ਗੋਲਕ ਨੇ ਗੁਰਦੁਆਰੇ ਨੂੰ ਦੁਕਾਨਦਾਰੀ ਵਿਚ ਬਦਲ ਦਿਤਾ ਹੈ, ਜਿਥੇ ਦਸ ਰੁਪਏ ਮੱਥਾ ਟੇਕਣ ਵਾਲੇ ਨੂੰ ਸਰੋਪਾ ਨਹੀ ਦਿੱਤਾ ਜਾਂਦਾ, ਸੌ ਰੁਪਏ ਮੱਥਾ ਟੇਕਣ ਵਾਲੇ ਨੂੰ ਪਤਾਸੇ ਬੰਨ ਕੇ ਸਰੋਪਾ ਦਿਤਾ ਜਾਂਦਾ ਹੈ, ਦਰਬਾਰ ਸਾਹਿਬ ਅੰਮ੍ਰਿਤਸਰ ਇਸ ਤਰ੍ਹਾਂ ਹੀ ਹੁੰਦਾ ਹੈ, ਅੱਜ ਗੁਰਦੁਆਰੇ ਆਂਮਦਨ ਦਾ ਵਸੀਲਾ ਬਣ ਕੇ ਰਹਿ ਗਏ ਹਨ, ਸਾਰਾ ਸਾਲ ਇਹ ਜੋਰ ਲੱਗਾ ਰਹਿੰਦਾ ਹੈ ਕੇ ਗੁਰਦੁਆਰੇ ਦਾ ਬੈੰਕ ਬੈਲੈਂਸ ਕਿਵੇ ਵਧਾ ਕੇ ਸੰਗਤਾਂ ਤੋਂ ਵਾਹ ਵਾਹ ਖੱਟੀ ਜਾਵੇ, ਸਿੱਖੀ ਪ੍ਰਚਾਰ ਦਾ ਕਿਸੇ ਨੂੰ ਫਿਕਰ ਨਹੀ ਹੈ।

ਗੋਲਕ ਪੁਆੜੇ ਦੀ ਜੜ੍ਹ ਹੈ, ਲੜਾਈ ਝਗੜੇ ਦਾ ਕਾਰਨ ਹੈ, ਗੁਰੂ ਸਾਹਿਬ ਵੇਲੇ ਗੁਰਦੁਆਰੇ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ, ਪੈਸਾ ਨਹੀ ਸੀ ਚੜ੍ਹਾਇਆ ਜਾਂਦਾ, ਕੇਵਲ ਲੋੜ ਨੂੰ ਮੁਖ ਰੱਖ ਕੇ ਰਸਦ ਭੇਟਾ ਕੀਤੀ ਜਾਂਦੀ ਸੀ, ਰਾਤ ਨੂੰ ਸਭ ਕੁਝ ਖਤਮ ਕਰਕੇ ਭਾਂਡੇ ਮੂਧੇ ਮਾਰ ਦਿਤੇ ਜਾਂਦੇ ਸਨ, ਕੁਝ ਵੀ ਜਮ੍ਹਾ ਨਹੀ ਸੀ ਕੀਤਾ ਜਾਂਦਾ, ਜੇ ਗੁਰਦੁਆਰੇ ਕੁਝ ਜਮ੍ਹਾ ਨਾ ਕੀਤਾ ਜਾਵੇ,ਨਾ ਲੜਾਈ ਹੋਵੇ, ਨਾ ਚੌਧਰੀ ਕਾਬਜ਼ ਹੋਣ ਵਾਸਤੇ ਤਾਰ੍ਲੋਮਛੀ ਹੋਣ, ਨਾ ਗੁਰਦੁਆਰੇ ਪੱਗਾਂ ਉਛਲਨ, ਨਾ ਸਿੱਖ ਛਿਤਰੋ ਛਿਤਰੀਂ ਹੋਣ, ਜੋ ਕੁਝ ਗੁਰਦੁਆਰੇ ਭੇਟਾ ਆਵੇ ਸਭ ਵੰਡ ਦਿਤੀ ਜਾਵੇ, ਗੁਰ੍ਦੁਆਰੇ ਦਾ ਗੁਰੂ ਜੀ ਨੂੰ ਫਿਕਰ ਹੈ, ਜੇ ਬਿਨਾ ਗੋਲਕ ਤੋਂ ਉਗਰਾਹੀ ਨਾਲ ਗੁਰਦੁਆਰਾ ਬਣ ਸਕਦਾ ਹੈ, ਤਾਂ ਬਿਨਾ ਗੋਲਕ ਤੋਂ ਪ੍ਰਬੰਧ ਵੀ ਚਲ ਸਕਦਾ ਹੈ, ਮਸਜਿਦ ਵਿਚ ਪੈਸੇ ਦਾ ਮੱਥਾ ਨਹੀ ਟਿਕਦਾ, ਚਰਚ ਵਿਚ ਪੈਸੇ ਦਾ ਮੱਥਾ ਨਹੀ ਟਿਕਦਾ, ਪ੍ਰਬੰਧ ਵੀ ਚਲਦਾ ਹੈ, ਲੜਾਈ ਵੀ ਕੋਈ ਨਹੀ, ਇਹ ਸਾਰੇ ਮੱਤ, ਸਿੱਖ ਧਰਮ ਨਾਲੋਂ ਪ੍ਰਚਾਰ ਵਿਚ ਬਹੁਤ ਜਿਆਦਾ ਅੱਗੇ ਹਨ, ਪੈਰੋਕਾਰਾਂ ਦੀ ਗਿਣਤੀ ਵੀ ਬਹੁਤ ਹੈ।

ਜਿਸ ਗੁਰਦੁਆਰੇ ਧਰਮ ਪ੍ਰਚਾਰ ਹੋਣਾ ਚਾਹੀਦਾ ਹੈ, ਓਹ ਗੁਰਦੁਆਰੇ ਗੋਲਕ ਦੀ ਵਜ੍ਹਾ ਚੌਧਰ ਕਰਕੇ ਲੜਾਈ-ਝਗੜੇ ਦੇ ਅਖਾੜੇ ਬਣੇ ਹੋਏ ਹਨਙ ਗੁਰਦੁਆਰਾ ਗੁਰਮਤਿ ਦ੍ਰਿੜ ਕਰਨ ਵਾਸਤੇ ਹੈ, ਗੋਲਕ ਭਰਨ ਵਾਸਤੇ ਨਹੀ ਹੈ, ਗੁਰੂ ਸਾਹਿਬ ਵੇਲੇ ਸੰਗਤਾਂ ਗੁਰਦੁਆਰੇ ਰਸਦ ਦਿੰਦੀਆਂ ਸਨ, ਅਤੇ ਰਾਗੀ, ਗ੍ਰੰਥੀ, ਪ੍ਰਚਾਰਕ, ਢਾਢੀ, ਕਵੀਸ਼ਰਾਂ, ਕਥਾਵਾਚਕ ਗੁਰਮੁਖਾਂ ਨੂੰ ਮਾਇਆ ਭੇਟਾ ਦੇ ਰੂਪ ਵਿਚ ਅਤੇ ਗਰੀਬਾਂ ਲੋੜਵੰਦਾਂ ਨੂੰ ਸਹਾਇਤਾ ਦੇ ਰੂਪ ਵਿਚ ਮਾਇਆ ਅਤੇ ਵਸਤੂਆਂ ਭੇਟ ਕਰਦੀਆਂ ਸਨ। ਇਸੇ ਵਾਸਤੇ ਗੁਰੂ ਸਾਹਿਬ ਨੇ ਦਸਵੰਧ ਦੀ ਰਸਮ ਸ਼ੁਰੂ ਕੀਤੀ ਹੈ, ਗੁਰੂ ਦੀ ਭੇਟਾ ਮਾਇਆ ਨਹੀ ਹੈ, ਗੁਰੂ ਦੀ ਭੇਟਾ ਮਨ ਅਰਪਨ ਕਰਨਾ ਹੈ, (ਮਨ ਬੇਚੇ ਸਤਿਗੁਰੁ ਕੇ ਪਾਸ) ਵਧ ਤੋਂ ਵਧ ਮਾਇਆ ਗੁਰਮੁਖ ਵਿਦਵਾਨਾ ਨੂੰ ਦਿਤੀ ਜਾਵੇ, ਤਾਂ ਕਿ ਓਹ ਘਰ ਦੀਆਂ ਲੋੜਾਂ ਤੋਂ ਬੇਫਿਕਰ ਹੋ, ਸਿੱਖੀ ਦਾ ਪ੍ਰਚਾਰ ਕਰ ਸਕਣ, ਗੁਰੂ ਸਾਹਿਬ ਦੇ ਵੇਲੇ ਤੋਂ ਗੁਰਮੁਖ ਪ੍ਰਚਾਰਕਾਂ ਦਾ ਆਦਰ ਸਤਿਕਾਰ ਹੁੰਦਾ ਆਇਆ ਹੈ, ਅੱਜ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਢਾਹ ਲਾਉਣ ਵਾਸਤੇ ਕਿਹਾ ਜਾਂਦਾ ਹੈ, ਕਥਾਵਾਚਕ ਪ੍ਰਚਾਰਕਾਂ ਨੂੰ ਭਾਂਵੇ ਭੇਟਾ ਨਾ ਦੇਓ, ਗੁਰਦੁਆਰੇ ਪੈਸੇ ਚੜ੍ਹਾਓ ਕਿਤੇ ਗੁਰੂ ਘਰ ਨੂੰ ਘਾਟਾ ਨਾ ਪੈ ਜਾਵੇ, ਐਸਾ ਕਹਿਣਾ ਗੁਰੂ ਦੀ ਸ਼ਾਨ ਦੇ ਖਿਲਾਫ਼ ਹੈ ਕਿਓਂਕਿ ਗੁਰੂ ਦਾਤਾ ਹੈ, ਗੁਰੁ ਦੇ ਘਰ ਕੋਈ ਘਾਟਾ ਨਹੀ ਹੈ।

ਗੁਰੂ ਸਾਹਿਬਾਨ ਆਪ ਗੁਰੂ ਘਰ ਦੇ ਪ੍ਰਚਾਰਕਾਂ ਨੂੰ ਮਾਇਆ ਭੇਟਾ ਨਾਲ ਮਾਲਾ ਮਾਲ ਕਰਦੇ ਸਨ ਕਿ ਸਿੱਖੀ ਦਾ ਬੇਫਿਕਰ ਹੋ ਕਿ ਪ੍ਰਚਾਰ ਕਰੋ, ਅੱਜ ਗੁਰਦੁਆਰੇ ਬਹੁਤ ਗਿਣਤੀ ਵਿਚ ਅਤੇ ਲੋੜ ਤੋਂ ਜਿਆਦਾ ਵੱਡੇ ਬਣ ਚੁਕੇ ਹਨ, ਜਿਆਦਾ ਗੁਰਦੁਆਰੇ ਹੋਣ ਕਰਕੇ ਲੜਾਈ ਝਗੜੇ ਹੋ ਰਹੇ ਹਨ, ਸੰਗਤਾਂ ਵਿਚ ਵੰਡੀਆਂ ਪੈ ਰਹੀਆਂ ਹਨ, ਬੇਅੰਤ ਪੈਸਾ ਬਿਲਡਿੰਗਾਂ ਤੇ ਜਾਇਆ ਕੀਤਾ ਜਾ ਰਿਹਾ ਹੈ, ਗੁਰਦੁਆਰਾ ਇਕ ਸਕੂਲ ਦੀ ਤਰ੍ਹਾਂ ਹੈ, ਜਿਥੇ ਸਿੱਖੀ ਦਾ ਸਰਬੱਤ ਦੇ ਭਲੇ ਦਾ ਪਾਠ ਪੜਾਇਆ ਜਾਣਾ ਚਾਹਿਦਾ ਹੈ, ਪਰ ਗੁਰਦੁਆਰੇ ਦੇ ਸਹੀ ਮਨੋਰਥ ਨੂੰ ਨਜ਼ਰ ਅੰਦਾਜ਼ ਕਰ ਦਿਤਾ ਗਿਆ ਹੈ। ਗੁਰਦੁਆਰੇ ਆਉਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਗੋਲਕ ਦੇ ਦਰਸ਼ਨ ਹੁੰਦੇ ਹਨ, ਗੋਲਕ ਨੂੰ ਮੱਥਾ ਟੇਕ ਕੇ ਵਾਪਸ ਪਰਤ ਜਾਂਦੇ ਹਨ, ਗੁਰਦੁਆਰੇ ਵਿਚ ਨਾਮ ਦੀ ਚਰਚਾ ਨਾਲੋਂ ਗੋਲਕ ਦੀ ਚਰਚਾ ਜਿਆਦਾ ਹੁੰਦੀ ਹੈ, ਬਿਨਾਂ ਗੋਲਕ ਤੋਂ ਜਿਵੇਂ ਉਗਰਾਹੀ ਕਰਕੇ ਗੁਰਦੁਆਰਾ ਬਣਾਇਆ ਜਾ ਸਕਦਾ ਹੈ, ਇਸੇ ਤਰ੍ਹਾਂ ਗੁਰਦੁਆਰਾ ਬਣਨ ਬਾਅਦ ਗੋਲਕ ਦੀ ਲੋੜ ਗੁਰਦੁਆਰੇ ਨੂੰ ਨਹੀ ਹੁੰਦੀ, ਫਿਰ ਗੋਲਕ ਦਾ ਪੈਸਾ ਪ੍ਰਚਾਰ ਵਾਸਤੇ ਵਰਤਿਆ ਜਾਵੇ, ਗੁਰਦੁਆਰਾ ਬਣਨ ਤੋਂ ਬਾਅਦ ਵੀ ਖਾਹ ਮਖਾਹ ਗੁਰਦੁਆਰੇ ਦੀ ਬਿਲਡਿੰਗ ਤੇ ਪੈਸਾ ਗਰਕ ਕੀਤਾ ਜਾਂਦਾ ਰਹਿੰਦਾ ਹੈ।

ਗੁਰਦੁਆਰੇ ਦੀ ਹੋਰ ਬਿਲਡਿੰਗ ਤੇ ਇਮਾਰਤ (ਜਿਸ ਦੀ ਲੋੜ ਨਹੀ ਹੁੰਦੀ) ਬਣਾਉਣ ਦੇ ਬਹਾਨੇ ਨਾਲ ਬਾਬੇ ਤੇ ਚੌਧਰੀ ਘਪਲੇ ਕਰਦੇ ਹਨ, ਗੁਰਦੁਆਰੇ ਦੇ ਪੈਸੇ ਨਾਲ ਮੌਜ ਮਸਤੀ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਪਾਲਕੀ ਦਾ ਮਸਲਾ ਹੈ, ਪੁਰਾਣੇ ਸਮੇਂ ਦੀ ਰੀਤ ਹੈ ਕਿ ਰਾਜੇ-ਮਹਾਰਾਜੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਵਾਸਤੇ ਪਾਲਕੀ ਦੀ ਵਰਤੋਂ ਕਰਦੇ ਸਨ, ਪਾਲਕੀ ਵਿਚ ਰਾਜੇ-ਮਹਾਰਾਜੇ ਨੂੰ ਬੈਠਾ ਕੇ ਆਮ ਤੌਰ ਤੇ ਚਾਰ ਆਦਮੀ ਮੋੜਾ ਦਿੰਦੇ ਸਨ ਅਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਜਾਂਦੇ ਸਨ, ਹਰਮੰਦਰ ਸਾਹਿਬ ਅਮ੍ਰਿਤਸਰ ਵੀ ਪੁਰਾਣੀ ਮਰਯਾਦਾ ਤੁਰੀ ਆਉਂਦੀ ਹੈ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਰਾਹੀਂ ਸਵੇਰੇ ਕੋਠਾ ਸਾਹਿਬ ਤੋਂ ਹਰਮੰਦਰ ਸਾਹਿਬ ਲਿਆਂਦਾ ਜਾਂਦਾ ਹੈ, ਅਤੇ ਸ਼ਾਮ ਨੂੰ ਪਾਲਕੀ ਰਾਹੀਂ ਹਰਮੰਦਰ ਸਾਹਿਬ ਤੋਂ ਕੋਠਾ ਸਾਹਿਬ ਲੈ ਕੇ ਆਉਂਦੇ ਹਨ, ਹਰਮੰਦਰ ਸਾਹਿਬ ਵਿਖੇ ਪਾਲਕੀ ਤੋਂ ਬਿਨਾ ਪ੍ਰਕਾਸ਼ ਹੁੰਦਾ ਹੈ, ਸਤਿਗੁਰੂ ਜੀ ਨੇ ਹੱਥੀਂ ਹਰਮੰਦਿਰ ਸਾਹਿਬ ਤਿਆਰ ਕਰਕੇ ਗੁਰਬਾਣੀ ਦਾ ਪ੍ਰਕਾਸ਼ ਕੀਤਾ, ਜੇ ਪਾਲਕੀ ਰੱਖਣੀ ਉਚਿਤ ਹੁੰਦੀ ਤਾਂ ਸਤਿਗੁਰੂ ਜੀ ਵੀ ਪਾਲਕੀ ਵਿਚ ਪ੍ਰਕਾਸ਼ ਕਰ ਸਕਦੇ ਸਨ, ਪਰ ਨਹੀ ਕੀਤਾ, ਫਿਰ ਸਿੱਖ ਅੱਜ ਕਿਓਂ ਲੱਕੜ ਦੀਆਂ, ਪੱਥਰ ਦੀਆਂ, ਸੋਨੇ ਦੀਆਂ ਪ੍ਲ੍ਕੀਆਂ ਬਣਾਉਣ ਵਾਸਤੇ ਉਤਾਵਲੇ ਹਨ? ਪਾਲਕੀ ਵਿਚ ਪ੍ਰਕਾਸ਼ ਵੀ ਚੰਗੀ ਤਰ੍ਹਾਂ ਨਹੀ ਹੁੰਦਾ, ਰੁਮਾਲੇ ਵੀ ਠੀਕ ਤਰ੍ਹਾਂ ਸਿਧੇ ਨਹੀ ਰਹਿੰਦੇ, ਇਹ ਸਭ ਪੈਸੇ ਇੱਕਠੇ ਕਰਨ ਦੇ ਬਹਾਨੇ ਹਨ, ਜਿਹੜੇ ਪਾਲਕੀ ਵਾਸਤੇ ਮਾਇਆ ਦਿੰਦੇ ਹਨ, ਓਹ ਵਡਿਆਈ ਦੇ ਭੁੱਖੇ ਹਨ ਕਿ ਸਾਡਾ ਨਾਮ ਲਿਖਿਆ ਜਾਵੇ, ਅਰਦਾਸ ਵਿਚ ਨਾਮ ਲਿਆ ਜਾਵੇ, ਸਾਨੂੰ ਸਰੋਪਾ ਦੇਕੇ ਸਨਮਾਨਿਤ ਕੀਤਾ ਜਾਵੇ, ਇਸ ਵਡਿਆਈ ਦੇ ਲਾਲਚ ਵਿਚ ਆਕੇ ਲੋਕ ਪਾਲਕੀਆਂ, ਇਮਾਰਤਾਂ, ਗੁਰਦੁਆਰਿਆਂ ਵਾਸਤੇ ਪੈਸੇ ਦਿੰਦੇ ਹਨ, ਪੈਸਾ ਸੰਗਤ ਦਾ ਹੁੰਦਾ ਹੈ ਅਤੇ ਬੱਲੇ-ਵੱਲੇ ਪ੍ਰਬੰਧਕਾਂ ਤੇ ਬਾਬਿਆਂ ਦੀ ਹੁੰਦੀ ਹੈ। ਇਹ ਸਭ ਦਿਖਾਵਾ ਹੈ, ਸਿੱਖੀ ਨਹੀ।

ਸਿੱਖੀ ਜੀਵਨ ਜਾਚ ਹੈ ਜੋ ਅਪਨਾਉਣੀ ਔਖੀ ਹੈ, ਪਰ ਪੈਸੇ ਦੇਕੇ ਧਰਮੀ ਬਣਨਾ ਸੌਖਾ ਹੈ, ਅਸੀਂ ਇਹ ਮਨਮੱਤਾਂ ਛੱਡ ਕੇ, ਗੁਰੂ ਜੀ ਨੂੰ ਆਪਣਾ ਮਨ ਭੇਟਾ ਕਰੀਏ, ਗੁਰੂ ਕਿਆਂ (ਪ੍ਰਚਾਰਕ ਕਥਾਕਾਰ) ਨੂੰ ਮਾਇਆ ਭੇਟਾ ਕਰਕੇ ਓਹਨਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰੀਏ ਸਿੱਖੀ ਦਾ ਪ੍ਰਚਾਰ ਹੋਵੇਗਾ ਸਿੱਖੀ ਵਧੇ ਫੁਲੇਗੀ, ਗੁਰਦੁਆਰੇ ਬਹੁਤ ਗਿਣਤੀ ਵਿਚ ਅਤੇ ਲੋੜ ਤੋਂ ਜਿਆਦਾ ਵੱਡੇ ਬਣ ਗਏ ਹਨ, ਹੁਣ ਵਿਚ ਬੈਠਣ ਵਾਲੇ ਸਿੱਖ ਬਣਾਉਣ ਦੀ ਲੋੜ ਹੈ, ਦੇਸ਼- ਵਿਦੇਸ਼ ਸਿੱਖਾਂ ਦੀ ਇਹ ਜਿੰਮੇਵਾਰੀ ਬਣਦੀ ਹੈ, ਕਿ ਪ੍ਰ੍ਚਾਕਾਂ ਕਥਾਵਾਚਕਾਂ ਦੀ ਵਧ ਤੋਂ ਵਧ ਸਹਿਯੋਗ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਜਾਵੇ, ਤਾਂ ਹੀ ਸਿੱਖ ਧਰਮ ਦੀ ਅਸਲੀ ਤਸਵੀਰ, ਜੋ ਸਰਬ ਸਾਂਝੀ ਹੈ, ਦੁਨੀਆਂ ਸਾਹਮਣੇ ਰੱਖੀ ਜਾ ਸਕਦੀ ਹੈ, ਸੰਸਾਰ ਦੇ ਲੋਗ ਵਿਸ਼ਾਲ ਧਰਮ ਦਾ ਲਾਭ ਉਠਾ ਸਕਣ

ਆਓ ਗੋਲਕ ਤੇ ਕਾਬਜ਼ ਹੋਣ ਦੀ ਭਾਵਨਾ ਤੋਂ ਉਪਰ ਉਠ ਕੇ, ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਯਤਨ ਕਰੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top