Share on Facebook

Main News Page

ਸਿੱਖੀ ਕੜੇ ਨਾਲ ਮੌਲੀ ਬੰਨ੍ਹਣੀ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਨਾਲ ਦੁਰਗਾ ਦੇਵੀ ਦੀ ਮੂਰਤੀ ਰੱਖਣ ਤੁੱਲ
-
ਗਿਆਨੀ ਜਗਤਾਰ ਸਿੰਘ ਜਾਚਕ

* ਗੁਰੂ ਦਾ ਵਾਸਤਾ ਜੇ, ਰਾਜ-ਸੱਤਾ ਦੇ ਭੁੱਖੇ ਤੇ ਐਸੇ ਸਿੱਖ ਆਗੂਆਂ ਪਿੱਛੇ ਲੱਗ ਕੇ ਸਿੱਖੀ ਦੇ ਨਿਰਾਲੇਪਨ ਨੂੰ ਨਾ ਗਵਾਓ, ਜਿਹੜੇ ਵੋਟਾਂ ਪਿਛੇ ਆਪਣਾ ਧਰਮ-ਈਮਾਨ ਵੇਚਦੇ ਹੋਏ ਜਗਰਾਤਿਆਂ ਵਿੱਚ ਲਾਲ ਚੁੰਨੀਆਂ ਲੈ ਕੇ ਭੇਟਾਂ ਵੀ ਗਾਈ ਜਾ ਰਹੇ ਹਨ ਅਤੇ ਲਾਲ ਗਾਨੇ ਬੰਨ੍ਹ ਕੇ ਹਵਨ ਵੀ ਕਰਵਾਈ ਜਾ ਰਹੇ ਹਨ

ਬਠਿੰਡਾ, 27 ਜੁਲਾਈ (ਕਿਰਪਾਲ ਸਿੰਘ): ਗੁਰਸਿੱਖਾਂ ਲਈ ਕੜੇ ਨਾਲ ਗੁੱਟ ’ਤੇ ਮੌਲੀ ਬੰਨ੍ਹਣੀ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਦੁਰਗਾ ਦੇਵੀ ਦੀ ਮੂਰਤੀ ਰੱਖਣ ਦੇ ਤੁੱਲ ਹੈ। ਕਿਉਂਕਿ ਲਾਲ ਰੰਗ ਦੀ ਮੌਲੀ, ਲਹੂ ਦੀ ਪਿਆਸੀ ਦੁਰਗਾ (ਕਾਲੀ, ਚੰਡੀ, ਕਾਲਕਾ) ਦੇ ਲਹੂ ਰੰਗੇ ਨਿਸ਼ਾਨ ਅਤੇ ਉਹਦੇ ਉਪਾਸ਼ਕ ਹੋਣ ਦੀ ਪ੍ਰਤੀਕ ਹੈ। ਸ਼ਰਮ ਦੀ ਗੱਲ ਤਾਂ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਪੰਜ ਕਕਾਰਾਂ ਦੇ ਧਾਰਨੀ ਸਿੱਖ ਵੀ ਆਪਣੇ ਗੁੱਟਾਂ ਨੂੰ ਮੌਲੀਆਂ ਬੰਨ੍ਹੀ ਫਿਰਦੇ ਹਨ। ਜਦ ਕਿ ਸਿੱਖ ਰਹਿਤ ਮਰਯਾਦਾ ਵਿੱਚ ਅਨੰਦ ਸੰਸਕਾਰ ਦੇ ਸਿਰਲੇਖ ਹੇਠ ਸਪਸ਼ਟ ਲਿਖਿਆ ਹੈ ਕਿ ਬ੍ਰਾਹਮਣੀ ਮੱਤ ਮੁਤਾਬਿਕ ਸ਼ਗਨਾਂ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਗਾਨਾ (ਲਾਲ ਮੌਲੀ) ਨਹੀਂ ਬੰਨ੍ਹਣਾ। ਕਿਉਂਕਿ, ਸਿੱਖ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਦਾ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਬਠਿੰਡਾ ਨੇੜੇ ਲਹਿਰਾ-ਮੁਹੱਬਤ ਦੀ ਥਰਮਲ ਕਲੋਨੀ ਵਿੱਚ ਇੱਕ ਸਤਿਸੰਗ ਸਮਾਗਮ ਦੌਰਾਣ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਹੇ।

ਉਨ੍ਹਾਂ ਕਿਹਾ ਕਿ ਸ਼ਿਵ-ਸ਼ਕਤੀ ਦੇ ਉਪਾਸ਼ਕਾਂ ਨੇ ਪਹਿਲਾਂ ਲਾਲ ਮੌਲੀ ਨੂੰ ਸ਼ਗਨਾਂ ਦਾ ਸੂਤਰ ਪ੍ਰਚਾਰ ਕੇ ਭਾਰਤੀ ਭਾਈਚਾਰੇ ਨੂੰ ਗੁੰਮਰਾਹ ਕਰਦਿਆਂ ਸ਼ਿਵ (ਮਹਾਂਕਾਲ) ਦੀ ਸ਼ਕਤੀ (ਕਾਲਕਾ) ਦੇ ਉਪਾਸ਼ਕ ਸਿੱਧ ਕੀਤਾ। ਅਤੇ ਹੁਣ ਮਾਰਕੰਡੇ ਪੁਰਾਣ ’ਤੇ ਅਧਾਰਿਤ ਲਿਖੀ ‘ਚੰਡੀ ਚ੍ਰਤਿਰ ਉਕਤ ਬਿਲਾਸ’ ਦੀ ਰਚਨਾ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਨੂੰ ਰਾਸ਼ਟਰੀ ਗੀਤ ਬਨਾਉਣ ਦੀ ਵਕਾਲਤ ਕਰਕੇ ਸਿੱਖਾਂ ਸਮੇਤ ਸਮੁਚੇ ਭਾਰਤੀਆਂ ਨੂੰ ਬ੍ਰਾਹਮਣੀ ਮੱਤ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਕਰਨ ਦੀ ਆਪਣੀ ਸਾਜਸ਼ੀ ਮਨਸ਼ਾ ਨੂੰ ਪ੍ਰਗਟ ਕਰ ਦਿੱਤਾ ਹੈ। ਪਰ, ਦੁੱਖ ਦੀ ਗੱਲ ਹੈ ਕਿ ਅਗਿਆਨਤਾ ਵੱਸ ਬਿਨਾ ਸਮਝੇ ਅਜੇ ਵੀ ਇਹ ਰਚਨਾ ਅਸੀਂ ਗੁਰਦੁਆਰਿਆਂ ਵਿੱਚ ਗਾਈ ਜਾ ਰਹੇ ਹਾਂ।

ਜਾਚਕ ਜੀ ਨੇ ਸਤਿਸੰਗ ਵਿੱਚ ਬੈਠੇ ਗੁਰਸਿੱਖਾਂ ਨੂੰ ਸੁਆਲ ਕਰਦਿਆਂ ਪੁੱਛਿਆ ਕਿ ਜੇ ਤਹਾਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਦੇਵੀ ਦੇਵਤੇ ਦੀ ਮੂਰਤੀ ਸਥਾਪਤ ਕਰਨਾ ਪ੍ਰਵਾਨ ਨਹੀਂ ਤਾਂ ਫਿਰ ਉਸ ਕੜੇ ਨਾਲ ਮੌਲੀ ਕਿਉਂ ਬੰਨ੍ਹਦੇ ਹੋ ? ਜਿਹੜਾ ਇਸ ਹਕੀਕਤ ਦਾ ਪ੍ਰਤੀਕ ਹੈ ਸਿੱਖ ਸ਼ਨੀ ਆਦਿਕ ਕਿਸੇ ਦੇਵੀ ਦੇਵਤੇ ਦਾ ਉਪਾਸ਼ਕ ਨਹੀਂ। ਉਨ੍ਹਾਂ ਹੱਥ ਜੋੜ ਕੇ ਆਖਿਆ ਕਿ ਗੁਰੂ ਦਾ ਵਾਸਤਾ ਜੇ, ਰਾਜ-ਸੱਤਾ ਦੇ ਭੁੱਖੇ ਤੇ ਐਸੇ ਸਿੱਖ ਆਗੂਆਂ ਪਿੱਛੇ ਲੱਗ ਕੇ ਸਿੱਖੀ ਦੇ ਨਿਰਾਲੇਪਨ ਨੂੰ ਨਾ ਗਵਾਓ, ਜਿਹੜੇ ਵੋਟਾਂ ਪਿਛੇ ਆਪਣਾ ਧਰਮ-ਈਮਾਨ ਵੇਚਦੇ ਹੋਏ ਜਗਰਾਤਿਆਂ ਵਿੱਚ ਲਾਲ ਚੁੰਨੀਆਂ ਲੈ ਕੇ ਭੇਟਾਂ ਵੀ ਗਾਈ ਜਾ ਰਹੇ ਹਨ ਅਤੇ ਲਾਲ ਗਾਨੇ ਬੰਨ੍ਹ ਕੇ ਹਵਨ ਵੀ ਕਰਵਾਈ ਜਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top