Share on Facebook

Main News Page

"ਹੈਡ ਗ੍ਰੰਥੀ" ਗਿਆਨੀ ਗੁਰਬਚਨ ਸਿੰਘ ਦੀ "ਤਕਰੀਰ" ਬਾਰੇ, ਕੁਝ ਖੁੱਲੇ ਸਵਾਲ - ਜਵਾਬ: ਭਾਗ ਪਹਿਲਾ
- ਇੰਦਰਜੀਤ ਸਿੰਘ, ਕਾਨਪੁਰ

ਗਿਆਨੀ ਗੁਰਬਚਨ ਸਿੰਘ ਜੀ,
ੴ ਸਤਿਗੁਰ ਪ੍ਰਸਾਦਿ ॥

ਆਪ ਜੀ ਦੀ ਤਕਰੀਰ ਦੀ ਇਕ ਵੀਡੀਉ ਇੰਟਰ ਨੇਟ ਤੇ ਬਹੁਤ ਪਹਿਲਾਂ ਵੇਖੀ ਅਤੇ ਸੁਣੀ ਸੀ, ਜਿਸ ਦਾ ਲਿੰਕ ਹੇਠਾਂ ਦੇ ਰਿਹਾ ਹਾਂ ਜੀ। ਸੁਣ ਕੇ ਬਹੁਤ ਹੀ ਹੈਰਾਨਗੀ ਅਤੇ ਦੁਖ ਹੋਇਆ ਸੀ, ਕਿ ਅਕਾਲ ਤਖਤ ਦੇ "ਹੈਡ ਗ੍ਰੰਥੀ" ਦੀ ਸੇਵਾ ਨਿਭਾ ਰਿਹਾ ਇਕ ਮੋਹਤਬਰ ਬੰਦਾ ਇਹੋ ਜਹਿਆਂ ਗੈਰ ਜਿਮੇਦਾਰਾਨਾਂ ਅਤੇ ਗੈਰ ਸਿਧਾਂਤਕ ਗਲਾਂ ਅਪਣੀ ਤਕਰੀਰ ਵਿੱਚ ਕਿਵੇਂ ਕਰ ਸਕਦਾ ਹੈ? ਸਵਾਲ ਜਵਾਬ ਦਾ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਆਉ, ਆਪ ਜੀ ਦੀ ਤਕਰੀਰ ਵੀ ਸੁਣ ਲਈਏ, ਸ਼ਾਇਦ ਕਿਸੇ ਪਾਠਕ ਨੇ ਇਹ ਨਾਂ ਸੁਣੀ ਹੋਵੇ। ਇਸ ਤਕਰੀਰ ਨੂੰ ਇਸ ਖਤ ਵਿੱਚ ਇਸ ਲਈ ਪਾ ਰਿਹਾ ਹਾਂ, ਤਾਂ ਕਿ ਪਾਠਕ ਨਾਲ ਨਾਲ ਇਸ ਨੂੰ ਸੁਣ ਸਕਣ ਅਤੇ ਆਪ ਜੀ ਕੋਲੋਂ ਕੀਤੇ ਗਏ ਸਵਾਲਾਂ ਅਤੇ ਜਵਾਬਾਂ ਦੀ ਸਾਰਥਕਤਾ ਨੂੰ ਵੀ ਸਮਝ ਸਕਣ।

ਗਿਆਨੀ ਜੀ, ਕਈ ਵਾਰ ਇਹ ਸੋਚਿਆ ਕਿ ਆਪ ਜੀ ਕੋਲੋਂ ਇਸ ਤਕਰੀਰ ਬਾਰੇ ਕੁਝ ਸਵਾਲ, ਡਾਕ ਰਾਂਹੀ ਆਪ ਜੀ ਨੂੰ ਪੁਛ ਲਵਾਂ। ਫਿਰ ਇਹ ਸੋਚਿਆ, ਕਿ ਜੇ ਤੁਸਾਂ ਹਮੇਸ਼ਾਂ ਦੀ ਤਰ੍ਹਾਂ ਜਵਾਬ ਨਾਂ ਦਿਤਾ, ਤੇ ਤੁਹਾਡੀ ਇਸ ਤਕਰੀਰ ਦੀਆਂ ਗੈਰ ਸਿਧਾਂਤਕ ਗਲਾਂ ਬਾਰੇ ਕੌਮ ਨੂੰ ਤੇ ਪਤਾ ਹੀ ਨਹੀਂ ਲਗਣਾਂ। ਦੂਜਾ ਦਾਸ ਨੇ ਇਹ ਵੀ ਸੋਚਿਆ ਕਿ ਆਪ ਜੀ ਕਾਨਪੁਰ ਆਏ ਸੀ ਉਸ ਵੇਲੇ ਵੀ ਆਪ ਜੀ ਨਾਲ ਅਧਾ ਕੁ ਘੰਟਾ ਮੁਲਾਕਾਤ ਹੋਈ ਸੀ। ਉਸ ਅਧੇ ਘੰਟੇ ਵਿੱਚ ਪੁਛੇ ਗਏ ਸਵਾਲਾਂ ਵਿਚੋਂ ਤੁਸੀਂ ਮੇਰੇ ਇਕ ਵੀ ਸਵਾਲ ਦਾ ਜਵਾਬ ਨਹੀਂ ਸੀ ਦਿਤਾ। ਇਕ ਲਿਖਿਤ ਖਤ ਵੀ ਤੁਹਾਨੂੰ ਦਿਤਾ ਸੀ , ਉਸ ਦਾ ਵੀ ਤੁਸਾਂ ਅਜ ਤਕ ਕੋਈ ਜਵਾਬ ਨਹੀਂ ਭੇਜਿਆ। ਇਸ ਦਾ ਇਕੋ ਇਕ ਕਾਰਣ ਹੈ, ਕਿ ਤੁਹਾਡੇ ਕੋਲ ਸ਼ਾਇਦ ਸਾਡੇ ਸਵਾਲਾਂ ਦਾ ਕੋਈ ਜਵਾਬ ਹੈ ਹੀ ਨਹੀਂ ।

ਫਿਰ ਮੇਰੇ ਕੋਲ ਇਕੋ ਇਕ ਤਰੀਕਾ ਬਚਿਆ ਸੀ ਕਿ ਆਪ ਜੀ ਦੀ ਇਸ ਤਕਰੀਰ ਨੂੰ ਪੰਥ ਦੇ ਸਾਮ੍ਹਣੇ ਰਖ ਕੇ ਆਪ ਜੀ ਨੂੰ ਸਵਾਲ, ਜਵਾਬ ਕਰਾਂ। ਤੁਹਾਡਾ ਤੇ ਕਮ ਹੈ "ਹੁਕਮ ਜਾਰੀ ਕਰਨਾਂ" ਅਤੇ ਉਸ ਦੀ ਖਿਲਾਫਤ ਕਰਨ ਵਾਲੇ ਨੂੰ ਪੰਥ ਤੋਂ ਛੇਕ ਦੇਣਾਂ। ਇਕ ਸੱਚੇ ਸਿੱਖ ਦੀ ਪੇਸ਼ੀ ਅਤੇ ਸਫਾਈ ਕੇਵਲ ਤੇ ਕੇਵਲ ਪੰਥ ਦੀ ਕਚਹਿਰੀ ਵਿੱਚ ਹੀ ਹੋ ਸਕਦੀ ਹੈ, ਕਿਸੇ ਗ੍ਰੰਥੀ ਅਤੇ ਵਿਅਕਤੀ ਅਗੇ, ਉਸ ਦੇ ਬਣਾਏ ਕਿਸੇ ਕਮਰੇ ਵਿੱਚ ਨਹੀਂ, ਜਿਥੇ ਉਸ ਦੇ ਸਬਦ ਗੁਰੂ ਦੀ ਹਜੁਰੀ ਹੀ ਨਾਂ ਹੋਵੇ। ਉਹ ਕਮਰਾ ਜਾਂ ਉਸ ਵਿੱਚ ਬੈਠੇ ਕੁਝ ਗ੍ਰੰਥੀ (ਜਿਨਾਂ ਵਿਚੋਂ ਕੁਝ ਤਾਂ ਆਪ ਹੀ ਤਨਖਾਹ ਦੇ ਯੋਗ ਹਨ) ਸਿੱਖ ਅਤੇ ਸਿੱਖੀ ਦੇ ਭਵਿਖ ਦਾ ਫੈਸਲਾ ਕਿਵੇ ਕਰ ਸਕਦੇ ਨੇ? ਇਸ ਲਈ, ਮੈਂ ਇਹ ਸਵਾਲ ਆਪ ਜੀ ਤੋਂ ਪੰਥ ਦੇ ਸਾਮ੍ਹਣੇ ਜਨਤਕ ਰੂਪ ਵਿੱਚ ਹੀ ਕਰ ਰਿਹਾ ਹਾਂ ਅਤੇ ਨਾਲ ਹੀ ਆਪ ਜੀ ਦੀਆ ਕਹਿਆਂ ਕੁਝ ਗਲਾਂ ਦਾ ਜਵਾਬ ਵੀ ਦੇ ਰਿਹਾ ਹਾਂ ਜੀ। ਕਿਉਂਕਿ ਆਪਜੀ ਦੀ ਇਹ ਤਕਰੀਰ ਵੀ ਜਨਤਕ ਹੈ, ਅਤੇ ਉਸ ਨੂੰ ਪੂਰਾ ਪੰਥ ਵੇਖ ਅਤੇ ਸੁਣ ਰਿਹਾ ਹੈ।

 

ਆਪ ਜੀ ਨੇ ਇਸ ਤਕਰੀਰ ਵਿੱਚ ਕਹਿਆ ਹੈ ਕਿ -

"ਅਜ ਜੋ ਪੰਥ ਦੇ ਵਿੱਚ ਸਿੱਖੀ ਦੇ ਰੂਪ ਵਿੱਚ ਹੀ ਕੁਝ ਮਨੁੱਖ ਨੇ ਜੇੜ੍ਹੇ ਪੰਥ ਦੀ ਔਰ ਗੁਰੂ ਗ੍ਰੰਥ ਦੀ ਚੜ੍ਹਦੀ ਕਲਾ ਨੂੰ ਵੇਖਨਾਂ ਨਹੀਂ ਚਾਹੁੰਦੇ, ਕਿਸੇ ਨਾਂ ਕਿਸੇ ਕਾਰਣ ਕਰਕੇ, ਇਨਾਂ ਨੂੰ ਢਾਅ ਲਾਉਣ ਵਾਸਤੇ ਤੁਰੇ ਹੋਏ ਨੇ, ਉਨਾਂ ਦੇ "ਮੁੰਹ 'ਤੇ ਚਪੇੜ ਮਾਰਨ " ਦੇ ਵਾਸਤੇ, ਪੰਥ ਅਤੇ ਗੁਰੂ ਗ੍ਰੰਥ ਦੀ ਚੜਦੀ ਕਲਾ ਦੇ ਵਾਸਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਅੰਗ ਹੈ "ਦਸਮ ਗ੍ਰੰਥ", ਉਸ "ਦਸਮ ਗਰੰਥ" ਦੇ ਵਿਸ਼ੈ ਵਿਚਾਰਾ ਤੇ ਵੀਚਾਰਾਂ ਕਰਨ ਵਾਸਤੇ ਇਕਤੱਰ ਹੋਏ ਹਾਂ।"

ਆਪ ਜੀ ਬੁਲਾਰੇ ਬਹੁਤ ਹੀ ਵਧੀਆ ਹੋ, ਤੇ ਇਸ ਵਿੱਚ ਕੋਈ ਸ਼ਕ ਨਹੀਂ ਹੈ, ਲੇਕਿਨ ਅਕਾਲ ਤਖਤ ਦੇ ਹੈਡ ਗ੍ਰੰਥੀ ਦਾ ਇਹ ਕਹਿਨਾਂ ਕੇ "ਕੁਝ ਲੋਗ ਪੰਥ ਨੂੰ ਢਾਅ ਲਾਉਣ ਲਈ ਤੁਰੇ ਹੋਏ ਨੇ, ਅਸੀਂ ਉਨਾਂ ਦੇ "ਮੁੰਹ 'ਤੇ ਚਪੇੜ ਮਾਰਨ" ਲਈ ਇਥੇ ਇਕਤੱਰ ਹੋਏ ਹਾਂ।" ਗਿਆਨੀ ਜੀ ਤੁਸੀਂ ਪੰਥ ਦੇ ਇਕ ਬਹੁਤ ਵਡੇ ਅਹੁਦੇ ਤੇ ਕੰਮ ਕਰ ਰਹੇ ਹੋ। ਸਿੱਖਾਂ ਦੇ ਮੁੰਹ 'ਤੇ ਚਪੇੜਾਂ ਮਾਰਨ ਦੀ ਗਲ ਕੀ ਆਪ ਜੀ ਨੂੰ ਸੋਭਦੀ ਹੈ? ਆਪ ਜੀ ਦੀ ਇਸ ਸ਼ਬਦਾਵਲੀ ਵਿੱਚ ਅਹੰਕਾਰ ਅਤੇ ਬੁਰਛਾਗਰਦੀ ਸਾਫ ਝਲਕ ਰਹੀ ਹੈ। ਜੇ ਕਿਸੇ ਗੁਰਸਿੱਖ ਦੇ ਵਿਚਾਰ ਤੁਹਾਡੇ ਵਿਚਾਰਾਂ ਨਾਲ ਨਹੀਂ ਮਿਲਦੇ ਤੇ ਕੀ ਉਸ ਨੂੰ "ਪੰਥ ਦਾ ਦੋਖੀ" ਕਰਾਰ ਕਰਕੇ ਤੁਸੀਂ ਉਸ ਬਾਰੇ ਮਾੜੀ ਸ਼ਬਦਾਵਲੀ ਬੋਲੋਗੇ?

ਗਿਆਨੀ ਜੀ! ਇਹ ਤੁਸੀਂ ਨਹੀਂ ਬੋਲ ਰਹੇ, ਇਹ ਤੁਹਾਡੇ ਅਹੁਦੇ ਦੀ ਤਾਕਤ ਬੋਲ ਰਹੀ ਹੈ। ਤੁਸੀਂ ਤੇ ਸ਼ਾਇਦ ਗੁਰਬਾਣੀ ਨਾਲੋ ਜਿਆਦਾ ਹੁਣ ਉਸ "ਦੇਵੀ ਉਸਤਤਿ" ਅਤੇ "ਅਸ਼ਲੀਲ ਕਵਿਤਾ" ਵਾਲੀ ਕਿਤਾਬ ਨੂੰ ਹੀ ਗੁਰਬਾਣੀ ਮਨਣ ਲਗ ਪਏ ਹੋ, ਸ਼ਾਇਦ ਇਸ ਕਰਕੇ ਹੀ ਤੁਸੀਂ, ਸ਼ਬਦ ਗੁਰੂ ਦਾ ਉਹ ਆਦੇਸ਼ ਵੀ ਭੁਲ ਗਏ ਹੋ, ਜਿਸ ਵਿੱਚ , ਗੁਰਬਾਣੀ ਇਹ ਹਲੂਣਾਂ ਦੇ ਰਹੀ ਹੈ ਕਿ ਇਹ ਆਸਣ (ਕੁਰਸੀ), ਵਡੇ ਵਡੇ ਰਾਜਿਆਂ ਕੋਲ ਨਹੀਂ ਰਹੀ। ਇਸ ਆਸਣ ਤੇ ਬਹਿਣ ਵਾਲੇ ਕਿਨੇ ਆਏ ਤੇ ਕਿਨੇ ਚਲੇ ਗਏ।

ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ ਅੰਕ 488

ਪੰਥ ਦੇ ਆਗੂ ਦਾ ਕੰਮ ਹੁੰਦਾ ਹੈ, ਕਿ ਉਹ ਕੌਮ ਵਿੱਚ ਪਏ ਭੰਬਲਭੂਸਿਆਂ ਨੂੰ ਮਿਲ ਬਹਿ ਕੇ ਦੂਰ ਕਰੇ ਅਤੇ ਕੌਮ ਨੂੰ ਵੰਡੀਆਂ ਤੋਂ ਬਚਾ ਕੇ ਉਨਾਂ ਨੂੰ ਇਕ ਥਾਂ ਤੇ ਚੜਦੀਕਲਾ ਵਿੱਚ ਰਖਣ ਦੇ ਉਪਰਾਲੇ ਕਰੇ। ਪੰਥ ਨੇ "ਗੁਰੂ ਗ੍ਰੰਥ ਸਾਹਿਬ" ਜੀ ਦੀ ਸੇਵਾ ਲਈ ਆਪ ਜੀ ਦੀ ਡਿਉਟੀ ਲਾਈ ਹੈ, ਨਾਂ ਕਿ "ਅਖੌਤੀ ਦਸਮ ਗ੍ਰੰਥ" ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਆਪ ਜੀ ਨੂੰ ਇਸ ਅਹੁਦੇ ਤੇ ਬਿਠਾਇਆ ਹੈ। ਆਪ ਜੀ ਨੂੰ "ਗੁਰੂ ਗ੍ਰੰਥੀ" ਬਣ ਕੇ ਵਿੱਚਰਨਾਂ ਚਾਹਿਦਾ ਹੈ, ਨਾਂ ਕਿ ਇਕ "ਦਸਮ ਗ੍ਰੰਥੀ" ਬਣਕੇ।

ਤੁਸੀਂ ਅਪਣੀ ਇਸ ਤਕਰੀਰ ਵਿੱਚ ਇਹ ਵੀ ਕਹਿਆ ਹੈ, ਕਿ "ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਅੰਗ ਹੈ "ਦਸਮ ਗ੍ਰੰਥ"। ਗਿਆਨੀ ਜੀ, ਆਪ ਜੀ ਦੇ ਹਿਸਾਬ ਨਾਲ ਤੇ ਫੇਰ ਸਾਡੇ ਸ਼ਬਦ ਗੁਰੂ ਦੇ 1428 +1428 (ਰਾਗਮਾਲਾ ਛਡ ਕੇ) ਕੁਲ 2856 ਅੰਕ ਹੋ ਗਏ? ਬੜੀ ਅਜੀਬ ਗਲ ਤੁਸੀਂ ਕਰ ਰਹੇ ਹੋ? ਹੈਡ ਗ੍ਰੰਥੀ ਸਾਹਿਬ "ਗੁਰਬਾਣੀ" ਦਾ ਦਰਜਾ ਕੇਵਲ ਤੇ ਕੇਵਲ "ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ" ਨੂੰ ਹੀ ਪ੍ਰਾਪਤ ਹੈ, ਇਸ ਤੋਂ ਬਾਹਰ ਹੋਰ ਹਰ ਬਾਣੀ "ਕੱਚੀ" ਹੈ । ਇਸ ਕੱਚੀ ਬਾਣੀ ਨੂੰ ਤੁਸੀਂ ਕਿਸ ਅਧਿਕਾਰ ਨਾਲ "ਗੁਰੂ ਬਾਣੀ" ਜਾਂ "ਗੁਰੂ ਦਾ ਅੰਗ" ਕਹਿ ਰਹੇ ਹੋ?

ਆਪ ਜੀ ਅਖੌਤੀ ਦਸਮ ਗ੍ਰੰਥ ਨੂੰ "ਗੁਰੂ ਕ੍ਰਿਤ" ਮੰਨਦੇ ਹੋ, ਅਤੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਇਕ ਅੰਗ (ਹਿੱਸਾ) ਸਮਝਦੇ ਹੋ, ਇਹ ਤੁਹਾਡੀ ਨਿਜੀ ਵਿਚਾਰ, ਜਾਂ ਨਿਜੀ ਸੋਚ ਹੋ ਸਕਦੀ ਹੈ, ਇਹ ਕੋਈ ਪੰਥਿਕ ਫੈਸਲਾ ਨਹੀਂ ਹੈ, ਜੋ ਆਪ ਦੂਜਿਆਂ ਤੇ ਜਬਰਦਸਤੀ ਥੋਪ ਰਹੇ ਹੋ। ਇਸ ਦਾ ਤੁਹਾਨੂੰ ਇਹ ਮਤਲਬ ਵੀ ਨਹੀਂ ਲਾਉਣਾਂ ਚਾਹੀਦਾ ਕਿ ਤੁਹਾਡੇ ਕਹਿ ਦੇਣ ਨਾਲ ਹੀ, ਸਾਰੀ ਕੌਮ ਇਸ ਗ੍ਰੰਥ ਨੂੰ "ਗੁਰੂ ਕ੍ਰਿਤ" ਮੰਨ ਕੇ ਗੁਰੂ ਗ੍ਰੰਥ ਸਾਹਿਬ ਦਾ ਹੀ ਇਕ ਅੰਗ ਸਮਝਣ ਲਗ ਪਵੇਗੀ। ਇਸ ਕਿਤਾਬ ਨੂੰ ਜੋੜ੍ਹਾ ਸਿੱਖ "ਗੁਰੂ ਕ੍ਰਿਤ" ਨਾਂ ਮੰਨੇ ਉਸ ਦੇ ਮੂਹ ਤੇ ਤੁਸੀਂ "ਚਪੇੜਾਂ" ਮਾਰਨ ਲਈ ਤਿਆਰ ਹੋ ਜਾਂਦੇ ਹੋ। ਇਹ ਬੁਰਛਾਰਦੀ ਨਹੀਂ ਤੇ ਹੋਰ ਕੀ ਹੈ? ਜੇ ਆਪ ਜੀ ਇਸ ਗ੍ਰੰਥ ਨੂੰ "ਗੁਰੂ ਕ੍ਰਿਤ" ਕਹਿੰਦੇ ਹੋ, ਤੇ ਜੋ ਸਿੱਖ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਅਪਣਾਂ ਗੁਰੂ ਮੰਨਦੇ ਹਨ, ਉਨਾਂ ਨੂੰ ਇਸ ਕਿਤਾਬ ਨੂੰ ਗੁਰੂ ਕ੍ਰਿਤ ਨਾਂ ਮਨਣ ਦਾ ਵੀ ਪੂਰਾ ਹੱਕ ਹੈ।

ਕੀ ਤੁਸੀਂ ਅਜ ਤਕ ਉਨਾਂ ਵਿਦਵਾਨਾਂ ਨੂੰ ਬੁਲਾ ਕੇ ਕਦੀ ਕੋਈ ਚਰਚਾ ਕੀਤੀ ਜਾਂ ਐਸੀ ਕੋਈ ਕਮੇਟੀ ਬਣਾਂਈ ਹੈ,  ਜੋ ਸਿੱਖ ਇਸ ਕਿਤਾਬ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ? ਉਨਾਂ ਨੂੰ ਪੰਥ ਤੋਂ ਛੇਕਣ ਤੋ ਅਲਾਵਾ ਕੀ ਉਨਾਂ ਦੀ ਕਿਸੇ ਗਲ ਦਾ ਜਵਾਬ ਵੀ ਤੁਸਾਂ ਅਜ ਤਕ ਦਿਤਾ ਹੈ? ਕੀ ਉਹ ਸਿੱਖ ਨਹੀਂ ਹਨ? ਜੋ ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ ਹੋਰ ਕਿਸੇ ਕੱਚੀ ਬਾਣੀ ਨੂੰ, ਗੁਰੂ ਕ੍ਰਿਤ ਨਹੀਂ ਮੰਨਦੇ? ਸਿੱਖ ਹੋਣ ਦਾ ਸਾਰਾ ਅਧਿਕਾਰ ਕੀ ਤੁਹਾਡੇ ਕੋਲ ਹੈ? ਜਿਸ ਨੁੰ ਚਾਹੋ ਤੁਸੀਂ "ਪੰਥ ਦੋਖੀ" ਦਾ ਫਤਵਾ ਦੇ ਦਿਉ, ਜਿਸ ਨੂੰ ਚਾਹੋ ਤੁਸੀਂ "ਫਖਰੇ ਕੌਮ" ਬਣਾਂ ਦਿਉ?

ਇਹ ਤੁਹਾਡਾ ਬਣਾਂਇਆ ਕਾਨੂਨ ਹੈ ਕਿ ਗੁਰਮਤਿ ਸਿਧਾਤ ਕਿ, ਵਿਵਾਦਾਂ ਵਿੱਚ ਘਿਰੇ ਹੋਏ ਟਕਸਾਲ ਦੇ ਮੁਖੀ ਨੂੰ ਤੁਸੀਂ "ਸੰਤ" ਕਹਿ ਕੇ ਸਤਕਾਰ ਦਿਉ, ਤੇ ਜਿਸ ਨੂੰ ਚਾਹੋ "ਪੰਥ ਦੋਖੀ" ਕਹਿ ਕੇ ਛੇਕ ਦਿਉ? "ਪੰਥ ਦੋਖੀ" ਹੋਣ ਅਤੇ "ਫਖਰੇ ਕੌਮ" ਹੋਣ ਦਾ ਫੈਸਲਾ ਤੁਸੀਂ ਕਿਸ ਅਧਾਰ ਤੇ ਕਰਦੇ ਹੋ? ਇਸ ਲਈ ਕੀ ਕੋਰੀ "ਮੇਰਿਟ" ਬਣਾਈ ਜਾਂਦੀ ਹੈ, ਜਾਂ "ਸਕਤਰੇਤ ਜੂੰਡਲੀ" ਹੀ ਇਹ ਤੈ ਕਰਦੀ ਹੈ, ਕਿ ਕੌਣ ਬਣੇਗਾ "ਫਖਰੇ ਕੌਮ" ਅਤੇ ਕੌਮ ਬਣੇਗਾ "ਪੰਥ ਰਤਨ"? ਕੀ ਤੁਸੀਂ ਇਸ ਗਲ ਦਾ ਜਵਾਬ ਦੇ ਸਕਦੇ ਹੋ? ਜੇ ਤੁਸੀਂ ਦਸਮ ਗ੍ਰੰਥ ਨੂੰ ਗੁਰੁ ਕ੍ਰਿਤ ਮਨਣ ਵਾਲਿਆਂ ਨੂੰ ਹੀ ਸਿੱਖ ਮੰਨਦੇ ਹੋ, ਤੇ ਸਾਨੂੰ ਇਹੋ ਜਹਿਆ ਸਿੱਖ ਅਖਵਾਉਣ ਦੀ ਕੋਈ ਲੋੜ ਨਹੀਂ ਜੋ ਇਸ "ਦੇਵੀ ਉਸਤਤਿ" ਅਤੇ "ਅਸ਼ਲੀਲ ਸਾਹਿਤ" ਵਾਲੀ ਕਿਤਾਬ ਨੂੰ "ਗੁਰੂ ਕ੍ਰਿਤ" ਕਹਿ ਕੇ ਉਸ ਸਰਬੰਸ ਦਾਨੀ ਗੁਰੂ ਨੂੰ ਬਦਨਾਮ ਕਰਦਾ ਹੋਵੇ।

ਗਿਆਨੀ ਜੀ, ਪੰਥ ਦਰਦੀਆਂ ਨੂੰ ਗਾਲ੍ਹਾਂ ਕਡ੍ਹਣ ਨਾਲ ਇਨਾਂ ਭੰਬਲਭੁਸਿਆਂ ਦਾ ਹਲ ਨਹੀਂ ਜੇ ਹੋਣਾਂ। ਦਿਨ ਬ ਦਿਨ ਇਨਾਂ ਮਸਲਿਆਂ 'ਤੇ ਕੌਮ ਵੰਡੀ ਜਾ ਰਹੀ ਹੈ। ਇਸ ਲਈ ਇਨਾਂ ਪੰਥ ਦਰਦੀ ਸਿੱਖਾਂ ਨੂੰ "ਢਾਅ ਲਾਉਣ ਵਾਲੇ ਮਨੁੱਖ" ਆਖਣ ਨਾਲੋਂ ਆਪ ਜੀ ਨੂੰ ਕੁਝ ਕਰਨਾਂ ਪੈਣਾਂ ਹੈ। ਜਿਸ ਵਿੱਚ ਦੋਹਾਂ ਵੀਚਾਰ ਧਾਰਾਵਾਂ ਵਾਲੇ ਵਿਦਵਾਨ, ਮਿਲ ਬਹਿ ਕੇ ਇਸ ਬਾਰੇ ਕੋਈ ਨਿਰਣਾਂ ਲੈਣ, ਅਤੇ ਕੌਮ ਵਿੱਚ ਪੈ ਰਹੀਆਂ ਵੰਡੀਆਂ ਨੂੰ ਠੱਲ ਪਾਈ ਜਾ ਸਕੇ। ਜੇ ਆਪ ਕਿਸੇ ਸਿੱਖ ਬਾਰੇ ਇਹੋ ਜਹੀ ਮਾੜੀ ਸ਼ਬਦਾਵਲੀ ਵਰਤਦੇ ਹੋ, ਤੇ ਉਹ ਵੀ ਆਪ ਜੀ ਬਾਰੇ ਇਹੋ ਜਹੀ ਸ਼ਬਦਾਵਲੀ ਵੀ ਵਰਤੋਂ ਕਰ ਸਕਦੇ ਨੇ। ਜੇ ਕੋਈ ਮਾੜੀ ਸ਼ਬਦਾਵਲੀ ਵਰਤ ਕੇ ਤੁਹਾਡੇ ਨਾਲ ਗਲ ਕਰੇ ਤਾਂ ਕੀ ਇਸ ਨਾਲ ਤੁਹਾਡੇ ਅਹੰਕਾਰ ਨੂੰ ਸੱਟ ਨਹੀਂ ਵਜੇਗੀ? ਜੋ ਆਪ ਜੀ ਵਿੱਚ ਕੁਟ ਕੁਟ ਕੇ ਭਰਿਆ ਹੋਇਆ ਹੈ।

ਇਸ ਕਿਤਾਬ ਕਰਕੇ ਹੀ ਪੂਰੀ ਕੌਮ ਦੋ ਫਾੜ ਹੋ ਚੁਕੀ ਹੈ। ਜਿਨਾਂ ਹੱਕ ਕਿਸੇ ਧਿਰ ਨੂੰ ਇਸ ਕਿਤਾਬ ਨੂੰ ਗੁਰੂ ਕ੍ਰਿਤ ਕਹਿਨ ਦਾ ਹੈ, ਉਨਾਂ ਹੀ ਹਕ ਇਸ ਕਿਤਾਬ ਨੂੰ ਗੁਰੂ ਕ੍ਰਿਤ ਨਾਂ ਮਨਣ ਵਾਲਿਆ ਦਾ ਵੀ ਹੈ। ਆਪ ਜੀ ਨੂੰ ਸਿੱਖਾਂ ਦੇ ਇਕ ਵਰਗ ਦਾ ਪੱਖ ਨਹੀਂ ਲੈਣਾਂ ਚਾਹੀਦਾ। ਆਪ ਨੂੰ ਇਸ "ਦੇਵੀ ਉਸਤਤਿ " ਵਾਲੀ ਅਤੇ "ਅਸ਼ਲੀਲ ਕਾਮ ਕਹਾਨੀਆਂ" ਵਾਲੀ ਕਿਤਾਬ ਨੂੰ ਗੁਰੂ ਕ੍ਰਿਤ ਹੋਣ ਦਾ "ਫਤਵਾ" ਦੇਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਇਸ ਗਲ ਨੂੰ ਤੁਸੀਂ ਅਪਣੀ ਗੰਡ ਵਿੱਚ ਬਣ ਲਵੋ, ਕਿਉਂਕਿ ਇਹ "ਇਕ ਵਿਵਾਦਿਤ ਕਿਤਾਬ" ਹੈ, ਅਤੇ ਇਸ ਬਾਰੇ ਕੌਮ ਨੇ ਹਲੀ ਤਕ ਕੋਈ ਨਿਰਣਾਂ ਸਮੂਹਿਕ ਰੂਪ ਵਿੱਚ ਨਹੀਂ ਲਿਆ ਹੈ। ਬਲਕਿ 1973 ਵਿੱਚ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ, ਸ਼੍ਰੀ ਅੰਮ੍ਰਿਤਸਰ ਤੋਂ ਇਕ ਆਰਡਰ ਨੰ 36672 , ਮਿਤੀ 3/4. 8.1973 ਰਾਹੀ ਇਹ ਸਪਸ਼ਟ ਆਦੇਸ਼ ਪਾਸ ਕੀਤਾ ਹੋਇਆ ਹੈ ਕਿ:

"ਚਰਿਤ੍ਰੋ ਪਖਿਯਾਨ" ਜੋ ਦਸਮ ਗ੍ਰੰਥ ਵਿੱਚ ਹਨ, ਇਹ ਦਸਮੇਸ਼ ਬਾਣੀ" ਨਹੀਂ। ਇਹ ਪਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ। ਸਹੀ- ਮੀਤ ਸਕੱਤਰ, ਗੁਰਬਖਸ਼ ਸਿੰਘ,ਧਰਮ ਪ੍ਰਚਾਰ ਕਮੇਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ।

ਗਿਆਨੀ ਜੀ, ਤੁਸੀਂ ਕਿਸ ਕਿਸਮ ਦੇ ਮਨੁੱਖ ਹੋ? ਆਏ ਦਿਨ ਆਪ ਹੁਦਰੇ ਫੈਸਲੇ ਲੈ ਕੇ ਕੌਮ ਵਿੱਚ ਵਿਵਾਦ ਖੜੇ ਕਰਨਾਂ ਅਤੇ ਕੌਮ ਵਿੱਚ ਵੰਡੀਆਂ ਪਾਂਉਣੀਆਂ ਹੀ ਤੁਹਡਾ ਟੀਚਾ ਬਣ ਚੁਕਾ ਹੈ। ਤੁਸੀਂ ਦੂਜਿਆਂ ਨੂਂ ਇਸ ਲਈ ਪੰਥ ਤੋਂ ਛੇਕ ਦੇਂਦੇ ਹੋ ਕਿ ਫਲਾਣੇ ਨੇ ਸਿੱਖ ਰਹਿਤ ਮਰਿਯਾਦਾ ਦਾ ਉਲੰਘਣ ਕੀਤਾ ਅਤੇ ਫਲਾਣੇ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮਣਿਆ। ਜੇ ਕੋਈ ਗੁਰੂ ਦਾ ਪਿਆਰਾ ਸਿੱਖ, ਜੋ ਗੁਰੂ ਸਿਧਾਂਤਾਂ ਦਾ ਸਤਕਾਰ ਕਰਨ ਵਾਲਾ ਤੁਹਾਡੀ ਥਾਂ ਤੇ ਹੂੰਦਾ, ਤੇ ਤੁਹਾਨੂੰ ਸਭ ਤੋਂ ਪਹਿਲਾਂ ਅਕਾਲ ਤਖਤ ਦੇ ਹੁਕਮ ਨਾਮੇ ਨੂੰ ਉਲਟ ਦੇਣ ਅਤੇ ਅਕਾਲ ਤਖਤ ਦੇ ਹੁਕਮਨਾਮੇ ਤੋਂ ਬਾਗੀ ਹੋਣ ਦੇ ਦੋਸ਼ ਵਿੱਚ ਪੰਥ ਤੋਂ ਛੇਕ ਦੇਂਦਾ।

2003 ਵਿੱਚ ਅਕਾਲ ਤਖਤ ਤੋਂ "ਨਾਨਕ ਸ਼ਾਹੀ ਕੈਲੰਡਰ" ਨੂੰ ਲਾਗੂ ਕਰਨ ਦਾ ਹੁਕਮਨਾਮਾਂ ਜਾਰੀ ਕੀਤਾ ਗਇਆ ਸੀ। ਇਸ ਕੈਲੰਡਰ ਨੂੰ 7 ਵਰ੍ਹਿਆਂ ਤਕ ਕੌਮ ਖੁਸ਼ੀ ਖੁਸੀ ਮਣਦੀ ਰਹੀ ਅਤੇ ਅਪਣੀ ਪਰਵਾਣਗੀ ਦੇ ਚੁਕੀ ਸੀ। ਸਰਕਾਰਾਂ ਨੇ ਵੀ 5 ਜਨਵਰੀ ਨੂਮ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨ ਕੇ ਸਰਕਾਰੀ ਛੁੱਟੀਦਾ ਐਲਾਨ ਕਰ ਦਿਤਾ ਸੀ। ਅਕਾਲ ਤਖਤ ਦੇ ਉਸ ਹੁਕਮਨਾਮੇ ਦੀ ਅਵਗਿਆ ਕਰਦਿਆਂ ਤੁਸੀਂ ਇਸ ਦੇ ਉਲਟ ਜਾ ਕੇ ਨਾਨਕ ਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਰਖ ਦਿਤਾ? ਤੁਸੀਂ ਪੰਥ ਦਰਦੀਆਂ ਦੀ ਜੁਬਾਨ ਬੰਦ ਕਰਨ ਲਈ, ਉਨਾਂ ਨੂੰ ਪੰਥ ਤੋਂ ਛੇਕਣ ਦਾ ਗੈਰ ਸਿਧਾਂਤਕ ਆ ਪਹੁਦਰਾ ਨਿਯਮ ਤਾਂ ਬਣਾਂ ਲਿਆ ਹੈ। ਤੁਸੀਂ ਭਾਂਵੇ, ਸਿੱਖ ਰਹਿਤ ਮਰਿਯਾਦਾ ਦਾ ਅਪਮਾਨ ਕਰੋ, ਭਾਵੇ ਅਕਾਲ ਤਖਤ ਦੇ ਹੁਕਮਾਂ ਨੂੰ ਨਾਂ ਮਨੋਂ, ਤੁਹਾਨੂੰ ਪੰਥ ਵਿਚੋਂ ਕੌਣ ਛੇਕੇਗਾ? ਕੀ ਇਸ ਦਾ ਕੋਈ ਜਵਾਬ ਆਪ ਜੀ ਕੋਲ ਹੈ? ਪਹਿਲਾਂ ਤੁਸੀਂ ਅਕਾਲ ਤਖਤ ਦੇ ਹੁਕਮਨਾਮੇ ਦਾ ਉਲੰਘਨ ਕੀਤਾ, ਹੁਣ ਸ਼੍ਰੋਮਣੀ ਕਮੇਟੀ ਦੇ ਆਦੇਸ਼ ਦੇ ਖਿਲਾਫ ਖੜੇ ਹੋਕੇ ਉਸ "ਵਿਵਾਦਿਤ ਕਿਤਾਬ" ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ "ਹਿੱਸਾ" (ਅੰਗ) ਹੋਣ ਦਾ ਐਲਾਨ ਕਰ ਰਹੇ ਹੋ, ਜਦੋਂ ਕਿ ਇਸ ਵਿਵਾਦਿਤ ਕਿਤਾਬ ਦਾ ਪੰਥ ਵਲੋਂ ਹਲੀ ਤਕ ਕੋਈ ਨਿਰਣਾਂ ਨਹੀਂ ਆਇਆ ਹੈ। ਇਨਾਂ ਸਵਾਲਾਂ ਤੋਂ ਅਲਾਵਾ ਤੁਹਾਡੀ ਕਾਰਜ ਸ਼ੈਲੀ ਤੇ ਨਿਤ ਨਵੇਂ ਸਵਾਲ ਖੜੈ ਹੋ ਰਹੇ ਨੇ , ਜੋ ਕੌਮ ਵਿੱਚ ਵੰਡੀਆਂ ਅਤੇ ਭੰਬਲਭੂਸੇ ਖੜੇ ਕਰ ਰਹੇ ਨੇ।

ਕੀ "ਸਿੱਖਾਂ ਦੇ ਮੂਹ ਤੇ ਚਪੇੜਾ ਮਾਰਨ" ਵਾਲੀ ਸ਼ਬਦਾਵਲੀ ਵਰਤਨ ਵਾਲਾ ਬੰਦਾ ਅਕਾਲ ਤਖਤ ਦੇ ਮੁਖ ਗ੍ਰੰਥੀ ਦੇ ਅਹੁਦੇ ਦੇ ਲਾਇਕ ਹੋ ਸਕਦਾ ਹੈ?

ਕੀ ਇਹ ਸ਼ਬਦਾਵਲੀ ਤੁਹਾਡੇ ਅੰਦਰ ਦੇ "ਅਹੰਕਾਰ" ਅਤੇ ਤੁਹਾਡੇ ਅੰਦਰ ਵੱਸੀ "ਬੁਰਛਾਗਰਦੀ" ਦਾ ਪ੍ਰਗਟਾਵਾ ਨਹੀਂ ਕਰਦੀ?

ਕੀ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਾਂ ਮਨਣ ਵਾਲਾ ਹਰ, ਸਿੱਖ "ਪੰਥ ਨੂੰ ਢਾਅ ਲਾਉਣ ਵਾਲਾ" ਅਤੇ "ਪੰਥ ਦੋਖੀ" ਹੈ? ਜੇ ਤੁਸੀਂ ਐਸਾ ਹੀ ਸਮਝਦੇ ਹੋ, ਤੇ ਉਨਾਂ ਸਾਰਿਆਂ ਸਿੱਖਾਂ ਨੂੰ ਇਕ ਨਾਲ, ਇਕ ਦਿਨ ਹੀ, ਅਪਣੇ ਪੰਥ ਵਿਚੋਂ ਛੇਕ ਕਿਉਂ ਨਹੀਂ ਦੇਂਦੇ? ਇਕ ਇਕ ਕਰਕੇ ਇਨਾਂ ਦਾ ਸ਼ਿਕਾਰ ਕਿਉਂ ਕਰਦੇ ਹੋ?

ਜੋ ਵਿਦਵਾਨ ਇਸ ਕਿਤਾਬ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ, ਉਨਾਂ ਨਾਲ ਮਿਲ ਬਹਿ ਕੇ ਤੁਸੀਂ ਕੋਈ ਚਰਚਾ ਅਜ ਤਕ ਕਿਉਂ ਨਹੀਂ ਕੀਤੀ? ਜਾਂ ਇਸ ਮਸਲੇ ਨੂੰ ਹਲ ਕਰਨ ਅਤੇ ਕੌਮ ਵਿੱਚ ਪਏ ਵਿਵਾਦ ਨੂੰ ਹਲ ਕਰਨ ਦੀ ਕੋਈ ਜੁਗਤ ਅਜ ਤਕ ਕਿਉਂ ਨਹੀਂ ਸੋਚੀ ਹੈ?

ਜੇ "ਦੇਵੀ ਦੀ ਉਸਤਤਿ" ਅਤੇ "ਅਸ਼ਲੀਲ ਰਚਨਾਵਾਂ" ਨੂੰ ਗੁਰੂ ਕ੍ਰਿਤ ਮੰਨਣ ਵਾਲਾ ਇਕ ਸੱਚਾ ਸਿੱਖ ਹੈ? ਤੇ ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ ਹੋਰ ਕਿਸੇ ਵੀ "ਦੇਵੀ ਉਸਤਤਿ" ਨੂੰ ਨਾਂ ਮਨਣ ਵਾਲਾ, ਗੁਰੂ ਦਾ ਸੱਚਾ ਸਿੱਖ ਕਿਉਂ ਨਹੀਂ ਹੈ?

ਇਸ ਕਿਤਾਬ ਨੂੰ "ਗੁਰੂ ਕ੍ਰਿਤ" ਸਾਬਿਤ ਕਰਨ ਲਈ, ਆਪ ਇਸ ਕਿਤਾਬ ਦੇ ਹਿਮਾਇਤੀ ਪਿਆਰਾ ਸਿੰਘ ਪਦਮ ਦਾ ਨਾਮ ਇਸ ਤਕਰੀਰ ਵਿੱਚ ਲੈ ਰਹੇ ਹੋ। ਤੁਹਾਨੂੰ ਪਿਆਰਾ ਸਿੰਘ ਪਦਮ ਤੇ ਯਾਦ ਆ ਗਏ, ਤੁਹਾਨੂੰ ਗਿਆਨੀ ਭਾਗ ਸਿੰਘ ਅੰਬਾਲਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਡਾ. ਰਤਨ ਸਿੰਘ ਜੱਗੀ, ਇੰਦਰ ਸਿੰਘ ਘੱਗਾ, ਗੁਰਚਰਣ ਸਿੰਘ ਜਿਉਣਵਾਲਾ, ਪ੍ਰੋਫੇਸਰ ਦਰਸ਼ਨ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ, ਡਾ ਹਰਜਿੰਦਰ ਸਿੰਘ ਦਿਲਗੀਰ, ਪ੍ਰਿੰਸੀਪਲ ਸੁਰਜੀਤ ਸਿੰਘ ਮਿਸ਼ਨਰੀ, ਡਾ. ਗੁਰਮੁਖ ਸਿੰਘ ਦਿੱਲੀ, ਦਲਬੀਰ ਸਿੰਘ ਜੀ ਐਮ ਐਸ ਸੀ, ਗਿਆਨੀ ਜਗਤਾਰ ਸਿੰਘ ਜਾਚਕ, ਰਾਜਿੰਦਰ ਸਿੰਘ ਖਾਲਸਾ, ਖਾਲਸਾ ਪੰਚਾਇਤ, ਵੀਰ ਅਮਰਜੀਤ ਸਿੰਘ ਚੰਦੀ, ਰੁਦ੍ਰਪੁਰ ,ਵੀਰ ਜਸਬਿੰਦਰ ਸਿੰਘ ਦੁਬਈ, ਵੀਰ ਉਪਕਾਰ ਸਿੰਘ, ਵੀਰ ਸੁਰਿੰਦਰ ਸਿੰਘ , ਫਰੀਦਾਬਾਦ, ਗਿਆਨੀ ਤਰਸੇਮ ਸਿੰਘ, ਚੇਅਰਮੈਨ ਦਿ.ਗੁ.ਪ੍ਰ.ਕਮੇਟੀ, ਖਾਲਸਾ ਨਿਊਜ, ਸਿੰਘ ਸਭਾ.ਯੂ.ਐਸ.ਏ, ਗੁਰੂਪੰਥ.ਕਾਮ, ਵੀਰ ਪ੍ਰਭਦੀਪ ਸਿੰਘ ਟਾਇਗਰ ਜੱਥਾ, ਤੱਤ ਗੁਰਮਤਿ ਪਰਿਵਾਰ ਅਤੇ ਹੋਰ ਹਜਾਰਾਂ ਗੁਰੁ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਗੁਰ ਸਿੱਖਾਂ ਦਾ ਨਾਮ ਯਾਦ ਕਿਉਂ ਨਹੀਂ ਆਉਂਦਾ? ਕੀ ਇਹ ਸਿੱਖ ਨਹੀਂ ਹਨ? ਕੀ ਇਹ ਸਾਰੇ ਸਿੱਖ ਪੰਥ ਦੋਖੀ ਹਨ?

ਤੁਹਾਡੀ ਤਕਰੀਰ ਮੁਤਾਬਿਕ ਕੀ ਇਹ ਉਹ ਹੀ ਮਨੁੱਖ ਨੇ, ਜੇੜ੍ਹੇ ਪੰਥ ਦੀ ਔਰ ਗੁਰੂ ਗ੍ਰੰਥ ਦੀ ਚੜ੍ਹਦੀ ਕਲਾ ਨੂੰ ਵੇਖਨਾਂ ਨਹੀਂ ਚਾਹੁੰਦੇ, ਕਿਸੇ ਨਾਂ ਕਿਸੇ ਕਾਰਣ ਕਰਕੇ, ਇਨਾਂ ਨੂੰ ਢਾਅ ਲਾਉਣ ਵਾਸਤੇ ਤੁਰੇ ਹੋਏ ਨੇ? ਕੀ ਤੁਹਾਡੇ ਮੁਤਾਬਿਕ ਇਹ ਸਾਰੇ ਪੰਥ ਦੋਖੀ ਨੇ? ਤੇ ਇਹ ਪੰਥ ਨੂੰ ਢਾਅ ਲਾਉਣ ਲਈ ਤੁਰੇ ਹੋਏ ਨੇ? ਗਿਆਨੀ ਗੁਰਬਚਨ ਸਿੰਘ ਜੀ! ਅਹੰਕਾਰ ਵਿੱਚ ਆਕੇ ਕੰਧ ਤੇ ਲਿਖਿਆ ਸੱਚ ਵੀ ਤੁਹਾਡੇ ਕੋਲੋਂ ਹੁਣ ਪੜ੍ਹਿਆ ਨਹੀਂ ਜਾਂਦਾ। ਕਿ ਇਹ ਗੁਰੂ ਦੇ ਪਿਆਰੇ ਸਿੱਖ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਿਧਾਂਤਾਂ ਤੇ ਡੱਟ ਕੇ ਪਹਿਰਾ ਦੇ ਰਹੇ ਨੇ, ਇਹ ਤੁਹਾਨੂੰ ਸਿੱਖ ਨਹੀਂ ਜਾਪਦੇ। ਤੁਹਾਡੇ ਵਰਗਾ "ਦਸਮ ਗ੍ਰੰਥੀ" ਸਾਡੇ ਉੱਚ ਅਦਾਰੇ ਦਾ "ਮੁਖ ਗ੍ਰੰਥੀ" ਹੈ, ਇਹ ਸਾਡਾ ਦੁਰਭਾਗ ਹੀ ਕਹਿਆ ਜਾਵੇਗਾ।

ਆਪ ਜੀ ਨੂੰ ਖੁਲਾ ਸਦਾ ਹੈ, ਕਿ ਕੌਮ ਦੇ ਇਨਾਂ ਵਿਦਵਾਨਾਂ ਦੇ ਪੈਨਲ ਨਾਲ ਤੁਸੀਂ "ਦਸਮ ਗ੍ਰੰਥ" ਨੂੰ ਗੁਰੂ ਕ੍ਰਿਤ ਕਹਿਨ ਵਾਲਿਆ ਦਾ ਇਕ ਪੈਨਲ ਬਣਾਂ ਕੇ, ਜਿਸ ਥਾਂ ਤੇ ਤੁਸੀਂ ਚਾਹੋ ਸੰਗਤ ਦੀ ਹਜੂਰੀ ਵਿੱਚ ਖੁੱਲੀ, ਜਨਤਕ ਅਤੇ ਕੌਮਾਂਤਰੀ ਚਰਚਾ ਕਰਵਾ ਲਵੋ, ਜਿਸ ਵਿੱਚ ਆਪ ਵੀ ਸ਼ਾਮਿਲ ਹੋ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਜੇ ਇਹ ਸਾਬਿਤ ਹੋ ਜਾਵੇ ਕਿ ਇਹ "ਕਿਤਾਬ" ਗੁਰੂ ਕ੍ਰਿਤ ਹੈ, ਤੇ ਅਸੀਂ ਇਸ ਦਾ ਵਿਰੋਧ ਕਰਨਾਂ ਉਸੇ ਵੇਲੇ ਛਡ ਦਿਆਂਗੇ ਅਤੇ, ਜੇ ਇਹ ਕਿਤਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਕੱਸਵਟੀ ਤੇ ਖਰੀ ਨਾਂ ਉਤਰੀ ਤੇ ਤੁਸੀਂ ਇਸ ਕਿਤਾਬ ਨੂੰ ਰੱਦ ਕਰਨ ਦਾ ਫਤਵਾ ਫੌਰਨ ਜਾਰੀ ਕਰ ਦੇਣਾਂ। ਜੇ ਤੁਸੀਂ ਇੱਨੇ ਕਾਨਫੀਡੇਂਸ ਨਾਲ ਇਸ ਤਕਰੀਰ ਵਿੱਚ ਕਹਿ ਰਹੇ ਹੋ ਕਿ "ਇਸ ਨੂੰ ਕਿਤਾਬ ਨਾਂ ਕਹੋ ਇਹ ਗੁਰੂ ਰਚਿਤ ਗ੍ਰੰਥ ਹੈ ....." ਤੇ ਫੇਰ ਇਹ ਕੌਮੀ ਚਰਚਾ ਕਰਵਾਉਣ ਵਿੱਚ ਤੁਹਾਨੂੰ, ਕਿਸ ਗਲ ਦਾ ਡਰ ਲਗਦਾ ਹੈ?

ਜੇ ਵਾਕਈ ਤੁਸੀਂ ਪੂਰੀ ਕੌਮ ਨੂੰ ਇਕ ਥਾਂ ਤੇ ਇਕੱਠਾ ਵੇਖਣਾਂ ਚਾਹੁੰਦੇ ਹੋ, ਤੇ ਸਾਡੀ ਇਸ ਚੁਨੌਤੀ ਨੂੰ ਤੁਸੀਂ ਸਵੀਕਾਰ ਕਰੋ ਤੇ ਇਸ ਮਸਲੇ ਨੂੰ ਹਲ ਕਰਨ ਵਿੱਚ ਅਪਣਾਂ ਯੋਗਦਾਨ ਪਾਉ। ਸਿਰਫ ਦਸਮ ਗ੍ਰੰਥੀਆਂ ਅਤੇ ਕੌਮ ਨੂੰ ਢਾਅ ਲਾ ਚੁਕੇ ਡੇਰੇਦਾਰਾਂ ਦੇ ਸਮਾਗਮਾਂ ਵਿੱਚ ਤਕਰੀਰਾਂ ਦੇਣ ਨਾਲ ਇਹ "ਕੂੜ ਕਿਤਾਬ" ਗੁਰੂ ਕ੍ਰਿਤ ਨਹੀਂ ਹੋ ਜਾਂਣੀ। ਇਸ ਲਈ ਕੌਮੀ ਪੱਧਰ ਤੇ ਕੋਈ ਉਪਰਾਲਾ ਕਰਨਾ ਪੈਣਾਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮਨਣ ਵਾਲੇ ਸਿੱਖਾਂ ਅਤੇ ਪੰਥ ਦਰਦੀਆਂ ਨੂੰ ਛੇਕਣ ਨਾਲੋਂ ਇਸ ਪਾਸੇ ਤੁਰੋ, ਤੇ ਸ਼ਾਇਦ ਕੌਮ ਦਾ ਕੋਈ ਭਲਾ ਹੋ ਸਕੇ।

ਤੁਸੀਂ ਇਸ ਤਕਰੀਰ ਦੀ ਸ਼ੁਰੂਆਤ ਵਿੱਚ ਅਪਣੇ ਹੋਰ ਚਾਰ ਸਾਥੀਆਂ (ਜਿਸ ਵਿੱਚ ਇਕ ਨੇ ਤਿਨ ਤਿਨ ਵਿਆਹ ਕੀਤੇ ਹੋਏ ਨੇ। ਦੂਜਾ ਹਜੂਰ ਸਾਹਿਬ ਤਖਤ ਉਤੇ ਸਿੱਖ ਰਹਿਤ ਮਰਿਯਾਦਾ ਦੀਆ ਧੱਜੀਆਂ ਉਡਾ ਰਿਹਾ ਹੈ, ਅਤੇ ਅਕਾਲ ਤਖਤ ਵਲੋ ਨਿਖੇਦੀ ਗਈ (ਸਾਡੇ ਕੋਲ ਅਕਾਲ ਤਖਤ ਸਾਹਿਬ ਦਾ ਉਹ ਹੁਕਮਨਾਮਾ ਮੌਜੂਦ ਹੈ ਜਿਸ ਵਿੱਚ ਆਰ. ਐਸ ਐਸ ਨੂੰ ਪੰਥ ਵਿਰੋਧੀ ਤਾਕਤ ਦਾ ਆਦੇਸ਼ ਜਾਰੀ ਕੀਤਾ ਹੋਇਆ ਹੈ ) "ਰਾਸ਼ਟ੍ਰੀਯ ਸਿੱਖ ਸੰਗਤ ਦਾ ਮੇਮਬਰ ਹੈ। ਐਸੇ ਲੋਕਾਂ ਨੂੰ ਤੁਸੀਂ ਕੌਮ ਦੇ ਅਹਿਮ ਫੈਸਲਿਆਂ ਵਿੱਚ ਕਿਸ ਅਧਾਰ ਤੇ ਸ਼ਾਮਿਲ ਕਰਦੇ ਹੋ? ਅਤੇ ਉਨਾਂ ਕੋਲੋਂ ਕੌਮੀ ਫੈਸਲਿਆ ਉਤੇ ਦਸਤਖਤ ਕਿਸ ਅਧਿਕਾਰ ਨਾਲ ਕਰਵਾਂਉਦੇ ਹੋ? ਸਿਰਫ ਇਸ ਲਈ ਕਿ ਉਹ ਤਖਤਾਂ ਉਪਰ ਕਾਬਿਜ ਹਨ ਅਤੇ ਇਸ ਕਿਤਾਬ ਨੂੰ ਗੁਰੂ ਕ੍ਰਿਤ ਮੰਨਦੇ ਹਨ??

ਤੁਸੀਂ ਅਪਣੀ ਤਕਰੀਰ ਦੀ ਸ਼ੁਰੂਆਤ ਵਿੱਚ ਹਰਨਾਮ ਸਿੰਘ ਧੁਮਾਂ ਦੇ ਨਾਮ ਤੋਂ ਪਹਿਲਾਂ ਉਨਾਂ ਨੂੰ "ਸੰਤ" ਕਹਿ ਕੇ ਸੰਬੋਧਿਤ ਕੀਤਾ ਹੈ, ਕੀ ਇਹ ਸਿੱਖ ਸਿਧਾਂਤਾਂ ਦੇ ਅਨੁਕੂਲ ਹੈ? ਕੀ ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ "ਸੰਤ" ਦੀ ਪਰਿਭਾਸ਼ਾ ਜਾਂ ਸਿਧਾਂਤ ਦਾ ਵੀ ਪਤਾ ਨਹੀਂ ਹੈ? ਕਿ "ਸੰਤ" ਕੌਣ ਹੈ?

ਗਿਆਨੀ ਜੀ! ਆਪ ਜੀ ਦੀ ਇਸ ਤਕਰੀਰ ਵਿੱਚ ਆਪ ਜੀ ਦੀ ਕਹੀਆਂ ਗਲਾਂ ਬਾਰੇ ਹੋਰ ਸਵਾਲ ਜਵਾਬ ਇਸ ਖਤ ਦੇ ਅਗਲੇ ਭਾਗ ਵਿੱਚ ਕਰਾਂਗੇ ......

ਚਲਦਾ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top