Share on Facebook

Main News Page

ਜਥੇਦਾਰ ਜੀ! ਨਵੇਂ ਗੁਰਦੁਆਰੇ ਤਾਂ ਬਿਨਾਂ ਅਕਾਲ ਤਖ਼ਤ ਦੀ ਮਨਜ਼ੂਰੀ ਦੇ ਨਹੀਂ ਬਣ ਸਕਦੇ, ਪਰ ਕੀ ਪੁਰਾਣੇ ਬਿਨਾਂ ਮਨਜੂਰੀ ਤੋਂ ਢਾਹੇ ਜਾ ਸਕਦੇ ਹਨ
-
ਭਾਈ ਬਲਦੇਵ ਸਿੰਘ ਸਿਰਸਾ

ਪੰਥ ਦਾ ਮਾਨ ਸਨਮਾਨ ਤੇ ਜਾਇਦਾਦ ਲੁੱਟਣ ਲਈ ਸਾਰੇ ਚੋਰ ਤੇ ਕੁੱਤੀ (ਪਹਿਰੇਦਾਰ) ਮਿਲੇ ਹੋਏ ਹਨ ਤੇ ਜਥੇਦਾਰ ਜੀ ਵੀ ਵੇਖ ਕੇ ਸਿਰਫ ਅੱਖਾਂ ਹੀ ਨਹੀਂ ਮੀਟ ਰਹੇ ਬਲਕਿ ਉਨ੍ਹਾਂ ਦੇ ਗੱਠਜੋੜ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ

ਬਠਿੰਡਾ, 25 ਜੁਲਾਈ, (ਕਿਰਪਾਲ ਸਿੰਘ): ਜਥੇਦਾਰ ਜੀ! ਨਵੇਂ ਗੁਰਦੁਆਰੇ ਤਾਂ ਬਿਨਾਂ ਅਕਾਲ ਤਖ਼ਤ ਦੀ ਮਨਜੂਰੀ ਦੇ ਨਹੀਂ ਬਣ ਸਕਦੇ ਪਰ ਕੀ ਪੁਰਾਣੇ ਬਿਨਾਂ ਮਨਜੂਰੀ ਤੋਂ ਢਾਹੇ ਜਾ ਸਕਦੇ ਹਨ? ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਲੋਹ ਵਿਖੇ ਦਿੱਤੇ ਬਿਆਨ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਡੇਰਾ ਬਿਆਸ ਮੁਖੀ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਅਤੇ ਮਜੀਠੀਆ ਦਾ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਵਿੱਚ ਅਹਿਮ ਸਥਾਨ ਹੈ, ਇਸ ਲਈ ਡੇਰਾ ਬਿਆਸ ਵਿਰੁਧ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਕੋਈ ਵੀ ਕਾਰਵਾਈ ਕਰਨ ਤੋਂ ਅਸਮਰਥ ਹਨ। ਆਪਣੀ ਅਸਮਰਥਾ ਨੂੰ ਛੁਪਾਉਣ ਲਈ ਤੱਥਾਂ ਨੂੰ ਤੋੜ ਮਰੋੜ ਕੇ ਸਿੱਖ ਜਗਤ ਦੀਆਂ ਅੱਖਾਂ ਪੂੰਝੀਆਂ ਜਾ ਰਹੀਆਂ ਹਨ। ਭਾਈ ਸਿਰਸਾ ਨੇ ਕਿਹਾ ਕਿ ਪਿੰਡ ਵੜੈਚ ਦੇ ਸਰਪੰਚ ਬਲਵਿੰਦਰ ਸਿੰਘ ਦਾ ਇਹ ਬਿਆਨ ਵੀ ਗੁੰਮਰਾਹਕੁਨ ਹੈ ਕਿ ਡੇਰੇ ਨੇ ਜ਼ਮੀਨ ਦੇ ਤਬਾਦਲੇ ਦੇ ਨਾਲ ਹੀ ਦਸ ਲੱਖ ਰੁਪਏ ਦਾ ਇਕ ਚੈਕ ਵੀ ਪਿੰਡ ਦੀ ਪੰਚਾਇਤ ਦੇ ਨਾਮ ’ਤੇ ਦਿਤਾ ਹੈ ਜਿਸ ਨਾਲ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੁੰਗਾ ਵੜੈਚਾਂ ਦੇ ਨਾਮ ’ਤੇ ਇਮਾਰਤ ਬਣਾ ਰਹੇ ਹਨ। ਅਤੇ ਇਹ ਕਹਿਣਾ ਕਿ 235 ਘਰਾਂ ਵਾਲੀ ਪੱਤੀ ਵਿਚ ਸਿਰਫ਼ ਇਕ ਹੀ ਘਰ ਬਚਿਆ ਸੀ ਜਦ ਉਹ ਵੀ ਡੇਰੇ ਨੇ ਖ਼ਰੀਦ ਲਿਆ ਤਾਂ ਸਾਰੀ ਪੱਤੀ ਬੇਚੀ ਗਈ ਹੋ ਗਈ ਸੀ।

ਭਾਈ ਸਿਰਸਾ ਨੇ ਸਵਾਲ ਕੀਤਾ ਕਿ ਪਾਕਿਸਤਾਨ ਵਿੱਚ ਬਹੁਤ ਸਾਰੇ ਗੁਰਦੁਆਰੇ ਰਹਿ ਗਏ ਹਨ ਜਿਸ ਦੇ ਆਸ ਪਾਸ ਕੋਈ ਸਿੱਖ ਅਬਾਦੀ ਨਹੀਂ ਹੈ ਤਾਂ ਕੀ ਉਹ ਢਾਹੇ ਜਾ ਸਕਦੇ ਹਨ? ਜੇ ਅਸੀਂ ਪਾਕਿਸਤਾਨ ਵਿੱਚ ਗੁਰਦੁਆਰੇ ਢਾਹੇ ਜਾਣੇ ਸਹਿਣ ਨਹੀਂ ਕਰ ਸਕਦੇ ਤਾਂ ਸਾਡੇ ਆਪਣੇ ਹੀ ਘਰ ਪੰਜਾਬ ਵਿਚ ਢਾਹ ਕੇ ਸਿਖਾਂ ਨੂੰ ਨੀਵਾਂ ਕਿਉਂ ਵਿਖਾਇਆ ਜਾ ਰਿਹਾ ਹੈ। ਦੂਸਰੀ ਗੱਲ ਇਹ ਹੈ ਕਿ ਜੇ ਸ਼੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਿਕ ਨਵਾਂ ਗੁਰਦੁਆਰਾ ਨਹੀਂ ਬਣਾਇਆ ਜਾ ਸਕਦਾ ਤਾਂ ਕੀ ਸਰਪੰਚ ਨੇ ਗੁਰਦੁਆਰੇ ਦੀ ਕੀਮਤ ਲੈ ਕੇ ਢਾਹੇ ਜਾਣ ਤੋਂ ਪਹਿਲਾਂ ਅਕਾਲ ਤਖ਼ਤ ਦੀ ਸਹਿਮਤੀ ਲਈ ਸੀ? ਤੀਸਰੀ ਗੱਲ ਇਸ ਗੁਰਦੁਆਰੇ ਨੂੰ ਢਾਹੇ ਜਾਣ ਦਾ ਰੌਲਾ 25 ਜੂਨ ਨੂੰ ਪੈ ਚੁੱਕਾ ਸੀ ਪਰ ਸਰਪੰਚ ਨੇ ਬਹਾਨਾ ਲੱਭਣ ਲਈ 26 ਜੂਨ ਨੂੰ ਡੇਰਾ ਬਿਆਸ ਨੂੰ ਚਿੱਠੀ ਲਿਖੀ ਕਿ ਉਨ੍ਹਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੁੰਗਾ ਵੜੈਚਾਂ ਦੇ ਨਾਮ ’ਤੇ ਇਮਾਰਤ ਬਣਾਉਣ ਲਈ ਸਹਾਇਤਾ ਦਿੱਤੀ ਜਾਵੇ ਤੇ ਬਦਲੇ ਵਿੱਚ ਪੱਤੀ ਵੜੈਚਾਂ ਦਾ ਮੌਜੂਦਾ ਗੁਰਦੁਆਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਵੇ। ਭਾਈ ਸਿਰਸਾ ਨੇ ਕਿਹਾ ਕਿ ਇਸ ਚਿੱਠੀ ਦੇ ਅਧਾਰ ’ਤੇ ਡੇਰੇ ਵੱਲੋਂ ਬਾਅਦ ਵਿੱਚ 10 ਲੱਖ ਦਾ ਚੈੱਕ ਦਿੱਤਾ ਗਿਆ ਪਰ ਹੁਣ ਸਿੱਖ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਇਨ੍ਹਾਂ ਤਰੀਕਾਂ ਦਾ ਬਿਨਾਂ ਵੇਰਵਾ ਦਿੱਤਿਆਂ ਡੇਰੇ ਦੀ ਧੱਕੇਸ਼ਾਹੀ ਨੂੰ ਜ਼ਾਇਜ਼ ਠਹਿਰਉਣ ਲਈ ਬਿਆਨ ਦਿੱਤੇ ਜਾ ਰਹੇ ਹਨ।

ਭਾਈ ਸਿਰਸਾ ਨੇ ਜਥੇਦਾਰ ਦੇ ਇਸ ਬਿਆਨ ਨੂੰ ਵੀ ਹਾਸੋਹੀਣਾ ਦੱਸਿਆ ਕਿ ਕਿਸਾਨਾਂ ਨੇ ਆਪਣੀ ਜਮੀਨ ਡੇਰੇ ਨੂੰ ਮਹਿੰਗੇ ਭਾਅ ਵੇਚ ਕੇ ਇੱਕ ਖੇਤ ਦੇ ਤਿੰਨ ਤਿੰਨ ਖੇਤ ਬਣਾ ਲਏ ਹਨ। ਉਨ੍ਹਾਂ ਪੁੱਛਿਆ ਜਥੇਦਾਰ ਜੀ ਦੱਸਣ ਕਿ ਕਿਸਾਨਾਂ ਕੋਲੋਂ ਥੋਹੜੀ ਜਿਹੀ ਜਮੀਨ ਮਹਿੰਗੇ ਭਾਅ ਖ੍ਰੀਦ ਕੇ ਸਾਰੀ ਪੱਤੀ ਬੇਚੀ ਗਈ ਦੱਸ ਕੇ ਜਿਹੜੀ ਪਿੰਡ ਦੀ ਹਜਾਰਾਂ ਏਕੜ ਸ਼ਾਮਲਾਤ ਜਮੀਨ ’ਤੇ ਡੇਰੇ ਨੇ ਨਜ਼ਾਇਜ਼ ਕਬਜ਼ਾ ਕਰ ਲਿਆ ਹੈ, ਉਸ ਦਾ ਪਿੰਡ ਨੂੰ ਕੀ ਇਵਜ਼ਾਨਾ ਮਿਲਿਆ? ਭਾਈ ਸਿਰਸਾ ਨੇ ਕਿਹਾ ਕਿ ਅਸਲ ਵਿੱਚ ਪੰਥ ਦਾ ਮਾਨ ਸਨਮਾਨ ਤੇ ਜਾਇਦਾਦ ਲੁੱਟਣ ਲਈ ਸਾਰੇ ਚੋਰ ਤੇ ਕੁੱਤੀ (ਪਹਿਰੇਦਾਰ) ਮਿਲੇ ਹੋਏ ਹਨ ਤੇ ਜਥੇਦਾਰ ਜੀ ਵੀ ਵੇਖ ਕੇ ਸਿਰਫ ਅੱਖਾਂ ਹੀ ਨਹੀਂ ਮੀਟ ਰਹੇ ਬਲਕਿ ਉਨ੍ਹਾਂ ਦੇ ਗੱਠਜੋੜ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top