Share on Facebook

Main News Page

ਬਾਦਲ ਦੀ ਸਾਜਿਸ਼ 'ਚ ਫਸੇ ਭਾਈ ਰਾਜੋਆਣਾ ਨੂੰ ਉਸ ਦੀ ਮਾਨਸਿਕ ਗੁਲਾਮੀ 'ਚੋਂ ਆਜ਼ਾਦ ਹੋਣ ਲਈ ਪ੍ਰੇਰਿਆ ਜਾਵੇ
-
ਚੈਨ ਸਿੰਘ ਟਰਾਂਟੋ

ਪੰਥ ਦਾ ਜਿੰਨਾ ਨੁਕਸਾਨ ਇਸ ਸਮੇਂ ਪੰਥਕ ਲਾਬਸ 'ਚ ਪ੍ਰਕਾਸ਼ ਸਿੰਘ ਬਾਦਲ ਕਰ ਰਿਹਾ ਹੈ, ਇਤਨਾ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਕੀਤਾ ਹੋਵੇ। ਉਸ ਦੀ ਨੀਤੀ ਤੇ ਕਾਰਗੁਜ਼ਾਰੀ ਕਾਰਣ ਇਸ ਸਮੇਂ ਸਮੁੱਚੀ ਕੌਮ ਸਾਹ ਸੱਤਹੀਣ ਹੋਈ ਪਈ ਹੈ ਤੇ ਕੋਈ ਵੀ ਨੇਤਾ ਕੌਮ ਨੂੰ ਇਸ ਨਿੱਘਰੀ ਹਾਲਤ ਵਿੱਚੋਂ ਬਾਹਰ ਕੱਢਣ ਦੇ ਸਮਰਥ ਨਹੀਂ ਜਾਪ ਰਿਹਾ। ੧੩ ਮਾਰਚ ਤੋਂ ੩੧ ਮਾਰਚ ੨੦੧੨ ਦੇ ਸਮੇਂ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਰੂਪ 'ਚ ਇੱਕ ਆਸ ਦੀ ਕਿਰਨ ਨਜ਼ਰ ਆ ਰਹੀ ਸੀ, ਕਿਉਂਕਿ ਪਿਛਲੇ ੧੭ ਸਾਲਾਂ ਤੋਂ ਜੇਲ੍ਹ ਵਿਚ ਬੈਠੇ ਹੋਣ ਅਤੇ ਮੌਤ ਦੇ ਵਰੰਟ ਜਾਰੀ ਹੋਣ ਦੇ ਬਾਵਯੂਦ ਵੀ ਉਨ੍ਹਾਂ ਵਲੋਂ ਕੌਮੀ ਨਿਸ਼ਾਨੇ ਅਤੇ ਸਿਧਾਂਤ 'ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਤੇ ਮੌਤ ਤੋਂ ਨਿਰਭਉ ਹੋਣ ਦਾ ਸਬੂਤ ਦਿੱਤਾ ਜਿਸ ਸਦਕਾ ਉਸ ਨੇ ਸਮੁੱਚੇ ਪੰਥ ਦੀ ਜ਼ਮੀਰ ਨੂੰ ਜਗਾ ਦਿੱਤਾ। ਸਾਰੀ ਕੌਮ ਉਨ੍ਹਾਂ ਦੀ ਇੱਕ ਅਵਾਜ਼ 'ਤੇ ਮਰ ਮਿਟਣ ਲਈ ਤਤਪਰ ਹੋ ਉਠੀ।

ਪ੍ਰਕਾਸ਼ ਸਿੰਘ ਬਾਦਲ ਦੀ ਹਮੇਸ਼ਾਂ ਇਹ ਨੀਤੀ ਰਹੀ ਹੈ ਕਿ ਇੱਕ ਸਾਜਿਸ਼ ਅਧੀਨ ਉਹ ਹਰ ਉਸ ਸਖ਼ਸ਼ੀਅਤ (ਸਿਵਾਏ ਭਾਈ ਜਰਨੈਲ ਸਿੰਘ ਭਿੰਡਰਾਂ ਵਾਲੇ), ਜਿਸ ਦੀ ਕੌਮ ਆਵਾਜ਼ ਸੁਣਨੀ ਸ਼ੁਰੂ ਕਰ ਦੇਵੇ ਉਸ ਨੂੰ ਕਿਸੇ ਸਾਜਿਸ਼ ਅਧੀਨ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਉਸ ਨੂੰ ਆਪਣੇ ਵਿਰੋਧੀਆਂ ਵਿਰੁਧ ਵਰਤਣ ਉਪ੍ਰੰਤ ਉਸ ਨੂੰ ਪ੍ਰਭਾਵਹੀਣ ਕਰਨ ਵੱਲ ਵਧ ਜਾਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਥ ਉਸ ਦੀ ਆਵਾਜ਼ ਸੁਣਨੀ ਬੰਦ ਕਰ ਦੇਵੇ। ਪਿਛਲੇ ਕੁਝ ਸਮੇਂ ਤੋਂ ਭਾਈ ਰਾਜੋਆਣਾ ਨਾਲ ਇਹੀ ਕੁਝ ਵਾਪਰ ਰਿਹਾ ਜਾਪਦਾ ਹੈ। ਮੈਂ ਉਨ੍ਹਾਂ ਦਾ ਵੱਡਾ ਸਮਰਥਕ ਹੋਣ ਦੇ ਨਾਤੇ ਗਾਹੇ ਬਗਾਹੇ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਨੂੰ ਮੇਰੀਆਂ ਉਕਤ ਭਾਵਨਾਵਾਂ ਭਾਈ ਰਾਜੋਆਣਾ ਤੱਕ ਪਹੁੰਚਾਉਣ ਦੀ ਬੇਨਤੀ ਕਰਦਾ ਰਿਹਾ। ਕੋਈ ਸੁਧਾਰ ਹੁੰਦਾ ਨਾ ਵੇਖ ਕੇ ਮੈਂ ਸਮਝਣ ਲੱਗਾ ਕਿ ਮੇਰੀਆਂ ਇਹ ਪੰਥਕ ਭਾਵਨਾਵਾਂ ਭਾਈ ਰਾਜੋਆਣਾ ਤੱਕ ਜੇਲ੍ਹ ਵਿੱਚ ਪੁਜਦੀਆਂ ਨਹੀਂ ਸਨ ਕੀਤੀਆਂ ਜਾ ਰਹੀਆਂ। ਇਸ ਲਈ ੨੫ ਜੂਨ ਨੂੰ ਮੈਂ ਹੇਠ ਲਿਖੀ ਚਿੱਠੀ ਭਾਈ ਰਾਜੋਆਣਾ ਨੂੰ ਜੇਲ੍ਹ ਦੇ ਸਿਰਨਾਵੇਂ 'ਤੇ ਡਾਕ ਰਾਹੀਂ ਭੇਜੀ ਤੇ ਈਮੇਲ ਰਾਹੀਂ ਭੈਣ ਕਮਲਦੀਪ ਕੌਰ ਨੂੰ ਭੇਜ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਹੋ ਸਕਦਾ ਹੈ ਕਿ ਜੇਲ੍ਹ ਅਧਿਕਾਰੀ ਇਸ ਚਿੱਠੀ ਨੂੰ ਸੈਂਸਰ ਕਰਨ ਉਪ੍ਰੰਤ ਉਸ ਤੱਕ ਪੁਜਦੀ ਨਾ ਕਰਨ ਇਸ ਲਈ ਮੇਰੀ ਇਹ ਚਿੱਠੀ ਭਾਈ ਸਾਹਿਬ ਤੱਕ ਪੁਜਦੀ ਕੀਤੀ ਜਾਵੇ ਤਾਂ ਕਿ ਉਹ ਇਸ ਸਬੰਧੀ ਸਪਸ਼ਟੀਕਰਨ ਦੇ ਕੇ ਪੰਥ ਵਿੱਚ ਉਪਜ ਰਹੇ ਸ਼ੰਕੇ ਦੂਰ ਕਰ ਸਕਣ। ਪਰ ਹੈਰਾਨੀ ਹੋਈ ਜਿਸ ਸਮੇਂ ਮੇਰੀ ਧੀਆਂ ਸਮਾਨ ਭੈਣ ਕਮਲਦੀਪ ਕੌਰ ਨੇ ਦੋ ਲਾਈਨਾਂ ਵਿੱਚ ਦਿੱਤੇ ਜਵਾਬ 'ਚ ਮੇਰੇ ਲਈ ਉਹ ਸ਼ਬਦਾਵਲੀ ਵਰਤੀ ਜਿਸ ਨੂੰ ਮੈਂ ਇੱਥੇ ਦੁਹਰਾਉਣ ਤੋਂ ਵੀ ਗੁਰੇਜ ਕਰ ਰਿਹਾ ਹਾਂ।

ਚਾਰ ਹਫਤੇ ਦੀ ਉਡੀਕ ਪਿੱਛੋਂ ਮੈਂ ਆਪਣੇ ਵੱਲੋਂ ਭਾਈ ਭਾਈ ਰਾਜੋਆਣਾ ਨੂੰ ਲਿਖੀ ਚਿੱਠੀ ਅਤੇ ਕਮਲਦੀਪ ਕੌਰ ਵੱਲੋਂ ਮੈਨੂੰ ਆਏ ਜਵਾਬ ਨੂੰ ਹੂਬਹੂ ਜਨਤਕ ਕਰਕੇ ਸਮੁੱਚੇ ਪੰਥ ਨੂੰ ਅਪੀਲ ਕਰਦਾ ਹਾਂ ਕਿ ਉਹ ਫੈਸਲਾ ਕਰਨ ਕਿ ਗਲਤੀ ਕਿੱਥੇ ਹੈ? ਕਦੀ ਐਸਾ ਤਾਂ ਨਹੀਂ ਕਿ ਕਮਲਦੀਪ ਕੌਰ ਖ਼ੁਦ ਹੀ ਸਾਜਿਸ ਰੂਪੀ ਗੰਦ ਦੇ ਕਿਸੇ ਵੱਡੇ ਕੁੰਡ ਵਿੱਚ ਡਿੱਗ ਪਈ ਹੈ ਤੇ ਉਸ ਨੂੰ ਸੰਘਰਸ਼ੀਲ ਹਰ ਜਥੇਬੰਦੀ ਸਮੇਤ ਹਰ ਉਹ ਪੰਥ ਦਰਦੀ ਜਿਹੜਾ ਉਸ ਨੂੰ ਨੇਕ ਸਲਾਹ ਦੇ ਬੈਠਾ ਹੋਵੇ, ਉਹ ਉਸ ਨੂੰ ਗੰਦ ਹੀ ਨਜ਼ਰ ਆਉਣ ਲੱਗ ਪੈਂਦਾ ਹੈ ਤੇ ਪੰਥਕ ਭਾਵਨਾਵਾਂ ਭਾਈ ਰਾਜੋਆਣਾ ਤੱਕ ਪੁਜਦੀਆਂ ਹੀ ਨਹੀਂ ਕੀਤੀਆਂ ਜਾਂਦੀਆਂ। ਭਾਰਤ ਵਿੱਚ ਰਹਿੰਦੇ ਕਿਸੇ ਪੰਥ ਦਰਦੀ ਨੂੰ ਵਿਸ਼ੇਸ਼ ਤੌਰ 'ਤੇ ਬੇਨਤੀ ਕਰਦਾ ਹਾਂ ਕਿ ਉਹ ਜੇਲ੍ਹ ਵਿੱਚ ਮੁਲਾਕਤ ਕਰਕੇ, ਜਾਣੇ ਅਣਜਾਣੇ ਬਾਦਲ ਦੀ ਸਾਜਿਸ਼ 'ਚ ਫਸੇ ਭਾਈ ਰਾਜੋਆਣਾ ਨੂੰ ਅਸਲੀਅਤ ਤੋਂ ਜਾਣੂ ਕਰਵਾ ਕੇ ਆਪਣਾ ਪੰਥਕ ਫਰਜ਼ ਅਦਾ ਕਰੇ।

ਚੈਨ ਸਿੰਘ, ਟਰਾਂਟੋ (ਕੈਨੇਡਾ)
ਫ਼ੋਨ ਨੰ: +੧ ੪੧੬ ੬੦੬ ੬੪੪੧ (416 606 6441)
ਮਿਤੀ 23 ਜੁਲਾਈ 2012


ਅਤੀ ਸਤਿਕਾਰਯੋਗ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ : ਵਾਹਿਗਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਹਰ ਸਮੇਂ ਦੀ ਵਾਹ ਵਾਹ ਤੁਹਾਡੀ ਪ੍ਰਤਿਭਾ ਨੂੰ ਰੁਸ਼ਨਾਉਣ ਵਿੱਚ ਸਹਾਈ ਨਹੀਂ ਹੋ ਸਕਦੀ

ਮਨੁੱਖੀ ਸੁਭਾਉ ਹੈ ਕਿ ਉਹ, ਉਹ ਗੱਲ ਹੀ ਸੁਣਨਾ ਤੇ ਪੜ੍ਹਨਾ ਚਾਹੁੰਦਾ ਹੈ ਜੋ ਉਸ ਦੀ ਸੋਚ ਅਤੇ ਅਪਣਾਏ ਗਏ ਸਟੈਂਡ ਨਾਲ ਮਿਲਦੀ ਹੋਵੇ ਜਾਂ ਉਸ ਵੱਲੋਂ ਮਿਥੇ ਗਏ ਵਿਰੋਧੀਆਂ ਦੇ ਵਿਰੋਧ ਵਿੱਚ ਜਾਂਦੀ ਹੋਵੇ ਪਰ ਜੇ ਉਸੇ ਵਿਅਕਤੀ ਨੂੰ ਕੋਈ ਐਸੀ ਸਲਾਹ ਦੇ ਦਿੱਤੀ ਜਾਵੇ ਜਿਹੜੀ ਉਸ ਵੱਲੋਂ ਅਪਣਾਈ ਸੋਚ ਅਤੇ ਲਏ ਗਏ ਸਟੈਂਡ ਨਾਲ ਮੇਲ ਨਾ ਖਾਂਦੀ ਹੋਵੇ ਤਾਂ ਉਹ ਸਲਾਹ ਬੇਸ਼ੱਕ ਕਿੰਨੀ ਵੀ ਸੱਚ ਦੇ ਨੇੜੇ ਕਿਉਂ ਨਾ ਹੋਵੇ ਜਾਂ ਆਪਣੀ ਜਥੇਬੰਦੀ, ਦੇਸ਼, ਕੌਮ ਅਤੇ ਸਮਾਜ ਲਈ ਲਾਭਦਾਇਕ ਕਿਉਂ ਨਾ ਹੋਵੇ, ਉਸ ਨੂੰ ਮੰਨਣਾ ਤਾਂ ਕੀ ਉਸ ਨੂੰ ਸੁਣਨਾ ਜਾਂ ਪੜ੍ਹਨਾ ਵੀ ਪਸੰਦ ਨਹੀਂ ਕਰਦਾ। ਪਰ ਸਿਆਣਿਆਂ ਦਾ ਕਥਨ ਹੈ ਕਿ ਜਿੰਨਾ ਚਿਰ ਤੁਸੀਂ ਸੱਚ ਸੁਣ ਕੇ ਆਪਣੀਆਂ ਗਲਤੀਆਂ ਅਤੇ ਅਸਫਲਤਾਵਾਂ ਲਈ ਦੂਸਰੇ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਖੁਦ ਨੂੰ ਦੋਸ਼ੀ ਠਹਿਰਾਉਣ ਦੇ ਸਮਰਥ ਨਹੀਂ ਹੋ ਜਾਂਦੇ ਉਤਨੀ ਦੇਰ ਨਾ ਤਾਂ ਤੁਸੀਂ ਵੱਡੇ ਬੰਦੇ ਬਣ ਸਕਦੇ ਹੋ ਅਤੇ ਨਾ ਹੀ ਮੰਨਣਯੋਗ ਸਫਲਤਾ ਪ੍ਰਾਪਤ ਕਰ ਸਕਦੇ ਹੋ। ਇਸ ਲਈ ਹਮੇਸ਼ਾਂ ਉਨ੍ਹਾਂ ਦੋਸਤਾਂ ਦਾ ਸਾਥ ਮਾਣੋ ਜੋ ਤੁਹਾਡੀਆਂ ਕਮਜੋਰੀਆਂ ਅਤੇ ਕਿਰਦਾਰ ਬਾਰੇ ਸੱਚ ਕਹਿੰਦੇ ਹੋਣ ਭਾਵੇਂ ਅਜਿਹਾ ਸੁਣਨਾ ਤੁਹਾਡੇ ਲਈ ਸੁਖਦਾਈ ਨਾ ਹੀ ਹੋਵੇ। ਹਰ ਸਮੇਂ ਦੀ ਵਾਹ ਵਾਹ ਤੁਹਾਡੀ ਪ੍ਰਤਿਭਾ ਨੂੰ ਰੁਸ਼ਨਾਉਣ ਵਿੱਚ ਸਹਾਈ ਨਹੀਂ ਹੋ ਸਕਦੀ।

ਮੈਂ ਆਪਣੇ ਤੋਂ ਹੀ ਗੱਲ ਸ਼ੁਰੂ ਕਰਨੀ ਜਿਆਦਾ ਬਿਹਤਰ ਸਮਝਾਂਗਾ। ੧੩ ਮਾਰਚ ੨੦੧੨, ਜਿਸ ਦਿਨ ਚੰਡੀਗੜ੍ਹ ਦੀ ਸ਼ੈਸ਼ਨ ਕੋਰਟ ਨੇ ਤੁਹਾਨੂੰ ਬੇਅੰਤ ਸਿੰਘ ਕਤਲ ਕਾਂਡ ਦੇ ਮਾਮਲੇ ਵਿੱਚ ਮਿਲੀ ਮੌਤ ਦੀ ਸਜਾ 'ਤੇ ੩੧ ਮਾਰਚ ੨੦੧੨ ਨੂੰ ਸੇਵੇਰੇ ੯ ਵਜੇ ਅਮਲ ਕਰਨ ਲਈ ਮੌਤ ਵਰੰਟ ਜਾਰੀ ਕੀਤੇ, ਉਸ ਸਮੇਂ ਤੱਕ ਮੈਨੂੰ ਤੁਹਾਡੇ ਵੱਲੋਂ ਕੀਤੇ ਗਏ ਮਹਾਨ ਕਾਰਨਾਮੇ ਬਾਰੇ ਨਾਮਾਤਰ ਹੀ ਸੂਝ ਸੀ। ਪਰ ੧੩ ਤੋਂ ੩੧ ਮਾਰਚ ਤੱਕ ਜਿਸ ਸਮੇਂ ਤੁਹਾਡੀਆਂ ਜੇਲ੍ਹ ਵਿੱਚੋਂ ਪ੍ਰਧਾਨ ਮੰਤਰੀ ਅਤੇ ਅਦਾਲਤਾਂ ਨੂੰ ਸੱਚ ਬਿਆਨਦਿਆਂ ਅਤੇ ਵੰਗਾਰ ਭਰੀਆਂ ਲਿਖੀਆਂ ਚਿੱਠੀਆਂ ਅਤੇ ਕੌਮ ਨੂੰ ਦਿੱਤੇ ਗਏ ਸੰਦੇਸ਼ ਮੀਡੀਏ ਵਿੱਚ ਛਪੇ ਤਾਂ ਜਿਉਂ ਜਿਉਂ ਉਹ ਚਿੱਠੀਆਂ ਤੇ ਸੰਦੇਸ਼ ਪੜ੍ਹਦਾ ਗਿਆ ਤਿਉਂ ਤਿਉਂ ਤੁਹਾਡੇ ਵੱਲੋਂ ਵਿਖਾਈ ਗਈ ਕੌਮੀ ਭਾਵਨਾ ਅਤੇ ਕੌਮੀ ਸਨਮਾਨ ਲਈ ਮੌਤ ਨੂੰ ਵੰਗਾਰਣ ਵਾਲੀ ਦ੍ਰਿੜਤਾ ਤੋਂ ਕਾਇਲ ਹੁੰਦਾ ਗਿਆ। ਤੁਹਾਡੇ ਵੱਲੋਂ ਪ੍ਰਗਟ ਕੀਤੇ ਗਏ ਕੌਮੀ ਜ਼ਜ਼ਬਾਤਾਂ ਅਤੇ ਦ੍ਰਿੜਤਾ ਕਾਰਨ ਧੁਰ ਅੰਦਰੋਂ ਤੁਹਾਡਾ ਸਮਰਥਕ ਬਣ ਗਿਆ। ਤੁਹਾਡਾ ਸਮਰਥਕ ਸਿਰਫ ਮੈਂ ਹੀ ਨਹੀਂ ਬਣਿਆ ਸਗੋਂ ਸਮੁੱਚਾ ਪੰਥ ਤੁਹਾਡੇ ਵੱਲੋਂ ਦਿਤੇ ਗਏ ਸੱਦੇ 'ਤੇ ਕੇਸਰੀ ਲਹਿਰ ਵਿੱਚ ਸ਼ਾਮਲ ਹੋ ਗਿਆ।

ਇਸ ਲਹਿਰ ਵਿੱਚ ਕੌਮ ਵੱਲੋਂ ਪ੍ਰਗਟ ਕੀਤੇ ਗਏ ਰੋਹ ਦਾ ਫੌਰੀ ਅਸਰ ਇਹ ਹੋਇਆ ਕਿ ਕੇਂਦਰੀ ਸਰਕਾਰ ਨੂੰ ਰਾਸ਼ਟਰਪਤੀ ਰਾਹੀਂ ਤੁਹਾਡੀ ਫਾਂਸੀ ਦੀ ਸਜਾ 'ਤੇ ਆਰਜੀ ਰੋਕ ਲਾਣੀ ਪਈ। ਇਹ ਕੌਮ ਲਈ ਇੱਕ ਵੱਡੀ ਜਿੱਤ ਸੀ। ਇਸ ਸਮੇਂ ਜੇ ਕੌਮ ਦਾ ਕੋਈ ਸਿਆਣਾ ਆਗੂ ਹੁੰਦਾ ਤਾਂ ਉਹ ਤੁਹਾਡੇ ਨਾਮ 'ਤੇ ਉਠੀ ਇਸ ਲਹਿਰ ਨੂੰ ਸਹੀ ਸੇਧ ਦੇ ਕੇ ਭਾਰਤੀ ਸਰਕਾਰ ਵਲੋਂ ਸਿੱਖਾਂ ਨਾਲ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਨੂੰ ਦੂਰ ਕਰਵਾ ਕੇ ਕੌਮ ਲਈ ਇਨਸਾਫ ਪ੍ਰਾਪਤ ਕਰਨ ਲਈ ਵਰਤ ਸਕਦਾ ਸੀ। ਪਰ ਬਦਕਿਸਮਤੀ ਇਹ ਕਿ ੩੧ ਮਾਰਚ ਲੰਘਦਿਆਂ ਹੀ ਤੁਹਾਡੇ ਅਤੇ ਕਿਸੇ ਵੇਲੇ ਤੁਹਾਡੀ ਸਹਿਯੋਗੀ ਰਹੀ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਕੁਝ ਕਾਰਕੁਨਾਂ ਅਤੇ ਸਮਰਥਕਾਂ ਵੱਲੋਂ ਇੱਕ ਦੂਸਰੇ ਵਿਰੁਧ ਦੂਸ਼ਨ ਲਾਉਣ ਨਾਲ ਵਿਵਾਦ ਵਧਦਾ ਗਿਆ ਜਿਸ ਨੇ ਮੇਰੇ ਸਮੇਤ ਸਮੁੱਚੇ ਪੰਥ ਨੂੰ ਦੁੱਖ ਪਹੁੰਚਾਇਆ ਤੇ ਦੁਬਿਧਾ ਵਿੱਚ ਪਾਇਆ। ਬੇਸ਼ੱਕ ਇਸ ਵਿਵਾਦ ਤੋਂ ਮੈਂ ਦੁਖੀ ਸੀ ਪਰ ਇਸ ਦੇ ਬਾਵਯੂਦ ਮੈਂ ਤੁਹਾਡਾ ਵੱਡਾ ਸਮਰਥਕ ਬਣਿਆ ਰਿਹਾ ਤੇ ਦੇਸ਼ ਵਿਦੇਸ਼ 'ਚ ਪੰਥਕ ਵਿਅਕਤੀਆਂ ਨੂੰ ਫ਼ੋਨ ਕਰਕੇ ਤੁਹਾਡਾ ਸਮਰਥਨ ਕਰਨ ਲਈ ਪ੍ਰੇਰਦਾ ਰਿਹਾ। ਇਸ ਵਿਵਾਦ ਦੌਰਾਣ ਕਈ ਵਿਦਵਾਨਾਂ ਨੇ ਤੁਹਾਡੇ ਹੱਕ ਵਿੱਚ ਲੇਖ ਲਿਖੇ ਤੇ ਅਵਾਜ਼ ਉਠਾਈ ਤੇ ਕਈਆਂ ਨੇ ਭਾਰੀ ਵਿਰੋਧ ਕੀਤਾ। ਉਸ ਸਮੇਂ ਜਿਸ ਨੇ ਵੀ ਤੁਹਾਡੇ ਹੱਕ ਵਿੱਚ ਲਿਖਿਆ ਉਸ ਨੂੰ ਪੜ੍ਹ ਕੇ ਮੈਨੂੰ ਬੜੀ ਖੁਸ਼ੀ ਹਾਸਲ ਹੁੰਦੀ ਤੇ ਮੈਂ ਵਿਸ਼ੇਸ਼ ਤੌਰ 'ਤੇ ਫ਼ੋਨ ਕਰਕੇ ਉਸ ਦੀ ਸੱਚ ਲਿਖਣ ਬਦਲੇ ਪ੍ਰਸੰਸਾ ਕਰਦਾ ਤੇ ਉਸ ਨੂੰ ਵਧਾਈ ਦਿੰਦਾ। ਪਰ ਤੁਹਾਡੇ ਵਿਰੁੱਧ ਜਾਣ ਵਾਲੀਆਂ ਲਿਖਤਾਂ ਮੈਨੂੰ ਬਹੁਤ ਹੀ ਦੁੱਖ ਪਹੁੰਚਾਉਂਦੀਆਂ ਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਫ਼ੋਨ ਕਰਕੇ ਉਨ੍ਹਾਂ ਨੂੰ ਧੜੇਵੰਦੀ ਦਾ ਸ਼ਿਕਾਰ ਹੋਣ ਜਾਂ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ੍ਹਣ ਵਾਲਾ ਦੱਸਦਾ।

ਤੁਹਾਡੇ ਵਿਰੋਧ ਵਿੱਚ ਲਿਖਣ ਵਾਲੇ ਲੇਖਕਾਂ ਦੀ ਦਲੀਲ ਹੁੰਦੀ ਸੀ ਕਿ ਭਾਈ ਰਾਜੋਆਣਾ ਸਿੱਖਾਂ ਦੀ ਅਜਾਦੀ ਲਈ ਚੱਲ ਰਹੇ ਸੰਘਰਸ਼ ਨੂੰ ਕਮਜੋਰ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਦਾ ਮੋਹਰਾ ਬਣ ਚੁੱਕਾ ਹੈ ਇਸ ਲਈ ਉਹ ਹਰ ਸੰਘਰਸ਼ੀਲ ਜਥੇਬੰਦੀ ਜਾਂ ਵਿਅਕਤੀ ਜਿਹੜੇ ਬਾਦਲ ਦੇ ਪੰਥ ਵਿਰੋਧੀ ਕਾਰਨਾਮਿਆਂ ਦਾ ਭਾਂਡਾ ਭੰਨਦੇ ਰਹਿੰਦੇ ਹਨ, ਉਨ੍ਹਾਂ 'ਤੇ ਪੰਥ ਵਿਰੋਧੀ ਸ਼ਕਤੀਆਂ ਨਾਲ ਮਿਲੇ ਹੋਣ ਦਾ ਦੋਸ਼ ਲਾ ਕੇ ਉਨ੍ਹਾਂ ਦੇ ਵਕਾਰ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਹੈ ਤੇ ਸਮੁੱਚੇ ਪੰਥ ਨੂੰ ਬਾਦਲ ਦਲ ਦਾ ਸਮਰਥਨ ਕਰਨ ਅਤੇ ਉਸ ਦੇ ਕਠਪੁਤਲੀ ਜਥੇਦਾਰਾਂ ਅੱਗੇ ਸਮਰਪਣ ਹੋਣ ਦੀਆਂ ਅਪੀਲਾਂ ਕਰਕੇ ਅਸਿੱਧੇ ਰੂਪ ਵਿੱਚ ਬਾਦਲ ਦੇ ਹੱਥ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ। ਇਸੇ ਕਾਰਣ ਜਿਸ ਬਾਦਲ ਦਲ ਅਤੇ ਉਸ ਦੇ ਕਠਪੁਤਲੀ ਜਥੇਦਾਰ, ਜਿਨ੍ਹਾਂ ਨੇ ਅੱਜ ਤੱਕ ਕਿਸੇ ਵੀ ਸੰਘਰਸ਼ੀਲ ਯੋਧੇ ਦੇ ਹੱਕ ਵਿੱਚ ਅਵਾਜ਼ ਨਹੀਂ ਉਠਾਈ ਉਹ ਤੁਹਾਡੇ ਹੱਕ ਵਿੱਚ ਡਟ ਕੇ ਬੋਲਦੇ ਹਨ ਤੇ ਤੁਹਾਨੂੰ ਜਿੰਦਾ ਸ਼ਹੀਦ ਦਾ ਅਵਾਰਡ ਦੇ ਦਿੱਤਾ ਹੈ। ਜਦੋਂ ਕਿ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਕਿਹਰ ਸਿੰਘ ਅਤੇ ਜਨਰਲ ਵੈਦਿਆ ਨੂੰ ਸੋਧਣ ਵਾਲੇ ਭਾਈ ਸੁਖਦੇਵ ਸਿੰਘ ਸੁੱਖਾ, ਹਰਜਿੰਦਰ ਸਿੰਘ ਜਿੰਦਾ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬਿਲਕੁਲ ਵੱਖਰਾ ਹੈ। ਪ੍ਰੋ: ਦਵਿੰਦਰ ਸਿੰਘ ਭੁੱਲਰ ਨੂੰ ਜਿੰਦਾ ਸ਼ਹੀਦ ਤਾਂ ਕੀ ਐਲਾਨਣਾ ਸੀ, ਉਨ੍ਹਾਂ ਨੂੰ ਤਾਂ ਪੰਜਾਬ ਦੀ ਜੇਲ੍ਹ ਵਿੱਚ ਬਦਲੇ ਜਾਣ ਦਾ ਵੀ ਉਨ੍ਹਾਂ ਨੂੰ ਖਤਰਨਾਕ ਅਪਰਾਧੀ ਦੱਸ ਕੇ ਬਾਦਲ ਨੇ ਵਿਰੋਧ ਕੀਤਾ ਸੀ।

ਬੇਸ਼ੱਕ ਮੇਰੀਆਂ ਨਜ਼ਰਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਕਠਪੁਤਲੀ ਜਥੇਦਾਰਾਂ ਦਾ ਕਿਰਦਾਰ ਹਮੇਸ਼ਾਂ ਸ਼ੱਕੀ ਰਿਹਾ ਹੈ ਪਰ ਫਿਰ ਵੀ ਤੁਹਾਡੇ 'ਤੇ ਬਾਦਲ ਨਾਲ ਅੰਦਰੂਨੀ ਤੌਰ 'ਤੇ ਮਿਲੇ ਹੋਣ ਦੇ ਦੋਸ਼ ਨਾਲ ਮੈਂ ਸਹਿਮਤ ਨਾ ਹੁੰਦਾ। ਮੇਰਾ ਖ਼ਿਆਲ ਸੀ ਕਿ ਤੁਸੀਂ ਪੰਥ ਦੀ ਹਰ ਸ਼੍ਰੋਮਣੀ ਸੰਸਥਾ 'ਤੇ ਕਾਬਜ਼ ਹੋਏ ਬਾਦਲ ਨੂੰ ਆਪਣੀ ਨੀਤੀ ਤਹਿਤ ਵਰਤ ਰਹੇ ਹੋ ਤੇ ਸਮਾਂ ਪਾ ਕੇ ਉਨ੍ਹਾਂ ਦੇ ਪਰਦੇ ਵੀ ਫਾਸ਼ ਕਰੋਗੇ। ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ ਤੁਹਾਡੀਆਂ ਅਪੀਲਾਂ ਤੇ ਚਿੱਠੀਆਂ ਨੂੰ ਗਹੁ ਨਾਲ ਵਾਚਣ ਦਾ ਯਤਨ ਕੀਤਾ ਤਾਂ ਤੁਹਾਡੇ ਵਿਰੋਧੀ ਲੇਖਕਾਂ ਅਤੇ ਵਿਅਕਤੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਵਿੱਚ ਕੁਝ ਕੁਝ ਸਚਾਈ ਜਾਪਣ ਲੱਗੀ। ਜਦੋਂ ਵੀ ਮੇਰੀ ਧੀਆਂ ਸਮਾਨ ਤੁਹਾਡੀ ਭੈਣ ਬੀਬੀ ਕਮਲਦੀਪ ਕੌਰ ਨੂੰ ਇਹ ਸਚਾਈ ਤੁਹਾਡੇ ਧਿਆਨ ਵਿੱਚ ਲਿਆ ਕੇ ਇਸ ਵਿੱਚ ਸੋਧ ਕਰਵਾਉਣ ਲਈ ਪ੍ਰੇਰਣ ਦਾ ਯਤਨ ਕੀਤਾ ਤਾਂ ਵਜਾਏ ਇਸ ਨੂੰ ਤੁਹਾਡੇ ਧਿਆਨ ਵਿੱਚ ਲਿਆਉਣ ਦੇ ਇਸ ਨੇਕ ਸਲਾਹ ਦਾ ਉਨ੍ਹਾਂ ਉਸੇ ਤਰ੍ਹਾਂ ਬੁਰਾ ਮਨਾਉਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਕਦੇ ਮੈਨੂੰ ਤੁਹਾਡੇ ਵਿਰੋਧੀ ਲੇਖਕਾਂ ਦੀਆਂ ਦਲੀਲਾਂ ਬੁਰੀਆਂ ਲਗਦੀਆਂ ਸਨ। ਉਨ੍ਹਾਂ ਦੇ ਇਸ ਵਤੀਰੇ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਸ਼ਾਇਦ ਪਹਿਲਾਂ ਮੈਂ ਖ਼ੁਦ ਵੀ ਇਸੇ ਕਮਜੋਰੀ ਦਾ ਸ਼ਿਕਾਰ ਸੀ ਕਿ ਆਪਣੇ ਮਨ ਵਿੱਚ ਬਣੀ ਧਾਰਣਾ ਦੇ ਵਿਰੁਧ ਕੋਈ ਦਲੀਲ ਸੁਣਨਾ ਪਸੰਦ ਨਹੀਂ ਸੀ ਕਰਦਾ। ਮੈਂ ਵਿਦੇਸ਼ ਵਿੱਚ ਬੈਠਾ ਹੋਣ ਕਰਕੇ ਅਤੇ ਤੁਸੀਂ ਜੇਲ੍ਹ ਵਿੱਚ ਬੈਠੇ ਹੋਣ ਕਰਕੇ ਤੁਹਾਡੇ ਨਾਲ ਸਿੱਧਾ ਸੰਪਰਕ ਕਰਨ ਤੋਂ ਅਸਮਰਥ ਹਾਂ ਇਸ ਲਈ ਲਿਖਤੀ ਪੱਤਰ ਰਾਹੀਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਕਿ ਆਮ ਸਿੱਖਾਂ ਦੇ ਮਨ ਵਿੱਚ ਉਪਜ ਰਹੇ ਸਵਾਲਾਂ ਦਾ ਸਪਸ਼ਟ ਉਤਰ ਦੇ ਕੇ ਪੰਥ ਵਿੱਚ ਫੈਲ ਰਹੀ ਦੁਬਿਧਾ ਤੇ ਨਿਰਾਸ਼ਤਾ ਦੂਰ ਕਰਕੇ ਪੰਥ ਨੂੰ ਚੜ੍ਹਦੀਕਲਾ ਵਿੱਚ ਲੈ ਜਾਇਆ ਜਾਵੇ। ਜੇ ਕਰ ਇਹ ਪੱਤਰ ਵੀ ਤੁਹਾਡੇ ਤੱਕ ਨਾ ਪਹੁੰਚਣ ਕਰਕੇ ਜਾਂ ਕਿਸੇ ਹੋਰ ਕਾਰਣ ਕਰਕੇ ਤੁਹਾਡੇ ਵੱਲੋਂ ਇੱਕ ਹਫਤੇ ਤੱਕ ਜਵਾਬ ਨਾ ਆਇਆ ਤਾਂ ਮੀਡੀਏ ਰਾਹੀਂ ਮੈਨੂੰ ਮਜਬੂਰਨ ਇਹ ਸਵਾਲ ਲੋਕ ਕਚਹਿਰੀ ਵਿੱਚ ਰੱਖਣੇ ਪੈਣਗੇ:

੧. ਤੁਸੀਂ ਪ੍ਰੋ: ਦਵਿੰਦਰ ਸਿੰਘ ਭੁੱਲਰ ਦੇ ਪ੍ਰਵਾਰ ਨੂੰ ਅਕਾਲ ਤਖ਼ਤ 'ਤੇ ਸਨਮਾਨਤ ਕੀਤੇ ਜਾਣ 'ਤੇ ਇਤਰਾਜ ਕੀਤਾ ਸੀ ਪਰ ਉਸੇ ਅਕਾਲ ਤਖ਼ਤ ਤੋਂ ਤੁਸੀਂ ਖ਼ੁਦ ਸਨਮਾਨ ਹਾਸਲ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹੋ। ਕੀ ਤੁਹਾਡਾ ਇਹ ਵਤੀਰਾ ਸਿੱਧ ਨਹੀਂ ਕਰਦਾ ਕਿ ਤੁਸੀਂ ਵੀ ਉਸੇ ਮਾਨ ਸਨਮਾਨ ਵਿੱਚ ਉਲਝੇ ਹੋਏ ਹੋ ਜਿਸਦਾ ਤੁਹਾਡੀਆਂ ਜੇਲ੍ਹ ਚਿੱਠੀਆਂ ਵਿੱਚ ਸਪਸ਼ਟ ਤੌਰ 'ਤੇ ਸਿਧਾਂਤਕ ਵਿਰੋਧ ਕੀਤਾ ਹੁੰਦਾ ਸੀ।

੨. ੧੯੮੪ ਦੀ ਯਾਦਗਰ ਬਣਾਉਣ ਅਤੇ ਤੁਹਾਨੂੰ ਜਿੰਦਾ ਸ਼ਹੀਦ ਦਾ ਰੁਤਬਾ ਦਿੱਤੇ ਜਾਣ ਦਾ ਕਾਂਗਰਸ ਪਾਰਟੀ ਵੱਲੋਂ ਵਿਰੋਧ ਕੀਤੇ ਜਾਣ 'ਤੇ ਤੁਸੀਂ ਕਾਂਗਰਸ ਪਾਰਟੀ ਤੇ ਇਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲਿਆ ਹੈ, ਜਿਸ ਨਾਲ ਮੈਂ ਸਹਿਮਤ ਹਾਂ। ਪਰ ਉਹੀ ਸਟੈਂਡ ਭਾਜਪਾ ਵਲੋਂ ਅਪਣਾਏ ਜਾਣ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੂਹਰਾ ਰੋਲ ਨਿਭਾਏ ਜਾਣ 'ਤੇ ਤੁਸੀਂ ਉਨ੍ਹਾਂ ਵਿਰੁਧ ਇੱਕ ਸ਼ਬਦ ਤੱਕ ਨਹੀਂ ਬੋਲਿਆ। ਕੀ ਤੁਹਾਡਾ ਇਹ ਰਵਈਆ ਇਹ ਸਿੱਧ ਨਹੀਂ ਕਰਦਾ ਕਿ ਤੁਸੀਂ ਧੜੇਵੰਦੀ ਦਾ ਸ਼ਿਕਾਰ ਹੋ ਕੇ ਬਾਦਲ ਦੀ ਚਾਲ ਅਨੁਸਾਰ ਚੱਲ ਰਹੇ ਹੋ?

੩. ਤੁਹਾਡੀ ਮੁਲਾਕਾਤ ਲਈ ਪਟਿਆਲਾ ਜੇਲ੍ਹ 'ਚ ਪਹੁੰਚੇ ਜਿਸ ਹਰਨਾਮ ਸਿੰਘ ਧੁੰਮਾ ਨੂੰ ਸਟੇਜੀ ਕਲਾਕਾਰ ਦੱਸ ਕੇ ਤੁਸੀਂ ਉਸ ਨਾਲ ਮੁਲਾਕਾਤ ਕਰਨ ਤੋਂ ਨਾਂਹ ਕਰ ਦਿੱਤੀ ਸੀ ਉਸੇ ਧੁੰਮੇ ਨੂੰ '੮੪ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਕਾਰ ਸੇਵਾ ਸੌਂਪੇ ਜਾਣ 'ਤੇ ਉਨ੍ਹਾਂ ਦੀ ਹਮਾਇਤ ਵਿੱਚ ਇਸ਼ਤਿਹਾਰ ਛਪਵਾ ਕੇ ਸਮੁਚੇ ਪੰਥ ਨੂੰ ਉਨ੍ਹਾਂ ਦਾ ਤਨ ਮਨ ਧਨ ਨਾਲ ਸਮਰਥਨ ਕਰਨ ਦੀਆਂ ਅਪੀਲਾਂ ਕੀਤੀਆਂ ਅਤੇ ਉਸ ਹੱਥੋਂ ਸਨਮਾਨ ਹਾਸਲ ਕੀਤਾ। ਜੇ ਕਦੀ ਭੈਣ ਕਮਲਦੀਪ ਕੌਰ ਜੀ ਨੂੰ ਧੁੰਮੇ ਦੀਆਂ ਕਰਤੂਤਾਂ ਦੱਸ ਕੇ ਉਸ ਨੂੰ ਆਰਐੱਸਅਐੱਸ ਦਾ ਏਜੰਟ ਹੋਣ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਨ੍ਹਾਂ ਨੇ ਉਸ ਸਬੰਧੀ ਸੁਣਨ ਦੀ ਬਜ਼ਾਏ ਬਾਕੀ ਦੀਆਂ ਪੰਥਕ ਜਥੇਬੰਦੀਆਂ ਦੀ ਨਿੰਦਾ ਸ਼ੁਰੂ ਕਰ ਦੇਣੀ। ਧੁੰਮੇ ਪ੍ਰਤੀ ਤੁਹਾਡੀ ਸੋਚ ਵਿੱਚ ਆਈ ਤਬਦੀਲੀ ਦਾ ਰਾਜ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।

੪. ਤੁਸੀਂ ਖ਼ੁਦ ਪੰਥਕ ਜਥੇਬੰਦੀਆਂ 'ਤੇ ਇਹ ਇਲਜ਼ਾਮ ਲਾਉਂਦੇ ਰਹੇ ਹੋ ਕਿ ਸੰਘਰਸ਼ ਦੇ ਨਾਮ 'ਤੇ ਉਨ੍ਹਾਂ ਨੇ ਕੌਮ ਕੋਲੋਂ ਕਰੋੜਾਂ ਰੁਪਏ ਇਕੱਤਰ ਕੀਤੇ ਪਰ ਕਿਸੇ ਸ਼ਹੀਦ ਦੇ ਪ੍ਰਵਾਰ ਦੀ ਕੋਈ ਮੱਦਦ ਨਹੀਂ ਕੀਤੀ। ਹੁਣ ਉਹ ਤੁਹਾਡੇ ਤੋਂ ਇਹ ਸਵਾਲ ਪੁੱਛਦੇ ਹਨ ਕਿ ਤੁਸੀਂ ਵੀ ਸ਼ੰਘਰਸ਼ ਦੇ ਨਾਮ 'ਤੇ ਪੰਥ ਦਰਦੀਆਂ ਨੂੰ ਆਰਥਿਕ ਸਹਾਇਤਾ ਦੇਣ ਦੀ ਅਪੀਲ ਕੀਤੀ। ਤੁਹਾਡੀ ਆਪਣੀ ਵੈੱਬ ਸਾਈਟ ਹੀ ਦਸਦੀ ਹੈ ਕਿ ਤੁਹਾਡੀ ਇਸ ਅਪੀਲ 'ਤੇ ਤੁਹਾਡੀ ਭੈਣ ਕਮਲਦੀਪ ਕੌਰ ਦੇ ਖਾਤੇ ਵਿੱਚ ਇੱਕ ਕਰੋੜ ੩੦ ਲੱਖ ਤੋਂ ਵੱਧ ਪੈਸੇ ਆ ਚੁੱਕੇ ਹਨ। ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਖਾਤੇ ਵਿੱਚੋਂ ਸੰਘਰਸ਼ 'ਤੇ ਕੀਤੇ ਗਏ ਖਰਚੇ ਅਤੇ ਸ਼ਹੀਦ ਪ੍ਰਵਾਰਾਂ ਨੂੰ ਤੁਹਾਡੇ ਵੱਲੋਂ ਕੀਤੀ ਆਰਥਿਕ ਸਹਾਇਤਾ ਦਾ ਵੇਰਵਾ ਦੇ ਕੇ ਪੰਥ ਦੀ ਸੰਤੁਸ਼ਟੀ ਕਰਵਾਈ ਜਾਵੇ ਕਿ ਤੁਸੀਂ ਪੰਥ ਦੇ ਪੈਸੇ ਨੂੰ ਨਿਰੋਲ ਪੰਥਕ ਹਿਤਾਂ ਲਈ ਹੀ ਵਰਤ ਰਹੇ ਹੋ।

੫. ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਅਤੇ ਪੰਥਕ ਜਥੇਬੰਦੀਆਂ ਨੂੰ ਦੋ ਵਾਰ ਇਸ਼ਤਿਹਾਰ ਰਾਹੀਂ ਬੇਨਤੀ ਕਰ ਚੁੱਕੇ ਹੋ ਕਿ ਪੰਥ ਦੁਸ਼ਮਣ ਜਮਾਤ ਕਾਂਗਰਸ ਅਤੇ ਇਸ ਦੁਆਰਾ ਸਿੱਖ ਕੌਮ 'ਤੇ ਕੀਤੇ ਗਏ ਹਮਲੇ ਦਾ ਸਮਰਥਨ ਕਰ ਰਹੀ ਭਾਜਪਾ ਦਾ ਰਾਜਨੀਤਕ ਤੌਰ 'ਤੇ ਮੁਕੰਬਲ ਬਾਈਕਾਟ ਕਰਨ ਲਈ ਹੁਕਮਨਾਮਾ ਜਾਰੀ ਕੀਤਾ ਜਾਵੇ। ਤੁਸੀਂ ਜਥੇਦਾਰ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਦਾਇਤ ਕਰੇ ਕਿ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਤੁਰੰਤ ਡੀਜੀਪੀ ਪੰਜਾਬ ਦੇ ਆਹੁਦੇ ਤੋਂ ਫਾਰਗ ਕਰੇ ਤਾਂ ਕਿ ਦੁਸ਼ਮਣਾਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਾ ਸਕੇ। ਤੁਹਾਡੀ ਇਸ ਪਹਿਲੀ ਹੀ ਕਾਲ ਦਾ ਉਨ੍ਹਾਂ ਪੰਥਕ ਜਥੇਬੰਦੀਆਂ ਜਿਨ੍ਹਾਂ 'ਤੇ ਤੁਸੀਂ ਦੁਸ਼ਮਣ ਜਮਾਤ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦੇ ਹੋ, ਨੇ ਤਾਂ ਪੂਰਾ ਸਤਿਕਾਰ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਹੁਕਮਨਾਮਾ ਜਾਰੀ ਕਰਨ ਦੀ ਲਿਖਤੀ ਬੇਨਤੀ ਕਰ ਦਿੱਤੀ ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਧੁੰਮਾ ਅਤੇ ਬਾਦਲ ਦਲ ਜਿਨ੍ਹਾਂ ਦਾ ਤੁਸੀਂ ਸਮਰਥਨ ਕਰਦੇ ਹੋ ਤੇ ਬਾਕੀਆਂ ਨੂੰ ਸਮਰਥਨ ਕਰਨ ਲਈ ਪ੍ਰੇਰਦੇ ਹੋ, ਨੇ ਤੁਹਾਡੇ ਵੱਲੋਂ ਕੀਤੀਆਂ ਦੋਵੇਂ ਅਪੀਲਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਕੇ ਨਕਾਰ ਦਿੱਤਾ।

੬. ਤੁਹਾਡੀ ਇੱਕ ਕਾਲ 'ਤੇ ਸਮੁੱਚਾ ਪੰਥ ਕੇਸਰੀ ਨਿਸ਼ਾਨ ਫੜ ਕੇ ਸੜਕਾਂ 'ਤੇ ਨਿਕਲ ਆਇਆ ਤੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦੀ ਦਾ ਜਾਮ ਤੱਕ ਪੀ ਗਿਆ। ਪਰ ਉਸੇ ਭਾਈ ਜਸਪਾਲ ਸਿੰਘ ਦੇ ਕਾਤਲਾਂ ਵਿਰੁਧ ਕਾਰਵਾਈ ਕਰਵਾਉਣ ਲਈ ਕੇਸਰੀ ਨਿਸ਼ਾਨ ਫੜ ਕੇ ਸੜਕਾਂ 'ਤੇ ਆਉਣ ਦਾ ਸੱਦਾ ਤੁਸੀਂ ਉਸ ਸਮੇਂ ਤੱਕ ਨਹੀਂ ਦਿੱਤਾ ਜਦੋਂ ਤੱਕ ਕਿ ਸ਼ਹੀਦ ਭਾਈ ਜਸਪਾਲ ਸਿੰਘ ਦੇ ਪਿਤਾ ਜੀ, ਦਾਦਾ ਜੀ, ਮਾਤਾ ਜੀ ਅਤੇ ਭੈਣ ਤੁਹਾਨੂੰ ਖ਼ੁਦ ਜੇਲ੍ਹ 'ਚ ਮੁਲਾਕਾਤ ਕਰਕੇ, ਤੁਹਾਨੂੰ ਇਹ ਅਪੀਲ ਕਰਨ ਲਈ ਬੇਨਤੀ ਨਹੀਂ ਕੀਤੀ। ਫਿਰ ਉਹ ਕਿਹੜੇ ਕਾਰਣ ਹਨ ਕਿ ਤੁਹਾਡੀ ਇਸ ਅਪੀਲ 'ਤੇ ਉਨ੍ਹਾਂ ਪੰਥਕ ਜਥੇਬੰਦੀਆਂ, ਜਿਨ੍ਹਾਂ 'ਤੇ ਤੁਸੀਂ ਦੁਸ਼ਮਣ ਕਾਂਗਰਸ ਪਾਰਟੀ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦੇ ਹੋ ਨੇ ਤਾਂ ਫੁੱਲ ਚੜ੍ਹਾਉਂਦਿਆਂ ਇਨਸਾਫ਼ ਮਾਰਚ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਹਰਨਾਮ ਸਿੰਘ ਧੁੰਮਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਮੇਤ ਅਕਾਲੀ ਦਲ ਬਾਦਲ ਦੇ ਸਭ ਆਗੂਆਂ ਤੇ ਵਰਕਰਾਂ ਨੇ ਤੁਹਾਡੀ ਕਾਲ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਕੇ ਨਕਾਰ ਦਿੱਤਾ ਤੇ ਇਨ੍ਹਾਂ ਵਿੱਚੋਂ ਕੋਈ ਵੀ ਇਨਸਾਫ਼ ਮਾਰਚ 'ਚ ਸ਼ਾਮਲ ਨਾ ਹੋਇਆ। ਇਸ ਦੇ ਬਾਵਯੂਦ ਉਹ ਕਿਹੜੇ ਕਾਰਣ ਹਨ ਕਿ ਤੁਸੀਂ ਹਮੇਸ਼ਾਂ ਇਨ੍ਹਾਂ ਦੇ ਹੱਕ ਵਿੱਚ ਹੀ ਬੋਲਦੇ ਹੋ ਤੇ ਤੁਹਾਨੂੰ ਇਹ ਚੇਤਾ ਕਰਵਾਉਣ ਵਾਲੇ, ਕਿ ਇਹ ਸਾਰੇ ਆਰਐੱਸਐੱਸ ਦੇ ਪੱਕੇ ਏਜੰਟ ਹਨ, ਦਾ ਤੁਹਾਡੀ ਭੈਣ ਕਮਲਦੀਪ ਕੌਰ ਜੀ ਬਹੁਤ ਹੀ ਬੁਰਾ ਮਨਾਉਂਦੀ ਹੈ। ਜਿਸ ਤਰ੍ਹਾਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਤੁਸੀਂ ਦ੍ਰਿੜਤਾ ਨਾਲ ਸਟੈਂਡ ਲਿਆ ਉਸੇ ਦ੍ਰਿੜਤਾ ਨਾਲ ਸ਼ਹੀਦ ਭਾਈ ਜਸਪਾਲ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਿਉਂ ਕੋਈ ਕਦਮ ਨਹੀਂ ਪੁੱਟਿਆ ਜਾ ਰਿਹਾ?

੭. ਸ਼ਹੀਦ ਭਾਈ ਨਰਪਿੰਦਰ ਸਿੰਘ ਗੋਲਡੀ ਦੀ ਬਰਸੀ ਮੌਕੇ ੨੪ ਜੂਨ ਨੂੰ ਤੁਸੀਂ ਘੱਟ ਤੋਂ ਘੱਟ ਤਿੰਨ ਮੁੱਖ ਅਖ਼ਬਾਰ ਅਜੀਤ, ਸਪੋਕਸਮੈਨ, ਪਹਿਰੇਦਾਰ ਵਿੱਚ ਇਸ਼ਤਿਹਾਰ ਛਾਪ ਕੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ੨੫ ਜੂਨ ਦਿਨ ਸੋਮਵਾਰ ਨੂੰ ਸਵੇਰੇ ੧੦ ਵਜੇ ਪਹੁੰਚਣ। ਤੁਹਾਡੀ ਇਹ ਬੇਨਤੀ ਤਕਰੀਬਨ ਸਾਰੀਆਂ ਧਿਰਾਂ ਵੱਲੋਂ ਅਣਗੌਲੀ ਕੀਤੀ ਗਈ ਤੇ ਧੁੰਮਾਂ ਤੇ ਜਥੇਦਾਰ ਸਮੇਤ ਕਿਸੇ ਨੇ ਵੀ ਉਥੇ ਪਹੁੰਚਣ ਦੀ ਖੇਚਲ ਨਹੀਂ ਕੀਤੀ। ਬਰਸੀ ਦੇ ਭੋਗ ਮੌਕੇ ਪ੍ਰਵਾਰ ਦੇ ਨਿਜੀ ਸੱਦੇ 'ਤੇ ਸਿਰਫ ਕੋਠੇ ਪਿਪਲੀ ਦੇ ਲਗਪਗ ੧੫੦ ਕੁ ਮਰਦ ਔਰਤ ਹੀ ਸ਼ਾਮਲ ਸਨ ਤੇ ਮੁੱਖ ਪਿੰਡ ਮਹਿਰਾਜ ਜਿਸ ਦੇ ਇਹ ਕੋਠੇ ਹਨ ਉਥੋਂ ਵੀ ੪-੫ ਵਿਅਕਤੀਆਂ ਤੋਂ ਵੱਧ ਨਹੀਂ ਸਨ। ਬਾਹਰੋਂ ਜੋ ੪-੫ ਵਿਅਕਤੀ ਆਏ ਸਨ ਉਹ ਵੀ ਤੁਹਾਡੇ ਇਸ਼ਤਿਹਾਰ ਪੜ੍ਹ ਕੇ ਨਹੀਂ ਬਲਕਿ ਨਿਜੀ ਸੱਦੇ 'ਤੇ ਹੀ ਆਏ ਸਨ। ਇਸ ਦਾ ਭਾਵ ਹੈ ਕਿ ਜਿੰਦਾ ਸ਼ਹੀਦ ਦੇ ਸੱਦੇ ਨੂੰ ਕੌਮ ਨੇ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ। ਮੈਂ ਸਮਝਦਾ ਹਾਂ ਕਿ ਇਸ ਦਾ ਮੁਖ ਕਾਰਣ ਇਹ ਹੈ ਕਿ ਆਮ ਸਿੱਖ ਇਹ ਸਮਝਣ ਲੱਗ ਪਏ ਹਨ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਮੋਹਰੇ ਬਣ ਚੁੱਕੇ ਹੋ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਿੱਖਾਂ ਵਿੱਚ ਫੈਲ ਰਹੀ ਇਸ ਸ਼ੰਕਾ ਨੂੰ ਦੂਰ ਕਰਨ ਲਈ ਆਪਸੀ ਵਿਵਾਦ ਵਿੱਚੋਂ ਨਿਕਲ ਕੇ ਕੌਮੀ ਹਿੱਤਾਂ ਵਿੱਚ ਕੌਮ ਨੂੰ ਕੋਈ ਪ੍ਰੋਗਰਾਮ ਦਿੱਤਾ ਜਾਵੇ ਜੀ।

੮. ੨੧ ਅਪ੍ਰੈਲ ਪਿਛੋਂ ਤੁਹਾਡੀ ਇਹ ਲਗਾਤਾਰ ਚੌਥੀ ਕਾਲ ਹੈ ਜਿਸ ਨੂੰ ਉਨ੍ਹਾਂ ਧਿਰਾਂ ਨੇ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਿਨ੍ਹਾਂ ਨੂੰ ਤੁਸੀਂ ਆਪਣਾ ਆਪ ਪੂਰੀ ਤਰ੍ਹਾਂ ਸਮਰਪਣ ਕੀਤਾ ਹੋਇਆ ਹੈ ਤੇ ਸਮੁੱਚੇ ਪੰਥ ਨੂੰ ਸਮਰਪਣ ਹੋਣ ਲਈ ਕਹਿੰਦੇ ਹੋ। ਕੀ ਇਹ ਵਰਤਾਰਾ ਸਿੱਧ ਨਹੀਂ ਕਰਦਾ ਕਿ ਤੁਸੀਂ ਗਲਤ ਧਿਰ ਦੀ ਹਮਾਇਤ ਕਰ ਰਹੇ ਹੋ? ਬਾਦਲ ਦੀ ਹਮੇਸ਼ਾਂ ਇਹ ਨੀਤੀ ਰਹੀ ਹੈ ਕਿ ਕੌਮ ਵਿੱਚ ਉਭਰ ਰਹੀ ਸਖ਼ਸ਼ੀਅਤ ਨੂੰ ਇੱਕ ਸਾਜਿਸ਼ ਅਧੀਨ ਆਪਣੇ ਨਾਲ ਮਿਲਾ ਲੈਂਦਾ ਹੈ। ਆਪਣੇ ਹਿੱਤਾਂ ਲਈ ਵਰਤਣ ਪਿੱਛੋਂ ਉਸ ਨੂੰ ਪ੍ਰਭਾਵਹੀਣ ਕਰਕੇ ਨਾ ਘਰ ਦਾ ਨਾ ਘਾਟ ਦਾ ਛੱਡਦਾ ਹੈ। ਮੈਨੂੰ ਲੱਗ ਰਿਹਾ ਹੈ ਕਿ ਇਹੀ ਕੁਝ ਤੁਹਾਡੇ ਨਾਲ ਵਾਪਰਨ ਜਾ ਰਿਹਾ ਹੈ। ਜੇ ਐਸਾ ਹੋ ਗਿਆ ਤਾਂ ਇਹ ਸਿਰਫ ਤੁਹਾਡੇ ਲਈ ਹੀ ਨਹੀਂ ਬਲਕਿ ਸਮੁੱਚੀ ਕੌਮ ਲਈ ਘਾਤਕ ਸਿੱਧ ਹੋਵੇਗਾ ਕਿਉਂਕਿ ਕੋਈ ਐਸੀ ਸਖ਼ਸ਼ੀਅਤ ਰਹਿ ਹੀ ਨਹੀਂ ਜਾਵੇਗੀ ਜਿਸ ਦੀ ਆਵਾਜ਼ 'ਤੇ ਸਮੁੱਚੀ ਕੌਮ ਇਕੱਠੀ ਹੋ ਸਕੇ।

ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਪ੍ਰਸ਼ਨਾਂ ਦੇ ਉਤਰ ਦੇ ਕੇ ਮੇਰੇ ਸਮੇਤ ਸਮੁਚੇ ਪੰਥ ਦੇ ਸ਼ੰਕੇ ਨਵਿਰਤ ਕੀਤੇ ਜਾਣ ਜੀ। ਤੁਹਾਡੇ ਸ਼ਪਸ਼ਟੀਕਰਨ ਦੀ ਅਣਹੋਂਦ ਵਿੱਚ ਹੁਣ ਤੱਕ ਤੁਹਾਡੀ ਅਲੋਚਨਾ ਕਰ ਰਹੇ ਪੰਥ ਦਰਦੀਆਂ ਨੂੰ ਗਲਤ ਦੱਸਣ ਦੀ ਗਲਤੀ ਦਾ ਅਹਿਸਾਸ ਤਾਂ ਮੈਂ ਪਹਿਲਾਂ ਹੀ ਕਰ ਚੁੱਕਾ ਹਾਂ ਪਰ ਜੇ ਕਰ ਹੁਣ ਵੀ ਤੁਸੀਂ ਸਪਸ਼ਟੀਕਰਣ ਦੇਣ ਤੋਂ ਟਾਲਾ ਵੱਟੀ ਰੱਖਿਆ ਤਾਂ ਮੈਨੂੰ ਤੁਹਾਡਾ ਕੱਟੜ ਸਮਰਥਕ ਬਣਨ ਦੀ ਗਲਤੀ ਵੀ ਜਨਤਕ ਤੌਰ 'ਤੇ ਸਵੀਕਾਰਨੀ ਪਏਗੀ। ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਕਿ ੨੦ਵੀਂ ਸਦੀ ਦੇ ਮਹਾਨ ਸ਼ਹੀਦ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਤੁਸੀਂ ਪਹਿਲੇ ਮਹਾਨ ਸਿੱਖ ਹੋਏ ਹੋ, ਜਿਸ ਦੀ ਆਵਾਜ਼ ਸਮੁੱਚੇ ਪੰਥ ਨੇ ਸੁਣਨੀ ਸ਼ੁਰੂ ਕੀਤੀ ਸੀ। ਪਰ ਤੁਹਾਡੀ ਇੱਕ ਪਾਸੜ ਸੋਚ ਕਾਰਣ ਬਹੁਤ ਛੇਤੀ ਹੀ ਪਾਸਾ ਪਲਟਦਾ ਨਜ਼ਰ ਆ ਰਿਹਾ ਹੈ, ਜਿਸ ਕਾਰਣ ਤੁਹਾਡਾ ਕੱਟੜ ਸਮਰਥਕ ਹੋਣ ਦੇ ਨਾਤੇ ਮੈਨੂੰ ਸਭ ਤੋਂ ਵੱਧ ਦੁੱਖ ਹੋ ਰਿਹਾ ਹੈ। ਮੈਂ ਤੁਹਾਥੋਂ ਆਸ ਕਰਦਾ ਹਾਂ ਕਿ ਹੁਣ ਵੀ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਤੇ ਤੁਹਾਨੂੰ ਇਸ ਪੱਤਰ ਰਾਹੀਂ ਦਿੱਤੀਆਂ ਗਈਆਂ ਸਲਾਹਾਂ 'ਤੇ ਮੁੜ ਗੌਰ ਕਰਕੇ ਬਾਦਲ ਦਲ, ਉਸ ਦੇ ਕਠਪੁਤਲੀ ਜਥੇਦਾਰਾਂ ਅਤੇ ਧੁੰਮੇ ਨੂੰ ਦਿੱਤੇ ਜਾ ਰਹੇ ਇੱਕ ਪਾਸੜ ਸਮਰਥਨ ਵਿੱਚ ਤਬਦੀਲੀ ਕਰਕੇ ਪੰਥ ਨੂੰ ਸਹੀ ਸੇਧ ਦੇਣ ਦਾ ਉਪ੍ਰਾਲਾ ਕਰੋਗੇ।

ਆਪ ਜੀ ਵਲੋਂ ਚੰਗੇ ਸੁਨੇਹੇ ਦੀ ਉਮੀਦ 'ਚ
ਆਪ ਜੀ ਦਾ ਵੀਰ
ਚੈਨ ਸਿੰਘ, ਟਰਾਂਟੋ (ਕੈਨੇਡਾ)
ਫ਼ੋਨ ਨੰ: +੧੪੧੬੬੦੬੬੪੪੧
ਮਿਤੀ ੨੫ ਜੂਨ ੨੦੧੨


ਭੈਣ ਕਮਲਦੀਪ ਕੌਰ ਵੱਲੋਂ ਈਮੇਲ ਰਾਹੀਂ ਮੈਨੂੰ ਮਿਲਿਆ ਜਵਾਬ:-

ਬਾਬਾ ਜੀ, ਮੈਨੂੰ ਅਫ਼ਸੋਸ ਹੈ ਕਿ ਮੈਂ ਉਹਨਾਂ ਹਾਲਾਤਾਂ ਵਿੱਚ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਤੁਹਾਨੂੰ ਟਾਇਮ ਦੇ ਕੇ ਤੁਹਾਡੇ ਨਾਲ ਗੱਲ ਕੀਤੀ। ਬਾਬਾ ਜੀ, ਤੁਸੀਂ ਵੀ ਯਾਦਗਾਰ ਦਾ ਵਿਰੋਧ ਕਰਨ ਵਾਲੇ ਦਿੱਲੀ ਦੇ ਤਖ਼ਤ ਨੂੰ ਸਮਰਪਿਤ ਉਸੇ ਗੰਦਗੀ ਦਾ ਹਿੱਸਾ ਨਿਕਲੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top