Share on Facebook

Main News Page

"ਦੇਹਿ ਸ਼ਿਵਾ ਬਰ ਮੋਹਿ..." ਗੀਤ ਜਦ ਵਿਵਾਦਤ ਬਣ ਗਿਆ ਅਤੇ ਇਹ ਸਾਬਤ ਹੋ ਗਿਆ, ਕਿ ਇਹ ਦੇਵੀ ਪੂਜਕ ਰਚਨਾ ਹੈ ਤਾਂ ਹੁਣ ਇਸ ਨੂੰ ਕੌਮੀ ਗੀਤ ਬਣਾਉਣ ਦੀ ਮੰਗ ਕਿਉਂ?
-
ਸ. ਉਪਕਾਰ ਸਿੰਘ ਫਰੀਦਾਬਾਦ

* ਦੇਹਿ ਸ਼ਿਵਾ ਬਰ ਮੋਹਿ ਗੁਰੁ ਗੋਬਿੰਦ ਸਿੰਘ ਜੀ ਦੀ ਨਹੀਂ, ਸਗੋਂ ਦੇਵੀ ਭਗਤ ਕਵੀ ਸਿਆਮ ਦੀ ਰਚਨਾ ਹੈ

(ਸਤਨਾਮ ਕੌਰ, ਫਰੀਦਾਬਾਦ 22 ਜੁਲਾਈ 2012)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਸਪੋਕਸਮੈਨ ਵਿਚ ਛਪੀ ਖਬਰ “ਦੇਹਿ ਸ਼ਿਵਾ ਬਰ ਮੋਹਿ ਨੂੰ ਕੌਮੀ ਗਾਨ ਬਣਾਉ” ਦੇ ਪ੍ਰਤੀਕਰਮ ਵੱਜੋਂ ਕਹੇ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਸਿੱਖ ਜਾਗਰੂਕ ਨਹੀਂ ਸਨ, ਤਾਂ ਉਦੋਂ ਤਕ ਦੇਵੀ ਪੂਜਕ ਗੀਤ “ਦੇਹਿ ਸ਼ਿਵਾ ਬਰ ਮੋਹਿ...” ਨੂੰ ਗੁਰੁ ਗੋਬਿੰਦ ਸਿੰਘ ਜੀ ਦਾ ਸਾਬਤ ਕਰਣ ’ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ, ਤਾਕਿ ਗੁਰੁ ਗੋਬਿੰਦ ਸਿੰਘ ਜੀ ਦੇਵੀ ਪੂਜਕ ਸਾਬਤ ਹੋ ਸਕਣ, ਪਰ ਜਦ ਸਿੱਖ ਇਹ ਮੰਨਣ ਲਈ ਤਿਆਰ ਨਹੀਂ ਕਿ ਗੁਰੁ ਗੋਬਿੰਦ ਸਿੰਘ ਜੀ ਸ਼ਿਵਾ ਦੇ ਭਗਤ ਨਹੀਂ ਹੋ ਸਕਦੇ, ਤਾਂ ਹੁਣ ਇਸ ਨੂੰ ਕੌਮੀ ਗੀਤ ਵਜੋਂ ਐਲਾਨਣ ਲਈ ਆਰ.ਐਸ.ਐਸ. ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਤਰਲੇ ਲੈਣਾ, ਇਕ ਵੱਡੀ ਸਾਜਸ਼ ਹੈ ਜਿਸ ਤੋਂ ਜਾਗਰੂਕ ਧਿਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਚੰਡੀ ਚਰਿਤ੍ਰ ਉਕਤਿ ਬਿਲਾਸ ਦੀ ਸਮਾਪਤੀ ਉਪਰੰਤ 231 ਵੇਂ ਬੰਦ ਵਿਚੋਂ "ਦੇਹਿ ਸਿਵਾ ਬਰ ਮੋਹਿ..." ਲਿਆ ਹੈ, ਜੋ ਕਵੀ ਸਿਆਮ ਦੀ ਰਚਨਾ ਹੈ, ਨਾ ਕਿ ਗੁਰੁ ਗੋਬਿੰਦ ਸਿੰਘ ਜੀ ਦੀ। ਉਨ੍ਹਾਂ ਦਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਮਹਾਨਕੋਸ਼ ਦੇ ਪੰਨਾ 201 ਵਿਚ ਵੀ "ਸਿਵਾ" ਦਾ ਅਰਥ ਸਿਵ ਦੀ ਇਸਤ੍ਰੀ ਦੁਰਗਾ (ਪਾਰਵਤੀ) ਕਰ ਕੇ ਲਿਖਿਆ ਹੈ, ਅਤੇ ਪਾਰਵਤੀ ਦੇ ਹਿੰਗੁਲਾ, ਪਿੰਗੁਲਾ, ਚੰਡਕਾ, ਦੁਰਗਾ, ਸੀਤਲਾ ਆਦਿਕ ਅਨੇਕਾਂ ਨਾਮਾਂ ਵਿਚੋਂ ਸਿਵਾ ਨੂੰ ਵੀ ਇਕ ਨਾਮ ਦਸਿਆ ਹੈ।

ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਰਚਨਾ ਚਰਿਤਰੋਪਖਿਆਨ ਦੇ ਆਰੰਭ ਵਿਚ ਵੀ ਇਸ ਸ਼ਿਵਾ ਦੇ ਅਨੇਕਾਂ ਨਾਵਾਂ ਦਾ ਜ਼ਿਕਰ ਇੰਜ ਹੈ “ਦੁਰਗਾ ਤੂ ਛਿਮਾ ਤੂੰ ਸ਼ਿਵਾ ਰੂਪ ਤੇਰੋ ” ਇਸ ਤੋਂ ਇਲਾਵਾ ਇਸੇ ਰਚਨਾ ਵਿਚ ਸ਼ਿਵਾ ਨੂੰ ਜਯੰਤੀ, ਕਾਲੀ, ਮੰਗਲਾ, ਕਪਾਲਨੀ, ਭਦ੍ਰਕਾਲੀ ਵੀ ਆਖਿਆ ਹੈ, ਜੋ ਸਭ ਦੇਵੀ ਨਾਵਾਂ ਦੇ ਲਖਾਇਕ ਹਨ। ਚਰਿਤਰੋਪਖਿਆਨ ਵਿਚ ਦੇਵੀ ਦੇ ਨਾਵਾਂ ਦੇ ਜ਼ਿਕਰ ਤੋਂ ਬਾਅਦ ਸਰੂਪ ਦਾ ਜ਼ਿਕਰ ਇੰਜ ਲਿਖਿਆ ਹੈ, "ਮੁੰਡ ਕੀ ਮਾਲ ਦਿਸਾਨ ਕੇ ਅੰਬਰ..." ਭਾਵ ਉਸ ਦੇ ਗਲੇ ਵਿਚ ਮੁੰਡ ਕੀ ਮਾਲ ਭਾਵ ਖੋਪੜੀਆਂ ਦੀ ਮਾਲਾ ਹੈ, ਉਸ ਦੀਆਂ ਅੱਖਾਂ ਵਿਚ ਅੰਗਾਰੇ ਹਨ, ਉਸ ਦੇ ਦੰਦਾਂ ਤੇ ਲਹੂ ਹੈ, ਉਸ ਦੇ ਵਾਲ ਖਿਲਰੇ ਹੋਏ ਹਨ ਅਤੇ ਉਸ ਦੇ ਮੁੰਹ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ, ਅਜਿਹਾ ਕਾਲ ਦਾ ਸਰੂਪ ਤੁਹਾਡੀ ਪਾਲਣਾ ਕਰਨ ਵਾਲਾ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਜਿਸ ਦਾ ਪ੍ਰਕਾਸ਼ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ ਮੱਥੇ ਟਿਕਵਾਏ ਜਾਂਦੇ ਹਨ, ਉਸ ਵਿਚ ਦੇਵੀ ਦੇਵਤਾਵਾਂ ਦੀ ਉਸਤਤਿ ਭਰੀ ਪਈ ਹੈ। ਜਦਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਮੰਨਦੀ ਹੀ ਨਹੀਂ, ਨਾ ਹੀ ਵਰ ਮੰਗਣਾ ਗੁਰਮਤਿ ਦਾ ਸਿਧਾਂਤ ਹੈ, ਇਸ ਲਈ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ, ਕਿ "ਦੇਹਿ ਸ਼ਿਵਾ ਬਰ ਮੋਹਿ..." ਜਿਸਨੂੰ ਅੱਜ ਆਰ.ਐਸ.ਐਸ. ਦੀ ਭਾਈਵਲ ਪਾਰਟੀ ਕੌਮੀ ਗਾਨ ਬਣਾਉਣ ਲਈ ਰਾਜਸਭਾ ਦੇ ਮਾਨਸੂਨ ਸੈਸ਼ਨ ਵਿਚ ਬਿਲ ਪੇਸ਼ ਕਰਣ ਜਾ ਰਹੀ ਹੈ, ਉਹ ਰਚਨਾ ਗੁਰੁ ਗੋਬਿੰਦ ਸਿੰਘ ਜੀ ਦੀ ਨਹੀਂ, ਸਗੋਂ ਦੇਵੀ ਭਗਤ ਕਵੀ ਸਿਆਮ ਦੀ ਹੈ, ਜੋ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚ ਕਈ ਥਾਈਂ (ਕ੍ਰਿਪਾ ਕਰ ਸਿਆਮ ਇਹੈ ਵਰ ਦੀਜੈ ਰਾਹੀਂ) ਵਰ ਮੰਗਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top