Share on Facebook

Main News Page

ੴਸਤਿਗੁਰਪ੍ਰਸਾਦਿ ॥
ਪਾਪ ਕੀ ਜੰਝ (ਕਿਸ਼ਤ ਅੱਠਵੀਂ)

ਲੜੀ ਜੋੜਨ ਲਈ ਸੱਤਵੀਂ ਕਿਸ਼ਤ ਪੜੋ...

ਅੱਠ ਜੂਨ ਸਵੇਰੇ ਬਲਦੇਵ ਸਿੰਘ ਗੁਰੂ ਸਾਹਿਬ ਦੇ ਕਮਰੇ ਚੋਂ ਬਾਹਰ ਆਇਆ, ਪੌਣੇ ਛੇ ਵਜਣ ਵਾਲੇ ਸਨ ਤੇ ਛੇ ਵਜੇ ਖ਼ਬਰਾਂ ਆਉਣ ਦਾ ਸਮਾਂ ਸੀ। ਉਸ ਰੇਡੀਓ ਚਾਲੂ ਕਰ ਦਿੱਤਾ ਅਤੇ ਰੇਡੀਓ ਸਟੇਸ਼ਨ ਸੈਟ ਕਰਨ ਵਾਸਤੇ ਨਾਬ ਘੁਮਾਉਣ ਲੱਗਾ। ਅਚਾਨਕ ਕੀਰਤਨ ਦੀ ਅਵਾਜ਼ ਆਈ, ਉਸ ਹੱਥ ਉਥੇ ਹੀ ਰੋਕ ਲਿਆ। ਕੀਰਤਨ ਦੇ ਵਿੱਚ-ਵਿੱਚ ਇੰਜ ਅਵਾਜ਼ ਆ ਰਹੀ ਸੀ ਜਿਵੇਂ ਗੋਲੀ ਚੱਲ ਰਹੀ ਹੋਵੇ। ਕੁੱਝ ਮਿੰਟਾਂ ਬਾਅਦ ਹੀ ਕੀਰਤਨ ਖਤਮ ਹੋ ਗਿਆ ਤੇ ਅਰਦਾਸ ਸ਼ੁਰੂ ਹੋ ਗਈ। ਉਸ ਖਾਸ ਧਿਆਨ ਦਿੱਤਾ ਕਿ ਜਦੋਂ ਅਰਦਾਸੀਆ ਵਿੱਚੋਂ-ਵਿੱਚੋਂ, ਬੋਲੋ ਜੀ ਵਾਹਿਗੁਰੂ ਕਹਿੰਦਾ ਹੈ ਤਾਂ ਪਿੱਛੋਂ ਹੁੰਗਾਰੇ ਵਿੱਚ ਕੋਈ ਵਾਹਿਗੁਰੂ ਦਾ ਜੁਆਬ ਨਹੀਂ ਆਉਂਦਾ। ਸਪੱਸ਼ਟ ਸੀ ਕਿ ਜਿਥੇ ਦਾ ਵੀ ਇਹ ਪ੍ਰੋਗਰਾਮ ਸੀ ਉਥੇ ਕੋਈ ਸੰਗਤਾਂ ਨਹੀਂ ਸਨ। ਅਰਦਾਸ ਦੇ ਆਖਰੀ ਬੰਦ ਵਿੱਚ ਕਿਹਾ ਗਿਆ, ਜੋ ਕੁੱਝ ਹੋਇਆ ਹੈ, ਵਾਹਿਗੁਰੂ ਜੀ ਆਪ ਦੀ ਮਰਜ਼ੀ ਅਨੁਸਾਰ ਹੀ ਹੋਇਆ ਹੈ। ਸਾਡੀਆਂ ਸਭ ਦੀਆਂ ਭੁੱਲਾਂ ਖਿਮਾਂ ਕਰਨਾ, ਜੋ ਕਿਸ਼ ਹੋਇਆ ਤੇਰਾ ਭਾਣਾ-ਜੋ ਤੂੰ ਕਰੇਂ ਪਰਵਾਨ।

ਇਹ ਪ੍ਰੋਗਰਾਮ ਖਤਮ ਹੋਇਆ ਤਾਂ ਅਨਾਉਂਸਰ ਦੀ ਅਵਾਜ਼ ਸੁਣਾਈ ਦਿੱਤੀ, ਇਹ ਅਕਾਸਵਾਣੀ ਦਾ ਜਲੰਧਰ ਕੇਂਦਰ ਹੈ, ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸੁਣ ਰਹੇ ਸੀ। ਅਸੀਂ ਸ਼ਰੋਤਿਆਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਰੋਜ਼ ਸਵੇਰੇ ਸਾਢੇ ਚਾਰ ਤੋਂ ਛੇ ਵਜੇ ਤੱਕ ਅਤੇ ਸ਼ਾਮ ਨੂੰ ਪੰਜ ਤੋਂ ਸਾਢੇ ਪੰਜ ਵਜੇ ਤੱਕ ਸੁਣ ਸਕਣਗੇ। ਸਵੇਰ ਦੇ ਛੇ ਵਜਣ ਵਾਲੇ ਨੇ, ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਖ਼ਬਰਾਂ ਸੁਣੋਗੇ। ਬਲਦੇਵ ਸਿੰਘ ਦੇ ਮੂੰਹੋਂ ਅਣਭੋਲ ਹੀ ਨਿਕਲਿਆ, ਹੱਦ ਹੋ ਗਈ ਪਾਖੰਡ ਦੀ, ਦਰਬਾਰ ਸਾਹਿਬ ਦਾ ਇਤਨਾ ਘੋਰ ਨਿਰਾਦਾਰ ਕਰ ਕੇ, ਉਥੇ ਖੂਨ ਦੀਆਂ ਨਦੀਆਂ ਵਗਾ ਕੇ, ਕੌਮ ਨੂੰ ਇਤਨੇ ਭਾਰੀ ਜ਼ਖਮ ਦੇ ਕੇ, ਹੁਣ ਕੀਰਤਨ ਦਾ ਸਿੱਧਾ ਪ੍ਰਸਾਰਣ ਸੁਨਾਉਣ ਦਾ ਡਰਾਮਾ ਕਰ ਰਹੇ ਨੇ। ਦਰਬਾਰ ਸਾਹਿਬ ਤੋਂ ਕੀਰਤਨ ਦੇ ਸਿੱਧੇ ਪ੍ਰਸਾਰਣ ਦੀ ਮੰਗ ਸਿੱਖ ਕੌਮ ਵੱਲੋਂ ਕਾਫੀ ਸਮੇਂ ਤੋਂ ਚਲ ਰਹੀ ਸੀ, ਪਰ ਕਿਸੇ ਨੂੰ ਇਹ ਖਾਬੋ-ਖਿਆਲ ਵੀ ਨਹੀਂ ਸੀ ਕਿ ਇਹ ਮੰਗ ਇਨ੍ਹਾਂ ਹਾਲਾਤਾਂ ਵਿੱਚ ਪੂਰੀ ਕੀਤੀ ਜਾਵੇਗੀ। ਖ਼ਬਰਾਂ ਸ਼ੁਰੂ ਹੋ ਗਈਆਂ, ਅੰਮ੍ਰਿਤਸਰ ਬਾਰੇ ਬਾਕੀ ਖ਼ਬਰਾਂ ਤਾਂ ਭਾਵੇਂ ਤਕਰੀਬਨ ਰਾਤ ਵਾਲੀਆਂ ਹੀ ਸਨ, ਇਹ ਖ਼ਬਰ ਵਿਸ਼ੇਸ਼ ਕਰ ਕੇ ਸੁਣਾਈ ਗਈ ਕਿ ਦਰਬਾਰ ਸਾਹਿਬ ਦੀ ਮਰਯਾਦਾ ਬਹਾਲ ਕਰ ਦਿੱਤੀ ਗਈ ਹੈ ਅਤੇ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਪ੍ਰਸਾਰਣ ਸ਼ੁਰੂ ਕਰਨ ਦੀ ਖ਼ਬਰ ਵੀ ਸੁਣਾਈ ਗਈ। ਸਿਰਫ ਇਹ ਹੀ ਖ਼ਬਰ ਵਾਧੂ ਸੀ। ਇਹ ਗੱਲ ਫਿਰ ਦੁਹਰਾਈ ਗਈ ਕਿ ਦਰਬਾਰ ਸਾਹਿਬ ਸਮੂਹ ਤੇ ਫੌਜ ਦਾ ਪੂਰਾ ਕਬਜ਼ਾ ਹੋ ਗਿਐ, ਬਹੁਤੇ ਆਤੰਕਵਾਦੀ ਮਾਰੇ ਗਏ ਨੇ, ਕੁੱਝ ਬਚਦੇ ਕਾਬੂ ਕਰ ਲਏ ਗਏ ਨੇ। ਬਲਦੇਵ ਸਿੰਘ ਨੂੰ ਖਿਆਲ ਆਇਆ ਕਿ ਉਸ ਤਾਂ ਹੁਣੇ ਕੀਰਤਨ ਦੇ ਦੌਰਾਨ ਗੋਲੀ ਚਲਣ ਦੀਆਂ ਅਵਾਜ਼ਾਂ ਆਪ ਸੁਣੀਆਂ ਸਨ, ਉਸ ਨੂੰ ਇਸ ਸਰਕਾਰੀ ਦਾਵੇ ਦਾ ਝੂਠ ਸਾਹਮਣੇ ਨਜ਼ਰ ਆ ਗਿਆ। ਉਸ ਦਾ ਜੀਅ ਕੀਤਾ ਉਹ ਬਲਿਹਾਰ ਜਾਵੇ ਉਨ੍ਹਾਂ ਸਿੰਘਾਂ ਤੇ ਜਿਨ੍ਹਾਂ ਹਾਰ ਕੇ ਵੀ, ਹਾਰ ਮੰਨੀ ਨਹੀਂ ਸੀ ਅਤੇ ਦੁਸ਼ਮਣ ਅੱਗੇ ਹਥਿਆਰ ਸੁਟਣ ਦੀ ਬਜਾਏ, ਆਖਰੀ ਸਾਹ ਤੱਕ ਜੂਝ ਕੇ ਮਰਨ ਦਾ ਸਿੱਖੀ ਸੰਕਲਪ ਨਿਭਾ ਰਹੇ ਸਨ। ਉਹ ਅਜੇ ਖ਼ਬਰਾਂ ਸੁਣ ਹੀ ਰਿਹਾ ਸੀ ਕਿ ਗੁਰਮੀਤ ਚਾਹ ਲੈ ਕੇ ਆ ਗਈ। ਦੋਹਾਂ ਰਲ ਕੇ ਚਾਹ ਪੀਤੀ। ਉਸ ਰੇਡਿਓ ਬੰਦ ਕੀਤਾ ਤੇ ਦੋਨੋਂ ਗੁਰਦੁਆਰੇ ਵਾਸਤੇ ਨਿਕਲ ਪਏ।

ਰਸਤੇ ਵਿੱਚ ਕਈ ਲੋਕਾਂ ਵੱਲੋਂ ਰਾਤ ਦੀਪਮਾਲਾ ਕਰਨ ਦੀਆਂ ਨਿਸ਼ਾਨੀਆਂ ਸਾਫ ਨਜ਼ਰ ਆ ਰਹੀਆਂ ਸਨ। ਗੁਰਦੁਆਰੇ ਪਹੁੰਚੇ ਤਾਂ ਅੱਜ ਆਮ ਨਾਲੋਂ ਵਧੇਰੇ ਸੰਗਤ ਸੀ ਬਿਲਕੁਲ ਜਿਵੇਂ ਗੁਰਪੁਰਬ ਤੇ ਹੁੰਦੀ ਹੈ। ਫਰਕ ਸਿਰਫ ਇਹ ਸੀ ਕਿ ਗੁਰਪੁਰਬ ਵਾਲੇ ਦਿਨ ਸੰਗਤਾਂ ਵਿੱਚ ਇਕ ਚਾਅ ਅਤੇ ਉਲ੍ਹਾਸ ਹੁੰਦਾ ਹੈ ਪਰ ਅੱਜ ਸੰਗਤਾਂ ਅੰਦਰ ਇਕ ਦੁੱਖ ਅਤੇ ਰੋਸ ਦੀ ਭਾਵਨਾ ਸੀ। ਹਰ ਸਿੱਖ ਦੀ ਅੱਖ ਵਿੱਚ ਅਥਰੂ ਸੀ, ਉਸ ਨੂੰ ਹਰ ਸਿੱਖ ਦੀ ਆਤਮਾਂ ਰੋਂਦੀ ਜਾਪੀ, ਇੰਜ ਸੀ ਜਿਵੇਂ ਸਾਰੀ ਕੌਮ ਵਿੱਚ ਹਾਹਾਕਾਰ ਪਈ ਹੋਵੇ। ਆਕੇ ਸੰਗਤ ਵਿੱਚ ਬੈਠਾ ਤਾਂ ਗੁਰਦੁਆਰੇ ਦਾ ਸਕੱਤਰ ਆਕੇ ਉਸ ਦੇ ਕੰਨ ਵਿੱਚ ਕਹਿਣ ਲੱਗਾ, ਅਸੀਂ ਤਾਂ ਕੱਲ ਸ਼ਾਮ ਵੀ ਤੁਹਾਡੀ ਇੰਤਜ਼ਾਰ ਕਰਦੇ ਰਹੇ ਹਾਂ। ਕੀਰਤਨ ਤੋਂ ਬਾਅਦ ਸੰਗਤ ਨਾਲ ਕੁੱਝ ਵਿੱਚਾਰ ਸਾਂਝੇ ਕਰੋ, ਸੰਗਤ ਬਹੁਤ ਉਤਾਵੱਲੀ ਹੈ, ਬਹੁਤ ਨਿਰਾਸ਼ਾ ਹੈ ਸੰਗਤ ਵਿੱਚ। ਉਸ ਹਾਂ ਵਿੱਚ ਸਿਰ ਹਿਲਾ ਦਿੱਤਾ। ਕਿਉਂਕਿ ਸ਼ਹਿਰ ਵਿੱਚ ਉਸ ਨੂੰ ਸਿੱਖ ਕੌਮ ਦਾ ਆਗੂ ਹੋਣ ਦਾ ਮਾਣ-ਸਤਿਕਾਰ ਦਿੱਤਾ ਜਾਂਦਾ ਸੀ ਹਰ ਕੋਈ ਉਸ ਦੇ ਮੂੰਹੋਂ ਕੁੱਝ ਸੁਣਨਾ ਚਾਹੁੰਦਾ ਸੀ। ਸਟੇਜ ਤੇ ਬੋਲਣਾ ਉਸ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ, ਉਹ ਤਾਂ ਅਕਸਰ ਲੈਕਚਰ ਆਦਿ ਕਰਦਾ ਹੀ ਰਹਿੰਦਾ ਸੀ। ਪਤਾ ਨਹੀਂ ਅੱਜ ਕਿਉਂ ਕੁੱਝ ਬੋਲਣ ਦਾ ਹੀਆ ਨਹੀਂ ਸੀ ਪੈ ਰਿਹਾ ਪਰ ਉਹ ਸਮਝ ਰਿਹਾ ਸੀ ਉਸ ਦੇ ਅੱਜ ਚੁੱਪ ਰਹਿਣ ਦਾ ਕੌਮ ਤੇ ਬਹੁਤ ਮਾੜਾ ਪ੍ਰਭਾਵ ਪਵੇਗਾ ਅਤੇ ਸੰਗਤ ਵਿੱਚ ਹੋਰ ਨਿਰਾਸਤਾ ਆਵੇਗੀ। ਬੜੀ ਹਿੰਮਤ ਕਰਕੇ ਬੋਲਣ ਵਾਸਤੇ ਖੜ੍ਹਾ ਹੋ ਗਿਆ ਪਰ ਸ਼ਾਇਦ ਪਹਿਲੀ ਵਾਰੀ ਸਮਝ ਨਹੀਂ ਸੀ ਪੈ ਰਹੀ ਕਿ ਕੀ ਬੋਲੇ? ਆਪਣੇ ਵੱਲੋਂ, ਸੁਰਤ ਨੂੰ ਕੁੱਝ ਸੰਭਾਲਿਆ ਅਤੇ ਜਿਉਂ ਹੀ ਬੋਲਣ ਵਾਸਤੇ ਮੂੰਹ ਖੋਲਿਆ, ਲਫਜ਼ਾਂ ਦੀ ਬਜਾਏ ਭੁੱਬਾਂ ਨਿਕਲ ਗਈਆਂ। ਆਪਣੇ ਜਜ਼ਬਾਤ ਤੇ ਫੇਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਅਥਰੂ ਪੂੰਝਦਾ ਹੋਇਆ ਬੋਲਿਆ, ਖ਼ਾਲਸਾ ਜੀ ! ਜੋ ਸਰਕਾਰ ਨੇ ਸਾਡੇ ਨਾਲ ਕੀਤਾ ਹੈ ਦੁਨੀਆਂ ਦੇ ਇਤਹਾਸ ਵਿੱਚ ਨਾ ਸੁਣਿਆਂ ਨਾ ਪੜ੍ਹਿਐ। ਕੋਈ ਵੀ ਕਾਰਨ, ਕੋਈ ਵੀ ਬਹਾਨਾ ਦਰਬਾਰ ਸਾਹਿਬ ਅਤੇ ਸਾਡੇ ਹੋਰ ਗੁਰਦੁਆਰਿਆਂ ਤੇ ਐਸੀ ਜ਼ਾਲਮਾਨਾਂ ਫੌਜੀ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾ ਸਕਦਾ। ਸ਼ਾਇਦ ਕਦੇ ਕਿਸੇ ਸਿੱਖ ਨੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਆਪਣੇ ਦੇਸ਼ ਵਿੱਚ ਹੀ ਸਾਡੇ ਨਾਲ ਇਹ ਦੁਖਦਾਈ ਸਾਕਾ ਵਾਪਰ ਸਕਦੈ। ਅੱਜ ਤਾਂ ਸਿੱਖ ਕੌਮ ਨੂੰ ਇਸ ਦੇਸ਼ ਦੇ ਆਪਣਾ ਹੋਣ ਬਾਰੇ ਵੀ ਸ਼ੰਕਾ ਹੋਣ ਲੱਗ ਪਈ ਏ। ਅੱਜ ਹਰ ਸਿੱਖ ਹਿਰਦਾ ਛਲਣੀ-ਛਲਣੀ ਹੋਇਆ ਪਿਆ ਹੈ, ਹਰ ਸਿੱਖ ਦੇ ਹਿਰਦੇ ਵਿੱਚ ਰੋਸ ਹੈ। ਮੈਂ ਸਮਝਦਾ ਹਾਂ ਸਿੱਖ ਕੌਮ ਦਾ ਇਹ ਰੋਸ ਕਿਸੇ ਪ੍ਰਗਟਾਵੇ ਦਾ ਮੁਹਤਾਜ ਨਹੀਂ, ਇਹ ਹਰ ਸਿੱਖ ਦੇ ਚਿਹਰੇ ਤੋਂ ਸਾਫ ਝਲਕ ਰਿਹਾ ਹੈ। ਮੈਂ ਤਾਂ ਕੇਵੱਲ ਇਤਨਾ ਕਹਾਂਗਾ, ਇਸ ਸਭ ਦੇ ਬਾਵਜੂਦ ਅਸੀਂ ਸਤਿਗੁਰੂ ਤੇ ਪੂਰਾ ਭਰੋਸਾ ਰਖਣਾ ਹੈ ਅਤੇ ਸੰਜਮ ਰਖਣਾ ਹੈ। ਅਸੀਂ ਉਡੀਕ ਰਹੇ ਹਾਂ ਕਿ ਸਾਨੂੰ ਅੰਮ੍ਰਿਤਸਰ ਤੋਂ ਕੀ ਆਦੇਸ਼ ਮਿਲਦਾ ਹੈ। ਜਿਵੇਂ ਉਥੋਂ ਅਗਵਾਈ ਮਿਲੇਗੀ ਅਸੀਂ ਉਸੇ ਤਰ੍ਹਾਂ ਸੰਗਤ ਨੂੰ ਜਾਣਕਾਰੀ ਦੇਂਦੇ ਰਹਾਂਗੇ ਅਤੇ ਉਸੇ ਤਰ੍ਹਾਂ ਅੱਗੋਂ ਚਲਾਂਗੇ ਕਹਿਕੇ ਉਹ ਫਤਹਿ ਬੁਲਾ ਕੇ ਬੈਠ ਗਿਆ।

ਬਾਹਰ ਨਿਕਲਿਆ ਤਾਂ ਬਹੁਤੇ ਵੀਰ ਭੈਣਾਂ ਉਸ ਨਾਲ ਇਸ ਵਿਸ਼ੇ ਤੇ ਗੱਲ ਕਰਨਾ ਚਾਹੁੰਦੇ ਸਨ ਪਰ ਹਰ ਕੋਈ ਸਮਝਦਾ ਸੀ ਇਸ ਦਾ ਹੱਲ ਤਾਂ ਕਿਸੇ ਕੋਲ ਕੋਈ ਨਹੀਂ। ਅੱਜ ਹਰ ਸਿੱਖ ਨੂੰ ਪਾਰਟੀ ਧੱੜੇ ਆਦਿ ਤੋਂ ਉਪਰ ਉਠ ਕੇ, ਜਿਥੇ ਸਰਕਾਰ ਵੱਲੋਂ ਕਰਵਾਈ ਫੌਜੀ ਕਾਰਵਾਈ ਪ੍ਰਤੀ ਭਾਰੀ ਰੋਸ ਸੀ ਉਥੇ ਸਿੱਖ ਕੌਮ ਦੇ ਅਤਿ ਦੁੱਖ ਦੇ ਸਮੇਂ ਹਿੰਦੂ ਭਾਈਚਾਰੇ ਵੱਲੋਂ ਮਨਾਈਆਂ ਖੁਸ਼ੀਆਂ ਅਤੇ ਜਸ਼ਨਾਂ ਪ੍ਰਤੀ ਵੀ ਭਾਰੀ ਨਰਾਜ਼ਗੀ ਸੀ। ਉਥੇ ਹੀ ਉਸ ਨੂੰ ਇਹ ਵੀ ਪਤਾ ਲੱਗਾ ਕਿ ਚੌਧਰੀ ਹਰੀਸ਼ਰਨ ਨੇ ਵੀ ਕੱਲ ਬਹੁਤ ਖੂਸ਼ੀਆਂ ਮਨਾਈਆਂ, ਲੱਡੂ ਮਠਿਆਈਆਂ ਵੰਡੀਆਂ ਅਤੇ ਦੀਪਮਾਲਾ ਕੀਤੀ ਏ, ਇਹ ਸੁਣ ਕੇ ਉਸ ਨੂੰ ਹੋਰ ਵੀ ਦੁੱਖ ਲੱਗਾ, ਉਸ ਨੂੰ ਚੌਧਰੀ ਹਰੀਸ਼ਰਨ ਤੋਂ ਇਹ ਆਸ ਬਿਲਕੁਲ ਨਹੀਂ ਸੀ। ਉਹ ਘਰ ਜਾਣ ਲਈ ਵਾਪਸ ਨਿਕਲੇ ਤਾਂ ਗੁਰਮੀਤ ਨੇ ਵੀ ਇਹੀ ਗੱਲ ਛੇੜ ਦਿੱਤੀ, ਸਰਕਾਰ ਨੇ ਤਾਂ ਜਿਹੜਾ ਜ਼ੁਲਮ ਢਾਹਿਆ ਸੋ ਢਾਹਿਆ, ਪਰ ਆਹ ਵੇਖੋ ਨਾ ! ਸਾਡੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਐ, ਸਾਡੇ ਹਿਰਦੇ ਵੱਲੂੰਧਰੇ ਪਏ ਨੇ, ਤੇ ਇਹ ਖੁਸ਼ੀਆਂ ਮਨਾ ਰਹੇ ਨੇ। ਗੁਰਮੀਤ ਨੇ ਇਕ ਘਰ ਵਿੱਚ ਜਗਦੀਆਂ ਲਾਈਟਾਂ ਦੀਆਂ ਲੜੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

ਮੈਂ ਤਾਂ ਕੁੱਝ ਦਿਨਾਂ ਤੋਂ ਇਹੀ ਸੋਚ ਰਿਹਾ ਹਾਂ ਮੀਤਾ ! ਸਰਕਾਰ ਨੇ ਬੜੇ ਤਰੀਕੇ ਨਾਲ, ਖੇਡ ਹੀ ਬੜੀ ਖਤਰਨਾਕ ਖੇਡੀ ਏ.......। ਪਿਛਲੇ ਲੰਮੇ ਸਮੇਂ ਤੋਂ ਸਾਰੇ ਦੇਸ਼ ਵਿੱਚ ਐਸਾ ਮਹੌਲ ਪੈਦਾ ਕੀਤਾ ਗਿਐ, ਐਸਾ ਪ੍ਰਚਾਰ ਕੀਤਾ ਗਿਐ, ਜਿਸ ਨਾਲ ਸਾਰੇ ਦੇਸ਼ ਵਾਸੀਆਂ ਨੂੰ ਇਹ ਯਕੀਨ ਦੁਆ ਦਿੱਤੈ ਕਿ ਸਿੱਖ ਬਾਗ਼ੀ ਹੋ ਗਏ ਨੇ, ਇਸ ਦੇ ਨਾਲ ਹੀ ਉਹ ਹਿੰਦੂ ਕੌਮ ਦੇ ਦੁਸ਼ਮਣ ਹੋ ਗਏ ਨੇ ਅਤੇ ਸਿੱਖ ਆਤੰਕਵਾਦੀ ਪੰਜਾਬ ਵਿੱਚ ਅਤੇ ਮੌਕਾ ਲਗਦੇ ਬਾਹਰ ਦੇ ਸੂਬਿਆਂ ਵਿੱਚ ਵੀ ਹਿੰਦੂਆਂ ਦੀ ਕਤਲੋ-ਗ਼ਾਰਤ ਕਰ ਰਹੇ ਨੇ। ਸਰਕਾਰ ਦੇ ਫੈਲਾਏ ਇਸ ਭਰਮਜਾਲ ਵਿੱਚ ਸਾਡੇ ਵਰਗੇ ਭੋਲੇ-ਭਾਲੇ ਸਿੱਖ ਵੀ ਫਸ ਗਏ ਸਨ ਤਾਂ ਫਿਰ ਦੂਸਰਿਆਂ ਨੂੰ ਕੀ ਦੋਸ਼ ਦੇ ਸਕਦੇ ਹਾਂ? ਕੁੱਝ ਦਿਨ ਪਹਿਲੇ ਤੱਕ ਅਸੀਂ ਵੀ ਤਾਂ ਐਸਾ ਹੀ ਸੋਚ ਰਹੇ ਸਾਂ, ਪਰ ਅੱਜ ਮੈਨੂੰ ਹਰਮੀਤ ਦੀ ਹਰ ਗੱਲ ਸੱਚ ਜਾਪ ਰਹੀ ਏ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਐਸੀਆਂ ਵਾਰਦਾਤਾਂ ਸਰਕਾਰ ਆਪਣੇ ਏਜੰਟਾਂ ਕੋਲੋਂ ਹੀ ਕਰਵਾ ਰਹੀ ਸੀ ਤਾਂ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਬਦਨਾਮ ਕੀਤਾ ਜਾਵੇ। ਇਨ੍ਹਾਂ ਦਾ ਪਾਪ ਪ੍ਰਗਟ ਨਾ ਹੋਵੇ ਇਸ ਵਾਸਤੇ ਇਕ ਪਾਸੇ ਤਾਂ ਇਹ ਹਿੰਦੂ ਸਿੱਖ ਭਾਈ ਭਾਈ ਦੇ ਨਾਹਰੇ ਮਾਰਦੇ ਰਹੇ ਨੇ ਤੇ ਅੰਦਰੋ ਅੰਦਰ ਇਹ ਕਲਾ ਵਰਤਾਈ ਹੈ, ਦੋਹਾਂ ਕੌਮਾਂ ਦੇ ਮਨਾਂ ਅੰਦਰ ਐਸਾ ਪਾੜ ਪਾ ਦਿੱਤੈ ਕਿ ਅੱਜ ਇਕ ਭਰਾ ਤੇ ਦੁੱਖਾਂ ਦਾ ਪਹਾੜ ਟੁੱਟ ਪਿਐ ਤੇ ਦੂਸਰਾ ਖੁਸ਼ੀਆਂ ਮਨਾ ਰਿਹਾ ਹੈ, ਭਰਾ ਭਰਾ ਇਕ ਦੂਜੇ ਨੂੰ ਕੈੜੀਆਂ ਅੱਖਾਂ ਨਾਲ ਵੇਖ ਰਹੇ ਹਨ। ਬਲਦੇਵ ਸਿੰਘ ਦਾ ਹਰ ਲਫਜ਼ ਕਿਸੇ ਬੜੀ ਗਹਿਰੀ ਸੋਚ ਵਿੱਚੋਂ ਨਿਕਲ ਰਿਹਾ ਜਾਪਦਾ ਸੀ।

ਸਰਦਾਰ ਜੀ ! ਤੁਸੀਂ ਜੋ ਕਹਿ ਰਹੇ ਹੋ ਉਹ ਵੀ ਠੀਕ ਹੈ, ਹੁਣ ਤਾਂ ਸਰਕਾਰ ਨੇ ਖੇਡ ਖੇਡੀ ਹੀ ਹੈ ਪਰ ਸੱਚਾਈ ਤਾਂ ਇਹ ਹੈ ਕਿ ਅਸੀਂ ਐਵੇਂ ਧਰਮ-ਨਿਰਪੱਖ ਦੇਸ਼ ਦਾ ਰੌਲਾ ਪਾਈ ਜਾ ਰਹੇ ਹਾਂ, ਫਿਰਕੂ-ਪੁਣਾ ਤਾਂ ਇਸ ਦੇਸ਼ ਦੇ ਕਣ-ਕਣ ਵਿੱਚ ਫੈਲਿਆ ਪਿਐ, ਬਸ ਮਾੜੀ ਜਿਹੀ ਚਿੰਗਾਰੀ ਵਿਖਾਣ ਦੀ ਲੋੜ ਹੀ ਹੁੰਦੀ ਹੈ... , ਗੁਰਮੀਤ ਕੌਰ ਨੇ ਜੁਆਬ ਦਿੱਤਾ। ਗੱਲ ਕਰਦੇ ਕਰਦੇ ਉਹ ਘਰ ਪਹੁੰਚ ਗਏ। ਅੰਦਰ ਆਏ ਤਾਂ ਹਰਮੀਤ ਬੈਠਕ ਵਿੱਚ ਬੈਠਾ ਅਖ਼ਬਾਰ ਦੇ ਪੰਨੇ ਫਰੋਲ ਰਿਹਾ ਸੀ, ਉਹ ਦੋਵੇਂ ਵੀ ਉਥੇ ਹੀ ਬੈਠ ਗਏ। ਗੁਰਮੀਤ ਕੌਰ ਦੀ ਸ਼ਾਇਦ ਅਜੇ ਤਸੱਲੀ ਹੋਈ ਨਹੀਂ ਸੀ ਜਾਪਦੀ, ਉਸ ਬੈਠਦੇ ਹੋਏ ਕਿਹਾ,

ਸਰਦਾਰ ਜੀ ! ਕੀ ਉਨ੍ਹਾਂ ਨੂੰ ਆਪ ਨਜ਼ਰ ਨਹੀਂ ਆਉਂਦਾ? ਅਸਲ ਵਿੱਚ ਉਨ੍ਹਾਂ ਦਾ ਮੁਤੱਸਬ-ਪੁਣਾ ਉਨ੍ਹਾਂ ਨੂੰ ਸਚਾਈ ਵੇਖਣ ਨਹੀਂ ਦੇਂਦਾ। ਨਾਲੇ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਵਿੱਚ ਆਤੰਕਵਾਦ ਦੇ ਨਾਂ ਤੇ ਪਿਛਲੇ ਸਮੇਂ ਵਿੱਚ ਜੋ ਵਾਪਰਿਆ, ਉਹ ਸਭ ਕੇਵਲ ਸਰਕਾਰੀ ਏਜੰਸੀਆਂ ਦਾ ਹੀ ਕੀਤਾ ਹੋਇਆ ਹੈ? ਗੁਰਮੀਤ ਦੇ ਲਹਿਜ਼ੇ ਤੋਂ ਸਾਫ ਪਤਾ ਚੱਲ ਰਿਹਾ ਸੀ ਕਿ ਉਹ ਪਤੀ ਦੀ ਗੱਲ ਤੇ ਕੋਈ ਸ਼ੰਕਾ ਨਹੀਂ ਕਰ ਰਹੀ, ਉਸ ਦੇ ਬੋਲਾਂ ਵਿੱਚ ਪਤੀ ਦੇ ਵਿੱਚਾਰਾਂ ਬਾਰੇ ਕਿੰਤੂ ਨਹੀਂ ਸਗੋਂ ਹਾਲਾਤ ਦੀ ਸੱਚਾਈ ਸਮਝਣ ਦੀ ਭਾਵਨਾ ਝਲਕਦੀ ਸੀ। ਹਰਮੀਤ ਦਾ ਧਿਆਨ ਵੀ ਫੌਰਨ ਉਧਰ ਖਿਚਿਆ ਗਿਆ, ਉਸ ਅਖ਼ਬਾਰ ਪਾਸੇ ਰੱਖ ਦਿੱਤਾ ਤੇ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਲੱਗ ਪਿਆ।

ਬਲਦੇਵ ਸਿੰਘ ਬੜੇ ਠਰੱਮੇ ਨਾਲ ਬੋਲਿਆ, ਨਹੀਂ ਮੀਤਾ ! ਇਹ ਗੱਲ ਬਿਲਕੁਲ ਨਹੀਂ ਕਿ ਸਭ ਕੁੱਝ ਹੀ ਸਰਕਾਰੀ ਏਜੰਸੀਆਂ ਨੇ ਕੀਤਾ ਹੈ। ਖਾੜਕੂਆਂ ਦੀ ਆਪਣੀ ਖਾਲਿਸਤਾਨ ਦੀ ਜਦੋ-ਜਹਿਦ ਤਾਂ ਚੱਲ ਹੀ ਰਹੀ ਸੀ, ਸਰਕਾਰ ਨੇ ਉਸ ਨੂੰ ਸਿੱਖਾਂ ਨੂੰ ਬਦਨਾਮ ਕਰਨ ਲਈ ਵਧਾ ਚੜ੍ਹਾ ਕੇ ਪੇਸ਼ ਕੀਤੈ, ਬਲਕਿ ਕਈ ਵਾਰੀ ਤਾਂ ਐਸਾ ਵੀ ਜਾਪਦੈ ਕਿ ਅੰਦਰੋ-ਖਾਤੀ ਹੀ ਪਹਿਲਾਂ ਉਨ੍ਹਾਂ ਦੀਆਂ ਕਾਰਵਾਈ ਨੂੰ ਉਤਸ਼ਾਹਤ ਵੀ ਕੀਤੈ ਤਾਂਕਿ ਉਨ੍ਹਾਂ ਰਾਹੀਂ ਸਿੱਖਾਂ ਨੂੰ ਵੱਧ ਤੋਂ ਵੱਧ ਬਦਨਾਮ ਕੀਤਾ ਜਾ ਸਕੇ। ਬਾਕੀ ਜੋ ਪੰਜਾਬ ਵਿੱਚ ਇਕੋ ਫਿਰਕੇ ਦੇ ਲੋਕਾਂ ਨੂੰ ਬੱਸਾਂ ਵਿੱਚੋਂ ਉਤਾਰ ਕੇ ਕਤਲ ਕਰਨ ਵਰਗੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ, ਉਨ੍ਹਾਂ ਬਾਰੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਇਹ ਸਰਕਾਰ ਨੇ ਹੀ ਸਾਰੇ ਦੇਸ਼ ਵਾਸੀਆਂ ਵਿਸ਼ੇਸ਼ ਤੌਰ ਤੇ ਹਿੰਦੂ ਭਾਈਚਾਰੇ ਵਿੱਚ ਸਿੱਖਾਂ ਪ੍ਰਤੀ ਨਫਰਤ ਪੈਦਾ ਕਰਨ ਲਈ ਆਪ ਕਰਵਾਈਆਂ ਨੇ। ਇਹ ਮੇਰਾ ਵਿਸ਼ਵਾਸ ਹੈ ਕਿ ਕਦੇ ਕੋਈ ਸਿੱਖ ਐਸਾ ਘੱਟੀਆ ਕਾਰਾ ਨਹੀਂ ਕਰ ਸਕਦਾ। ਸਾਡਾ ਤਾਂ ਇਤਹਾਸ ਇਸ ਗੱਲ ਦੀਆਂ ਗਵਾਹੀਆਂ ਨਾਲ ਭਰਿਆ ਪਿਆ ਹੈ ਕਿ ਸਿੱਖ ਕੌਮ ਨੇ ਆਪਣਾ ਹਰ ਜੰਗ ਸਤਿਗੁਰੂ ਦੇ ਦ੍ਰਿੜ ਕਰਾਏ ਪਾਵਨ ਸਿਧਾਂਤਾਂ ਅਨੁਸਾਰ ਹੀ ਲੜਿਐ। ਸਿੱਖ ਦੀ ਕਿਰਪਾਨ ਕਦੇ ਕਿਸੇ ਮਜ਼ਲੂਮ ਤੇ ਜ਼ੁਲਮ ਕਰਨ ਲਈ ਨਹੀਂ ਉਠੀ, ਇਹ ਤਾਂ ਸਦਾ ਮਜ਼ਲੂਮ ਦੀ ਰੱਖਿਆ ਅਤੇ ਦੇਸ਼ ਕੌਮ ਦੀ ਅਜ਼ਾਦੀ ਅਤੇ ਆਪਣੀ ਅੱਣਖ ਦੀ ਰੱਖਿਆ ਲਈ ਹੀ ਮਿਆਨ ਚੋਂ ਬਾਹਰ ਆਈ ਹੈ। ਹਾਂ ! ਸਰਕਾਰ ਨੇ ਆਪਣੀ ਇਸ ਨੀਤੀ ਨਾਲ ਹਿੰਦੂ ਭਾਈਚਾਰੇ ਦੇ ਮਨਾਂ ਵਿੱਚ ਸਿੱਖ ਕੌਮ ਪ੍ਰਤੀ ਨਫਰਤ ਇਤਨੀ ਭਰ ਦਿੱਤੀ ਹੈ ਜੋ ਅੱਜ ਉਨ੍ਹਾਂ ਦੇ ਜਸ਼ਨ ਮਨਾਉਣ ਦੇ ਰੂਪ ਵਿੱਚ ਸਾਫ ਪਰਗਟ ਹੋ ਰਹੀ ਹੈ।

ਬਲਦੇਵ ਸਿੰਘ ਨੇ ਅਜੇ ਗੱਲ ਖਤਮ ਹੀ ਕੀਤੀ ਸੀ ਕਿ ਗੁਰਮੀਤ ਫੇਰ ਬੋਲ ਪਈ, ਆਖਿਰ ਖਾੜਕੂਆਂ ਨੇ ਵੀ ਖਾਲਿਸਤਾਨ ਦੇ ਨਾਂ ਤੇ ਇਹ ਮਰਨ-ਮਾਰਨ ਦਾ ਸਿਲਸਿਲਾ ਸ਼ੁਰੂ ਹੀ ਕਿਉਂ ਕੀਤਾ, ਅਜ ਸਾਰੀ ਕੌਮ ਨੂੰ ਕਿਤਨਾ ਵੱਡਾ ਸੰਤਾਪ ਭੋਗਣਾ ਪਿਐ? ਮੈਨੂੰ ਤੁਹਾਡੀ ਗੱਲ ਬਿਲਕੁਲ ਠੀਕ ਲਗੀ ਏ ਬਈ ਸਰਕਾਰ ਨੇ ਬਹਾਨਾ ਲੱਭਿਐ, ਪਰ ਬਹਾਨਾ ਦਿੱਤਾ ਤਾਂ ਅਸੀਂ ਹੀ ਹੈ ਨਾ? ਉਸ ਦੇ ਬੋਲਾਂ ਅਤੇ ਲਹਿਜੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਸ ਦਾ ਮਨ ਅਥਾਹ ਦੁੱਖ ਨਾਲ ਭਰਿਆ ਪਿਐ।

ਇਸ ਤੋਂ ਪਹਿਲਾਂ ਕਿ ਬਲਦੇਵ ਸਿੰਘ ਕੁੱਝ ਜੁਆਬ ਦੇਂਦਾ, ਹਰਮੀਤ ਬੋਲ ਪਿਆ, ਨਹੀਂ ਮੰਮੀ ! ਗੱਲ ਇਤਨੀ ਸਧਾਰਨ ਨਹੀਂ ਜਿਵੇਂ ਤੁਸੀਂ ਸਮਝ ਰਹੇ ਹੋ। ਸਿੱਖ ਕੌਮ ਨਾਲ ਜਿਵੇਂ ਧੋਖਾ ਹੋਇਐ, ਜੇ ਵੇਖਿਆ ਜਾਵੇ ਤਾਂ ਕੌਮ ਨੇ ਬੜੇ ਵੱਡੇ ਸਬਰ ਤੋਂ ਕੰਮ ਲਿਐ। ਤੁਸੀਂ ਆਪ ਹੀ ਵੇਖੋ, ਪਹਿਲਾਂ ਤਾਂ ਭਾਰਤ ਦੀ ਅਜ਼ਾਦੀ ਵਿੱਚ ਸਭ ਤੋ ਵੱਧ ਯੋਗਦਾਨ ਪਾਇਐ। ਜਦੋਂ ਸਿੱਖ ਕੌਮ ਵੱਲੋਂ ਗੁਰਦੁਆਰਿਆਂ ਦਾ ਮੋਰਚਾ ਜਿੱਤ ਕੇ, 19 ਜਨਵਰੀ 1922 ਨੂੰ ਅੰਗਰੇਜ਼ ਹਾਕਮਾਂ ਵੱਲੋਂ ਗੁਰਦੁਆਰਿਆਂ ਦੀਆਂ ਚਾਬੀਆਂ ਖ਼ਾਲਸਾ ਪੰਥ ਦੇ ਹਵਾਲੇ ਕੀਤੀਆਂ ਗਈਆਂ ਅਤੇ ਇਹ ਖ਼ਬਰ ਮਹਾਤਮਾਂ ਗਾਂਧੀ ਨੂੰ ਪੁੱਜੀ ਤਾਂ ਉਸ ਨੇ ਸਿੱਖ ਆਗੂਆਂ ਨੂੰ ਇਕ ਤਾਰ ਭੇਜੀ, ਜਿਸ ਵਿੱਚ ਲਿਖਿਆ ਸੀ, ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ। ਮੁਬਾਰਕਾਂ ਹੋਣ। ਸਿੱਖਾਂ ਦੀਆਂ ਕੁਰਬਾਨੀਆਂ ਨੂੰ ਵੇਖਦੇ ਹੋਏ ਹੀ 1929 ਵਿੱਚ ਲਾਹੌਰ ਵਿਖੇ ਕਾਂਗਰਸ ਦੇ ਸਮਾਗਮ ਵਿੱਚ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਕਾਂਗਰਸ ਪਾਰਟੀ ਸਿੱਖ ਕੌਮ ਨੂੰ ਪੱਕਾ ਭਰੋਸਾ ਦਿਵਾਉਂਦੀ ਹੈ ਕਿ ਅਜ਼ਾਦ ਭਾਰਤ ਦਾ ਕੋਈ ਵੀ ਸੰਵੀਧਾਨ ਐਸਾ ਨਹੀਂ ਬਣਾਇਆ ਜਾਵੇਗਾ, ਜੋ ਸਿੱਖਾਂ ਨੂੰ ਪਰਵਾਨ ਨਹੀ ਹੋਵੇਗਾ। ਫੇਰ ਜੁਲਾਈ 1946 ਵਿੱਚ ਕਲਕਤੇ ਵਿਖੇ ਹੋਈ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਦੇ ਮੌਕੇ ਤੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਡਿਤ ਨਹਿਰੂ ਨੇ ਕਿਹਾ ਸੀ, ਪੰਜਾਬ ਦੀ ਬਹਾਦਰ ਸਿੱਖ ਕੌਮ ਵਿਸ਼ੇਸ਼ ਮਹਤੱਤਾ ਰਖਦੀ ਹੈ। ਮੇਰੇ ਵਿੱਚਾਰ ਵਿੱਚ ਸਾਨੂੰ ਕਿਸੇ ਨੂੰ ਵੀ ਇਸ ਸਬੰਧ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਉਤੱਰਪੱਛਮ ਭਾਰਤ ਵਿੱਚ ਇਕ ਅਜਿਹਾ ਇਲਾਕਾ ਅਤੇ ਇੰਤਜ਼ਾਮ ਸਿੱਖ ਕੌਮ ਲਈ ਰਾਖਵਾਂ ਰੱਖਿਆ ਜਾਵੇ , ਜਿਸ ਦੁਆਰਾ ਇਹ ਵੀ ਅਜ਼ਾਦੀ ਦਾ ਆਨੰਦ ਮਾਣ ਸਕੇ। ਸਾਡੀਆਂ ਦੇਸ਼ ਵਾਸਤੇ ਕੀਤੀਆਂ ਕੁਰਬਾਨੀਆਂ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋਵੇਗਾ।

ਦੂਸਰਾ, ਇਤਨੀ ਵਫਾਦਾਰੀ ਕਿ ਬੇਅੰਤ ਕੁਰਬਾਨੀਆਂ ਕਰ ਕੇ ਵੀ ਪਾਕਿਸਤਾਨ ਵਾਂਗ ਅਲੱਗ ਦੇਸ਼ ਨਹੀਂ ਲਿਆ, ਧਰਮ ਦੇ ਨਾਂ ਤੇ ਵੰਡੀਆਂ ਪਾਉਣ ਦੀ ਗੱਲ ਨਹੀਂ ਸੋਚੀ ਸਗੋਂ ਮਨੁੱਖੀ ਭਾਈਚਾਰੇ ਦਾ ਥ੍ਹੰਮ ਬਣ ਕੇ, ਰੱਲਕੇ ਦੇਸ਼ ਨੂੰ ਅੱਗੇ ਵਧਾਉਣ ਦੀ ਸੋਚ ਰਖੀ ਹੈ ਅਤੇ ਤੀਸਰਾ, ਭਾਰਤ ਨੂੰ ਅਜ਼ਾਦੀ ਮਿਲਦਿਆਂ ਹੀ ਉਸ ਦੀ ਇਤਨੀ ਭਾਰੀ ਕੀਮਤ ਅਦਾ ਕੀਤੀ..। .......ਤੁਹਾਡੇ ਤੋਂ ਵੱਧ ਹੋਰ ਕੌਣ ਇਤਨੀ ਚੰਗੀ ਤਰ੍ਹਾਂ ਜਾਣਦੈ, ਜਿਵੇਂ ਰੁਲ ਕੇ, ਇਤਨੇ ਦੁਖ ਅਤੇ ਜ਼ੁਲਮ ਸਹਿ ਕੇ ਅਸੀਂ ਲੋਕ ਆਪਣੇ ਵਸਦੇ ਰਸਦੇ ਘਰਾਂ ਤੋਂ ਉਜੜ ਕੇ ਇਥੇ ਆਏ ਸਾਂ, ਬਸ ਇਹ ਸੋਚ ਕੇ ਤਸੱਲੀ ਕਰ ਲਈ ਕਿ ਆਪਣੇ ਵਤਨ ਵਿੱਚ ਆ ਗਏ ਹਾਂ, ਹੁਣ ਆਜ਼ਾਦ ਹੋ ਗਏ ਹਾਂ। ਇਸ ਸਭ ਦਾ ਇਨਾਮ ਸਾਨੂੰ ਇਹ ਮਿਲਿਆ ਕਿ ਦੇਸ਼ ਅਜ਼ਾਦ ਹੋਣ ਦੇ ਦੋ ਮਹੀਨੇ ਦੇ ਅੰਦਰ ਹੀ, 10 ਅਕਤੂਬਰ, 1947 ਨੂੰ ਇਕ ਸਰਟੀਫਿਕੇਟ ਜਾਰੀ ਕਰ ਦਿਤਾ ਕਿ ਸਿੱਖ ਇਕ ਜ਼ਰਾਇਮ ਪੇਸ਼ਾ ਕੌਮ ਹਨ, ਇਨ੍ਹਾਂ ਤੇ ਕਰੜੀ ਨਜ਼ਰ ਰਖੀ ਜਾਵੇ। ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਕ ਸਰਕੂਲਰ ਜਾਰੀ ਕੀਤਾ, ਸਿੱਖ ਇਕ ਜ਼ਰਾਇਮ ਪੇਸ਼ਾ ਕੌਮ ਹਨ ਤੇ ਸੂਬੇ ਦੇ ਇਨਸਾਫ-ਪਸੰਦ ਹਿੰਦੂਆਂ ਵਾਸਤੇ ਖਤਰਾ ਹਨ। ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਦੇ ਖਿਲਾਫ ਖਾਸ ਕਦਮ ਚੁਕਣੇ ਚਾਹੀਦੇ ਹਨ। ਇਹ ਤਾਂ ਸ਼ੁਕਰ ਹੈ ਵਾਹਿਗੁਰੂ ਦਾ ਕਿ ਸਿਰਦਾਰ ਕਪੂਰ ਸਿੰਘ ਵਰਗਾ ਅਣਖੀਲਾ ਅਤੇ ਜੁਰਅਤ-ਮੰਦ ਸਿੱਖ ਅਫਸਰ ਹੁਸ਼ਿਆਰਪੁਰ ਦਾ ਡਿਪਟੀ ਕਮਿਸ਼ਨਰ ਲਗਾ ਹੋਇਆ ਸੀ, ਜਿਸਨੇ ਉਚੇ-ਸੁੱਚੇ ਸਿੱਖ ਕਿਰਦਾਰ ਤੇ ਲਾਏ ਗਏ ਇਸ ਕਲੰਕ ਨੂੰ ਬਰਦਾਸ਼ਤ ਨਾ ਕਰਦੇ ਹੋਏ, ਨਾ ਸਿਰਫ ਇਸਨੂੰ ਜਗ ਜ਼ਾਹਿਰ ਕੀਤਾ ਬਲਕਿ ਇਸ ਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ । ਨਹੀਂ ਤਾਂ ਹੋ ਸਕਦਾ ਸੀ, ਸਿੱਖ ਕੌਮ ਨੂੰ ਲੰਮਾ ਸਮਾਂ ਇਸ ਦਾ ਪਤਾ ਹੀ ਨਾ ਲਗਦਾ।

ਅਜ਼ਾਦੀ ਤੋਂ ਬਾਅਦ ਜਦੋਂ ਸਿੱਖ ਆਗੂਆਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲ ਕੇ ਅਜ਼ਾਦੀ ਤੋਂ ਪਹਿਲੇ ਉਨ੍ਹਾਂ ਦੁਆਰਾ ਕੀਤੇ ਵਾਅਦੇ ਯਾਦ ਕਰਵਾਏ, ਤਾਂ ਉਨ੍ਹਾਂ ਇਕ ਲਾਇਨ ਵਿੱਚ ਗਲ ਨਿਬੇੜ ਦਿੱਤੀ , ਸਰਦਾਰ ਸਾਬ੍ਹ ! ਅਬ ਸਮਾਂ ਬਦਲ ਗਿਆ ਹੈ। ਹੁਣ ਆਜ਼ਾਦ ਭਾਰਤ ਦਾ ਨਵਾਂ ਸੰਵਿਧਾਨ ਬਣਾਇਆ ਗਿਆ। ਜਿਸ ਅਨੁਸਾਰ ਭਾਰਤ ਨੂੰ ਧਰਮ ਨਿਰਪੱਖ, ਲੋਕਰਾਜੀ, ਗਣਤੰਤਰ(ਸ਼ੲਚੁਲੳਰ, ਧੲਮੋਚਰੳਟਚਿ, ਰੲਪੁਬਲਚਿ) ਦੇਸ਼ ਐਲਾਨਿਆਂ ਗਿਆ ਤਾਂ ਸਿੱਖਾਂ ਬਾਰੇ ਆਪਣੀ ਭਵਿੱਖ ਨੀਤੀ ਦਾ ਐਲਾਨ ਤਾਂ ਮੁਤੱਸਬੀ ਭਾਰਤੀ ਆਗੂਆਂ ਨੇ ਇਸੇ ਸੰਵਿਧਾਨ ਵਿੱਚ ਹੀ ਕਰ ਦਿਤਾ, ਜਦੋਂ ਇਸ ਦੀ ਧਾਰਾ 25(2)-ਬੀ ਵਿੱਚ ਸਿੱਖਾਂ ਨੁੰ ਹਿੰਦੂ ਧਰਮ ਦਾ ਇਕ ਅੰਗ ਵਿਖਾਇਆ ਗਿਆ। ਇਹ ਆਪਣੇ ਆਪ ਵਿੱਚ ਇਕ ਸਪੱਸ਼ਟ ਐਲਾਨ ਸੀ ਕਿ ਜਾਂ ਤਾਂ ਹਿੰਦੂ ਧਰਮ ਵਿੱਚ ਜਜ਼ਬ ਹੋ ਜਾਓ ਜਾਂ ਦੂਜੇ ਦਰਜੇ ਦੇ ਨਾਗਰਿਕ ਭਾਵ ਗੁਲਾਮ ਬਣ ਕੇ ਰਹਿਣ ਲਈ ਤਿਆਰ ਹੋ ਜਾਓ। ਸੰਵਿਧਾਨ ਕਮੇਟੀ ਦੇ ਸਿੱਖ ਮੈਂਬਰਾਂ ਸ੍ਰ. ਹੁਕਮ ਸਿੰਘ ਅਤੇ ਸ੍ਰ. ਭੁਪਿੰਦਰ ਸਿੰਘ ਮਾਨ ਨੇ ਇਸ ਦੀ ਪ੍ਰਵਾਨਗੀ ਤੇ ਦਸਖਤ ਨਹੀਂ ਕੀਤੇ, ਪਰ ਭਾਰਤੀ ਆਗੂਆਂ ਨੂੰ ਇਸ ਦਾ ਕੀ ਫਰਕ ਪੈਂਦਾ ਸੀ? 1929 ਦੇ ਕਾਂਗਰਸ ਦੇ ਲਹੌਰ ਦੇ ਮਤੇ ਨੂੰ ਅਖੋਂ-ਪਰੋਖੇ ਕਰ ਕੇ, ਦੇਸ਼ ਦੀ ਇਕ ਅਹਿਮ ਕੌਮ ਦੀ ਪ੍ਰਵਾਨਗੀ ਦੇ ਬਿਨਾਂ ਹੀ ਸੰਵਿਧਾਨ ਲਾਗੂ ਹੋ ਗਿਆ।

ਦੇਸ਼ ਵਿੱਚ ਸੂਬਿਆਂ ਦੀ ਭਾਸ਼ਾ ਦੇ ਆਧਾਰ ਤੇ ਮੁੜ ਹੱਦ ਬੰਦੀ ਹੋਣ ਦਾ ਸਿਲਸਿਲਾ ਸ਼ੁਰੂ ਹੋਇਆ। ਸਾਰੇ ਦੇਸ਼ ਵਿੱਚ ਇਹ ਕੰਮ ਸੁਭਾਵਕ ਨੇਪਰੇ ਚੜ੍ਹ ਗਿਆ ਪਰ ਪੰਜਾਬੀ ਮਾਂ ਬੋਲੀ ਦੇ ਆਧਾਰ ਤੇ ਪੰਜਾਬ ਦੀ ਹੱਦ ਬੰਦੀ ਕਰਾਉਣ ਲਈ ਸਿੱਖਾਂ ਨੂੰ 19 ਸਾਲ ਸੰਘਰਸ਼ ਕਰਨਾ ਪਿਆ। ਤਕਰੀਬਨ ਇਕ ਲੱਖ ਸਿੱਖਾਂ ਨੂੰ ਮੋਰਚਿਆਂ ਵਿੱਚ ਗ੍ਰਿਫਤਾਰੀਆਂ ਦੇਣੀਆਂ ਪਈਆਂ, ਦਰਜਨਾਂ ਸ਼ਹਾਦਤਾਂ ਹੋਈਆਂ, ਜਾਇਦਾਦਾਂ ਦਾ ਨੁਕਸਾਨ ਹੋਇਆ, ਪਰ ਭਾਰਤੀ ਆਗੂਆਂ ਦੇ ਕੰਨਾਂ ਤੇ ਜੂੰ ਵੀ ਨਹੀ ਰੇਂਗੀ। ਦੇਸ਼ ਵਿੱਚ ਇਹੋ ਜਿਹਾ ਪ੍ਰਚਾਰ ਕੀਤਾ ਗਿਆ ਅਤੇ ਐਸਾ ਮਹੌਲ ਬਣਾ ਦਿੱਤਾ ਗਿਆ ਜਿਵੇਂ ਕਿ ਸਿੱਖ ਕੋਈ ਅਲੱਗ ਦੇਸ਼ ਮੰਗ ਰਹੇ ਹੋਣ, ਜਿਵੇਂ ਪੰਜਾਬੀ ਸੂਬਾ ਬਣਨ ਨਾਲ ਦੇਸ਼ ਦੇ ਟੁਕੜੇ ਹੋ ਜਾਣਗੇ। ਹਾਲਾਂਕਿ ਉਸ ਵੇਲੇ ਤਕ ਕਿਸੇ ਨੇ ਖਾਲਿਸਤਾਨ ਦਾ ਨਾਂ ਵੀ ਨਹੀਂ ਸੀ ਲਿਆ। ਇਸ ਵਿੱਚ ਕੋਈ ਸ਼ਕ ਨਹੀਂ ਕਿ ਸਿੱਖ ਆਗੂਆਂ ਦੇ ਮਨਾਂ ਵਿੱਚ ਇਹ ਸੋਚ ਸੀ ਕਿ ਇੰਜ ਇਕ ਸਿੱਖ ਬਹੁਗਿਣਤੀ ਸੂਬਾ ਬਣ ਜਾਵੇਗਾ, ਜਿਸ ਵਿੱਚ ਉਹ ਇਕ ਸੂਬੇਦਾਰ ਦੀ ਹੈਸੀਅਤ ਵਾਲਾ ਸੂਬੇ ਦਾ ਰਾਜਭਾਗ ਤਾਂ ਮਾਣ ਸਕਣਗੇ, ਫਿਰ ਇਸ ਵਿੱਚ ਗਲਤ ਵੀ ਕੀ ਸੀ? ਅਖੀਰ ਪੰਜਾਬੀ ਸੂਬਾ ਬਣਿਆ ਕਿਵੇਂ? .....ਸੰਨ 1965 ਵਿੱਚ ਭਾਰਤ ਪਾਕ ਜੰਗ ਛਿੱੜ ਪਈ। ਸਿੱਖ ਫੌਜੀਆਂ ਨੇ ਆਪਣੇ ਲਹੂ ਨਾਲ ਸਰਹੱਦਾਂ ਨੂੰ ਧੋ ਦਿੱਤਾ। ਹਜ਼ਾਰਾਂ ਸਿੱਖ ਫੌਜੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਭਾਰਤੀ ਸਰਹੱਦਾਂ ਦੀ ਰੱਖਿਆ ਕੀਤੀ। ਦੇਸ਼ ਦੇ ਰਾਜਸੀ ਹਾਲਾਤਾਂ ਤੋਂ ਮਜਬੂਰ ਹੋ ਕੇ ਇਕ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾ ਦਿੱਤਾ ਗਿਆ ਪਰ ਇਥੇ ਫਿਰ ਵਿਤਕਰੇ ਭਰਿਆ ਸਲੂਕ ਕਰਦੇ ਹੋਏ ਨਾ ਸਿਰਫ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਕੁੱਝ ਹੋਰ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਸਗੋਂ ਸੰਵਿਧਾਨ ਵਿੱਚ ਤੋੜ ਮੋੜ ਕਰਕੇ ਪੰਜਾਬ ਦੇ ਡੈਮ ਅਤੇ ਪਾਵਰ ਪ੍ਰਾਜੈਕਟ, ਪਾਣੀ ਅਤੇ ਬਿਜਲੀ ਦੇ ਸੋਮੇ ਵੀ ਕੇਂਦਰ ਨੇ ਆਪਣੇ ਕਬਜ਼ੇ ਹੇਠ ਲੈ ਲਏ।

ਪੰਜਾਬ ਬਾਰੇ ਜਦੋਂ ਕੋਈ ਮਸਲਾ ਸਾਹਮਣੇ ਆਉਂਦਾ ਹੈ, ਇਸ ਨੂੰ ਕਦੇ ਵੀ ਦੇਸ਼ ਦੇ ਦੂਸਰੇ ਸੂਬਿਆਂ ਵਾਂਗ ਆਮ ਮਸਲੇ ਵਾਂਗ ਨਹੀਂ ਵਿੱਚਾਰਿਆ ਗਿਆ ਸਗੋਂ ਇਸ ਨੂੰ ਸਦਾ ਸਿੱਖ ਸਮੱਸਿਆ ਸਮਝ ਕੇ ਵਿੱਚਾਰਿਆ ਅਤੇ ਪੇਸ਼ ਕੀਤਾ ਜਾਂਦਾ ਹੈ ਅਤੇ ਉਸੇ ਵਿਤਕਰੇ ਭਰੇ ਅੰਦਾਜ਼ ਨਾਲ ਨਜਿਠਿਆ ਜਾਂਦਾ ਹੈ। ਸਾਰੀ ਦੁਨੀਆਂ ਵਿੱਚ ਕੁਦਰਤੀ ਪਾਣੀ ਦੀ ਵੰਡ ਰਿਪੇਰੀਅਨ ਕਨੂੰਨ ਅਨੁਸਾਰ ਹੁੰਦੀ ਹੈ, ਇਸ ਅਨੁਸਾਰ ਪਾਣੀ ਕੁਦਰਤੀ ਤੌਰ ਤੇ ਜਿਸ ਧਰਤੀ ਤੋਂ ਵਗਦਾ ਹੈ ਉਸੇ ਦੀ ਇਸ ਤੇ ਮਾਲਕੀ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਸੂਬੇ ਦੀ ਧਰਤੀ ਵਿੱਚੋਂ ਨਿਕਲਣ ਵਾਲੇ ਖਣਿਜ ਉਤੇ, ਉਸ ਸੂਬੇ ਦੀ ਮਾਲਕੀ ਹੁੰਦੀ ਹੈ। ਪੰਜਾਬ ਇਕ ਖੇਤੀ-ਪ੍ਰਧਾਨ ਸੂਬਾ ਹੈ, ਇਸ ਦੀ ਸਾਰੀ ਆਰਥਿਕਤਾ ਖੇਤੀ ਬਾੜੀ ਤੇ ਟਿਕੀ ਹੋਈ ਹੈ, ਪਾਣੀ ਇਸ ਦੀ ਜਿੰਦ-ਜਾਨ ਹੈ ਪਰ ਪੰਜਾਬ ਦੇ ਇਸ ਇਕੋ ਇਕ ਕੁਦਰਤੀ ਸੋਮੇਂ ਨੁੰ ਦੋਹਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ। ਪੰਜਾਬੀ ਆਪਣੀ ਮਿਹਨਤ ਸਦਕਾ ਸਾਰੇ ਦੇਸ਼ ਦਾ ਢਿੱਡ ਭਰਦੇ ਹਨ, ਪਰ ਕਿਉਂਕਿ ਪੰਜਾਬ ਵਿੱਚ ਇਹ ਕਿੱਤਾ ਆਮ ਤੌਰ ਤੇ ਸਿੱਖਾਂ ਦੇ ਹੱਥ ਹੈ ਅਤੇ ਸਰਕਾਰ ਪੰਜਾਬ ਵਿੱਚ ਸਿੱਖਾਂ ਅਤੇ ਸਿੱਖੀ ਨੂੰ ਪੂਰੀ ਤਰ੍ਹਾਂ ਕੰਗਾਲ ਕਰਨਾ ਚਾਹੁੰਦੀ ਹੈ, ਇਸ ਲਈ ਅੱਜ ਵੀ ਇਸ ਦਾ ਰਹਿੰਦਾ ਖੁੰਹਦਾ ਪਾਣੀ ਵੀ ਖੋਹਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹੈ। ਬਲਦੇਵ ਸਿੰਘ ਤੇ ਗੁਰਮੀਤ ਹੈਰਾਨ ਹੋਕੇ ਸੁਣ ਅਤੇ ਵੇਖ ਰਹੇ ਸਨ ਕਿ ਹਰਮੀਤ ਦੇ ਅੰਦਰ ਕਿਵੇਂ ਗੁਬਾਰ ਭਰਿਆ ਪਿਆ ਸੀ। ਦਿੱਲ ਦੇ ਸਾਰੇ ਫਫੋਲੇ ਜਿਵੇਂ ਫੁਟ ਕੇ ਬਾਹਰ ਆ ਰਹੇ ਹੋਣ। ਬਲਦੇਵ ਸਿੰਘ ਨੂੰ ਕੁੱਝ ਮਾਣ ਵੀ ਮਹਿਸੂਸ ਹੋਇਆ ਕਿ ਉਸ ਦੇ ਪੁੱਤਰ ਅੰਦਰ ਕਿਤਨਾ ਕੌਮੀ ਜਜ਼ਬਾ ਹੈ ਅਤੇ ਕੌਮੀ ਮੁੱਦਿਆਂ ਦੀ ਭਰਪੂਰ ਜਾਣਕਾਰੀ ਹੈ।

ਪਹਿਲਾਂ ਉਹ ਕੁੱਝ ਕਹਿਣ ਲੱਗਾ ਪਰ ਫੇਰ ਕੁੱਝ ਸੋਚ ਕੇ ਉਸਨੇ ਆਪ ਨੂੰ ਰੋਕ ਲਿਆ ਕਿਉਂਕਿ ਇਕ ਤਾਂ ਜੋ ਹਰਮੀਤ ਕਹਿ ਰਿਹਾ ਸੀ ਉਸ ਵਿੱਚ ਕੁੱਝ ਵੀ ਗ਼ਲਤ ਨਹੀਂ ਸੀ, ਦੂਸਰਾ ਉਸ ਸੋਚਿਆ, ਮੁੰਡੇ ਅੰਦਰ ਗੁਬਾਰ ਭਰਿਆ ਪਿਐ, ਇਕ ਵਾਰੀ ਬਾਹਰ ਆ ਹੀ ਜਾਵੇ ਤਾਂ ਚੰਗੈ, ਮਨ ਕੁੱਝ ਹੌਲਾ ਹੋ ਜਾਂਦੈ। ਉਧਰ ਹਰਮੀਤ ਤਾਂ ਜਿਵੇਂ ਅੰਦਰੋਂ ਉਬੱਲ ਰਿਹਾ ਸੀ। ਬੋਲ ਤਾਂ ਭਾਵੇਂ ਹਰ ਇਕ ਦੇ ਮੂੰਹ ਚੋਂ ਹੀ ਨਿਕਲਦੇ ਨੇ ਪਰ ਇਨ੍ਹਾਂ ਰਾਹੀਂ, ਉਸ ਦੇ ਹਿਰਦੇ ਦੀ ਪੀੜਾ ਅਤੇ ਮਨ ਦਾ ਰੋਸ ਸਾਫ ਪ੍ਰਗਟ ਹੋ ਰਹੇ ਸਨ, ਤੁਸੀਂ ਕੀ ਸਮਝਦੇ ਹੋ 1978 ਦੀ ਵਿਸਾਖੀ ਤੇ 13 ਸਿੰਘਾਂ ਦੀ ਸ਼ਹਾਦਤ ਕੋਈ ਅਚਾਨਕ ਵਾਪਰੀ ਘਟਨਾ ਸੀ?...... ਨਹੀਂ ! ਭਾਰਤ ਦੇ ਮੁਤੱਸਬੀ ਆਗੂਆਂ ਵੱਲੋਂ ਅਜ਼ਾਦੀ ਮਿਲਣ ਤੋਂ ਫੌਰਨ ਬਾਅਦ ਹੀ ਨਕਲੀ ਨਿਰੰਕਾਰੀ, ਜੋ ਉਸ ਵੇਲੇ ਨਾਂ ਬਰਾਬਰ ਹੀ ਸੰਸਥਾ ਸੀ, ਦੇ ਮੁੱਖੀ ਪਖੰਡੀ ਅਵਤਾਰ ਸਿੰਘ ਨਾਲ ਗੰਡ ਤੁਪ ਕਰ ਲਈ ਗਈ ਅਤੇ ਉਸ ਦੀ ਮਹੱਤਤਾ ਵਧਾਉਣ ਲਈ ਜਿਥੇ ਉਸ ਨੂੰ ਲੱਖਾਂ ਰੁਪਏ ਮੁਹਈਆ ਕਰਾਏ ਗਏ, ਡੇਰੇ ਅਤੇ ਕਲੋਨੀਆਂ ਬਨਾਉਣ ਲਈ ਜ਼ਮੀਨਾਂ ਦਿਤੀਆਂ ਗਈਆਂ, ਉਥੇ ਵਿਦੇਸ਼ਾਂ ਵਿੱਚ ਭਾਰਤੀ ਸਫਾਰਤ ਖਾਨਿਆਂ ਨੂੰ ਵਿਸ਼ੇਸ਼ ਹਦਾਇਤਾਂ ਦਿਤੀਆਂ ਗਈਆਂ ਕਿ ਉਸ ਦੀਆਂ ਵਿਦੇਸ਼ ਫੇਰੀਆਂ ਸਮੇ ਉਸ ਨੂੰ ਅਤਿ-ਮਹਤਵਪੂਰਨ ਵਿਅਕਤੀਆਂ ਵਾਲਾ ਮਾਣ ਸਤਿਕਾਰ ਦਿਤਾ ਜਾਵੇ। ਮਕਸਦ ਦੋ ਸਨ, ਪਹਿਲਾ ਉਨ੍ਹਾਂ ਰਾਹੀਂ ਸਿੱਖਾਂ ਵਿੱਚ ਵੰਡੀਆਂ ਪਾਈਆਂ ਜਾ ਸਕਣ ਅਤੇ ਲੋੜ ਪੈਣ ਤੇ ਆਪਸੀ ਭਰਾ-ਮਾਰੂ ਲੜਾਈ ਕਰਾਈ ਜਾ ਸਕੇ ਅਤੇ ਦੂਸਰਾ ਸਿੱਖ ਸਿਧਾਂਤਾਂ ਨੂੰ ਰਲਗੱਡ ਕੀਤਾ ਜਾ ਸਕੇ।

ਅੱਜ ਵੀ ਪੰਜਾਬ ਵਿੱਚ ਜੋ ਇਤਨੇ ਡੇਰੇ ਪ੍ਰਫੁੱਲਤ ਹੋ ਰਹੇ ਹਨ, ਇਹ ਸਾਰੇ ਇਸੀ ਸੋਚ ਅਧੀਨ ਪ੍ਰਫੁੱਲਤ ਕੀਤੇ ਜਾ ਰਹੇ ਹਨ। ਹੋ ਸਕਦਾ ਹੈ ਇਸ ਟਿੱਡੀ ਦਲ ਵਿੱਚੋਂ ਕੁੱਝ ਇਕ ਦੇ ਸੰਬਧ ਸਿਧੇ ਸਰਕਾਰੀ ਏਜੰਸੀਆਂ ਨਾਲ ਨਾ ਹੋਣ, ਪਰ ਇਹ ਸਭ ਖੇਡ ਜਾਨੇ-ਅਨਜਾਨੇ ਪੰਥ ਦੋਖੀਆਂ ਅਤੇ ਸਰਕਾਰ ਦੀ ਹੀ ਚਲ ਰਹੀ ਹੈ। ਕਿਸ ਨੂੰ ਨਹੀਂ ਪਤਾ ਕਿ ਨਿਰੰਕਾਰੀ ਕਾਂਡ ਨੇ ਸਿੱਖ ਜਜ਼ਬਾਤ ਨੂੰ ਕਿਵੇਂ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ? ਇਸ ਕਾਂਡ ਨੇ ਸਿੱਖਾਂ ਨੂੰ ਭਾਰਤ ਸਰਕਾਰ ਦਾ ਅਸਲੀ ਚਿਹਰਾ ਤਾਂ ਪੂਰਾ ਨੰਗਾ ਕਰਕੇ ਵਿਖਾ ਹੀ ਦਿੱਤਾ ਨਾਲੇ ਜਿਨ੍ਹਾਂ ਭੋਲੇ ਭਾਲੇ ਸਿੱਖਾਂ ਨੂੰ ਅਕਾਲੀ ਆਗੂਆਂ ਬਾਰੇ ਕੁੱਝ ਭੁਲੇਖੇ ਸਨ ਉਹ ਵੀ ਚੰਗੀ ਤਰ੍ਹਾਂ ਦੂਰ ਹੋ ਗਏ, ਜਦੋਂ 13 ਸਿੱਖਾਂ ਦੇ ਕਾਤਲ ਗੁਰਬਚਨ ਸਿੰਘ ਨੂੰ ਅਕਾਲੀ ਆਗੂ ਆਪ ਹੀ ਸੁੱਖੀ-ਸਾਂਦੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਾ ਆਏ। ਭਾਰਤ ਵਿੱਚ ਸਿੱਖਾਂ ਨਾਲ ਨਾ ਇਨਸਾਫੀ ਦੀ ਕੋਈ ਹੱਦ ਹੈ? 13 ਸਿੱਖਾਂ ਦਾ ਦਿਨ ਦਿਹਾੜੇ ਕਤਲ ਅਤੇ ਇਕ ਦਿਨ ਦੀ ਸਜ਼ਾ ਵੀ ਨਹੀ ਮਿਲੀ।

ਆਪਣੇ ਕਾਨਪੁਰ ਦਾ ਭੁੱਲ ਗਏ ਹੋ, ਜਦੋਂ ਸਿੱਖਾਂ ਦੇ ਰੋਸ ਦੇ ਬਾਵਜੂਦ, ਸਤੰਬਰ 1978 ਵਿੱਚ ਇਥੇ ਉਸੇ ਗੁਰਬਚਨ ਸਿੰਘ ਨੂੰ ਸਮਾਗਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਤਾਂ ਉਸ ਦੇ ਖਿਲਾਫ ਰੋਸ ਕਰਨ ਗਏ ਸਿੱਖਾਂ ਉਤੇ ਨਿੰਰਕਾਰੀਆਂ ਨੇ ਅੰਦਰੋਂ ਗੋਲੀਆਂ ਚਲਾਈਆਂ ਤੇ ਅੱਗੋਂ ਪੁਲਿਸ ਨੇ ਵੀ ਉਨ੍ਹਾਂ ਦਾ ਹੀ ਸਾਥ ਦਿੱਤਾ। ਉਹ ਤਾਂ ਨਿਹੱਥੇ ਰੋਸ ਪ੍ਰਗਟ ਕਰਨ ਹੀ ਗਏ ਸਨ, ਸੱਤ ਸਿੰਘ ਤੇ ਇਕ ਬੀਬੀ ਸ਼ਹੀਦ ਹੋ ਗਈ, ਕਈ ਜ਼ਖਮੀਂ ਹੋਏ। ਸ਼ਹੀਦ ਤੇ ਜ਼ਖਮੀਂ ਵੀ ਸਾਡੇ ਹੋਏ ਤੇ ਉਲਟਾ ਕੇਸ ਵੀ ਸਾਡੇ ਤੇ ਬਣਾਏ ਗਏ। ਕਈ ਸਾਲਾਂ ਤੱਕ, ਸਾਡੇ ਸਿੱਖ ਵੀਰ ਭੈਣਾਂ, ਉਨ੍ਹਾਂ ਕੇਸਾਂ ਵਿੱਚ ਰੁਲਦੇ ਰਹੇ। ਇਹ ਹੈ ਭਾਰਤ ਵਿੱਚ ਸਿੱਖਾਂ ਨਾਲ ਨਿਆਂ ਦੀ ਹਾਲਤ।
ਹਰਮੀਤ ਪੂਰੀ ਤਰ੍ਹਾਂ ਭਾਵੁਕ ਹੋਇਆ ਪਿਆ ਸੀ ਉਸ ਦੀ ਰੌਅ ਕੁੱਝ ਰੁਕਦੀ ਨਜ਼ਰ ਆਈ ਤਾਂ ਬਲਦੇਵ ਸਿੰਘ ਬੋਲਿਆ, ਤੇਰੀਆਂ ਸਾਰੀਆਂ ਗੱਲਾਂ ਸੌ ਪ੍ਰਤੀਸ਼ਤ ਠੀਕ ਨੇ, ਮੈਨੂੰ ਕਾਨਪੁਰ ਦਾ ਸਾਰਾ ਸਾਕਾ ਯਾਦ ਏ, ਬਲਕਿ ਇਹ ਸੰਤਾਪ ਤਾਂ ਅਸੀਂ ਰਲ ਕੇ ਭੋਗਿਐ। ਭਾਵੇਂ ਤੇਰੀ ਉਮਰ ਅਜੇ 13-14 ਸਾਲ ਦੀ ਸੀ, ਪਰ ਤੈਨੂੰ ਯਾਦ ਹੋਣੈ, ਦਾਰ ਜੀ ਉਦੋਂ ਕਿਵੇਂ ਤੜਫੇ ਸਨ ਅਤੇ ਕਾਂਗਰਸ ਪੱਖੀ ਹੁੰਦਿਆਂ ਵੀ ਉਨ੍ਹਾਂ ਸਰਕਾਰ ਦੇ ਖਿਲਾਫ ਕਿੰਨਾ ਕੁੱਝ ਆਖਿਆ ਸੀ। ਪਰ ਉਹ ਇਸ ਗੱਲ ਤੋਂ ਵੀ ਦੁਖੀ ਸਨ ਕਿ ਪੰਜਾਬ ਵਿੱਚ ਤਾਂ ਅਕਾਲੀਆਂ ਦੀ ਸਰਕਾਰ ਸੀ, ਫਿਰ ਪਹਿਲਾਂ ਉਨ੍ਹਾਂ ਨੂੰ ਖ਼ਾਲਸਾ ਪ੍ਰਗਟ ਦਿਵਸ ਵਿਸਾਖੀ ਤੇ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਸਮਾਗਮ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ? ਤੇ ਫੇਰ ਇਤਨਾ ਵੱਡਾ ਕਾਂਡ ਵਰਤ ਜਾਣ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਸਗੋਂ ਜਿਵੇਂ ਤੂੰ ਆਪ ਹੁਣੇ ਆਖਿਐ ਕਿ ਅਕਾਲੀ ਆਗੂ ਆਪ ਉਸ ਨੂੰ ਸੁੱਖੀ ਸਾਂਦੀ ਦਿੱਲੀ ਪਹੁੰਚਾ ਆਏ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਤਨੀ ਵਧੀਆ ਪੈਰਵਾਈ ਕੀਤੀ ਕਿ ਆਪਣੇ ਸੂਬੇ ਵਿੱਚ ਵਾਪਰੇ ਕਾਂਡ ਵਿੱਚ ਹੀ ਅਕਾਲੀ ਸਰਕਾਰ ਉਸ ਨੂੰ ਕੋਈ ਸਜ਼ਾ ਨਹੀਂ ਦਿਵਾ ਸਕੀ। ਦਸੋ ਗਿਲਾ ਕਿਸ ਨੂੰ ਦੇਈਏ? ਇਹ ਉਹੀ ਚਿੰਗਾਰੀ ਹੈ ਜੋ ਹੁਣ ਭਾਂਬੜ ਬਣ ਕੇ ਭਬਕੀ ਹੈ।

ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਭਾਪਾ ਜੀ, ਬੇਸ਼ਕ ਅਕਾਲੀਆਂ ਦੀ ਸਰਕਾਰ ਨੇ ਵੀ ਪੈਰਵਾਈ ਢਿੱਲੀ ਮੱਠੀ ਕੀਤੀ ਪਰ ਅਸਲ ਵਿੱਚ ਭਾਰਤ ਦੀਆਂ ਅਦਾਲਤਾਂ ਵੀ ਮੁੱਤਸਬੀ ਰੂਪ ਧਾਰਨ ਕਰ ਰਹੀਆਂ ਨੇ, ਇਸੇ ਵਾਸਤੇ ਤਾਂ ਜਦੋਂ ਭਾਰਤੀ ਕਾਨੂੰਨ ਅਤੇ ਅਦਾਲਤਾਂ ਨਿਆਂ ਕਰਨ ਵਿੱਚ ਫੇਲ੍ਹ ਹੋ ਗਈਆਂ ਤਾਂ ਸੁਭਾਵਕ ਇਹ ਜੁਮੇਵਾਰੀ ਸਿੱਖ ਕੌਮ ਦੇ ਆਪਣੇ ਸਿਰ ਆ ਪਈ ਸੀ। ਤੁਸੀਂ ਹੀ ਤਾਂ ਸਾਨੂੰ ਸੁਣਾਉਂਦੇ ਰਹੇ ਹੋ ਕਿ ਸਿੱਖਾਂ ਨੇ ਸਦਾ ਨਿਆਂ ਕੀਤੈ, ਕਦੇ ਕਿਸੇ ਦੋਸ਼ੀ ਨੂੰ ਨਹੀਂ ਬਖਸ਼ਿਆ। ਬਾਬਾ ਬੰਦਾ ਸਿੰਘ ਬਹਾਦਰ ਅਤੇ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਦੇ ਇਤਹਾਸ ਤੁਹਾਡੇ ਕੋਲੋਂ ਹੀ ਸੁਣੇ ਨੇ। ਹੁਣ ਵੀ ਜੇ ਭਾਰਤੀ ਨਿਆਂ-ਪ੍ਰਣਾਲੀ ਫੇਲ੍ਹ ਹੋ ਗਈ ਤਾਂ ਸਿੱਖਾਂ ਦਾ ਰੋਹ ਜਾਗ ਪੈਣਾ ਸੁਭਾਵਕ ਸੀ, ਹੁਣ ਇਹ ਫਰਜ਼ ਸਿੱਖ ਕੌਮ ਦੇ ਨੌਜੁਆਨਾਂ ਤੇ ਹੀ ਆ ਪਿਆ ਸੀ, ਜਿਸ ਨੂੰ ਕੌਮ ਦੇ ਦੂਲਿਆਂ ਨੇ ਬਾਖੂਬੀ ਨਿਭਾਇਐ। ਹੁਣ ਤੁਸੀਂ ਹੀ ਦਸੋ, ਜਿਸ ਗੈਰਤਮੰਦ ਕੌਮ ਨੂੰ ਲਗਾਤਾਰ 35-40 ਸਾਲ ਬੇਗਾਨਗੀ ਅਤੇ ਦੋ ਨੰਬਰ ਦੇ ਨਾਗਰਿਕ ਹੋਣ ਦਾ, ਭਾਵ ਗ਼ੁਲਾਮੀ ਦਾ ਅਹਿਸਾਸ ਕਰਾਇਆ ਗਿਆ ਹੋਵੇ, ਕੀ ਉਸ ਦਾ ਅਲੱਗ, ਅਜ਼ਾਦ ਦੇਸ਼ ਮੰਗਣਾ ਗੈਰ ਵਾਜਿਬ ਹੈ? ਹਰਮੀਤ ਸਿੰਘ ਨੇ ਸੁਆਲ ਪਿਤਾ ਦੇ ਸਾਹਮਣੇ ਰੱਖ ਦਿੱਤਾ।

ਪਰ ਹਰਮੀਤ ਜਿਵੇਂ ਤੂੰ ਆਪ ਹੀ ਆਖਿਐ, ਭਾਰਤ ਨੂੰ ਧਰਮ ਨਿਰਪੱਖ, ਲੋਕਰਾਜੀ, ਗਣਤੰਤਰ (Secular, Democratic, republic) ਦੇਸ਼ ਬਣਾਇਆ ਗਿਐ, ਲੋਕਰਾਜ ਵਿੱਚ ਤਾਂ ਆਪਣੀਆਂ ਮੰਗਾਂ ਮਨਾਉਣ ਵਾਸਤੇ ਵੀ ਲੋਕਰਾਜੀ ਤਰੀਕੇ ਹੀ ਅਪਨਾਉਣੇ ਚਾਹੀਦੇ ਨੇ। ਫੇਰ ਦੇਸ਼ ਵਿੱਚ ਚੋਣ ਪ੍ਰਣਾਲੀ (Election System) ਹੈ, ਜਿਸ ਨਾਲ ਸਰਕਾਰ ਬਦਲੀ ਜਾ ਸਕਦੀ ਹੈ। ਇਹ ਹਥਿਆਰਾਂ ਵਾਲਾ ਕੰਮ....।

ਬਲਦੇਵ ਸਿੰਘ ਦੇ ਲਫ਼ਜ਼ ਅਜੇ ਵਿੱਚੇ ਹੀ ਸਨ ਕਿ ਹਰਮੀਤ ਬੋਲ ਪਿਆ, ਕਮਾਲ ਕਰਦੇ ਹੋ ਭਾਪਾ ਜੀ, ਜਿਥੇ ਫਿਰਕਾਪ੍ਰਸਤੀ ਦਾ ਜ਼ਹਿਰ ਕਣ-ਕਣ ਵਿੱਚ ਫੈਲਿਆ ਹੋਵੇ, ਉਥੇ ਭਲਾ ਸਿਰਾਂ ਦੀ ਗਿਣਤੀ ਵਾਲੀ ਵਿਵਸਥਾ ਵਿੱਚ ਕਿਸੇ ਘੱਟ ਗਿਣਤੀ ਕੌਮ ਦਾ ਕੀ ਭਵਿੱਖ ਹੋ ਸਕਦਾ ਹੈ? ਉਸ ਨੇ ਦੇਸ਼ ਦੀ ਸਰਕਾਰ ਤਾਂ ਕੀ ਬਦਲਣੀ ਹੈ, ਉਸਨੂੰ ਤਾਂ ਆਪਣੇ ਸੂਬੇ ਵਿੱਚ ਹੀ ਆਪਣੀ ਹੋਂਦ ਬਣਾ ਕੇ ਰਖਣ ਲਈ ਵੱਡੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਫੇਰ ਜਿਥੋਂ ਤੱਕ ਲੋਕਰਾਜੀ ਤਰੀਕੇ ਦੀ ਗੱਲ ਹੈ ਸਿੱਖ ਕੌਮ ਨੇ ਤਾਂ 45 ਸਾਲ ਤੋਂ ਉਤੇ, ਸਾਰੇ ਲੋਕਰਾਜੀ ਤਰੀਕੇ ਹੀ ਅਪਨਾਏ ਹਨ, ਜੇ ਮੌਜੂਦਾ ਜੱਦੋ-ਜਹਿਦ ਦੀ ਗੱਲ ਵੀ ਕਰ ਲਈਏ ਤਾਂ ਇਹ ਵੀ ਤਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਵਾਸਤੇ ਬਲਕਿ ਵਿਸ਼ੇਸ਼ ਤੌਰ ਤੇ ਪਾਣੀਆਂ ਦੇ ਮਸਲੇ ਤੇ ਇਕ ਲੋਕਰਾਜੀ ਮੋਰਚਾ ਹੀ ਸ਼ੁਰੂ ਹੋਇਆ ਸੀ। ਪਹਿਲਾਂ ਤਾਂ ਅਨੰਦਪੁਰ ਦੇ ਮਤੇ ਨੂੰ ਵੱਖਵਾਦੀ ਹਉਆ ਬਣਾ ਦਿੱਤਾ ਗਿਆ, ਇਸ ਨੂੰ ਵੀ ਖਾਲਿਸਤਾਨ ਮੰਗਣ ਦਾ ਨਾਂ ਦਿੱਤਾ ਗਿਆ, ਹਾਲਾਂਕਿ ਇਹ ਸਾਰੇ ਦੇਸ਼ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦਾ ਹੈ, ਜੋ ਭਾਰਤ ਵਰਗੇ ਬਹੁਕੌਮੀ ਦੇਸ਼ ਵਾਸਤੇ ਜ਼ਰੂਰੀ ਵੀ ਹੈ। ਇਹ ਠੀਕ ਹੈ ਕਿ ਸਿੱਖਾਂ ਨੇ ਇਹ ਜੱਦੋ-ਜਹਿਦ ਆਪਣੇ ਸੂਬੇ ਵਾਸਤੇ ਸ਼ੁਰੂ ਕੀਤੀ ਸੀ, ਜੋ ਬਿਲਕੁਲ ਜਾਇਜ਼ ਹੈ ਪਰ ਭਾਰਤ ਦੀ ਸਰਕਾਰ ਅਤੇ ਬਹੁਗਿਣਤੀ ਨੂੰ ਤਾਂ ਸਿੱਖਾਂ ਦੀ ਹਰ ਗੱਲ ਵੱਖਵਾਦੀ ਅਤੇ ਆਤੰਕੀ ਹੀ ਲਗਦੀ ਹੈ। ਆਹ ਹੁਣ ਹੀ ਵੇਖ ਲਓ, ਜਿਸ ਜਨਰਲ ਸੁਬੇਗ ਸਿੰਘ ਨੂੰ ਅੱਜ ਸਾਡੀਆਂ ਅਖ਼ਬਾਰਾਂ ਰੇਡਿਓ ਅਤੇ ਟੀ ਵੀ ਦਹਿਸ਼ਤਗਰਦ ਅਤੇ ਗ਼ਦਾਰ ਬਣਾ ਕੇ ਪੇਸ਼ ਕਰ ਰਹੀਆਂ ਨੇ, ਇਹ 1971 ਦੀ ਬੰਗਲਾ ਦੇਸ਼ ਜੰਗ ਦਾ ਉਹ ਹੀਰੋ ਹੈ ਜਿਸ ਨੇ ਉਸ ਸਮੇਂ ਬ੍ਰਿਗੇਡੀਅਰ ਦੇ ਅਹੁਦੇ ਤੇ ਹੁੰਦਿਆਂ, ਬੰਗਲਾ ਦੇਸ਼ ਵਿੱਚ ਮੁਕਤੀ ਬਾਹਿਨੀ ਵਰਗੀ ਅੰਦਰੂਨੀ ਤਾਕਤ ਬਣਾ ਕੇ ਬੰਗਲਾ ਦੇਸ਼ ਦੀ ਅਜ਼ਾਦੀ ਦੀ ਨੀਂਹ ਰੱਖੀ, ਜਿਸ ਦਾ ਦੇਸ਼ ਵਿੱਚ ਵੱਡਾ ਮਾਣ ਹੋਣਾ ਚਾਹੀਦਾ ਸੀ, ਜਿਸ ਦਾ ਕੰਮ ਕਿਸੇ ਵੱਡੇ ਇਨਾਮ ਦਾ ਹੱਕਦਾਰ ਸੀ, ਉਸ ਦੀ ਐਸੀ ਦੁਰਗੱਤ ਬਣਾਈ ਕਿ ਉਹ ਲਾਜੁਆਬ ਸਿਪਾਹੀ ਜਿਸ ਨੂੰ ਫੌਜ ਵਿੱਚ ਲਾਸਾਨੀ ਸੇਵਾਵਾਂ ਨਿਭਾਉਣ ਬਦਲੇ, ਪਰਮ ਵਸ਼ਿਸ਼ਟ ਅਤੇ ਅਤੀ ਵਸ਼ਿਸ਼ਟ ਸੇਵਾ ਮੈਡਲਾਂ ਨਾਲ ਸ਼ਿੰਗਾਰਿਆ ਗਿਆ ਸੀ, ਅੱਜ ਉਸ ਨੂੰ ਦੇਸ਼-ਧਰੋਹੀ ਦਾ ਤਗਮਾ ਲਾ ਦਿੱਤੈ, ਕਿਸ ਵਾਸਤੇ, ਸਿਰਫ ਸਿੱਖ ਹੋਣ ਕਾਰਨ? ਇਹ ਭਾਰਤ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਹੀ ਨਤੀਜਾ ਹੈ, ਇਸੇ ਵਾਸਤੇ ਤਾਂ ਕੇਵਲ ਪੰਜਾਬ ਵਿੱਚ ਹੀ ਨਹੀਂ, ਕਸ਼ਮੀਰ, ਅਸਾਮ, ਨਾਗਾਲੈਂਡ ਆਦਿ ਦੇਸ਼ ਦੇ ਕਈ ਸੂਬਿਆਂ ਵਿੱਚ ਇਹੋ ਜਿਹੇ ਸੰਘਰਸ਼ ਚੱਲ ਰਹੇ ਨੇ....... ਅਤੇ ਕੇਵੱਲ ਪੰਜਾਬ ਵਿੱਚ ਨਹੀਂ ਹਰ ਪਾਸੇ ਅੱਗ ਬੱਲ ਰਹੀ ਹੈ।

ਫੇਰ ਕੀ ਸਾਰੇ ਲੋਕਰਾਜੀ ਤਰੀਕਿਆਂ ਦੀ ਨਸੀਹਤ ਸਿੱਖਾਂ ਵਾਸਤੇ ਹੀ ਹੈ?....... ਸਾਡੀ ਸਮੱਸਿਆ ਇਹ ਹੈ ਕਿ ਅਸੀਂ ਬਹੁਤ ਛੇਤੀ ਭੁੱਲ ਜਾਂਦੇ ਹਾਂ, ਹਾਲਾਂਕਿ ਇਹ ਗੱਲਾਂ ਤਾਂ ਸਦੀਆਂ ਤੱਕ ਭੁਲਣ ਵਾਲੀਆਂ ਨਹੀਂ ਹੁੰਦੀਆਂ। ਅਜੇ ਤਾਂ ਕੱਲ ਦੀ ਗੱਲ ਹੈ......, ਨਵੰਬਰ 1982 ਵਿੱਚ ਜਿਵੇਂ ਏਸ਼ੀਅਨ ਖੇਡਾਂ ਦੇ ਸਮੇਂ ਹਰਿਆਣੇ ਵਿੱਚ ਸਿੱਖਾਂ ਨੂੰ ਬੇਇਜ਼ਤ ਕੀਤਾ ਗਿਆ। ਉਨ੍ਹਾਂ ਨੂੰ ਬੱਸਾਂ ਅਤੇ ਗੱਡੀਆਂ ਚੋਂ ਉਤਾਰ ਕੇ ਉਨ੍ਹਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ, ਪੱਗਾਂ ਲਾਹੀਆਂ, ਬੇਇਜ਼ਤ ਕੀਤਾ ਅਤੇ ਜਿਸਮਾਨੀ ਨੁਕਸਾਨ ਪਹੁੰਚਾਇਆ ਗਿਆ, ਆਪਣੀਆਂ ਨਿਜੀ ਕਾਰਾਂ ਆਦਿ ਵਿੱਚ ਸਫਰ ਕਰਨ ਵਾਲਿਆਂ ਦੀਆਂ ਗੱਡੀਆਂ ਨੂੰ ਤੋੜਿਆ ਭੰਨਿਆਂ ਗਿਆ, ਇਥੋਂ ਤੱਕ ਕੇ ਵੱਡੇ ਤੋਂ ਵੱਡੇ ਫੌਜੀ ਅਤੇ ਸਿਵਲ ਸਿੱਖ ਅਫਸਰਾਂ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਹ ਕਿਹੜਾ ਲੋਕਰਾਜੀ ਤਰੀਕਾ ਸੀ? ਭਾਪਾ ਜੀ ! ਉਥੇ ਦੀ ਭਜਨ ਲਾਲ ਸਰਕਾਰ ਇਸ ਲਈ ਪੂਰੀ ਤਰ੍ਹਾਂ ਜ਼ਿਮੇਂਦਾਰ ਸੀ। ਕੀ ਕਸੂਰ ਸੀ ਸਿੱਖਾਂ ਦਾ, ਕੇਵੱਲ ਇਤਨਾ ਕਿ ਇਕ ਸਿੱਖ ਆਗੂ ਨੇ ਇਹ ਬਿਆਨ ਦਿੱਤਾ ਸੀ ਕਿ ਅਸੀਂ ਏਸ਼ੀਅਨ ਖੇਡਾਂ ਸਮੇਂ ਦਿੱਲੀ ਵਿੱਚ, ਲੋਕਰਾਜੀ ਤਰੀਕੇ ਨਾਲ ਰੋਸ ਪਰਗਟ ਕਰਾਂਗੇ?

ਹਰਮੀਤ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ, ਬਲਦੇਵ ਸਿੰਘ ਨੇ ਵਿੱਚੋਂ ਹੀ ਗੱਲ ਕੱਟ ਕੇ ਕੁੱਝ ਸੋਚਦੇ ਹੋਏ ਕਿਹਾ, ਪਰ ਜੋ ਕੁੱਝ ਹੁਣ ਇਨ੍ਹਾਂ ਸਿੱਖਾਂ ਨਾਲ ਕੀਤਾ ਹੈ ਇਹ ਤਾਂ ਬਿਲਕੁਲ ਅਲੱਗ ਹੀ ਖੇਡ ਜਾਪਦੀ ਹੈ, ਸਰਕਾਰ ਸ਼ਾਇਦ ਇਹੀ ਖੇਡ ਖੇਡਣਾ ਚਾਹੁੰਦੀ ਸੀ ਕਿ ਸਿੱਖ ਕੌਮ ਦੀ ਕੀਮਤ ਤੇ ਬਹੁਗਿਣਤੀ ਕੌਮ ਨੂੰ ਖੁਸ਼ ਕਰ ਲਵੇ। ਇਸੇ ਵਾਸਤੇ ਪਹਿਲਾਂ ਸਿੱਖਾਂ ਨੂੰ ਰੱਜ ਕੇ ਬਦਨਾਮ ਕੀਤਾ ਗਿਆ, ਉਨ੍ਹਾਂ ਨੂੰ ਦੇਸ਼-ਧਰੋਹੀ ਅਤੇ ਹਿੰਦੂ ਕੌਮ ਦਾ ਦੁਸ਼ਮਣ ਦਰਸਾਇਆ ਗਿਆ, ਆਪਣੀਆਂ ਏਜੰਸੀਆਂ ਕੋਲੋਂ ਹਿੰਦੂਆਂ ਦੇ ਕਤਲ ਕਰਾਏ ਗਏ ਤੇ ਹੁਣ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੇ ਫੌਜ ਚੜ੍ਹਾ ਕੇ ਇਹ ਦਰਸਾ ਦਿੱਤਾ ਕਿ ਉਨ੍ਹਾਂ ਸਿੱਖਾਂ ਦੀ ਬਗ਼ਾਵਤ ਕੁਚਲ ਦਿੱਤੀ ਹੈ, ਦੇਸ਼ ਅਤੇ ਹਿੰਦੂ ਕੌਮ ਨੂੰ ਬਚਾ ਲਿਆ ਹੈ। ਸ਼ਾਇਦ ਸਿਆਸੀ ਆਗੂਆਂ ਨੂੰ ਵੋਟ ਰਾਜਨੀਤੀ ਤੋਂ ਸਿਵਾ ਹੋਰ ਕੁੱਝ ਨਜ਼ਰ ਨਹੀਂ ਆਉਂਦਾ, ਇਹ ਆਪਣੇ ਵੋਟ ਬਟੋਰਨ ਲਈ ਕੁੱਝ ਵੀ ਕਰ ਸਕਦੇ ਨੇ, ਕਿਸੇ ਹੱਦ ਤੱਕ ਵੀ ਗਿਰ ਸਕਦੇ ਨੇ। ਉਨ੍ਹਾਂ ਸੋਚਿਐ, ਸਿੱਖ ਛੋਟੀ ਜਿਹੀ ਕੌਮ ਹੈ ਨਾਲੇ ਦੁਨੀਆਂ ਵਿੱਚ ਇਨ੍ਹਾਂ ਦੀ ਬਾਂਹ ਫੜ੍ਹਨ ਵਾਲਾ ਹੋਰ ਕੋਈ ਦੇਸ਼ ਨਹੀਂ, ਇਸ ਵਾਸਤੇ ਇਨ੍ਹਾਂ ਨਾਲ ਜੋ ਮਰਜ਼ੀ ਕਰ ਲਵੋ।

ਭਾਪਾ ਜੀ ! ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ, ਪਰ ਸ਼ਾਇਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ, ਸਿੱਖਾਂ ਨੇ ਆਪਣੇ ਗੁਰਧਾਮਾਂ ਤੇ ਹਮਲਾ ਕਰਨ ਵਾਲਿਆਂ ਅਤੇ ਆਪਣੀ ਅਣੱਖ ਨੂੰ ਵੰਗਾਰਣ ਵਾਲਿਆਂ ਨੂੰ ਕਦੇ ਬਖਸ਼ਿਆ ਨਹੀਂ। ਹਰਮੀਤ ਅਜੇ ਬੋਲ ਹੀ ਰਿਹਾ ਸੀ ਕਿ ਬੱਬਲ, ਜਿਹੜੀ ਕੁੱਝ ਦੇਰ ਤੋਂ ਉਥੇ ਹੀ ਆ ਬੈਠੀ ਸੀ ਅਤੇ ਉਨ੍ਹਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ, ਬੋਲ ਪਈ,

ਹੁਣ ਬਸ ਕਰੋ, ਪਹਿਲਾਂ ਨਾਸ਼ਤਾ ਕਰ ਲਓ ਸਾਰਾ ਠੰਡਾ ਹੋ ਗਿਐ। ਉਨ੍ਹਾਂ ਘੜੀ ਵੱਲ ਨਜ਼ਰ ਮਾਰੀ ਤਾਂ ਦਸ ਵਜਣ ਵਾਲੇ ਸਨ, ਗੱਲਾਂ ਦੇ ਵੇਗ ਵਿੱਚ ਸਮੇਂ ਦਾ ਪਤਾ ਹੀ ਨਹੀਂ ਸੀ ਲੱਗਾ। ਸਾਰੇ ਉਠ ਕੇ ਖਾਣੇ ਦੇ ਮੇਜ਼ ਵੱਲ ਤੁਰ ਪਏ ਇਤਨੇ ਨੂੰ ਟੈਲੀਫੋਨ ਦੀ ਘੰਟੀ ਵੱਜ ਪਈ, ਬਲਦੇਵ ਸਿੰਘ ਨੇ ਜਾ ਕੇ ਟੈਲੀਫੋਨ ਚੁੱਕਿਆ ਤਾਂ ਦੂਸਰੇ ਪਾਸੇ ਮੁਨੀਮ ਦੀ ਅਵਾਜ਼ ਆਈ, ਜੋ ਪੁੱਛ ਰਿਹਾ ਸੀ ਕਿ ਅਜੇ ਤੱਕ ਕੋਈ ਦੁਕਾਨ ਦੀਆਂ ਚਾਬੀਆਂ ਲੈਕੇ ਕਿਉਂ ਨਹੀਂ ਆਇਆ। ਬਲਦੇਵ ਸਿੰਘ ਨੇ ਕੇਵੱਲ ਇਤਨਾ ਕਿਹਾ, ਮੁਨੀਮ ਅੱਜ ਦੁਕਾਨ ਬੰਦ ਰਹੇਗੀ। ਤੇ ਟੈਲੀਫੋਨ ਕੱਟ ਦਿੱਤਾ।

ਉਸ ਦਿਨ ਸ਼ਾਇਦ ਹੀ ਕਿਸੇ ਸਿੱਖ ਦੀ ਦੁਕਾਨ ਖੁੱਲ੍ਹੀ ਹੋਵੇ? ਇਸ ਬੰਦ ਵਾਸਤੇ ਵੀ ਕਿਸੇ ਜਥੇਬੰਦੀ ਜਾਂ ਆਗੂ ਨੇ ਸੱਦਾ ਨਹੀਂ ਸੀ ਦਿੱਤਾ ਪਰ ਇਹ ਸਾਰੀ ਦੁਨੀਆਂ ਵਿੱਚ ਵਸੇ ਸਿੱਖਾਂ ਦੀਆਂ ਅਸਲੀ ਭਾਵਨਾਵਾਂ ਦਾ ਪ੍ਰਤੀਕ ਸੀ।

ਚਲਦਾ..........

(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਟੈਲੀਫੋਨ +91 98761 04726


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top