Share on Facebook

Main News Page

ਕਥਾ ਰਾਹੀਂ ਭਾਜਪਾ ਦੇ ਨੇਤਾ ਨੂੰ ਪਾਈ ਮਾਤ
-
ਪਰਮਜੀਤ ਸਿੰਘ ਉਤਰਾਖੰਡ

ਅੱਜ ਗੁਰਦੁਆਰਾ ਕਮੇਟੀਆਂ ਦੀ ਕਮਜੋਰੀ ਕਾਰਣ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿੱਖ ਸਿਧਾਤਾਂ ਦੇ ਵਿਰੋਧੀ ਰਾਜਨਿਤਿਕ ਨੇਤਾਵਾਂ ਨੂੰ ਜਿਥੇ ਕ੍ਰਿਪਾਨਾ ਤੇ ਸਿਰੋਪਾਉ ਦੇ ਕੇ ਸਨਮਾਨਿਆ ਜਾਂਦਾ ਹੈ ਉੱਥੇ ਉਨਾਂ ਲੋਕਾਂ ਨੂੰ ਚਾਪਲੂਸ ਪ੍ਰਬੰਧਕਾਂ ਦੁਆਰਾ ਸੰਗਤਾਂ ਨੂੰ ਗੁਮਰਾਹਕੁੰਨ ਭਾਸਣ ਸੁਨਾਉਣ ਦਾ ਵੀ ਮੌਕਾ ਮਿਲ ਜਾਂਦਾ ਹੈ।

ਅਜਿਹਾ ਹੀ ਕੁੱਛ ਸਮੇਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਭਾਰੀ ਸੰਗਤ ਦੇ ਇਕੱਠ ਵਿੱਚ ਪ੍ਰਬੰਧਕਾਂ ਨੇ ਭਾਜਪਾ (RSS) ਦੇ ਇੱਕ ਨੇਤਾ ਨੂੰ ਸੱਦ ਲਿਆ, ਤੇ ਸਟੇਜ ਸੈਕਟਰੀ ਨੇ ਐਨਾਉਂਸ ਕਰਕੇ ਪਹਿਲਾਂ ਮੈਨੂੰ ਸਟੇਜ ਤੇ ਬਿਠਾ ਦਿਤਾ, ਤੇ ਨਾਲ ਹੀ ਇਹ ਕਹਿ ਕੇ ਉਸ ਨੇਤਾ ਨੂੰ ਵੀ ਮਾਇਕ ਫੜਾ ਦਿਤਾ ਕਿ ਇਨ੍ਹਾਂ ਨੇ ਛੇਤੀ ਜਾਣਾ ਹੈ, ਇਸ ਕਰਕੇ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਸੱਦੇ ਤੇ ਆਏ ਸਤਿਕਾਰਯੋਗ ਨੇਤਾ ਜੀ ਨੇ ਤੁਹਾਡੇ ਨਾਲ 5 ਮਿਨਟ ਕੀਮਤੀ ਵਿਚਾਰਾਂ ਪੇਸ਼ ਕਰਨੀਆਂ ਹਨ।

ਭਾਸ਼ਣ ਦੋਰਾਨ ਉਸ ਨੇਤਾ ਤੇ ਸਿੱਖ ਸੰਗਤਾਂ ਨੂੰ ਪਹਿਲਾਂ ਬੜਾ ਮਖਣ ਲਾਇਆ, ਕਿ ਸਿੱਖਾਂ ਦੇ ਗੁਰੂ ਅਗਰ ਕੁਰਬਾਨੀ ਨਾ ਕਰਦੇ ਤਾਂ ਅੱਜ ਹਿੰਦੂ ਵੀ ਨਾ ਹੁੰਦੇ, ਭਾਰਤ ਦੀ ਆਜਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ (ਸਿੱਖ ਨਹੀਂ) ਨੇ ਹੀ ਦਿੱਤੀਆਂ ਹਨ। ਇਨ੍ਹਾਂ ਗਲਾਂ ਦੇ ਦੌਰਾਨ ਨਾਲੇ ਇਹ ਵੀ ਕਿਹ ਰਿਹਾ ਸੀ, ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਸਰਬਉਤੱਮ ਹੈ ਕਿਉਂਕੀ ਯਹ ਵੇਦੋਂ ਕਾ ਸਾਰ ਹੈ ਔਰ ਇੱਕ ਸੱਚਾ-ਸੁੱਚਾ ਰਹਿਤਵਾਨ ਸਿੱਖ ਹੀ, ਅਸਲ ਮੇਂ ਪਿਉਰ ਹਿੰਦੂ ਹੈ।

ਅਜਿਹੇ ਗੁਮਹਾਰਕੁੰਨ ਤੀਰ ਛਡਦਾ ਗਇਆ, ਜਿਸਦਾ ਅਸਿਧੇ ਰੂਪ ਵਿੱਚ ਸੰਗਤਾਂ ਤੇ ਅਸਰ ਜਾਣਾ ਸੁਭਾਵਿਕ ਜਿਹੀ ਗੱਲ ਸੀ। ਆਪਣਾ ਕੂੜ ਭਰਿਆ ਭਾਸ਼ਣ ਦੇ ਕੇ ਉਹ ਦਿਵਾਨ ਹਾਲ ਵਿੱਚੋਂ ਬਾਹਰ ਨੂੰ ਜਾਣ ਹੀ ਵਾਲਾ ਸੀ, ਮੈਂ ਉਸਨੂੰ ਸੰਬੋਧਿਤ ਹੋ ਕੇ ਬੇਨਤੀ ਕਰਦਿਆਂ ਕਿਹਾ, ਆਪ ਬਸ 2 ਮਿਨਟ ਵਾਸਤੇ ਹੋਰ ਬੈਠ ਜਾਉ, ਮੈਂ ਕੁੱਛ ਪੁਛਣਾ ਚਾਹੁੰਦਾ ਹਾਂ ਆਪ ਪਾਸੋਂ। ਉਹ ਇਹ ਗਲ ਸੁਣਕੇ ਬੈਠ ਗਇਆ, ਪਰ ਸਾਡੇ ਚਿੱਟੀਆਂ ਦਾੜੀਆਂ ਵਾਲੇ ਪ੍ਰਬੰਧਕ ਮੈਨੂੰ ਘੂਰਣ ਲੱਗ ਪਏ, ਮਾਨੋਂ ਆਪਣੀ ਚਲਾਕੀ ਨੂੰ ਬਚਾਉਣ ਵਾਸਤੇ ਰਾਹ ਲਭ ਰਹੇ ਹੋਣ।

ਦਾਸ ਨੇ ਉਸ ਨੇਤਾ ਪਾਸੋਂ ਬਸ ਇਤਨਾ ਹੀ ਪੁੱਛਣ ਦਾ ਯਤਨ ਕੀਤਾ, ਕਿ ਤੁਸੀਂ ਹੁਣੇ ਇਹ ਗੱਲ ਆਖੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਵੇਦੋਂ ਕਾ ਸਾਰ ਹੈਂ, ਔਰ ਰਹਿਤਵਾਨ ਸਿੱਖ ਹੀ ਪਿਉਰ (Pure) ਹਿੰਦੂ ਹੈ। ਭਾਵੇਂ ਕਿ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ, ਕਿ ਗੁਰੂ ਗ੍ਰੰਥ ਸਾਹਿਬ ਵੇਦਾਂ ਦਾ ਸਾਰ ਹਨ, ਪਰ ਤੁਸੀੰ ਆਪਣੀ ਕਹੀ ਹੋਈ ਗੱਲ ਨਾਲ ਸਹਿਮਤ ਹੋ, ਤਾਂ ਫਿਰ ਮੈਂਨੂੰ ਇਹ ਦੱਸੋ ਕਿ ਸਾਰ ਦਾ ਅਰਥ ਤਾਂ ਹੁੰਦਾ ਹੈ, ਨਿਚੋੜ, ਤੱਤ। ਜਿਵੇਂ ਕਿਸੇ ਨਿੰਬੂ ਵਿੱਚੋਂ ਤੱਤ ਰਸ ਕੱਡਣ ਤੋਂ ਬਾਅਦ ਉਸਦੇ ਬਚੇ ਛਿਲਕੇ ਨੂੰ, ਕੂੜੇ ਦੇ ਢੇਰ ਤੇ ਸੁੱਟ ਆਈਦਾ ਹੈ, ਉਸ ਛਿਲੱੜ ਦਾ ਹੁਣ ਕੋਈ ਕੰਮ ਨਹੀਂ, ਕਿ ਉਸਨੂੰ ਸਾਂਭ-ਸਾਂਭ ਕੇ ਰੱਖੀਏ। ਤੁਹਾਡੇ ਕਹਿਣੇ ਅਨੁਸਾਰ ਜੇਕਰ ਵੇਦਾਂ ਵਿੱਚੋਂ ਤੱਤ (ਸਾਰ) ਕੱਡ ਲਿਆ ਗਇਆ ਹੈ, ਤਾਂ ਫਿਰ ਹੁਣ ਵੇਦਾਂ ਨੂੰ ਕਿੱਥੇ ਰਖਣਾ ਪੰਸਦ ਕਰੋਗੇ?

ਦੁੱਜੀ ਗੱਲ ਵੱਲ ਆਈਏ ਕਿ ਰਹਿਤਵਾਨ ਸਿੱਖ ਹੀ ਪਿਉਰ ਹਿੰਦੂ ਹੈ, ਭਾਵੇਂ ਕਿ ਮੈਂ ਇਸ ਗੱਲ ਨਾਲ ਵੀ ਬਿਲਕੁਲ ਸਹਿਮਤ ਨਹੀਂ, ਕਿ ਇਕ ਰਹਿਤਵਾਨ ਸਿੱਖ ਹੀ ਪਿਉਰ ਹਿੰਦੂ ਹੈ, ਪਰ ਜੇਕਰ ਤੁਸੀਂ ਆਪਣੀ ਕਹੀ ਹੋਈ ਗੱਲ ਨਾਲ ਸਹਿਮਤ ਹੋ, ਤਾਂ ਫਿਰ ਤੁਸੀਂ ਇਸ ਗਲ ਦਾ ਖਾਸ ਕਰਕੇ ਧਿਆਨ ਦਵੋ, ਕਿ ਰਹਿਤ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਮੋਲ ਉਪਦੇਸ਼ ਤੇ ਸੁਨਿਹਰੀ ਸਿਧਾਂਤ ਅਨੁਸਾਰ ਜੀਵਨ ਬਤੀਤ ਕਰਨਾ। ਜਿਵੇਂ ਕਰਮਕਾਂਡ, ਵਹਿਮਾਂ-ਭਰਮਾਂ ਨੂੰ ਤਿਆਗ ਕੇ ਕੇਵਲ ਇਕ ਅਕਾਲ-ਪੁਰਖ ਤੇ ਹੀ ਯਕੀਨ ਰਕਣਾ ਅਤੇ ਉਸਤੋਂ ਛੁੱਟ ਕਿਸੇ ਦੇਵੀ ਦੇਵਤਾ ਦੀ ਉਪਾਸਨਾ ਨਹੀਂ ਕਰਨੀ, ਨੇਕ ਗੁਣਾਂ ਦਾ ਧਾਰਣੀ ਤੇ ਅਵਗੁਣਾ ਦਾ ਤਿਆਗ ਕਰਨਾ, ਗੁਰਬਾਣੀ ਗੁਰੂ ਨੂੰ ਹੀ ਗੁਰੂ ਮਨਣਾ ਤੇ ਖੰਡੇ ਬਾਟੇ ਦੀ ਪਾਹੁਲ ਲੈ ਕੇ, ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣਾ ਆਦਿ। ਇਨ੍ਹਾਂ ਵੀਚਾਰਾਂ ਤੇ ਟੁਰਣ ਵਾਲਾ ਹੀ ਇੱਕ ਰਹਿਤਵਾਨ ਸਿੱਖ ਅਖਵਾ ਸਕਦਾ ਹੈ। ਜੇਕਰ ਅਜੇਹੀ ਰਹਿਤ ਰਖਣ ਵਾਲਾ ਹੀ ਤੁਹਾਡੀ ਨਿਗਾਹ ਵਿੱਚ ਪਿਉਰ ਹਿੰਦੂ ਹੈ, ਤਾਂ ਫਿਰ (ਨੇਤਾ ਜੀ) ਤੁਹਾਡਾ ਜੀਅ ਨਹੀਂ ਕਰਦਾ ਕਿ ਤੁਸੀਂ ਵੀ ਅਜਿਹੀ ਰਹਿਤ ਰੱਖਕੇ, ਪਿਉਰ ਹਿੰਦੂ ਬਣ ਜਾਉ? ਕਰਮਕਾਡਾਂ ਦਾ ਤਿਆਗ ਕਰਕੇ, ਖੰਡੇ ਬਾਟੇ ਦੀ ਪਾਹੁਲ ਛੱਕ ਕੇ, ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰੀ ਜੀਵਨ ਬਤੀਤ ਕਰਣਾ ਪ੍ਰਵਾਨ ਕਰ ਲਉ। ਸਾਰੀ ਜਿੰਦਗੀ ਮਿਲਾਵਟੀ ਹੀ ਗੁਜਾਰ ਦੇਣੀ ਹੈ? ਅਜਿਹੀ ਪਿਉਰਟੀ ਨੂੰ ਵੇਖ ਕੇ ਤੁਹਾਡਾ ਜੀਅ ਨਹੀਂ ਕਰਦਾ, ਕਿ ਤੁਸੀਂ ਵੀ ਪਰਿਵਾਰ ਸਮੇਤ ਅਜਿਹੀ ਪਿਉਰਟੀ ਨੂੰ ਅਪਣਾ ਸਕੋ?

ਮਨ ਰੇ ਗਹਿਓ ਨ ਗੁਰ ਉਪਦੇਸੁ ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥ ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥ (633)

ਆਪਣੀਆਂ ਕਹੀਆਂ ਗਲਾਂ ਉੱਤੇ ਪੁੱਛੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ, ਭਾਜਪਾ ਨੇਤਾ ਦਾ ਚਿਹਰਾ ਪਸੀਨੇ ਨਾਲ ਤਰ ਹੋ ਗਇਆ, ਤੇ ਉਸਨੂੰ ਰਾਹ ਲਭਣਾ ਵੀ ਔਖਾ ਹੋ ਗਇਆ। ਖ਼ੈਰ! ਵਕਤੀ ਸਵਾਲ ਖੜੇ ਕਰਕੇ ਇਨਾਂ ਦਾ ਝੂਠਾ ਮਖੌਟਾ ਸੰਗਤਾਂ ਸਾਹਮਣੇ ਪੇਸ਼ ਕਰਨਾ ਵੀ ਲਾਜਮੀ ਬਣਦਾ ਸੀ, ਭਾਵੇਂ ਕਿ ਸਿੱਖ ਨੇ ਮਰਦੇ ਦੱਮ ਤੱਕ ਇਹ ਕਦੇ ਵੀ ਕਬੂਲ ਨਹੀਂ ਕਰਨਾ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੇਦਾਂ ਦਾ ਸਾਰ ਹੈ ਅਤੇ ਸਿੱਖ ਹਿੰਦੂ ਹੈ।

ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥… ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥ (1158)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top