Share on Facebook

Main News Page

ਅਰਦਾਸ
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਅਰਦਾਸ ਜੀਵਨ ਦਾ ਇਕ ਜ਼ਰੂਰੀ ਹਿਸਾ ਹੈ, ਜੀਵਨ ਦੀਆਂ ਲੋੜਾਂ ਤੋਂ ਅਰਦਾਸ ਦਾ ਜਨਮ ਹੁੰਦਾ ਹੈ, ਅਤੇ ਮਨੁੱਖ ਦੇ ਜਨਮ ਨਾਲ ਹੀ ਇਸ ਦੀਆਂ ਲੋੜਾਂ ਜਨਮ ਲੈ ਲੈਂਦੀਆਂ ਹਨ, ਪਹਿਲੇ ਇਹ ਲੋੜਾਂ ਜ਼ਰੂਰਤਾਂ ਛੋਟੀਆਂ ਅਤੇ ਥੋਹੜੀਆਂ ਹੁੰਦੀਆਂ ਹਨ, ਫਿਰ ਆਏ ਦਿਨ ਇਹ ਲੋੜਾਂ ਵਡੀਆਂ ਅਤੇ ਬਹੁਤੀਆਂ ਹੁੰਦੀਆਂ ਜਾਂਦੀਆਂ ਹਨ, ਜੀਵਨ ਤਨ ਅਤੇ ਮਨ ਦਾ ਸੁਮੇਲ ਹੈ, ਇਸ ਲਈ ਕੁਛ ਲੋੜਾਂ ਤਨ ਦੀਆਂ ਅਤੇ ਕੁਛ ਲੋੜਾਂ ਮਨ ਦੀਆਂ ਹੁੰਦੀਆਂ ਹਨ, ਸਮੇ ਸਥਾਨ ਅਤੇ ਸੰਜੋਗਾਂ {ਸੰਗਤ} ਨਾਲ ਅਕਸਰ ਇਹ ਲੋੜਾਂ ਬਦਲਦੀਆਂ ਰਹਿਂਦੀਆਂ ਹਨ ਪਰ ਰਹਿੰਦੀਆਂ ਜ਼ਰੂਰ ਹਨ, ਹਾਂ ਇਹ ਲੋੜਾਂ ਤਾਂ ਹੀ ਖਤਮ ਹੁੰਦੀਆਂ ਹਨ, ਜਦੋਂ ਮਨੁੱਖ ਤਨ ਕਰਕੇ ਮਰ ਜਾਏ ਜਾਂ ਮਨ ਕਰਕੇ, ਜੀਵਤ ਮਿਰਤਕ ਹੋਇ, ਆਪਾ ਮਿਟਾ ਕੇ ਪ੍ਰਭੂ ਵਿਚ ਅਭੇਦ ਹੋ ਜਾਵੇ, ਐਸੀ ਅਵਸਥਾ ਦਾ ਜ਼ਿਕਰ ਗੁਰੂ ਜੀ ਨੇ ਬਾਣੀ ਵਿਚ ਵੀ ਕੀਤਾ ਹੈ।

॥ ਆਸਾ ਮਹਲਾ 5 ॥ ਨਾ ਓਹੁ ਮਰਤਾ ਨਾ ਹਮ ਡਰਿਆ ॥ ਨਾ ਓਹੁ ਬਿਨਸੈ ਨਾ ਹਮ ਕੜਿਆ ॥
ਨਾ ਓਹੁ ਨਿਰਧਨੁ ਨਾ ਹਮ ਭੂਖੇ ॥ ਨਾ ਓਸੁ ਦੂਖੁ ਨ ਹਮ ਕਉ ਦੂਖੇ ॥1॥
ਅਵਰੁ ਨ ਕੋਊ ਮਾਰਨਵਾਰਾ ॥ ਜੀਅਉ ਹਮਾਰਾ ਜੀਉ ਦੇਨਹਾਰਾ ॥1॥ ਰਹਾਉ ॥
ਨਾ ਉਸੁ ਬੰਧਨ ਨਾ ਹਮ ਬਾਧੇ ॥ ਨਾ ਉਸੁ ਧੰਧਾ ਨਾ ਹਮ ਧਾਧੇ ॥
ਨਾ ਉਸੁ ਮੈਲੁ ਨ ਹਮ ਕਉ ਮੈਲਾ ॥ ਓਸੁ ਅਨੰਦੁ ਤ ਹਮ ਸਦ ਕੇਲਾ ॥2॥
ਨਾ ਉਸੁ ਸੋਚੁ ਨ ਹਮ ਕਉ ਸੋਚਾ ॥ ਨਾ ਉਸੁ ਲੇਪੁ ਨ ਹਮ ਕਉ ਪੋਚਾ ॥
ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥ ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥3॥
ਹਮ ਕਿਛੁ ਨਾਹੀ ਏਕੈ ਓਹੀ ॥ ਆਗੈ ਪਾਛੈ ਏਕੋ ਸੋਈ ॥
ਨਾਨਕ ਗੁਰਿ ਖੋਏ ਭ੍ਰਮ ਭੰਗਾ ॥ ਹਮ ਓਇ ਮਿਲਿ ਹੋਏ ਇਕ ਰੰਗਾ ॥4॥32॥83॥


ਪਰ ਜੀਵਨ ਵਿਚ ਬੋਲ ਜਾਂ ਅਬੋਲ ਅਰਦਾਸ ਹਮੇਸ਼ਾਂ ਰਹਿੰਦੀ ਹੈ, ਬੱਚੇ ਦਾ ਜਨਮ ਸਮੇਂ ਰੋਣਾ ਉਸਦੇ ਜੀਵਨ ਦੀ ਪਹਿਲੀ ਅਰਦਾਸ ਹੈ, ਦੁਸ਼ਮਨਾਂ ਤੋਂ, ਰੋਗਾਂ ਤੋਂ, ਰੱਖਿਆ ਲਈ ਜਾਂ ਧਨ ਪਦਾਰਥ ਮਾਨ ਸਨਮਾਨ ਆਦਿ ਦੀ ਪ੍ਰਾਪਤੀ ਲਈ, ਜਾਂ ਫਿਰ ਇਸ ਤੋਂ ਅਗੇ ਨਾਮ ਬਾਣੀ ਗੁਰੂ ਪ੍ਰਭੂ ਦੇ ਮਿਲਾਪ ਲਈ ਅਰਦਾਸ, ਅਰਦਾਸ ਕਿਸੇ ਭੀ ਪ੍ਰਾਪਤੀ ਦਾ ਵੱਡਾ ਸਾਧਨ ਹੈ। ਅਰਦਾਸ ਦੇ ਵੱਖ ਵੱਖ ਰੂਪ, ਜਿਸਦੇ ਕਾਰਨ ਅਤੇ ਸਫਲਤਾ ਦਾ ਜ਼ਿਕਰ ਸਤਿਗੁਰੂ ਜੀ ਨੇ ਬਾਣੀ ਵਿਚ ਭੀ ਕੀਤਾ ਹੈ। ਪੰਜਾਂ ਦੋਖੀਆਂ ਤੋਂ ਰੱਖਿਆ ਲਈ ਅਰਦਾਸ।

ਗਉੜੀ ਮਹਲਾ 5 ॥
ਰਾਖੁ ਪਿਤਾ ਪ੍ਰਭ ਮੇਰੇ ॥ ਮੋਹਿ ਨਿਰਗੁਨੁ ਸਭ ਗੁਨ ਤੇਰੇ ॥1॥ ਰਹਾਉ ॥ ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥ ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥1॥ ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥2॥ ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥ ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥3॥ ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥ ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥4॥

ਸੂਹੀ ਲਲਿਤ ਕਬੀਰ ਜੀਉ ॥
ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥ ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥1॥ ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥1॥

ਸੰਸਾਰ ਵਿਚ ਰਹਿੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਜੋ ਸਿੱਖੀ ਦਾ ਮੁਢਲਾ ਅਸੂਲ ਹੈ ।

॥ ਸਲੋਕ ਮਃ 5 ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥ ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥ ਨਾਨਕ ਨਾਮੁ ਧਿਆਇ ਪ੍ਰਭ ਕਾ  ਸਫਲੁ ਘਰੁ ॥1॥ ਮਃ 5 ॥ ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥ ਰਿਜਕੁ ਉਪਾਇਓਨੁ ਅਗਲਾ ਠਾਂਢਿ  ਪਈ ਸੰਸਾਰਿ ॥ ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥ ਕਰਿ ਕਿਰਪਾ ਪ੍ਰਭ ਆਪਣੀ ਸਚੇ  ਸਿਰਜਣਹਾਰ ॥ ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥2॥

ਸੁਖ ਪਦਾਰਥ, ਧਨ ਦੌਲਤ, ਸੁਤ ਸੰਤਾਂਨ, ਮਾਨ ਸਨਮਾਨ ਵਾਸਤੇ, ਕੇਵਲ ਇਕ ਪ੍ਰਭੂ ਅੱਗੇ ਅਰਦਾਸ।

॥ ਕਾਨੜਾ ਮਹਲਾ 5 ॥
ਜਨ ਕੋ ਪ੍ਰਭੁ ਸੰਗੇ ਅਸਨੇਹੁ ॥ ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥1॥ ਰਹਾਉ ॥ ਮਾਨੁ ਮਾਂਗਉ  ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥1॥ ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥ ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥2॥

ਸਭ ਤੋਂ ਉਤਮ ਅਰਦਾਸ ਪ੍ਰਭੂ ਦੇ ਮਿਲਾਪ ਅਤੇ ਨਾਮ ਸਿਮਰਨ ਦੀ ਦਾਤ ਲਈ ਕੀਤੀ ਗਈ ਅਰਦਾਸ।

ਪਉੜੀ ॥ ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥ ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥ ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥ ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ॥

ਧਨਾਸਰੀ ਮਹਲਾ 5 ਘਰੁ 9 ਪੜਤਾਲ ੴ ਸਤਿਗੁਰ ਪ੍ਰਸਾਦਿ ॥
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥1॥ ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥2॥1॥

ਹੁਣ ਅਗਲੇ ਕੁਛ ਮਸਲੇ ਹਨ ਕਿ ਅਰਦਾਸ ਕਿਸ ਲਈ ਹੈ, ਕਿਸ ਅੱਗੇ ਕੀਤੀ ਜਾਵੇ, ਅਤੇ ਕਿਸ ਤਰ੍ਹਾਂ ਕੀਤੀ ਜਾਵੇ, ਇਹ ਤਿੰਨੋ ਗੱਲਾਂ ਸਮਝ ਕੇ ਹੀ ਕੀਤੀ ਹੋਈ ਅਰਦਾਸ ਸਫਲ ਹੁੰਦੀ ਹੈ। ਇਹ ਤਿੰਨੋ ਗੱਲਾਂ ਨਾ ਸਮਝਣ ਕਰਕੇ ਹੀ, ਸਾਡੀਆਂ ਦਿਨ ਰਾਤ ਕੀਤੀਆਂ ਜਾ ਰਹੀਆਂ ਅਰਦਾਸਾਂ ਦਾ ਬਹੁਤਾ ਹਿੱਸਾ ਕੇਵਲ ਰਸਮ ਬਣ ਕੇ ਰਹਿ ਗਿਆ ਹੈ, ਅਤੇ ਅਸਫਲ ਹੋ ਰਿਹਾ ਹੈ।
ਮਨ ਦੀ ਹਰ ਚਾਹਤ ਗੁਰੂ ਕੋਲੋਂ ਮੰਗੀ ਜਾਣਾ ਭੀ ਸਿਆਣਪ ਨਹੀਂ ਹੈ, ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ, ਕਿ ਅਰਦਾਸ ਵਿਚ ਕੀ ਮੰਗਨਾ ਹੈ, ਕੀ ਜੋ ਕੁਛ ਮੰਗ ਰਿਹਾ ਹਾਂ, ਉਹ ਮੇਰੇ ਗੁਰੂ ਨੂੰ ਭਾਉਂਦਾ ਹੈ, ਕੀ ਉਹ ਮੇਰੇ ਭਲੇ ਲਈ ਹੈ, ਉਸ ਨਾਲ ਜੀਵਨ ਬਰਬਾਦ ਹੋਵੇਗਾ ਜਾਂ ਆਬਾਦ ਹੋਵੇਗਾ? ਕਿਉਂਕਿ ਮਨ ਦਾ ਸੁਭਾਅ ਬੱਚਪਨ ਹੈ, ਇਹ ਕਈ ਵਾਰ ਅਪਣਾ ਭਲਾ ਬੁਰਾ ਨਹੀਂ ਪਛਾਣ ਸਕਦਾ, ਪਰ ਗੁਰੂ ਤਾਂ ਦਾਨਾ ਬੀਨਾ ਮਾਤਾ ਪਿਤਾ ਹੈ, ਇਸ ਲਈ ਇਸਦਾ ਜੀਵਨ ਬਰਬਾਦ ਕਰਨ ਵਾਲੀਆਂ ਕਈ ਗ਼ਲਤ ਖਾਹਿਸ਼ਾਂ ਪੂਰੀਆਂ ਨਹੀਂ ਕਰਦਾ।

ਜਿਵੇਂ ਗੋਦ ਚੁੱਕ ਕੇ ਮਾਂ ਰੋਂਦੇ ਹੋਇ ਬੱਚੇ ਨੂੰ, ਬਲਦੇ ਦੀਵੇ ਦੀ ਲਾਟ ਦਿਖਾ ਕੇ ਵਿਲਚਾ ਰਹੀ ਹੈ, ਬੱਚੇ ਨੂੰ ਇਹ ਚਮਕਦੀ ਲਾਟ ਸੋਹਣੀ ਲਗਦੀ ਹੈ, ਇਸ ਲਈ ਹੱਥ ਅੱਗੇ ਵਧਾ ਕੇ ਪਕੜਨੀ ਚਾਹੁੰਦਾ ਹੈ, ਮਾਂ ਦਿਖਾ ਰਹੀ ਹੈ, ਪਰ ਅੱਗ ਦੀ ਲਾਟ ਬੱਚੇ ਨੂੰ ਪਕੜਨ ਨਹੀਂ ਦੇਂਦੀ, ਕਿਉਂਕਿ ਬੱਚਾ ਨਹੀਂ ਜਾਣਦਾ ਕਿ ਹੱਥ ਜਲ ਜਾਵੇਗਾ, ਪਰ ਮਾਂ ਤਾਂ ਸਮਝਦੀ ਹੈ, ਸਤਿਗੁਰੂ ਜੀ ਬਚਨ ਕਰਦੇ ਹਨ:

ਚੰਚਲ ਮਤ ਬਾਰਕ ਬਪੁੜੇ ਕੀ ਸਰਪ ਅਗਨ ਕਰ ਮੇਲੇ ॥ ਮਾਤ ਪਿਤਾ ਕੰਠ ਲਾਇ ਰਾਖੈ ਅਨਦ ਸਹਿਤ ਤਬ ਖੇਲੇ ॥

ਜਾਣੇ ਅਨਜਾਣੇ ਸਾਡੀਆਂ ਕਈ ਮੰਗਾਂ ਗੁਰਮਤਿ ਅਨਕੂਲ ਨਹੀਂ ਹੰਦੀਆਂ, ਮੈਨੂੰ ਯਾਦ ਆਇਆ ਕਿ ਮੈਂ ਅਮਰੀਕਾ ਦੇ ਇਕ ਸ਼ਹਿਰ ਵਿਚ ਕੀਰਤਨ ਦੀ ਹਾਜ਼ਰੀ ਭਰਨ ਗਿਆ, ਜਿਥੇ ਗੁਰਦੁਆਰੇ ਅਸਥਾਨ ਦੋ ਸਨ, ਸਮਾਂ ਥੋਹੜਾ ਸੀ, ਅਤੇ ਦੋਹਾਂ ਅਸਥਾਨਾ ਦੇ ਪ੍ਰਬੰਧਕ ਪ੍ਰੋਗਰਾਮ ਲਈ ਮਜਬੂਰ ਕਰ ਰਹੇ ਸਨ। ਮੈਂ ਬੇਨਤੀ ਕੀਤੀ, ਕਿ ਰੱਲ਼ ਮਿਲਕੇ ਪ੍ਰੋਗਰਾਮ ਬਣਾ ਲਵੋ, ਸਵੇਰੇ ਦੋਹਾਂ ਸਥਾਨਾਂ ਦੀ ਸੰਗਤ, ਇਕ ਗੁਰਦੁਆਰੇ ਇਕੱਠੀ ਹੋ ਜਾਵੇ ਅਤੇ ਸ਼ਾਮ ਨੂੰ ਦੂਜੇ ਗੁਰਦੁਆਰੇ ਸੰਗਤ ਇਕੱਤ੍ਰ ਹੋ ਜਾਵੇ। ਤਾਂ ਵਿਚੋਂ ਇੱਕ ਪ੍ਰਬੰਧਕ ਬੋਲਿਆ ਕਿ ਜੀ ਮੈ ਤਾਂ ਸੱਚ ਆਖਦਾ ਹਾਂ, ਅਸੀਂ ਉਸ ਗੁਰਦੁਆਰੇ ਨਹੀਂ ਜਾਣਾ, ਕਿਉਂਕਿ ਜਿਸ ਦਿਨ ਅਸੀਂ ਲੜ ਕੇ ਗੁਰਦੁਆਰਾ ਵੱਖ ਕੀਤਾ ਸੀ, ਉਸ ਦਿਨ ਅਸੀਂ ਅਰਦਾਸ ਕੀਤੀ ਸੀ ਕਿ ਅਸੀਂ ਉਸ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਵਾਂਗੇ।

ਮੈ ਹੈਰਾਨ ਹੋਇਆ ਕੀ ਸਿੱਖ ਐਸੀਆਂ ਅਰਦਾਸਾਂ ਭੀ ਕਰ ਸਕਦਾ ਹੈ? ਕ੍ਹਲ ਨੂੰ ਜੇਕਰ ਉਸ ਗੁਰਦੁਆਰੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਦੇ ਦਰਵਾਜ਼ੇ ਤੋਂ ਲੰਘੇਗਾ ਤਾਂ ਇਹ ਸਿੱਖ ਮੱਥਾ ਨਹੀਂ ਟੇਕੇਗਾ? ਇਸ ਲਈ ਅਰਦਾਸ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ, ਕਿ ਮੈ ਕੀ ਮੰਗ ਰਿਹਾ ਹਾਂ ਅਤੇ ਜੇਕਰ ਕਿਸੇ ਵਕਤ ਕੋਈ ਮੰਗ ਨਾ ਪੂਰੀ ਹੋਵੇ, ਤਾਂ ਅਰਦਾਸ ਜਾਂ ਗੁਰੂ ਤੇ ਵਿਸ਼ਵਾਸ਼ ਨਾ ਡੋਲੇ, ਬਲਕਿ ਇਹ ਸਮਝੇ ਕਿ ਮੇਰੀ ਮੰਗ ਵਿਚ ਜ਼ਰੂਰ ਕੋਈ ਗ਼ਲਤੀ ਹੈ ਕਿ ਮੈਨੂੰ ਇਹ ਵਸਤੂ ਨਹੀਂ ਮਿਲੀ, ਇਸ ਵਿਚ ਭੀ ਮੇਰਾ ਕੋਈ ਭਲਾ ਹੈ।

ਦੂਜੀ ਗੱਲ ਕੇ ਅਰਦਾਸ ਕਿਸ ਅੱਗੇ ਕਰਨੀ ਹੈ? ਗੁਰੂ ਨੇ ਬਾਣੀ ਰਾਹੀਂ ਫੈਸਲਾ ਦਿਤਾ ਹੈ।

ਤੂੰ ਏਕੋ ਸਾਹਿਬ ਅਵਰ ਨਾ ਹੋਰ ॥ਬਿਨਉ ਕਰੇ ਨਾਨਕ ਕਰ ਜੋਰ ॥

ਤੂੰ ਠਾਕਰ ਤੁਮ ਪਹਿ ਅਰਦਾਸ ॥ਜੀਉ ਪਿੰਡ ਸਭ ਤੇਰੀ ਰਾਸ ॥
ਤੁਮ ਮਾਤ ਪਿਤਾ ਹਮ ਬਾਰਕ ਤੇਰੇ ॥ਤੁਮਰੀ ਕਿਰਪਾ ਮਹਿ ਸੂਖ ਘਨੇਰੇ ॥

ਪ੍ਰਭੁ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ॥ਤੂੰ ਰਖਵਾਲਾ ਸਦਾ ਸਦਾ ਹਉਂ ਤੁਧ ਧਿਆਈਂ ॥

ਸਿੱਖ ਨੇ ਗੁਰੂ ਸ਼ਬਦ ਦੀ ਅਗਵਾਈ ਵਿਚ ਅਰਦਾਸ ਕੇਵਲ ਇਕ ਅਕਾਲ ਪੁਰਖ ਅੱਗੇ ਕਰਨੀ ਹੈ ਜੋ ਸਭਨਾ ਕਾ ਦਾਤਾ ਕਰਮ ਬਿਧਾਤਾ ਹੈ ।ਹੋਰ ਕਿਸੇ ਦੇਵੀ ਦੇਵਤੇ ਅੱਗੇ ਨਹੀਂ ਕਰਨੀ ।

ਤੂੰ ਸਭਨੀ ਥਾਈਂ ਜਿਥੇ ਹਉਂ ਜਾਈਂ ਸਾਚਾ ਸਿਰਜਨ ਹਾਰ ਜੀਉ ॥
ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਨ ਹਾਰ ਜੀਉ ॥

ਅਰਦਾਸ ਕਿਸਤਰਾਂ ਕਰਨੀ ਹੈ?

ਅਰਦਾਸ ਕਰਨ ਲਈ ਇਕ ਸੰਮਰਪਤ ਅਵੱਸਥਾ ਵਿਚ ਆਉਣ ਦੀ ਲੋੜ ਹੋਂਦੀ ਹੈ ਜਦੋਂ ਮਨ ਅਪਣੇ ਆਪ ਨੂੰ ਸਰਬ ਸ਼ਕਤੀਵਾਨ ਅਕਾਲ ਪੁਰਖ ਦੇ ਸਾਹਮਣੇ ਟੇਕ ਕੇ ਉਸਦੀ ਬਖਸ਼ਿਸ਼ ਤੇ ਨਿਰਭਰ ਹੋ ਜਾਂਦਾ ਹੈ ਤਾਂ ਕੀਤੀ ਹੋਈ ਅਰਦਾਸ ਸਫਲ ਹੋਂਦੀ ਹੈ ।

ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ॥ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੈ ਮੇਰਾ ॥

ਜੇ ਦੇਂਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉਂ ॥ ਨਾਨਕ ਕੇ ਪ੍ਰਭੁ ਸਦਾ ਸੁਖ ਦਾਤੇ ਮੈ ਤਾਣ ਤੇਰਾ ਇਕ ਨਾਉਂ ॥

ਜਨ ਕੋ ਪ੍ਰਭੁ ਸੰਗੇ ਅਸਨੇਹੁ ॥ ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥1॥ ਰਹਾਉ ॥ ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥1॥ ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥ ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥

ਪੰਥਕ ਅਰਦਾਸ

ਰੋਜ਼ਾਨਾ ਗੁਰੂ ਅਸਥਾਨਾਂ ਜਾਂ ਸਮਾਗਮਾਂ ਸਮੇਂ ਕੀਤੀ ਜਾਣ ਵਾਲੀ ਪੰਥਕ ਅਰਦਾਸ ਨੂੰ ਹੀ ਜੇ ਸਮਝ ਲਈਏ ਤਾਂ ਅਰਦਾਸ ਦੀਆਂ ਭਾਵਨਾਵਾਂ ਅਤੇ ਅਵਸਥਾ ਬਾਨਾਣ ਵਿਚ ਬਹੁਤ ਸਹਾਇਕ ਹੋ ਸਕਦੀ ਹੈ।

ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ॥
ਫਿਰ ਅੰਗਦ ਗੁਰ ਤੇ ਅਮਰ ਦਾਸ ਰਾਮ ਦਾਸੈ ਹੋਈ ਸਹਾਏ॥
ਅਰਜਨ ਹਰ ਗੋਬਿੰਦ ਨੋ ਸਿਮਰਉਂ ਸ੍ਰੀ ਹਰ ਰਾਏ॥
ਸਿਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ॥
ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ॥
ਸਭ ਥਾਈਂ ਹੋਹਿ ਸਹਾਏ॥

ਧੰਨ ਧੰਨ ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਹਿ ਸਾਹਾਏ॥
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲੋ ਜੀ ਵਾਹਿਗੁਰੂ।

ਨੋਟ - ਬੇਸ਼ਕ ਕਿਸੇ ਸਾਜਸ਼ ਜਾਂ ਭੁਲੇਖੇ ਨਾਲ ਬਚਿੱਤਰ ਨਾਟਕ ਵਿਚਲੀ ਦੁਰਗਾ ਕੀ ਵਾਰ ਦੀ ਇਹ ਪਉੜੀ, ਪੰਥਕ ਅਰਦਾਸ ਵਿਚ ਪ੍ਰਚੱਲਤ ਕਰ ਦਿਤੀ ਗਈ ਹੈ, ਜਿਸਨੂੰ ਉਸੇ ਤਰਾਂ ਪੰਥਕ ਫੈਸਲੇ ਨਾਲ ਕੱਢ ਦੇਣਾ ਚਾਹੀਦਾ ਹੈ, ਤਾਂਕਿ ਸਿੱਖੀ ਵਿਚ ਕੋਈ ਭਰਮ ਭੁਲੇਖਾ ਨੈ ਪੈ ਸਕੇ, –ਕਿਉਂਕਿ ਸਿੱਖ ਬਚਿੱਤਰ ਨਾਟਕ ਵਿਚਲੀ ਕਿਸੇ ਦੁਰਗਾ ਦੇਵੀ ਭਗਾਉਤੀ ਨੂੰ ਨਹੀਂ ਮੰਨਦਾ ਤੇ ਨਾ ਹੀ ਪੂਜਦਾ ਹੈ।

ਗੁਰਬਾਣੀ ਅਨੁਸਾਰ ਇਸ ਸੰਸਾਰ ਵਿਚ “ਜੈਸੇ ਜਲ ਮਹਿ ਕਮਲ ਨਿਰਾਲਮ” ਰਹਿੰਦਿਆਂ ਪ੍ਰਭੂ ਦੇ ਰੰਗ ਵਿਚ ਅਭੇਦ ਹੋ ਜਾਣ ਵਾਲੇ ਨੂੰ, ਭਗਉਤੀ ਆਖਿਆ ਗਿਆ ਹੈ। ਗੁਰੂ ਜੀ ਬਚਨ ਕਰਦੇ ਹਨ।

ਸੋ ਭਗਉਤੀ ਜੋ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥ ਧਾਵਤੁ ਰਾਖੈ ਇਕਤੁ ਘਰਿ ਆਣੈ ॥ ਜੀਵਤੁ ਮਰੈ ਹਰਿ ਨਾਮੁ ਵਖਾਣੈ ॥ ਐਸਾ ਭਗਉਤੀ ਉਤਮੁ ਹੋਇ ॥ ਨਾਨਕ ਸਚਿ ਸਮਾਵੈ ਸੋਇ ॥2॥
॥ ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ  ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥  ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥3॥


ਇਉਂ ਸਭ ਤੋਂ ਪਹਿਲਾਂ ਪ੍ਰਭੂ ਨਾਲ ਅਭੇਦ ਹੋਇ ਹੋਇ {ਭਗਉਤੀ} ਇਕੋ ਗੁਰੂ ਦੇ ਵੱਖ ਵੱਖ ਨਾਵਾਂ ਨੂੰ ਸ਼ਰਧਾ ਪਿਆਰ ਨਾਲ ਯਾਦ ਕਰਕੇ, ਗੁਰੂ ਨਾਲ ਜੁੜਨਾ, ਤਾਂਕਿ ਗੁਰੂ ਵਲੋਂ ਬਖਸ਼ੀ ਜੀਵਨ ਜੁਗਤ ਦੀ ਰੌਸ਼ਨੀ ਵਿਚ ਰਹਿੰਦਿਆਂ ਗੁਰਮਤਿ ਅਨੁਸਾਰ ਕਿਸੇ ਸ਼ੁਭ ਮਨੋ ਕਾਮਨਾ ਲਈ ਹੀ ਸਾਡੀ ਅਰਦਾਸ ਹੋਵੇ।

ਅੱਗੇ ਹੈ ਗੁਰਮਤਿ ਅਨਸਾਰ ਘਾਲਣਾ, ਕਮਾਈ, ਸੇਵਾ, ਸਿਮਰਨ, ਕੁਰਬਾਨੀ ਭਰਿਆ ਜੀਵਨ ਜਿਉਣ ਵਾਲਿਆਂ ਦੀ ਯਾਦ, ਜੋ ਸਿੱਖ ਦੇ ਜੀਵਨ ਮਾਰਗ ਵਿੱਚ ਇੱਕ ਪ੍ਰੇਰਨਾ ਸਰੋਤ ਹੋਵੇ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀ ਮੁਕਤਿਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵ੍ਹਾਈ, ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਚਰਖੜੀਆਂ ‘ਤੇ ਚ੍ਹੜੇ, ਖੋਪਰੀਆਂ ਲੁਹਾਈਆਂ, ਆਰਿਆਂ ਨਾਲ ਤਨ ਚਿਰਾਏ, ਮੀਰ ਮੰਨੂੰ ਦੀ ਜੇਹਲ ਵਿੱਚ ਭੁਖੇ ਰਹਿਕੇ ਸਵਾ ਸਵਾ ਮਣ ਪੀਸਨ ਪੀਸੇ, ਬੱਚਿਆਂ ਦੇ ਟੁੱਕੜਿਆਂ ਦੇ ਹਾਰ ਅਪਣੇ ਗਲਾਂ ਵਿਚ ਪਵਾਏ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਕਮਾਈ ਵਲ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।

ਨੋਟ - ਐਥੇ ਪੰਥਕ ਅਰਦਾਸ ਦੀ ਸੰਪਾਦਨਾ ਕਰਨ ਵਾਲੇ ਸੂਝਵਾਨ ਵੀਰਾਂ ਨੇ ਇਕ ਖਾਸ ਖਿਆਲ ਰੱਖਿਆ ਹੈ, ਅਤੇ ਗੁਰਮਤਿ ਜੀਵਨ ਜੁਗਤ ਵਿਚ ਘਾਲਣਾ ਘਾਲਨ ਵਾਲਿਆਂ ਦਾ ਸਮੂਚੇ ਰੂਪ ਵਿੱਚ ਜ਼ਿਕਰ ਕੀਤਾ ਹੈ, ਵਿਅੱਕਤੀਆਂ ਦਾ ਨਾਮ ਨਹੀਂ ਲਿਆ {ਪੰਜ ਪਿਆਰੇ, ਚਾਰ ਸਾਹਿਬਜਾਦੇ, ਚਾਲੀ ਮੁਕਤੇ ਪਰ ਇਹਨਾ ਦੇ ਨਾਮ ਨਹੀਂ ਲਿਖੇ, ਜ੍ਹਿਨਾਂ ਨਾਮ ਜਪਿਆ, ਬੰਦ ਬੰਦ ਕਟਾਏ, ਚਰਖੜੀਆਂ ‘ਤੇ ਚ੍ਹੜੇ, ਨਾਮ ਨਹੀਂ ਲਿਖਿਆ} ਕਿਉਂਕਿ ਇਸ ਤਰ੍ਹਾਂ ਦੇ ਉਪਰ ਲਿਖੇ ਜੀਵਨ ਦੀ ਘਾਲਣਾ ਵਾਲੇ ਅਨੇਕਾਂ ਸਿੱਖ ਹੋਰ ਭੀ ਹੋ ਸਕਦੇ ਹਨ, ਜ੍ਹਿਨਾਂ ਦਾ ਨਾਮ ਇਤਿਹਾਸ ਕਾਰਾਂ ਕੋਲੋਂ ਛੁਪਿਆ ਰਹਿ ਗਿਆ ਹੋਵੇ, ਜਿਵੇਂ 1947, 1978 ਅਤੇ 1984 ਦੇ ਘੱਲੂਘਾਰੇ ਸਮੇਂ ਅਨਗਿਣਤ ਕੁਰਬਾਨੀਆਂ ਹੋਈਆਂ ਅਤੇ ਹੁੰਦੀਆਂ ਰਹਿੰਦੀਆਂ ਹਨ, ਤਾਂ ਫਿਰ ਰੋਜ਼ ਹੀ ਅਰਦਾਸ ਵਿਚ ਘਾਲਣਾ ਵਾਲਿਆਂ ਦੀ ਲਿਸਟ ਬਦਲਨੀ ਪਿਆ ਕਰੇਗੀ, ਅੱਜ ਤਾਂ ਕਈ ਵਾਰ ਕਿਸੇ ਦੀ ਘਾਲਣਾ ਨੂੰ ਕੁਛ ਲੋਕ ਪ੍ਰਵਾਨ ਕਰਦੇ ਹਨ ਅਤੇ ਕੁਛ ਲੋਕ ਨਹੀਂ ਕਰਦੇ, ਪਰ ਇਸ ਉਪਰ ਲਿਖੀ ਅਰਦਾਸ ਦੇ ਢੰਗ ਨਾਲ ਗੁਰਮਤਿ ਜੀਵਨ ਦੀ ਘਾਲਣਾ ਜਦੋਂ ਭੀ ਕਿਸੇ ਨੇ ਕੀਤੀ ਜਾਂ ਕਰੇਗਾ ਤਾਂ ਸੁਭਾਵਕ ਹੀ ਸਿੱਖ ਦੀਆਂ ਯਾਦਾਂ ਵਿਚ ਜੁੜ ਜਾਵੇਗਾ।

ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।

ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦੀ ਯਾਦ ਗੁਰਮਤ ਦੀ ਸੇਧ ਵਿੱਚ ਰਹਿੰਦਿਆਂ, ਸਿੱਖ ਦੀ ਰਾਜਨੀਤੀ ਅਤੇ ਧਰਮ ਦੇ ਕੇਂਦਰੀਯਕਰਨ ਦੀ ਪ੍ਰੇਰਨਾ ਸਰੋਤ ਹੈ, ਕਿਉਂਕਿ ਇਹ ਦੋਨੋ ਹੀ ਜੀਵਨ ਦੇ ਜ਼ਰੂਰੀ ਪਹਿਲੂ ਹਨ, ਜ੍ਹਿਨਾਂ ਨੂੰ ਗੁਰਮਤਿ ਦੀ ਸੇਧ ਵਿਚ ਰੱਖਣਾ ਜ਼ਰੂਰੀ ਹੈ।

ਹੁਣ ਦੇਖੋ, ਸਰਬੱਤ ਖਾਲਸਾ, ਪੰਥ ਗੁਰੂ ਦੇ ਇਕ ਪ੍ਰਵਾਰ ਰੂਪ ਲੜੀ ਵਿਚ ਪਰੋਇਆ ਹੋਇਆ ਹੈ, ਇਸ ਲਈ ਤਨ ਮਨ ਧਨ ਕਰਕੇ ਅਪਣੇ ਜੀਵਨ ਦੀਆਂ ਸਾਰੀਆਂ ਸ਼ਕਤੀਆਂ ਪੰਥ ਲਈ ਸਾਂਝੀਆਂ ਕਰਦਾ ਹੋਇਆ, ਅਪਣੀ ਮੁਢਲੀ ਅਰਦਾਸ ਸਮੁੱਚੇ ਪੰਥ ਖਾਲਸੇ ਦੀਆਂ ਚ੍ਹੜਦੀਆਂ ਕਲਾਂ ਲਈ ਹੀ ਕਰਦਾ ਹੈ। ਜਿਸ ਨਾਲ ਹਰ ਗੁਰਸਿੱਖ ਨੂੰ ਗੌਰਵ ਹੁੰਦਾ ਹੈ, ਕਿ ਮੈਂ ਇਸ ਸੰਸਾਰ ਵਿੱਚ ਇਕੱਲਾ ਨਹੀ ਹਾਂ, ਮੇਰੇ ਪੰਥਕ ਪ੍ਰਵਾਰ ਦਾ ਹਰ ਬਸ਼ਰ ਜਿਥੇ ਭੀ ਬੈਠਾ ਹੈ, ਦੋਨੋਂ ਵਕਤ ਅਪਣੀ ਅਰਦਾਸ ਵਿਚ ਮੇਰੇ ਲਈ ਸੁੱਖ ਮੰਗਦਾ ਕਹਿ ਰਿਹਾ ਹੈ।

ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਐਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸਿਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟੱਲ, ਧਰਮ ਕੈ ਜੈਕਾਰ।

ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਪੱਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ।


ਹੁਣ ਅਗਲੀਆਂ ਦੋ ਲਾਈਨਾ ਖਾਸ ਧਿਆਨ ਦੇਣ ਵਾਲੀਆਂ ਹਨ। ਸਿੱਖ ਅਰਦਾਸ ਵਿਚ ਮੰਗ ਕਰਦਾ ਹੈ।

ਹੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ, ਜ੍ਹਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤ੍ਹਿਨਾਂ ਦੇ ਖ੍ਹਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ।

ਅਰਦਾਸ ਦੇ ਇਹ ਲਫਜ਼ ਪੰਥ ਦੀ ਧਾਰਮਕ ਆਜ਼ਾਦੀ ਦੀ ਚਾਹਤ ਦਾ ਪ੍ਰਤੀਕ ਹਨ, ਅਤੇ ਸਮੂਚੇ ਸੰਸਾਰ ਲਈ ਧਾਰਮਕ ਅਜ਼ਾਦੀ ਦੀ ਪ੍ਰੇਰਨਾ ਹਨ, ਕਿ ਹਰ ਕਿਸੇ ਦੀਆਂ ਧਾਰਮਕ ਭਾਵਨਾਵਾਂ ਅਤੇ ਧਰਮ ਅਸਥਾਨ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੀ ਕਿਸੇ ਭੀ ਸੋਚ ਸੀਮਾਂ ਤੋਂ ਆਜ਼ਾਦ ਰਹਿਣ।

ਪੰਥਕ ਅਰਦਾਸ ਵਿਚ ਇਹ ਸਾਰੀਆਂ ਭਾਵਨਾਵਾਂ, ਸਿੱਖ ਦੀ ਰੋਜ਼ ਦੀ ਅਰਦਾਸ ਦਾ ਜ਼ਰੂਰੀ ਹਿੱਸਾ ਹਨ ਅਤੇ ਇਸਤੋਂ ਬਾਅਦ ਹੀ ਫਿਰ ਕਿਸੇ ਸਿੱਖ ਦੀ ਨਿਜੀ ਅਰਦਾਸ ਦੇ ਲਫਜ਼ ਸ਼ੁਭ ਕਾਮਨਾ ਸਹਿਤ ਸ਼ੁਰੂ ਹੁੰਦੇ ਹਨ। ਅਤੇ ਅੱਜ ਦੀ ਜ਼ਰੂਰੀ ਲੋੜ ਸਮਝਦਿਆਂ ਕੌਮ ਦੀ ਜਾਗਰਤੀ ਲਈ, ਜਾਗਰਤ ਧਿਰਾਂ ਨੇ ਅਰਦਾਸ ਦੇ ਅੰਤ ਵਿਚ ਇਹ ਲਫਜ਼ ਭੀ ਸ਼ੁਰੂ ਕੀਤੇ ਹਨ, ਕਿ ਸੱਚੇ ਪਾਤਸ਼ਾਹ, ਪਟਨਾ ਅਤੇ ਹਜ਼ੂਰ ਸਾਹਿਬ ਅਤੇ ਕੁਛ ਹੋਰ ਅਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਕੇ, ਕੀਤੀ ਜਾ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤਿ ਨੂੰ ਠੱਲ ਪਾਉਣ ਦੀ ਜਾਗਰਤੀ ਅਤੇ ਅਗਵਾਈ ਖਾਲਸਾ ਪੰਥ ਨੂੰ ਬਖਸ਼ੋ ਜੀ, ਅੱਗੇ ਸ਼ੁਭ ਕਾਮਨਾ ਦਾ ਇਕ ਸ੍ਰੇਸ਼ਟ ਰੂਪ ਹੈ, ਜਿਥੇ ਅਰਦਾਸ ਸਮਾਪਤ ਹੁੰਦੀ ਹੈ, ਉਹ ਹੈ।

ਨਾਨਕ ਨਾਮ ਚ੍ਹੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top