Share on Facebook

Main News Page

ਪੰਜਾਬ ਸਰਕਾਰ ਵੀ ਹਰਿਆਣੇ ਵਾਂਗ ਤੰਮਾਕੂ ਪਦਾਰਥਾਂ ਦੀ ਵਿਕਰੀ, ਨਿਰਮਾਣ ਤੇ ਭੰਡਾਰ ਕਰਨ ਤੇ ਰੋਕ ਲਾਵੇ
- ਗਿਆਨੀ ਜਗਤਾਰ ਸਿੰਘ ਜਾਚਕ

ਬਠਿੰਡਾ, 21 ਜੁਲਾਈ (ਕਿਰਪਾਲ ਸਿੰਘ): ਕਿਉਂਕਿ ਗੁਟਕਾ, ਪਾਨ-ਮਸਾਲਾ, ਜ਼ਰਦਾ ਤੰਮਾਕੂ ਤੇ ਨਿਕੋਟੀਨ ਦੀ ਵਰਤੋਂ ਮਨੁੱਖ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਦਾ ਕਾਰਨ ਬਣਦੀ ਹੈ। ਇਸ ਸਿੱਟੇ ’ਤੇ ਪਹੁੰਚਣ ਉਪ੍ਰੰਤ ਹਰਿਆਣਾ ਸਰਕਾਰ ਨੇ ਰਾਜ ਵਿੱਚ ਗੁਟਕਾ, ਪਾਨ-ਮਸਾਲਾ, ਜ਼ਰਦਾ ਅਤੇ ਤੰਮਾਕੂ ਤੇ ਨਿਕੋਟੀਨ ਦੇ ਚਬਾਉਣ ਵਾਲੇ ਉਤਪਾਦਾਂ ਦੇ ਨਿਰਮਾਣ, ਭੰਡਾਰਣ ਅਤੇ ਵੇਚਣ ’ਤੇ 15 ਅਗਸਤ ਤੋਂ ਰੋਕ ਲਾਉਣ ਦਾ ਅਤਿ ਸ਼ਲਾਘਾ ਯੋਗ ਐਲਾਨ ਕੀਤਾ ਹੈ। ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀ ਦਾਵੇਦਾਰ ਪੰਜਾਬ ਸਰਕਾਰ ਨੂੰ ਵੀ ਹਰਿਆਣੇ ਦੀ ਤਰਜ਼ ’ਤੇ ਅਜਿਹਾ ਫੈਸਲਾ ਲੈ ਕੇ ਮਨੁਖਤਾ ਦੀ ਭਲਾਈ ਲਈ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।

ਇਹ ਸ਼ਬਦ ਆਪਣੇ ਲ਼ਿਖਤੀ ਪ੍ਰੈਸ ਨੋਟ ਰਾਹੀਂ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਹੇ। ਉਨ੍ਹਾਂ ਕਿਹਾ ਕਿਉਂਕਿ, ਉਪਰੋਕਤ ਕਿਸਮ ਦੇ ਨਸ਼ੀਲੇ ਤੇ ਜ਼ਹਿਰੀਲੇ ਪਦਾਰਥ ਪੰਜਾਬ ਦੀ ਜੁਆਨੀ ਨੂੰ ਘੁਣ ਵਾਂਗ ਖਾਈ ਜਾ ਰਹੇ ਹਨ। ਇਸ ਲਈ ਪੰਜਾਬ ਦੀਆਂ ਮਾਨਵ-ਹਿਤਕਾਰੀ ਹਿੰਦੂ, ਸਿੱਖ, ਇਸਾਈ ਤੇ ਮੁਸਲਮਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾ ਕੇ ਹਰਿਆਣਾ ਦੀ ਤਰਜ਼ ’ਤੇ ਪੰਜਾਬ ਵਿੱਚ ਗੁਟਕਾ, ਪਾਨ-ਮਸਾਲਾ, ਜ਼ਰਦਾ, ਤੰਮਾਕੂ ਤੇ ਨਿਕੋਟੀਨ ਦੀ ਵਰਤੋਂ ’ਤੇ ਪਾਬੰਦੀ ਲਾਉਣ ਲਈ ਪੰਜਾਬ ਸਰਕਾਰ ’ਤੇ ਜੋਰ ਪਾਉਣ।

ਗਿਆਨੀ ਜਾਚਕ ਜੀ ਨੇ ਕਿਹਾ ਕਿ ਹਿੰਦੂ ਮਤ ਦੇ ਧਾਰਮਿਕ ਸ਼ਾਸਤ੍ਰਾਂ, ਮੁਸਲਮਾਨਾਂ ਦੀ ਕਤੇਬਾਂ, ਈਸਾਈਆਂ ਦੀ ਅੰਜੀਲ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਤੰਮਾਕੂ ਦੀ ਵਰਤੋਂ ਨੂੰ ਸਿਹਤਕ ਤੇ ਅਧਿਆਤਮਿਕ ਦ੍ਰਿਸ਼ਟੀਕੋਨ ਤੋਂ ਹਾਨੀਕਾਰਕ ਦਸਦਿਆਂ ਜਗਤ-ਜੂਠ ਕਹਿ ਕੇ ਨਿੰਦਿਆ ਹੈ। ਕਿਸੇ ਵੀ ਧਰਮ ਦੇ ਰਹਿਬਰ ਨੇ ਇਸਦੀ ਵਰਤੋਂ ਨਹੀਂ ਕੀਤੀ। ਅਸੂਲਣ ਤੌਰ ’ਤੇ ਸਾਰੇ ਧਰਮ ਮੰਦਰਾਂ ਵਿੱਚ ਤੰਮਾਕੂ ਲਿਜਾਣ ਦੀ ਮਨਾਹੀ ਹੈ। ਸਿੱਖ ਰਹਿਤ ਮਰਯਾਦਾ ਵਿੱਚ ਤੰਮਾਕੂ ਦੀ ਵਰਤੋਂ ਨੂੰ ਇੱਕ ਵੱਡੀ ਬੱਜਰ ਕੁਰਹਿਤ ਐਲਾਨਿਆ ਗਿਆ ਹੈ। ਸਿੱਖ ਨੂੰ ਤੰਮਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀ ਨਾਲ ਰੋਟੀ ਬੇਟੀ ਦੀ ਸਾਂਝ ਪਉਣ ਤੋਂ ਵੀ ਰੋਕਿਆ ਗਿਆ ਹੈ। ਹਿੰਦੂ ਮਤ ਦੇ ਸਕੰਧ ਪੁਰਾਣ ਵਿੱਚ ਲਿਖਿਆ ਹੈ ਕਿ ਤੰਮਾਕੂ ਪੀਣ ਵਾਲੇ ਬ੍ਰਾਹਮਣ ਨੂੰ ਜਿਹੜਾ ਦਾਨ ਦਿੰਦਾ ਹੈ, ਉਹ ਨਰਕ ਵਿੱਚ ਪੈਂਦਾ ਹੈ ਅਤੇ ਜੇਹੜਾ ਤੰਮਾਕੂ ਪੀਣ ਵਾਲਾ ਬ੍ਰਾਹਮਣ ਦਾਨ ਲੈਂਦਾ ਹੈ, ਉਹ ਮਰਨ ਪਿਛੋਂ ਸੂਰ ਬਣ ਕੇ ਗੰਦਗੀ ਸਾਫ ਕਰਦਾ ਹੈ। ਮੰਨੂ ਸਿਮਰਤੀ ਵਿੱਚ ਵੀ ਧੂਮਰਪਾਨ ਦੀ ਸਖਤ ਮਨਾਹੀ ਹੈ। ਕਿਉਂਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਦੋਵੇਂ ਭਾਈਵਾਲ ਪਾਰਟੀਆਂ ਧਰਮ ਦਾ ਬੁਰਕਾ ਪਾ ਕੇ ਹੀ ਰਾਜ-ਸੱਤਾ ਦਾ ਸੁੱਖ ਮਾਣ ਰਹੀਆਂ ਹਨ ਇਸ ਲਈ ਇਨ੍ਹਾਂ ਦਾ ਧਰਮ ਬਣਦਾ ਹੈ ਕਿ ਉਹ ਤੰਮਾਕੂ ਦੀ ਵਰਤੋਂ, ਵਿਕਰੀ ਅਤੇ ਉਤਪਾਦਨ ’ਤੇ ਸਖਤ ਪਾਬੰਦੀ ਲਾਗੂ ਕਰੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top