Share on Facebook

Main News Page

ਵਿਦੇਸ਼ੀ ਸਿੱਖ, ਗੁਰਦੁਵਾਰੇ ਅਤੇ ਗੋਲਕ
-
ਜਸਵਿੰਦਰ ਸਿੰਘ ਬਦੇਸ਼ਾ

ਵਿਦੇਸ਼ਾਂ ਵਿੱਚ ਬੈਠੀ ਸਿੱਖ ਕੌਮ ਨੂੰ ਕੁੱਝ ਗੁਰੂ ਘਰਾਂ ਦੇ ਪ੍ਰਬੰਧਕ ਪੂਰੀ ਤਰਾਂ ਗੁਮਰਾਹ ਕਰ ਰਹੇ ਹਨ। ਵੱਡੀਆਂ- ਵੱਡੀਆਂ ਬਿਲਡਿੰਗਾਂ ਬਣਾਉਣ ਪਿੱਛੇ ਵੀ ਗੋਲਕਾਂ ਵਧਾਉਣ ਦੀ ਲਾਲਸਾ ਕੰਮ ਕਰਦੀ ਹੈ। ਸਿੱਖ ਰਹਿਤ ਮਰਿਆਦਾ ਸਿਰਫ ਆਮ ਸਿੱਖਾਂ ਵਾਸਤੇ ਹੈ, ਗੋਲਕਾਂ ਭਰਨ ਵਾਲੇ ਗੁਰਦਵਾਰਿਆਂ ਦੇ ਪ੍ਰਬੰਧਕ ਇਸ ਨੂੰ ਟਿੱਚ ਜਾਣਦੇ ਹਨ। ਬਿਨਾਂ ਕਿਸੇ ਪਲਾਨਿੰਗ ਤੋਂ ਕਰਜ਼ਾ ਪ੍ਰਬੰਧਕ ਚੁੱਕਦੇ ਹਨ ਅਤੇ ਕਿਸਤਾਂ ਸਿੱਖ ਭਰਦੇ ਹਨ। ਪੂਰਾ ਗੋਲ ਮਾਲ ਹੈ। ਸਿੱਖੀ ਭੇਸ ਵਿੱਚ ਲੋਟੂ ਟੋਲੇ ਗੁਰੂ ਘਰਾਂ ਉੱਪਰ ਪੂਰੀ ਤਰਾਂ ਕਾਬਜ਼ ਹੋ ਰਹੇ ਹਨ। ਬਹੁਤੇ ਵਿਦੇਸ਼ੀ ਗੁਰਦਵਾਰੇ ਪ੍ਰਾਈਵੇਟ ਕੰਪਨੀਆਂ ਦੀ ਤਰਾਂ ਚਲਾਏ ਜਾ ਰਹੇ ਹਨ। ਸਿੱਖ ਸ਼ਹੀਦਾਂ ਦੇ ਨਾਂ ਵਰਤਕੇ ਗੁਰੂ ਘਰਾਂ ਉੱਪਰ ਕਬਜ਼ਾ ਜਮਾਈ ਰੱਖਣਾ ਆਮ ਗੱਲ ਹੈ। ਅਗਰ ਸਿੱਖ ਰਹਿਤ ਮਰਿਆਦਾ ਗੁਰਦਵਾਰਿਆਂ ਵਿੱਚ ਨਹੀਂ ਮੰਨੀ ਜ਼ਾਂਦੀ ਫਿਰ ਇਸਨੂੰ ਕਿੱਥੇ ਲਾਗੂ ਕਰੋਗੇ।

ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰਦਵਾਰਿਆਂ ਦੀਆਂ ਮੌਰਟਗੇਜ਼ ਦੀਆਂ ਕਿਸਤਾਂ ਪੂਰੀਆਂ ਕਰਨ ਲਈ ਸਿੱਖ ਰਹਿਤ ਮਰਿਆਦਾ ਦੇ ਸਭ ਕਾਇਦੇ ਕਾਨੂੰਨ ਤੋੜ ਦਿੱਤੇ ਜ਼ਾਂਦੇ ਹਨ। ਅੱਜ ਵਿਦੇਸਾਂ ਵਿਚਲੇ ਬਹੁਤੇ ਗੁਰਦਵਾਰਿਆਂ ਦੀ ਇਨਕਮ ਦਾ ਵੱਡਾ ਹਿੱਸਾ ਮਾਰਟਗੇਜ਼ ਦੀਆਂ ਕਿਸਤਾਂ ਦੇਣ ਅਤੇ ਵੰਨ ਸੁਵੰਨੇ ਲੰਗਰਾਂ ਉੱਪਰ ਖਰਚ ਹੋ ਜਾਂਦਾ ਹੈ। ਧਰਮ ਪ੍ਰਚਾਰ ਦਾ ਜਿੰਨਾਂ ਰੌਲਾ ਪਾਇਆ ਜ਼ਾਦਾ ਹੈ ਉਹ ਆਪਣੇ ਆਲੇ ਦੁਆਲੇ ਤੋਂ ਪਤਾ ਚਲ ਰਿਹਾ ਹੈ। ਹਰੇਕ ਗੁਰਦਵਾਰੇ ਵਿੱਚ ਸੰਗਰਾਂਦ ਮੱਸਿਆ ਆ ਵੜੀਆਂ ਹਨ। ਬਾਬਿਆਂ ਦੀਆਂ ਵਰਸੀਆਂ ਆਮ ਮਨਾਈਆਂ ਜਾ ਰਹੀਆਂ ਹਨ। ਵਿਦੇਸ਼ੀ ਸਿੱਖ ਸੰਗਤਾਂ ਵੱਲੋਂ ਗੁਰਦਵਾਰਾ ਸਹਿਬਾਨ ਲਈ ਭੇਟ ਕੀਤੀ ਮਾਇਆ ਦਾ ਵੱਡਾ ਹਿੱਸਾ ਕਰਜ਼ੇ ਦੇ ਵਿਆਜ਼ ਵਜ਼ੋਂ ਬੈਂਕਾਂ ਦੀ ਜੇਬ ਵਿੱਚ ਚਲਾ ਜ਼ਾਂਦਾ ਹੈ। ਅਨਪੜ ਅਤੇ ਧੁੱਸਮਾਰ ਪ੍ਰਬੰਧਕਾਂ ਵੱਲੋਂ ਚਲਾਏ ਜਾ ਰਹੇ ਅਦਾਰਿਆਂ ਦਾ ਵੱਡਾ ਆਧਾਰ ਸਿੱਖ ਸੰਗਤਾਂ ਵੱਲੋਂ ਅੰਨੀ ਸ਼ਰਧਾ ਤਹਿਤ ਦਿੱਤਾ ਦਾਨ ਹੈ।

ਪ੍ਰਬੰਧਕਾਂ ਵੱਲੋਂ ਸਿੱਖਾਂ ਨੂੰ ਆਪ ਬਾਣੀ ਪੜਨ ਵੱਲ ਪ੍ਰੇਰਨ ਦੀ ਬਜਾਏ ਅਖੰਡ ਪਾਂਠਾਂ ਅਤੇ ਅਰਦਾਸਾਂ ਵਿੱਚ ਉਲਝਾਇਆ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਮਾਇਆ ਇਕੱਠੀ ਕੀਤੀ ਜਾ ਸਕੇ। ਅੱਜ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਆਪਣੀ ਕਿਰਤ ਕਮਾਈ ਗੋਲਕਾਂ ਲਾਈ ਬੈਠੇ ਮਸੰਦਾਂ ਨੂੰ ਦੇਣ ਦੀ ਬਜ਼ਾਏ ਗੁਰੂ ਉਪਦੇਸ਼ਾਂ ਮੁਤਾਬਿਕ ਲੋੜਬੰਦ ਗਰੀਬਾਂ ਨੂੰ ਆਪ ਦਿਉ। ਕਿਸੇ ਗਰੀਬ ਦੇ ਬੱਚੇ ਨੂੰ ਪੜਾ ਦਿਉ, ਕਿਸੇ ਗਰੀਬ ਦਾ ਘਰ ਬਣਾ ਦਿਉ ਜ਼ਾਂ ਕੋਈ ਹੋਰ ਜ਼ਰੂਰਤ ਪੂਰੀ ਕਰ ਦਿਉ। ਗੁਰੂ ਸਾਹਿਬ ਦਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਪਦੇਸ਼ ਅਪਣਾਉ। ਗੁਰਦਵਾਰਿਆਂ ਦੀ ਬੇਹਿਸਾਬੀ ਇਨਕਮ ਹੀ ਅਸਲੀ ਪੁਆੜੇ ਦੀ ਜੜ੍ਹ ਹੈ, ਜਿਸਦੇ ਕੰਟਰੋਲ ਲਈ ਬਹੁਤੇ ਗੁਰਦਵਾਰੇ ਲੜਾਈ ਦੇ ਅਖਾੜੇ ਬਣਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top