Share on Facebook

Main News Page

ਦੋ ਘੰਟਿਆਂ ਦੀ ਬਰਸਾਤ ਨਾਲ ਬਾਦਲਾਂ ਦਾ ਪੈਰਿਸ ‘ਬਠਿੰਡਾ’ ਪਾਣੀ ’ਚ ਡੁੱਬਿਆ

ਖੇਤਰ ਵਿਚ ਅੱਜ ਬਾਅਦ ਦੁਪਿਹਰ ਹੋਈ ਤੇਜ਼ ਰਫ਼ਤਾਰ ਅਤੇ ਝੱਖੜ ਦੇ ਨਾਲ ਹੋਈ ਭਰਵੀਂ ਬਰਸਾਤ ਕਾਰਨ ਬਠਿੰਡਾ ਸ਼ਹਿਰ ਨੱਕੋ–ਨੱਕ ਪਾਣੀ ਨਾਲ ਭਰ ਗਿਆ ਤੇ ਕਈ ਥਾਂ ਦਰੱਖਤਾਂ ਅਤੇ ਮਕਾਨਾਂ ਦੇ ਡਿੱਗਣ ਦੀਆਂ ਵੀ ਸੂਚਨਾਵਾਂ ਹਨ। ਇਸ ਦੇ ਇਲਾਵਾ ਇਸ ਮੀਂਹ ਕਾਰਨ ਮੁਲਤਾਨੀਆ ਓਵਰਬ੍ਰਿਜ ਦਾ ਇਕ ਹਿੱਸਾ ਉਪਰੋਂ ਮਿੱਟੀ ਨਿਕਲਣ ਕਾਰਨ ਧਸ ਗਿਆ।

ਜਿਸ ਦਾ ਪਤਾ ਲੱਗਦੇ ਹੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਹਰਕਤ ਵਿਚ ਆਏ। ਸੂਚਨਾ ਮੁਤਾਬਕ ਗੁਰੂ ਨਾਨਕਪੁਰਾ ਖੇਤਰ ਵਿਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਬੱਚਾ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਸ਼ਹਿਰ ਵਿਚ ਇਕ ਮੋਬਾਈਲ ਟਾਵਰ ਡਿੱਗ ਪਿਆ। ਮੌਸਮ ਵਿਭਾਗ ਦੇ ਮੁਤਾਬਕ ਬੇਸ਼ੱਕ ਬਠਿੰਡਾ ਖੇਤਰ ਵਿਚ ਸਿਰਫ਼ 29 ਐਮ.ਐਮ ਹੀ ਬਾਰਸ਼ ਹੋਈ ਪ੍ਰੰਤੂ ਇਸ ਦੇ ਨਾਲ ਸ਼ਹਿਰੀ ਖੇਤਰ ਦੇ ਕਈ ਹਿੱਸੇ ਪੂਰੀ ਤਰ੍ਹਾਂ ਤਲਾਬ ਦਾ ਰੂਪ ਧਾਰਨ ਕਰ ਗਏ। ਪਾਣੀ ਦੇ ਸ਼ਾਮ ਤਕ ਨਿਕਾਸ ਨਾ ਹੋਣ ਕਾਰਨ ਇਸ ਸ਼ਹਿਰ ਨੂੰ ਪੈਰਿਸ ਬਣਾਉਣ ਦਾ ਦਾਅਵਾ ਕਰਨ ਵਾਲੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ–ਭਾਜਪਾ ਗਠਜੋੜ ਦੇ ਦਾਅਵਿਆਂ ਦੀ ਫ਼ੂਕ ਨਿਕਲ ਗਈ। ਹਾਲਾਂਕਿ ਨਿਗਮ ਵਲੋਂ ਕੁੱਝ ਸਮਾਂ ਪਹਿਲਾਂ ਹੀ ਸ਼ਹਿਰ ਵਿਚ ਮੀਂਹ ਦੇ ਪਾਣੀ ਨਾਲ ਨਜਿੱਠਣ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਸ਼ਹਿਰ ਦੇ ਮੁੱਖ ਖੇਤਰਾਂ ਵਿਚ ਸਟਰੋਮ ਵਾਟਰ ਪਾਇਆ ਗਿਆ ਸੀ। ਨਗਰ ਨਿਗਮ ਵਲੋਂ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੇ ਸ਼ਹਿਰ ਦੇ ਕਈ ਹਿੱਸਿਆਂ ਵਿਚੋਂ ਪਾਣੀ ਨੂੰ ਕੱਢਣ ਲਈ ਲਗਾਤਾਰ ਮੋਟਰਾਂ ਦਾ ਉਪਯੋਗ ਕੀਤਾ ਜਾ ਰਿਹਾ ਸੀ ਹਾਲਾਂਕਿ ਤੇਜ਼ ਹਵਾ ਤੇ ਝੱਖੜ ਦੇ ਕਾਰਨ ਕੁੱਝ ਸਮਾਂ ਬਿਜਲੀ ਦੀ ਸਪਲਾਈ ਕਾਰਨ ਪਾਣੀ ਕੱਢਣ ਦਾ ਕੰਮ ਰੋਕਣਾ ਪਿਆ।

ਉਧਰ ਬਾਰਸ਼ ਕਾਰਨ ਪੇਂਡੂ ਖੇਤਰਾਂ ਵਿਚ ਕਿਸਾਨਾਂ ਦੇ ਚਿਹਰੇ ਖਿੜ ਗਏ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਇਹ ਬਾਰਸ਼ ਫ਼ਸਲਾਂ ਵਾਸਤੇ ਕਾਫ਼ੀ ਲਾਹੇਵੰਦ ਹੈ। ਅੱਜ ਕਰੀਬ 1 ਵਜੇ ਸ਼ੁਰੂ ਹੋਈ ਬਾਰਸ਼ ਕਾਰਨ ਸ਼ਹਿਰ ਵਿਚ ਡਿਪਟੀ ਕਮਿਸ਼ਨਰ, ਐਸ.ਐਸ.ਪੀ ਵਰਗੇ ਪ੍ਰੁਮੱਖ ਆਈ.ਏ.ਐਸ ਤੇ ਆਈ.ਪੀ.ਐਸ ਅਧਿਕਾਰੀਆਂ ਦੇ ਰੈਣ ਬਸੇਰੇ ਵਾਲਾ ਸਿਵਲ ਲਾਈਨ ਪਾਣੀ ਨਾਲ ਡੁੱਬਿਆ ਹੋਇਆ ਸੀ। ਇਸੇ ਤਰ੍ਹਾਂ ਸ਼ਹਿਰ ਦੀ ਪ੍ਰਮੁੱਖ ਮਾਲ ਰੋਡ, ਅਮਰੀਕ ਸਿੰਘ ਰੋਡ, ਪਾਵਰ ਹਾਊਸ ਰੋਡ, 100 ਫੁੱਟੀ ਰੋਡ ਵਰਗੀਆਂ ਪ੍ਰਮੁੱਖ ਸੜਕਾਂ ਤੋਂ ਇਲਾਵਾ ਸੰਗੂਆਣਾ ਬਸਤੀ, ਪਰਸਰਾਮ ਨਗਰ ਚੌਕ, ਬੰਗੀ ਨਗਰ ਤੇ ਸਿਰਕੀ ਬਾਜ਼ਾਰ ਵਿਚ ਵੀ ਦੇਰ ਸ਼ਾਮ ਪਾਣੀ ਨਾਲ ਭਰਿਆ ਹੋਇਆ ਸੀ। ਮਾਲ ਰੋਡ, ਪਾਵਰ ਹਾਊਸ ਰੋਡ ਤੇ 100 ਫੁੱਟੀ ਰੋਡ ਆਦਿ ਖੇਤਰਾਂ ਵਿਚ ਬਾਰਸ਼ ਦੌਰਾਨ ਹੀ ਪਾਣੀ ਭਰ ਜਾਣ ਕਾਰਨ ਦਰਜਨਾਂ ਵਾਹਨ ਫਸੇ ਹੋਏ ਸਨ। ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨਾਜ਼ਰ ਸਿੰਘ ਅਤੇ ਹੋਰ ਅਧਿਕਾਰੀ ਖੁਦ ਮੀਂਹ ਦਾ ਪਾਣੀ ਕੱਢਣ ਲਈ ਦੇਰ ਸ਼ਾਮ ਤਕ ਜਦੋ-ਜਹਿਦ ਕਰਦੇ ਰਹੇ। ਸਹਾਇਕ ਕਮਿਸ਼ਨਰ ਕਮਲ ਕਾਂਤ ਨੇ ਦਸਿਆ ਕਿ ਸ਼ਹਿਰ ਵਿਚ ਬਰਸਾਤੀ ਪਾਣੀ ਕੱਢਣ ਲਈ ਸਾਰੀਆਂ ਮੋਟਰਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅੱਜ ਰਾਤ ਤਕ ਸ਼ਹਿਰ ਵਿਚੋਂ ਬਾਰਸ਼ ਦਾ ਪਾਣੀ ਕੱਢ ਦਿਤਾ ਜਾਵੇਗਾ। ਦੂਸਰੇ ਪਾਸੇ ਫ਼ਸਲਾਂ ਲਈ ਇਹ ਬਾਰਸ਼ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ।

ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਰਜਿੰਦਰ ਸਿੰਘ ਮੁਤਾਬਕ ਇਹ ਬਾਰਸ਼ ਨਰਮੇ ਅਤੇ ਝੋਨੇ ਦੀ ਫ਼ਸਲ ਲਈ ਕਾਫ਼ੀ ਲਾਹੇਵੰਦ ਹੈ। ਕਿਉਂਕਿ ਝੋਨੇ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ। ਜਦਕਿ ਨਰਮੇ ਦੀ ਫਸਲ ਲਈ ਇਹ ਹੋਰ ਵੀ ਫ਼ਾਈਦੇਮੰਦ ਹੈ, ਕਿਉਂਕਿ ਮੱਛਰ ਤੇ ਮਿਲੀਬੱਗ ਆਦਿ ਅਲਾਮਤਾਂ ਤੋਂ ਇਸ ਬਾਰਸ਼ ਕਾਰਨ ਕਾਫ਼ੀ ਰਾਹਤ ਮਿਲੇਗੀ। ਉੁਧਰ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨੇ ਸ਼ਹਿਰ ਵਿਚ ਬਾਰਸ਼ ਕਾਰਨ ਭਰੇ ਪਾਣੀ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਬਰਸਾਤਾਂ ਨੂੰ ਮੁੱਖ ਰੱਖਦਿਆਂ ਪਹਿਲਾਂ ਹੀ ਨੀਵੇਂ ਇਲਾਕਿਆਂ ਵਿਚ ਪਾਣੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਂਦੇ ਜਦਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਵੀ ਇਨ੍ਹਾਂ ਨੀਵੇਂ ਇਲਾਕਿਆਂ ਦਾ ਦੌਰਾ ਕੀਤਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਵਲੋਂ ਵੀ ਕੀਤੇ ਦਾਅਵੇ ਖੋਖਲੇ ਸਾਬਤ ਹੋਏ। ਉੁਨ੍ਹਾਂ ਕਿਹਾ ਕਿ ਨਿਗਮ ਦੀ ਲਾਪ੍ਰਵਾਹੀ ਕਾਰਨ ਜਿਥੇ ਏਅਰਟੈਲ ਦਾ ਟਾਵਰ ਲੋਕਾਂ ਦੇ ਘਰਾਂ ਉ੍ਯਪਰ ਡਿੱਗ ਪਿਆ ਉ੍ਯਥੇ ਹੀ ਕਈ ਮਕਾਨਾਂ ਦੀਆਂ ਛੱਤਾਂ ਵੀ ਗਿਰੀਆਂ। ਸ. ਜੱਸੀ ਨੇ ਕਿਹਾ ਕਿ ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਇਸ ਨੁਕਸਾਨ ਦਾ ਮੁਆਵਜ਼ਾ ਦਿਤਾ ਜਾਵੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੂਰੇ ਪ੍ਰਬੰਧ ਕੀਤੇ ਜਾਣ। ਅੱਜ ਦੀ ਮਾਮੂਲੀ ਬਾਰਸ਼ ਕਾਰਨ ਹੀ ਸੜਕਾਂ ਜਲ-ਥਲ ਹੋ ਗਈਆਂ ਅਤੇ ਮੇਨ ਜੀ.ਟੀ ਰੋਡ ਕਰੀਬ 3 ਘੰਟੇ ਜਾਮ ਹੋ ਗਿਆ। ਇਸ ਮੌਕੇ ਉਨ੍ਹਾਂ ਨਾਲ ਇਕਬਾਲ ਢਿੱਲੋਂ ਕੌਂਸਲਰ ਤੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top