ਜਾਤ-ਪਾਤ ਮਸਲਾ
ਸਮਾਜਿਕ ਹੀ ਨਹੀਂ, ਸਗੋਂ ਧਾਰਮਿਕ ਵੀ
- ਬਲਦੇਵ ਝੱਲੀ ਦੀ ਕਲਮ ਤੋਂ
ਸਮਾਜ ਅੰਦਰ ਸਦੀਆਂ ਤੋਂ ਚਲਿਆ ਆ ਰਿਹਾ ਮਨੂੰਵਾਦੀ ਗਲਿਆ ਸੜਿਆ ਬ੍ਰਾਹਮਣੀ
ਸਿਸਟਮ ਅੱਜ ਵੀ ਜਿਉਂਦਾ ਤਿਉਂ ਕਾਇਮ ਹੈ, ਇਹ ਸਮੱਸਿਆ ਸਿਰਫ ਸਮਾਜਿਕ ਹੀ ਨਹੀਂ, ਸਗੋਂ ਧਾਰਮਿਕ
ਵੀ ਹੈ ਸਮਾਜ ਦੇ ਅਲੱਗ ਅਲੱਗ ਕਬੀਲਿਆਂ ਵਲੋਂ ਆਪਣੇ ਆਪ ਨੂੰ ਦੂਜੇ ਮਨੁਖ ਤੋਂ ਉੱਚੇ ਦਰਸਾਉਣ
ਦੀ ਮਾਨਸਿਕਤਾ ਕਾਰਨ ਹੀ ਛੂਆ-ਛਾਤ ਦੀ ਗੰਭੀਰ ਬਿਮਾਰੀ ਨੇ ਜਨਮ ਲਿਆ ਹੈ। ਅਕਾਲਪੁਰਖ ਨੇ ਮਨੁੱਖ
ਦੀ ਸਿਰਜਣਾ ਕਰਨ ਸਮੇਂ ਹੀ ਧਾਰਮਿਕਤਾ ਪੈਦਾ ਕੀਤੀ ਤਾਂ ਕਿ ਸਮਾਜ ਵਿੱਚ ਮਨੁੱਖੀ ਕਦਰਾਂ ਕੀਮਤਾਂ
ਬਣੀਆਂ ਰਹਿਣ। ਇਸ ਲਈ ਮਨ ਅੰਦਰ ਜਾਤ-ਪਾਤ ਪ੍ਰਤੀ ਲਿਖਣ ਦਾ ਖਿਆਲ ਆਇਆ। ਕਿਉਂਕਿ ਮਨੁੱਖ ਨੇ
ਸਮਾਜ ਅੰਦਰ ਰਹਿੰਦੇ ਹੋਏ ਧਰਮ ਨਿਭਾਉਣਾ ਹੈ ਇਸ ਲਈ ਧਰਮ ਦੇ ਨਾਂ ਤੇ ਛੂਆ-ਛਾਤ ਕੈਂਸਰ ਦਾ ਰੂਪ
ਧਾਰਨ ਕਰ ਚੁੱਕਾ ਹੈ। ਸਮਾਜ ਅਤੇ ਧਰਮ ਦੋ ਅਲੱਗ ਅਲੱਗ ਪਹਿਲੂ ਹਨ ਜਿਨਾਂ ਬਾਰੇ ਦੋ ਕਿਸ਼ਤਾਂ
ਵਿੱਚ ਲਿਖਿਆ ਜਾ ਰਿਹਾ ਹੈ ਪਹਿਲਾਂ ਧਰਮ ਬਾਰੇ ਤੇ ਬਾਅਦ ਵਿੱਚ ਸਮਾਜ ਬਾਰੇ ਵਿਚਾਰ ਕੀਤੀ
ਜਾਵੇਗੀ। ਮਹਾਨ ਭਾਰਤ ਦੀ ਧਰਤੀ ਉੱਤੇ ਜਾਤ-ਪਾਤ ਇੱਕ ਅਜਿਹਾ ਗ੍ਰਹਿਣ ਹੈ ਜਿਸਨੇ ਰਹਿੰਦੀ
ਦੁਨੀਆ ਤੱਕ ਭਾਰਤੀ ਸੱਭਿਅਤਾ ਦਾ ਮੂੰਹ ਚਿੜਾਉਂਦੇ ਰਹਿਣਾ ਹੈ। ਕੋਈ ਜਿੰਨੀ ਮਰਜੀ ਕੋਸ਼ਿਸ਼ ਕਰ
ਲਵੇ ਪ੍ਰੰਤੂ ਇਸ ਗ੍ਰਹਿਣ ਨੇ ਸਮਾਜ ਅੰਦਰ ਕੈਂਸਰ ਦਾ ਪਕਾ ਰੂਪ ਧਾਰ ਲਿਆ ਹੈ। ਭਾਵੇਂ ਇਸਨੂੰ
ਪੱਕੇ ਤੌਰ ਤੇ ਖਤਮ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਕੁੱਝ ਹੱਦ ਤੱਕ ਠੱਲ ਜਰੂਰ ਪਾਈ ਜਾ ਸਕਦੀ
ਹੈ। ਉਹ ਵੀ ਉਸ ਹਾਲਤ ਵਿੱਚ ਜਦੋਂ ਬੁੱਧੀਮਾਨ ਵਿਅਕਤੀ ਇਸ ਸੰਵੇਦਨਸ਼ੀਲ ਮੁੱਦੇ ਉਤੇ ਗੰਭੀਰਤਾ
ਨਾਲ ਵਿਚਾਰ ਕਰਨ।
ਅਜਿਹੀ ਹੀ ਇਕ ਕੋਸ਼ਿਸ਼ ਸਤਯਮੇਵ ਜਯਤੇ ਪ੍ਰੋਗਰਾਮ ਰਾਹੀਂ
ਪ੍ਰਸਿੱਧ ਬਾਲੀਬੁੱਡ ਅਭਿਨੇਤਾ ਆਮਿਰ ਖਾਨ ਵਲੋਂ ਕੀਤੀ ਗਈ ਜਿਸ ਬਾਰੇ ਵਿਚਾਰ ਚਰਚਾ ਕਰਨਾ ਅਤੀ
ਜਰੂਰੀ ਹੈ। ਕੁੱਝ ਲੋਕ ਇਸ ਮੁੱਦੇ ਨੂੰ ਸ਼ਾਇਦ ਨਕਾਰਾ ਸਮਝ ਕੇ ਅਣਗੌਲਿਆ ਕਰ ਦੇਣ ਪ੍ਰੰਤੂ
ਸੱਚਾਈ ਇਹੋ ਹੈ ਕਿ ਇਸ ਮੁੱਦੇ ਨੇ ਸਮਾਜ ਦੇ ਸਰੀਰ ਦੇ ਸਾਰੇ ਅੰਗਾਂ ਨੂੰ ਨਕਾਰਾ ਬਣਾ ਕੇ ਰੱਖ
ਦਿੱਤਾ ਹੈ। ਇਸੇ ਕਰਕੇ ਆਮ ਲੋਕਾਂ ਲਈ ਇਹ ਕੋਈ ਮੁੱਦਾ ਨਹੀਂ ਹੈ ਕਿਉਂਕਿ ਹੁਣ ਤੱਕ ਅਜਿਹਾ ਹੀ
ਹੋਇਆ ਹੈ। ਦਲਿਤ ਕਹੀਆਂ ਜਾਣ ਵਾਲੀਆਂ ਜਾਤਾਂ ਦੇ ਗਲੇ ਨਾਲ ਮਨੂੰਵਾਦੀ ਵਰਣ ਵੰਡ ਦੁਆਰਾ ਲਪੇਟੀ
ਗੁਲਾਮੀ ਅੱਜ ਵੀ ਪੂਰੀ ਤਰਾਂ ਕਾਇਮ ਹੈ। ਪੰਜਾਬ ਦੇਸ਼ ਦਾ ਸੱਭ ਤੋਂ ਖੁਸ਼ਹਾਲ ਖੇਤੀ ਪ੍ਰਧਾਨ ਸੂਬਾ
ਹੈ ਅਤੇ ਧਾਰਮਿਕ ਪੱਧਰ ੳੁੱਤੇ ਵੀ ਪੰਜਾਬ ਬਾਕੀ ਸੂਬਿਆਂ ਨਾਲੋਂ ਕਾਫੀ ਅੱਗੇ ਹੈ ਜਿਸਦਾ ਮੁਖ
ਕਾਰਨ ਸਿਖ ਗੁਰੂ ਸਾਹਿਬਾਨਾਂ ਦੁਆਰਾ ਪੰਜਾਬ ਦੀ ਧਰਤੀ ਨੂੰ ਅਧਿਆਤਮਵਾਦ ਲਈ ਚੁਣਨਾ ਵੀ ਹੈ। ਇਥੇ
ਵੀ ਬ੍ਰਾਹਮਣੀ ਵੰਡ ਨੇ ਬਾਕੀ ਭਾਰਤੀ ਸੂਬਿਆਂ ਵਾਂਗ ਸਦੀਆਂ ਤੋਂ ਪੈਰ ਪਸਾਰੇ ਹੋਏ ਸਨ। ਇਹੋ
ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਜਾਤ-ਪਾਤ ਦੇ ਖਿਲਾਫ ਪੰਜਾਬ ਦੀ ਧਰਤੀ
ਤੇ ਹੀ ਕੀਤੀ ਸੀ। ਸਿਰਜਣਾ ਸਮੇਂ ਵਿਸ਼ੇਸ਼ਤਾ ਇਹੋ ਰਹੀ ਕਿ ਦਲਿਤ ਕਹੀਆਂ ਜਾਣ ਵਾਲੀਆਂ ਜਾਤਾਂ ਦੇ
ਲੋਕਾਂ ਨੇ ਹੀ ਖਾਲਸੇ ਬਣ ਕੇ ਗੁਰੂਆਂ ਦੀ ਸੋਚ ਤੇ ਪਹਿਰਾ ਦਿੱਤਾ।
ਸਤਯਮੇਵ ਜਯਤੇ ਪ੍ਰੋਗਰਾਮ ਰਾਹੀਂ ਜਿਹੜਾ ਮੁੱਦਾ ਆਮਿਰ ਖਾਨ
ਨੇ ਉਠਇਆ ਉਹ ਇਹ ਸੀ ਕਿ ਉਸਨੇ ਇਕ ਅਜਿਹੀ ਡਾਕੂਮੈਂਟਰੀ ਫਿਲਮ ਵਿਖਾਈ ਜਿਸ ਵਿਚ ਭਾਰਤ ਦੇ ਬਾਕੀ
ਸੂਬਿਆਂ ਦੇ ਨਾਲ-ਨਾਲ ਪੰਜਾਬ ਅੰਦਰ ਮੌਜੂਦਾ ਸਮੇਂ ਵਿਚ ਮਾਲਵੇ ਦੇ ਏਰੀਏ ਦੇ ਇਕ ਗੁਰਦੁਆਰੇ
ਅੰਦਰ ਅਛੂਤ ਕਹੀਆਂ ਜਾਣ ਵਾਲੀਆਂ ਜਾਤਾਂ ਦੇ ਸਿੰਘਾਂ ਲਈ ਅਲੱਗ ਦਰਵਾਜੇ ਰਾਹੀਂ ਪ੍ਰਸ਼ਾਦ ਅਤੇ
ਲੰਗਰ ਦੇਣ ਦੀ ਪ੍ਰਥਾ ਨੂੰ ਉਜਾਗਰ ਕਰ ਦਿੱਤਾ। ਜਿਸਨੂੰ ਭਾਵੇਂ ਵਹੁਤ ਸਾਰੇ ਸਿੱਖ ਸਮੁਦਾਇ ਦੇ
ਲੋਕਾਂ ਨੇ ਹਊ ਪਰੇ ਕਰ ਦਿੱਤਾ ਹੋਵੇ, ਪ੍ਰੰਤੂ ਇਹ ਸਿੱਖੀ ਦੇ ਧੁਰੇ ਲਈ ਇਕ ਬਹੁਤ ਵੱਢੀ ਚੁਣੌਤੀ
ਹੈ ਜਿਸਨੂੰ ਹਊ ਪਰੇ ਨਾਂ ਕਰਕੇ ਸਗੋਂ ਵਿਚਾਰਨ ਦੀ ਲੋੜ ਹੈ।
ਇਕ ਪਾਸੇ ਪੂਰੇ ਜੋਰ ਸ਼ੋਰ ਨਾਲ ਸਿਖਾਂ ਦੀ ਸਰਵਉਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ
ਜਾਤ-ਪਾਤ ਦੇ ਨਾਮ ਉਤੇ ਬਣ ਰਹੇ ਗੁਰਦੁਆਰਿਆਂ ਬਾਰੇ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਹਨ, ਦੂਜੇ
ਪਾਸੇ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਗੁਰੂਘਰਾਂ ਅੰਦਰ ਧਰਮ ਦੇ ਨਾਮ ਉੱਤੇ ਜਾਤ-ਪਾਤ ਵਾਲੀ
ਕੋਝੀ ਰਾਜਨੀਤੀ ਖੇਡੀ ਜਾ ਰਹੀ ਹੈ, ਜਿਸ ਦਾ ਸ਼ਿਕਾਰ ਦਲਿਤ ਲੋਕ ਹੀ ਹੋ ਰਹੇ ਹਨ, ਉਹ ਵੀ ਉਹ
ਜਿਹੜੇ ਸਿਰਾਂ ਉਤੇ ਦਸਤਾਰਾਂ ਸਜਾਉਂਦੇ ਹਨ ਤੇ ਜਿਨਾਂ ਨੇ ਅਮ੍ਰਿੰਤਪਾਨ ਵੀ ਕੀਤਾ ਹੋਇਆ ਹੈ।
ਸਤਯਮੇਵ ਜਯਤੇ ਰਾਹੀਂ ਵਿਖਾਈ ਗਈ ਫਿਲਮ ਵਿਚ ਗੁਰਦੁਆਰੇ ਅੰਦਰ ਅਛੂਤਾਂ ਨਾਲ ਹੋ ਰਹੇ ਵਿਤਕਰੇ
ਵਿਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਛਾਣਬੀਣ ਕਰਨ ਤੋਂ ਬਾਅਦ ਹੀ ਪਤਾ ਚਲੇਗਾ ਪ੍ਰੰਤੂ ਸਿੱਖ
ਕੌਮ ਦੇ ਜਥੇਦਾਰਾਂ ਵਲੋਂ ਨਾ ਤਾਂ ਇਸ ਤਰਾਂ ਦੇ ਹੋ ਰਹੇ ਵਿਤਕਰੇ ਬਾਰੇ ਕੋਈ ਬਿਆਨ ਆਇਆ ਹੈ ਤੇ
ਨਾਂ ਹੀ ਇਸ ਸੰਜੀਦਾ ਮਸਲੇ ਦੀ ਜਾਂਚ ਬਾਰੇ ਕੋਈ ਉਚਿਤ ਕਾਰਵਾਈ ਹੋਈ ਹੈ। ਸ਼੍ਰੀ ਅਕਾਲ ਤਖਤ
ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਿਹੇ ਵਿੱਚ ਫਰਜ ਬਣਦਾ ਹੈ ਕਿ ਉਹ ਇਸ
ਮਸਲੇ ਦੀ ਜਾਂਚ ਕਰਵਾਏ ਤਾਂ ਕਿ ਗੁਰੂਆਂ ਦੀ ਚਰਨ ਛੋਹ ਪ੍ਰਾਪਾਤ ਧਰਤੀ ਉਤੋਂ ਵਰਣ ਵੰਡ ਦੇ
ਕੋਹੜ ਨੂੰ ਖਤਮ ਕਰਨ ਲਈ ਬਲ ਮਿਲ ਸਕੇ। ਉੰਝ ਸ਼ਾਇਦ ਪਾਠਕ ਜਾਣਦੇ ਹੀ ਹੋਣਗੇ ਕਿ ਐਸਜੀਪੀਸੀ ਨੂੰ
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ, ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉਚ
ਅਦਾਲਤ, ਹੈਰਾਨੀ ਦੀ ਗੱਲ ਹੈ ਕਿ ਇਨਾਂ ਦੋਵੇਂ ਅਸਥਾਨਾਂ ਉਤੋਂ ਕਦੇ ਵੀ ਅਜਿਹੇ ਹੁਕਮਨਾਮੇ ਜਾਂ
ਆਦੇਸ਼ ਜਾਰੀ ਨਹੀਂ ਕੀਤੇ ਗਏ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੋਵੇ ਕਿ ਗੁਰਦੁਆਰਾ ਪ੍ਰਬੰਧਕ
ਕਮੇਟੀ ਚੋਣਾਂ ਜਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਅਨੁਸੂਚਿਤ ਜਾਤੀ ਵਿੰਗ ਨਾ ਬਣਾਏ ਜਾਣ, ਤੇ ਨਾਂ
ਹੀ ਐਸ.ਜੀ.ਪੀ.ਸੀ ਅੰਦਰ ਰਿਜਰਵ ਸੀਟਾਂ ਕਾਇਮ ਕੀਤੀਆਂ ਜਾਣ। ਅਜਿਹੇ ਆਦੇਸ਼ ਇਸ ਲਈ ਵੀ ਜ਼ਰੂਰੀ
ਹਨ, ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਿਰਫ ਅੰਮ੍ਰਿਤਧਾਰੀ ਹੀ ਵੋਟਾਂ ਪਾ ਸਕਦੇ ਹਨ ਤੇ
ਫਿਰ ਅਨੁਸੂਚਿਤ ਜਤੀਆਂ ਲਈ ਰਿਜਰਵ ਸੀਟਾਂ ਦੀ ਜਰੂਰਤ ਹੀ ਕੀ ਰਹਿ ਜਾਂਦੀ ਹੈ? ਕੀ ਅਜਿਹੀ
ਵਿਵਸਥਾ ਨਾਲ ਖਾਲਸੇ ਅੰਦਰ ਵੀ ਜਾਤ-ਪਾਤ ਦੇ ਬੋਲ-ਬਾਲੇ ਨੂੰ ਬਲ ਨਹੀਂ ਮਿਲਦਾ? ਕੀ ਨਿਰੋਲ
ਧਾਰਮਿਕ ਪਾਰਟੀ ਅਖਵਾਉਣ ਵਾਲੇ ਅਕਾਲੀ ਦਲਾਂ ਅੰਦਰ ਅਨੁਸੂਚਿਤ ਜਾਤੀ ਵਿੰਂਗ ਬਨਾਉਣੇ ਇਸ ਗੱਲ
ਦਾ ਸਬੂਤ ਨਹੀਂ ਹਨ ਕਿ ਅੱਜ ਵੀ ਦਲਿਤਾਂ ਨਾਲ ਵਿਤਕਰਾ ਜਾਰੀ ਹੈ!!!
ਜੇਕਰ ਅਜਿਹਾ ਨਹੀਂ ਹੈ ਤਾਂ ਫਿਰ ਕਿਉਂ ਅਕਾਲੀ ਦਲਾਂ ਵਲੋਂ ਰਿਜਰਵ ਸੀਟਾਂ ਤੇ ਦਲਿਤ ਜਾਤੀਆਂ
ਵਿੱਚੋਂ ਉਮੀਦਵਾਰ ਖੜੇ ਕੀਤੇ ਝਾਂਦੇ ਹਨ!!! ਫਿਰ ਕਿਉਂ ਐਸਜੀਪੀਸੀ ਚੋਣਾਂ ਅੰਦਰ ਅਨੁਸੂਚਿਤ
ਜਾਤੀਆਂ ਵਿਚੋਂ ਸਜੇ ਸਿੰਘਾਂ ਲਈ ਰਿਜਰਵ ਸੀਟਾਂ ਦੀ ਵਿਵਸਥਾ ਹੈ? ਕੀ ਸ਼੍ਰੀ ਅਕਾਲ ਤਖਤ ਸਾਹਿਬ
ਦੇ ਜਥੇਦਾਰ ਸਾਹਿਬ ਦਾ ਫਰਜ ਨਹੀਂ ਬਣਦਾ, ਕਿ ਉਹ ਪਹਿਲਾਂ ਸਿੱਖੀ ਅੰਦਰ ਪੈਦਾ ਹੋਈਆਂ ਕੁਰੀਤੀਆਂ
ਸਬੰਧੀ ਅਦੇਸ਼ ਜਾਰੀ ਕਰਕੇ ਸਮੂਹ ਸਿਖਾਂ ਨੂੰ ਜਾਤ-ਪਾਤ ਖਤਮ ਕਰਨ ਲਈ ਕਹਿਣ? ਇਥੇ ਕਹਿਣ ਦਾ ਭਾਵ
ਸਿਰਫ ਇਹੋ ਹੀ ਹੈ ਕਿ ਜਿਹੜੀ ਫਿਲਮ ਸਤਯਮੇਵ ਜਯਤੇ ਪ੍ਰੋਗਰਾਮ ਰਾਹੀਂ ਵਿਖਾਈ ਗਈ ਹੈ, ਉਸ ਵਿਚ
ਪੰਜਾਬ ਵਿੱਚ ਮਾਲਵੇ ਦੇ ਇਲਾਕੇ ਅੰਦਰ ਗੁਰਦੁਆਰੇ ਅੰਦਰ ਅਖੌਤੀ ਅਛੂਤ ਕਹੀਆਂ ਜਾਣ ਵਾਲੀਆਂ ਜਾਤਾਂ
ਵਿਚੋਂ ਸਜੇ ਸਿੰਘਾਂ ਨਾਲ ਹੋ ਰਹੇ ਵਿਤਕਰੇ ਬਾਰੇ ਦੱਸਿਆ ਗਿਆ ਹੈ ਜਿਸ ਨਾਲ ਨਾਂ ਸਿਰਫ ਗੁਰੂ
ਸਾਹਿਬਾਨਾਂ ਦੁਆਰਾ ਬਣਾਏ ਨਰੋਏ ਸਿਧਾਂਤ ਨੂੰ ਖੋਰਾ ਲਗ ਰਿਹਾ ਹੈ ਸਗੋਂ ਦਲਿਤਾਂ ਵਿਚੋਂ ਸਜੇ
ਸਿਘਾਂ ਦੇ ਮਨਾਂ ਵਿਚ ਹੀਣ ਭਾਵਨਾ ਵੀ ਪੈਦਾ ਹੁੰਦੀ ਹੈ!!!
ਲੇਖ ਦੇ ਅਗਲੇ ਭਾਗ ਵਿੱਚ ਦਲਿਤਾਂ ਅਮਦਰ ਵੱਖੋ-ਵੱਖ ਜਾਤੀਆਂ
ਵਿੱਚ ਆਪਸੀ ਸਬੰਧਾਂ ਬਾਰੇ ਵਿਸਥਾਰ ਨਾਲ ਲਿਖਿਆ ਜਾਵੇਗਾ।