Share on Facebook

Main News Page

ਗੁਰੂ ਨਾਨਕ ਸਾਹਿਬ ਜੀ ਨੇ ਕੁੱਤੇ ਤੋਂ ਗੀਤਾ ਤੇ ਸਿਮਰਤੀਆਂ ਦੇ ਅਰਥ ਕਰਵਾਏ
- ਗੱਪ ਗਿਆਨੀ ਠਾਕੁਰ ਸਿੰਘ

ਅਮਰੀਕਾ ‘ਚ ਕੈਲੀਫੋਰਨੀਆਂ ਦੇ ਗੁਰਦੁਆਰਾ ਐਲਸਬਰਾਂਟੋ ‘ਚ ਗਿਆਨੀ ਠਾਕਰ ਸਿੰਘ ਪਟਿਆਲੇ ਨੇ 2007 ਤੇ 2008 ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਰਥ ਕੀਤੇ ਸਨ, ਜਿਹੜੇ ਪੰਜਾਬ ਦੇ ਪਿੰਡਾਂ ‘ਚ ਐਮ.ਪੀ. ਥਰੀ ‘ਚ ਭਰ ਕੇ ਵੀ ਵੰਡੇ ਗਏ ਅਤੇ ਟੈਕਸਸ ਤੋਂ ਦੁਨੀਆਂ ਭਰ ‘ਚ ਮੁਫਤ ਭੇਜੇ ਜਾ ਰਹੇ ਹਨ। ਇਸ ਬਾਰੇ ਹੁਣ ਵੀ ਐਡ ਟੀ.ਵੀ. 'ਤੇ ਚੱਲਦੀ ਹੈ। ਇਸ ਸਟਾਰ ਪ੍ਰਚਾਰਕ ਦੀ ਇਸ ਸੇਵਾ ਨੂੰ ਆਪਣੇ ਡੇਰੇ ਦਾ ਪ੍ਰਚਾਰ ਅਤੇ ਬਚਿੱਤਰ ਨਾਟਕ ਜਿਸ ਨੂੰ ਹੁਣ ਗੁਰੂ ਸ਼ਬਦ ਲਾ ਕੇ ਸ੍ਰੀ ਦਸਮ ਗੁਰੂ ਗ੍ਰੰਥ ਦੇ ਪ੍ਰਚਾਰ ਲਈ ਵਧੀਆ ਤਰੀਕੇ ਨਾਲ ਵਰਤਿਆ ਗਿਆ ਹੈ।

ਗਿਆਨੀ ਜੀ ਬਹੁਤ ਵਧੀਆ ਪਾਠੀ ਹਨ ਅਤੇ ਸੰਥਿਆ ਵੀ ਬੜੇ ਵਧੀਆ ਤਰੀਕੇ ਨਾਲ ਕਰਦੇ ਹਨ, ਪਰ ਕਈ ਵਾਰ ਉਹ ਵੀ ਮਨਘੜਤ ਜਿਹੀਆਂ ਕਹਾਣੀਆਂ ਸੁਣਾ ਜਾਂਦੇ ਹਨ, ਕਈ ਵਾਰ ਵਾਰ ਉਹ ਭਵਿਖਤ ਪੁਰਾਣ ਅਤੇ ਗੋਹਜ਼ ਗ੍ਰੰਥ ਦੀ ਵੀ ਗੱਲ ਰਕਦੇ ਹਨ। ਵਾਰ ਵਾਰ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ਦੀ ਵਿਰੋਧਤਾ ਕਰਦੇ ਹਨ ਅਤੇ ਆਪਣੇ ਡੇਰੇ ਦੀ ਮਰਿਆਦਾ ਦੀ ਵਡਿਆਈ ਕਰਦੇ ਹਨ। ਸ਼ਾਇਦ ਉਥੋਂ ਵਾਲੀ ਮਰਿਆਦਾ ਸਭ ਸਿੱਖ ਪੰਥ ਤੇ ਲਾਗੂ ਕਰਨਾ ਲੋਚਦੇ ਹਨ। 1332 ਪੰਨੇ ਤੇ ਕਥਾ ਕਰਦਿਆਂ ਉਹ ਰਿੱਧੀਆਂ ਦਾ ਜ਼ਿਕਰ ਕਰਦੇ ਹਨ, ਕਿ ਜੇਕਰ 40 ਦਿਨ ਆਪਣੇ ਕੇਸ ਗੁਪਤ ਰੂਪ ‘ਚ ਵਾਹੇ ਜਾਣ ਤੇ ਕੋਈ 40 ਦਿਨ ਤੁਹਾਡੇ ਕੇਸਾਂ ਨੂੰ ਵੇਖ ਨਾ ਸਕੇ ਤਾਂ ਰਿੱਧੀਆਂ ਪ੍ਰਾਪਤ ਹੋ ਜਾਦੀਆਂ ਹਨ, ਪਰ ਨਾਲ ਹੀ ਕਹਿ ਦਿੰਦੇ ਹਨ ਇਸ ਤਰ੍ਹਾਂ ਹੋਣਾ ਮੁਸ਼ਕਲ ਹੈ, ਕੋਈ ਨਾ ਕੋਈ ਵੇਖ ਹੀ ਲੈਂਦਾ ਹੈ।

ਗਿਆਨੀ ਜੀ ਅੱਗੇ ਕਹਿੰਦੇ ਹਨ ਕਿ:

'ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਅਕਾਸਿ' (ਗੁਰੂ ਗ੍ਰੰਥ ਸਾਹਿਬ ਜੀ ਪੰਨਾ 1330) ਸ਼ਬਦ ਦਾ ਸਵਾ ਲੱਖ ਵਾਰ ਜਾਪ ਕਰਕੇ ਆਦਮੀ ‘ਚ ਇਹ ਸ਼ਕਤੀ ਆ ਜਾਂਦੀ ਹੈ, ਕਿ ਜਿੱਥੇ ਮਰਜ਼ੀ ਉੱਡ ਕੇ ਜਾਣ ਦੇ ਸਮਰੱਥ ਹੋ ਜਾਦਾ ਹੈ।

ਗਿਆਨੀ ਜੀ ਪੰਨਾ 1354 ਪੰਨੇ ਤੇ ਸਹਿਸਕ੍ਰਿਤੀ ਸਲੋਕ ਦੀ ਕਥਾ ਸਮੇਂ ਸਾਖੀ ਸੁਨਾਉਂਦੇ ਹਨ, ਕਿ ਇਸ ਦੀ ਉਥਾਨਿਕਾ ਇਸ ਤਰ੍ਹਾਂ ਹੈ, ਕਿ ਜਦ ਗੁਰੂ ਨਾਨਕ ਸਾਹਿਬ ਜੀ ਕਾਂਸ਼ੀ ਪਹੁੰਚੇ, ਤੇ ਇੱਕ ਸੁੰਦਰ ਅਸਥਾਨ ਵੇਖ ਕੇ ਜਾ ਬੈਠ ਗਏ ਸਨ, ਉਨ੍ਹਾਂ ਨਾਲ ਵਿਚਾਰ ਕਰਨ ਲਈ ਪੰਡਤ ਗੁਪਾਲਾ ਵੀ ਊਥੇ ਆਣ ਪਹੁੰਚੇ ਸੀ, ਕਿਉਂਕਿ ਪੰਡਤ ਜੀ ਨੇ ਭਵਿਖਤ ਪੁਰਾਣ ਪੜ੍ਹਿਆ ਹੋਇਆ ਸੀ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਕਲਯੁੱਗ ਵਿੱਚ ਗੁਰੂ ਨਾਨਕ ਸਾਹਿਬ ਜੀ ਆੳਣਗੇ। ਪੰਡਤ ਗੁਪਾਲ ਦੱਤ ਜਿਸਨੂੰ ਆਪਣੀ ਵਿਦਿਆ ਤੇ ਬੜਾ ਮਾਨ ਹੰਕਾਰ ਸੀ, ਗੁਰੂ ਸਾਹਿਬ ਜੀ ਕੋਲ ਪਹੁੰਚ ਕੇ ਉਨ੍ਹਾਂ ਨੂੰ ਗੀਤਾ ਅਤੇ ਹੋਰ ਹਿੰਦੂ ਗ੍ਰੰਥਾਂ ਬਾਰੇ ਚਰਚਾ ਕਰਨ ਲਈ ਕਹਿਣ ਲੱਗੇ। ਗੁਰੂ ਸਾਹਿਬ ਜੀ ਨੇ ਸੋਚਿਆ ਕਿ ਜੇਕਰ ਮੈਂ ਹੀ ਇਹ ਅਰਥ ਕਰ ਦਿੱਤੇ ਤਾਂ ਕੋਈ ਖਾਸ ਗੱਲ ਨਹੀਂ ਹੋਵੇਗੀ, ਚੰਗਾ ਹੋਵੇ ਕਿ ਕਿਸੇ ਆਮ ਵਿਅਕਤੀ ਤੋਂ ਹੀ ਅਰਥ ਕਰਵਾਏ ਜਾਣ।

ਗੁਰੂ ਸਾਹਿਬ ਜੀ ਨੇ ਇਧਰ ਉਧਰ ਧਿਆਨ ਮਾਰਿਆ ਤਾਂ ਸਾਹਮਣੇ ਕੋਈ ਵਿਅਕਤੀ ਨਹੀਂ ਸੀ, ਪਰ ਇੱਕ ਕੁੱਤਾ ਮਰਿਆ ਪਿਆ ਸੀ, ਜਿਸ ਉੱਪਰ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਪਈ, ਤਾਂ ਉਹ ਕੁੱਤਾ ਜਿੰਦਾ ਹੋ ਗਿਆ। ਗੁਰੂ ਸਾਹਿਬ ਜੀ ਨੇ ਪੰਡਤ ਨੂੰ ਕਿਹਾ ਕਿ ਤੁਹਾਡਾ ਭਾਈ ਆ ਗਿਆ ਹੈ ਹੁਣ ਆਪਾਂ ਵਿਚਾਰ ਕਰੀਏ। ਪੰਡਤ ਜੀ ਨੇ ਗੁਰੂ ਸਾਹਿਬ ਜੀ ਪੁੱਛਿਆ, ਕਿ ਤੁਸੀਂ ਇਸ ਕੁੱਤੇ ਨੂੰ ਸਾਡਾ ਭਰਾ ਕਿਵੇਂ ਕਹਿ ਦਿੱਤਾ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਇਸ ਬਾਰੇ ਵੀ ਦੱਸਿਆ ਜਾਵੇਗਾ। ਫਿਰ ਉਸ ਕੁੱਤੇ ਨੇ ਪੰਡਤ ਗੁਪਾਲ ਦੱਤ ਦੇ ਸਵਾਲਾਂ ਦੇ ਜਵਾਬ ਦੇ ਦੇ ਕੇ ਪੰਡਤ ਨੂੰ ਨਿਰਉੱਤਰ ਕਰ ਦਿੱਤਾ ਸੀ, ਅਰਥਾਤ ਕੁੱਤੇ ਨੇ ਪੰਡਿਤ ਨੂੰ ਹਰਾ ਦਿੱਤਾ। ਕੁੱਤਾ ਫਿਰ ਮਰ ਗਿਆ ਤੇ ਦਿੱਬ ਦ੍ਰਿਸ਼ਟ (ਸੂਖਮ ਸਰੀਰ) ਹੋ ਕੇ ਦੱਸਣ ਲੱਗਿਆ ਕਿ ਉਹ ਬੜਾ ਵੱਡਾ ਵਿਦਵਾਨ ਸੀ, ਜਿਸ ਨੂੰ ਆਪਣੀ ਵਿਦਿਆ ਤੇ ਬੜਾ ਮਾਣ ਹੰਕਾਰ ਸੀ, ਅਤੇ ਉਹ ਹੋਰ ਵਿਦਵਾਨਾਂ ਨਾਲ ਚਰਚਾ ਕਰਕੇ ਉਨ੍ਹਾਂ ਨੂੰ ਹਰਾ ਦਿੰਦਾ ਸੀ ਅਤੇ ਉਨ੍ਹਾਂ ਦਾ ਮਜ਼ਾਕ ਵੀ ਉਡਾਉਂਦਾ ਸੀ। ਉਸ ਕੁੱਤੇ ਨੇ ਦੱਸਿਆ ਕਿ ਉਹ ਵਿਸ਼ਵ ਦੱਤ ਪੰਡਤ ਇਸ ਗੁਪਾਲ ਦੱਤ ਦਾ ਦਾਦਾ ਸੀ, ਤੇ ਫਿਰ ਪੰਡਤ ਗੁਪਾਲ ਦੱਤ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਉਨ੍ਹਾਂ ਨੂੰ ਉਪਦੇਸ਼ ਦਿਉ, ਤਾਂ ਪੰਡਤ ਗੁਪਾਲ ਦੱਤ ਨੂੰ ਸਹਿਸਕ੍ਰਿਤੀ ‘ਚ ਉਪਦੇਸ਼ ਦਿੰਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਹਿਸਕ੍ਰਿਤੀ ਸ਼ਲੋਕ ਉਚਾਰੇ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top