Share on Facebook

Main News Page

ਡੇਰੇਦਾਰਾਂ ਵਲੋਂ ਗਪੌੜ ਕਹਾਣੀਆਂ ਅਤੇ ਗਲਤ ਧਾਰਣਾ ਨੂੰ ਮਿਲੀ ਚੁਨੌਤੀ
- ਜਸਵਿੰਦਰ ਸਿੰਘ ਨਿਊਜਰਸੀ

ਸਿੱਖ ਰਹਿਤ ਮਰਿਆਦਾ ਇਹ ਸਿੱਖ ਕੌਮ ਦਾ ਇੱਕ ਅਹਿਮ ਦਸਤਾਵੇਜ਼ ਬਨਾਇਆ ਗਿਆ ਸੀ, ਜੇਕਰ ਇਸ ਡੇਰੇਦਾਰਾਂ ਵਲੋਂ ਇਸ ਦਾ ਵਿਰੋਧ ਨਾ ਕੀਤਾ ਜਾਂਦਾ ਤਾਂ ਸਾਰੀ ਸਿੱਖ ਕੌਮ ਇਸ ਮਰਿਆਦਾ ਨੂੰ ਅਪਣਾ ਲੈਂਦੀ ਤਾਂ ਅੱਜ ਸਿੱਖ ਕੌਮ ਦੇ ਬਹੁਤ ਸਾਰੇ ਮਸਲੇ ਹੱਲ ਹੋ ਜਾਣੇ ਸਨ। ਸਿੱਖ ਰਹਿਤ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪ ਕੇ ਵੰਡੀ ਜਾਂਦੀ ਹੈ ਅਤੇ ਭੇਟਾ ਰਹਿਤ ਹੈ। ਚਲੋ ਮੰਨਿਆਂ ਡੇਰੇਦਾਰਾਂ ਨੇ ਇਹ ਮਰਿਆਦਾ ਇਹ ਕਹਿ ਕੇ ਨਹੀਂ ਮੰਨੀ ਕਿ ਉਹ ਸਮਝਦੇ ਸਨ ਇਸ ਨੂੰ ਉਨ੍ਹਾਂ ਨਾਲੋਂ ਘੱਟ ਸ਼ਰਧਾ ਵਾਲੇ ਸਿੱਖਾਂ ਨੇ ਬਨਾਇਆ ਹੈ ਪਰ ਆਪਾਂ ਗੁਰੂ ਸਾਹਿਬ ਜੀ ਤੋਂ ਪੁੱਛ ਲੈਂਦੇ ਹਾਂ ਗੁਰੂ ਸਾਹਿਬ ਜੀ ਕੀ ਕਹਿੰਦੇ ਹਨ:

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੇ ਹਿਰਦੇ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੂ ਹੋਰ ਕਚੀ ਬਾਣੀ॥ (23) ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ 920)

ਫੈਸਲਾ ਤਾਂ ਗੁਰੂ ਅਮਰ ਦਾਸ ਸਾਹਿਬ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ, ਹੁਣ ਸੰਗਤਾਂ ਨੇ ਕਰਨਾ ਹੈ ਗੁਰੂ ਸਾਹਿਬਾਨਾ ਦੀ ਸਚੀ ਬਾਣੀ ਪੜ੍ਹਣੀ ਤੇ ਗਾਊਣੀ ਹੈ ਜਾਂ ਧਾਰਨਾ ਲਾ ਲਾ ਕੇ ਕਚੀ ਬਾਣੀ ਪੜ੍ਹਣੀ ਤੇ ਗਾਊਣੀ ਹੈ।

ਦੁਨੀਆਂ ਭਰ ਦੀਆਂ ਪੰਜਾਬੀ ਵੈਬਸਾਈਟਾਂ ਤੇ ਲੱਗੀ ਵੀਡੀਓ ਦੀ ਅੱਜ ਕੱਲ੍ਹ ਸਿੱਖ ਹਲਕਿਆਂ ਚ ਕਾਫੀ ਚਰਚਾ ਹੋਈ ਹੈ ਕਿ ਕਿਸ ਤਰ੍ਹਾਂ ਮਹਾਪੁਰਸ਼ ਅਖਵਾਏ ਜਾਣ ਵਾਲੇ ਅਜੇ ਵੀ ਦੁਨੀਆਂ ਦੇ ਲੋਕਾਂ ਨੂੰ ਮੂਰਖ ਹੀ ਸਮਝਦੇ ਹਨ ਜਾਂ ਫਿਰ ਮੂਰਖ ਬਣਾਉਣ ਲੱਗੇ ਹੋਏ ਹਨ। ਆਪਣੀਆਂ ਮਨਘੜਤ ਕਹਾਣੀਆਂ ਸੁਣਾ ਸੁਣਾ ਕੇ। ਇਸ ਵੀਡੀਓ ਚ ਮਾਨ ਸਿੰਘ ਕਹਿੰਦਾ ਹੈ ਕਿ ਭੁੱਚੋ ਵਾਲੇ ਹਰਮਾਨ ਸਿੰਘ ਦੀ ਕੁੱਤੀ ਮਰ ਕੇ ਇੰਗਲੈਂਡ ਦੀ ਰਾਣੀ ਵਿਕਟੋਰੀਆ ਬਣੀ ਸੀ। ਡੇਰੇਦਾਰਾਂ ਵਲੋਂ ਬਨਾਈਆਂ ਇਸ ਤਰ੍ਹਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਝੂਠੀਆਂ ਸਾਬਤ ਹੋ ਰਹੀਆਂ ਹਨ। ਇੱਕ ਅੱਜ ਕੱਲ ਵੀਡੀਓ ਕੈਮਰੇ ਹਰ ਗੱਲ ਨੂੰ ਕੈਮਰੇ ਚ ਕੈਦ ਕਰ ਲੈਂਦੇ ਹਨ ਤੇ ਕਿਸੇ ਵੀ ਥਾਂ ਜਾਂ ਦੀਵਾਨ ਚ ਕੀਤੀ ਗਈ ਕਥਾ ਵਖਿਆਨ ਬਾਰੇ ਸੰਗਤਾਂ ਨੂੰ ਬਾਅਦ ਚ ਵੀ ਵਿਚਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਅੱਗੇ ਤਾਂ ਜਾਗਰਤੀ ਵੀ ਘੱਟ ਸੀ ਮਹਾਪੁਰਸ਼ ਜੋ ਮਰਜ਼ੀ ਸੁਣਾ ਜਾਣ ਸੰਗਤਾਂ ਸੁਣੀ ਜਾਂਦੀਆਂ ਸਨ ਅਤੇ ਬਾਅਦ ਚ ਕਿਤੇ ਰਿਕਾਰਡ ਵੀ ਨਹੀਂ ਸੀ ਰਹਿੰਦਾ। ਪਰ ਹੁਣ ਟੈਕਨਾਲੋਜੀ ਨੇ ਹਰ ਕੰਮ ਸੌਖਾ ਕਰ ਦਿੱਤਾ ਹੈ ਅਤੇ ਇਸ ਨਵੀਂ ਟੈਕਨਾਲੋਜ਼ੀ ਦੇ ਸਹਾਰੇ ਨਾਲ ਗੁਰਬਾਣੀ ਦਾ ਗਿਆਨ ਵੀ ਜਿਆਦਾ ਸੰਗਤਾਂ ਤੱਕ ਪੁੱਜ ਰਿਹਾ ਹੈ, ਟੀ.ਵੀ, ਇੰਟਰਨੈਟ ਅਤੇ ਬਹੁਤ ਸਾਰੀਆਂ ਸਿੱਖ ਧਰਮ ਨਾਲ ਸਬੰਧਤ ਵੈਬ ਸਾਈਟਾਂ ਰਾਹੀਂ। ਹੁਣ ਟੈਕਨਾਲੋਜ਼ੀ ਨੇ ਗੁਰਬਾਣੀ ਨੂੰ ਸਾਡੇ ਘਰ ਘਰ ਤੱਕ ਪੁਚਾ ਦਿੱਤਾ ਹੈ ਟੀ ਵੀ ਅਤੇ ਇੰਟਰਨੈਟ ਰਾਹੀਂ। ਬਹੁਤ ਸਾਰੇ ਸਿੱਖ ਜਿਹੜੇ ਟਰਾਂਸਪੋਰਟ ਦੇ ਧੰਦੇ ਨਾਲ ਸਬੰਧਤ ਹਨ, ਆਪਣੇ ਕਾਰੋਬਾਰ ਕਰਦੇ ਵੀ ਗੁਰਬਾਣੀ ਦੀ ਕਥਾ ਕੀਰਤਨ ਸੁਣਦੇ ਰਹਿੰਦੇ ਹਨ ਅਤੇ ਖਾਸ ਕਰਕੇ ਉੱਤਰੀ ਅਮਰੀਕਾ ਚ ਸਿੰਘ ਵੀ ਸਜਦੇ ਜਾ ਰਹੇ ਹਨ।

ਇਹ ਫੈਸਲਾ ਤਾਂ ਸਿੱਖ ਸੰਗਤਾਂ ਨੇ ਕਰਨਾ ਹੈ ਕਿ ਜਾਗਰੂਕ ਹੋ ਕੇ ਦਸ਼ਮੇਸ਼ ਪਿਤਾ ਜੀ ਦੇ ਹੁਕਮ ਮੁਤਾਬਿਕ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣਾ ਹੈ ਜਾਂ ਫਿਰ ਡੇਰੇਦਾਰਾਂ ਦੀਆਂ ਇਹੋਜਿਹੀਆਂ ਮਨਘੜਤ ਕਹਾਣੀਆਂ ਦੇ ਕੰਨ ਰਸ ਵਲ ਹੀ ਧਿਆਨ ਰੱਖਣਾ ਹੈ। ਇਸ ਵੀਡੀਓ ਬਾਰੇ ਤਾਂ ਅਖਬਾਰਾਂ ਚ ਵੀ ਲਿਖਿਆ ਗਿਆ ਹੈ ਅਤੇ ਤੁਸੀਂ ਸੁਣ ਵੀ ਚੁੱਕੇ ਹੋਵੇਗੇ ਇਸ ਲਈ ਮੈਂ ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਬਾਰੇ ਹੀ ਗੱਲ ਕਰਦਾ ਹਾਂ।

ਇਹ ਗੱਲ ਅਪ੍ਰੈਲ 2012 ਦੀ ਹੈ 2-3 ਮਹੀਨੇ ਪਹਿਲਾਂ ਟਾਈਗਰ ਜਥਾ ਯੂ ਕੇ ਵਲੋਂ ਇੱਕ ਵੀਡੀਓ ਯੂ ਟਿਊਬ ਤੇ ਪਾਈ ਗਈ ਸੀ। ਮਾਨ ਸਿੰਘ ਪਿਹੋਵੇ ਵਾਲੇ ਇੰਗਲੈਂਡ ਦੇ ਨਿਊ ਕਾਸਲ ਗੁਰਦੁਆਰੇ ਚ ਕਥਾ/ਕੀਰਤਨ ਕਰਨ ਪਹੁੰਚਦੇ ਹਨ ਜਦ ਇਨ੍ਹਾਂ ਨੇ ਸ਼ੁਰੂ ਕੀਤਾ ਤਾਂ ਸ਼ਬਦ ਗਾਇਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਮਾਧੋ ਤੂੰ ਐਸਾ ਹਮ ਐਸੇ - ਪਰ ਅਸਲੀਅਤ ਚ ਇਸ ਤਰ੍ਹਾਂ ਆਪਣੀਆਂ ਧਾਰਨਾ ਲਾਉਣ ਵਾਲੀ ਆਦਤ ਅਨੁਸਾਰ ਇਸ ਸ਼ਬਦ ਨੂੰ ਇਸ ਤਰ੍ਹਾਂ ਪੜ੍ਹ ਰਹੇ ਹਨ ਮਾਧੋ ਤੂੰ ਆਈਸਾ ਹਮ ਆਈਸੇ, ਸੰਗਤ ਨੂੰ ਵੀ ਪਿੱਛੇ ਦੁਹਰਾਊਣ ਲਈ ਕਿਹਾ ਜਾਂਦਾ ਹੈ ਸੰਗਤ ਵੀ ਉਸੇ ਤਰ੍ਹਾਂ ਹੀ ਪੜ੍ਹ ਰਹੀ ਹੈ "ਮਾਧੋ ਤੁੰ ਆਈਸਾ ਹਮ ਆਈਸੇ"। ਮਨਜੀਤ ਸਿੰਘ ਜਿਹੜਾ ਨਿਊ ਕਾਸਲ ਗੁਰਦੁਆਰੇ ਦੀ ਕਮੇਟੀ ਚ ਵੀ ਸ਼ਾਮਿਲ ਹੈ ਨੇ ਦੱਸਿਆ ਹੈ, ਕਿ ਆਪਾਂ ਇਹ ਸਾਖੀ ਸੁਣਦੇ ਰਹੇ ਹਾਂ ਕਿ ਇੱਕ ਲਾਂ ਦਾ ਉਚਾਰਣ ਗੱਲਤ ਹੋਣ ਤੇ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਸਮੇ ਇੱਕ ਸਿੱਖ ਦੇ ਮੂੰਹ ਤੇ ਚਪੇੜਾਂ ਵੱਜੀਆਂ ਸਨ, ਜਦ ਉਹ ਕੈ ਦੀ ਬਿਜਾਏ ਕੇ ਪੜ੍ਹ ਰਿਹਾ ਸੀ। ਗੁਰਬਾਣੀ ਦਾ ਇੱਕ ਸ਼ਬਦ ਬਦਲਣ ਕਰਕੇ ਗੁਰੂ ਹਰ ਰਾਇ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਕਹਿ ਦਿੱਤਾ ਸੀ ਕਿ ਉਮਰ ਭਰ ਉਨ੍ਹਾਂ ਦੇ ਮੱਥੇ ਨਾ ਲੱਗੇ ਅਤੇ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਹੀ ਤੁਰ ਜਾਵੇ। ਇਥੇ ਪ੍ਰਚਾਰਕ ਕੇਵਲ ਗੁਰਬਾਣੀ ਦਾ ਗਲਤ ਉਚਾਰਣ ਹੀ ਨਹੀਂ ਕਰ ਰਿਹਾ ਬਲਕਿ ਸੰਗਤ ਤੋਂ ਵੀ ਕਰਵਾ ਰਿਹਾ ਹੈ ਇਹ ਕੁਝ ਸੋਚਦਾ ਭਾਈ ਮਨਜੀਤ ਸਿੰਘ ਉਠ ਖੜੋਤਾ, ਕਿਉਂਕਿ ਉਸ ਤੋਂ ਗੁਰਬਾਣੀ ਦੀ ਬੇਅਬਦੀ ਨਾ ਸਹਾਰੀ ਗਈ ਤੇ ਇਸ ਗੁਰਦੁਆਰਾ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਬਾਗੀ ਦੋਵੇਂ ਹੱਥ ਜੋੜ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਨਜੀਤ ਸਿੰਘ ਬਾਗੀ ਕਹਿੰਦੇ ਮਹਾਪੁਰਸ਼ੋ ਗੁਰਬਾਣੀ ਨੂੰ ਠੀਕ ਤਰ੍ਹਾਂ ਪੜ੍ਹੋ ਮਾਧੋ ਤੂੰ ਐਸਾ ਹਮ ਐਸੇ ਮਹਾਪੁਰਖ ਕਹਿੰਦੇ ਬਹਿਜਾ ਕੋਈ ਗੱਲ ਨਹੀਂ, ਇਸ ਤਰ੍ਹਾਂ ਹੋ ਜਾਂਦਾ ਹੁੰਦਾ ਹੈ।

ਫਿਰ ਉਨ੍ਹਾਂ ਨੂੰ ਕੀਰਤਨ ਕਰਨਾ ਔਖਾ ਹੋ ਜਾਂਦਾ ਹੈ, ਤੇ ਸ਼ਬਦ ਹੋਰ ਸ਼ੁਰੂ ਕਰਦੇ ਹਨ, ਜੇ ਰਤ ਡਿਗੇ ਕੱਪੜੇ ਜਾਮਾ ਹੋਵੇ ਪਲੀਤ ਭਾਈ ਮਨਜੀਤ ਸਿੰਘ ਬਾਗੀ ਫਿਰ ਉਠਦਾ ਹੈ, "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ" ਮਹਾਪੁਰਸ਼ੋ ਗੁਰਬਾਣੀ ਗਲਤ ਨਾ ਪੜ੍ਹੋ ਅਤੇ ਉਹ ਕਹਿੰਦਾ ਹੈ, ਸ਼ਬਦ ਦਾ ਠੀਕ ਉਚਾਰਣ ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ।

ਮਹਾਪੁਰਸ਼ ਫਿਰ ਕਹਿੰਦੇ ਹਨ ਮੁੰਹੋਂ ਨਿਕਲ ਜਾਂਦਾ ਹੁੰਦਾ ਹੈ, ਤੇ ਫਿਰ ਉਹ ਕੀਰਤਨ ਨੂੰ ਛੱਡ ਕੇ ਕਥਾ ਵੱਲ ਨੂੰ ਮੁੜਦੇ ਹਨ ਅਤੇ ਕਥਾ ਸ਼ੁਰੂ ਕਰਦਿਆਂ ਇਹ ਪ੍ਰਚਾਰਕ ਜਿਸ ਨੂੰ ਆਮ ਕਰਕੇ ਮਹਾਂਪੁਰਸ਼ ਦੇ ਨਾਮ ਨਾਲ ਲਿਖਿਆ ਬੋਲਿਆ ਜਾਂਦਾ ਹੈ, ਬੀਬੀਆਂ ਨੂੰ ਕਹਿੰਦਾ ਹੈ ਇੱਕ ਇੱਕ ਜਪੁਜੀ ਸਾਹਿਬ ਪੜ੍ਹ ਕੇ ਆ ਜਾਂਦੀਆਂ ਹਨ ਪੁੱਤਰ ਲੈਣ, ਜਾਉ ਪੁੱਛੋ ਬਾਬਾ ਫਰੀਦ ਜੀ ਨੂੰ ਜਿਨ੍ਹਾਂ ਨੇ 36 ਸਾਲ ਤਪੱਸਿਆ ਕੀਤੀ, 12 ਸਾਲ ਉਹ ਖੂਹ ਚ ਪੁੱਠੇ ਲਟਕਦੇ ਰਹੇ, 12 ਸਾਲ ਜੰਗਲਾਂ ਚ ਤਪ ਕਰਦੇ ਰਹੇ, ਤਾਂ ਸਾਧ ਸੰਗਤ ਜੀ ਜਦ ਬਾਬਾ ਫਰੀਦ ਜੀ ਘਰ ਪਹੁੰਚੇ ਤਾਂ ਉਨ੍ਹਾਂ ਦੇ ਜੜਾਵਾਂ ਬੱਝੀਆਂ ਹੋਈਆਂ ਸਨ, ਮਾਂ ਕੰਘਾ ਕਰਨ ਲੱਗੀ ਤਾਂ ਫਰੀਦ ਕਹਿੰਦੇ ਆਈ। ਮਾਂ ਪੁੱਛਦੀ ਕਿ ਫਰੀਦਾ ਤੁੰ ਜੰਗਲ ਚ ਕੀ ਖਾਂਦਾ ਰਿਹਾ, ਤਾਂ ਉਸ ਨੇ ਦੱਸਿਆ ਕਿ ਜੰਗਲ ਚ ਪੱਤੇ ਖਾ ਕੇ ਗੁਜਾਰਾ ਕਰਦਾ ਸੀ, ਜਦ ਪੱਤੇ ਮੁੱਕ ਜਾਂਦੇ ਤਾਂ ਲੱਕੜ ਦੀ ਰੋਟੀ ਬਣਾ ਕੇ ਭੁੱਖ ਲੱਗਣ ਤੇ ਉਸ ਨੂੰ ਚੱਕ ਮਾਰ ਲੈਂਦਾ ਸੀ।

ਭਾਈ ਮਨਜੀਤ ਸਿੰਘ ਬਾਗੀ ਨੂੰ ਫਿਰ ਉੱਠਣਾ ਪਿਆ ਤੇ ਉਨ੍ਹਾਂ ਨੇ ਫਿਰ ਮਹਾਪੁਰਸ਼ਾਂ ਨੂੰ ਸੁਆਲ ਕੀਤਾ ਕਿ ਬਾਬਾ ਜੀ ਦੀ ਬਾਣੀ ਤਾਂ ਕਹਿੰਦੀ ਹੈ:

ਫਾਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥  ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥

ਭਾਈ ਮਨਜੀਤ ਸਿੰਘ ਨੇ ਇਸ ਤੁਕ ਦੇ ਜਦ ਮਾਨ ਸਿੰਘ ਨੂੰ ਅਰਥ ਪੁੱਛੇ, ਤਾਂ ਉਹ ਮੂੰਹ ਤੇ ਹੱਥ ਰੱਖ ਕੇ ਬੈਠ ਗਿਆ ਪਰ ਮੂੰਹੋ ਕੁਝ ਨਾ ਬੋਲਿਆ। ਭਾਈ ਮਨਜੀਤ ਸਿੰਘ ਉਥੇ ਕਮੇਟੀ ਚ ਹੋਣ ਕਰਕੇ ਹੀ ਇਸ ਤਰ੍ਹਾਂ ਮਹਾਪੁਰਸ਼ਾਂ ਨੂੰ ਟੋਕ ਸਕਿਆ ਸੀ, ਨਹੀਂ ਤਾਂ ਕਿਸੇ ਦੀ ਕੀ ਹਿੰਮਤ ਪੈਣੀ ਸੀ ਬਾਬੇ ਦੇ ਚੇਲਿਆਂ ਨੇ ਵੀ ਟੁੱਟ ਕੇ ਪੈ ਜਾਣਾ ਸੀ। ਭਾਈ ਮਨਜੀਤ ਸਿੰਘ ਦੇ ਤੀਜੀ ਵਾਰ ਉੱਠਣ ਤੇ ਮਾਨ ਸਿੰਘ ਕਹਿੰਦਾ ਕਿ ਬਾਕੀ ਦੀ ਰਹਿੰਦੀ ਕਥਾ ਹੁਣ ਮਨਜੀਤ ਸਿੰਘ ਤੋਂ ਹੀ ਕਰਵਾ ਲਵੋ। ਫਿਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਗੁਰਮੇਜ ਸਿੰਘ ਪਾਸਲਾ ਸਿਰੋਪਾਓ ਲੈ ਆਏ ਮਾਨ ਸਿੰਘ ਦੇ ਗਲ ਚ ਪਾਉਣ ਲੱਗੇ, ਤਾਂ ਉਹ ਫਿਰ ਕਹਿੰਦਾ ਤੁਸੀ ਇਹ ਵੀ ਮਨਜੀਤ ਸਿੰਘ ਨੂੰ ਹੀ ਦੇ ਦਿਉ।

ਇਹ ਹਾਲ ਹੈ ਸਾਡੇ ਇਹੋ ਜਿਹੇ ਪਰਚਾਰਕਾਂ ਦਾ ਜਿਹੜੇ ਕੱਚੀਆਂ ਧਾਰਨਾ ਸੁਣਾ ਸੁਣਾ ਕੇ ਸੰਗਤਾਂ ਨੂੰ ਝੂਲਣ ਲਾ ਦਿੰਦੇ ਹਨ ਅਤੇ ਇਹੋ ਜਿਹੀਆਂ ਕਹਾਣੀਆਂ ਸੁਣਾ ਦਿੰਦੇ ਹਨ ਜਿਸ ਨਾਲ ਜੰਤਾ ਵੀ ਖੁਸ਼ ! ਜਿਹੋ ਜਿਹੀ ਕਹਾਣੀਆਂ ਦਾ ਅੱਜਕੱਲ ਜ਼ਿਕਰ ਹੋ ਰਿਹਾ ਹੈ ਕਿ ਫਲਾਨੇ ਅਸਥਾਨ ਬਾਬਾ ਕ੍ਰਿਪਾਲ ਸਿੰਘ ਜੀ ਦਾ 18 ਮੀਟਰ ਦਾ ਕਛਹਿਰਾ ਸੀ, ਤੁਸੀਂ ਅੱਜ ਵੀ ਜਾ ਕੇ ਦਰਸ਼ਨ ਕਰ ਸਕਦੇ ਹੋ। ਇਥੇ ਸੁਆਲ ਪੈਦਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਇਸ ਬਾਰੇ ਕੀ ਕਹਿੰਦੇ ਹਨ, ਉਨ੍ਹਾਂ ਦਾ ਕੱਪੜੇ ਪਹਿਨਣ ਬਾਰੇ ਜਿਹੜਾ ਹੁਕਮ ਹੈ, ਕੀ ਇਹ ਅਖੋਤੀ ਬਾਬਾ 18 ਮੀਟਰ ਦੇ ਕਛਹਿਰੇ ਵਾਲਾ ਹੁਕਮ ਅੰਦੂਲੀ ਨਹੀਂ ਕਰ ਰਿਹਾ ਹੈ। ਜ਼ਰਾ ਸੋਚੋ 18 ਮੀਟਰ ਦਾ ਕਛਹਿਰਾ ਇੱਕ ਆਮ ਇਨਸਾਨ ਤਾਂ ਕੀ ਝੋਟੇ ਤੇ 18 ਮੀਟਰ ਕੱਪੜਾ ਪਾ ਦਿਉ, ਤਾਂ ਸ਼ਇਦ 5-6 ਝੋਟੇ ਕੱਜੇ ਜਾ ਸਕਦੇ ਹਨ। ਫਿਰ ਅੱਗੇ ਇਹ ਕਲਾਕਾਰ ਕਹਿੰਦੇ ਹਨ ਉਹ ਕਿੱਲੋ ਦੇਸੀ ਘਿਊ ਪੀ ਕੇ ਆਸਾ ਦੀ ਵਾਰ ਤੇ ਬੈਠ ਜਾਂਦੇ ਸਨ ਫਿਰ ਉਨ੍ਹਾਂ ਦੀ ਗੋਗੜ ਵਧ ਗਈ। ਵਾਧੂ ਖਾਣ ਨਾਲ ਗੋਗੜ ਤਾਂ ਵਧਣੀ ਹੀ ਸੀ, ਕਿਹੜਾ ਉਹਨੇ ਘਿਉ ਪੀ ਕੇ ਕਹੀ ਫੜੀ ਸੀ, ਜਿਹੜਾ ਪਚ ਜਾਣਾ ਸੀ। ਗੁਰੂ ਸਾਹਿਬ ਨੇ ਤਾਂ ਕਿਹਾ ਹੈ ਉਨਾ ਹੀ ਖਾਉ ਜਿਨਾਂ ਤੁਹਾਨੂੰ ਤੰਗ ਨਾ ਕਰੇ। ਗੁਰੂ ਨਾਨਕ ਸਾਹਿਬ ਜੀ ਸਿਰੀਰਾਗੁ ਮਹਲਾ 1 ॥ ਪੰਨਾ 16 ਤੇ ਫੁਰਮਾਉਂਦੇ ਹਨ:

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇ॥1॥ ਬਾਬਾ ਹੋੁਰ ਖਾਣਾ ਖੁਸੀ ਖੁਆਰ॥ ਜਿਤੁ ਖਾਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥1॥ਰਹਾਉ॥ ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ॥ ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨ॥ ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ॥2॥ ਬਾਬਾ ਹੋਰ ਪੈਨਣੁ ਖੁਸੀ ਖੁਆਰ॥ ਜਿੱਤ ਪੈਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ॥2॥ਰਹਾਉ॥

ਕੀ ਇਹਨਾਂ ਡੇਰੇਦਾਰਾਂ ਨੇ ਗੁਰੂ ਸਾਹਿਬ ਜੀ ਦਾ ਇਹ ਹੁਕਮ ਨਹੀਂ ਪੜ੍ਹਿਆ ਜਾਂ ਸਮਝਿਆਂ ਜਿਸ ਕਰਕੇ 18-18 ਮੀਟਰ ਦੇ ਕਛਹਿਰੇ ਪਹਿਨੀ ਜਾਂਦੇ ਰਹੇ, ਅਤੇ ਕਿੱਲੋ ਕਿੱਲੋ ਘਿਊ ਪੀ ਕੇ ਆਸਾ ਕੀ ਵਾਰ ਤੇ ਬੈਠ ਜਾਂਦੇ ਰਹੇ। ਮੈਨੂੰ ਤਾਂ ਅਖੌਤੀ ਪਰਚਾਰਕਾਂ ਦੀਆਂ ਯਬਲੀਆਂ ਤੋਂ ਵੱਧ ਕੁਝ ਨਹੀਂ ਲੱਗਦਾ, ਜੋ ਕੁਝ ਇਸ ਵੀਡੀਊ ਚ ਸੁਣਿਆਂ ਹੈ। ਫੈਸਲਾ ਸੰਗਤਾਂ ਕਰਨਾ ਹੈ ਗੁਰਦੁਆਰਾ ਸਾਹਿਬ ਚ ਗੁਰੂ ਦੀ ਗੱਲ ਸੁਨਣ ਲਈ ਜਾਣਾ ਹੈ, ਜਾਂ ਫਿਰ ਮਨਘੜਤ ਕਹਾਣੀਆਂ ਦਾ ਕੰਨ ਰਸ ਰੱਖਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top