Share on Facebook

Main News Page

ਧਰਮ ਅਤੇ ਇਸ ਦੀ ਲੋੜ!
-
ਅਮਰਜੀਤ ਸਿੰਘ ਚੰਦੀ

ਇਸ ਬਾਰੇ ਵਿਚਾਰ-ਸਾਂਝ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਧਰਮ ਹੈ ਕੀ ਚੀਜ਼?

ਦੁਨੀਆ ਵਿੱਚ ਜਿੰਨੇ ਵੀ ਧਰਮ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਧਰਮ ਕਹਿਣਾ, ਅਗਿਆਨਤਾ ਤੋਂ ਵੱਧ ਕੁੱਝ ਵੀ ਨਹੀਂ ਹੈ। ਇਨ੍ਹਾਂ ਆਸਰੇ ਧਰਮ ਦੀ ਆੜ ਵਿਚ, ਧਰਮ-ਕਰਮ ਤਾਂ ਜ਼ਰੂਰ ਮਿਥੇ ਗਏ ਹਨ, ਪਰ ਉਹ ਮਿਥੇ ਗਏ ਧਰਮ ਦੇ ਕੰਮ, ਕਰਮ-ਕਾਂਡ ਤੋਂ ਵੱਧ ਕੁੱਝ ਵੀ ਨਹੀਂ ਹਨ, ਇਨ੍ਹਾਂ ਵਿੱਚ ਧਰਮ ਦੀ ਗੱਲ ਕਿਤੇ ਵੀ ਨਹੀਂ ਹੈ। ਇਨ੍ਹਾਂ ਕਰਮ-ਕਾਂਡਾਂ ਆਸਰੇ ਧਰਮ ਦੇ ਨਾਂ ਥੱਲੇ, ਇੰਸਾਨੀਅਤ ਵਿੱਚ ਹੀ ਨਹੀਂ, ਪਰਮਾਤਮਾ ਵਿੱਚ ਅਤੇ ਉਸ ਦੀਆਂ ਦਾਤਾਂ ਵਿੱਚ ਵੀ ਵੰਡੀਆਂ ਪਾ ਕੇ, ਇੰਸਾਨੀਅਤ ਨੂੰ ਖੇਰੂੰ-ਖੇਰੂੰ ਕੀਤਾ ਗਿਆ ਹੈ।

ਏਥੋਂ ਤਕ ਕਿ ਜਿਸ ਨੂੰ ਸਿੱਖ ਧਰਮ ਕਿਹਾ ਜਾਂਦਾ ਹੈ, ਉਹ ਵੀ ਗੁਰੂ ਸਾਹਿਬ ਦੇ ਸਿਧਾਂਤ ਦੇ ਸਰਾਸਰ ਉਲਟ, ਇਨਸਾਨੀਅਤ ਵਿੱਚ ਵੰਡੀਆਂ ਪਾਉਣ ਦਾ ਹੀ ਕਾਰਨ ਬਣ ਗਿਆ ਹੈ। ਗੁਰੂ ਸਾਹਿਬ ਨੇ ਇਸ ਧਰਤੀ ਨੂੰ ਧਰਮ-ਸਾਲ (ਧਰਮ ਕਮਾਉਣ ਦੀ ਥਾਂ) ਕਿਹਾ ਹੈ ਅਤੇ ਸਿੱਖੀ ਨੂੰ ਕਿਤੇ ਵੀ ਧਰਮ ਨਹੀਂ ਕਿਹਾ, ਬਲਕਿ ਇਸ ਨੂੰ ਪੰਥ, ਪੰਧ, ਰਸਤਾ ਕਿਹਾ ਹੈ, ਜਿਸ ਤੇ ਚਲ ਕੇ, ਜਿਸ ਅਨੁਸਾਰ ਕਰਮ ਕਰ ਕੇ, ਇੱਕ ਸਿੱਖ ਨੇ ਧਰਮ ਕਮਾਉਣਾ ਹੈ।

ਏਥੇ ਥੋੜੀ ਜਿਹੀ ਪ੍ਰਿਭਾਸ਼ਾ, ਸਿੱਖ ਬਾਰੇ ਵੀ ਜਾਨਣੀ ਜ਼ਰੂਰੀ ਹੈ। ਗੁਰ ਫੁਰਮਾਨ ਹੈ,

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ (੬੦੧)

ਹੇ ਭਾਈ ਉਹੀ ਮਨੁੱਖ ਗੁਰੂ ਦਾ ਸਿੱਖ, ਗੁਰੂ ਦਾ ਮਿੱਤਰ ਅਤੇ ਗੁਰੂ ਦਾ ਰਿਸ਼ਤੇਦਾਰ ਹੈ ਜੋ ਗੁਰ ਕੇ ਭਾਣੇ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਕਰਮ ਕਰੇ। ਇਸ ਦੇ ਉਲਟ, ਜੋ ਆਪਣੇ ਭਾਣੇ ਵਿਚ, ਆਪਣੇ ਮਨ ਦੇ ਕਹੇ ਅਨੁਸਾਰ ਚਲਦਾ ਹੈ, ਉਹ ਪਰਮਾਤਮਾ ਤੋਂ ਵਿਛੁੜ ਕੇ, ਮਾਇਆ ਦੇ ਪਰਭਾਵ ਹੇਠ ਦੁਖ ਸਹਾਰਦਾ ਹੈ। ਪਰ ਸਮੇ ਦੇ ਨਾਲ, ਗੁਰੂ ਦੀ ਮੱਤ ਨਾਲੋਂ, ਆਪਣੀ ਮੱਤ ਨੂੰ ਭਾਰੂ ਮੰਨ ਕੇ ਚੱਲਣ ਵਾਲਿਆਂ ਨੇ, ਗੁਰੂ ਸਾਹਿਬ ਵਲੋਂ ਰੱਦ ਕੀਤੀਆਂ, ਵਰਨ ਵੰਡ ਆਸਰੇ ਪਾਈਆਂ ਵੰਡੀਆਂ ਨੂੰ ਮੁੜ ਮਾਨਤਾ ਦਿੰਦਿਆਂ. ਇਹ ਪਰਵਾਣ ਕਰ ਲਿਆ ਹੈ ਕਿ ਸਿੱਖ ਦੇ ਘਰ ਜੰਮਿਆ ਬੱਚਾ ਸਿੱਖ ਹੀ ਹੁੰਦਾ ਹੈ, ਭਾਵੇਂ ਉਹ ਗੁਰੂ ਦੇ ਭਾਣੇ ਵਿੱਚ ਚੱਲੇ ਜਾਂ ਨਾ ਚੱਲੇ। ਇਸ ਮਗਰੋਂ ਵਰਨ-ਵੰਡ ਦੀਆਂ ਗੰਦੀਆਂ ਖੱਡਾਂ ਵਿੱਚ ਡਿਗਣ ਤੋਂ ਕੌਣ ਰੋਕ ਸਕਦਾ ਹੈ? ਜਿਨ੍ਹਾਂ ਵਿਚੋਂ ਸਾਨੂੰ ਨਫਰਤ ਦੀ ਬਦਬੂ ਭਰੀ ਸੜ੍ਹਾਂਧ ਤੋਂ ਇਲਾਵਾ ਕੁੱਝ ਨਹੀਂ ਮਿਲਣ ਵਾਲਾ। ਇਸ ਨਫਰਤ ਆਸਰੇ ਹੀ ਅਸੀਂ ਸਮਾਜ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ।

ਗੁਰੂ ਸਾਹਿਬ ਧਰਮ ਬਾਰੇ ਇਨ੍ਹਾਂ ਲਫਜ਼ਾਂ ਵਿੱਚ ਜਾਣਕਾਰੀ ਦਿੰਦੇ ਹਨ,

ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (੨੬੬) ਧਰਮ ਦੇ ਬਹੁਤ ਸਾਰੇ ਕੰਮਾਂ ਵਿਚੋਂ, ਧਰਮ ਦਾ ਸਭ ਤੋਂ ਸ੍ਰੇਸ਼ਟ, ਸਭ ਤੋਂ ਸ਼੍ਰੋਮਣੀ ਕੰਮ, ਇਹੀ ਹੈ ਕਿ ਬੰਦਾ ਪਰਮਾਤਮਾ ਦਾ ਨਾਮ ਜਪੇ ਅਤੇ ਨਿਰਮਲ ਕਰਮ (ਉਹ ਕੰਮ ਜਿਨ੍ਹਾਂ ਵਿੱਚ ਮੈਲ ਨਾ ਹੋਵੇ) ਕਰੇ। ਏਥੇ ਦੋਵੇਂ ਚੀਜ਼ਾਂ ਵਿਚਾਰ ਮੰਗਦੀਆਂ ਹਨ ਕਿ ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ ਅਤੇ ਨਿਰਮਲ ਕਰਮ ਕੀ ਹਨ? ਕਿਉਂਕਿ ਪੁਜਾਰੀ ਜਮਾਤ ਨੇ ਆਪਣੇ ਸਵਾਰਥ ਨੂੰ ਮੁੱਖ ਰਖਦਿਆਂ ਇਨ੍ਹਾਂ ਨੂੰ ਇਸ ਤਰ੍ਹਾਂ ਪਰਚਾਰਿਆ ਹੈ ਕਿ ਅੱਜ ਨਰੋਲ ਪਖੰਡ ਕਰਮ ਹੀ, ਪ੍ਰਭੂ ਦਾ ਨਾਮ ਸਿਮਰਨ ਬਣ ਗਏ ਹਨ, ਅਤੇ ਵਿਖਾਵੇ ਦੇ ਕੀਤੇ ਕਰਮ ਹੀ ਨਿਰਮਲ ਕਰਮਾਂ ਵਜੋਂ ਸਥਾਪਤ ਹੋ ਚੁੱਕੇ ਹਨ।

. ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ?

ਪਹਿਲਾਂ ਨਾਮ ਬਾਰੇ ਜਾਨਣਾ ਜ਼ਰੂਰੀ ਹੈ। ਅਗਿਆਨਤਾ ਵੱਸ, ਅਸੀਂ ਪਰਮਾਤਮਾ ਦੇ ਨਾਮ ਨੂੰ ਸਮਝਣ ਦੀ ਥਾਂ, ਆਪਣੇ ਜਾਂ ਦੁਨਿਆਵੀ ਚੀਜ਼ਾਂ ਦੇ ਨਾਵਾਂ ਵਾਙ, ਪਰਮਾਤਮਾ ਨੂੰ ਵੀ ਨਾਮ ਦੇ ਦਿੱਤੇ ਹਨ, ਜੋ ਇੰਸਾਨੀਅਤ ਵਿੱਚ ਵੰਡੀਆਂ ਪਾਉਣ ਦਾ ਇੱਕ ਵਸੀਲਾ ਮਾਤਰ ਹੀ ਹੈ। ਈਸਾਈਆਂ ਨੇ ਅਪਣੀ ਭਾਸ਼ਾ ਮੁਤਾਬਕ, ਪ੍ਰਭੂ ਦਾ ਨਾਮ ਗਾਡ ਰੱਖ ਲਿਆ ਹੈ। ਗਾਡ ਵੀ ਪ੍ਰਭੂ ਦੇ ਕਰੋੜਾਂ ਨਾਵਾਂ ਵਿਚੋਂ ਇੱਕ ਨਾਮ ਹੈ, ਜੋ ਉਸ ਦੇ ਕਿਸੇ ਇੱਕ ਗੁਣ ਤੇ ਹੀ ਆਧਾਰਿਤ ਹੈ। ਇਸ ਵਿਚਲੀ ਭਾਵਨਾ ਉਸ ਦਾ ਨਾਮ ਜਪਣਾ ਨਹੀਂ ਹੈ, ਬਲਕਿ ਇਹ ਹਿਸਾਬ ਰੱਖਣ ਦੀ ਭਾਵਨਾ ਹੈ ਕਿ ਦੁਨੀਆਂ ਵਿਚਲੇ ਕਿੰਨੇ ਬੰਦੇ, ਈਸਾਈਅਤ ਨਾਲ ਜੁੜੇ, ਦੂਸਰੇ ਕਹੇ ਜਾਂਦੇ ਧਰਮਾਂ ਦੇ ਮੁਕਾਬਲੇ ਤੇ, ਸਾਡੇ ਨਾਲ ਖੜੇ, ਸਾਡੀ ਲੁੱਟ ਦਾ ਸ਼ਿਕਾਰ ਹੋ ਸਕਦੇ ਹਨ?

ਇਹੀ ਹਾਲ ਕਹੇ ਜਾਂਦੇ ਦੂਸਰੇ ਧਰਮਾਂ ਦਾ ਵੀ ਹੈ। ਅੱਜ ਦੇ ਧਰਮ ਪਰਚਾਰਕਾਂ ਵਿਚੋਂ ੯੯% ਤੋਂ ਉਪਰ, ਆਪ ਹੀ ਭੰਬਲ-ਭੁਸੇ ਵਿੱਚ ਹਨ ਕਿ ਨਾਮ ਕੀ ਚੀਜ਼ ਹੈ? ਹਰ ਇੱਕ ਤਬਕੇ ਦੇ ਰੱਬ ਦਾ ਆਪਣਾ ਅਲੱਗ ਨਾਮ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਉਨ੍ਹਾਂ ਦੇ ਸੋਚਣ ਢੰਗ ਦੀ ਸੂਈ ਹੀ ਗਲਤ ਪਾਸੇ ਵੱਲ ਇਸ਼ਾਰਾ ਕਰ ਰਹੀ ਹੈ। ਕੀ ਇਸ ਆਧਾਰ ਤੇ ਮੰਨਿਆ ਜਾ ਸਕਦਾ ਹੈ ਕਿ ਸਾਰੀ ਦੁਨੀਆ ਦਾ ਰੱਬ ਇੱਕ ਹੀ ਹੈ? ਆਉ ਜਾਣੀਏ ਕਿ ਪ੍ਰਭੂ ਦਾ ਅਸਲ ਨਾਮ ਕੀ ਹੈ? ਗੁਰ ਫਰਮਾਨ ਹੈ,

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (੭੨) ਹੇ ਨਾਨਕ, ਸਤਿਗੁਰਿ, ਸ਼ਬਦ ਗੁਰੂ ਨੇ ਚੰਗੀ ਤਰ੍ਹਾਂ ਸਮਝਾਅ ਦਿੱਤਾ ਹੈ ਕਿ ਉਸ ਪ੍ਰਭੂ ਦਾ ਇਕੋ ਇੱਕ ਨਾਮ, ਉਸ ਦਾ ਹੁਕਮ ਹੀ ਹੈ, ਜਿਸ ਨੂੰ ਉਸ ਦੀ ਰਜ਼ਾ ਵੀ ਕਿਹਾ ਜਾਂਦਾ ਹੈ।

ਪਰਮਾਤਮਾ ਦਾ ਹੁਕਮ ਕੀ ਹੈ?

ਪਰਮਾਤਮਾ ਨੇ ਸ੍ਰਿਸ਼ਟੀ ਰਚਨਾ ਵੇਲੇ, ਇਸ ਨੂੰ ਨਿਰਵਿਘਨ ਚਲਦਾ ਰੱਖਣ ਲਈ, ਜੋ ਨਿਯਮ-ਕਾਨੂਨ ਬਣਾਏ ਹਨ, ਉਨ੍ਹਾਂ ਅਨੁਸਾਰ ਚੱਲਣ, ਉਨ੍ਹਾਂ ਦੀ ਅਵੱਗਿਆ ਨਾ ਕਰਨ ਤੋਂ ਇਲਾਵਾ, ਪਰਮਾਤਮਾ ਦਾ ਹੋਰ ਕੀ ਹੁਕਮ ਹੋ ਸਕਦਾ ਹੈ? ਯਾਨੀ ਉਸ ਦੇ ਬਣਾਏ ਨਿਯਮ-ਕਾਨੂਨਾਂ ਦੀ ਪਾਲਣਾ ਕਰਨਾ ਹੀ, ਉਸ ਦਾ ਨਾਮ ਜਪਣਾ ਹੈ। ਕੀ ਇਸ ਆਧਾਰ ਤੇ, ਇੰਸਾਨੀਅਤ ਵਿੱਚ ਕੋਈ ਵੰਡੀ ਪਾਉਣੀ ਸੰਭਵ ਹੈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੈਂਕੜੇ ਵਾਰੀ ਆਉਂਦਾ ਹੈ,

ਜਪਿ ਮਨ ਸਤਿ ਨਾਮੁ ਜਪਿ ਮਨ ਹਰਿ ਹਰਿ ਨਾਮ ਜਪਿ ਮਨ ਗੋਬਿੰਦ ਜਪਿ ਮਨ ਜਗੰਨਾਥ ਜਪਿ ਮਨ ਨਾਮੁ ਏਕੁ ਅਪਾਰੁ ਜਪਿ ਮਨ ਨਾਮੁ ਹਰਿ ਸਰਣੀ ਜਪਿ ਮਨ ਨਾਮੁ ਹਰੀ ਜਪਿ ਮਨ ਨਰਹਰੇ ਜਪਿ ਮਨ ਨਿਰਭਉ ਜਪਿ ਮਨ ਪਰਮੇਸੁਰੁ ਜਪਿ ਮਨ ਮੇਰੇ ਤੂ ਜਪਿ ਮਨ ਮੇਰੇ ਰਾਮ ਜਪਿ ਮਨ ਰਾਮ ਨਾਮ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਨਾਮ ਜਪਣ ਦਾ ਕੰਮ ਮਨ ਨਾਲ ਸਬੰਧਤ ਹੈ, ਬੰਦੇ ਨੇ ਮਨੋਂ ਉਸ ਪ੍ਰਭੂ ਦੇ ਹੁਕਮ ਵਿੱਚ ਚਲਣਾ ਹੈ, ਪਰ ਅਗਿਆਨਤਾ ਵੱਸ ਅਸੀਂ ਲਾਊਡ ਸਪੀਕਰਾਂ ਤੇ, ਮਸਜਿਦਾਂ ਵਿੱਚ ਅਲ੍ਹਾ-ਅਲ੍ਹਾ, ਮੰਦਰਾਂ ਵਿਚ ਰਾਮ-ਰਾਮ , ਗੁਰਦਵਾਰਿਆਂ ਵਿਚ ਵਾਹਿਗੁਰੂ-ਵਾਹਿਗੁਰੂ ਰਟੀ ਜਾਣ ਨੂੰ ਹੀ, ਨਾਮ-ਸਿਮਰਨ ਮੰਨ ਲਿਆ ਹੈ। ਇਸ ਮਨ-ਮਤ ਬਾਰੇ ਹੀ ਤਾਂ ਪੰਜਾਬੀ ਦੀ ਕਹਾਵਤ ਹੈ, ਆਪੇ ਫਾਥੜੀਏ, ਤੈਨੂੰ ਕੌਣ ਛਡਾਏ?

. ਨਿਰਮਲ ਕਰਮ ਕੀ ਹਨ?

ਨਿਰਕਲ ਕਰਮ, ਉਹ ਕਰਮ ਹਨ, ਜਿਨ੍ਹਾਂ ਵਿੱਚ ਕੋਈ ਮੈਲ ਨਾ ਹੋਵੇ। ਜਿਨ੍ਹਾਂ ਦੇ ਕਰਨ ਨਾਲ, ਮਨ ਨੂੰ, ਆਤਮਾ ਨੂੰ ਕੋਈ ਮੈਲ ਨਾ ਲੱਗੇ। ਮਤਲਬ ਸਾਫ ਹੈ ਕਿ ਜਿਹੜਾ ਕੰਮ ਅਸੀਂ ਸਾਫ ਨੀਅਤ ਨਾਲ ਕਰਦੇ ਹਾਂ, ਉਹੀ ਨਿਰਮਲ ਕਰਮ ਹੈ, ਉਹ ਕੰਮ ਕਰਨ ਨਾਲ ਸਾਡੀ ਆਤਮਾ ਮੈਲੀ ਨਹੀਂ ਹੁੰਦੀ। ਪਰ ਅੱਜ ਅਸੀਂ ਕੀ ਕਰ ਰਹੇ ਹਾਂ? ਹਰ ਉਹ ਕੰਮ ਕੀਤਾ ਜਾਂਦਾ ਹੈ, ਜਿਸ ਨੂੰ ਵੇਖ ਕੇ, ਦੁਨੀਆ ਸਾਨੂੰ ਧਰਮੀ ਬੰਦਾ ਸਮਝੇ। ਏਥੋਂ ਤਕ ਕਿ ਧਰਮ ਦੇ ਠੇਕੇਦਾਰਾਂ ਨੇ ਤਾਂ, ਪਹਿਰਾਵੇ ਵੀ ਇਸ ਤਰ੍ਹਾਂ ਦੇ ਮਿਥ ਦਿੱਤੇ ਹਨ, ਜਿਨ੍ਹਾਂ ਨੂੰ ਵੇਖਦਿਆਂ ਹੀ ਬੰਦਾ ਸਮਝ ਜਾਵੇ ਕਿ ਇਹ ਬੰਦਾ ਧਰਮੀ ਪੁਰਸ਼ ਹੈ ਅਤੇ ਇਸ ਫਿਰਕੇ ਨਾਲ ਸਬੰਧਤ ਹੈ। ਜੇ ਸਾਡੀ ਨੀਅਤ ਹੀ ਵਿਖਾਵਾ-ਮੁਖੀ ਹੋਵੇਗੀ, ਤਾਂ ਉਸ ਵਿਖਾਵੇ ਦਾ ਪ੍ਰਗਟਾਵਾ ਅਸੀਂ ਕਿਸੇ ਲੁੱਟ ਦੇ ਜਾਲ ਨੂੰ ਢਕਣ ਲਈ ਹੀ ਕਰ ਰਹੇ ਹੋਵਾਂਗੇ। ਜਦ ਵਿਖਾਵਾ ਤਾਂ ਨਿਰਮਲ ਹੋਵੇ, ਪਰ ਮਨ ਵਿੱਚ ਲੁੱਟ ਦੀ ਚਾਹ ਹੋਵੇ, ਤਾਂ ਅਜਿਹੇ ਵਿਚਾਰ ਅਧੀਨ ਕੀਤੇ ਕਰਮ ਨਿਰਮਲ ਕਿਵੇਂ ਹੋ ਸਕਦੇ ਹਨ? ਗੁਰੂ ਸਾਹਿਬ ਬੜਾ ਸੌਖਾ ਜਿਹਾ ਕੰਮ ਦੱਸਦੇ ਹਨ,

ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (੩੮੬)

ਹੇ ਮੇਰੇ ਮਿਤ੍ਰ, ਹੇ ਮੇਰੇ ਭਾਈ-ਵੀਰ, ਜੇ ਤੂੰ ਮਨ ਵਿੱਚ ਕਿਸੇ ਦਾ ਬੁਰਾ ਨਾ ਸੋਚੇਂ ਤਾਂ ਯਕੀਨ ਜਾਣ ਤੈਨੂੰ ਕਦੇ ਕੋਈ ਦੁਖ ਨਹੀਂ ਹੋਵੇਗਾ। ਪਰ ਅੱਜ ਅਸੀਂ ਪ੍ਰਤੱਖ ਵੇਖ ਰਹੇ ਹਾਂ ਕਿ ੯੯. ੯ % ਲੋਕ, ਆਪਣੇ ਦੁਖ ਤੋਂ ਦੁਖੀ ਨਹੀਂ ਹਨ, ਬਲਕਿ ਦੂਸਰੇ ਦੇ ਸੁਖ ਤੋਂ ਦੁਖੀ ਹਨ। ਗੱਲ ਬੜੀ ਸਾਫ ਹੈ ਕਿ ਉਨ੍ਹਾਂ ਦੇ ਮਨ ਵਿੱਚ ਦੂਸਰੇ ਦੇ ਬੁਰੇ ਦੀ ਚਾਹ ਹੈ। ਅਜਿਹੀ ਚਾਹ ਅਧੀਨ ਕੀਤੇ ਕੰਮ, ਨਿਰਮਲ ਕਿਵੇਂ ਹੋ ਸਕਦੇ ਹਨ? ਜੇ ਅਸੀਂ ਪਰਮਾਤਮਾ ਦੀ ਰਜ਼ਾ, ਉਸ ਦੇ ਨਿਯਮ-ਕਾਨੂਨ ਦੀ ਦਿਲੋਂ ਪਾਲਣਾ ਕਰਦਿਆਂ, ਕਿਸੇ ਦੇ ਬੁਰੇ ਦੀ ਕਲਪਨਾ ਨਾ ਕਰੀਏ, ਤਾਂ ਇਸ ਤੋਂ ਵੱਡਾ ਧਰਮ ਦਾ ਕੰਮ ਹੋਰ ਕੀ ਹੋ ਸਕਦਾ ਹੈ? ਕੀ ਇਸ ਨਾਲ ਇੰਸਾਨੀਅਤ ਵਿੱਚ ਵੰਡੀਆਂ ਪੈਣ ਦੀ ਕੋਈ ਸੰਭਾਵਨਾ ਹੋ ਸਕਦੀ ਹੈ?

ਪਰ ਅਸੀਂ ਤਾਂ ਸਾਫ ਵੇਖ ਰਹੇ ਹਾਂ ਕਿ ਆਪਣੀ ਲੁੱਟ ਦੇ ਜਾਲ ਨੂੰ ਢਕਣ ਲਈ ਹੀ ਇਹ ਧਰਮ ਦਾ ਬੁਰਕਾ ਵਰਤਿਆ ਜਾ ਰਿਹਾ ਹੈ। ਕਈ ਵਾਰੀ, ਕੁੱਝ ਲੋਕ ਉਪਰਾਲਾ ਕਰ ਕੇ ਕਹੇ ਜਾਂਦੇ ਸਾਰੇ ਧਰਮਾਂ (ਕਿਉਂਕਿ ਧਰਮ ਇੱਕ ਤੋਂ ਵੱਧ ਹੋ ਹੀ ਨਹੀਂ ਸਕਦਾ) ਦੇ ਲੋਕਾਂ ਨੁੰ ਇਕੱਠਿਆਂ ਕਰ ਕੇ ਸਰਵ-ਧਰਮ ਸੰਮੇਲਨ ਕਰਾਉਂਦੇ ਹਨ, ਜਿਸ ਵਿੱਚ ਅਲੱਗ-ਅਲੱਗ ਧਰਮਾਂ ਦੇ ਵਿਦਵਾਨ, ਆਪਣੇ ਆਪਣੇ ਧਰਮ ਨੂੰ ਸਰਵੋਤਮ ਸਿੱਧ ਕਰਨ ਲਈ, ਭਾਸ਼ਨ ਝਾੜਦੇ, ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਦੇ ਆਪਣੀ ਹਾਜ਼ਰੀ ਲਵਾਉਂਦੇ ਹਨ, ਪਰ ਗੱਲ ਓਥੇ ਦੀ ਓਥੇ ਹੀ ਰਹਿੰਦੀ ਹੈ, ਕਿਉਂਕਿ ਸੋਚ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਧਰਮ ਦੇ ਲੋਕਾਂ ਤਕ ਇਸ ਸੰਮੇਲਨ ਰਾਹੀਂ ਸੁਨੇਹਾ ਪਹੁੰਚਾ ਦਿੱਤਾ ਹੈ ਕਿ ਸਾਡਾ ਧਰਮ ਸ੍ਰੇਸ਼ਟ ਹੈ, ਸਾਡੇ ਧਰਮ ਦੇ ਲੋਕਾਂ ਨੂੰ ਇਸ ਦੀ ਪਾਲਣਾ ਨਿਸ਼ਠਾ ਪੂਰਵਕ ਕਰਨੀ ਚਾਹੀਦੀ ਹੈ।

ਸੰਮੇਲਨ ਕਰਵਾਉਣ ਵਾਲਿਆਂ ਦੀ ਨੀਅਤ ਬਾਰੇ ਵੀ ਕੁੱਝ ਨਹੀਂ ਕਿਹਾ ਜਾ ਸਕਦਾ। ਜੇ ਤਾਂ ਉਨ੍ਹਾਂ ਦੀ ਨੀਅਤ ਵੀ, ਧਰਮ ਦੇ ਨਾਮ ਤੇ ਹੁੰਦੀ ਲੁੱਟ ਨੂੰ ਹੀ ਮਾਨਤਾ ਦਿਵਾਉਣ ਦੀ ਹੁੰਦੀ ਹੈ, ਤਾਂ ਨਿਸਚਿਤ ਹੀ ਉਹ ਆਪਣੇ ਮੰਤਵ ਵਿੱਚ ਸਫਲ ਹੁੰਦੇ ਹਨ। ਪਰ ਜੇ ਉਨ੍ਹਾਂ ਦੀ ਮੰਸ਼ਾ, ਅਜਿਹੇ ਸਮਮੇਲਨਾ ਰਾਹੀਂ, ਅਸਲੀ ਧਰਮ ਦੀ ਖੋਜ ਕਰਨਾ ਹੈ, ਤਾਂ ਉਨ੍ਹਾਂ ਨੂੰ ਆਪਣਾ ਢੰਗ ਬਦਲਨਾ ਚਾਹੀਦਾ ਹੈ। ਅਜਿਹੇ ਸੰਮੇਲਨਾ ਵਿੱਚ ਧਰਮ ਦੇ ਠੇਕੇਦਾਰਾਂ ਦੀ ਥਾਂ, ਉਨ੍ਹਾਂ ਕਿਰਤੀਆਂ ਨੂੰ ਸੱਦਣਾ ਚਾਹੀਦਾ ਹੈ, ਜਿਨ੍ਹਾਂ ਨੂੰ ਅਸਲੀ ਧਰਮ ਦਾ ਗਿਆਨ ਹੋਵੇ। ਫਿਰ ਹੀ ਇਨ੍ਹਾਂ ਸੰਮੇਲਨਾ ਵਿਚੋਂ, ਵੰਡੀਆਂ ਰਹਿਤ ਅਸਲੀ ਧਰਮ ਅਤੇ ਉਸ ਦੇ ਲਾਗੂ ਕਰਨ ਦੇ ਢੰਗਾਂ ਬਾਰੇ ਵਿਚਾਰ ਹੋ ਸਕਦੀ ਹੈ।

ਜਿਸ ਆਸਰੇ, ਧਰਮ ਦੇ ਨਾਂ ਤੇ ਹੁੰਦੇ ਅਣਗਿਣਤ ਕਤਲ, ਲੁੱਟਾਂ-ਖੋਹਾਂ, ਬੀਬੀਆਂ ਦੀ ਬੇ-ਪਤੀ ਅਤੇ ਬੱਚਿਆਂ ਨੂੰ ਅਨਾਥ ਕਰ ਕੇ ਸਾਰੀ ਉਮਰ ਦੇ ਤਸੀਹੇ ਝੱਲਣ ਤੋਂ ਰੋਕ ਕੇ, ਚੰਗੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਵਿਕਾਸ ਦੇ ਨਾਮ ਤੇ ਬਣਦੇ ਹਥਿਆਰਾਂ ਦੇ ਭੰਡਾਰਾਂ, ਕੁਦਰਤ ਨਾਲ ਹੁੰਦੀ ਛੇੜ-ਛਾੜ ਤੋਂ ਮੁਕਤ ਹੋ ਕੇ, ਉਸ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਜਿਸ ਵਿੱਚ ਹਰ ਪਾਸੇ ਅਮਨ-ਸ਼ਾਤੀ ਹੋਵੇ, ਕਿਸੇ ਨੂੰ ਚੋਰੀ, ਹੇਰਾ-ਫੇਰੀ ਕਰਨ ਦੀ ਲੋੜ ਨਾ ਪਵੇ। ਕਿਸੇ ਨੂੰ ਦੂਸਰੇ ਨਾਲ ਨਫਰਤ ਕਰਨ ਦੀ ਗੁੰਜਾਇਸ਼ ਹੀ ਨਾ ਹੋਵੇ, ਫਿਰ ਇਹ ਦੁਨੀਆ ਅਸਲ ਅਰਥਾਂ ਵਿੱਚ ਧਰਮ-ਸਾਲ, ਬੇਗਮ-ਪੁਰਾ ਬਣ ਸਕਦੀ ਹੈ।

ਪਰ ਇਹ ਸਭ ਕੁਝ, ਦੁਨੀਆ ਦੇ ਬਣਾਏ ਨਿਯਮ-ਕਾਨੂਨਾਂ ਆਸਰੇ ਸੰਭਵ ਨਹੀਂ ਹੈ। ਇਹ ਸਭ-ਕੁਝ ਸਿਰਫ ਤੇ ਸਿਰਫ ਪਰਮਾਤਮਾ ਵਲੋਂ ਬਣਾਏ ਨਿਯਮ-ਕਾਨੂਨਾਂ ਤੇ ਆਧਾਰਿਤ, ਅਸਲੀ ਧਰਮ ਦੀ ਸਥਾਪਤੀ ਨਾਲ ਹੀ ਸੰਭਵ ਹੋ ਸਕਦਾ ਹੈ, ਇਸ ਦਾ ਹੋਰ ਕੋਈ ਰਾਹ ਨਹੀਂ ਹੈ।

ਫੋਨ:- ੯੫੬੮੫ ੪੧੪੧੪


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top