Share on Facebook

Main News Page

ਜਦੋਂ ਤਿੰਨ ਸਾਲ ਤੋਂ ਗੁਰਦਵਾਰੇ ਦਾ ਬਿਜਲੀ ਕੁਨੈਕਸ਼ਨ ਕਟਿਆ ਹੋਇਆ ਸੀ, ਉਦੋਂ ਸਿੱਖ ਜਥੇਬੰਦੀਆਂ ਕਿਥੇ ਸਨ?

ਅੰਮ੍ਰਿਤਸਰ, 18 ਜੁਲਾਈ (ਚਰਨਜੀਤ ਸਿੰਘ): ਬਿਆਸ ਦੇ ਪਿੰਡ ਵੜੈਚ ਦੀ ਪੱਤੀ ਵੜੈਚ ਦੇ ਗੁਰਦਵਾਰੇ ਨੂੰ ਢਾਹੇ ਜਾਣ ਦੇ ਮਾਮਲੇ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਅਤੇ ਪੱਤੀ ਵੜੈਚ ਦੇ ਇਕ ਆਗੂ ਕਾਮਰੇਡ ਬਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਇਸ ਗੁਰੂ ਘਰ ਦੀ ਬਿਜਲੀ ਪਿਛਲੇ 3 ਸਾਲਾਂ ਤੋਂ ਕੱਟੀ ਹੋਈ ਸੀ, ਉਦੋਂ ਇਹ ਪੰਥਕ ਜਥੇਬੰਦੀਆਂ ਚੁੱਪ ਕਿਉਂ ਸਨ?

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਅਸੀ ਗੁਰੂ ਘਰ ਦੀ ਜ਼ਮੀਨ ਡੇਰੇ ਨੂੰ ਵੇਚੀ ਨਹੀਂ ਬਲਕਿ ਡੇਰੇ ਦੀ ਜ਼ਮੀਨ ਨਾਲ ਤਬਾਦਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਰਕਾਰੀ ਮਨਜ਼ੂਰੀ ਲਈ ਅਸੀ ਕਾਗ਼ਜ਼ ਸਬੰਧਤ ਮਹਿਕਮੇ ਨੂੰ ਵੀ ਭੇਜੇ ਹੋਏ ਹਨ। ਸ. ਬਲਵਿੰਦਰ ਸਿੰਘ ਸਰਪੰਚ ਨੇ ਕਿਹਾ ਕਿ ਡੇਰੇ ਨੇ ਜ਼ਮੀਨ ਦੇ ਤਬਾਦਲੇ ਦੇ ਨਾਲ ਹੀ ਦਸ ਲੱਖ ਰੁਪਏ ਦਾ ਇਕ ਚੈਕ ਵੀ ਪਿੰਡ ਦੀ ਪੰਚਾਇਤ ਦੇ ਨਾਮ ’ਤੇ ਦਿਤਾ ਹੈ ਜਿਸ ਨਾਲ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੁੰਗਾਂ ਵੜੈਚਾਂ ਦੇ ਨਾਮ ’ਤੇ ਇਮਾਰਤ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਤਬਾਦਲਾ ਕੀਤੀ 1 ਕਨਾਲ 10 ਮਰਲੇ ਜ਼ਮੀਨ, ਪੁਰਾਣੇ ਗੁਰਦਵਾਰੇ ਤੋਂ ਸਿਰਫ਼ ਅੱਧਾ ਕਿੱਲਾ ਦੂਰ ਹੈ ਤੇ ਉਥੇ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਕੋਈ ਨਵਾਂ ਗੁਰਦਵਾਰਾ ਨਹੀਂ ਬਣਾ ਰਹੇ ਕਿਉਂਕਿ ਉਥੇ ਪਹਿਲਾਂ ਤੋਂ ਹੀ ਗੁਰਦਵਾਰਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਡੇਰੇ ਨੇ ਸਾਨੂੰ ਜ਼ਮੀਨ ਵੀ ਗੁਰਦਵਾਰੇ ਦੇ ਨਾਲ ਹੀ ਦਿਤੀ ਹੈ ਤਾਕਿ ਲੋੜ ਪੈਣ ’ਤੇ ਗੁਰਦਵਾਰੇ ਦਾ ਵਿਸਥਾਰ ਕੀਤਾ ਜਾ ਸਕੇ। ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਦੇ ਇਸ ਸਾਰੇ ਮਾਮਲੇ ’ਤੇ ਨਿਭਾਏ ਰੋਲ ਬਾਰੇ ਪੁਛੇ ਜਾਣ ਤੇ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਹਲਕਾ ਮੈਂਬਰ ਸਾਨੂੰ ਸਾਲ ਵਿਚ ਸਿਰਫ਼ ਰੱਖੜ ਪੁਨਿੰਆ ਦੇ ਮੇਲੇ ’ਤੇ ਹੀ ਇਲਾਕੇ ਵਿਚ ਨਜ਼ਰ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਜਦ ਅਕਾਲੀ ਦਲ ਦੀ ਸਿਆਸੀ ਕਾਨਫ਼ਰੰਸ ਵਿਚ ਭੀੜ ਵਿਖਾਉਣ ਲਈ ਟਰੱਕ ਭਰ ਕੇ ਸੰਗਤ ਲੈ ਜਾਣੀ ਹੁੰਦੀ ਹੈ, ਉਸ ਸਮੇਂ ਹੀ ਮੈਂਬਰ ਨਜ਼ਰ ਆਉਂਦਾ ਹੈ। ਗੁਰਦਵਾਰੇ ਦੇ ਪਿਛੋਕੜ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਕਾਮਰੇਡ ਬਲਵਿੰਦਰ ਸਿੰਘ ਨੇ ਦਸਿਆ ਕਿ 235 ਘਰਾਂ ਵਾਲੀ ਪੱਤੀ ਵਿਚ ਸਿਰਫ਼ ਇਕ ਹੀ ਘਰ ਬਚਿਆ ਸੀ ਜਦ ਉਹ ਵੀ ਡੇਰੇ ਨੇ ਖ਼ਰੀਦ ਲਿਆ ਤਾਂ ਸਾਰੀ ਪੱਤੀ ਬੇਚਿਾਗੀ ਹੋ ਗਈ ਸੀ। ਉਨ੍ਹਾਂ ਦਸਿਆ ਕਿ ਇਹ ਗੁਰਦਵਾਰਾ ਸਾਲ 1980-81 ਵਿਚ ਪਿੰਡ ਨੇ ਹੀ ਬਣਾਇਆ ਸੀ ਤੇ ਹੁਣ ਪਿੰਡ ਦੀ ਰਜ਼ਾਮੰਦੀ ਨਾਲ ਜਗ੍ਹਾ ਤਬਦੀਲ ਕਰ ਲਈ ਹੈ ਤੇ ਇਸ ਪਿੱਛੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।

ਸੰਗਤਾਂ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦੀ ਉਡੀਕ ਕਰਨ : ਜਥੇ. ਅਵਤਾਰ ਸਿੰਘ : ਇਸ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਪਿੰਡ ਵੜੈਚ ਦਾ ਗੁਰਦਵਾਰਾ ਢਾਹੇ ਜਾਣ ਸਬੰਧੀ ਬਣਾਈ ਗਈ ਸਬ ਕਮੇਟੀ ਦੀ ਰੀਪੋਰਟ ਪੁੱਜ ਗਈ ਹੈ ਜੋ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਸੌਂਪ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਗਿ: ਗੁਰਬਚਨ ਸਿੰਘ ਅਜੇ ਵਿਦੇਸ਼ ਗਏ ਹੋਏ ਹਨ, ਉਨ੍ਹਾਂ ਦੇ ਆਉਣ ’ਤੇ ਫ਼ੈਸਲਾ ਹੋ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top