[http://www.khalsanews.org/top.html]

 Share on Facebook

Main News Page

ਸੌਦਾ ਸਾਧ ਵਿਰੁਧ ਗਵਾਹੀ ਦੇਣ ਲਈ ਤਿਆਰ ਗੁਰਦਾਸ ਸਿੰਘ ਤੂਰ ਵਿਰੁਧ ਮਾਮਲਾ ਦਰਜ

* ਤੂਰ ਨੇ ਪਟੀਸ਼ਨ ਦਾਖ਼ਲ ਕਰ ਕੇ ਸੀ.ਬੀ.ਆਈ. ਜਾਂਚ ਮੰਗੀ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ

ਪੱਤਰਕਾਰ ਛਤਰਪਤੀ ਕਲਤ ਕੇਸ ਵਿਚ ਸੌਦਾ ਸਾਧ ਵਿਰੁਧ ਗਵਾਹੀ ਦੇਣ ਲਈ ਪੰਚਕੁਲਾ ਦੀ ਸੀਬੀਆਈ ਅਦਾਲਤ ਕੋਲੋਂ ਇਜਾਜ਼ਤ ਮੰਗਣ ਵਾਲੇ ਡੇਰੇ ਦੇ ਪੁਰਾਣੇ ਪੈਰੋਕਾਰ ਗੁਰਦਾਸ ਸਿੰਘ ਤੂਰ ਵਿਰੁਧ ਹਰਿਆਣਾ ਪੁਲਿਸ ਨੇ, ਸਿਰਸਾ ਥਾਣੇ ਵਿਖੇ, ਡੇਰੇ ਦੇ ਇਕ ਸਾਧੂ ਨੂੰ ਅਗ਼ਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਲੈ ਕੇ ਤੂਰ ਹਾਈ ਕੋਰਟ ਪੁੱਜ ਗਿਆ ਹੈ ਤੇ ਉਸ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਐਸ. ਐਸ. ਸਾਰੋਂ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਨੇ ਹਰਿਆਣਾ ਸਰਕਾਰ ਅਤੇ ਸਿਰਸਾ ਦੇ ਐਸਪੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਹੈ। ਤੂਰ ਨੇ ਅਪਣੇ ਵਕੀਲ ਸ. ਨਵਕਿਰਨ ਸਿੰਘ ਰਾਹੀਂ ਦਾਖ਼ਲ ਪਟੀਸ਼ਨ ਵਿਚ ਦੋਸ਼ ਲਗਾਉਂਦਿਆਂ ਉਸ ਵਿਰੁਧ ਦਰਜ ਮਾਮਲੇ ਨੂੰ ਝੂਠਾ ਕਰਾਰ ਦੇਂਦਿਆਂ ਦੋਸ਼ ਲਾਇਆ ਹੈ ਕਿ ਇਹ ਮਾਮਲਾ ਡੇਰਾ ਮੁਖੀ ਰਾਮ ਰਹੀਮ ਦੇ ਕਹੇ ’ਤੇ ਦਰਜ ਕੀਤਾ ਗਿਆ ਹੈ ਕਿਉਂਕਿ ਉਸ (ਤੂਰ) ਨੇ ਡੇਰਾ ਮੁਖੀ ਵਿਰੁਧ ਗਵਾਹੀ ਦੇਣ ਲਈ ਪੰਚਕੁਲਾ ਦੀ ਅਦਾਲਤ ਤੋਂ ਇਜਾਜ਼ਤ ਮੰਗੀ ਹੈ।

ਤੂਰ ਨੇ ਅਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਹਰਿਆਣਾ ਪੁਲਿਸ ਨੇ ਡੇਰੇ ਦੇ ਜਿਸ ਸਾਧ ਜਤਿੰਦਰ ਸਿੰਘ ਦੇ ਅਗ਼ਵਾ ਕਰਨ ਦੇ ਦੋਸ਼ ਵਿਚ ਉਸ (ਤੂਰ ਦੇ) ਵਿਰੁਧ ਮਾਮਲਾ ਦਰਜ ਕੀਤਾ ਹੈ, ਉਸ ਜਤਿੰਦਰ ਸਿੰਘ ਦੇ ਭਰਾ ਅਮਨ ਨੇ ਉਸੇ ਦਿਨ ਫ਼ੋਨ ’ਤੇ ਦਸਿਆ ਸੀ ਕਿ ਜਤਿੰਦਰ ਸਿੰਘ ਡੇਰੇ ਗਿਆ ਹੈ। ਤੂਰ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਉਸ ਨੂੰ ਡੇਰੇ ਵਿਚੋਂ ਇਸ ਲਈ ਕੱਢ ਦਿਤਾ ਗਿਆ ਸੀ ਕਿਉਂਕਿ ਉਹ ਸੌਦਾ ਸਾਧ ਦੇ ਕਥਿਤ ਕਾਲੇ ਕਾਰਨਾਮਿਆਂ ਬਾਰੇ ਕਾਫ਼ੀ ਕੁੱਝ ਜਾਣ ਚੁੱਕਾ ਸੀ ਅਤੇ ਖੱਟਾ ਸਿੰਘ ਵਲੋਂ ਬਿਆਨਾਂ ਤੋਂ ਮੁਕਰਨ ਤੋਂ ਬਾਅਦ ਉਸ ਨੇ (ਤੂਰ ਨੇ) ਛਤਰਪਤੀ ਕੇਸ ਵਿਚ ਡੇਰਾ ਮੁਖੀ ਵਿਰੁਧ ਗਵਾਹੀ ਦੇਣ ਲਈ ਅਦਾਲਤ ਵਿਚ ਅਰਜ਼ੀ ਦਾਖ਼ਲ ਕੀਤੀ ਸੀ। ਪਟੀਸ਼ਨ ਵਿਚ ਤੂਰ ਨੇ ਇਹ ਵੀ ਕਿਹਾ ਹੈ ਕਿ ਜਤਿੰਦਰ ਸਿੰਘ ਉਸ ਦਾ ਨਜ਼ਦੀਕੀ ਸੀ ਅਤੇ ਉਹ (ਤੂਰ) ਜਦੋਂ ਡੇਰੇ ਵਿਰੁਧ ਸਬੂਤ ਇਕੱਠੇ ਕਰ ਰਿਹਾ ਸੀ ਤਾਂ ਜਤਿੰਦਰ ਸਿੰਘ ਨੇ ਇਕ ਸੂਚੀ ਵੀ ਦਿਤੀ ਸੀ ਜਿਸ ਵਿਚ ਉਨ੍ਹਾਂ ਦੇ ਨਾਂ ਸੀ ਜਿਨ੍ਹਾਂ ਦਾ ਕਥਿਤ ਤੌਰ ’ਤੇ ਨਾਮਰਦ ਕਰਨ ਲਈ ਆਪ੍ਰੇਸ਼ਨ ਕੀਤਾ ਗਿਆ ਸੀ।

ਉਸ ਨੇ ਪਟੀਸ਼ਨ ਰਾਹੀਂ ਇਹ ਵੀ ਦਸਿਆ ਹੈ ਕਿ ਜਤਿੰਦਰ ਸਿੰਘ ਦੇ ਪਿਤਾ ਨੇ ਸ਼ਿਕਾਇਤ ਦਿਤੀ ਸੀ ਕਿ ਉਸ ਦੇ ਇਕ ਹੋਰ ਬੇਟੇ ਗੁਰਪਾਲ ਸਿੰਘ ਨੇ ਜਤਿੰਦਰ ਸਿੰਘ ਨੂੰ ਤੂਰ ਨਾਲ ਜਾਂਦਿਆਂ ਵੇਖਿਆ ਸੀ ਅਤੇ ਉਸ ਨਾਲ ਹਥਿਆਰਬੰਦ ਵਿਅਕਤੀ ਵੀ ਸੀ। ਇਸ ਬਾਰੇ ਤੂਰ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਉਹ ਵਿਅਕਤੀ ਰਾਮ ਕੁਮਾਰ ਬਿਸ਼ਨੋਈ ਅਤੇ ਉਸ ਦਾ ਗੰਨਮੈਨ ਸੀ। ਇਸ ਮਾਮਲੇ ਨੂੰ ਝੂਠਾ ਕਰਾਰ ਦੇਂਦੀ ਇਸ ਪਟੀਸ਼ਨ ’ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਅਤੇ ਐਸਪੀ ਸਿਰਸਾ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਹੈ। ਪਟੀਸ਼ਨ ਵਿਚ ਇਹ ਮੰਗ ਵੀ ਕੀਤੀ ਗਈ ਹੈ ਕਿ ਇਸ ਪਟੀਸ਼ਨ ਦੀ ਸੁਣਵਾਈ ਤਕ ਤੂਰ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਅਤੇ ਐਸ.ਪੀ. ਸਿਰਸਾ ਉਸ ਦੀ ਸੁਰਖਿਆ ਯਕੀਨੀ ਬਣਾਉਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top