Share on Facebook

Main News Page

ਬੀਬੀ ਜਗੀਰ ਕੌਰ ਨੂੰ ਇਕ ਦਿਨ ਦੀ ਮਿਲੀ ਜ਼ਮਾਨਤ

ਅਪਣੀ ਧੀ ਹਰਪ੍ਰੀਤ ਕੌਰ ਦਾ ਗਰਭਪਾਤ ਕਰਵਾਉਣ ਦੇ ਮਾਮਲੇ ਵਿਚ ਸਜ਼ਾ-ਯਾਫ਼ਤਾ ਭੁਲੱਥ ਦੀ ਅਕਾਲੀ ਵਿਧਾਇਕਾ ਬੀਬੀ ਜਗੀਰ ਕੌਰ ਨੂੰ ਹਾਈ ਕੋਰਟ ਨੇ ਰਾਸ਼ਟਰਪਤੀ ਚੋਣ ਵਿਚ ਵੋਟ ਪਾਉਣ ਲਈ ਜ਼ਮਾਨਤ ਦੇ ਦਿਤੀ ਹੈ।

ਹਾਈ ਕੋਰਟ ਨੇ ਹਦਾਇਤ ਕੀਤੀ ਹੈ ਕਿ ਚੋਣ ਉਪਰੰਤ ਸ਼ਾਮ ਛੇ ਵਜੇ ਬੀਬੀ ਜਗੀਰ ਕੌਰ ਮੁੜ ਕਪੂਰਥਲਾ ਸੈਂਟਰਲ ਜੇਲ੍ਹ ’ਚ ਚਲੇ ਜਾਣ। ਹਾਈ ਕੋਰਟ ਨੇ ਬੀਬੀ ਨੂੰ ਜਲੰਧਰ ਦੇ ਡਿਊਟੀ ਮਜਿਸਟ੍ਰੇਟ ਕੋਲ ਬੇਲ ਬਾਂਡ ਦਾਖ਼ਲ ਕਰਵਾਉਣ ਦੀ ਹਦਾਇਤ ਕੀਤੀ ਹੈ ਤੇ ਉਥੋਂ ਹੀ ਜੇਲ੍ਹ ਤੋਂ ਬਾਹਰ ਆਉਣ ਦੀ ਪ੍ਰਵਾਨਗੀ ਮਿਲਣੀ ਹੈ। ਦੁਪਹਿਰ ਲਗਭਗ ਸਵਾ 12 ਵਜੇ ਬੀਬੀ ਜਗੀਰ ਕੌਰ ਦੀ ਇਸ ਆਰਜ਼ੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੀ ਗਈ। ਜ਼ਮਾਨਤ ਅਰਜ਼ੀ ’ਤੇ ਸੀਬੀਆਈ ਵਲੋਂ ਵਿਰੋਧ ਵੀ ਕੀਤਾ ਗਿਆ। ਸੀਬੀਆਈ ਨੇ ਕਿਹਾ ਕਿ ਜ਼ਮਾਨਤ ਦੀ ਲੋੜ ਨਹੀਂ ਹੈ ਤੇ ਹਰਿਆਣਾ ਵਿਖੇ ਨੱਗਲ ਤੋਂ ਵਿਧਾਇਕ ਰਹੇ ਨਿਰਮਲ ਸਿੰਘ ਦੇ ਮਾਮਲੇ ਦਾ ਹਵਾਲਾ ਦੇਂਦਿਆਂ ਸੀਬੀਆਈ ਦੇ ਵਕੀਲ ਆਰ. ਕੇ. ਹਾਂਡਾ ਨੇ ਦਲੀਲ ਦਿਤੀ ਕਿ ਉਸ ਵੇਲੇ ਸਰਕਾਰ ਵਿਰੁਧ ਭਰੋਸੇ ਦਾ ਵੋਟ ਹਾਸਲ ਕਰਨ ਲਈ ਨਿਰਮਲ ਸਿੰਘ ਨੂੰ ਹਿਰਾਸਤ ਵਿਚ ਵਿਧਾਨ ਸਭਾ ਲਿਆਂਦਾ ਗਿਆ ਸੀ ਤੇ ਜੇਕਰ ਬੀਬੀ ਜਗੀਰ ਕੌਰ ਨੇ ਵੋਟ ਪਾਉਣੀ ਹੈ ਤਾਂ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਕੇ ਵੋਟਿੰਗ ਕਰਵਾਈ ਜਾ ਸਕਦੀ ਹੈ।

ਜੇਲ੍ਹ ਵਿਚ ਆਈ.ਜੀ. ਨੂੰ ਬੀਬੀ ਜਗੀਰ ਕੌਰ ਵਲੋਂ ਸਨਮਾਨਤ ਕਰਨ ਵਾਲੇ ਸਮਾਗਮ ਨੂੰ ਵੀ ਵਿਰੋਧ ਦਾ ਆਧਾਰ ਬਣਾਇਆ ਗਿਆ ਸੀ। ਇਨ੍ਹਾਂ ਦਲੀਲਾਂ ’ਤੇ ਹਾਈ ਕੋਰਟ ਨੇ ਸੀ.ਬੀ.ਆਈ. ਦੇ ਵਕੀਲ ਨੂੰ ਇਹ ਵੀ ਪੁਛਿਆ ਕਿ ਕੀ ਸੀ.ਬੀ.ਆਈ. ਨੂੰ ਇਹੋ ਜਿਹਾ ਕੋਈ ਖ਼ਦਸ਼ਾ ਹੈ ਕਿ ਬੀਬੀ ਜਗੀਰ ਕੌਰ ਫ਼ਰਾਰ ਹੋ ਸਕਦੇ ਹਨ ਪਰ ਇਸ ਦਾ ਸੀ.ਬੀ.ਆਈ. ਕੋਲ ਕੋਈ ਜਵਾਬ ਨਹੀਂ ਸੀ ਅਤੇ ਆਖ਼ਰ ਹਾਈ ਕੋਰਟ ਨੇ ਆਰਜ਼ੀ ਜ਼ਮਾਨਤ ਦੇ ਦਿਤੀ ਹੈ ਤੇ ਨਾਲ ਹੀ ਬੀਬੀ ਜਗੀਰ ਕੌਰ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਬੀਬੀ ਜਗੀਰ ਕੌਰ ਦੀ ਰੈਗੁਲਰ ਜ਼ਮਾਨਤ ਦੀ ਅਰਜ਼ੀ ’ਤੇ ਵੀ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰ ਦਿਤਾ ਹੈ ਤੇ 21 ਅਗੱਸਤ ਤਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top