Share on Facebook

Main News Page

ਸਿੱਖ ਜਥੇਬੰਦੀਆਂ ਨੇ ਲਾਇਆ ਜੀ. ਟੀ. ਰੋਡ ’ਤੇ ਜਾਮ

ਬਿਆਸ, 17 ਜੁਲਾਈ (ਰਘਬੀਰ ਸਿੰਘ ਗਿੱਲ, ਰਣਜੀਤ ਸਿੰਘ ਸੰਧੂ): ਪਿੰਡ ਵੜੈਚ ਦੇ ਗੁਰਦਵਾਰੇ ਦਾ ਮਾਮਲਾ ਕਿਸੇ ਤਣ-ਪਤਣ ਨਾ ਲੱਗਣ ਕਾਰਨ ਅੱਜ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਵਲੋਂ ਰਾਧਾ ਸਵਾਮੀ ਡੇਰੇ ਅਤੇ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਗਟ ਕਰਦਿਆਂ ਕੌਮੀ ਮਾਰਗ ਬਿਆਸ ਵਿਖੇ ਸਥਿਤ ਗੁਰਦਵਾਰਾ ਅਮਾਨਤਸਰ ਦੇ ਸਾਹਮਣੇ ਜਾਮ ਲਾ ਦਿਤਾ ਗਿਆ ਜੋ ਕਿ ਲਗਾਤਾਰ ਇਕ ਘੰਟੇ ਤਕ ਜਾਰੀ ਰਿਹਾ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਪ੍ਰੀਤਪਾਲ ਸਿੰਘ ਵਿਰਕ ਵਲੋਂ ਸਿੱਖ ਜਥੰਬੰਦੀਆਂ ਦੇ ਆਗੂਆਂ ਨੂੰ ਭਰੋਸਾ ਦੇਣ ਉਪਰੰਤ ਜਾਮ ਖੋਲ੍ਹਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਹੇਠ, ਇਕ ਹਜ਼ਾਰ ਦੇ ਕਰੀਬ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨ ਅੱਜ ਬਿਆਸ ਪੁੱਜੇ ਹੋਏ ਸਨ। ਇਨ੍ਹਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਗੁਰਦਵਾਰਾ ਅਮਾਨਤਸਰ ਬਿਆਸ ਵਿਖੇ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਸਾਰੇ ਬੁਲਾਰਿਆਂ ਵਲੋਂ ਪੰਜਾਬ ਸਰਕਾਰ ਦੀ ਸਖ਼ਤ ਨੁਕਤਾਚੀਨੀ ਕੀਤੀ ਗਈ ਅਤੇ ਡੇਰਾ ਰਾਧਾ ਸਵਾਮੀ ਬਿਆਸ ਦੀ ਪਿੱਠ ਪੂਰਨ ਦੇ ਦੋਸ਼ ਲਾਏ।

ਇਸ ਮੌਕੇ ਜਥੇਬੰਦੀ ਆਗੂਆਂ ਵਲੋਂ ਸਿਵਲ ਅਤੇ ਪੁਲਿਸ ਪ੍ਰਸਾਸਨ ਵਲੋਂ ਅੱਜ ਤਕ ਕਾਰਵਾਈ ਕੀਤੇ ਜਾਣ ਦੇ ਭਰੋਸੇ ਨੂੰ ਪੂਰਾ ਨਾ ਕੀਤੇ ਜਾਣ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਜਥੇਬੰਦੀ ਦੇ ਆਗੂਆਂ ਨੇ ਸਰਬ-ਸੰਮਤੀ ਨਾਲ ਫ਼ੈਸਲਾ ਲੈ ਕੇ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਗਟ ਕਰਨ ਲਈ ਨੈਸਨਲ ਹਾਈਵੇ ਬਿਆਸ ਤੇ ਇਕ ਘੰਟੇ ਲਈ ਟਰੈਫ਼ਿਕ ਜਾਮ ਕੀਤਾ ਜਿਸ ਕਾਰਨ ਪਸ਼ਾਸਨ ਨੂੰ ਇਕਦਮ ਭਾਜੜਾਂ ਪੈ ਗਈਆਂ ਅਤੇ ਸਿੱਖ ਆਗੂਆਂ ਨਾਲ ਪੁਲਿਸ ਮੁਖੀ ਵਾਰ-ਵਾਰ ਜਾਮ ਖੋਲ੍ਹਣ ਸਬੰਧੀ ਬੇਨਤੀ ਕਰਦੇ ਦੇਖੇ ਗਏ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸਵਾਮੀ ਬਿਆਸ ਦੇ ਪ੍ਰਬੰਧਕਾਂ ਵਲੋਂ ਪਿੰਡ ਵੜੈਚ ਦੇ ਗੁਰਦਵਾਰੇ ਦੀ ਇਮਾਰਤ ਉਤੇ ਕਬਜ਼ਾ ਕਰ ਕੇ, ਉਸ ਨੂੰ ਢਹਿ-ਢੇਰੀ ਕਰ ਕੇ, ਡੇਰੇ ਦੀ ਹਦੂਦ ਵਿਚ ਸ਼ਾਮਲ ਕਰ ਲਿਆ ਗਿਆ ਸੀ ਜਿਸ ਸਬੰਧੀ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਣ ਤੇ ਉਨ੍ਹਾਂ ਵਲੋਂ ਪਿੰਡ ਵੜੈਚ ਵਿਚ ਜਾ ਕੇ ਆਰ-ਪਾਰ ਦੀ ਲੜਾਈ ਲੜਨ ਦਾ ਨਿਰਣਾ ਕੀਤਾ ਗਿਆ ਸੀ ਅਤੇ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਵਲੋਂ ਪਿੰਡ ਵੜੈਚ ਪੁੱਜ ਕੇ ਗੁਰਦਵਾਰੇ ਦੀ ਜਗ੍ਹਾ ਸਬੰਧੀ ਜਾਣਕਾਰੀ ਹਾਸਲ ਕੀਤੀ ਸੀ। ਉਸ ਵਕਤ ਮੌਕੇ ’ਤੇ ਪੁੱਜੇ ਪੁਲਿਸ ਮੁਖੀ ਅੰਮ੍ਰਿਤਸਰ ਦੇਹਾਤੀ ਪ੍ਰੀਤਪਾਲ ਸਿੰਘ ਵਿਰਕ ਨੇ ਜਥੇਬੰਦੀਆਂ ਦੇ ਆਗੂਆਂ ਨੂੰ 17 ਜੁਲਾਈ ਤਕ ਕਾਰਵਾਈ ਕਰਨ ਦਾ ਭਰੋਸਾ ਦਿਤਾ ਸੀ।

ਪਰ ਇਸ ਦੌਰਾਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਹੁੰਦੀ ਵੇਖ ਕੇ ਸਿੱਖ ਵਲੋਂ ਅੱਜ ਦੀ ਇਹ ਕਾਰਵਾਈ ਕੀਤੀ ਗਈ। ਇਸ ਕਾਰਵਾਈ ਨੂੰ ਵੇਖਦਿਆਂ ਡੇਰਾ ਰਾਧਾ ਸਵਾਮੀ ਦੀ ਸੁਰਖਿਆ ਨੂੰ ਮੁੱਖ ਰਖਦਿਆ ਪੁਲਿਸ ਪ੍ਰਸ਼ਾਸਨ ਵਲੋਂ ਡੇਰੇ ਨੂੰ ਜਾਂਦੀ ਸੜਕ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ ਅਤੇ ਥਾਂ-ਥਾਂ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਇਥੋਂ ਤਕ ਕਿ ਡੇਰੇ ਦੇ ਮੁੱਖ ਗੇਟਾਂ ਤੇ ਭਾਰੀ ਮਾਤਰਾ ਵਿਚ ਪੁਲਿਸ ਜਵਾਨ ਤਾਇਨਾਤ ਕੀਤੇ ਹੋਏ ਸਨ ਅਤੇ ਡੇਰਾ ਪ੍ਰਬੰਧਕਾਂ ਵਲੋਂ ਪ੍ਰਾਈਵੇਟ ਤੌਰ ਤੇ ਵੱਡੀ ਗਿਣਤੀ ਵਿਚ ਡੇਰੇ ਦੇ ਸਰਧਾਲੂ ਤਾਇਨਾਤ ਕੀਤੇ ਹੋਏ ਸਨ। ਪਿੰਡ ਵੜੈਚ ਨੂੰ ਜਾਂਦੇ ਸਾਰੇ ਰਸਤੇ ਪੁਲਿਸ ਵਲੋਂ ਸੀਲ ਕੀਤੇ ਹੋਏ ਸਨ। ਆਖ਼ਰ ਪੁਲਿਸ ਮੁਖੀ ਪ੍ਰੀਤਪਾਲ ਸਿੰਘ ਅੰਮ੍ਰਿਤਸਰ ਦੇਹਾਤੀ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਕੇ ਗੁਰਦਵਾਰਾ ਢਾਹੁਣ ਵਾਲਿਆਂ ਵਿਰੁਧ ਇਕ ਹਫ਼ਤੇ ਵਿਚ ਕਾਰਵਾਈ ਕਰਨ ਦਾ ਭਰੋਸਾ ਦਿਤੇ ਜਾਣ ਉਪਰੰਤ ਬਾਬਾ ਅਮਰੀਕ ਸਿੰਘ ਅਜਨਾਲਾ ਵਲੋਂ ਟਰੈਫ਼ਿਕ ਜਾਮ ਖੋਲ੍ਹਣ ਦਾ ਐਲਾਨ ਕੀਤਾ। ਇਸ ਸਮੇਂ ਸਿੱਖ ਜਥੇਬੰਦੀਆਂ ਦੇ ਕਾਰਕੁਨ ਸੜਕ ਵਿਚਕਾਰ ਬੈਠ ਕੇ ਲਗਾਤਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ ਅਤੇ ਅਮਨ ਸਾਂਤੀ ਕਾਇਮ ਰੱਖੀ ਗਈ। ਇਸ ਮੌਕੇ ਏ.ਡੀ.ਸੀ ਸੰਦੀਪ ਰਿਸ਼ੀ, ਤਹਿਸੀਲਦਾਰ ਮੈਡਮ ਸੀਮਾ ਸਿੰਘ, ਐਸ.ਪੀ. ਜਗਦੀਪ ਸਿੰਘ, ਡੀ.ਐਸ.ਪੀ ਜੰਡਿਆਲਾ ਰਾਮ ਸਿੰਘ ਭੰਡਾਲ, ਡੀ.ਐਸ.ਪੀ ਬਾਬਾ ਬਕਾਲਾ ਸੂਬਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿਵਲ ਅਤੇ ਪੁਲਿਸ ਅਧਿਕਾਰੀ ਪੁੱਜੇ ਹੋਏ ਸਨ।

ਨੋਟ - ਜੀ.ਟੀ.ਰੋਡ ਬਿਆਸ ਤੇ ਦਮਦਮੀ ਟਕਸਾਲ ਦੇ ਮੁੱਖੀ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਸਿੱਖ ਆਗੂ ਸੜਕ ਜਾਮ ਕਰਕੇ ਪੰਜਾਬ ਸਰਕਾਰ ਅਤੇ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਫੋਟੋ ਫਾਈਲ ਨੰਬਰ ਰਘਬੀਰ ਸਿੰਘ ਗਿੱਲ17 ਏ.17ਬੀ.ਭੇਜ ਰਿਹਾ ਹਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top