Share on Facebook

Main News Page

ਧੜਾ ਧੜ ਗੁਰਦੁਆਰੇ, ਸਿੱਖੀ ਦੀ ਤਬਾਹੀ
- ਭਾਈ ਹਰਜੀਤ ਸਿੰਘ ਪੱਟੀ

ਗੁਰਦੁਆਰੇ ਅਤੇ ਯਾਦਗਾਰਾਂ ਦਾ ਪਿਛੋਕੜ ਅਤੇ ਅਜੋਕੜ

ਗੁਰੂ ਨਾਨਕ ਸਾਹਿਬ ਜੀ ਨੇ, ਗੁਰਗੱਦੀ ਦੀ ਜੁੰਮੇਵਾਰੀ ਦੇ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਆਪਣੇ ਨਗਰ ਭੇਜ ਦਿਤਾ, ਕਿ ਜਾਓ ਸਿਖੀ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਤ ਕਰਕੇ, ਸਚ ਧਰਮ ਦਾ ਪ੍ਰਚਾਰ ਕਰੋ, ਜਿਥੇ ਗੁਰੂ ਨਾਨਕ ਸਾਹਿਬ ਰਹੇ, ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਕਰਤਾਰਪੁਰ ਦੀ ਓਹ ਜਗ੍ਹਾ ਘਰੇਲੂ ਜਾਇਦਾਦ ਆਪਣੇ ਪੁਤਰਾਂ ਨੂੰ ਦੇ ਦਿਤੀ, ਗੁਰੂ ਜੀ ਜੋਤੀ ਜੋਤਿ ਸਮਾ ਗਏ।

ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਕੋਈ ਸਮਾਧ ਯਾਦ ਨਹੀਂ ਬਣਾਈ, ਐਸਾ ਓਹਨਾ ਨੇ ਗੁਰੂ ਨਾਨਕ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੰਦਿਆਂ ਕੀਤਾ ਹੋਵੇਗਾ, ਗੁਰੂ ਅੰਗਦ ਸਾਹਿਬ, ਖਡੂਰ ਸਾਹਿਬ ਵਿਖੇ ਰਹਿ ਕੇ ਸਿਖੀ ਜੀਵਨ ਜਾਚ ਦਾ ਪ੍ਰਚਾਰ ਕਰਦੇ ਰਹੇ।

ਅਖੀਰ ਗੁਰੂ ਅਮਰਦਾਸ ਜੀ ਨੂੰ ਗੁਰਤਾਗੱਦੀ ਦੇ ਕੇ ਗੋਇੰਦਵਾਲ ਸਾਹਿਬ ਭੇਜ ਦਿਤਾ, ਤੀਜੇ ਪਾਤਸ਼ਾਹ ਗੋਇੰਦਵਾਲ ਨਗਰ ਵਸਾਕੇ ਇਥੇ ਕੇਂਦਰ ਸਥਾਪਤ ਕਰਕੇ ਸਿਖੀ ਦਾ ਪ੍ਰਚਾਰ ਕਰਦੇ ਰਹੇ। ਇਕ ਵਿਚਾਰਧਾਰਾ ਦੇ ਲੋਕ ਮਿਲ ਕੇ ਇਕੱਠੇ ਬਿਨਾ ਰੋਕ ਟੋਕ ਰਹਿ ਸਕਣ ਲਈ, ਸਿੱਖਾਂ ਨੂੰ ਸੰਸਾਰ ਤੋਂ ਨਸਣਾ ਨਹੀਂ, ਸਗੋਂ ਵਸਣਾ ਦੱਸਣ ਵਾਸਤੇ; ਸਿੱਖਾਂ ਨੂੰ ਕਿਰਤ ਕਰਨ ਦੀ ਜਾਚ ਸਿਖਾਉਣ ਲਈ, ਸਿੱਖਾਂ ਨੂੰ ਸਫਲ ਵਪਾਰੀ, ਕਾਰੋਬਾਰੀ, ਕਿਰਤੀ ਸੁਭਾ ਦੇ ਬਣਾਉਣ ਲਈ ਗੁਰੂ ਸਾਹਿਬਾਨ ਜੀ ਨੇ ਸ਼ਹਰ, ਨੱਗਰ ਵਸਾਏ, ਇਹ ਨੱਗਰ ਵਸਾਉਣ ਦਾ ਭਾਵ ਸੀ, ਗੁਰੂ ਅਮਰ ਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਪਣਾ ਉਤ੍ਰਾਧਿਕਾਰੀ ਥਾਪ ਕੇ ਸਿੱਖੀ ਪ੍ਰਚਾਰ ਲਈ ਅੰਮ੍ਰਿਤਸਰ ਭੇਜ ਦਿਤਾ।

ਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਨੂੰ ਆਪਣਾ ਪ੍ਰਚਾਰ ਕੇਂਦਰ ਬਣਾਇਆਂ, ਜਾਤ-ਪਾਤ ਊਚ-ਨੀਚ ਦਾ ਭੇਦ ਭਾਵ ਮਿਟਾਉਣ ਲਈ, ਅਤੇ ਪਾਣੀ ਦੀ ਲੋੜ ਪੂਰਤੀ ਵਾਸਤੇ ਸਰੋਵਰ ਬਨਾਏ ਗਏ, ਸਿਰਫ ਇਕ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ, ਚਾਰੇ ਪਾਸੇ ਪਾਣੀ ਭਰ ਕੇ, ਵਿਚਕਾਰ ਬਾਣੀ ਦੇ ਕੀਮਤੀ ਖਜ਼ਾਨੇ ਦੀ ਸੁਰੱਖਿਆ ਵਾਸਤੇ, ਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬਣਾਇਆਂ ਗਿਆ, ਹਰਿਮੰਦਰ ਸਾਹਿਬ ਇਸ ਗੱਲ ਦਾ ਵੀ ਪ੍ਰਤੀਕ ਹੈ, ਕਿ ਜਿਵੇਂ ਪਾਣੀ ਨਾਲ ਸਰੀਰ ਦੀ ਮੈਲ ਸਾਫ਼ ਹੁੰਦੀ ਹੈ, ਇਸੇ ਤਰ੍ਹਾਂ ਮਨ ਦੀ ਮੈਲ ਬਾਣੀ ਦਾ ਅਭਿਆਸ ਕਰਕੇ ਸਾਫ਼ ਹੁੰਦੀ ਹੈ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਗੋਬਿੰਦਪੁਰਾ ਨਗਰ ਵਸਾਇਆ, ਸਤਵੇਂ, ਅੱਠਵੇਂ ਪਾਤਸ਼ਾਹ ਕੀਰਤਪੁਰ ਵਿਖੇ ਪੜਾਅ ਕਰਕੇ ਪ੍ਰਚਾਰ ਕਰਦੇ ਰਹੇ। ਨੌਵੇਂ ਪਾਤਸ਼ਾਹ ਨੇ ਨਗਰ ਆਨੰਦਪੁਰ ਸਾਹਿਬ ਵਸਾਇਆ, ਦੱਸਵੇਂ ਪਾਤਸ਼ਾਹ ਨੇ ਪਾਉਂਟਾ ਸਾਹਿਬ ਨੱਗਰ ਵਸਾਇਆ, ਕਿਸੇ ਵੀ ਨਗਰ ਤੇ ਗੁਰੂ ਸਾਹਿਬ ਜੀ ਨੇ ਕਬਜਾ ਨਹੀਂ ਰੱਖਿਆ, ਸਾਦਾ ਜਿਹੀ ਧਰਮਸ਼ਾਲਾ (ਦਿਵਾਨਹਾਲ) ਬਣਾ ਕੇ, ਪ੍ਰਚਾਰ ਕਰਦੇ ਰਹੇ ਫਿਰ ਛੱਡ ਕੇ ਅੱਗੇ ਚਲੇ ਜਾਂਦੇ ਰਹੇ, ਕਿਸੇ ਨਗਰ ਵੀ ਕਿਸੇ ਉਤ੍ਰਾਧਿਕਾਰੀ ਗੁਰੂ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਜੀ ਦੀ ਯਾਦ ਸਮਾਧ, ਗੁਰਦੁਆਰਾ ਨਹੀਂ ਬਣਾਇਆ, ਨਾ ਹੀ ਬਰਸੀ ਮਨਾਈ।

ਇਕ ਵਾਰ ਜਦੋਂ ਲਾਹੌਰ ਵਿਚ ਕਾਲ ਪੈ ਗਿਆ ਸੀ, ਭੁਖਮਰੀ ਤੇ ਬਿਮਾਰੀ ਦੇ ਨਾਲ ਇਤਨੇ ਲੋਕ ਮਰੇ ਸਨ, ਕਿ ਲਾਹੌਰ ਦੇ ਗਲੀਆਂ ਬਜਾਰ ਮੁਰਦਿਆਂ ਨਾਲ ਭਰ ਗਏ ਸਨ। ਪੰਜਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਾ, ਤਾਂ ਸਤਿਗੁਰੂ ਜੀ, ਪਰਵਾਰ ਅਤੇ ਸਿੱਖਾਂ ਸਮੇਤ ਲਾਹੋਰ ਵਿਖੇ ਪੁਜੇ, ਅਠ ਮਹੀਨੇ ਦੁਖੀ ਪੀੜਤ ਮਨੁਖਾਂ ਦੀ ਸੇਵਾ ਕੀਤੀ, ਉਸ ਸਮੇਂ ਪੰਜਵੇਂ ਪਾਤਸ਼ਾਹ ਜੀ ਨੇ ਪਿਤਾ ਗੁਰੂ ਰਾਮਦਾਸ ਦੇ ਜੱਦੀ ਘਰ ਵਾਲੇ ਆਪਣੇ ਥਾਂ ਵਿਚ ਵੀ ਸਿੱਖੀ ਪ੍ਰਚਾਰ ਵਾਸਤੇ ਧਰਮਸ਼ਾਲਾ ਕਾਇਮ ਕੀਤੀ ਅਤੇ ਨਾਲ ਦੁਖੀਆਂ ਗਰੀਬਾਂ, ਲੋੜਵੰਦਾਂ ਯਤੀਮਾਂ ਵਾਸਤੇ ਦਵਾਖਾਨਾ, ਪਨਾਹਘਰ ਬਣਵਾਏ ਪਰ ਯਾਦਗਰ ਬਣਾ ਕੇ ਥਾਂ ਦੀ ਪੂਜਾ ਨਹੀਂ ਕਰਾਈ। ਥਾਂਵਾਂ ਦੀ ਪੂਜਾ ਗੁਰਮਤਿ ਦੇ ਉਲਟ ਹੈ, ਗੁਰੂ ਸਾਹਿਬ ਜੀ ਨੇ ਜੋ ਇਮਾਰਤ ਬਣਾਈ ਉਸਦਾ ਮਨੋਰਥ ਮਨੁਖਤਾ ਦੀ ਸੇਵਾ ਹੈ, ਗੁਰੂ ਸਾਹਿਬ, ਦਸਵੰਧ ਅਤੇ ਉਗਰਾਹੀ ਦੀ ਮਾਇਆ ਨਾਲ ਦੁਖੀਆਂ ਗਰੀਬਾਂ, ਲੋੜਵੰਦਾਂ ਦੀ ਸਹਾਇਤਾ ਕਰਦੇ ਸਨ, ਅੱਜ ਦੇ ਮਸੰਦ, ਪੁਜਾਰੀ, ਪਖੰਡੀ ਸੰਤ ਬਾਬੇ ਪ੍ਰਬੰਧਕ ਉਗਰਾਹੀ ਦੀ ਮਾਇਆ ਨਾਲ ਗੁਰਦੁਆਰੇ ਬਣਾ ਕੇ, ਫਿਰ ਗੋਲਕਾਂ ਰੱਖ ਕੇ ਦੁਕਾਨਦਾਰੀ ਚਲਾ ਰਹੇ ਹਨ।

ਦਸ ਪਾਤਸ਼ਾਹੀਆਂ ਨੇ ਗੁਰਮਤ, ਗੁਰਬਾਣੀ ਅਤੇ ਸਿਖੀ ਪ੍ਰਚਾਰ ਪ੍ਰਸਾਰ ਨੂੰ ਹੀ ਕੇਵਲ ਤਰਜੀਹ ਦਿਤੀ ਹੈ, ਗੁਰੂ ਸਾਹਿਬਾਨ ਦੀ ਯਾਦਗਾਰ, ਗੁਰਬਾਣੀ ਹੈ, ਓਹਨਾਂ ਦਾ ਉਪਦੇਸ਼ ਹੈ, ਜਿਸ ਤੋਂ ਸਿਖ ਅੱਜ ਬਾਗੀ ਹੋ ਰਹੇ ਹਨ, ਜਿਹੜੇ ਇਤਹਾਸਕ ਅਸਥਾਨਾਂ ਦੀ ਲੋੜ ਸੀ, ਓਹ ਗੁਰੂ ਸਾਹਿਬਾਨ ਨੇ ਬਣਵਾਏ ਹਨ, ਜਿਵੇਂ ਹਰਮੰਦਰ ਸਾਹਿਬ ਆਦਿ, ਜਿੱਥੇ ਗੁਰਬਾਣੀ ਦੀ ਵਿਚਾਰ ਕਰਕੇ, ਗੁਰ ਗਿਆਂਨ ਦਿੱਤਾ ਜਾਂਦਾ ਸੀ। ਭਾਈ ਮਨੀ ਸਿੰਘ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਸਿੱਖ, ਸੰਗਤਾਂ ਦੇ ਸਹਿਯੋਗ ਨਾਲ ਹੱਥੀਂ ਸੇਵਾ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ ਸਨ। ਗੁਰੂ ਸਾਹਿਬ ਜਿੱਥੇ ਜਾਂਦੇ ਸਨ, ਸੰਗਤ ਇੱਕਠੀ ਕਰਕੇ ਚੰਗੇ ਇਨਸਾਨ ਬਣਨ ਦਾ ਉਪਦੇਸ਼ ਦਿੰਦੇ ਸਨ, ਮੀਂਹ ਹਨੇਰੀ ਅਤੇ ਰੌਲੇ ਰੱਪੇ ਤੋਂ ਬਚਨ ਵਾਸਤੇ, ਚਾਰ-ਦੀਵਾਰੀ ਅਤੇ ਛੱਤ ਦੀ ਲੋੜ ਮਹਿਸੂਸ ਹੋਈ, ਇਸ ਲਈ ਸੰਗਤ ਦੇ ਬੈਠਣ ਵਾਸਤੇ ਸਾਦਾ ਜਿਹੀਆਂ ਧਰਮਸ਼ਾਲਾਵਾਂ ਕਾਇਮ ਕੀਤੀਆਂ ਗਈਆਂ ਸਨ। ਸਿੱਖੀ ਥਾਂ ਨਾਲ ਬਝੀ ਹੋਈ ਨਹੀਂ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰਮੰਦਰ ਸਾਹਿਬ ਨਹੀਂ ਆਏ, ਸੰਗਤ ਦੇ ਕਹਿਣ ਤੇ ਹਰਮੰਦਰ ਸਾਹਿਬ ਵਿਚ ਸਿੱਖੀ ਪ੍ਰਚਾਰ ਕਰਨ ਵਾਸਤੇ ਸਿੱਖਾਂ ਨੂੰ ਭੇਜਿਆ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਪਹਿਲੇ ਕਿਸੇ ਗੁਰ-ਵਿਅਕਤੀ ਦੀ ਯਾਦ ਵਿਚ ਗੁਰਦੁਆਰੇ ਨਹੀਂ ਬਨਾਏ, ਸਗੋਂ ਆਨੰਦਪੁਰ ਸਾਹਿਬ ਵਰਗੇ ਨਗਰ ਵਸਾ ਕੇ ਛੇ ਕਿਲੇ ਬਨਾਏ, ਕੇਸਗੜ੍ਹ ਸਾਹਿਬ ਵੀ ਕਿਲਾ ਹੈ, "ਗੜ੍ਹ" ਦਾ ਅਰਥ ਹੁੰਦਾ ਹੈ, "ਕਿਲਾ", ਜਰੂਰੀ ਹੁੰਦਾ ਤਾਂ, ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਗਰ ਅਤੇ ਕਿਲੇ ਬਣਾ ਸਕਦੇ ਸਨ, ਤਾਂ ਸਿੱਖਾਂ ਨੂੰ ਹੁਕਮ ਕਰਕੇ, ਪਹਿਲੇ ਨੌ ਗੁਰੂ ਸਾਹਿਬਾਨ ਦੀ ਯਾਦ ਵਿਚ, ਗੁਰਦੁਆਰੇ ਬਣਾ ਕੇ, ਸੋਨਾ ਵੀ ਲਗਵਾ ਸਕਦੇ ਸਨ। ਪਰ ਐਸਾ ਨਹੀਂ ਕੀਤਾ, ਗੁਰੂ ਜੀ ਨੂੰ ਸੋਨਾ ਨਹੀਂ ਚਾਹਿਦਾ, ਸੋਨੇ ਵਰਗਾ ਸਿੱਖ ਚਾਹਿਦਾ ਹੈ, ਓਹ ਸ਼ਬਦ ਨਾਲ ਜੁੜ ਕੇ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਹਰੇਕ ਤੀਰ ਦੇ ਨਾਲ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ, ਕਿ ਜੇ, ਤੀਰ ਨਾਲ ਦੁਸ਼ਮਨ ਦਾ ਸਿਪਾਹੀ ਜਖਮੀ ਹੋ ਜਾਵੇ, ਤਾਂ ਓਹ ਇਲਾਜ ਕਰਵਾ ਸਕੇ, ਜੇ ਤੀਰ ਨਾਲ ਮਰ ਜਾਵੇ ਤਾਂ ਉਸ ਦੇ ਘਰ ਦੇ ਸੋਨੇ ਨਾਲ ਆਪਣੀ ਗਰਜ ਪੂਰੀ ਕਰ ਸਕਣ।

ਇਤਹਾਸ ਤੋਂ ਇਹ ਸਿਖਿਆ ਮਿਲਦੀ ਹੈ, ਕਿ ਜੇ ਸੋਨਾ ਦਾਨ ਕਰਨਾ ਹੈ, ਤਾਂ ਕਿਸੇ ਗਰੀਬ, ਲੋੜਵੰਦ, ਦੁਖੀ ਬੀਮਾਰ ਦੀ ਸਹਾਇਤਾ ਕੀਤੀ ਜਾਵੇ, ਗਰੀਬ ਦਾ ਮੁੰਹ ਗੁਰੂ ਦੀ ਗੋਲਕ ਹੈ, ਗੁਰਦੁਆਰੇ ਸੋਨਾ ਲਾਉਣਾ ਜਾਂ ਚੜ੍ਹਾਉਣਾ ਘੋਰ ਮਨਮਤਿ ਹੈ, ਮਨਮਤੀ ਮਹੰਤਾਂ ਪੁਜਾਰੀਆਂ ਨੇ, ਜਿਨ੍ਹਾ ਦਾ ਦਰਬਾਰ ਸਾਹਿਬ ਕਬਜ਼ਾ ਸੀ, ਓਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਗੁੰਮਰਾਹ ਕਰਕੇ, ਆਪਣੇ ਸੁਆਰਥ ਵਾਸਤੇ ਹਰਮੰਦਰ ਸਾਹਿਬ ਤੇ ਸੋਨਾ ਲਗਵਾਇਆ ਸੀ, ਓਹ ਸੋਚਦੇ ਸਨ ਕਿ ਸਾਡੀ ਜਾਇਦਾਦ ਬਣੇਗੀ, ਪਰ ਗੁਰਮੁਖ ਸਿੱਖਾਂ ਨੇ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾ ਲਏ, ਮਹੰਤਾਂ ਦਾ ਸੁਪਨਾ ਚਕਨਾ ਚੂਰ ਹੋ ਗਿਆ। ਗੁਰੂ ਸਾਹਿਬ ਜੀ ਦੇ ਆਪਣੀ ਹੱਥੀਂ ਵਸਾਏ ਨੱਗਰ, ਬਨਾਏ ਕਿਲੇ, ਅਤੇ ਹਰਮੰਦਿਰ ਸਾਹਿਬ, ਅਕਾਲ ਤਖਤ ਸਾਹਿਬ ਇਹ ਗੁਰੂ ਸਾਹਿਬਾਨ ਦੇ ਇਤਹਾਸਕ ਅਸਥਾਨ ਹਨ, ਗੁਰੂ ਸਾਹਿਬ ਜੀ ਦੀ ਅਸਲੀ ਨਿਸ਼ਾਨੀ ਗੁਰਬਾਣੀ - ਉਪਦੇਸ਼ ਹੈ ਇਸ ਨੂੰ ਸਮਝਣ ਦੀ ਲੋੜ ਹੈ, ਹੋਰ ਇਤਹਾਸਕ ਅਸਥਾਨ ਭਾਲਣ ਅਤੇ ਬਣਾਉਣ ਦੀ ਲੋੜ ਨਹੀਂ ਹੈ, ਗੁਰਬਾਣੀ ਅਨੁਸਾਰ ਚੱਲਣ ਦੀ ਲੋੜ ਹੈ। ਬਹੁਤੇ ਗੁਰਦੁਆਰੇ ਮਨਘੜਤ ਇਤਹਾਸ ਜੋੜ ਕੇ, ਆਮਦਨ ਦੀ ਖਾਤਰ ਬਨਾਏ ਜਾ ਰਹੇ ਹਨ, ਜੋ ਸਿੱਖੀ ਵਾਸਤੇ ਹਾਨੀਕਾਰਕ ਹਨ, ਬਾਣੀ ਤੋ ਤੋੜਨ ਵਾਸਤੇ ਸੋਚੀ-ਸਮਝੀ ਸਾਜ਼ਿਸ ਹੈ, ਸਿੱਖ ਕੌਮ ਦਾ ਸਾਰਾ ਜੋਰ ਗੁਰਦੁਆਰੇ ਬਣਾਉਣ, ਅਤੇ ਸੋਨਾ ਚੜ੍ਹਾਉਣ ਤੇ ਲੱਗ ਗਿਆ ਹੈ, ਸਿੱਖੀ ਦੇ ਪ੍ਰਚਾਰ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਗੁਰਦੁਆਰੇ ਬਹੁਤ ਬਣ ਗਏ ਹਨ, ਹੁਣ ਸਿੱਖ ਬਣਾਉਣ ਦੀ ਲੋੜ ਹੈ, ਗੁਰੂ ਨਾਨਕ ਸਾਹਿਬ (1469) ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ (1708) ਤੱਕ 239 ਸਾਲ ਦਾ ਸਮਾਂ ਬਣਦਾ ਹੈ, ਰੋਜਾਨਾ ਵੱਖ-ਵੱਖ ਜਗ੍ਹਾ, ਪਿੰਡਾਂ, ਨਗਰਾਂ, ਦੂਜੇ ਮੱਤਾਂ ਦੇ ਬਣੇ ਧਰਮ-ਸਥਾਨਾਂ ਤੇ ਜਾਕੇ ਗੁਰੂ ਸਾਹਿਬ ਪ੍ਰਚਾਰ ਕਰਦੇ ਰਹੇ। ਜਿੱਥੇ -ਜਿੱਥੇ ਗੁਰੂ ਸਾਹਿਬ ਜੀ ਗਏ, ਜੇ ਅੱਜ ਅਸੀਂ ਸਭ ਥਾਂਵਾਂ ਇਤਹਾਸਕ ਗੁਰਦੁਆਰੇ ਬਣਾਉਣਾ ਚਾਹੀਏ ਤਾਂ ਚੱਪੇ-ਚੱਪੇ ਤੇ ਗੁਰਦੁਆਰੇ ਬਣਾਉਣੇ ਪੈਣਗੇ, ਗੁਰੂ ਨਾਨਕ ਸਾਹਿਬ ਜੀ ਦੇ, ਦੋ ਸ਼ਹੀਦ ਸਿੱਖਾਂ ਤੋਂ ਲੈ ਕੇ ਮਾਰਚ 2012 ਤੱਕ 9 ਲੱਖ ਸਿੱਖ ਸ਼ਹੀਦ ਹੋਏ ਹਨ, 9 ਲੱਖ ਗੁਰਦੁਆਰੇ ਬਣਾਉਣੇ ਪੈਣਗੇ, ਪਰ ਲਾਭ ਕੋਈ ਨਹੀਂ ਹੋਏਗਾ।

ਗੁਰੂ ਨਾਨਕ ਸਾਹਿਬ ਮੱਕੇ ਗਏ ਸਨ, ਜਿੱਥੇ ਗੁਰੂ ਜੀ ਨੇ ਚਰਨ ਪਾਏ ਹਨ, ਜੇ ਓੱਥੇ -ਓੱਥੇ ਗੁਰਦੁਆਰੇ ਬਣਾਉਣੇ ਜਰੂਰੀ ਹਨ, ਤਾਂ ਮੱਕੇ ਵਿਚ ਵੀ ਗੁਰਦੁਆਰਾ ਬਣਨਾ ਚਾਹੀਦਾ ਹੈ। ਪਰ ਸਭ ਜਗ੍ਹਾ ਤੇ ਇਤਹਾਸਕ ਗੁਰਦੁਆਰੇ ਬਣਾਉਣੇ ਜਰੂਰੀ ਨਹੀਂ ਹਨ, ਨਾ ਬਨਾਏ ਹੀ ਜਾ ਸਕਦੇ ਹਨ, ਜਿੰਨੇ ਜਰੂਰੀ ਸੀ, ਗੁਰੂ ਸਾਹਿਬ ਬਣਾ ਗਏ ਹਨ। ਵਸੋਂ ਨੂੰ ਮੁਖ ਰੱਖ ਕੇ ਲੋੜ ਅਨੁਸਾਰ, ਗੁਰਬਾਣੀ ਦੀ ਵਿਚਾਰ ਵਾਸਤੇ ਧਰਮਸ਼ਾਲਾ (ਗੁਰਦੁਆਰਾ) ਦੀ ਉਸਾਰੀ ਹੋ ਸਕਦੀ ਹੈ। ਜਿੱਥੇ ਕੋਈ ਕਮੇਟੀ ਦੀ ਚੋਣ ਨਾ ਹੋਵੇ, ਕੋਈ ਪ੍ਰਧਾਨ, ਸੱਕਤਰ, ਖਜਾਨਚੀ, ਮੈਂਬਰ ਨਾ ਹੋਣ, ਨਾ ਗੋਲਕ ਹੋਵੇ, ਸੰਗਤਾਂ ਹੱਥੀਂ ਸੇਵਾ ਕਰਨ, ਲੰਗਰ ਵਿਚ ਰਸਦ ਭੇਟਾ ਕੀਤੀ ਜਾਵੇ, ਰਾਗੀ ਗ੍ਰੰਥੀ ਕਥਾਵਾਚਕ ਗੁਰਮੁਖਾਂ ਨੂੰ ਸੰਗਤਾਂ, ਸਿਧੀ ਸਟੇਜ ਤੇ ਮਾਇਆ ਭੇਟਾ ਦੇਣ, ਪ੍ਰਬੰਧਕਾਂ ਦੀ ਵਿਚੋਲਗੀ ਖਤਮ ਕੀਤੀ ਜਾਵੇ, ਗੁਰੂ ਸਾਹਿਬ ਵੇਲੇ ਇਸ ਤਰ੍ਹਾ ਹੀ ਧਰਮਸ਼ਾਲਾ ( ਗੁਰਦੁਆਰੇ) ਦੀ ਸੇਵਾ ਸੰਭਾਲ ਕੀਤੀ ਜਾਂਦੀ ਸੀ। ਪਹਿਲਾਂ ਗੁਰਦੁਆਰੇ ਕੱਚੇ, ਅਤੇ ਸਿੱਖ ਪੱਕੇ ਸਨ, ਅੱਜ ਗੁਰਦੁਆਰੇ ਪੱਕੇ, ਅਤੇ ਸਿੱਖ ਜੀਵਨ ਦੇ ਕੱਚੇ ਹਨ। ਪਹਿਲਾਂ ਗੁਰਦੁਆਰੇ ਥੋੜੇ ਸਨ, ਅਤੇ ਸਿੱਖ ਜਿਆਦਾ ਸਨ, ਅੱਜ ਬੇ-ਸ਼ੁਮਾਰ ਬੇ-ਲੋੜੇ ਬਹੁਤ ਗੁਰਦੁਆਰੇ ਹਨ, ਪਰ ਸੱਚੇ-ਸੁੱਚੇ ਜੀਵਨ ਵਾਲੇ ਸਿੱਖ ਬਹੁਤ ਥੋੜ੍ਹੇ ਹਨ।  ਗੁਰੂ ਸਾਹਿਬਾਨ ਨੇ ਅੱਜ ਵਾਂਗ ਗੁਰਦੁਆਰੇ ਬਣਾ ਕੇ ਗੋਲਕਾਂ ਨਹੀਂ ਸਨ ਲਾਈਆਂ, ਧਰਮਸ਼ਾਲਾ ਉਸਾਰ ਕੇ ਧਰਮ ਦੀ ਸਿਖਿਆ ਦਿਤੀ ਸੀ, ਫਿਰ ਅੱਜ ਸਿਖ, ਗੁਰਮਤਿ ਛੱਡ ਕੇ ਸਭ ਕੁਝ ਉਲਟ ਕਿਉਂ ਕਰ ਰਹੇ ਹਨ, ਅਸੀਂ ਗੁਰੂ ਦੇ ਦੇਣਦਾਰ ਹਾਂ, ਅਸੀਂ ਸਿਖੀ ਛੱਡ ਚੁਕੇ ਹਾਂ, ਤੇ ਬਹੁਤ ਦੂਰ ਜਾ ਚੁਕੇ ਹਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top