Share on Facebook

Main News Page

ਕੀ ਮ੍ਰਿਤਕ ਪ੍ਰਾਣੀ ਦੇ ਭੋਗ ਸਮਾਗਮ ਦੇ ਮੌਕੇ ਸ਼ਬਦ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥ ਪੜ੍ਹਨ ਨਾਲ ਜਾਂ ਬਖ਼ਸ਼ੇ ਜਾਣ ਦੀ ਅਰਦਾਸ ਕਰਨ ਨਾਲ ਹੀ ਬੰਦਾ ਬਖ਼ਸ਼ਿਆ ਜਾਂਦਾ ਹੈ: ਭਾਈ ਮਨਜੀਤ ਸਿੰਘ

ਬਠਿੰਡਾ, 16 ਜੁਲਾਈ (ਕਿਰਪਾਲ ਸਿੰਘ): ਕੀ ਮ੍ਰਿਤਕ ਪ੍ਰਾਣੀ ਦੇ ਭੋਗ ਸਮਾਗਮ ਦੇ ਮੌਕੇ ਸ਼ਬਦ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥ ਪੜ੍ਹਨ ਨਾਲ ਜਾਂ ਬਖ਼ਸ਼ੇ ਜਾਣ ਦੀ ਅਰਦਾਸ ਕਰਨ ਨਾਲ ਹੀ ਬੰਦਾ ਬਖ਼ਸ਼ਿਆ ਜਾਂਦਾ ਹੈ? ਜੇ ਇਹੀ ਗੱਲ ਹੈ ਤਾਂ ਬੰਦੇ ਨੂੰ ਗੁਰੂ ਤੋਂ ਸੇਧ ਲੈ ਕੇ ਸਾਰੀ ਉਮਰ ਲਈ ਵਿਕਾਰਾਂ ਤੋਂ ਬਚ ਕੇ ਆਪਣਾ ਜੀਵਨ ਸੁਧਾਰਨ ਦੀ ਕੀ ਲੋੜ ਹੈ? ਇਹ ਸ਼ਬਦ ਭਾਈ ਮਨਜੀਤ ਸਿੰਘ ਮੋਹਾਲੀ ਨੇ ਬਠਿੰਡਾ ਰਹਿੰਦੀ ਆਪਣੀ ਸਵਰਗੀ ਭੂਆ ਜੀ ਸਰਦਾਰਨੀ ਗੁਰਦਿਆਲ ਕੌਰ ਦੇ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਗਲੀ ਨੰ: 13 ਗੁਰੂ ਗੋਬਿੰਦ ਸਿੰਘ ਨਗਰ ਵਿਖੇ ਹੋਏ ਭੋਗ ਸਮਾਗਮ ਮੌਕੇ ਬੀਤੇ ਦਿਨ ਕਹੇ।

ਉਨ੍ਹਾਂ ਕਿਹਾ ਹੁਣੇ ਹੁਣੇ ਰਾਗੀ ਜਥੇ ਨੇ ਇਹ ਸ਼ਬਦ ਪੜ੍ਹਿਆ ਹੈ। ਇਸ ਸ਼ਬਦ ਦੀ ਪਹਿਲੀ ਤੁਕ ਹੈ: ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥ ਅਤੇ ਰਹਾਉ ਦੀ ਤੁਕ ਹੈ: ਬਾਬਾ ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥1॥ ਰਹਾਉ ॥ ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਅਤੇ ਕੀਰਤਨ ਦੌਰਾਨ ਜਿਸ ਨੂੰ ਸਥਾਈ ਬਣਾਉਣ ਨਾਲ ਹੀ ਅਰਥ ਅਤੇ ਇਸ ਰਾਹੀਂ ਭਗਤ ਕਬੀਰ ਸਾਹਿਬ ਵੱਲੋਂ ਸਾਨੂੰ ਦਿੱਤਾ ਗੁਰਮਤਿ ਅਨੁਸਾਰੀ ਉਪਦੇਸ਼ ਸਪਸ਼ਟ ਹੁੰਦਾ ਹੈ। ਪਰ ਆਮ ਤੌਰ ਤੇ ਰਾਗੀ ਜਥਿਆਂ ਵੱਲੋਂ ਆਪਣੀ ਮਨ ਮਰਜੀ ਨਾਲ ਹੀ ਅਖੀਰਲੀ ਤੁਕ: ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥ ਨੂੰ ਸਥਾਈ ਬਣਾ ਕੇ ਕੀਰਤਨ ਕੀਤਾ ਜਾਂਦਾ ਹੈ, ਤੇ ਸਾਨੂੰ ਭੁਲੇਖਾ ਪੈ ਜਾਂਦਾ ਹੈ ਕਿ ਭਗਤ ਜੀ ਨੇ ਅੰਤਿਮ ਸਮੇਂ ਤੇ ਬਖ਼ਸ਼ੇ ਜਾਣ ਲਈ ਇਹ ਸ਼ਬਦ ਉਚਾਰਣ ਕੀਤਾ ਸੀ।

ਭਾਈ ਮਨਜੀਤ ਸਿੰਘ ਨੇ ਪੂਰਾ ਸ਼ਬਦ ਪੜ੍ਹ ਕੇ ਉਸ ਦੇ ਅਰਥ ਕਰਦਿਆਂ ਦੱਸਿਆ, ਕਿ ਅਸਲ ਵਿੱਚ ਇਸ ਸ਼ਬਦ ਤੋਂ ਸੇਧ ਲੈ ਕੇ ਹਰ ਰੋਜ ਹੀ ਇਹ ਅਰਦਾਸ ਕਰਨੀ ਹੈ, ਕਿ ਹੇ ਅਕਾਲਪੁਰਖ਼ ਮੇਰੇ ਗਿਆਨ ਇੰਦਰੇ ਅੱਖਾਂ, ਨੱਕ, ਕੰਨ, ਜੀਭ ਤੇ ਕਾਮ ਵਾਸ਼ਨਾ ਵਾਲੀ ਇੰਦਰੀ, ਜੋ ਮੇਰੇ ਕਹਿਣੇ ਤੋਂ ਬਾਹਰ ਹਨ ਅਤੇ ਇਨ੍ਹਾਂ ਦੇ ਰਸਾਂ ਦੀ ਪੂਰਤੀ ਲਈ ਮੈਨੂੰ ਵਾਰ ਵਾਰ ਖ਼ੁਅਰ ਹੋਣਾ ਪੈਂਦਾ ਹੈ, ਉਨ੍ਹਾਂ ਨੂੰ ਮੇਰੇ ਵੱਸ ਵਿੱਚ ਕਰ ਦੇਹ ਤਾ ਕਿ ਵਾਰ ਵਾਰ ਇਨ੍ਹਾਂ ਦੇ ਰਸਾਂ ਤੋਂ ਪ੍ਰੇਰਤ ਹੋ ਕੇ ਹਰ ਰੋਜ ਦੀ ਖ਼ੁਆਰੀ ਤੋਂ ਬਚ ਸਕਾਂ, ਭਾਵ ਇਸੇ ਜਨਮ ਵਿੱਚ ਹਰ ਰੋਜ ਦੇ ਜਨਮ ਮਰਨ ਦੇ ਚੱਕਰ ਤੋਂ ਬਚ ਸਕਾਂ। ਪੂਰਾ ਸ਼ਬਦ ਅਤੇ ਇਸ ਦੇ ਅਰਥ ਇਸ ਅਨੁਸਾਰ ਹਨ:

ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥ ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥1॥
ਇਹ ਮਨੁੱਖਾ ਸਰੀਰ (ਮਾਨੋ ਇਕ ਗਾਂਵ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿਚ ਪੰਜ ਕਿਸਾਨ ਵੱਸਦੇ ਹਨ-ਅੱਖਾ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ) ॥1॥

ਬਾਬਾ ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥1॥ ਰਹਾਉ ॥
ਹੇ ਬਾਬਾ! ਹੁਣ ਮੈਂ ਇਸ ਸਰੀਰ ਰੂਪੀ ਪਿੰਡ ਵਿਚ ਨਹੀਂ ਵੱਸਣਾ, ਜਿੱਥੇ ਰਿਹਾ, ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ ॥1॥ ਰਹਾਉ ॥

ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥2॥
(ਜੋ ਜੀਵ ਇਨ੍ਹਾਂ ਪੰਜਾ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ। (ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਦੇ ਹਨ ॥2॥

ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥3॥7॥
ਕਬੀਰ ਆਖਦਾ ਹੈ-ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਨ੍ਹਾਂ ਇੰਦ੍ਰਿਆ ਦਾ) ਹਿਸਾਬ ਮੁਕਾਉ (ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ-ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ ਤੇ ਇਨ੍ਹਾਂ ਪੰਜਾਂ ਨੂੰ ਮੇਰੇ ਵੱਸ ਵਿੱਚ ਕਰ ਦੇਹ ਤਾਂ ਕਿ ਇਨਹਾਂ ਪੰਜਾਂ ਦੇ ਅਧੀਨ ਰਿਹਾਂ ਕੀਤੇ ਗਏ ਵਿਕਾਰਾਂ ਸਦਕਾ ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ ॥3॥7॥

ਇਸ ਸ਼ਬਦ ਦਾ ਭਾਵ ਹੈ ਕਿ ਅੱਖਾਂ, ਕੰਨ, ਨੱਕ ਆਦਿਕ ਇੰਦ੍ਰੇ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੇ ਹਨ। ਇਨ੍ਹਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ-ਪਰਮਾਤਮਾ ਦੇ ਦਰ ਤੇ ਨਿੱਤ ਅਰਦਾਸ ਕਰਨੀ ਚਾਹੀਦੀ ਹੈ। ਪਰ ਅਸੀਂ ਸਮਝ ਬੈਠਦੇ ਹਾਂ ਕਿ ਇਸ ਸ਼ਬਦ ਤੋਂ ਹਰ ਰੋਜ ਦੇ ਜੀਵਨ ਵਿੱਚ ਅਗਾਈ ਲੈਣ ਦੀ ਲੋੜ ਨਹੀਂ, ਤੇ ਕੇਵਲ ਅੰਤਮ ਸਮੇਂ ਇਹ ਸ਼ਬਦ ਪੜ੍ਹਨ ਅਤੇ ਅਰਦਾਸ ਕਰਨ ਨਾਲ ਹੀ ਬੰਦਾ ਬਖ਼ਸ਼ਿਆ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top