ਅੱਜ-ਕਲ ਪੰਥ ਵਿਚ ਕੋਈ ਸਿੱਖ ਹੈ, ਜਾਂ ਨਹੀਂ? ਪਰ ਇਹ ਪੱਕਾ
ਹੈ, ਕਿ ਪੰਥ ਵਿਚ ਵਿਦਵਾਨ ਬਹੁਤ ਜ਼ਿਆਦਾ ਹਨ, ਅਤੇ ਹਨ ਵੀ ਉੱਚ
ਕੋਟੀ ਦੇ। ਭਾਵੇਂ ਉਨ੍ਹਾਂ ਵਿਚ ਕਿਸੇ ਸਿੰਘ ਸਭਾ ਗੁਰਦਵਾਰੇ (ਜਿਸ ਦੀ ਕੀਮਤ 50 ਕ੍ਰੋੜ ਰੁਪਏ
ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ) ਦਾ ਪ੍ਰਧਾਨ, ਜਿਸ ਨੂੰ ਮੈਂ ਆਪ ਕਹਿੰਦੇ ਸੁਣਿਆ ਹੈ ਕਿ,
“ਸੁਖਾਸਣ ਵਾਲੇ ਕਮਰੇ ਵਿਚਲਾ ਏ. ਸੀ. ਕੰਮ ਨਹੀਂ ਕਰ ਰਿਹਾ, ਅਸੀਂ ਆਪ ਤਾਂ ਰਾਤ ਨੂੰ ਆਰਾਮ
ਨਾਲ ਏ. ਸੀ. ਥੱਲੇ ਸੁੱਤੇ, ਪਰ ਗੁਰੂ ਸਾਹਿਬ ਦੀ ਰਾਤ, ਏਨੀ ਗਰਮੀ ਵਿਚ ਕਿਵੇਂ ਲੰਘੀ ਹੋਵੇਗੀ?
ਲਾਨ੍ਹਤ ਹੈ ਸਾਡੀ ਜ਼ਿੰਦਗੀ ਤੇ”। ਸਿੰਘ ਸਭਾਵਾਂ ਦੇ 99 % ਗੁਰਦਵਾਰਿਆਂ ਦੇ ਪ੍ਰਬੰਧਕਾਂ ਦਾ,
ਸਾਫ ਜਿਹਾ ਇਕੋ ਟੀਚਾ ਹੁੰਦਾ ਹੈ “ਸੰਗਤ ਖੁਸ਼ ਰਹਣੀ ਚਾਹੀਦੀ ਹੈ, ਤਾਂ ਜੋ ਸਾਡੀ ਕਮੇਟੀ ਆਰਾਮ
ਨਾਲ ਚਲ ਸਕੇ, ਇਸ ਲਈ ਸੰਗਰਾਂਦ ਵਾਲੇ ਦਿਨ ਛੋਲੇ-ਪੂਰੀਆਂ ਦਾ ਲੰਗਰ ਚਲਣਾ ਹੀ ਚਾਹੀਦਾ ਹੈ। ਨਹੀਂ
ਤਾਂ ਮਿੱਠੇ ਚੌਲ ਤਾਂ ਹਰ ਹਾਲਤ ਵਿਚ ਬਣਨੇ ਹੀ ਚਾਹੀਦੇ ਹਨ।
ਸਿੰਘ ਸਭਾ ਗੁਰਦਵਾਰਿਆਂ ਵਿਚ, ਇਹ ਗੱਲ ਤਾਂ ਆਮ ਹੀ ਸੁਣਨ
ਨੂੰ ਮਿਲਦੀ ਹੈ ਕਿ “ਅਜੀ ਸ਼ਰਧਾ ਹੋਣੀ ਚਾਹੀਦੀ ਹੈ, ਧੰਨੇ ਭਗਤ ਨੂੰ ਵੀ ਤਾਂ ਪੱਥਰ ਵਿਚੋਂ ਰੱਬ
ਮਿਲ ਗਿਆ ਸੀ। ਉਸ ਦਾ ਹਲ ਵੀ ਵਾਹਿਆ ਸੀ, ਖੂਹ ਵੀ ਹਿਕਿਆ ਸੀ ਅਤੇ ਗਊਆਂ ਵੀ ਚਾਰੀਆਂ ਸਨ। ਜੇ
ਕੋਈ ਕਹਿ ਦੇਵੇ ਕਿ “ਧੰਨਾ ਭਗਤ ਜੀ ਨੇ ਤਾਂ, ਗੁਰੂ ਗਰੰਥ ਸਾਹਿਬ ਜੀ ਵਿਚ ਅਜਿਹਾ ਨਹੀਂ ਲਿਖਿਆ,
ਤਾਂ ਘੜਿਆ-ਘੜਾਇਆ ਜਵਾਬ ਮਿਲਦਾ ਹੈ, “ਤੁਸੀਂ ਆਪਣੀ ਵਿਦਵਤਾ, ਆਪਣੇ ਕੋਲ ਹੀ ਰੱਖੋ, ਜਿਹੜਾ
ਜਿੱਥੇ ਟਿਕਿਆ ਹੋਇਆ ਹੈ, ਉਸ ਨੂੰ ਓਥੇ ਹੀ ਟਿਕਿਆ ਰਹਣ ਦਿਉ, ਤੁਹਾਡੀਆਂ ਗੱਲਾਂ ਸੁਣ ਕੇ ਤਾਂ,
ਜਿਹੜੇ ਚਾਰ ਜਣੇ ਗੁਰਦਵਾਰੇ ਆਉਂਦੇ ਹਨ, ਉਹ ਵੀ ਆਉਣੋ ਹਟ ਜਾਣਗੇ।
ਇਸ ਤੋਂ ਥੋੜੇ ਉੱਚੇ ਪੱਧਰ ਦੇ ਵਿਦਵਾਨ ਮਿਲ ਜਾਣ ਤਾਂ ਦਸਵੇਂ
ਨਾਨਕ ਜੀ ਨਾਲ ਪੂਰਨ ਇੰਸਾਫ ਕਰਦਿਆਂ ਕਿਹਾ ਜਾਂਦਾ ਹੈ ਕਿ “ਪਿਛਲੇ ਜਨਮ ਵਿਚ ਗੁਰੂ ਗੋਬਿੰਦ
ਸਿੰਘ ਜੀ ਨੇ, ਹੇਮ ਕੁੰਡ ਵਿਖੇ ਘੋਰ ਤਪੱਸਿਆ ਕੀਤੀ ਸੀ, (ਪਤਾ ਨਹੀਂ ਪਿਛਲੇ ਜਨਮ ਦੀਆਂ ਗੱਲਾਂ
ਇਨ੍ਹਾਂ, ਵੇਹਲੜ ਪੁਜਾਰੀਆਂ ਦੇ ਚੇਲਿਆਂ ਨੂੰ, ਕਿਹੜੀ ਵਾਇਰਲੈਸ ਤੇ ਮਿਲ ਜਾਂਦੀਆਂ ਹਨ?) ਫਿਰ
ਇਨ੍ਹਾਂ ਨੂੰ ਦੁਰਗਾ ਦੇਵੀ ਨੇ ਵਰ ਦਿੱਤਾ ਸੀ ਕਿ, ਤੂਂ ਜਿਹੜਾ ਧਰਮ ਚਲਾਵੇਂਗਾ, ਉਸ ਦਾ ਨਾਮ
ਖਾਲਸਾ ਪੰਥ ਹੋਵੇਗਾ। ਤਾਂ ਹੀ ਤੇ ਪੰਥ ਦਾ ਕੌਮੀ ਤਰਾਨਾ “ਦੇਹ ਸ਼ਿਵਾ ਬਰ ਮੌਹੇ ਇਹੈ” ਸਿੱਖੀ
ਸਿਧਾਂਤਾਂ ਦੇ ਬਿਲਕੁਲ ਵਿਰੁੱਧ, ਮੰਗਤਿਆਂ ਵਾਲਾ ਹੋ ਗਿਆ ਹੈ।
ਜੇ ਥੋੜਾ ਜਿਹਾ ਹੋਰ ਉੱਚੇ (ਦੇਸ਼) ਪੱਧਰ ਤੇ ਪਹੁੰਚ ਜਾਈਏ
ਤਾਂ, ਇਨ੍ਹਾਂ ਵਿਦਵਾਨਾਂ ਨੂੰ ਤਾਂ ਇਵੇਂ ਮਹਿਸੂਸ ਹੁੰਦਾ ਹੈ ਕਿ, ਉਨ੍ਹਾਂ ਨੂੰ ਗੁਰੂ ਗ੍ਰੰਥ
ਸਾਹਿਬ ਜੀ ਤੇ ਅਤੇ ਉਸ ਦੇ ਸਿਧਾਂਤ ਤੇ ਕਿੰਤੂ-ਪ੍ਰੰਤੂ ਕਰਨ ਦਾ ਪੂਰਾ ਹੱਕ ਹੈ। ਸਾਰੀ ਬਾਣੀ
ਦੇ ਸਮੁੱਚੇ ਸਿਧਾਂਤ ਨੂੰ ਅੱਖੋਂ ਪਰੋਖੇ ਕਰ ਕੇ, ਪੂਰੇ ਗੁਰੁ ਗ੍ਰੰਥ ਸਾਹਿਬ ਜੀ ਵਿਚੋਂ 4-5
ਤੁਕਾਂ ਛਾਂਟ ਕੇ, ਇਹ ਆਪਣਾ ਹੀ ਸਿਧਾਂਤ ਘੜ ਲੈਂਦੇ ਹਨ। ੴ ਦਾ ਸੰਪੂਰਨ ਸਿਧਾਂਤ (ਕਿ ਉਹ ਪ੍ਰਭੂ
ਇਕ ਤੇ ਕੇਵਲ ਇਕ ਹੈ ਅਤੇ ਇਹ ਸਾਰਾ ਸੰਸਾਰ ਉਸ ਤੋਂ ਪੈਦਾ ਹੋਣ ਕਾਰਨ, ਉਸ ਦਾ ਆਪਣਾ ਹੀ ਆਕਾਰ
ਹੈ, ਜਿਸ ਰਾਹੀਂ ਉਸ ਨਿਰਾਕਾਰ ਨੂੰ ਵੇਖਿਆ ਜਾ ਸਕਦਾ ਹੈ)
ਨਾਨਕ ਸਚ ਦਾਤਾਰੁ ਸਿਨਾਖਤੁ
ਕੁਦਰਤੀ ॥ (141)
ਸਮਝ ਵਿਚ ਨਾ ਆਉਣ ਕਾਰਨ, ਇਹ ਫਤਵੇ ਜਾਰੀ ਕਰ ਦਿੰਦੇ ਹਨ ਕਿ
ਓਅੰਕਾਰ ਕੋਈ ਚੀਜ਼ ਨਹੀਂ ਹੈ, ਇਹ ਸਿਰਫ ਏਕੋ ਹੀ ਹੈ। ਆਵਾ-ਗਵਣ, ਪੁਨਰਪਿ-ਜਨਮ ਦੇ ਸਿਧਾਂਤ ਵਾਲੇ
ਸੈਂਕੜੇ ਸ਼ਬਦਾਂ ਨੂੰ ਰੱਦ ਕਰਦੇ, ਅਲੱਗ- ਅਲੱਗ ਥਾਂਵਾਂ ਤੋਂ 2-3 ਤੁਕਾਂ ਲੈ ਕੇ (ਜੋ ਕਿ ਇਸ
ਨਾਲ ਸਬੰਧਿਤ ਵੀ ਨਹੀਂ ਹੁੰਦੀਆਂ) ਉਨ੍ਹਾਂ ਨੂੰ ਗਲਤ ਢੰਗ ਨਾਲ ਪੇਸ਼ ਕਰ ਕੇ ਇਹ ਲੋਕ, ਇਹ ਸਾਬਤ
ਕਰ ਦਿੰਦੇ ਹਨ ਕਿ, ਆਵਾ-ਗਵਣ, ਪੁਨਰਪਿ-ਜਨਮ ਕੋਈ ਚੀਜ਼ ਨਹੀਂ ਹੈ। ਤੁਸੀਂ ਜੋ ਮਰਜ਼ੀ ਕਰਦੇ ਰਹੋ,
ਤੁਹਾਨੂੰ ਕੋਈ ਲੇਖਾ ਨਹੀਂ ਦੇਣਾ ਪਵੇਗਾ। ਕੋਈ ਇਹ ਸੋਚਣ ਦੀ
ਖੇਚਲ ਵੀ ਨਹੀਂ ਕਰਦਾ ਕਿ, ਉਨ੍ਹਾਂ ਵਲੋਂ ਪਰਚਾਰੇ ਇਸ ਮਿੱਥ ਦੇ ਆਧਾਰ ਤੇ ਜਿਸ ਸਮਾਜ ਦਾ
ਨਿਰਮਾਣ ਹੋਵੇਗਾ, ਉਹ ਕਿੰਨਾ ਭਿਆਨਕ ਹੋਵੇਗਾ?
ਪਰ ਉਨ੍ਹਾਂ ਨੂੰ ਇਸ ਨਾਲ ਕੀ? ਉਨ੍ਹਾਂ ਨੇ ਤਾਂ, ਜੋ ਕੁਝ
ਵੀ ਉਨ੍ਹਾਂ ਦੇ ਦਿਮਾਗ ਵਿਚ ਆ ਗਿਆ, ਉਸ ਨੂੰ ਹੀ ਸਿੱਖਾਂ ਸਾਮ੍ਹਣੇ ਪਰੋਸ ਦੇਣਾ ਹੈ, ਕਿਉਂਕਿ
ਉਹ ਆਪਣੇ ਆਪ ਨੂੰ ਮਹਾਨ ਵਿਦਵਾਨ ਮੰਨਦੇ ਹਨ, ਉਨ੍ਹਾਂ ਦੇ ਨਾਂ ਨਾਲ ਡਾ. ਦੀ ਡਿਗਰੀ ਲੱਗੀ ਹੋਈ
ਹੈ। ਉਨ੍ਹਾਂ ਨੂੰ ਏਨੀ ਸੋਝੀ ਨਹੀਂ ਹੈ, ਕਿ ਗੁਰਮਤਿ ਵਿਦਵਤਾ
ਦੀ ਇਮਾਰਤ, ਗੁਰਮਤਿ ਸਿਧਾਂਤਾਂ ਦੀਆਂ ਨੀਂਹਾਂ ਤੇ ਉਸਰਦੀ ਹੈ,
ਹਵਾ ਵਿਚ ਨਹੀਂ। ਕੋਈ ਦੱਸ ਸਕਦਾ ਹੈ ਕਿ?, ਕੀ ਉਨ੍ਹਾਂ ਵਿਚੋਂ ਕਿਸੇ ਇਕ ਨੇ ਵੀ ਇਹ ਡਿਗਰੀ,
ਗੁਰਬਾਣੀ ਨੂੰ ਸਮਝਣ ਵਿਚ ਹਾਸਿਲ ਕੀਤੀ ਹੈ? ਉਨ੍ਹਾਂ ਨੂੰ ਆਪਣੇ ਫੀਲਡ (ਜਿਸ ਵਿਚ ਉਨ੍ਹਾਂ
ਡਿਗਰੀ ਹਾਸਲ ਕੀਤੀ ਹੈ) ਵਿਚ ਹੀ ਦਿਮਾਗ ਲਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਅੰਗਰੇਜ਼ੀ ਦੀ ਇਸ
ਕਹਾਵਤ ਬਾਰੇ ਤਾਂ ਜ਼ਰੂਰ ਹੀ ਪਤਾ ਹੋਵੇਗਾ ਕਿ, “ ਹਰ ਖੇਤਰ ਵਿਚ ਵਿਦਵਤਾ ਝਾੜਨ ਵਾਲਾ, ਕਿਸੇ
ਇਕ ਖੇਤਰ ਵਿਚ ਵੀ ਮਾਸਟਰ ਨਹੀਂ ਬਣ ਸਕਦਾ” ਅਤੇ ਗੁਰਬਾਣੀ ਸਮਝਣ ਦੀ ਚੀਜ਼ ਹੈ, ਸਮਝਾਉਣ ਦੀ ਨਹੀਂ।
ਇਵੇਂ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ, ਪਰਮਾਤਮਾ ਦੇ ਅਟੱਲ
ਇੰਸਾਫ ਦੀ ਗੱਲ ਸਮਝਾਈ ਗਈ ਹੈ, ਜੋ ਕਿ ਪਰਮਾਤਮਾ ਵਲੋਂ ਸਿਰਜੇ, ਸੱਚ ਦੇ ਨਿਯਮਾਂ ਤੇ ਆਧਾਰਿਤ
ਹੈ। ਇਸ ਤਰ੍ਹਾਂ ਉਸ ਪ੍ਰਭੂ ਦੀ ਰਜ਼ਾ ਨੂੰ ਮੰਨਣਾ ਹੀ ਬੰਦੇ ਦੇ ਜੀਵਨ ਦਾ ਆਦਰਸ਼ ਹੈ।
ਪਰ ਇਹ ਲੋਕ ਪੂਰੇ ਚਾਰ ਸ਼ਬਦਾਂ ਨੂੰ ਅਣਗੌਲਿਆਂ ਕਰ ਕੇ, ਉਨ੍ਹਾਂ ਵਿਚਲੀ ਇਕ ਤੁਕ ਦੇ
ਲਫਜ਼ੀ ਅਰਥਾਂ ਦੇ ਆਧਾਰ ਤੇ, ਠੋਕ ਵਜਾ ਕੇ ਕਹਿੰਦੇ ਹਨ ਕਿ ਬਾਬਾ ਨਾਨਕ ਜੀ,
ਪਰਮਾਤਮਾ ਦੇ ਇੰਸਾਫ ਨਾਲ ਸਹਿਮਤ ਨਹੀਂ ਸਨ, ਉਨ੍ਹਾਂ ਨੂੰ ਉਸ ਦਾ ਇੰਸਾਫ ਨਿਰਪੱਖ ਹੋਣ
ਤੇ ਵਿਸ਼ਵਾਸ ਨਹੀਂ ਸੀ, ਤਾਂ ਹੀ ਉਨ੍ਹਾਂ ਪ੍ਰਭੂ ਨੂੰ ਨਹੋਰਾ ਮਾਰਿਆ ਕਿ “ਜ਼ਾਲਮ ਸ਼ੇਰ ਨੇ ਗਊਆਂ
ਦੇ ਵੱਗ ਨੂੰ ਮਾਰ ਦਿੱਤਾ, ਤੈਨੂੰ ਫਿਰ ਵੀ ਉਨ੍ਹਾਂ ਤੇ ਤਰਸ ਨਹੀਂ ਆਇਆ?” ਜਦ ਕਿ ਚਾਰਾਂ ਸ਼ਬਦਾਂ
ਰਾਹੀਂ ਵਿਸਤਾਰ ਨਾਲ ਸਮਝਾਇਆ ਹੈ ਕਿ, ਪਠਾਣਾਂ ਦੀ, ਉਨ੍ਹਾਂ ਦੀਆਂ ਜਨਾਨੀਆਂ ਦੀ, ਆਮ ਜੰਤਾ ਦੀ
ਇਹ ਹਾਲਤ ਕਿਉਂ ਹੋਈ? ਉਸ ਵਿਚ ਸਿਧਾਂਤ ਦਿੱਤਾ ਹੈ, ਸਿਖਿਆ ਦਿੱਤੀ ਹੈ,
ਅਗੋ ਦੇ ਜੇ ਚੇਤੀਐ ਤਾਂ
ਕਾਇਤੁ ਮਿਲੈ ਸਜਾਇ ॥ (417)
ਜੇ ਅਸੀਂ ਉਸ ਸਿਖਿਆ ਨੂੰ ਸਮਝਦੇ, ਉਸ ਨੂੰ ਕਬੂਲ ਕਰਦੇ,
ਦੂਸਰੇ ਲੋਕਾਂ ਵਲੋਂ ਸਿੱਖਾਂ ਪ੍ਰਤੀ ਕੀਤੇ ਵਿਹਾਰ ਤੇ ਸਾਂਝੇ ਰੂਪ ਵਿਚ ਵਿਚਾਰ ਕਰ ਕੇ, ਉਸ
ਪ੍ਰਤੀ ਸੁਚੇਤ ਹੁੰਦੇ ਤਾਂ ਸਾਨੂੰ ਵੀ ਉਹ ਸਜ਼ਾ ਨਾ ਮਿਲਦੀ, ਜੋ ਅੱਜ ਮਿਲ ਰਹੀ ਹੈ। ਪਰ ਅਸੀਂ
ਤਾਂ ਇਨ੍ਹਾਂ ਲਫਜ਼ਾਂ ਦਾ ਭਾਵ ਸਮਝੇ ਬਗੈਰ, ਇਨ੍ਹਾਂ ਦੇ ਲਫਜ਼ੀ ਅਰਥਾਂ ਮਗਰ ਹੀ ਘੁੰਮ ਰਹੇ ਹਾਂ,
ਤੈਂ ਕੀ ਦਰਦੁ ਨ ਆਇਆ ॥
(360)
ਇਨ੍ਹਾਂ ਤਾਂ ਕਦੇ ਇਹ ਵੀ ਵੇਖਣ ਦੀ ਖੇਚਲ ਨਹੀਂ ਕੀਤੀ ਕਿ
ਏਸੇ ਸ਼ਬਦ ਵਿਚ, ਇਹ ਵੀ ਲਿਖਿਆ ਹੋਇਆ ਹੈ,
ਆਪੇ ਜੋੜਿ ਵਿਛੋੜੇ ਆਪੇ ਵੇਖੁ
ਤੇਰੀ ਵਡਿਆਈ ॥ (360)
ਖੈਰ ਕੋਈ ਗੱਲ ਨਹੀਂ ਲੱਗੇ ਰਹੋ, ਸ਼ਾਇਦ ਯਹੂਦੀਆਂ ਵਾਙ
26-27 ਸੌ ਸਾਲ ਮਗਰੋਂ ਤੇਤੀ ਕ੍ਰੋੜ ਦੇਵਤਿਆਂ ਵਿਚੋਂ ਕਿਸੇ ਨੂੰ ਤੁਹਾਡੇ ਤੇ ਵੀ ਤਰਸ ਆ ਹੀ
ਜਾਵੇ। ਇਵੇਂ ਹੀ ਜਦੋਂ ਇਹ, ਆਪਣੇ-ਆਪ ਨੂੰ ਇੰਟਰ-ਨੈਸ਼ਨਲ ਲੇਵਲ
ਦੇ ਵਿਦਵਾਨ ਸਮਝਣ ਲਗ ਜਾਂਦੇ ਹਨ, ਫਿਰ ਤਾਂ ਇਨ੍ਹਾਂ ਨੂੰ, ਆਪਣੇ ਸਾਮ੍ਹਣੇ ਸਾਰੇ ਵਿਦਵਾਨ
ਕੀੜੀਆਂ ਹੀ ਨਜ਼ਰ ਆਉਂਦੇ ਹਨ। ਇਹ ਸਿੱਖ ਤਾਂ ਨਹੀਂ ਬਣ ਪਾਉਂਦੇ, ਪਰ ਉਸ ਚੂਹੇ ਵਾਂਙ, ਜਿਸ ਨੂੰ
ਸੁੰਢ ਦੀ ਗੰਢੀ ਮਿਲ ਗਈ ਸੀ ਅਤੇ ਉਹ ਪੰਸਾਰੀ ਬਣ ਕੇ ਬੈਠ ਗਿਆ ਸੀ। ਇਨ੍ਹਾਂ ਨੂੰ ਵੀ ਜਦ ਆਪਣੇ
ਵਿਚਾਰਾਂ ਨਾਲ ਮੇਲ ਖਾਂਦੀ ਕੋਈ ਕਿਤਾਬ ਮਿਲ ਜਾਵੇ (ਅਜਿਹੀਆਂ ਹਜ਼ਾਰਾਂ ਕਿਤਾਬਾਂ ਬਾਜ਼ਾਰ ਵਿਚ
ਹਨ) ਤਾਂ ਇਨ੍ਹਾਂ ਦਾ ਜਲਾਲ ਵੇਖਣ ਵਾਲਾ ਹੁੰਦਾ ਹੈ। ਫਿਰ ਇਨ੍ਹਾਂ ਕਿਤਾਬਾਂ ਦੇ ਆਧਾਰ ਤੇ,
ਗੁਰਬਾਣੀ ਨਾਲੋਂ ਟੁੱਟੇ, ਇਹ ਸਿੱਖ ਬਣਨ ਜਾਂ ਨਾ, ਪਰ ਸਿੱਖ-ਵਿਦਵਾਨ ਜ਼ਰੂਰ ਬਣ ਜਾਂਦੇ ਹਨ।
ਅੱਜ-ਕਲ ਵੀ ਕੁਝ ਅਜਿਹਾ ਹੀ ਚਲ ਰਿਹਾ ਹੈ, ਇਕ ਡਾਕਟਰ ਸਾਹਿਬ ਦੀ ਕਿਤਾਬ ਸਦਕਾ, ਇਨ੍ਹਾਂ ਨੇ
ਇਹ ਨਿਰਣਾ ਤਾਂ ਕਰ ਲਿਆ ਹੈ ਕਿ, ਗੁਰੂ ਗ੍ਰੰਥ ਸਾਹਿਬ ਵਿਚ ਮੁੰਦਾਵਣੀ ਤੋਂ ਮਗਰੋਂ, ਰਾਗ ਮਾਲਾ,
ਗੁਰੂ ਅਰਜਨ ਜੀ ਨੇ ਆਪ ਲਿਖਵਾਈ ਸੀ। ਕਿਉਂ ਲਿਖਵਾਈ ਸੀ?
ਇਸ ਦਾ ਵੀ ਬੜਾ (ਨਾ) ਮਾਕੂਲ ਜਵਾਬ ਇਨ੍ਹਾਂ ਨੂੰ ਉਸ ਕਿਤਾਬ
ਵਿਚੋਂ ਲੱਭ ਗਿਆ ਹੈ। (ਸਾਰਾ ਗੁਰੂ ਗ੍ਰੰਥ ਸਾਹਿਬ ਨਹੀਂ) ਪੋਥੀ ਸਾਹਿਬ ਸੰਪੂਰਨ ਹੋਣ ਮਗਰੋਂ,
ਰਾਗਾਂ ਨੂੰ ਵੀ ਹੋਸ਼ ਆਈ ਕਿ, ਸਾਡਾ ਜ਼ਿਕਰ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਹੈ ਹੀ ਨਹੀਂ (ਜਦ ਕਿ
ਪੋਥੀ ਸਾਹਿਬ ਵਿਚ ਵਰਤੇ ਗਏ 30 ਰਾਗਾਂ ਦਾ ਵੇਰਵਾ, ਪੋਥੀ ਸਾਹਿਬ ਵਿਚ ਦਰਜ ਸੀ)
ਉਹ ਵਿਚਾਰੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਪੇਸ਼ ਹੋਏ, ਅਤੇ ਗੁਰੂ ਗ੍ਰੰਥ ਸਾਹਿਬ
ਵਿਚ ਰਾਗਾਂ ਨੂੰ ਵੀ ਥਾਂ ਦੇਣ ਬਾਰੇ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੇ ਆਪਣੀ ਭੁੱਲ ਨੂੰ
ਸੁਧਾਰਦੇ ਹੋਏ, ਅਖੀਰ ਵਿਚ ਰਾਗ-ਮਾਲਾ ਲਿਖਵਾਈ। ਏਥੋਂ ਤਕ ਤਾਂ ਇਨ੍ਹਾਂ ਨੇ ਖੋਜ ਕਰ ਲਈ ਹੋਈ
ਹੈ, ਹੁਣ ਇਨ੍ਹਾਂ ਨੇ ਇਹ ਖੋਜ ਕਰਨੀ ਹੈ ਕਿ, ਕੁਝ ਰਾਗਾਂ ਨੇ ਦੂਸਰਿਆਂ ਨਾਲ ਧੋਖਾ ਕਰ ਕੇ,
ਰਾਗ-ਮਾਲਾ ਵਿਚ ਆਪਣੇ ਨਾਲ ਆਪਣੀਆਂ ਜਨਾਨੀਆਂ (ਰਾਗਣੀਆਂ), ਆਪਣੇ ਬੱਚਿਆਂ (ਪੁਤ੍ਰਾਂ) ਦੇ ਨਾਮ
ਲਿਖਵਾ ਕੇ, ਰਾਗ-ਮਾਲਾ ਵਿਚ ਚੁਰਾਸੀ ਰਾਗਾਂ ਦੇ ਨਾਮ ਦਰਜ ਕਰਵਾ ਲਏ, ਗੁਰੁ ਸਾਹਿਬ ਜੀ ਨੂੰ ਇਹ
ਵੀ ਪਤਾ ਨਹੀਂ ਲੱਗਾ ਕਿ, ਇਨ੍ਹਾਂ ਵਿਚੋਂ ਤਾਂ ਚੌਥਾ ਹਿੱਸਾ
ਰਾਗਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਵਰਤਿਆ ਗਿਆ ਹੈ, ਬਾਕੀ ਤਾਂ ਜਾਅਲੀ ਵੋਟਾਂ ਹੀ
ਪਾ ਰਹੇ ਹਨ, ਅਤੇ ਅਸਲੀਆਂ ਵਿਚੋਂ ਕਈਆਂ ਦੇ ਨਾਮ, ਅਕਾਲੀਆਂ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ
ਦੀ ਸੂਚੀ ਵਾਂਙ, ਕੱਟ ਹੀ ਦਿੱਤੇ ਗਏ ਹਨ।
ਹੁਣ ਇਹ ਮਹਾਨ ਵਿਦਵਾਨ ਇਹ ਖੋਜ ਕਰਨਗੇ ਕਿ, ਰਾਗਾਂ ਨੇ
ਕਿਹੜੇ-ਕਿਹੜੇ ਦੇਵਤਿਆਂ ਨਾਲ ਮਿਲ ਕੇ ਵੋਟਰ ਸੂਚੀ ਵਿਚ ਘਪਲਾ ਕੀਤਾ ਹੈ? ਜਿਨ੍ਹਾਂ ਰਾਗਾਂ ਦਾ
ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਆਇਆ, ਉਹ ਉਸ ਵੇਲੇ ਕਿੱਥੇ ਸਨ? ਕੀ ਉਨ੍ਹਾਂ ਵਿਚੋਂ
ਕੁਝ ਬਿਮਾਰ ਸਨ? ਜਾਂ ਉਨ੍ਹਾਂ ਨੂੰ ਕਿਸੇ ਨੇ ਖਬਰ ਹੀ ਨਹੀਂ ਕੀਤੀ ਸੀ? ਕਿਤੇ ਅਜਿਹਾ ਤਾਂ ਨਹੀਂ
ਕਿ ਕੁਝ ਦੇਵਤਿਆਂ ਨੇ, ਸਾਜ਼ਸ਼ ਅਧੀਨ, ਉਨ੍ਹਾਂ ਰਾਗਾਂ ਨੂੰ, ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ
ਪੇਸ਼ ਹੋਣ ਤੋਂ ਰੋਕਣ ਲਈ, ਉਨ੍ਹਾਂ ਦੀ ਡਿਊਟੀ, ਉਸ ਸਮੇ ਆਪਣੇ ਦਰਬਾਰ ਵਿਚ ਲਗਾ ਦਿੱਤੀ ਸੀ? ਇਹ
ਵੀ ਪੜਤਾਲ ਕੀਤੀ ਜਾਵੇਗੀ ਕਿ, ਇਸ ਘੁਟਾਲੇ ਵਿਚ, ਖਾਲੀ ਦੇਵਤਿਆਂ ਨੇ ਹੀ ਹੱਥ ਰੰਗੇ ਸੀ? ਜਾਂ
ਇਸ ਵਿਚ ਮਹਾਂ-ਦੇਵ ਵੀ ਭਾਈਵਾਲ ਸੀ?
ਖਬਰਦਾਰ-ਹੋਸ਼ਿਆਰ ਇਹ ਖੋਜ ਕਰਦੇ ਕਰਦੇ ਇਹ ਵਿਦਵਾਨ ਤਾਂ,
ਸਵਰਗ ਵੀ ਸਿਧਾਰ ਸਕਦੇ ਹਨ, ਇਹ ਆਪਣੇ ਵਾਰਸਾਂ ਨੂੰ ਇਹ ਤਾਕੀਦ ਵੀ ਕਰ ਸਕਦੇ ਹਨ ਕਿ, ਸਾਡੇ
ਸਵਰਗ ਸਿਧਾਰਨ ਮਗਰੋਂ ਵੀ ਤੁਸੀਂ ਇਹ ਖੋਜ ਜਾਰੀ ਰੱਖਣੀ ਹੈ, ਜਦ ਤਕ ਖੋਜ ਜਾਰੀ ਰਹੇ ਤਦ ਤਕ
ਤੁਸੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਵੀ ਨਹੀਂ ਲਾਉਣਾ, ਕਿਤੇ ਇਹ ਨਾ ਹੋਵੇ ਕਿ ਉਸ ਦੀ
ਸਿਖਿਆ ਤੁਹਾਡੀ ਖੋਜ ਨੂੰ ਪ੍ਰਭਾਵਤ ਕਰ ਕੇ, ਤੁਹਾਨੂੰ ਅਸਲੀ ਤੱਥਾਂ ਤੋਂ ਭਟਕਾ ਹੀ ਦੇਵੇ। ਇਸ
ਲਈ ਜਿੰਨੀਆਂ ਸਦੀਆਂ ਮਰਜ਼ੀ ਇਹ ਖੋਜ ਚਾਲੂ ਰਹੇ, ਓਨੀ ਹੀ ਦੇਰ, ਗੁਰੂ ਗ੍ਰੰਥ ਸਾਹਿਬ ਜੀ ਤੋਂ
ਦੂਰ ਰਹਣਾ ਹੈ।
ਇਨ੍ਹਾਂ ਮਹਾਨ ਵਿਦਵਾਨਾਂ ਨੇ ਇਹ ਕਿਹੜਾ ਰਾਹ ਫੜ ਲਿਆ ਹੈ?
ਗੁਰਬਾਣੀ ਤਾਂ ਸਮਝਣ ਦੀ, ਵਿਚਾਰਨ ਦੀ ਚੀਜ਼ ਹੈ, ਪਰ ਅੱਜ-ਕਲ ਤਾਂ ਗੁਰਬਾਣੀ ਨੂੰ ਸਮਝਣ ਦੀ ਗੱਲ
ਹੀ ਕਿਤੇ ਨਹੀਂ, ਜਦੋਂ ਸਮਝਾਂਗੇ ਨਹੀਂ ਤਾਂ ਵਿਚਾਰਾਂਗੇ ਕੀ? ਜਦ ਵਿਚਾਰਾਂਗੇ ਨਹੀਂ ਤਾਂ,
ਜੀਵਨ ਵਿਚ ਕਿਹੜੀ ਸਿਖਿਆ ਢਾਲਾਂਗੇ? ਜੇ ਜੀਵਨ ਗੁਰਮਤਿ ਅਨੁਸਾਰ ਨਹੀਂ ਢਾਲਾਂਗੇ, ਤਾਂ ਇਸ
ਭਵਸਾਗਰ ਤੋਂ ਮੁਕਤੀ ਕਿਵੇਂ ਹੋਵੇਗੀ? ਛੁਟਕਾਰਾ ਕਿਵੇਂ ਮਿਲੇਗਾ? ਪਰ ਇਨ੍ਹਾਂ ਨੇ ਇਸਦਾ ਵੀ
ਹੱਲ ਲੱਭ ਲਿਆ ਹੈ ਕਿ, ਤੁਸੀਂ ਹਰ ਹਾਲਤ ਵਿਚ ਮੁਕਤ ਹੋ, ਤੁਹਾਨੂੰ ਕੋਈ ਲੇਖਾ ਨਹੀਂ ਦੇਣਾ
ਪਵੇਗਾ, ਕਿਉਂਕਿ ਲੇਖਾ ਲੈਣ ਵਾਲਾ ਹੀ ਕੋਈ ਨਹੀਂ। ਇਹ ਤਾਂ ਇਸ ਸਿਖਿਆ ਨੂੰ ਵੀ ਨਕਾਰਦੇ ਹਨ,
ਸਭਨਾ ਕਾ ਦਰਿ ਲੇਖਾ ਹੋਇ ॥
ਕਰਣੀ ਬਾਝਹੁ ਤਰੈ ਨਾ ਕੋਇ ॥ (952)
ਉਨ੍ਹਾਂ ਨੇ ਤਾਂ ਇਸ ਸ਼ਬਦ ਵਿਚੋਂ ਏਨਾ ਹੀ ਪੜ੍ਹਨਾ ਹੈ,
ਸਚੋ ਸਚੁ ਵਖਾਣੈ ਕੋਇ ॥
ਨਾਨਕ ਅਗੈ ਪੁੱਛ ਨਾ ਹੋਇ ॥ (952)
ਅਤੇ ਇਹ ਹੀ ਪਰਚਾਰਨਾ ਹੈ ਕਿ ਅੱਗੇ ਕੋਈ ਲੇਖਾ ਨਹੀਂ ਹੋਣਾ,
ਕਿਉਂਕਿ ਮਰਨ ਮਗਰੋਂ ਮੁਕਤੀ ਹੀ ਮੁਕਤੀ ਹੈ, ਤੁਸੀਂ ਜੋ ਮਰਜ਼ੀ (ਕੁ)ਕਰਮ ਕਰਦੇ ਰਹੋ। ਭੋਲੇ-ਭਾਲੇ
ਸਿੱਖਾਂ ਨੂੰ ਗੁਰਬਾਣੀ ਦਾ ਸੱਚ ਕੌਣ ਸਮਝਾਵੇਗਾ ਕਿ, ਇਹ ਪੁੱਛ ਉਸ (ਵਿਰਲੇ) ਦੀ ਨਹੀਂ ਹੋਣੀ,
ਜੋ ਸਚੋ-ਸਚ, ਹਮੇਸ਼ਾ ਕਾਇਮ ਰਹਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਵਖਾਣ ਕਰੇਗਾ, ਉਸ ਦੀ ਰਜ਼ਾ
ਅਨੁਸਾਰ ਉਨ੍ਹਾਂ ਗੁਣਾਂ ਦਾ ਧਾਰਨੀ ਹੋਵੇਗਾ। ਜੋ ਉਨ੍ਹਾਂ ਗੁਣਾਂ ਦਾ ਧਾਰਨੀ ਨਹੀਂ ਹੋਵੇਗਾ,
ਉਸ ਦਾ ਕੀ ਹਾਲ ਹੋਵੇਗਾ?
ਇਨ੍ਹਾਂ ਵਿਦਵਾਨਾਂ ਬਾਰੇ ਵੀ ਗੁਰੂ ਸਾਹਿਬ ਨੇ ਏਸੇ ਦੇ ਨਾਲ
ਲਗਵੇਂ ਸਲੋਕ ਵਿਚ ਲਿਖਿਆ ਹੈ,
ਚਉਕਾ ਦੇ ਕੈ ਸੁਚਾ ਹੋਇ ॥
ਐਸਾ ਹਿੰਦੂ ਵੇਖਹੁ ਕੋਇ ॥ ਜੋਗੀ ਗਿਰਹੀ ਜਟਾ ਬਿਭੂਤ ॥ ਆਗੈ ਪਾਛੈ ਰੋਵਹਿ ਪੂਤ ॥
ਜੋਗੁ ਨ ਪਾਇਆ ਜੁਗਤਿ ਗਵਾਈ ॥ ਕਿਤੁ ਕਾਰਣਿ ਸਿਰਿ ਛਾਈ ਪਾਈ ॥
ਨਾਨਕ ਕਲਿ ਕਾ ਏਹੁ ਪਰਵਾਣੁ ॥ ਆਪੇ ਆਖਣੁ ਆਪੇ ਜਾਣੁ ॥ (951)
ਐਸੇ ਹਿੰਦੂ ਵੱਲ ਤੱਕੋ, ਜੋ ਨਿਰਾ ਚੌਕਾ ਦੇ ਕੇ ਹੀ ਸੁੱਚਾ
ਬਣਿਆ ਬੈਠਾ ਹੈ। ਜੋਗੀ ਨੇ ਇਕ ਪਾਸੇ ਤਾਂ ਜਟਾਂ ਰੱਖੀਆਂ ਹੋਈਆਂ
ਹਨ, ਸੁਆਹ ਭੀ ਮਲੀ ਹੋਈ ਹੈ, ਦੂਸਰੇ ਪਾਸੇ ਗ੍ਰਿਹਸਤੀ ਵੀ ਹੈ, ਕਿਰਤ ਨਾ ਕਰਨ ਕਰ ਕੇ, ਆਪਣੀਆਂ
ਲੋੜਾਂ ਲਈ, ਉਸ ਦੇ ਨਿਆਣੇ, ਉਸ ਦੇ ਅੱਗੇ-ਪਿੱਛੇ ਰੋਂਦੇ ਫਿਰਦੇ ਹਨ। ਇਵੇਂ ਜੋਗ ਦਾ ਮਾਰਗ,
ਪਰਮਾਤਮਾ ਨਾਲ ਮਿਲਾਪ ਦਾ ਰਾਹ ਵੀ ਨਾ ਲੱਭਾ, ਤੇ ਜੀਉਣ ਦੀ ਜੁਗਤ ਵੀ ਗਵਾ ਬੈਠਾ ਹੈ।
ਫਿਰ ਉਸ ਨੇ ਆਪਣੇ ਸਿਰ ਤੇ ਸਵਾਹ, ਕਾਹਦੇ ਲਈ ਪਾਈ ਹੈ? ਹੇ ਨਾਨਕ! ਇਹ ਹੈ ਕਲਿਜੁਗ ਦਾ ਪ੍ਰਭਾਵ
ਕਿ, ਕਲਿਜੁਗੀ ਸੁਭਾਵ ਵਾਲਾ ਬੰਦਾ, ਆਪ ਹੀ ਚੌਧਰੀ ਹੈ ਅਤੇ ਆਪ
ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ।