ਗੁਰੂ ਪੰਥ –ਇੱਕ ਬਹੁਤ ਪਵਿੱਤਰ ਅਤੇ ਮਹਾਨ ਸ਼ਬਦ ਹੈ, ਪਰ
ਬਿਨਾ ਸਮਝੇ ਅੱਜ ਇਸ ਦੀ ਨਜਾਇਜ਼ ਵਰਤੋਂ ਹੋ ਰਹੀ ਹੈ। ਕੁਛ ਚਤਰ ਬੁਧ ਲੋਕਾਂ ਨੇ ਅਪਣੀ ਲੋੜ ਲਈ
ਇਸ ਸ਼ਬਦ ਦੇ ਅਰਥ ਹੀ ਬਦਲ ਦਿਤੇ ਹਨ ਅਤੇ ਆਮ ਭੋਲੇ ਭਾਲੇ ਲੋਕਾਂ ਨੇ ਉਸ ਬਦਲੇ ਹੋਇ ਅਰਥਾਂ ਨੂੰ
ਉਸੇ ਪ੍ਰਭਾਵ ਹੇਠ ਅਪਨਾਅ ਲਿਆ ਹੈ, ਇਸ ਲਈ ਦਿਨ ਬਾ ਦਿਨ ਇਸ ਸ਼ਬਦ ਦੀ ਪਵਿਤਰਤਾ ਅਤੇ ਮਹਾਨਤਾ
ਅਲੋਪ ਹੋ ਰਹੀ ਹੈ, ਜਿਸ ਕਾਰਨ ਅੱਜ ਇਸ ਸ਼ਬਦ ਦੀ ਵਿਚਾਰ ਕਰਨੀ ਜ਼ਰੂਰੀ ਬਣਦੀ ਹੈ।
ਪੰਥ
ਸ਼ਬਦ, ਪੱਥ ਸ਼ਬਦ ਤੋਂ ਬਣਿਆ ਹੈ, ਪੱਥ ਦਾ ਅਰਥ ਹੈ ਰਸਤਾ, ਰਾਹ, ਵਿਚਾਰਧਾਰਾ, {ਡਾਇਰੈਕਸ਼ਨ} ਅਤੇ
ਇਸ ਪੱਥ ਸ਼ਬਦ ਵਿਚੋਂ ਪੱਥਕ ਸ਼ਬਦ ਨਿਕਲਿਆ ਹੈ, ਪੱਥਕ ਦਾ ਅਰਥ ਹੈ ਰਾਹ ਤੇ ਚੱਲਣ ਵਾਲਾ ਮੁਸਾਫਰ,
ਵਿਚਾਰਧਾਰਾ ਅਪਨਾਉਣ ਵਾਲਾ ਜਗਿਆਸੂ। ਜਿਸ ਤੇ ਮਨੁੱਖ ਚਲਦਾ ਹੈ, ਉਸ ਨੂੰ ਰਸਤਾ {ਰੋਡ} ਆਖਦੇ
ਹਨ ਅਤੇ ਜਿਸਤੇ ਮਨ ਚਲਦਾ ਹੈ, ਉਸਨੂੰ ਵਿਚਾਰਧਾਰਾ ਸਿਧਾਂਤ ਕਹਿੰਦੇ ਹਨ। ਬਸ ਪੱਥ ਤੇ ਪੱਥਕ
ਵਿਚੋਂ, ਪੰਥ ਅਤੇ ਪੰਥਕ ਸ਼ਬਦ ਬਣੇ ਹਨ।
ਪੰਥ ਰਸਤਾ, ਵਿਚਾਰਧਾਰਾ, ਸਿਧਾਂਤ ਹੈ ਅਤੇ ਪੰਥਕ ਉਸ ਰਸਤੇ,
ਸਿਧਾਂਤ, ਵਿਚਾਰਧਾਰਾ ‘ਤੇ ਚਲਣ ਵਾਲੇ ਵਿਅਕਤੀ ਦਾ ਨਾਮ ਹੈ। ਗੁਰਬਾਣੀ ਵਿਚ ਭੀ ਅਨੇਕਾਂ ਵਾਰ
ਇਹ ਸ਼ਬਦ ਇਹਨਾ ਹੀ ਅਰਥਾਂ ਅਨਸਾਰ ਆਇਆ ਹੈ।
ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥
ਪੰਥੁ ਦਸਾਵਾਂ ਨਿਤ ਖੜੀ ਮੁੰਦ ਜੋਬਣ ਬਾਲੀ ਰਾਮ ਰਾਜੇ ॥
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥2॥
ਇਨ੍ਹਾਂ ਸਤਰਾਂ ਵਿਚ ਪ੍ਰੀਤਮ ਦੇ ਮਿਲਾਪ ਲਈ ਤਰਸ ਰਹੀ ਜੀਵ ਆਤਮਾ ਉਡੀਕ ਵਿਚ ਦਿਨ ਰਾਤ ਪਰੀਤਮ
ਦਾ {ਪੰਥ} ਰਾਹ ਦੇਖ ਰਹੀ ਹੈ ।
ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ
॥
ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥
ਖੋਜ ਅਸੰਖਾ ਅਨਿਕਤ ਪੰਥਾ ਬਿਨੁ ਗੁਰ ਨਹੀ ਪਹੂਚਾ ॥
ਇਹਨਾ ਸੱਤਰਾਂ ਅਨੁਸਾਰ ਅਨੇਕਾਂ {ਪੰਥ} ਰਾਹਾਂ ਤੇ ਚੱਲ ਚੱਲ ਖੋਜਿਆ, ਪਰ ਆਖਰ ਪ੍ਰਭੂ ਮਿਲਾਪ
ਦਾ ਸਫਲ {ਪੰਥ} ਰਸਤਾ ਮੇਰੇ ਗੁਰੂ ਨੇ ਹੀ ਦੱਸਿਆ ਹੈ ।
ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥
ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥
ਪੁਰ ਸਲਾਤ ਕਾ ਪੰਥੁ ਦੁਹੇਲਾ ॥ ਸੰਗਿ ਨ ਸਾਥੀ ਗਵਨੁ ਇਕੇਲਾ ॥2॥
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ
ਪੰਥੁ ਕਰਾਰਾ ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥2॥
ਦੇਖੋ, ਇਹਨਾ ਸੱਤਰਾਂ ਵਿਚ
ਹੁਣ ਜਮਾਂ ਦੇ ਦੁਖ ਰੂਪ ਵਿਕਾਰੀ ਰਾਹ ਨੂੰ ਭੀ ਜਮ {ਪੰਥ} ਆਖ ਰਹੇ ਹਨ।
ਅਤੇ ਸਿੱਖ ਨੂੰ ਸਮਝਾ ਰਹੇ ਹਨ, ਜਮ ਰੂਪ ਵਿਕਾਰਾਂ ਤੋਂ ਮੁਕਤ ਹੋਣ ਦਾ ਰਸਤਾ {ਮੁਕਤ
ਪੰਥ} ਕੇਵਲ ਗੁਰਮੁਖ ਬਣਕੇ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦਾ ਹੈ।
ਸ਼ੋ, ਪੰਥ ਹੈ ਰਸਤਾ, ਵਿਚਾਰਧਾਰਾ, ਸਿਧਾਂਤ, ਅਤੇ ਪੰਥਕ ਹੈ ਉਸ ਰਸਤੇ ਸਿਧਾਂਤ ਤੇ ਚੱਲਣ ਵਾਲਾ
ਮੁਸਾਫਰ, ਵਿਅਕਤੀ। ਪੰਥ ਅਤੇ ਪੰਥਕ ਇਹਨਾ ਦੋਹਾਂ ਦਾ ਆਪਸੀ ਗੂੜ੍ਹਾ ਰਿਸ਼ਤਾ ਹੈ, ਪਰ ਪੰਥ ਅਤੇ
ਪੰਥਕ ਦੋਹਾਂ ਲਫਜ਼ਾਂ ਦਾ ਮਤਲਬ ਵੱਖ ਵੱਖ ਹੈ, ਜਿਵੇਂ ਰਸਤੇ ਨੂੰ ਕਦੇ ਕਿਸੇ ਨੇ ਮੁਸਾਫਰ ਨਹੀਂ
ਆਖਿਆ ਅਤੇ ਮੁਸਾਫਰ ਨੂੰ ਕਦੇ ਕਿਸੇ ਨੇ ਰਸਤਾ ਨਹੀਂ ਆਖਿਆ ਤਾਂ ਫਿਰ ਸੋਚਣ ਦੀ ਲੋੜ ਹੈ, ਕਿ
ਸੰਪੂਰਣ ਬਾਣੀ ਗੁਰੂ, ਸ਼ਬਦ ਗੁਰੂ ਸਿਧਾਂਤ ਸਿੱਖ ਦੇ ਜੀਵਨ ਦੇ ਸਫਰ ਲਈ ਇੱਕ ਰਸਤਾ ਪੰਥ ਹੈ, ਅਤੇ
ਸ਼ਬਦ ਗੁਰੂ ਹੋਣ ਕਰਕੇ ਹੀ ਇਸਦਾ ਨਾਮ ਗੁਰੂ ਪੰਥ ਹੋਗਿਆ। ਭਾਈ ਗੁਰਦਾਸ ਜੀ ਨੇ ਸਿੱਧਾਂ ਜੋਗੀਆਂ
ਅਤੇ ਗੁਰੂ ਨਾਨਕ ਜੀਸਦੀ ਸਾਖੀ ਨੂੰ ਬਿਆਨ ਕਰਦਿਆਂ ਪੰਥ ਸ਼ਬਦ ਦੇ ਅਰਥ ਨੂੰ ਹੋਰ ਸਪਸ਼ਟ ਕੀਤਾ ਹੈ
।
ਸਿਧੀ ਮਨਹਿ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ ॥
ਐਸਾ ਜੋਗੀ ਕਲੀ ਮਾਹਿ ਹਮਰਾ ਪੰਥ ਕਰੇ ਉਜਿਆਲਾ ॥
ਭਾਵ ਸਿਧ ਸੋਚਦੇ ਹਨ ਜੇ ਨਾਨਕ ਸਾਡੇ ਜੋਗ ਮੱਤ ਨੂੰ ਅਪਨਾ
ਲਵੇ ਤਾਂ ਸਾਡਾ ਮੱਤ,ਸਿਧਾਂਤ,ਰਸਤਾ ,ਪੰਥ ਸਾਰੇ ਸੰਸਾਰ ਵਿਚ ਪ੍ਰਗਟ ਹੋ ਜਾਵੇਗਾ।
ਪਰ
ਸ਼ਬਦ ਜਿਤੀ ਸਿਧ ਮੰਡਲੀ ਕੀਤੋਸ ਅਪਣਾ
ਪੰਥ ਨਿਰਾਲਾ ॥ ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝੱਲੇ ਗੁਰ
ਦੀ ਝਾਲਾ ॥
ਭਾਵ, ਗੁਰੂ ਜੀਸਨੇ ਧੁਰ ਕੀ ਬਾਣੀ ਦਾ ਸ਼ਬਦ ਸਿਧਾਂਤ ਸਿਧਾਂ
ਨੂੰ ਸਮਝਾਇਆ ਕਿ ਮੇਰਾ ਜੀਵਨ ਦਾ ਰਸਤਾ ਤੁਹਾਡੇ ਤੋਂ ਵਖਰਾ ਹੈ, ਇਸ ਲਈ ਮੇਰਾ ਰਸਤਾ ਸ਼ਬਦ ਪੰਥ
ਹੈ। ਬਸ ਇਸ ਤੋਂ ਸਾਬਤ ਹੁੰਦਾ ਹੈ ਕਿ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਵਿਚ ਹੀ ਸਬਦ ਰੂਪ ਗੁਰੂ
ਪੰਥ ਹੈ। ਕੋਈ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਪੰਥ ਨਹੀਂ ਅਖਵਾ ਸਕਦਾ ਹਾਂ, ਉਸ ਪੰਥ ਤੇ
ਚੱਲਣ ਵਾਲੇ ਨੂੰ ਪੰਥਕ ਜਾਂ ਸਮੂਹ ਨੂੰ ਪੰਥਕ ਇਕਤ੍ਰਤਾ ਆਖਿਆ ਜਾ ਸਕਦਾ ਹੈ। ਜਿਵੇਂ ਰਸਤਾ ਕਦੀ
ਮੁਸਾਫਰ ਨਹੀਂ ਅਖਵਾਉਂਦਾ ਅਤੇ ਮੁਸਾਫਰ ਰਸਤਾ ਨਹੀਂ ਹੁੰਦਾ, ਰਸਤੇ ਤੇ ਚੱਲਣ ਵਾਲਾ ਹੁੰਦਾ ਹੈ।
ਪਰ ਜਾਣੇ ਜਾਂ ਅਨਜਾਣੇ ਸਾਡੇ ਵਿਚ ਕੁਛ ਸਮੇਂ ਤੋਂ ਕੁਛ ਵਿਅਕਤੀਆਂ ਦੇ ਸਮੂਹ ਨੂੰ ਪੰਥ ਅਤੇ
ਫਿਰ ਗੁਰੂ ਪੰਥ ਭੀ ਆਖਿਆ ਜਾਣ ਲਗ ਪਿਆ ਹੈ, ਪਤਾ ਨਹੀਂ ਕਿਸ ਸਾਜਸ਼ ਨਾਲ 1945 ਵਿਚ ਰਚੀ ਗਈ
ਸਿੱਖ ਰਹਿਤ ਮਰੀਯਾਦਾ ਵਿਚ ਇਹ ਲਿਖ ਦਿਤਾ ਗਿਆ “ਗੁਰੂ ਪੰਥ, ਤਿਆਰ ਬਰ ਤਿਆਰ ਸਿੰਘਾਂ ਦੇ ਸਮੂਚੇ
ਸਮੂਹ ਨੂੰ, ਗੁਰੂ ਪੰਥ ਆਖਦੇ ਹਨ” ਅਤੇ ਇਸਦੀ ਪ੍ਰਮਾਣਿਕਤਾ ਲਈ ਗੁਰੂ ਅਤੇ ਸਿੱਖ ਇਤਹਾਸ ਵਿੱਚ
ਕਈ ਸਾਖੀਆਂ ਭੀ ਪ੍ਰਵੇਸ਼ ਕਰ ਗਈਆਂ। ਨਤੀਜਾ ਇਹ ਹੋਇਆ ਕਿ ਵਿਅਕਤੀਆਂ ਦੇ ਸਮੂਹ ਵਲੋਂ ਕੀਤੇ ਕਿਸੇ
ਫੈਸਲੇ ਨੂੰ ਪੰਥਕ ਫੈਸਲਾ ਆਖਣ ਦੀ ਥਾਵੇਂ, ਗੁਰੂ ਪੰਥ ਦਾ ਫੈਸਲਾ ਆਖਿਆ ਜਾਣ ਲਗ ਪਿਆ। ਇਉਂ
ਵਿਅਕਤੀਆਂ ਨੇ ਗੁਰੂ ਪਦਵੀ ਹਥਿਆ ਲਈ ਅਤੇ ਅਨੇਕਾਂ ਵਾਰ ਇਸੇ ਹੀ ਪ੍ਰਭਾਵ ਨੂੰ ਵਰਤ ਕੇ, ਗੁਰਮਤਿ
ਵਿਰੁਧ ਕੀਤੇ ਫੈਸਲਿਆਂ ਨੂੰ ਭੀ ਗੁਰੂ ਪੰਥ ਦਾ ਅਧਿਕਾਰਤ ਫੈਸਲਾ ਆਖ ਕੇ, ਲਾਗੂ ਕੀਤਾ ਗਿਆ। ਜੇ
ਉਨ੍ਹਾਂ ਵਿਅਕਤੀਆਂ ਦੇ ਫੈਸਲੇ ਖਿਲਾਫ ਕਿਸੇ ਨੇ ਆਵਾਜ਼ ਉਠਾਈ ਤਾਂ ਉਸਨੂੰ ਗੁਰੂ ਪੰਥ ਤੋਂ
ਬੇਮੁਖ ਪੰਥ ਦਾ ਗ਼ੱਦਾਰ ਆਖਿਆ ਗਿਆ, ਇਉਂ ਸ਼ਬਦ, ਗੁਰੂ ਪੰਥ, ਦੇ ਮੁਕਾਬਲੇ ਵਿਅਕਤੀ ਹੀ ਗੁਰੂ ਬਣ
ਬੈਠੇ।
ਅੱਜ ਬਦਕਿਸਮਤੀ ਨਾਲ ਸਿੱਖ, ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ, ਦੀ ਥਾਵੇਂ ਕਈ ਵੱਖ ਵੱਖ
ਧੜਿਆਂ ਵਿਚ ਵੰਡਿਆ ਗਿਆ ਹੈ, ਅਤੇ ਹਰ ਧੜਾ ਇਸ ਸ਼ਕਤੀ ਸ਼ਾਲੀ ਗੁਰੂ ਪੰਥ ਨਾਮ ਤੇ ਅਪਣਾ ਕਬਜ਼ਾ
ਰੱਖਣਾ ਚਾਹੁੰਦਾ ਹੈ, ਉਹ ਸਮਝਦਾ ਹੈ ਮੈ ਪੰਥ {ਰਸਤਾ} ਹਾਂ ਹਰ ਕਿਸੇ ਨੂੰ ਮੇਰੀ ਸੇਧ ਤੇ ਚੱਲਣਾ
ਚਾਹੀਦਾ ਹੈ, ਜਿਹੜਾ ਮੇਰੇ ਘੇਰੇ ਵਿਚ ਨਾ ਰਹੇ, ਉਹ ਗੁਰੂ ਪੰਥ ਦਾ ਗੱਦਾਰ ਹੈ ਅਤੇ ਅੱਜ ਆਮ
ਸਧਾਰਣ ਸਿੱਖ ਭੀ ਇਸ ਪਵਿੱਤਰ ਨਾਮ ਦੇ ਪ੍ਰਭਾਵ ਹੇਠ, ਉਨ੍ਹਾਂ ਵਿਅਕਤੀਆਂ ਨੂੰ ਹੀ ਗੁਰੂ ਪੰਥ
ਸਮਝ ਕੇ, ਅਪਣਾ ਧਾਰਮਿਕ ਅਤੇ ਕੌਮੀ ਭਵਿੱਖ ਉਨ੍ਹਾਂ ਤੇ ਨਿਰਭਰ ਕਰੀ ਬੈਠਾ ਹੈ, ਹਾਲਾਂਕਿ ਉਨ੍ਹਾਂ
ਵਿੱਚ ਕੁੱਛ ਲੋਕ ਪੰਥ ਹੋਣਾਂ ਤਾਂ ਕਿਤੇ ਰਿਹਾ, ਪੰਥਕ ਅਖਵਾਉਣ ਦੇ ਹੱਕਦਾਰ ਭੀ ਨਹੀਂ ਹੁੰਦੇ,
ਕਿਉਂਕਿ ਸ਼ਬਦ ਰੂਪ ਗੁਰੂ ਪੰਥ ਦਾ ਉਨ੍ਹਾਂ ਦੀ ਸੋਝੀ ਅਤੇ ਜੀਵਨ ਨਾਲ ਕੋਈ ਸਬੰਧ ਨਹੀਂ ਦਿਸਦਾ।
ਸੋ, ਇਸ ਲਈ ਪਹਿਲਾਂ ਤਾਂ ਹਰ ਸਿੱਖ ਨੂੰ ਗੁਰੂ ਪੰਥ ਅਤੇ ਪੰਥਕ ਸ਼ਬਦ ਦੇ ਅੰਤਰ ਨੂੰ ਚੰਗੀ ਤਰਾਂ
ਸਮਝ ਲੈਣਾ ਚਾਹੀਦਾ ਹੈ, ਅਤੇ ਹਮੇਸ਼ਾਂ ਸ਼ਬਦ ਰੂਪ ਗੁਰੂ ਪੰਥ ਦੇ ਘੇਰੇ ਵਿੱਚ ਰਹਿਣਾ ਚਾਹੀਦਾ
ਹੈ, ਅਤੇ ਪੰਥਕ ਅਖਵਾਉਣ ਵਾਲਿਆਂ ਨੂੰ ਭੀ ਇਸੇ ਕਸਵੱਟੀ ਤੇ ਪਰਖ ਲੈਣਾ ਜ਼ਰੂਰੀ ਹੋ ਗਿਆ ਹੈ।
ਸ਼ਬਦ ਰੂਪ, ਗੁਰੂ ਪੰਥ ਦੇ ਘੇਰੇ ਵਿਚ ਰਹਿਣ ਵਾਲੇ ਪੰਥਕ
ਕਾਫਲੇ ਨਾਲ ਜੁੜ ਕੇ ਹੀ, ਸ਼ਬਦ ਰੂਪ ਗੁਰੂ ਪੰਥ ਦੀ ਸੰਭਾਲ ਹੋ ਸਕਦੀ ਹੈ, ਅਤੇ ਕੌਮ ਦੀ ਧਾਰਮਿਕ
ਸਮਾਜਿਕ ਅਤੇ ਰਾਜਨੀਤਕ ਜੀਵਨ ਸ਼ਕਤੀ ਬਣੀ ਰਹਿ ਸਕਦੀ ਹੈ।