Share on Facebook

Main News Page

ਸਿੱਖ ਰਹਿਤ ਮਰਿਯਾਦਾ ਇਕ ਜ਼ਰੂਰੀ ਕੌਮੀ ਦਸਤਾਵੇਜ ਹੈ
- ਇੰਦਰਜੀਤ ਸਿੰਘ, ਕਾਨਪੁਰ
(ਇਸ ਦੀ ਜਰੂਰਤ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਲੀ ਵਿਚਾਰਧਾਰਾ ਕੌਮ ਲਈ ਬਹੁਤ ਹੀ ਘਾਤਕ ਸਾਬਿਤ ਹੋ ਸਕਦੀ ਹੈ।)

ਨਾਨਕ ਸ਼ਾਹੀ ਕੈਲੰਡਰ ਵਾਂਗ, ਸਿੱਖ ਰਹਿਤ ਮਰਿਯਾਦਾ ਵੀ ਇਕ ਬਹੁਤ ਹੀ ਜਰੂਰੀ ਕੌਮੀ ਦਸਤਾਵੇਜ (ਡਾਕਯੂਮੇਂਟ/ਇਂਸਟਰੂਮੇਂਟ) ਹੈ। ਅਜ ਕਲ ਕੁਝ ਵੀਰ ਇਸ ਨੂੰ ਪੂਰੀ ਤਰ੍ਹਾਂ ਰਦ ਕਰਨ ਦੀ ਗਲ ਕਰਨ ਲਗ ਪਰੇ ਹਨ। ਇਹ ਵਿਚਾਰਧਾਰਾ ਪੂਰੀ ਕੌਮ ਲਈ ਬਹੁਤ ਹੀ ਘਾਤਕ (Fatal) ਸਾਬਿਤ ਹੋ ਸਕਦੀ ਹੈ।

ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚ ਬਹੁਤ ਸਾਰੇ ਐਸੇ ਨਿਯਮ ਅਤੇ ਗੱਲਾਂ ਹਨ ਜੋ ਸਿੱਖ ਸਿਧਾਂਤਾਂ ਅਤੇ ਨਿਯਮਾਂ ਦੇ ਉਲਟ ਹਨ ਅਤੇ ਉਹ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ। ਇਨਾਂ ਨਿਯਮਾਂ ਨੂੰ ਫੌਰਨ ਹੀ ਸੋਧਨ, ਅਤੇ ਸਿੱਖ ਰਹਿਤ ਮਰਿਯਾਦਾ ਨੂੰ ਗੁਰਮਤਿ ਅਨੁਸਾਰੀ ਬਨਾਉਣ ਦੀ ਬਹੁਤ ਸਖਤ ਲੋੜ ਹੈ, ਲੇਕਿਨ ਅਜ ਕੁਝ ਸਿੱਖ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੇ ਅਮਾਦਾ ਹੋ ਗਏ ਨੇ।

ਸਾਡੇ ਆਗੂਆਂ ਦੇ ਅਵੇਸਲੇਪਣ ਅਤੇ ਅਣਗਹਿਲੀ ਦੇ ਕਾਰਣ ਇਸ ਵਿਚ ਅਜ ਤਕ, ਇਕ ਵੀ ਸੋਧ ਨਹੀਂ ਕੀਤੀ ਜਾ ਸਕੀ। 80 ਸਾਲਾਂ ਵਿਚ ਇਕ ਵੀ ਸੋਧ ਨਹੀਂ ਕੀਤੀ ਗਈ, ਬਲਕਿ ਸਮੇਂ ਸਮੇਂ ਤੇ, ਇਸ ਵਿਚ ਚੁਪ ਚਪੀਤੇ, ਇਸ ਨੂੰ ਹੋਰ ਵਿਕ੍ਰਤ ਕਰਨ ਦੇ ਉਪਰਾਲੇ ਇਨਾਂ ਆਗੂਆਂ ਨੇ ਜਾਰੀ ਰਖੇ ਹੋਏ ਨੇ। ਇਸ ਦੇ ਪ੍ਰਤੀਕਰਮ ਵਜੋਂ ਸਿੱਖ ਰਹਿਤ ਮਰਿਯਾਦਾ ਬਾਰੇ ਭਾਂਤਿ ਭਾਂਤਿ ਦੀਆਂ ਭ੍ਰਾਂਤੀਆਂ ਅਤੇ ਵਿਚਾਰਾਂ ਉਠਨੀਆਂ ਸੁਭਾਵਿਕ ਹੀ ਸਨ । ਕੁਝ ਧਿਰਾਂ ਇਨਾਂ ਨੂੰ ਅਪਣੇ ਪਧਰ ਤੇ ਸੋਧਨ ਲਗ ਪਈਆਂ, ਕੁਝ ਧਿਰਾਂ ਨੇ ਇਸ ਵਿਚ ਗੈਰ ਸਿਧਾਂਤਕ ਨਿਯਮਾਂ ਨੂੰ ਅਪਣੇ ਸ਼ਖਸ਼ੀ ਜੀਵਨ ਜਾਚ ਵਿਚੋਂ ਦਰਕਿਨਾਰ ਕਰ ਦਿਤਾ। ਇਹ ਗਲਾਂ ਤੇ ਗੁਰਮਤਿ ਨੂੰ ਸਮਝਣ ਵਾਲਿਆ ਵਲੋ ਇਕ ਸੁਭਾਵਿਕ ਪ੍ਰਤੀਕਰਮ ਵਜੋ ਜਾਇਜ ਵੀ ਸਨ। ਲੇਕਿਨ ਹੁਣ ਇਕ ਵਿਚਰਧਾਰਾ ਜੋ ਸਿੱਖੀ ਲਈ ਬਹੁਤ ਹੀ ਭਿਆਨਕ ਸਿੱਟੇ ਪੈਦਾ ਕਰ ਸਕਦੀ ਹੈ, ਉਸ ਨੇ ਮੁੰਹ ਚੁਕਣਾਂ ਸ਼ੁਰੂ ਕਰ ਦਿਤਾ ਹੈ, ਜਿਸ ਵਿਚ ਪੂਰੀ ਸਿੱਖ ਰਹਿਤ ਮਰਿਯਾਦਾ ਨੂੰ ਹੀ ਰੱਦ ਕਰ ਦੇਣ ਦੀ ਗਲ ਕੀਤੀ ਜਾ ਰਹੀ ਹੈ।

ਜਾਗਰੂਕ ਤਬਕੇ ਵਿਚ ਇਨਾਂ ਗੈਰ ਸਿਧਾਂਤਕ "ਕਾਂਟੇਂਟਸ" ਨੂੰ ਸੋਧਨ ਦੀ ਗਲ ਚਲਦੀ ਆਈ ਹੈ, ਅਤੇ ਇਸ ਦੀ ਜਰੂਰਤ ਵੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਇਸ ਵਲ ਇਕ ਦੋ ਧਿਰਾਂ ਨੇ ਉਪਰਾਲੇ ਵੀ ਸ਼ੁਰੂ ਕਰ ਦਿਤੇ ਸਨ। ਸਿੱਖ ਰਹਿਤ ਮਰਿਯਾਦਾ ਵਿਚ ਗੈਰ ਸਿਧਾਂਤਕ ਨਿਯਮਾਂ ਅਤੇ "ਕਾਂਟੇਂਟਸ" ਨੂੰ ਹਟਾ ਕੇ ਉਸ ਨੂੰ ਗੁਰਮਤਿ ਅਨੁਸਾਰੀ ਬਣਾਉਣ ਲਈ ਲਗਭਗ ਸਾਰੇ ਜਾਗਰੂਕ ਤਬਕਿਆਂ ਦਾ ਸਮਰਥਨ ਵੀ ਮਿਲ ਰਿਹਾ ਸੀ, ਲੇਕਿਨ ਉਨਾਂ ਸੋਧਾਂ ਨੂੰ ਕਰਨ ਲਈ ਜੋ ਤਰੀਕਾ ਅਤੇ ਵਰਤੀਰਾ ਅਪਣਾਇਆ ਗਇਆ, ਉਹ ਵਿਹਾਰਿਕ ਨਾਂ ਹੋਣ ਕਰਕੇ, ਇਸ ਕੰਮ ਵਿਚ ਵੀ ਖੜੋਤ ਆ ਗਈ ਅਤੇ ਇਹ ਕਮ ਸਿਰੇ ਨਹੀਂ ਚੜ੍ਹ ਸਕਿਆ।

ਖੈਰ, ਅਸੀ ਉਸ ਵਿਸ਼ੈ ਵਲ ਨਾਂ ਜਾ ਕੇ ਇਸ ਗਲ ਤੇ ਵਿਚਾਰ ਕਰਨਾਂ ਹੈ ਕਿ ਮੌਜੂਦਾ "ਸਿੱਖ ਰਹਿਤ ਮਰਿਯਾਦਾ" ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣ ਨਾਲ-

- ਕੀ ਕੌਮ ਦੇ ਸਾਰੇ ਮਸਲੇ ਹਲ ਹੋ ਜਾਂਣਗੇ?
- ਕੀ ਅਖੌਤੀ ਦਸਮ ਗ੍ਰੰਥ ਦਾ ਜੁਲਾ ਪੰਥ ਦੇ ਸਿਰ ਤੋਂ ਲਹਿ ਜਾਵੇਗਾ?
- ਕੀ ਹਜੂਰ ਸਾਹਿਬ ਦੇ ਤਖਤ ਅਤੇ ਹੋਰ ਡੇਰਿਆਂ ਦੀ ਮਰਿਯਾਦਾ ਨੂੰ ਬਦਲਿਆ ਜਾ ਸਕੇਗਾ?
- ਕੀ ਇਸ ਨੂੰ ਪੂਰੀ ਤਰ੍ਹਾਂ ਨਕਾਰ ਦੇਂਣ ਤੋ ਬਾਦ, ਜੋ ਰਹਿਤ ਮਰਿਯਾਦਾ, ਅਕਾਲ ਤਖਤ ਤੇ ਕਾਬਿਜ "ਗ੍ਰੰਥੀ ਲਾਣਾਂ" ਜਾਰੀ ਕਰੇਗਾ ਕੌਮ ਉਸ ਨੂੰ ਮਨੇਗੀ? ਕਿ ਰਹਿਤ ਮਰਿਯਾਦਾ ਨੂੰ ਰੱਦ ਕਰਨ ਦੀ ਪੈਰਵੀ ਕਰਨ ਵਾਲਿਆ ਦੀ ਗਲ ਨੂੰ ਕੌਮ ਸੁਣੇਗੀ? ( ਵਿਗਾੜੇ ਗਏ ਨਾਨਾਕ ਸ਼ਾਹੀ ਕੈਲੰਡਰ ਨੂੰ ਮਨਣ ਵਾਲੇ ਬਹੁਤੇ ਹਨ ਇਹ ਆਪ ਜੀ ਦੇ ਸਾਮ੍ਹਣੇ ਹੈ।)

ਸਿੱਖ ਰਹਿਤ ਮਰਿਯਾਦਾ ਨੂੰ ਨਕਾਰ ਦੇਣ ਤੋਂ ਬਾਦ ਕੀ ਹਰ ਡੇਰੇ, ਸਾਧ ਅਤੇ ਤਖਤ ਅਪਣੀ ਅਪਣੀ ਮਰਿਯਾਦਾ ਅਨੁਸਾਰ ਚਲਣ ਲਈ ਹੋਰ ਅਜਾਦ ਨਹੀਂ ਹੋ ਜਾਣਗੇ? ਫੇਰ ਇਨਾਂ ਤੇ ਕੀ ਅੰਕੁਸ਼ ਰਹਿ ਜਾਵੇਗਾ?

ਹਰ ਬੰਦਾ, ਹਰ ਸੰਸ਼ਥਾ ਅਪਣਾਂ ਸਵਿਧਾਨ ਬਣਾਂ ਲਵੇਗੀ। ਫੇਰ ਇਨਾਂ ਵੀਰਾਂ ਕੋਲ ਉਸ ਦਾ ਵਿਰੋਧ ਕਰਨ ਲਈ ਜਾਂ ਉਨਾਂ ਨੂੰ ਐਸਾ ਕਰਨ ਤੋਂ ਰੋਕਨ ਲਈ ਕੇੜ੍ਹਾ ਡਾਕੂਮੇਂਟ ਹੋਵੇਗਾ? ਜਿਸ ਦੇ ਅਧਾਰ ਤੇ ਇਹ ਉਨਾਂ ਨੂੰ ਰੋਕ ਸਕਣਗੇ?

ਉਸ ਵੇਲੇ ਦੇ "ਜੰਗਲ ਰਾਜ" ਦਾ ਦ੍ਰਿਸ਼ ਇਨਾਂ ਵੀਰਾਂ ਨੂੰ ਦਿਖਾਈ ਨਹੀਂ ਦੇ ਰਿਹਾ ਹੈ, ਇਸ ਲਈ ਇਹ ਇਕੋ ਰਾਗ ਅਲਾਪ ਕੇ ਪੰਥ ਵਿਰੋਧੀਆਂ ਦਾ ਹੀ ਕਮ ਆਸਾਨ ਕਰੀ ਜਾ ਰਹੇ ਨੇ। ਉਹ ਤੇ ਇਸੇ ਇੰਤਜਾਰ ਵਿਚ ਨੇ ਕਿ ਤੁਸੀ ਇਸ ਨੂੰ ਰੱਦ ਕਰੋ, ਤੇ ਉਹ ਇਸ ਨੂੰ ਅਪਣਾਂ ਕੇ ਇਸ ਨੂੰ ਅਪਣੇ ਮਨ ਮੁਤਾਬਿਕ ਸੋਧਾ ਕਰਕੇ ਹੋਰ ਵਿਕ੍ਰਤ ਕਰ ਦੇਣ।

ਸਿੱਖ ਰਹਿਤ ਮਰਿਯਾਦਾ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਲੇ ਵੀਰ ਨਾਂ ਤੇ ਦੂਰ ਅੰਦੇਸ਼ੀ ਹਨ ਅਤੇ ਨਾਂ ਹੀ ਪਰਿਪੱਕ ਵਿਚਾਰਧਾਰਾ ਦੇ ਧਾਰਣੀ ਹਨ, ਕਿਉਕਿ ਜੇ ਕਿਸੇ ਵੀ ਕੌਮੀ ਦਸਤਵੇਜ ਜਾਂ ਡਾਕਯੂਮੇਂਟ ਵਿਚ ਕੁਝ ਗੈਰ ਸਿਧਾਂਤਕ ਗਲਾਂ ਜਾਂ ਉਨਤਾਈਆਂ ਰਹਿ ਗਈਆਂ ਹਨ ਤੇ ਉਨਾਂ ਨੂੰ ਸੋਧਨ ਦੀ ਬਜਾਇ ਪੂਰੇ ਦਸਤਾਵੇਜ ਨੂੰ ਹੀ ਰੱਦ ਕਰ ਦੇਣਾਂ ਕੋਈ ਸਿਆਣਪ ਵਾਲਾ ਕਦਮ ਨਹੀਂ।

ਇਸ ਗਲ ਨੂੰ ਸਮਝਣ ਲਈ "ਨਾਨਕ ਸ਼ਾਹੀ ਕੈਲੰਡਰ" ਦਾ ਜਿਕਰ ਕਰਦੇ ਹਾਂ। ਨਾਨਕ ਸ਼ਾਹੀ ਕੈਲੰਡਰ ਵੀ ਸਿੱਖ ਰਹਿਤ ਮਰਿਯਾਦਾ ਵਾਂਗ ਹੀ ਕੌਮ ਦਾ ਇਕ ਬੇਹਦ ਜਰੂਰੀ ਦਸਤਾਵੇਜ ਹੈ। ਨਾਨਕ ਸ਼ਾਹੀ ਕੈਲੰਡਰ ਵੀ ਸਿੱਖ ਰਹਿਤ ਮਰਿਯਾਦਾ ਵਾਂਗ ਹੀ ਸਿੱਖ ਦੀ ਅਡਰੀ ਪਹਿਚਾਨ ਤੇ ਉਸ ਦੇ ਨਵੇਕਲੇਪਣ ਨੂੰ ਸੁਨਿਸ਼ਚਿਤ ਕਰਦਾ ਹੈ। ਇਸ ਦਾ ਮੂਲ ਰੂਪ ਜੋ 2003 ਵਿਚ ਅਕਾਲ ਤਖਤ ਤੋਂ ਜਾਰੀ ਹੋਇਆ ਉਸ ਵਿਚ ਵੀ ਬਹੁਤ ਸਾਰੀਆਂ ਕਮਿਆਂ ਰਹਿ ਗਇਆ ਸਨ। ਇਸ ਦਾ ਕਾਰਣ ਇਹ ਨਹੀਂ ਸੀ ਕਿ ਉਸ ਨੂੰ ਤਿਆਰ ਕਰਨ ਵਾਲੇ ਵਿਦਵਾਨ, ਪਾਲ ਸਿੰਘ ਪੁਰੇਵਾਲ ਜਾਂ ਪੰਥ ਦੇ ਹੋਰ ਵਿਦਵਾਨ ਇਨਾਂ ਕਮਿਆਂ ਨੂੰ ਜਾਂਣਦੇ ਨਹੀਂ ਸਨ ਜਾਂ ਉਨਾਂ ਨੂੰ ਇਸ ਦਾ ਗਿਆਨ ਨਹੀਂ ਸੀ, ਬਲਕਿ ਪੰਥ ਵਿਰੋਧੀ ਤਾਕਤਾਂ ਦੇ ਰੂਪ ਵਿਚ ਕੁਝ ਕੇਸਾਧਾਰੀ ਬ੍ਰਾਹਮਣ ਗ੍ਰੰਥੀਆਂ ਨੇ ਇਤਨਾਂ ਜੋਰ ਪਾਇਆ ਹੋਇਆ ਸੀ ਕਿ ਇਹ ਦਸ ਵਰ੍ਹੇ ਠੰਡੇ ਬਸਤੇ ਵਿਚ ਪਇਆ ਰਿਹਾ।

ਇਸ ਵਿੱਚ ਆਰ.ਐਸ.ਐਸ ਦੇ ਇਕ ਉਘੇ ਮੈਂਬਰ ਹੈਡ ਗ੍ਰੰਥੀ ਪੂਰਨ ਸਿੰਘ ਦਾ ਵੀ ਬਹੁਤ ਵਡਾ ਰੋਲ ਰਿਹਾ। ਇਹ ਗ੍ਰੰਥੀ ਇਸ ਨੂੰ ਆਰ ਐਸ ਐਸ ਦੀ ਸੋਚ ਮੁਤਾਬਿਕ , ਕਿਸੇ ਕੀਮਤ ਤੇ ਲਾਗੂ ਹੋਣ ਦੇਣਾਂ ਨਹੀਂ ਸੀ ਚਾਂਉਦਾ। ਪੰਥ ਦਰਦੀਆ ਨੇ ਇਹ ਸੋਚਿਆ ਸੀ ਕਿ ਕੁਝ ਕੰਪ੍ਰੋਮਾਈਜ ਕਰ ਕੇ ਵੀ ਜੇ ਇਸ ਨੂੰ ਕਿਸੇ ਤਰ੍ਹਾਂ ਇਕ ਵਾਰ ਲਾਗੂ ਕਰ ਦਿਤਾ ਜਾਵੇ, ਤੇ ਬਾਦ ਵਿਚ ਇਸ ਵਿਚ ਰਹਿ ਗਈਆਂ ਕਮੀਆਂ ਨੂੰ ਦੂਰ ਕਰ ਲਿਆ ਜਾਵੇਗਾ। ਇਹ ਹੀ ਤਰੀਕਾ ਅਪਣਾਇਆ ਗਇਆ। ਦਸ ਸਾਲ ਤਕ ਠੰਡੇ ਬਸਤੇ ਵਿਚ ਪਇਆ ਕੌਮ ਦੀ ਵਖਰੀ ਹੋਂਦ ਦਾ ਪ੍ਰਤੀਕ ਇਹ ਨਾਨਾਕ ਸ਼ਾਹੀ ਕੈਲੰਡਰ 2003 ਵਿਚ ਲਾਗੂ ਤੇ ਹੋ ਗਇਆ, ਲੇਕਿਨ ਇਸ ਵਿਚ ਸੰਗ੍ਰਾਂਦ, ਮਸਿਆ ਅਤੇ ਪੂਰਨਮਾਸੀ ਜਹੇ ਬ੍ਰਾਹਮਣੀ ਦਿਹਾੜੇ ਜਿਨਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਹੈ, ਸਿੱਖਾਂ ਦੇ ਸਿਰ ਮੜ ਦਿਤੇ ਗਏ।

ਕੌਮ ਕਮਜੋਰ ਹੂੰਦੀ ਗਈ ਤੇ "ਧਰਮ ਮਾਫੀਆ" ਹੋਰ ਤਾਕਤਵਰ ਹੋ ਕੇ ਉਭਰਨ ਲਗ ਪਿਆ। ਇਸ "ਧਰਮ ਮਾਫੀਆ" ਨੂੰ ਹੁਣ ਸਿਆਸੀ ਆਕਾਵਾਂ ਵਲੋਂ ਵੀ ਗੋਲਕ ਦੀ ਖੁੱਲੀ ਲੁਟ ਖਸੋਟ ਕਰਨ ਦੀ ਛੂਟ ਮਿਲ ਗਈ ਅਤੇ ਸਿਆਸੀ ਤਾਕਤ ਵੀ ਮਿਲ ਰਹੀ ਸੀ। "ਧਰਮ ਮਾਫੀਆ" ਦੀ "ਬੁਰਛਾਗਰਦੀ" ਦਿਨ ਬ ਦਿਨ ਵਧ ਰਹੀ ਸੀ। ਪੰਥ ਦਰਦੀ ਪੰਥ ਤੋਂ ਛੇਕੇ ਜਾਂਦੇ ਰਹੇ ਤੇ ਹਿੰਦੂ ਰਾਸ਼ਟਰਵਾਦੀਆਂ ਦੇ ਝੋਲੀ ਚੁਕ, ਆਏ ਦਿਨ ਸਿੱਖੀ ਸਿਧਾਤਾਂ ਨੂੰ ਨੇਸਤੇਨਾਬੂਦ ਕਰਨ ਵਿਚ ਰੁਝ ਗਏ। ਧਰਮ ਮਾਫੀਆ ਦਾ ਪਹਿਲਾ ਨਿਸ਼ਾਨਾਂ ਇਹ ਕੌਮੀ ਦਸਤਾਵੇਜ, ਨਾਨਕ ਸ਼ਾਹੀ ਕੈਲੰਡਰ ਬਣਿਆ। ਜਿਸਨੂੰ ਵੇਲਾ ਆਉਣ ਤੇ, ਪੰਥ ਦਰਦੀਆਂ ਨੇ ਗੁਰਮਤਿ ਅਨੁਸਾਰੀ ਬਣਾਉਣ ਦੀ ਗਲ ਸੋਚੀ ਸੀ, ਉਹ ਤਾਂ ਪੂਰੀ ਨਾਂ ਹੋ ਨਹੀਂ ਸਕੀ, ਬਲਕਿ ਇਸ ਕੈਲੰਡਰ ਨੂੰ ਹੀ ਧਰਮ ਮਾਫੀਆ ਨੇ ਕਤਲ ਕਰ ਕੇ ਰਖ ਦਿਤਾ। ਇਸ ਦਾ "ਟਾਈਟਲ" ਤੇ ਉਹ ਹੀ ਰਿਹਾ ਪਰ ਇਸ ਦੇ ਅੰਦਰ ਪੂਰੀ ਬ੍ਰਾਹਮਣੀ ਜੰਤਰੀ ਭਰ ਦਿਤੀ ਗਈ। ਹੁਣ 90% ਸਿੱਖ ਜੱਥੇਬੰਦੀਆਂ, ਅਕਾਲ ਤਖਤ ਦਾ ਹੁਕਮ ਮਣ ਕੇ ਇਸ ਨੂੰ ਹੀ ਮਣ ਰਹੀਆਂ ਨੇ, ਤੇ ਮੂਲ ਨਾਨਕ ਸ਼ਾਹੀ ਕੈਲੰਡਰ, ਪੰਥ ਦਰਦੀਆਂ ਦੇ ਘਰ ਦੀ ਦੀਵਾਰ ਤੇ ਲਟਕ ਕੇ ਰਹ ਗਇਆ ਹੈ। ਸਿੱਖਾਂ ਦੀ ਸੋਧਾਂ ਕਰਨ ਵਾਲੀ ਸਕੀਮ ਤੇ ਕਾਮਯਾਬ ਨਾਂ ਹੋਈ ਉਸ ਦਾ ਵਿਕ੍ਰਤ ਰੂਪ ਕੌਮ ਤੇ ਜਰੂਰ ਲਾਗੂ ਹੋ ਚੁਕਿਆ ਹੈ । ਪਤਾ ਨਹੀਂ ਹੁਣ ਉਹ ਕਿਨੀਆ ਸਦੀਆ ਤਕ ਕੌਮ ਤੇ ਲਾਗੂ ਰਹੇਗਾ ?

ਵੀਰੋ ! ਸਿੱਖ ਰਹਿਤ ਮਰਿਯਦਾ ਨਾਲ ਵੀ ਹੂ ਬ ਹੂ ਇਹ ਹੀ ਵ੍ਰਿਤਾਂਤ ਵਾਪਰਿਆ ਸੀ। ਨਾਨਕ ਸ਼ਾਹੀ ਕੈਲੰਡਰ ਵਾਂਗ ਸਿੱਖ ਰਹਿਤ ਮਰਿਯਾਦਾ ਦਾ ਖਰੜਾ ਵੀ ਦਸ ਵਰ੍ਹੇ ਦਇਆਨੰਦ ਸਾਧੂ ਅਤੇ ਪੰਜਾਬ ਦੇ ਮਹਾਸ਼ਿਆ ਦੇ ਹੱਥ ਠੋਕੇ ਗ੍ਰੰਥੀਆਂ ਅਤੇ ਭਾੜੇ ਦੇ ਵਿਦਵਾਨਾਂ ਨੇ ਲਾਗੂ ਨਹੀਂ ਸੀ ਹੋਣ ਦਿਤਾ । ਜਦੋਂ ਇਹ ਲਾਗੂ ਹੋਇਆ ਤੇ ਇਸ ਵਿਚ "ਕੂੜ ਗ੍ਰੰਥ" ਦੀਆ ਬਹੁਤ ਸਾਰੀਆ ਬਾਣੀਆਂ ਦੀ ਘੁਸਪੈਠ ਕਰ ਦਿਤੀ ਗਈ ਸੀ। ਬਹੁਤ ਸਾਰੇ ਨਿਯਮ ਐਸੇ ਸਨ ਜੋ ਗੁਰੂ ਗਰੰਥ ਸਾਹਿਬ ਜੀ ਦੀ ਕਸਵੱਟੀ ਤੇ ਖਰੇ ਨਹੀਂ ਸਨ ਉਤਰਦੇ । ਜਰੂਰਤ ਤਾਂ ਇਹ ਸੀ ਕਿ ਫੌਰਨ ਇਨਾਂ ਨੂੰ ਸੋਧ ਕੇ ਗੁਰਮਤਿ ਅਨੁਸਾਰ ਕਰ ਲੈਣ ਦੀ । ਲੇਕਿਨ ਫਿਰ ਉਹ ਹੀ ਪੰਥ ਵਿਰੋਧੀ ਤਾਕਤਾਂ ਦਾ , ਪੰਥ ਦਰਦੀਆਂ ਤੇ ਹਾਵੀ ਹੋਣਾਂ , ਇਸ ਕਮ ਨੂੰ ਕਦੀ ਵੀ ਸਿਰੇ ਨਾਂ ਚਾੜ੍ਹ ਸਕਿਆ। ਭਲਾ ਹੋਵੇ ਭਾਈ ਕਾਨ੍ਹ ਸਿੰਘ ਨਾਭਾਂ ਵਰਗੇ ਵਿਦਵਾਨਾਂ ਦਾ ਜਿਨਾਂ ਅਪਣੇ ਜੀਵਨ ਦੇ ਅਖੀਰਲੇ ਪੜਾਂਅ ਤੇ ਸਿੱਖ ਰਹਿਤ ਮਰਿਯਾਦਾ ਦੇ ਖਰੜੇ ਦੇ ਇਸ ਵਿਕ੍ਰਤ ਰੂਪ ਨੂੰ ਵੀ ਕੌਮ ਸਾਮਣੇ ਪੇਸ਼ ਕਰਨ ਦਾ ਵਿਰੋਧ ਨਹੀਂ ਕੀਤਾ । ਕਿਉ ਕਿ ਉਹ ਜਾਂਣਦੇ ਸਨ ਕਿ ਇਸ ਖਰੜੇ ਵਿਚ ਬਹੁਤ ਕੁਝ ਗੁਮਤਿ ਦੇ ਉਲਟ ਹੈ , ਲੇਕਿਨ ਆਉਣ ਵਾਲੇ ਸਮੇਂ ਅੰਦਰ ਸਿੱਖ ਰਹਿਤ ਮਰਿਯਾਦਾ ਹੀ ਇਕ ਐਸਾ ਦਸਤਾਵੇਜ ਹੋਵੇਗਾ, ਜੋ ਸਿੱਖੀ ਨੂੰ ਹਿੰਦੂ ਮਤਿ ਵਿਚ ਗਰਕ ਹੋ ਜਾਂਣ ਤੋਂ ਬਚਾ ਸਕਦਾ ਹੈ। ਜੇ ਚੰਗਾ ਵੇਲਾ ਆਇਆ , ਸਿੱਖੀ ਪ੍ਰਫੁਲਿਤ ਹੂੰਦੀ ਰਹੀ ਤੇ ਉਹ ਵੇਲਾ ਆਉਣ ਤੇ ਸਿੱਖ ਇਸ ਵਿਚ ਗੁਰਮਤਿ ਅਨੁਸਾਰ ਸੋਧਾ ਆਪ ਕਰ ਲੈਣਗੇ । ਲੇਕਿਨ ਅਫਸੋਸ ! ਕਿ ਇਹ ਕਮ ਕਦੀ ਵੀ ਸਿਰੇ ਨਾਂ ਚੜ੍ਹ ਸਕਿਆ , ਕਿਉ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਟੁਟ ਕੇ ਆਪਸ ਵਿਚ ਹੀ, ਗੱਲੇ ਗੱਲੇ ਲੜਦਾ ਰਿਹਾ ਤੇ ਦੁਸ਼ਮਨ ਅਪਣਾਂ ਕਮ ਪੂਰਾ ਕਰਦਾ ਰਿਹਾ । ਅਜ ਵੀ ਸਿੱਖਾਂ ਦਾ ਉਹ ਹੀ ਹਾਲ ਹੈ। ਇਸ ਵਿਸ਼ੈ ਤੇ ਦਾਸ ਜਨਤਕ ਰੂਪ ਵਿਚ ਕੋਈ ਗਲ ਕਰਨਾਂ ਹੀ ਨਹੀਂ ਸੀ ਚਾਂਉਦਾ ਲੇਕਿਨ ਇੰਟਰਨੇਟ ਤੇ ਕੁਝ ਵੀਰ ਇਸ ਨੂੰ ਸਿਰੇ ਤੋਂ ਰੱਦ ਕਰਨ ਦਾ ਜੋ ਸੰਦੇਸ਼ ਦੇ ਰਹੇ ਨੇ ਉਹ ਕੌਮ ਲਈ ਬਹੁਤ ਹੀ ਭਇਆਨਕ ਸਿੱਟਿਆ ਨੂੰ ਜਨਮ ਦੇ ਸਕਦਾ ਹੈ । ਇਸ ਕਰਕੇ ਇਸ ਬਾਰੇ ਲਿਖਣ ਨੂੰ ਮਜਬੂਰ ਹੋ ਗਇਆ ਹਾਂ। ਕਿਉਕੇ ਜੇ ਬਹੁਤਾ ਚਿਰ ਇਨਾਂ ਵੀਰਾਂ ਨੂੰ ਰੋਕਿਆ ਨਾਂ ਗਇਆ ਤੇ ਇਹ ਪੰਥ ਦਾ ਬਹੁਤ ਵਡਾ ਨੁਕਸਾਨ ਕਰ ਦੇਂਣਗੇ ਜਿਸ ਨੂੰ ਕਈ ਸਦੀਆਂ ਤਕ ਪੂਰਾ ਕਰਨਾਂ ਮੁਮਕਿਨ ਨਹੀਂ ਹੋਵੇਗਾ।ਸਿੱਖ ਰਹਿਤ ਮਰਿਯਾਦਾ ਦੇ ਮੌਜੂਦਾ ਖਰੜੇ ਵਿਚ ਭਾਵੇ "ਕੂੜ ਗ੍ਰੰਥ" ਦੇ ਕਈ ਅੰਸ਼ ਅਤੇ ਕਈ ਗੈਰ ਸਿਧਾਂਤਕ ਨਿਯਮ ਮੋਝੁਦ ਹਨ ਲੇਕਿਨ ਸਿੱਖ ਰਹਿਤ ਮਰਿਯਾਦਾ ਹੀ ਇਕ ਐਸਾ ਕੌਮੀ ਦਸਤਾਵੇਜ ਹੈ ਜੋ

- ਸਿੱਖ ਨੂੰ ਬ੍ਰਾਹਮਣ ਵਾਦ ਦੇ ਖਾਰੇ ਸਾਗਰ ਵਿਚ ਡੁਬਣ ਤੋਂ ਬਚਾਂਉਦਾ ਹੈ।
- ਇਸ ਡਾਕੂਮੇਂਟ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਡੀ ਬਾਇੰਡਿੰਗ ਖੁਲਣ ਤੋਂ ਸਿਖ ਨੂੰ ਬਚਾਇਆ ਹੋਇਆ ਹੈ।
- ਇਸ ਦਸਤਾਵੇਜ ਨੇ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਦੂਜੇ ਕੂੜ ਗ੍ਰੰਥ ਦਾ ਹਨੇਰਾ ਨਹੀਂ ਹੋਣ ਦਿਤਾ, ਨਹੀਂ ਤਾਂ ਹਜੂਰ ਸਾਹਿਬ ਵਾਂਗ ਹਰ ਗੁਰਦੁਆਰੇ ਵਿਚ "ਕੂੜ ਗ੍ਰੰਥ" ਦਾ ਹਨੇਰਾ ਹੋ ਚੁਕਾ ਹੋਣਾਂ ਸੀ।
- ਇਸ ਦਸਤਾਵੇਜ ਨੇ ਹੀ ਇਕ ਸਿੱਖ ਦੀ ਧੀ ਦਾ ਵਿਆਹ ਇਕ ਸਿੱਖ ਬੱਚੇ ਨਾਲ ਕਰਨ ਦਾ ਨਿਯਮ ਬਣਾਂ ਕੇ ਅਜੋਕੇ ਸਮੇਂ ਵਿਚ ਸਿੱਖੀ ਦੀ ਨਸਲਕੁਸ਼ੀ ਤੋਂ ਸਾਨੂੰ ਬਚਾਇਆ ਹੋਇਆ ਹੈ।
- ਕਿਸੇ ਦੇਵੀ ਦੇਵਤੇ, ਵਰਤ, ਸ਼੍ਰਾਧ ,ਕਨਿਆਂ ,ਬ੍ਰਾਹਮਣ ਭੋਜ.ਪਿਤਰ ਪੂਜਣ ਆਦਿਕ ਤੋਂ ਸਿੱਖ ਨੂੰ ਦੂਰ ਰਖ ਕੇ ਹਿੰਦੂ ਧਰਮ ਵਿਚ ਜਜਬ ਹੋਣ ਤੋਂ ਬਚਾਇਆ ਹੋਇਆ ਹੈ।
- ਇਸ ਦਸਤਾਵੇਜ ਨੇ ਹੀ ਸੰਗਤ ਵਿਚ ਗੁਰਬਾਣੀ ਤੋਂ ਅਲਾਵਾਂ ਹੋਰ ਕਿਸੇ ਕੂੜ ਗ੍ਰੰਥ ਦੀ ਬਾਣੀ ਦਾ ਗਇਨ ਕਰਨ ਤੋਂ ਕੌਮ ਨੂੰ ਬਚਾਇਆ ਹੋਇਆ ਹੈ।
- ਇਸ ਦਸਤਾਵੇਜ ਨੇ ਹੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਇਕ ਸਿੱਖ ਨੂੰ ਬੈਠਨ ਦੀ ਇਜਾਜਤ ਦਿਤੀ ਹੈ, ਕਿਸੇ ਅਨਮਤ ਦੇ ਬੰਦੇ ਨੂੰ ਨਹੀਂ , ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਂਝੀਵਾਲਤਾ ਅਤੇ ਚਹੁ ਵਰਣਾਂ ਦੇ ਸਾਂਝੇ ਉਪਦੇਸ਼ ਦੀ ਆੜ ਵਿਚ ਮੰਦਿਰਾਂ ਵਿਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਣਾਂ ਸੀ।
- ਇਹੋ ਜਹੇ ਸੈੰਕੜੇ ਨਿਯਮ ਐਸੇ ਨੇ ਜੋ ਸਿੱਖਾਂ ਨੂੰ ਅਪਣੀ ਇਕ ਵਖਰੀ ਹੋਂਦ ਦਾ ਅਹਿਸਾਸ ਕਰਵਾਂਉਦੇ ਨੇ ਤੇ ਦੂਜੇ ਧਰਮਾਂ ਤੋਂ ਵਖ ਰਖਦੇ ਨੇ।

ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚ ਗੈਰ ਸਿਧਾਂਤਕ ਨਿਯਮਾਂ ਨੂੰ ਸੋਧ ਕੇ ਗੁਰਮਤਿ ਅਨੁਸਾਰੀ ਬਣਾਉਨ ਦੀ ਗਲ ਕਰਨ ਦੀ ਬਜਾਏ , ਪੂਰੀ ਰਹਿਤ ਮਰਿਯਾਦਾ ਤੋਂ ਹੀ ਖਹਿੜਾ ਛੁੜਾ ਲੈਣ ਦੀ ਗਲ ਕਿਵੇਂ ਜਾਇਜ ਹੋ ਸਕਦੀ ਹੈ ? ਨਾਨਕ ਸ਼ਾਹੀ ਕੈਲੰਡਰ ਵੀ ਇਕ ਪੰਥਿਕ ਦਸਤਾਵੇਜ ਹੈ। ਕੇਸਾਧਾਰੀ ਬ੍ਰਾਹਮਣਾਂ ਨੇ ਇਸ ਨੂੰ ਵਿਕ੍ਰਤ ਕਰ ਦਿਤਾ ਉਸ ਵਿਚ ਗੈਰ ਸਿਧਾਤਕ ਸੋਧਾ ਕਰ ਦਿਤੀਆਂ। ਹੁਣ ਅਸੀ ਇਸ ਨੂੰ , ਉਸ ਦੇ ਮੂਲ ਰੂਪ ਵਿਚ ਵਾਪਸ ਲਿਆਉਣ ਦੇ ੳਪਰਾਲੇ ਕਰਾਂਗੇ ਕਿ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਇਸ ਤੋਂ ਅਪਣਾਂ ਖਹਿੜਾ ਛੁੜਾ ਲਵਾਂਗੇ ?

ਮੇਰੇ ਭੋਲੇ ਵੀਰੋ ! ਕਿਤੇ ਇਹ ਨਾਂ ਸੋਚ ਲਇਆ ਜੇ ਕਿ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰ ਦੇਣ ਨਾਲ ਸਾਰੇ ਪੰਥਿਕ ਮਸਲੇ ਹਲ ਹੋ ਜਾਂਣਗੇ। ਤੁਸੀ ਇਸ ਨੂੰ ਰੱਦ ਕਰ ਦਿਉ,ਇਸ ਨੂਮ ਬਾਹਰ ਸੁਟ ਦਿਉ! ਤੁਹਡਾ ਦੁਸ਼ਮਨ ਇਸ ਨੂੰ ਚੁਕ ਕੇ ਲੈ ਜਾਵੇਗਾ । ਉਹ ਉਸ ਦਿਨ ਦਾ ਇੰਤਜਾਰ, ਘਾਤ ਲਾ ਕੇ , ਬਹੁਤ ਹੀ ਬੇਸਬਰੀ ਨਾਲ ਕਰ ਰਿਹਾ ਹੈ। ਉਸ ਵਿਚ ਅਪਣੇ ਮਨ ਮੁਤਾਬਿਕ ਸੋਧਾਂ ਕਰੇਗਾ । ਹਲੀ ਤੇ ਕੂੜ ਗ੍ਰੰਥ ਦੇ ਤਿਨ ਚਾਰ ਅੰਸ਼ ਮੌਜੂਦ ਹਨ ,ਫੇਰ ਤੇ ਇਸ ਵਿਚ ਕੂੜ ਗ੍ਰੰਥ ਹੀ ਗੁਰੂ ਬਣਾਂ ਦਿਤਾ ਜਾਵੇਗਾ। ਤੁਸੀ ਫੇਰ ਕਿਸ ਮੂਹੋ ਇਸ ਦਾ ਵਿਰੋਧ ਕਰੋਗੇ ? ਤੁਸੀ ਕਿਸ ਅਧਾਰ ਤੇ ਇਨਾਂ ਨੂੰ , ਉਹ ਸਭ ਕਰਨ ਤੋਂ ਰੋਕੋਗੇ ? ਇਨਾਂ ਦੀਆ ਹਰਕਤਾਂ ਵੇਖ ਵੇਖ ਕੇ ਪੰਥ ਦਰਦੀ ਤੜਫਣ ਗੇ, ਲੇਕਿਨ ਕਰ ਕੁਝ ਵੀ ਨਹੀਂ ਸਕਣਗੇ , ਕਿਉ ਕੇ ਤੁਸੀ ਤੇ ਉਸ ਰਹਿਤ ਮਰਿਯਾਦਾ ਨੂੰ ਨਕਾਰ ਹੀ ਚੁਕੇ ਹੋਵੋਗੇ? ਤੁਸੀ ਤੇ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰਕੇ ਇਸ ਤੇ ਅਪਣਾਂ ਅਧਿਕਾਰ ਹੀ ਖੋ ਚੁਕੇ ਹੋਵੋਗੇ। ਜੋ ਚੀਜ ਘਰੋਂ ਬਾਹਰ ਸੁਟ ਦਿਤੀ ਜਾਂਦੀ ਹੈ , ਉਸ ਨੂੰ ਕੋਈ ਵੀ ਚੁਕ ਕੇ ਲੈ ਜਾਵੇ, ਉਸ ਦਾ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕਰੇ, ਸੁਟੱਣ ਵਾਲੇ ਦਾ ਉਸ ਤੇ ਫੇਰ ਕੋਈ ਹਕ ਨਹੀਂ ਰਹਿ ਜਾਂਦਾ।

ਇਹ ਵੀਰ ਇਕ ਹੋਰ ਬੜੀ ਹਾਸੋਹੀਣੀ ਗਲ ਕਰਦੇ ਹਨ ਕਿ ਸਿੱਖ ਰਹਿਤ ਮਰਿਯਾਦਾ ਦੀ ਲੋੜ ਹੀ ਕੀ ਹੈ ? ਜੀਵਨ ਜਾਚ ਤੇ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਸਿਧਾ ਜੋੜ ਕੇ ਅਸੀ ਸਿੱਖ ਨੂੰ ਜੀਵਨ ਜਾਚ ਸਿਖਾਵਾਂਗੇ। ਸੁਨਣ ਵਿਚ ਇਹ ਗਲ ਬਹੁਤ ਹੀ ਸਿਧਾਂਤਕ ਅਤੇ ਸਹੀ ਲਗਦੀ ਹੈ,ਤੇ ਗੁਰੂ ਗ੍ਰੰਥ ਸਾਹਿਬ ਸਿੱਖ ਲਈ ਜੀਵਨ ਜਾਚ ਤੇ ਹੈ ਵੀ ਹਨ, ਇਹ ਵੀ ਸੱਚ ਹੈ। ਲੇਕਿਨ ਇਨਾਂ ਵੀਰਾਂ ਦੇ ਇਸ ਤਰਕ ਤੇ ਬਹੁਤ ਤਰਸ ਵੀ ਆਉਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਸਿੱਖਾਂ ਨੂੰ ਸਿਧਾ ਕਿਸ ਤਰ੍ਹਾਂ ਜੋੜੋਗੇ ? ਸਿੱਖ ਕੌਮ ਦੀ 95% ਨਵੀ ਪਨੀਰੀ ਨੂੰ ਗੁਰਮੁਖੀ ਨਹੀਂ ਆਉਦੀ।"ਸ਼ਬਦ ਗੁਰੂ" ਦਾ ਕਾਂਸੇਪਟ ਹੀ ਨਹੀਂ ਪਤਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਵਾਲੇ ਬਹੁਤੇ ਪ੍ਰਚਾਰਕ ਆਪ ਗੁਰਬਾਣੀ ਅਤੇ ਸਿੱਖ ਸਿਧਾਤਾਂ ਤੋਂ ਅਨਜਾਣ ਨੇ। ਸਾਡੇ ਧਾਰਮਿਕ ਆਗੂ ਅਤੇ ਪ੍ਰਧਾਨ ਆਪ ਹੀ ਗੁਰਮਤਿ ਤੋਂ ਵਿਹੂਣੇ ਅਤੇ ਸਖਣੇ ਨੇ। ਸਾਰੀ ਕੌਮ ਦਾ ਇਹ ਹੀ ਹਾਲ ਹੈ। ਚੌਧਰ ਅਤੇ ਹਉਮੇਂ ਵਿਚ ਗਲਤਾਨ ਜਾਗਰੂਕ ਤਬਕਾ ਆਪ ਗੁਰੂ ਗ੍ਰੰਥ ਸਾਹਿਬ ਨਾਲ ਸਿਧਾ ਨਹੀਂ ਜੁੜ ਸਕਿਆ। ਨਵੀਂ ਪਨੀਰੀ ਨੂੰ ਕਿਨੀਆਂ ਸਦੀਆਂ ਵਿਚ ਗੁਰੂ ਗ੍ਰੰਥ ਸਾਹਿਬ ਨਾਲ ਸਿਧਾ ਜੋੜੋਗੇ? ਜੇ ਗੁਰੂ ਗ੍ਰੰਥ ਸਾਹਿਬ ਨਾਲ ਸਿਧਾ ਜੁੜਨਾਂ ਇਨਾਂ ਆਸਾਨ ਹੂੰਦਾ ਤੇ ਅਜ ਕੌਮ ਦੇ ਸਾਮ੍ਹਣੇ ਇਨੇ ਭੰਬਲਭੂਸੇ ਹੀ ਕਿਉ ਖੜੇ ਹੁੰਦੇ ? ਅਜ ਸਿੱਖ ਨੌਜੁਆਨ ਨੂੰ ਸੇਧ ਦੇਣ ਵਾਲਾ ਤਬਕਾ ਤੇ ਆਪ ਨਿੱਤ ਨਵੇਂ ਬਖੇੜੇ ਖੜੇ ਕਰ ਰਿਹਾ ਹੈ ਤੇ ਆਪਸ ਵਿਚ ਇਕ ਰਾਇ ਨਹੀਂ ਬਣਾਂ ਸਕਿਆ ਹੈ। ਇਸ ਨੂੰ ਵੇਖ ਕੇ ਇਹ ਨੌਜੁਆਨ ਸਿੱਖੀ ਤੋਂ ਹੋਰ ਦੂਰ ਹੂੰਦਾ ਜਾ ਰਿਹਾ ਹੈ।

ਸਿੱਖ ਰਹਿਤ ਮਰਿਯਾਦਾ ਹੀ ਇਕ ਐਸਾ ਦਸਤਾਵੇਜ ਹੈ ਜੋ ਸਿੱਖੀ ਵਿਚ ਪ੍ਰਵੇਸ਼ ਕਰਨ ਵਾਲੇ ਹਰ ਪ੍ਰਾਣੀ ਨੂੰ ਗੁਰਮਤਿ ਦੇ ਮੁਡਲੇ ਸਿਧਾਂਤਾਂ ਅਤੇ ਨਿਯਮਾਂ ਨਾਲ ਵਾਕਿਫ ਕਰਾ ਦੇਂਦਾ ਹੈ। ( ਇਸੇ ਲਈ ਇਸ ਨੂੰ ਗੁਰਮਤਿ ਅਨੁਸਾਰੀ ਹੋਣਾਂ ਬਹੁਤ ਜਰੂਰੀ ਹੈ। ਮੁਡਲੀ ਜਾਨਕਾਰੀ ਹੀ ਜੇ ਗੈਰ ਸਿਧਾਂਤਕ ਹੋਵੇਗੀ ਤੇ ਉਸ ਬੱਚੇ ਦੇ ਮਨ ਵਿਚ ਕਈ ਸਵਾਲ ,ਕਈ ਸ਼ੰਕੇ ਖੜੇ ਹੋ ਜਾਂਣਗੇ, ਜੋ ਹੋ ਵੀ ਰਹੇ ਨੇ) ਲੇਕਿਨ ਸਿੱਖ ਰਹਿਤ ਮਰਿਯਾਦਾ ਦੇ ਮਹਤੱਵ ਅਤੇ ਜਰੂਰਤ ਨੂੰ ਨਕਾਰ ਦੇਣਾਂ ਕਿਸੇ ਵੀ ਪੱਖੌਂ ਜਾਇਜ ਨਹੀਂ ਠਹਿਰਾਇਆ ਜਾ ਸਕਦਾ।

ਚਲੋ ਇਕ ਵਾਰ ਇਨਾਂ ਵੀਰਾਂ ਦੀ ਗਲ ਨੂੰ ਥੌੜੀ ਦੇਰ ਲਈ ਮਨ ਕੇ ਵੇਖਦੇ ਹਾਂ ਕਿ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰ ਦਿਉ ਤੇ ਗੁਰੂ ਗ੍ਰੰਥ ਸਾਹਿਬ ਨਾਲ ਸਿੱਖਾਂ ਨੂੰ ਸਿਧਾ ਜੋੜ ਕੇ ਉਥੋਂ ਹੀ ਜੀਵਨ ਜਾਚ ਦਿਉ ਤੇ ਫੇਰ

- "ਅੰਮ੍ਰਿਤ" ਦਾ ਕੀ ਕਰੋਗੇ ? ਗੁਰੂ ਗ੍ਰੰਥ ਸਾਹਿਬ ਵਿਚ ਤੇ "ਖੰਡੇ ਦੀ ਪਾਹੁਲ" ਦਾ ਕੋਈ ਜਿਕਰ ਵੀ ਦਰਜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਅਨੁਸਾਰ ਤੇ "ਅੰਮ੍ਰਿਤ" ਇਕ ਹੈ। ਹੋਰ ਦੂਜਾ ਕੋਈ ਅੰਮ੍ਰਿਤ ਹੀ ਨਹੀਂ ਹੈ। ਫੇਰ ਕੀ "ਖੰਡੇ ਦੀ ਪਾਹੁਲ" ਨੂੰ ਵੀ ਰੱਦ ਕਰ ਦਿਉਗੇ?
- ਆਨੰਦ ਕਾਰਜ ਦਾ ਕੀ ਕਰੋਗੇ ? ਕਿਸ ਤਰ੍ਹਾਂ ਉਸ ਨੂੰ ਪੂਰਾ ਕਰੋਗੇ ? ਇਸ ਦਾ ਤਰੀਕਾ ਕੌਣ ਨਿਰਧਾਰਿਤ ਕਰੇਗਾ ?
- ਨਿਸ਼ਾਨ ਸਾਹਿਬ ਦਾ ਰੰਗ ਕਿਵੇ ਨਿਸ਼ਚਿਤ ਕਰੋਗੇ ? ਉਸ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਦਰਜ ਨਹੀਂ ਹੈ ?
- ਕਕਾਰਾਂ ਦਾ ਕੀ ਕਰੋਗੇ ? ਗੁਰੂ ਗ੍ਰੰਥ ਸਾਹਿਬ ਵਿਚ ਤੇ ਕਕਾਰਾਂ ਦਾ ਵੀ ਜਿਕਰ ਨਹੀਂ ਹੈ ?
- ਫੇਰ ਤੇ ਸਿੱਖ ਧੀ ਦਾ ਵਿਆਹ ਭਾਵੇ ਮੁਸਲਮਤਨ ਨਾਲ ਕਰ ਦੇਣਾਂ, ਭਾਵੇ ਹਿੰਦੂ ਨਾਲ ਕਰ ਦਿਉ ? ਕਿਉ ਕਿ ਗੁਰੂ ਗ੍ਰੰਥ ਸਾਹਿਬ ਵਿਚ ਤਾਂ "ਮਨੁਖਤਾ" ਹੀ ਇਕ ਜਾਤਿ ਹੈ, ਹੋਰ ਕੋਈ ਜਾਤਿ ਪਾਤਿ ਦਾ ਬੰਧਨ ਹੀ ਨਹੀਂ ਹੈ?
ਫੇਰ ਤੇ ਧੀਰਮਲੀਆਂ, ਨਿਰੰਕਾਰੀਆਂ ਅਤੇ ਸਿਰਗੁਮ, ਕੁੜੀਮਾਰ ਨਾਲ ਰੋਟੀ ਬੇਟੀ ਦੀ ਸਾਂਝ ਵੀ ਕਰਨੀ ਸ਼ੁਰੂ ਕਰ ਦਿਉ, ਕਿਉ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਸ ਬਾਰੇ ਵੀ ਕੋਇ ਨਿਰਦੇਸ਼ ਨਹੀਂ ਹੈ।
ਸਿੱਖ ਰਹਿਤ ਮਰਿਯਾਦਾ ਵਿਚ ਇਹੋ ਜਹੇ ਸੈੰਕੜੇ ਨਿਯਮ ਹਨ ਜੋ ਪੰਥ ਨੇ ਆਪ ਨਿਰਧਾਰਿਤ ਕੀਤੇ ਹਨ। ਇਹ ਨਿਯਮ "ਅਧਿਆਤਮਿਕ ਜੀਵਨ ਅਤੇ ਰਹਿਣੀ" ਤੋਂ ਅਲਾਵਾ, ਸਾਨੂੰ "ਸਮਾਜਿਕ ਰਹਿਣੀ ਅਤੇ ਜਾਚ" ਵੀ ਸਿੱਖਾਂਦੇ ਹਨ। ਇਹ ਨਿਯਮ ਸਿੱਖ ਨੂੰ ਦੂਜਿਆ ਧਰਮਾਂ ਅਤੇ ਸਮਾਜਾਂ ਵਿਚ ਰਲ ਗਡ ਹੋਣ ਤੋਂ ਬਚਾਉਦੇ ਹਨ ।ਸਿੱਖ ਨੂੰ ਵਖਰੀ ਅਤੇ ਨਵੇਕਲੀ ਪਛਾਣ ਦਾ ਦਰਜਾ ਦੁਆਂਦੇ ਹਨ। ਇਸ ਲਈ ਸਿੱਖ ਰਹਿਤ ਮਰਿਯਾਦਾ ਕੌਮ ਲਈ ਇਕ ਬਹੁਤ ਹੀ ਜਰੂਰੀ ਦਸਤਾਵੇਜ ਹੈ।

ਦੂਜੇ ਧਰਮਾਂ ਵਿਚ ਪੰਡਿਤ, ਮੁੱਲਾਂ, ਕਾਜੀ, ਮੌਲਵੀ, ਆਚਾਰਿਆ ਆਦਿਕ ਲੋਕਾਂ ਨੂੰ ਅਪਣੇ ਧਰਮ ਗ੍ਰੰਥ ਪੜ੍ਹ ਕੇ ਇਹ ਦਸਦੇ ਹਨ ਕਿ, ਕੀ ਕਰਨਾਂ ਹੈ ਤੇ ਕੀ ਨਹੀਂ ਕਰਨਾਂ। ਉਹ "ਫਤਵੇ" ਜਾਰੀ ਕਰਦੇ ਹਨ ਤੇ ਦਸਦੇ ਹਨ ਕਿ" ਇਹ ਜਾਇਜ ਹੈ ਤੇ ਇਹ ਨਾਜਾਇਜ"। ਲੋਕ ਇਨਾਂ ਕੋਲ ਜਾਂਦੇ ਹਨ ਤੇ ਸਵਾਲ ਪੁਛਦੇ ਹਨ ਕਿ ਫਲਾ ਕਮ ਅਸੀ ਕਰ ਸਕਦੇ ਹਾਂ ਜਾਂ ਨਹੀਂ? ਇਹ "ਫਤਵੇ" ਜਾਰੀ ਕਰਦੇ ਹਨ ਕਿ ਤੁਸੀ ਇਹ ਕੰਮ ਕਰ ਸਕਦੇ ਹੋ ਜਾਂ ਨਹੀਂ। ਕੀ ਤੁਸੀ ਵੀ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰ ਕੇ ਉਹ "ਪੰਡਿਤ ਅਤੇ ਮੌਲਾਨੇ" ਵਾਲੀ ਪ੍ਰਥਾ ਨੂੰ ਸਿੱਖੀ ਵਿਚ ਪੈਦਾ ਕਰਨਾਂ ਚਾਂਉਦੇ ਹੈ? ਜਿਸਨੂੰ ਸ਼ਬਦ ਗੁਰੂ ਨੇ ਸਿਰੇ ਤੋਂ ਹੀ ਨਕਾਰ ਦਿਤਾ ਹੈ ਅਤੇ ਇਸ ਦੀ ਨਿਖੇਧੀ ਕੀਤੀ ਹੈ-

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ ॥1॥ ਰਹਾਉ॥
ਬੁਨਿ ਬੁਨਿ ਆਪ ਆਪੁ ਪਹਿਰਾਵਉ॥ ਜਹ ਨਹੀਂ ਆਪ ਤਹਾ ਹੋਇ ਗਾਵਉ॥2॥
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥3॥
ਅੰਕ 1159

ਵੀਰੋ ! ਉਨਾਂ ਦੇ ਕਾਜੀ ਮੁਲਾਂ ਤੇ ਅਪਣੇ ਧਰਮ ਪ੍ਰਤੀ ਵਫਾਦਾਰ ਹੋਣਗੇ। ਤੁਹਾਡੇ ਗ੍ਰੰਥੀ ਤੇ ਸਿਆਸੀ ਲੋਕਾਂ ਦੇ ਹਥ ਵਿਚ ਵਿਕੇ ਹੋਏ "ਦਸਮ ਗ੍ਰੰਥੀਏ " ਹਨ । ਉਨਾਂ ਕੋਲ ਕੋਈ ਬੰਦਾ ਜਾਵੇਗਾ ਤੇ ਉਹ ਕਹਿਨ ਗੇ ਕਿ "ਕੂੜ ਗ੍ਰੰਥ" ਗੁਰੂ ਦੀ ਬਾਣੀ ਹੈ ਫੇਰ ਕੀ ਕਰੋਗੇ ? ਰਹਿਤ ਮਰਿਯਾਦਾ ਰੱਦ ਕਰ ਦਿਉ, ਫੇਰ ਹਰ ਗੁਰਦੁਆਰੇ ਦਾ ਗ੍ਰੰਥੀ ,ਹਰ ਗੁਰਦੁਆਰੇ ਦਾ ਪ੍ਰਧਾਨ , "ਪੰਡਿਤ ਅਤੇ ਮੁਲਾਂ" ਬਣ ਜਾਵੇਗਾ ਤੇ ਅਪਣੇ ਅਪਣੇ ਹਿਸਾਬ ਨਾਲ "ਫਤਵੇ" ਜਾਰੀ ਕਰੇਗਾ। ਹਰ ਪਾਸੇ "ਜੰਗਲ ਦਾ ਕਾਨੂੰਨ" ਹੋਵੇਗਾ।

ਇਹ ਵੀਰ ਇਕ ਗਲ ਹੋਰ ਵੀ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਜੋ ਲੋਕ ਇਕ ਪਾਸੇ ਸਿੱਖ ਰਹਿਤ ਮਰਿਯਾਦਾ ਨੂੰ ਮਣਦੇ ਨੇ ਦੂਜੇ ਪਾਸੇ ਬਚਿਤਰ ਨਾਟਕ ਦਾ ਵਿਰੋਧ ਕਰਦੇ ਨੇ ਉਹ "ਦੋਗਲੇ" ਹਨ। ਇਕ ਥਾਂ ਤੇ ਮੈਂ ਬਹੁਤ ਸਿਆਣੇ ਸਿਆਣੇ ਸਿੱਖਾਂ ਨੂੰ ਇਨਾਂ ਦੀ ਹਾਂ ਵਿਚ ਹਾਂ ਮਿਲਾਂਦੇ ਵੇਖਿਆ ਤਾਂ ਬਹੁਤ ਹੀ ਦੁਖ ਹੋਇਆ ਕਿ ਸਾਡੀ ਸੋਚ ਨੂੰ ਕੀ ਹੋ ਗਇਆ ਹੈ ? ਉਹ ਸਿੱਖ "ਦੋਗਲੇ" ਕਿਸ ਤਰ੍ਹਾਂ ਹੋ ਸਕਦੇ ਨੇ, ਜੋ ਗੁਰਮਤਿ ਤੇ ਪਹਿਰਾ ਦੇਂਦੇ, ਗੁਰਮਤਿ ਦੀ ਗਲ ਕਰਦੇ ਅਤੇ ਗੁਰਮਤਿ ਅਨੁਸਾਰ ਹੀ ਅਪਣੇ ਜੀਵਨ ਨੂੰ ਤੋਰਨ ਦੀ ਕੋਸ਼ਿਸ਼ ਕਰਦੇ ਹੋਣ। ਇਥੇ ਇਕ ਸ਼ਬਦ ਵਰਤਿਆ ਜਾਂਦਾ ਹੈ ਜਿਸ ਵਲ ਅਸੀ ਬਿਲਕੁਲ ਹੀ ਗੌਰ ਨਹੀਂ ਕਰਦੇ ਉਹ ਹੈ "ਮਣਦੇ"। ਕੋਈ ਵੀ ਕੋਡ ਆਫ ਕੰਡਕਟ ,ਕਾਨੂਨ ਜਾਂ ਸਵਿਧਾਨ "ਮਨਣ" ਜਾਂ "ਨਾਂ ਮਨਣ" ਦੇ ਹੇਠਾਂ ਨਹੀਂ ਆਉਦਾ। ਉਹ ਸਭ ਤੇ ਇਕ ਸਮਾਨ "ਲਾਗੂ" (ਇਮਪੋਜ) ਹੂੰਦਾ ਹੈ। ਇਥੇ "ਲਾਗੂ" ਸ਼ਬਦ ਵਰਤਿਆ ਜਾ ਸਕਦਾ ਹੈ । ਜੇ ਕੋਈ ਆਖੇ ਕਿ ਮੈਂ ਸੜਕ ਤੇ ਲਗੀ "ਰੇਡ ਲਾਈਟ" ਨੂੰ ਨਹੀਂ "ਮਣਦਾ" ਤੇ ਉਹ ਅਗਾਂਹ ਲੰਘ ਜਾਏ ਤੇ, ਕਾਨੂਨ ਤੋੜਨ ਕਰਕੇ ਉਸ ਦਾ ਚਾਲਾਨ ਜਰੂਰ ਹੋ ਜਾਵੇਗਾ । ਰੇਡ ਲਾਈਟ ਤੇ ਕ੍ਰਾਸ ਨਾਂ ਕਰਨ ਦਾ ਕਾਨੂਨ ਸਬ ਤੇ ਇਕ ਸਮਾਨ "ਲਾਗੂ" ਹੂੰਦਾ ਹੈ। ਉਸ ਨੂੰ "ਮਨਣਾਂ" ਜਾਂ " ਨਾਂ ਮਨਣਾਂ" ਕੋਇ 'ਟਰਮ" ਨਹੀਂ ਹੂੰਦਾ।

ਹੁਣ ਗਲ ਕਰਦੇ ਹਾਂ "ਦੋਗਲੇਪਣ" ਦੀ । ਬਹੁਤ ਸਾਰੇ ਪੰਥ ਦਰਦੀ ਅਤੇ ਵਿਦਵਾਨ ਮੈਂ ਆਪ ਇਹੋ ਜਹੇ ਵੇਖੇ ਹਨ ਜੋ ਅਪਣੇ ਘਰ, ਸ਼ਖਸ਼ੀ ਜਾਂ ਨਿਜੀ ਤੋਰ ਤੇ ਨਿਤਨੇਮ ਵਿਚ ਨਾਂ ਤਾਂ ਚੋਪਈ ਪੜ੍ਹਦੇ ਹਨ ਅਤੇ ਨਾ ਜਾਪ ਦੀ ਬਾਣੀ ਪੜ੍ਹਦੇ ਹਨ। ਅਰਦਾਸ ਵਿਚ ਵੀ ਉਹ "ਪ੍ਰਿਥਮ ਭਗੌਤੀ" ਨਹੀਂ ਪੜ੍ਹਦੇ । ਲੇਕਿਨ ਜਦੋਂ ਗੁਰਦੁਆਰਾ ਸਾਹਿਬ ਜਾਂ ਸੰਗਤ ਵਿਚ ਹੁੰਦੇ ਹਨ ਜਿਥੇ ਇਹ ਸਭ ਪੜ੍ਹਿਆ ਜਾ ਰਿਹਾ ਹੂੰਦਾ ਹੈ, ਤੇ ਉਹ ਇਸ ਦਾ ਵਿਰੋਧ ਵੀ ਨਹੀਂ ਕਰਦੇ । ਕੀ ਉਹ ਸਾਰੇ ਸਿੱਖ "ਦੋਗਲੇ ਹਨ"। ਬਹੁਤ ਸਾਰੇ ਐਸੇ ਵਿਦਵਾਨ , ਪੰਥ ਦਰਦੀ ਅਤੇ ਸ਼ਖਸ਼ੀਅਤਾਂ ਮੇਰੀ ਲਿਸਟ ਵਿਚ ਹਨ,ਜਿਨਾਂ ਨੂੰ ਮੈਂ ਆਪ ਐਸਾ ਕਰਦੇ ਵੇਖਿਆ ਹੈ । ਜੇ ਉਨਾਂ ਨੂੰ ਇਹ ਵੀਰ ਜਨਤਕ ਰੂਪ ਵਿਚ "ਦੋਗਲਾ" ਕਹਿ ਦੇਣ ਤਾਂ ਸ਼ਾਇਦ ਇਨਾਂ ਨੂੰ ਲੋਕੀ ਘਰੋਂ ਹੀ ਚੁਕ ਲਿਆਣਗੇ। ਹੁਣ ਵਿਚਾਰ ਕਰਨਾਂ ਇਸ ਗਲ ਤੇ ਹੈ ਕਿ , ਕੀ ਕਾਰਣ ਹੈ ਕਿ ਇਹ ਵਿਦਵਾਨ ਅਤੇ ਪੰਥ ਦਰਦੀ ਐਸਾ ਕਰਣ ਲਈ ਮਜਬੂਰ ਹਨ ?

ਜਿਸ ਵੇਲੇ ਕਿਸੇ ਸਮਾਜ ਜਾਂ ਦੇਸ਼ ਵਿਚ ਕੋਈ ਇਹੋ ਜਹਿਆ ਕਾਨੂਨ ਜਾਂ ਟੇਕਸ ਲਾ ਦਿਤਾ ਜਾਵੇ ਜਿਸਨੂੰ ਭਰਨਾਂ ਜਾਂ ਪੂਰਾ ਕਰਨਾਂ ਇਕ ਆਮ ਬੰਦੇ ਦੇ ਵਸ਼ ਦਾ ਨਾਂ ਹੋਵੇ । ਉਸ ਦੀ ਸਾਰੀ ਆਮਦਨ ਤੋਂ ਵੀ ਕਈ ਗੁਨਾਂ ਹੋਵੇ ,ਤੇ ਉਹ ਬੰਦਾ ਕੀ ਕਰੇਗਾ ? ਉਹ ਬੰਦਾ ਉਸ ਦਾ ਵਿਰੋਧ ਅਤੇ ਪ੍ਰੋਟੇਸਟ ਕਰੇਗਾ ? ਉਸ ਨੂੰ ਘਟ ਕਰਨ ਜਾਂ ਹਟਾਉਣ ਲਈ ਅਪੀਲ ਕਰੇਗਾ । ਲੇਕਿਨ ਜੇ ਵਿਰੋਧ ਨੂੰ ਸੁਨਣ ਵਾਲਾ ਹੀ ਕੋਈ ਨਾਂ ਹੋਵੇ । ਅੰਧਿਆ ਅਤੇ ਬਹਰਿਆ ਦਾ ਰਾਜ ਹੋਵੇ ਤੇ ਉਹ ਬੰਦਾ ਕਰਜਾ ਚੁਕ ਕੇ ਵੀ ਉਸ ਟੇਕਸ ਨੂੰ ਭਰੇਗਾ, ਨਹੀਂ ਤਾਂ ਉਸ ਦੀ ਕੁੜਕੀ ਕਰ ਦਿਤੀ ਜਾਵੇਗੀ। । ਇਕ ਵਾਰ ਭਰੇਗਾ ਦੋ ਵਾਰ ਭਰੇਗਾ । ਉਸ ਦੀ ਸਮਰੱਥਾ ਜਦੋਂ ਖਤਮ ਹੋ ਜਾਵੇਗੀ ਤੇ ਉਹ ਉਸ ਟੇਕਸ ਦੀ ਚੋਰੀ ਕਰਨੀ ਸ਼ੁਰੂ ਕਰ ਦੇਵੇਗਾ। ਅਪਣੀ ਆਮਦਨ ਨੂੰ ਛੁਪਾਏਗਾ । ਅਪਣੇ ਘਰ ਦੇ ਅੰਦਰ ਬਿਜਲੀ , ਪਾਣੀ ਦੀ ਚੋਰੀ ਕਰੇਗਾ ।

ਸਿੱਖ ਰਹਿਤ ਮਰਿਯਾਦਾ ਦੇ ਕਾਨੂੰਨ ਵਿਚ "ਅਖੌਤੀ ਦਸਮ ਗ੍ਰੰਥ " ਦਾ ਇਨਾ ਵਡਾ ਟੇਕਸ ਇਨਾਂ ਗੁਰੂ ਸਵਾਰਿਆ ਤੇ ਲਾ ਦਿਤਾ ਗਇਆ ਹੈ ਕਿ ਇਨਾਂ ਵਿਚ ਇਸ ਟੇਕਸ ਨੂੰ ਭਰਨ ਦੀ ਕੋਈ ਤਾਕਤ ਬਚੀ ਨਹੀਂ ਹੈ। ਇਹ ਸ਼ਬਦ ਗੁਰੂ ਦੇ ਮਨਣ ਵਾਲੇ ਗੁਰਸਿੱਖ ਇਸ "ਨਾਜਾਇਜ ਟੇਕਸ" ਨੂੰ ਕਿਵੇਂ ਭਰਨ ? ਉਹ ਵੀ ਰੋਜ ਰੋਜ ? ਇਸ ਲਈ ਇਹ ਇਸ ਰਹਿਤ ਮਰਿਯਾਦਾ ਵਿਚ ਲਗੇ "ਨਾਜਾਇਜ ਟੇਕਸ ਦੀ ਚੋਰੀ" ਕਰਦੇ ਹਨ । ਇਹ ਚੋਰੀ ਵੀ ਕੋਈ ਅਪਣੇ ਨਿਜੀ ਫਾਇਦੇ ਲਈ ਲਈ ਨਹੀਂ ਕਰਦੇ । ਇਹ ਗੁਰਮਤਿ ਦੀ ਰਾਖੀ ਅਤੇ ਪਹਿਰੇਦਾਰੀ ਲਈ ਇਹ ਚੋਰੀ ਕਰਦੇ ਹਨ , ਉਹ ਵੀ ਅਪਣੇ ਨਿਜੀ ਜਾਂ ਸ਼ਖਸ਼ੀ ਜੀਵਨ ਵਿਚ । ਇਹ ਦੋਗਲੇ ਨਹੀਂ ਹਨ , ਇਹ ਤਾਂ ਅਪਣੇ ਨਿਜੀ (ਸਖਸ਼ੀ ਜੀਵਨ) ਵਿਚ, ਇਕ ਤਰੀਕੇ ਨਾਲ ਗੁਰਮਤਿ ਤੇ ਪਹਿਰਾ ਹੀ ਦੇ ਰਹੇ ਹੁੰਦੇ ਹਨ। ਇਨਾਂ ਨੂੰ ਦੋਗਲਾ ਕਹਿ ਕਿ ਇਨਾਂ ਦਾ ਅਪਮਾਨ ਨਾਂ ਕਰੋ। ਇਨਾਂ ਪੰਥ ਦਰਦੀਆਂ ਨੂੰ ਰੱਬ ਦਾ ਵਾਸਤਾ ਜੇ ਦੋਗਲਾ ਨਾਂ ਕਹੋ।

ਇਹ ਹੀ ਤੇ ਉਹ ਸਿੱਖ ਹਨ ਜੋ ਗੁਰਮਤਿ ਉਤੇ ਸਹੀ ਮਾਇਨੇ ਵਿਚ ਪਹਿਰਾ ਦੇ ਰਹੇ ਹਨ। "ਦੋਗਲੇ" ਤੇ ਉਹ ਹਨ ਜੋ ਸਿੱਖ ਰਹਿਤ ਮਰਿਯਾਦਾ ਨੂੰ ਗੁਰੂ ਸਿਧਾਂਤਾਂ ਤੋਂ , ਗੁਰੂ ਗ੍ਰੰਥ ਸਾਹਿਬ ਤੋਂ ਵੀ ਉਚਾ ਸਮਝਦੇ ਹਨ ਤੇ ਉਨਾਂ ਬਾਣੀਆਂ ਦਾ ਪਾਠ ਵੀ ਕਰੀ ਜਾ ਰਹੇ ਨੇ, ਜਿਨਾਂ ਦੀ ਇਜਾਜਤ ਗੁਰੂ ਗ੍ਰੰਥ ਸਾਹਿਬ ਨਹੀਂ ਦੇਂਦੇ। ਸਿੱਖ ਰਹਿਤ ਮਰਿਯਾਦਾ ਇਕ ਜਰੂਰੀ ਪੰਥਿਕ ਦਸਤਾਵੇਜ ਹੈ ਲੇਕਿਨ ਇਹ ਗੁਰੂ ਗ੍ਰੰਥ ਸਾਹਿਬ ਨਾਲੋਂ ਉਚਾਂ ਵੀ ਨਹੀਂ ਹੈ। ਇਸ ਜਰੂਰੀ ਦਸਤਾਵੇਜ ਨੂੰ ਗੁਰਮਤਿ ਅਨੁਸਾਰੀ ਬਨਾਉਣ ਦੀ ਗਲ ਕਰੋ , ਇਸ ਨੂੰ ਰੱਦ ਕਰਨ ਦੀ ਗਲ ਬਹੁਤ ਹੀ ਮੰਦਭਾਗੀ ਹੋਵੇਗੀ। ਇਕ ਪਾਸੇ ਤੇ ਇਹ ਪੰਥ ਦਰਦੀ" ਸਿੱਖ ਰਹਿਤ ਮਰਿਯਾਦਾ" ਦੀ ਜਰੂਰਤ ਨੂੰ ਵੀ ਸਮਝਦੇ ਹਨ ਅਤੇ ਦੂਜੇ ਪਾਸੇ ਜਿਥੇ ਹੋ ਸਕਦਾ ਹੈ ਉਥੇ ਗੁਰਮਤਿ ਦੇ ਉਲਟ ਸਿਧਾਂਤਾਂ ਨੂੰ ਨਕਾਰ ਕੇ ਇਹ ਗੁਰਮਤਿ ਦਾ ਆਦਰ ਵੀ ਕਰਦੇ ਹਨ । ਇਸ ਲਈ ਇਹ ਦੋਗਲੇ ਨਹੀਂ ਬਲਕਿ ਇਕ ਸੱਚੇ ਸਿੱਖ ਹਨ। ਜੇ ਇਹ ਸਿੱਖ , ਰਹਿਤ ਮਰਿਯਾਦਾ ਦੇ ਗੈਰ ਸਿਧਾਂਤਕ "ਕਾਂਨਟੇਂਟਸ" ਨੂ ਸੋਧਨ ਜਾਂ ਬਾਹਰ ਕਡ੍ਹਣ ਦੇ ਖਿਲਾਫ ਹੋਣ ਜਾਂ ਅਖੋਤੀ ਦਸਮ ਗ੍ਰੰਥ ਦੀਆਂ ਬਾਣੀਆਂ ਨੂੰ ਇਸ ਲਈ ਪੜ੍ਹਦੇ ਹੋਣ ਕਿ ਉਹ ਸਿੱਖ ਰਹਿਤ ਮਰਿਯਾਦਾ ਵਿਚ ਸ਼ਾਮਿਲ ਹਨ ਫੇਰ ਤੇ ਉਹ ਵਾਕਈ "ਦੋਗਲੇ" ਅਖਵਾਉਣਗੇ। ਮੈਂ ਵੀ ਉਨਾਂ ਨੂੰ "ਦੋਗਲਾ" ਕਹਿਨ ਤੋਂ ਕੋਈ ਪਰਹੇਜ ਨਹੀਂ ਕਰਾਂਗਾ।

ਇਹ ਮੇਰੇ ਨਿਜੀ ਵਿਚਾਰ ਹਨ। ਮੈਂ ਅਪਣੇ ਨਿਜੀ ਵਿਚਾਰਾਂ ਨੂੰ ਨਾਂ ਤੇ ਕਿਸੇ ਤੇ ਕਦੀ ਥੋਪਿਆ ਹੈ, ਅਤੇ ਨਾਂ ਹੀ ਇਨਾਂ ਨੂੰ ਕਦੀ ਅਖੀਰਲਾ ਸੱਚ ਹੀ ਮਣਿਆ ਹੈ। ਇਕ ਸਿੱਖ ਹਮੇਸ਼ਾਂ "ਸਕਾਲਰ" ਰਹਿੰਦਾ ਹੈ। ਉਹ ਹਮੇਸ਼ਾਂ ਕੁਝ ਨਵਾਂ ਸਿਖਦਾ ਹੈ ਅਤੇ ਅਪਣੇ ਵਿਚਾਰਾਂ ਨੂੰ ਸੋਧਦਾ ਹੋਇਆ ਅਪਣੀ ਸੋਚ ਨੂੰ ਹੋਰ ਉਚਾਂ ਕਰਨ ਦਾ ਯਤਨ ਕਰਦਾ ਹੈ। ਮੇਰੇ ਵਿਚਾਰਾਂ ਨਾਲ ਜੋ ਕੋਈ ਵੀਰ ਸਹਿਮਤ ਨਹੀਂ ਤੇ ਵੀ ਕੋਈ ਗਿਲਾ ਨਹੀਂ, ਅਤੇ ਜੋ ਸਹਿਮਤਿ ਨੇ ਉਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top