Share on Facebook

Main News Page

ਬ੍ਰਾਹਮਣਵਾਦ ਦਾ ਪ੍ਰਤੀਕ -ਰੱਖੜੀ ਦਾ ਤਿਉਹਾਰ-ਇਕ ਗੁਰਸਿੱਖ ਦੀ ਕਲਮ ਤੋਂ

ਤਿਉਹਾਰ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ। ਇਹ ਤਿਉਹਾਰ ਕੌਮ ਨੂੰ ਜਿਥੇ ਉਸ ਦੇ ਵਿਰਸੇ ਨਾਲ ਜੋੜਦੇ ਹਨ, ਉਥੇ ਕੌਮ ਅੰਦਰ ਨਵੀਂ ਰੂਹ ਵੀ ਫੂਕਦੇ ਹਨ। ਇਸ ਤਰ੍ਹਾਂ ਕੌਮ ਨੂੰ ਜਿੰਦਾ ਰੱਖਣ ਲਈ ਇਹ ਤਿਉਹਾਰ ਸਹਾਇਕ ਹੁੰਦੇ ਹਨ।

ਜਿਹੜੀਆਂ ਕੌਮਾਂ ਆਪਣੇ ਤਿਉਹਾਰਾਂ ਤੋਂ ਲਾਪ੍ਰਵਾਹ ਹੋ ਜਾਂਦੀਆਂ ਹਨ, ਉਹ ਅਨਮਤੀ ਤਿਉਹਾਰਾਂ ਦੇ ਅਸਰ ਹੇਠ ਦਬ ਜਾਂਦੀਆਂ ਹਨ ਅਤੇ ਦਿਨੋ-ਦਿਨ ਨਿਘਰਦੀਆਂ ਹੀ ਜਾਂਦੀਆਂ ਹਨ। ਅੱਜ ਕਲ ਕੁਝ ਇਸ ਤਰ੍ਹਾਂ ਦੀ ਹੀ ਹਾਲਤ ਸਾਡੀ ਸਿੱਖ ਕੌਮ ਦੀ ਪ੍ਰਤੀਤ ਹੋ ਰਹੀ ਹੈ। ਸੰਸਾਰ ਭਰ ਦੀਆਂ ਕੌਮਾਂ ਵਿਚੋਂ ਸ਼ਾਇਦ ਇਕ ਸਿੱਖ ਕੌਮ ਹੀ ਐਸੀ ਜਾਪਦੀ ਹੈ ਜਿਸ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਨ੍ਹਾਂ (ਸਿੱਖਾਂ) ਦੇ ਤਿਉਹਾਰ ਕਿਹੜੇ ਹਨ ਅਤੇ ਕਿਹੜੇ ਨਹੀਂ। ਇਥੇ ਦੋ ਲਾਈਨਾਂ ਵਿਚ ਕੇਵਲ ਇਤਨਾ ਹੀ ਦੱਸਣਾ ਠੀਕ ਹੋਵੇਗਾ ਕਿ ਦਸ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ, ਗੁਰਗੱਦੀ-ਦਿਵਸ, ਜੋਤੀ ਜੋਤ ਸਮਾਉਣ ਦਿਵਸ। ੨. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ, ਗੁਰਗੱਦੀ-ਨਸ਼ੀਨੀ ਦਿਵਸ। ੩. ਖਾਲਸੇ ਦਾ ਜਨਮ ਦਿਨ ਵੈਸਾਖੀ। ੪. ਭਗਤਾਂ ਅਤੇ ਸਿੱਖ ਸ਼ਹੀਦਾਂ ਨਾਲ ਸੰਬੰਧਤ ਇਤਿਹਾਸਕ ਦਿਨ ਹੀ ਸਿੱਖ ਕੌਮ ਦੇ ਤਿਉਹਾਰ ਹਨ। ਇਨ੍ਹਾਂ ਤੋਂ ਬਗੈਰ ਹੋਰ ਕੋਈ ਸਿੱਖ ਤਿਉਹਾਰ ਨਹੀਂ। ਦੂਜੇ ਸ਼ਬਦਾਂ 'ਚ ਜੋ ਤਿਉਹਾਰ ਸਾਨੂੰ ਸਿੱਖੀ ਦੇ ਨੇੜੇ ਨਹੀਂ ਆਉਣ ਦੇਂਦੇ ਜਾਂ ਜਿਨ੍ਹਾਂ ਨੂੰ ਮਨਾਉਣ ਲਈ ਅਸੀਂ ਸਿੱਖੀ ਆਸ਼ੇ ਤੋਂ ਦੂਰ ਹੁੰਦੇ ਹਾਂ, ਉਹ ਸਾਡੇ ਤਿਉਹਾਰ ਨਹੀਂ।

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਹੋਰ ਅਨਮਤੀ ਤਿਉਹਾਰਾਂ ਤੋਂ ਪੂਰੀ ਤਰ੍ਹਾਂ ਬਚਾਇਆ ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਅਸੀਂ ਆਪਣੇ ਤਿਉਹਾਰ ਤਾਂ ਇਕ ਪਾਸੇ ਰੱਖ ਦਿੱਤੇ ਹਨ (ਕਿਉਂਕਿ ਉਨ੍ਹਾਂ ਬਾਰੇ ਸਾਨੂੰ ਪੂਰੀ ਜਾਣਕਾਰੀ ਹੀ ਨਹੀਂ) ਪਰ ਅਨਮਤੀਆਂ ਦੇ ਤਿਉਹਾਰਾਂ ਦੀਆਂ ਸਾਰੀਆਂ ਤਰੀਕਾਂ ਸਾਨੂੰ ਯਾਦ ਰਹਿੰਦੀਆਂ ਹਨ। ਹੈਰਾਨੀ ਦੀ ਵੱਡੀ ਗੱਲ ਇਹ ਹੈ ਕਿ ਅਸੀਂ ਅਨਮਤੀਆਂ ਦੇ ਤਿਉਹਾਰਾਂ ਨੂੰ ਬੜੇ ਚਾਅ ਨਾਲ, ਦੂਜੇ ਲਫਜ਼ਾਂ ਵਿਚ ਬੜੀ ਬੇਸ਼ਰਮੀ ਨਾਲ ਹੀ ਨਹੀਂ ਮਨਾਉਂਦੇ ਸਗੋਂ ਉਨ੍ਹਾਂ ਤਿਉਹਾਰਾਂ ਨੂੰ ਆਪਣੇ ਹੀ ਤਿਉਹਾਰ ਸਮਝ ਲਿਆ ਹੋਇਆ ਹੈ। ਅੱਜ ਅਸੀਂ ਅਨਮਤੀਆਂ ਦੇ ਇਕ ਤਿਉਹਾਰ 'ਰੱਖੜੀ' ਬਾਰੇ ਵਿਚਾਰ ਸਾਂਝੇ ਕਰਨੇ ਹਨ। ਰੱਖੜੀ ਦਾ ਪੂਰਾ ਨਾਂ 'ਰਖਸ਼ਾ-ਬੰਧਨ' ਹੈ। ਇਸ ਦਿਨ ਹਿੰਦੂ ਭੈਣ ਆਪਣੇ ਵੀਰ ਦੇ ਗੁੱਟ ਉਤੇ ਰੱਖੜੀ ਬੰਨ੍ਹਦੀ ਹੈ। ਜਿਸ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਭੈਣ ਨੇ ਆਪਣੇ ਵੀਰ ਤੋਂ ਆਪਣੀ ਰੱਖਿਆ ਦਾ ਪ੍ਰਣ ਲਿਆ ਹੈ।

ਦੂਜਾ ਆਮ ਕਰਕੇ ਸਾਡੇ ਮਨਾਂ ਵਿਚ ਇਹ ਵਿਸ਼ਵਾਸ ਬੈਠਾ ਹੋਇਆ ਹੈ ਕਿ ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪਿਆਰ ਨਾਲ ਸਬੰਧਤ ਹੈ ਪਰ ਇਹ ਸੱਚਾਈ ਨਹੀਂ। ਕਿਉਂਕਿ ਸੰਸਾਰ ਦੇ ਹੋਰ ਬੇਅੰਤ ਐਸੇ ਦੇਸ਼ ਹਨ ਅਤੇ ਸਾਡੇ ਭਾਰਤ ਦੇਸ਼ ਅੰਦਰ ਵੀ ਕਈ ਐਸੇ ਪ੍ਰਾਂਤ ਹਨ ਜਿਥੇ ਇਹ ਤਿਉਹਾਰ ਮਨਾਇਆ ਹੀ ਨਹੀਂ ਜਾਂਦਾ ਪਰ ਉਥੇ ਭੈਣ-ਭਰਾਵਾਂ ਦਾ ਪਿਆ ਜ਼ਿਆਦਾ ਦੇਖਿਆ ਜਾ ਸਕਦਾ ਹੈ। ਅਸਲ ਵਿਚ ਇਹ ਰੱਖੜੀ ਅਤੇ ਟਿੱਕਾ (ਟਿੱਕਾ ਭਾਈ ਦੂਜ) ਦਾ ਤਿਉਹਾਰ ਉਸ ਬ੍ਰਾਹਮਣੀ ਸਮਾਜ ਦੀ ਉਪਜ ਹੈ ਜਿਥੇ ਜਨਮ ਤੋਂ ਹੀ ਇਸਤਰੀ ਜਾਤੀ ਨਾਲ ਧੱਕਾ ਕੀਤਾ ਜਾਂਦਾ ਰਿਹਾ ਹੈ। ਲੜਕੇ ਦਾ ਜਨਮ ਹੋਵੇ ਤਾਂ ਬੈਂਡ ਵਾਜੇ, ਵਧਾਈਆਂ ਅਤੇ ਮਿਠਾਈਆਂ ਵੰਡੀਆਂ ਜਾਂਦੀਆਂ ਹਨ ਪਰ ਲੜਕੀ (ਭਾਵੇਂ ਪਹਿਲੀ ਹੀ ਹੋਵੇ) ਦੇ ਜਨਮ ਉੱਤੇ ਧੌਣ ਨੀਵੀਂ ਸੁੱਟ ਦਿੱਤੀ ਜਾਂਦੀ ਹੈ। ਕੋਈ ਵਧਾਈ ਦੇਵੇ ਤਾਂ ਉਤਰ ਮਿਲਦਾ ਹੈ, ਮਖੌਲ ਕਰਦੇ ਹੋ? ਲੜਕੀ ਦੀ ਸ਼ਾਦੀ ਹੋਵੇ ਤਾਂ ਸਿਰ ਨੀਵਾਂ ਹੋ ਜਾਂਦਾ ਹੈ। ਲੜਕੇ ਦਾ ਵਿਆਹ ਹੋਵੇ ਤਾਂ ਸਿਹਰੇ ਬੰਨ੍ਹੇ ਜਾਂਦੇ ਹਨ, ਬੈਂਡ ਵਜਦੇ ਹਨ ਅਤੇ ਮਨ ਮਰਜ਼ੀ ਦੀਆਂ ਮੰਗਾਂ ਲੜਕੀ ਵਾਲਿਆਂ ਅਗੇ ਰਖੀਆਂ ਜਾਂਦੀਆਂ ਹਨ। ਲੜਕਾ ਜਿਤਨੀਆਂ ਮਰਜ਼ੀ ਸ਼ਾਦੀਆਂ ਕਰਕੇ ਪਰ ਵਿਧਵਾ ਲੜਕੀ ਨੂੰ ਦੁਬਾਰਾ ਸ਼ਾਦੀ ਦਾ ਵੀ ਹੱਕ ਨਹੀਂ, ਸਗੋਂ ਸਤੀ ਹੋਣ ਦਾ ਸਖ਼ਤ ਆਦੇਸ਼ ਹੈ ਅਤੇ ਉਸ ਨੂੰ ਜ਼ਿੰਦਾ ਆਪਣੇ ਪਤੀ ਦੀ ਮੁਰਦਾ ਲਾਸ਼ ਨਾਲ ਬੰਨ੍ਹ ਕੇ ਢੋਲ-ਢਮੱਕੇ ਇਸ ਲਈ ਕਿ ਉਸ ਵਿਚਾਰੀ ਸਤੀ ਹੋਣ ਵਾਲੀ ਦਾ ਚੀਕ ਚਿਹਾੜਾ ਜਾਂ ਵਿਰਲਾਪ ਲੋਕਾਂ ਦੇ ਕੰਨਾਂ ਤੱਕ ਨਾ ਪਹੁੰਚ ਸਕੇ, ਕਿਉਂਕਿ ਇਨ੍ਹਾਂ ਵੈਣਾਂ ਨੂੰ ਸੁਣ ਕੇ ਕਿਸੇ ਮਿਹਰਬਾਨ ਦੇ ਮਨ ਵਿਚ ਰਹਿਮ ਦੀ ਅੱਗ ਭੜਕ ਸਕਦੀ ਹੈ। ਮੰਨੂੰ ਜੀ ਨੇ ਤਾਂ ਲੜਕੀ ਦੀ ਪੜ੍ਹਾਈ ਉਤੇ ਵੀ ਕਰੜੀ ਪਾਬੰਦੀ ਲਾਈ ਹੋਈ ਹੈ। ਰਾਮ ਚਰਿਤ ਮਾਨਸ ਵਿਚ ਤੁਲਸੀ ਦਾਸ ਜੀ ਲਿਖਦੇ ਹਨ - ਢੋਰ, ਗੰਵਾਰ, ਸ਼ੂਦਰ ਔਰ ਨਾਰੀ, ਯਹ ਸਭ ਤਾੜਨ ਕੇ ਅਧਿਕਾਰੀ।

ਇਸਤਰੀ ਨੂੰ ਮਰਦ ਆਪਣੀ ਨਿਜੀ ਜਾਇਦਾਦ ਜਾਣ ਕੇ ਘੋੜਾ, ਸੋਨਾ, ਚਾਂਦੀ ਅਨਾਜ ਆਦਿ ਦੀ ਤਰ੍ਹਾਂ ਬ੍ਰਾਹਮਣ ਦੇਵਤਾ ਨੂੰ ਦਾਨ ਕਰ ਦਿਆ ਕਰਦਾ ਸੀ। ਪਰ ਸ਼ੁਕਰ ਹੈ ਗੁਰੂ ਨਾਨਕ ਪਾਤਸ਼ਾਹ ਦਾ ਅਤੇ ਹੋਰ ਗੁਰੂ ਸਾਹਿਬਾਨ ਦਾ ਜਿਨ੍ਹਾਂ ਨੇ ਇਨ੍ਹਾਂ ਉਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਅਤੇ ਇਨ੍ਹਾਂ ਨੂੰ ਨੀਚ, ਅਬਲਾ, ਪੈਰ ਦੀ ਜੁੱਤੀ ਆਦਿ ਕਹਿਣ ਵਾਲਿਆਂ ਨੂੰ ਇਸਤਰੀ ਦੀ ਮਹਾਨਤਾ ਅਤੇ ਮਹੱਤਤਾ ਬਾਰੇ ਇਉਂ ਦਰਸਾਇਆ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ। ਭੰਡੁ ਮੁਆ ਭੰਡ ਭਾਲੀਐ ਭੰਡਿ ਹੋਵੈ ਬੰਧਾਨੁ। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ (ਆਸਾ ਕੀ ਵਾਰ, ੪੭੩ ਅੰਗ )

ਭਾਵ-ਇਸਤ੍ਰੀ ਜਿਸ ਨੂੰ ਤੁਸੀਂ ਨਫ਼ਰਤ ਕਰਦੇ ਹੋ, ਉਹੋ ਹੀ ਤੁਹਾਡੀ ਜਨਨੀ ਹੈ। ਉਹੋ ਹੀ ਤੁਹਾਡਾ ਸਰੀਰ ਬਣਾਉਣ ਵਾਲੀ ਹੈ ਅੇਤ ਉਸੇ ਨਾਲ ਹੀ ਤੁਸੀਂ ਮੰਗਣੀ ਤੇ ਵਿਆਹ ਕਰਵਾਉਂਦੇ ਹੋ। ਇਸਤਰੀ ਨਾਲ ਜਗਤ ਵਿਚ ਭਾਈਚਾਰਾ ਚਲਦਾ ਹੈ ਅਤੇ ਸੰਸਾਰ ਦੀ ਉਤਪਤੀ ਦਾ ਰਸਤਾ ਚਲਦਾ ਹੈ। ਜੇ ਕਿਤੇ ਇਸਤ੍ਰੀ ਮਰ ਜਾਵੇ ਤਾਂ ਨਿਰਬਾਹ ਨਾ ਹੁੰਦਾ ਵੇਖ ਕੇ ਝੱਟ ਦੂਜੀ ਇਸਤਰੀ ਦੀ ਭਾਲ ਵਿਚ ਜੁੱਟ ਜਾਂਦੇ ਹੋ। ਇਸਤ੍ਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਭਲਾ ਉਹ ਨੀਵੀਂ ਅਤੇ ਨਿੰਦਣਯੋਗ ਕਿਵੇਂ ਹੋਈ ਜਿਸ ਦੀ ਕੁੱਖ ਵਿਚੋਂ ਰਾਜੇ ਮਹਾਰਾਜੇ ਅਤੇ ਹੋਰ ਮਹਾਨ ਵਿਅਕਤੀ ਜਨਮ ਲੈਂਦੇ ਹਨ? (ਸੱਚੀ ਗੱਲ ਤਾਂ ਇਹ ਹੈ ਕਿ ਹਰ ਇਕ ਵਿਅਕਤੀ ਇਸਤ੍ਰੀ ਦਾ ਮੁਥਾਜ ਹੈ) ਹਾਂ, ਇਕ ਤੇ ਕੇਵਲ ਇਕ ਵਾਹਿਗੁਰੂ ਜੀ ਦੀ ਹਸਤੀ ਜੋ ਅਜੂਨੀ ਹੈ ਅਤੇ ਕਰਤਾ ਪੁਰਖ ਹੋਣ ਦੇ ਨਾਤੇ ਇਸਤ੍ਰੀ ਜਾਤੀ ਦੀ ਮੁਥਾਜੀ ਤੋਂ ਉਪਰ ਹੈ। ਗੁਰੂ ਪਾਤਸ਼ਾਹਾਂ ਦੀ ਸਿਖਿਆ ਸਦਕਾ ਹੀ ਸਿੱਖ ਇਸਤ੍ਰੀਆਂ ਸੰਗਤ ਅਤੇ ਪੰਗਤ ਵਿਚ ਨਿਝੱਕ ਹੋ ਕੇ ਮਰਦਾਂ ਵਾਂਗ ਭਾਗ ਲੈਣ ਲੱਗੀਆਂ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ, ਮਾਤਾ ਖੀਵੀ ਜੀ ਦੀ ਗੁਰੂ ਕੇ ਲੰਗਰ ਦੀ ਸੇਵਾ ਨਾ ਕੇਵਲ ਸਿੱਖ ਇਤਿਹਾਸ ਦਾ ਸਗੋਂ ਗੁਰਬਾਣੀ ਦਾ ਵੀ ਵਿਸ਼ਾ ਬਣ ਗਈ। ਭਾਈ ਸਤਾ ਤੇ ਬਲਵੰਡ ਜੀ ਨੇ ਇਸ ਸੱਚਾਈ ਨੂੰ ਬਾਣੀ ਵਿਚ ਇਸ ਤਰ੍ਹਾਂ ਗਾਇਆ ਹੈ -

ਬਲਵੰਡ ਖੀਵੀ ਨੇਕ ਜਨ। ਜਿਸੁ ਬਹੁਤੀ ਛਾਉ ਪਤ੍ਰਾਲੀ। ਲੰਗਰਿ ਦਉਲਤਿ ਵੰਡੀਐ। ਰਸੁ ਅੰਮ੍ਰਿਤੁ ਖੀਰਿ ਘਿਆਲੀ। (ਪੰਨਾ ੮੬੭)

ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸਤ੍ਰੀ ਜਾਤੀ ਨੂੰ ਮਰਦ ਦੇ ਬਰਾਬਰ ਪਦਵੀ ਬਖਸ਼ਣ ਦੀ ਲਹਿਰ ਨੂੰ, ਸਤੀ ਅਤੇ ਪਰਦੇ (ਘੁੰਡ) ਦੀ ਅਮਲੀ ਤੌਰ 'ਤੇ ਨਿਖੇਧੀ ਕਰਕੇ, ਹੋਰ ਅਗੇ ਤੋਰਿਆ ਜਿਸ ਦਾ ਸਦਕਾ ਗੁਰੂ ਕੇ ਮਹਲ, ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਨੇ ਆਪਣੇ ਆਪਣੇ ਸਮੇਂ ਗੁਰੂ ਘਰ ਦੀ ਬੜੀ ਸੇਵਾ ਅਤੇ ਯੋਗ ਅਗਵਾਈ ਵੀ ਕੀਤੀ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਸਰਕਾਰ ਵੱਲੋਂ ਰੱਖੇ ਜਾਂਦੇ ਸਨ-ਜਿਨ੍ਹਾਂ ਬੀਬੀਆਂ ਨੇ ਉਸ ਮੁਸੀਬਤ ਸਮੇਂ ਆਪਣੇ ਮਰਦਾਂ ਅਤੇ ਸਿੱਖ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ, ਮੀਰ ਮੰਨੂੰ ਦੀ ਜੇਲ੍ਹ ਵਿਚ ਸਵਾ-ਸਵਾ ਮਣ ਦੇ ਪੀਸਣ ਪੀਸੇ, ਬੱਚਿਆਂ ਦੇ ਟੋਟੇ ਕਰਵਾ ਗਲਾਂ ਵਿਚ ਹਾਰ ਪਵਾਏ ਪਰ ਸਿੱਖੀ ਸਿਦਕ ਅਤੇ ਧਰਮ ਤੋਂ ਨਹੀਂ ਡੋਲੀਆਂ,ਐਸੀਆਂ ਬੀਬੀਆਂ ਨੂੰ ਕੀ ਕੋਈ ਨੀਵਾਂ ਜਾਂ ਨੀਚ ਕਹਿ ਸਕਦਾ ਹੈ? ਨਹੀਂ, ਕਦੇ ਨਹੀਂ। ਸਗੋਂ ਐਸੀਆਂ ਬੀਬੀਆਂ ਦੀ ਕਰਨੀ ਕਮਾਈ ਰੋਜ਼ ਅਰਦਾਸ ਵਿਚ ਯਾਦ ਕੀਤੀ/ਕਰਾਈ ਜਾਂਦੀ ਹੈ। ਆਪਣੇ ਮਹਾਨ ਵਿਰਸੇ ਨੂੰ ਪੜ੍ਹਨ-ਸੁਣਨ ਅਤੇ ਵਿਚਾਰਨ-ਪ੍ਰਚਾਰਨ ਵੱਲ ਧਿਆਨ ਨਾ ਦੇਣ ਕਾਰਨ ਹੀ ਸਾਡੀਆਂ ਭੈਣਾਂ ਹੋਰਨਾਂ ਦੀ ਦੇਖਾ-ਦੇਖੀ ਫੈਸ਼ਨਾਂ ਵਿਚ ਗਲਤਾਨ ਹੁੰਦੀਆਂ ਜਾ ਰਹੀਆਂ ਹਨ। ਨੰਗੇ ਕੇਸੀ ਖੁੱਲੇ ਆਮ ਫਿਰਨਾ ਹੀ ਨਹੀਂ ਸਗੋਂ ਕੇਸ ਰੰਗਣੇ, ਭਰਵੱਟੇ ਬਣਾਉਣ ਆਦਿ ਦੇ ਮਨਮਤੀ ਕਰਮ ਕਰ ਕਰ ਕੇ ਜਿਥੇ ਆਪ ਗੁਰੂ ਤੋਂ ਦੂਰ ਹੋ ਰਹੀਆਂ ਹਨ ਉਥੇ ਆਪਣੀ ਸੰਤਾਨ ਉਤੇ ਮਾੜਾ ਅਸਰ ਪਾ ਕੇ ਗੁਰੂ ਤੋਂ ਦੂਰ ਕਰਨ ਦਾ ਅਪਰਾਧ (ਪਾਪ) ਕਮਾ ਰਹੀਆਂ ਹਨ... ਖੈਰ।

ਇਸ 'ਰਖਸ਼ਾ-ਬੰਧਨ' ਦੁਆਰਾ ਇਸਤ੍ਰੀ ਦੇ ਦਿਮਾਗ ਵਿਚ ਸ਼ੁਰੂ ਤੋਂ ਹੀ ਬਿਠਾਇਆ ਜਾਂਦਾ ਹੈ ਕਿ ਐ ਇਸਤ੍ਰੀ! ਤੂੰ ਕਮਜ਼ੋਰ ਹੈ; ਤੂੰ ਨਿਤਾਣੀ ਹੈਂ; ਤੂੰ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ (ਮੰਨੂੰ ਜੀ ਦੇ ਕਥਨ ਅਨੂਸਾਰ ਲੜਕੀ ਨੂੰ ਪਹਿਲਾਂ ਬਾਪ, ਫਿਰ ਪਤੀ ਅਤੇ ਫਿਰ ਪੁੱਤਰਾਂ ਦੇ ਅਧੀਨ ਹੀ ਰਹਿਣਾ ਤੇ ਰੱਖਣਾ ਚਾਹੀਦਾ ਹੈ) ਇਸ ਲਈ ਤੂੰ ਮਰਦ ਦੇ ਆਸਰੇ ਹੀ ਜ਼ਿੰਦਾ ਰਹਿ ਸਕਦੀ ਏੰ। ਇਸ ਤਰ੍ਹਾਂ ਦਾ ਹੀਨਤਾ-ਭਾਵ ਛੋਟੀ ਉਮਰ ਤੋਂ ਬੱਚਿਆਂ ਦੇ ਦਿਲਾਂ ਵਿਚ ਪਾਉਣ ਦੇ ਇਹ ਢੰਗ (ਰੱਖੜੀ ਤੇ ਟਿੱਕਾ) ਆਦਿ ਅਪਨਾਏ ਗਏ ਜਾਪਦੇ ਹਨ। ਟਿੱਕਾ (ਭਈਆ ਦੂਜ) ਵਾਲੇ ਦਿਨ, ਲੜਕੀ ਭੈਣ ਰੂਪ ਵਿਚ, ਪੁਰਸ਼ ਭਰਾ ਦੀ ਲੰਮੀ ਉਮਰ ਵਾਸਤੇ ਤਾਂ ਅਰਦਾਸ ਕਰਦੀ ਹੈ ਪਰ ਕੀ ਕੋਈ ਐਸਾ ਦਿਨ ਵੀ ਮਿਥਿਆ ਗਿਆ ਹੈ ਕਿ ਜਦੋਂ ਵੀਰ ਵੀ ਆਪਣੀ ਭੈਣ ਦੀ ਲੰਮੀ ਉਮਰ ਲਈ ਅਰਦਾਸ ਕਰੇ? ਕਿਤਨਾ ਵਧੀਆ ਤਰੀਕਾ ਹੈ, ਇਸਤ੍ਰੀ ਜਾਤੀ ਨੂੰ ਇਹ ਪ੍ਰਭਾਵ ਦੇਣ ਦਾ ਕਿ ਸਮਾਜ ਵਿਚ ਪੁਰਸ਼ ਜਾਤ ਦੀ ਵਧੇਰੇ ਲੋੜ ਹੈ, ਇਸਤ੍ਰੀ ਜਾਤ ਦੀ ਨਹੀਂ। ਪਰ ਸਿੱਖ ਗੁਰੂ ਸਾਹਿਬਾਨ ਨੇ ਇਹ ਵਿਤਕਰੇ ਖ਼ਤਮ ਕਰਦਿਆਂ ਇਸਤ੍ਰੀ ਪੁਰਸ਼ ਦੋਹਾਂ ਨੂੰ ਇਕ ੋਬਾਟੇ ਵਿਚ ਅੰਮ੍ਰਿਤ ਛਕਾ, ਸ਼ਸਤਰਧਾਰੀ ਹੋ ਕੇ ਜੰਗਾਂ-ਯੁੱਧਾਂ ਵਿਚ ਵੈਰੀਆਂ ਦੇ ਆਹੂ ਲਾਹੁਣ ਦੇ ਯੋਗ ਬਣਾ ਦਿੱਤਾ। ਸਿੱਖ ਇਸਤ੍ਰੀਆਂ ਦੀ ਬਹਾਦਰੀ ਦਾ ਇਕ ਵੱਖਰਾ ਇਤਿਹਾਸ ਹੈ। ਉਨ੍ਹਾਂ ਆਪਣੀ ਹੀ ਨਹੀਂ ਸਗੋਂ ਹੋਰ ਮਜ਼ਲੂਮਾਂ ਦੀ ਵੀ ਰੱਖਿਆ ਕੀਤੀ ਹੈ। ਮਾਤਾ ਭਾਗ ਕੌਰ ਮੁਕਤਸਰ ਦੇ ਜੰਗ ਵਿਚ ਸ਼ਸਤਰਧਾਰੀ ਵੀਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੀ ਨਹੀਂ ਲੜੀ ਸਗੋਂ ਉਨ੍ਹਾਂ ਦੀ ਅਗਵਾਈ ਵੀ ਕੀਤੀ। ਹਰਸ਼ਰਨ ਕੌਰ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਜਾਨ ਤਲੀ ਉਤੇ ਧਰ ਕੇ ਵੈਰੀ ਦਲਾਂ ਨੂੰ ਚੀਰਦੀ ਜਮਰੌਦ ਤੋਂ ਜੰਗ ਦੀ ਖ਼ਬਰ ਲੈ ਕੇ ਆਈ ਸੀ। ਸਾਹਿਬ ਕੌਰ (ਸਾਹਿਬ ਸਿੰਘ ਮਹਾਰਾਜਾ ਪਟਿਆਲਾ ਦੀ ਭੈਣ) ਨੇ ਮਰਹਟਿਆਂ ਵਿਰੁੱਧ ਜੰਗ ਵਿਚ ਉਹ ਕਰਤਬ ਦਿਖਾਏ ਜੋ ਹਮੇਸ਼ਾ ਯਾਦ ਰਹਿਣਗੇ। ਇਸ ਤਰ੍ਹਾਂ ਹੋਰ ਬੇਅੰਤ, ਸਿੰਘ ਬੀਬੀਆਂ ਦੇ ਇਤਿਹਾਸਿਕ ਕਾਰਨਾਮੇ ਆਪਣੇ ਮਿਸਾਲ ਆਪ ਹਨ ਜਿਨ੍ਹਾਂ ਨੂੰ ਪੜ੍ਹਨ ਸੁਣਨ ਅਤੇ ਪ੍ਰਚਾਰਨ ਦੀ ਲੋੜ ਹੈ ਕਿ ਐਸੀ ਬਹਾਦਰ ਕੌਮ ਦੀਆਂ ਬੀਬੀਆਂ ਜੋ ਖੁਦ ਅੰਮ੍ਰਿਤਧਾਰੀ ਹੋ ਕੇ ਸ਼ਸਤਰਧਾਰੀ ਹੋ ਜਾਣ ਤਾਂ ਉਨ੍ਹਾਂ ਲਈ ਰੱਖੜੀ ਬੰਨ੍ਹਣਾ ਬਿਲਕੁਲ ਬੇਲੋੜਾ ਤੇ ਨਿਰਾਰਥਕ ਹੈ। ਇਸ ਲਈ ਲੋੜ ਹੈ ਕਿ ਸਿੱਖ ਬੀਬੀਆਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ਼ਸਤਰਧਾਰੀ ਹੋਣ ਨਾ ਕਿ ਹਰ ਸਾਲ ਭਰਾ ਤੋਂ ਆਪਣੀ ਰੱਖਿਆ ਦਾ ਪ੍ਰਣ ਲੈਂਦੀਆਂ ਫਿਰਨ।

ਰੱਖੜੀ ਬੰਨ੍ਹਣ ਵਾਲੀਆਂ ਬੀਬੀਆਂ ਤੋਂ ਕੋਈ ਪੁੱਛੇ, ਜਦੋਂ ਇਸਤਰੀ ਵਿਆਹੀ ਗਈ ਤਾਂ ਉਸ ਦੀ ਰੱਖਿਆ ਉਸ ਦੇ ਪਤੀ ਨੇ ਕਰਨੀ ਹੈ ਜਾਂ ਦੂਰ ਰਹਿੰਦੇ ਵੀਰ ਨੇ? ਕਈਆਂ ਨੇ ਭਰਾ ਦੂਰ ਵਿਦੇਸ਼ਾਂ ਵਿਚ ਗਏ ਹੁੰਦੇ ਹਨ। ਭੈਣ ਐਥੋਂ ਰੱਖੜੀ ਭੇਜ ਕੇ ਆਪਣੀ ਰੱਖਿਆ ਦਾ ਪ੍ਰਣ ਉਡੀਕ ਰਹੀ ਹੁੰਦੀ ਏ। ਇਸ ਤੋਂ ਅਗੇ ਹੋਰ ਅੰਧ ਵਿਸ਼ਵਾਸ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਸਾਡੀਆਂ ਬੀਬੀਆਂ ਭੈਣਾਂ ਗੁਰਦੁਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੀੜ੍ਹਿਆਂ ਨੂੰ ਰੱਖੜੀਆਂ ਬੰਨ੍ਹਣ ਲੱਗ ਜਾਂਦੀਆਂ ਹਨ। ਇਨ੍ਹਾਂ ਭੁੱਲੜ ਬੀਬੀਆਂ ਨੂੰ ਕੌਣ ਸਮਝਾਏ ਕਿ ਜਿਹੜੇ ਲੋਕ ਗੁਰਮਤਿ-ਵਿਰੋਧੀ ਕਰਮ (ਰੀਤ, ਰਿਵਾਜ਼, ਰਸਮਾਂ) ਕਰਦੇ ਹਨ, ਉਨ੍ਹਾਂ ਨੂੰ ਮਨਮੁਖ ਕਿਹਾ ਗਿਆ ਹੈ। ਮਨਮੁਖਾਂ ਦੀ ਸਿੱਖੀ ਵਿਚ ਕੋਈ ਥਾਂ ਨਹੀਂ ਹੈ। ਜਿਥੋਂ ਤੱਕ ਰੱਖਿਆ ਦਾ ਸੰਬੰਧ ਹੈ, ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਆਪ ਕਰਦਾ ਹੈ। ਗੁਰਬਾਣੀ ਦਾ ਪਾਠ ਸਹਿਜ ਨਾਲ, ਵਿਚਾਰ ਨਾਲ ਸੁਣਨ ਵਾਲਿਆਂ ਨੂੰ ਯਾਦ ਹੋਏਗਾ ਕਿ ਗੁਰੂ ਪਾਤਸ਼ਾਹ ਜਿਥੇ ਇਹ ਕਹਿੰਦੇ ਹਨ - ਮਾਤਾ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ (ਅੰਗ ੬੧੩) ਉਥੇ ਇਹ ਵੀ ਸਮਝਾਉਂਦੇ ਹਨ - ਜਹ ਮਾਤ ਪਿਤਾ ਸੁਤ ਭਾਈ ਨ ਪਹੁੰਚੈ, ਤਹਾ ਤਹਾ ਤੂ ਰਖਾ। (ਅੰਗ ੧੨੧੨)

ਭਾਵ : ਜਿਥੇ ਮਾਂ-ਬਾਪ, ਪੁੱਤਰ ਤੇ ਭਰਾ ਨਹੀਂ ਪਹੁੰਚਦੇ ਜਾਂ ਪਹੁੰਚ ਨਹੀਂ ਸਕਦੇ ਉਥੇ ਵਹਿਗੁਰੂ ਅਕਾਲ ਪੁਰਖ ਹੀ ਰਖਵਾਲਾ ਹੁੰਦਾ ਹੈ। ਇਸ ਤਰ੍ਹਾਂ ਗੁਰਬਾਣੀ ਤੇ ਗੁਰ ਇਤਿਹਾਸ ਦੀ ਰੌਸ਼ਨੀ ਵਿਚ ਸਾਨੂੰ ਜਿਥੇ ਵਾਹਿਗੁਰੂ ਅਕਾਲ-ਪੁਰਖ ਦੀ ਸਿਫ਼ਤ ਸਲਾਹ ਵੱਲ ਜ਼ਿਆਦਾ ਸਮਾਂ ਦੇਣਾ ਚਾਹੀਦਾ ਹੈ, ਸਦਾ ਉਸ ਨੂੰ ਅੰਗ-ਸੰਗ ਸਮਝਣ ਦਾ ਅਭਿਆਸ ਪਕਾਉਣਾ ਚਾਹੀਦਾ ਹੈ ਉਥੇ ਸਾਡੀਆਂ ਬੀਬੀਆਂ ਭੈਣਾਂ ਨੂੰ ਖਾਸ ਕਰਕੇ ਅਤੇ ਵੀਰਾਂ ਨੂੰ ਵੀ ਇਸ ਬੇਲੋੜੀ ਰਸਮ ਨੂੰ ਗਲੋਂ ਲਾਹ ਦੇਣਾ ਚਾਹੀਦਾ ਹੈ। ਕਿਉਂਕਿ ਸਿੱਖੀ ਵਿਚ ਇਸ ਰੱਖੜੀ ਅਤੇ ਟਿੱਕੇ ਦੀ ਕੋਈ ਥਾਂ ਨਹੀਂ। ਇਸੇ ਤਰ੍ਹਾਂ ਸਰਾਧ ਕਰਨੇ ਕਰਾਉਣੇ, ਨਵਰਾਤੇ ਪੂਜਣੇ, ਕੰਜਕਾਂ ਬਿਠਾਉਣੀਆਂ ਜਾਂ ਆਪਣੀਆਂ ਬੱਚੀਆਂ ਨੂੰ ਕੰਜਕਾਂ ਬਿਠਾਉਣ ਲਈ ਦੂਜਿਆਂ ਦੇ ਘਰਾਂ ਵਿਚ ਭੇਜਣਾ, ਵਰਤ, ਕਰਵਾ ਚੌਥ ਅਤੇ ਹੋਰ ਵਰਤ ਆਦਿ ਗੁਰੂ ਘਰ ਵਿਚ ਵਿਵਰਜਤ ਹਨ। ਸਾਨੂੰ ਆਪ ਜਿਥੇ ਇਹਨਾਂ ਤੋਂ ਬਚਨਾ ਚਾਹੀਦਾ ਹੈ। ਉਥੇ ਇਨ੍ਹਾਂ ਦੀ ਅਸਲੀਅਤ ਬਾਰੇ ਪ੍ਰਚਾਰ ਕਰਨ ਕਰਾਉਣ ਵਿਚ ਯੋਗ ਹਿੱਸਾ ਵੀ ਪਾਉਂਦੇ ਰਹਿਣਾ ਚਾਹੀਦਾ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top