Share on Facebook

Main News Page

ਧੁੰਮਾ ਧੜੇ ਵਲੋਂ ਨੇਤਰਹੀਣ ਸੰਗੀਤ ਵਿਦਿਆਲੇ ’ਤੇ ਕੀਤਾ ਕਬਜ਼ਾ ਬਣਿਆ ਚਰਚਾ ਦਾ ਵਿਸ਼ਾ

ਅਨੰਦਪੁਰ ਸਾਹਿਬ, 14 ਜੁਲਾਈ (ਦਲਜੀਤ ਸਿੰਘ ਅਰੋੜਾ) : ਬੀਤੇ ਦਿਨੀਂ ਅਨੰਦਪੁਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਧੁੰਮਾ ਧੜੇ ਵਲੋਂ ਨੇਤਰਹੀਣ ਸੰਗੀਤ ਵਿਦਿਆਲਾ ’ਤੇ ਧੱਕੇ ਨਾਲ ਕੀਤਾ ਗਿਆ ਕਬਜ਼ਾ ਪੂਰੀ ਤਰ੍ਹਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 1986 ਤੋਂ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਵਿਦਿਆਲੇ ਵਿਚ ਪੰਜਾਬ, ਹਿਮਾਚਲ, ਬਿਹਾਰ, ਉਤਰ ਪ੍ਰਦੇਸ਼, ਜੰਮੂ ਕਸ਼ਮੀਰ ਆਦਿ ਸੂਬਿਆਂ ਤੋਂ ਨੇਤਰਹੀਣ ਬੱਚੇ ਕੀਰਤਨ ਕਥਾ ਆਦਿ ਦੀ ਸਿਖਲਾਈ ਲੈ ਰਹੇ ਹਨ ਤੇ ਕਾਫ਼ੀ ਵਿਦਿਆਰਥੀ ਦੇਸ਼ ਵਿਦੇਸ਼ ਵਿਚ ਸੈਟਲ ਹੋਏ ਹਨ। ਇਸ ਵਿਦਿਆਲੇ ਨੂੰ ਚਲਾਉਣ ਲਈ ਇਕ ਟ੍ਰਸਟ ਬਣਾਇਆ ਗਿਆ ਹੈ, ਜਿਸ ਦੇ 11 ਮੈਂਬਰ ਹਨ।

ਟ੍ਰਸਟ ਵਲੋਂ ਵਿਦਿਆਲੇ ਦੇ ਮੁੱਖ ਪ੍ਰਬੰਧਕ ਬਾਬਾ ਦਰਸ਼ਨ ਸਿੰਘ ਨੂੰ ਬਣਾਇਆ ਗਿਆ ਸੀ ਜੋ 3 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਸਨ। 11 ਜੁਲਾਈ ਨੂੰ ਨੇਤਰਹੀਣ ਸੰਗੀਤ ਵਿਦਿਆਲੇ ਵਿਚ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ. ਤਰਲੋਚਨ ਸਿੰਘ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ, ਟ੍ਰਸਟੀ ਮੈਂਬਰ ਗਿ. ਰਣਜੋਧ ਸਿੰਘ, ਪਰਮਜੀਤ ਸਿੰਘ, ਸਵਿੰਦਰ ਸਿੰਘ ਯੂ.ਐਸ.ਏ., ਭਾਈ ਗੁਰਮੇਜ ਸਿੰਘ ਤੇ ਭਾਈ ਜੁਗਿੰਦਰ ਸਿੰਘ (ਸਾਰੇ ਟ੍ਰਸਟੀ ਮੈਂਬਰਾਂ) ਦੀ ਹਾਜ਼ਰੀ ਵਿਚ ਭਾਈ ਗੁਰਮੇਜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ ਦਸਤਾਰ ਦੇ ਕੇ ਵਿਦਿਆਲੇ ਦਾ ਨਵਾਂ ਮੁਖੀ ਥਾਪਿਆ ਗਿਆ ਪਰ ਭੋਗ ਵਾਲੇ ਦਿਨ 13 ਜੁਲਾਈ ਨੂੰ ਦਮਦਮੀ ਟਕਸਾਲ ਦੇ ਧੁੰਮਾ ਧੜੇ ਵਲੋਂ ਨੇਤਰਹੀਣ ਸੰਗੀਤ ਵਿਦਿਆਲਾ ਵਿਖੇ ਧੱਕੇ ਨਾਲ ਕਬਜ਼ਾ ਕਰ ਕੇ ਸੁਰਜੀਤ ਸਿੰਘ ਨੂੰ ਵਿਦਿਆਲੇ ਦਾ ਮੁਖੀ ਐਲਾਨ ਦਿਤਾ ਗਿਆ। ਇਸ ਬਾਰੇ ਅਨੰਦਪੁਰ ਸਾਹਿਬ ਸਥਿਤ ਦਮਦਮੀ ਟਕਸਾਲ ਤੇ ਡੇਰੇ ’ਚ ਪ੍ਰੈਸ ਕਾਨਫ਼ਰੰਸ ਕਰ ਕੇ ਭਾਈ ਹਰਦੀਪ ਸਿੰਘ ਜੋ ਅਪਣੇ-ਆਪ ਨੂੰ ਵਿਦਿਆਲੇ ਦੇ ਟ੍ਰਸਟੀ ਮੈਂਬਰ ਦਸਦੇ ਸਨ, ਨੇ ਕਿਹਾ ਕਿ ਇਸ ਵਿਦਿਆਲੇ ਦੇ ਮਾਲਕ ਬਾਬਾ ਮੋਹਨ ਸਿੰਘ ਹਨ, ਜਿਨਾਂ ਨੇ ਵਿਦਿਆਲੇ ਦਾ ਮੁਖੀ ਭਾਈ ਸੁਰਜੀਤ ਸਿੰਘ ਨੂੰ ਬਣਾਇਆ ਹੈ ਜਦੋਂਕਿ ਦੂਜੇ ਪਾਸੇ ਵਿਦਿਆਲੇ ਦੇ ਸਵਰਗੀ ਮੁਖੀ ਬਾਬਾ ਦਰਸ਼ਨ ਸਿੰਘ ਦੇ ਸਪੁੱਤਰ ਤੇ ਟ੍ਰਸਟੀ ਮੈਂਬਰ ਭਾਈ ਸਵਿੰਦਰ ਸਿੰਘ ਨੇ ਹਰਦੀਪ ਸਿੰਘ ਨੂੰ ਟ੍ਰਸਟ ਦਾ ਮੈਂਬਰ ਹੀ ਨਹੀਂ ਮੰਨਿਆ ਤੇ ਕਿਹਾ ਕਿ ਉਹ ਧੱਕੇ ਨਾਲ ਹੀ ਟ੍ਰਸਟੀ ਮੈਂਬਰ ਬਣ ਰਹੇ ਹਨ।

ਦੂਜੇ ਪਾਸੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਨੇ ਐਲਾਨ ਕੀਤਾ ਹੈ, ਕਿ ਅਨੰਦਪੁਰ ਸਾਹਿਬ ਦੇ ਨੇਤਰਹੀਣ ਸੰਗੀਤ ਵਿਦਿਆਲੇ ਨੂੰ ਕਿਸੇ ਵੀ ਕੀਮਤ ’ਤੇ ਦੂਜੇ ਹੱਥਾਂ ਵਿਚ ਨਹੀਂ ਜਾਣ ਦਿਤਾ ਜਾਵੇਗਾ। ਉਨਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਲਈ ਭਾਰਤ ਦੇ ਸਮੁੱਚੇ ਨੇਤਰਹੀਣ ਅਨੰਦਪੁਰ ਸਾਹਿਬ ਵਲ ਵਹੀਰਾਂ ਘੱਤ ਲੈਣਗੇ ਤੇ ਸੰਘਰਸ਼ ਵਿਢ ਦਿਤਾ ਜਾਵੇਗਾ। ਉਨਾਂ ਕਿਹਾ ਕਿ 1964 ਵਿਚ ਭਾਰਤ ਨੇਤਰਹੀਣ ਸੇਵਕ ਸਮਾਜ ਹੋਂਦ ਵਿਚ ਆਇਆ ਸੀ ਜਿਸ ਵਿਚ ਵੱਡਾ ਹੱਥ ਬਾਬਾ ਦਰਸ਼ਨ ਸਿੰਘ ਦਾ ਸੀ ਤੇ ਉਨਾਂ ਦੀਆਂ ਭਾਵਨਾਵਾਂ ਮੁਤਾਬਕ ਭਾਈ ਗੁਰਮੇਜ ਸਿੰਘ ਨੂੰ ਵਿਦਿਆਲੇ ਦਾ ਮੁਖੀ ਥਾਪਿਆ ਗਿਆ ਹੈ। ਇਸ ਸਮੇਂ ਜਿਥੇ ਨੇਤਰਹੀਣ ਸੰਗੀਤ ਵਿਦਿਆਲੇ ’ਤੇ ਧੁੰਮਾ ਧੜੇ ਦਾ ਕਬਜ਼ਾ ਹੈ ਤੇ ਦਹਿਸ਼ਤ ਦਾ ਮਾਹੋਲ ਬਰਕਰਾਰ ਹੈ, ਉਥੇ ਹੀ ਦਮਦਮੀ ਟਕਸਾਲ ਵਲੋਂ ਕੀਤੀ ਗਈ ਇਸ ਕਾਰਵਾਈ ਨੂੰ ਅਨੰਦਪੁਰ ਸਾਹਿਬ ਦੇ ਲੋਕ ਮੰਦਭਾਗਾ ਦਸ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਵੀਂ ਅਬਾਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਹੀ ਟਕਸਾਲ ਵਲੋਂ ਕਥਿਤ ਤੌਰ ’ਤੇ ਇਕ ਡੇਰੇ ’ਤੇ ਕਬਜ਼ਾ ਕੀਤਾ ਸੀ ਅਤੇ ਉਸ ਕਬਜ਼ੇ ਦੌਰਾਨ ਜਿਸ ਨੌਜਵਾਨ ਜਥੇਦਾਰ ਨੇ ਅਹਿਮ ਰੋਲ ਨਿਭਾਇਆ ਸੀ, ਬੀਤੇ ਦਿਨੀਂ ਵੀ ਉਹੀ ਨੌਜਵਾਨ ਜਥੇਦਾਰ ਪੱਤਰਕਾਰਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਬਾਕੀ ਕੰਮਾਂ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਇਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top