Share on Facebook

Main News Page

ਪੰਜਾਬ ਵਿੱਚ ਡੇਰਾਵਾਦ ਦੀ ਸਮੱਸਿਆ ਦੇ ਮੁੱਖ ਕਾਰਣ ਤੇ ਹੱਲ ਲਈ ਕੁਝ ਸੁਝਾਉ
-
ਕਿਰਪਾਲ ਸਿੰਘ ਬਠਿੰਡਾ  ਮੋਬ: +੯੧ ੯੮੫੫੪ ੮੦੭੯੭

* ਗੁਰਬਾਣੀ ਦੇ ਅਰਥਬੋਧ ਤੋਂ ਅਗਿਆਨਤਾ, ਪੰਥਕ ਜਥੇਬੰਦੀਆਂ ਦੀ ਆਪਸੀ ਫੁੱਟ ਅਤੇ ਮੀਰੀ ਪੀਰੀ ਦੇ ਸਿਧਾਂਤ ਦੀ ਕੇਵਲ ਸਤਾ ਪ੍ਰਾਪਤੀ ਲਈ ਦੁਰਵਰਤੋਂ ਵਿਚ ਵਾਧਾ - ਪੰਜਾਬ 'ਚ ਡੇਰਾਵਾਦ ਦੇ ਮੁੱਖ ਕਾਰਣ ਹਨ

ਪੰਜਾਬ ਵਿੱਚ ਡੇਰਾਵਾਦ ਦੀ ਸਮੱਸਿਆ ਵਿਕਰਾਲ ਰੂਪ ਧਾਰਣ ਕਰ ਰਹੀ ਹੈ। ਸਿੱਟੇ ਵਜੋਂ ਕਦੀ ਨਿਰੰਕਾਰੀਆਂ, ਕਦੀ ਆਸ਼ੂਤੋਸ਼ ਨੂਰਮਹਿਲੀਏ, ਕਦੀ ਪਿਆਰੇ ਭਨਿਆਰੇ, ਕਦੀ ਸੌਦਾ ਸਾਧ ਅਤੇ ਕਦੀ ਡੇਰਾ ਸੱਚਖੰਡ ਬੱਲਾਂ ਦੇ ਚੇਲਿਆਂ ਨਾਲ ਸਿੱਖਾਂ ਦਾ ਤਕਰਾਰ ਚਲਦਾ ਰਹਿੰਦਾ ਹੈ ਤੇ ਅਨੇਕਾਂ ਵਾਰ ਖੂਨੀ ਟਕਰਾਅ ਵਿੱਚ ਵੀ ਤਬਦੀਲ ਹੋ ਚੁੱਕਾ ਹੈ। ੧੯੭੮ 'ਚ ਵਾਪਰੇ ਨਿਰੰਕਾਰੀ ਨੇ ਤਾਂ ਡੇੜ ਦਹਾਕੇ ਤੋਂ ਵੱਧ ਦੇ ਸਮੇਂ ਤੱਕ ਪੰਜਾਬ ਦੇ ਹਾਲਤ ਬਦਤਰ ਬਣਾਈ ਰੱਖੇ ਜਿਸ ਕਾਰਣ ਪੰਜਾਬੀ ਤੇ ਖਾਸ ਕਰਕੇ ਸਿੱਖਾਂ ਨੂੰ ਲੱਗੇ ਜ਼ਖ਼ਮ ਸਦੀਆਂ ਤੱਕ ਰਿਸਦੇ ਰਹਿਣਗੇ। ਹੁਣ ਡੇਰਾ ਬਿਆਸ ਦੀ ਗੁੰਡਾਗਰਦੀ ਸਭ ਹੱਦਾਂ ਬੰਨੇ ਪਾਰ ਕਰਨ ਵੱਲ ਵੱਧ ਰਹੀ ਹੈ। ਭੂਮਾਫੀਆ ਦਾ ਰੂਪ ਧਾਰਨ ਕਰ ਚੁੱਕੇ ਡੇਰਾ ਬਿਆਸ ਵੱਲੋਂ ਆਪਣੇ ਡੇਰੇ ਦੇ ਵਿਸਥਾਰ ਲਈ ਆਸ ਪਾਸ ਦੇ ਅਨੇਕਾਂ ਪਿੰਡਾਂ 'ਤੇ ਕਬਜ਼ਾ ਕਰਨ ਉਪ੍ਰੰਤ ਇੱਕ ਗੁਰਦੁਆਰੇ ਨੂੰ ਹੀ ਢਾਹ ਕੇ ਆਪਣੇ ਵਿੱਚ ਮਿਲਾ ਲੈਣ ਨਾਲ ਇਹ ਅਤਿ ਦੀ ਉਸ ਸਿਖਰ 'ਤੇ ਪਹੁੰਚ ਗਿਆ ਹੈ, ਜਿਸ ਨਾਲ ਪੰਜਾਬ ਦੀ ਧਰਤੀ 'ਤੇ ਉਸੇ ਤਰ੍ਹਾਂ ਨਸੂਰ ਦੀ ਸ਼ਕਲ ਅਖਤਿਆਰ ਕਰ ਜਾਵੇਗਾ ਜਿਸ ਤਰ੍ਹਾਂ ਭਾਰਤ ਵਿੱਚ ਬਾਬਰੀ ਮਸਜਿਦ ਨੇ ਧਾਰਨ ਕੀਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਵਰਸੋਈ ਧਰਤੀ 'ਤੇ ਅਜੇਹੀ ਸਮੱਸਿਆ ਪੈਦਾ ਹੋਣ ਅਤੇ ਇਸਦੇ ਤੇਜੀ ਨਾਲ ਵਧਣ ਫੁੱਲਣ ਦੇ ਮੁੱਖ ਕਾਰਣ ਹਨ ਗੁਰਬਾਣੀ ਦੇ ਅਰਥਬੋਧ ਤੋਂ ਅਗਿਆਨਤਾ, ਪੰਥਕ ਜਥੇਬੰਦੀਆਂ ਦੀ ਆਪਸੀ ਫੁੱਟ ਅਤੇ ਮੀਰੀ ਪੀਰੀ ਦੇ ਸਿਧਾਂਤ ਦੀ ਕੇਵਲ ਸਤਾ ਪ੍ਰਾਪਤੀ ਲਈ ਦੁਰਵਰਤੋਂ ਵਿੱਚ ਲਗਾਤਾਰ ਹੋ ਰਿਹਾ ਵਾਧਾ।

ਪੰਜਾਬ ਦੇ ਸਿੱਖਾਂ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਤਾਂ ਹੈ ਪਰ ਗੁਰਬਾਣੀ ਦੇ ਅਰਥਬੋਧ ਤੋਂ ਅਗਿਆਨਤਾ ਹੋਣ ਕਾਰਣ ਗੁਰਮਤਿ ਸਿਧਾਂਤਾਂ ਤੋ ਕੋਹਾਂ ਦੂਰ ਹਨ। ਸਿੱਖ ਸਿਧਾਂਤਾਂ ਤੋਂ ਕੋਰੇ ਹੋਣ ਕਾਰਣ ਬਹੁਗਿਣਤੀ ਅਜੋਕੇ ਸਿੱਖ ਉਨ੍ਹਾਂ ਸਾਰੀਆਂ ਅਲਾਮਤਾਂ; ਜਿਵੇਂ ਕਿ ਮਨੁੱਖੀ ਵਿਤਕਰੇ, ਆਰਥਿਕ ਸਾਧਨਾ ਦੀ ਕਾਣੀ ਵੰਡ, ਪੁਜਾਰੀਵਾਦ, ਧਰਮ ਦੇ ਨਾਂਮ ਤੇ ਕਰਮਕਾਂਡ, ਜਾਤੀਵਾਦ, ਵਹਿਮਾਂ ਭਰਮਾਂ ਤੋਂ ਬੁਰੀ ਤਰ੍ਹਾਂ ਗ੍ਰਸਤ ਹਨ; ਜਿਨ੍ਹਾਂ ਨੂੰ ਦੂਰ ਕਰਨ ਲਈ ਸਿੱਖ ਗੁਰੂ ਸਾਹਿਬਾਨ ਨੇ ੧੦ ਜਾਮੇ ਧਾਰਨ ਕਰਕੇ ੨੩੯ ਸਾਲ ਦੇ ਲੰਬੇ ਸਮੇਂ ਦੌਰਾਨ ਕਠਿਨ ਘਾਲਨਾ ਘਾਲੀ ਤੇ ਇਸ ਉਪ੍ਰੰਤ ਗੁਰਮਤਿ ਫ਼ਿਲਾਸਫ਼ੀ ਨੂੰ ਸਮਝਣ ਵਾਲੇ ਅਨੇਕਾਂ ਮਰਜੀਵੜੇ ਸਿੰਘ ਅੱਜ ਤੱਕ ਸੰਘਰਸ਼ੀਲ ਹਨ, ਅਣਗਿਣਤ ਸ਼ਹੀਦੀਆਂ ਦੇ ਜਾਮ ਪੀ ਚੁੱਕੇ ਹਨ ਤੇ ਅਨੇਕਾਂ ਹੋਰ ਅਣਮਨੁੱਖੀ ਸਰਕਾਰੀ ਤੇ ਗੈਰਸਰਕਾਰੀ ਤਸੀਹਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਗਿਆਨ ਬਿਹੂਣੇ ਸਿੱਖਾਂ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਦਾ ਮੁਢਲਾ ਫਾਇਦਾ ਆਪੂ ਬਣੇ ਸਿੱਖ ਸੰਤਾਂ ਨੇ ਉਠਾਇਆ ਤੇ ਅਨੇਕਾਂ ਡੇਰੇ ਹੋਂਦ ਵਿੱਚ ਲਿਆਂਦੇ। ਸ਼ੁਰੂਆਤੀ ਸਮੇਂ 'ਚ ਬੇਸ਼ੱਕ ਇਹ ਡੇਰੇਦਾਰ ਸਿੱਖ ਧਰਮ ਦੇ ਪ੍ਰਚਾਰਕ ਹੀ ਲਗਦੇ ਹਨ ਪਰ ਹੌਲੀ ਹੌਲੀ ਇਹ, ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਪ੍ਰਾਪਤ ਕਰਕੇ ਸਿੱਧਾ ਅਕਾਲ ਪੁਰਖ ਨਾਲ ਸਬੰਧ ਜੋੜਨ ਵਾਲੇ ਖ਼ਾਲਸੇ ਅਤੇ ਗੁਰੂ/ਅਕਾਲ ਪੁਰਖ਼ ਵਿੱਚਕਾਰ ਵਿਚੋਲੇ ਬਣ ਬੈਠੇ। ਇਨ੍ਹਾਂ ਵਿੱਚੋਂ ਕਈ ਡੇਰੇਦਰ ਆਪਣੇ ਡੇਰਿਆਂ ਵਿੱਚ ਉਨ੍ਹਾਂ ਗਰੀਬ ਸਿੱਖਾਂ ਨਾਲ ਜਾਤੀ ਵਿਤਕਰਾ ਕਰ ਰਹੇ ਹਨ ਜਿਨ੍ਹਾਂ ਸਬੰਧੀ ਗੁਰੂ ਨਾਨਕ ਸਾਹਿਬ ਨੇ

'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥' (ਸਿਰੀਰਾਗੁ ਮ: ੧, ਗੁਰੂ ਗ੍ਰੰਥ ਸਾਹਿਬ ਪੰਨਾ ੧੫) ਦੇ ਫ਼ੁਰਮਾਨ ਰਾਹੀਂ ਮੰਨੂ ਸਿਮ੍ਰਤੀਆਂ ਅਨੁਸਾਰ ਜਾਤੀ ਅਧਾਰਤ ਨੀਚ ਸਮਝੇ ਗਏ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਉਨ੍ਹਾਂ ਨੂੰ ਸਨਮਾਨ ਦਿਤਾ। ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਨੇ 'ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥' (ਪੰਨਾ ੧੧੨੮)

ਦੇ ਫ਼ੁਰਮਾਨ ਰਾਹੀਂ ਜਾਤ ਅਭਿਮਾਨੀਆਂ ਨੂੰ ਫਿਟਕਾਰ ਪਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਊਚ ਨੀਚ ਦਾ ਵਿਤਕਰਾ; ਸੁੱਚ ਭਿੱਟ ਦਾ ਵਹਿਮ ਦੂਰ ਕਰਨ ਲਈ ਇੱਕੋ ਬਾਟੇ ਵਿੱਚੋਂ ਖੰਡੇ ਦੀ ਪਹੁਲ ਛਕਾ ਕੇ ਖ਼ਾਲਸਾ ਪੰਥ ਸਾਜਿਆ ਤੇ ਉਨ੍ਹਾਂ ਨੂੰ ਸਨਮਾਨ ਬਖ਼ਸ਼ਦਿਆਂ ਫੁਰਮਾਨ ਕੀਤਾ 'ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ ॥੨॥' (ਖਾਲਸਾ ਮਹਿਮਾ) ਅਤੇ 'ਰੰਘਰੇਟੇ ਗੁਰੂ ਕੇ ਬੇਟੇ' ਕਹਿ ਕੇ ਛਾਤੀ ਨਾਲ ਲਾਇਆ। ਇਨ੍ਹਾਂ ਗੁਰਮਤਿ ਸਿਧਾਂਤਾਂ ਨੂੰ ਭੁਲਾ ਕੇ ਪੁਜਾਰੀਵਾਦ, ਧਰਮ ਦੇ ਨਾਂਮ ਤੇ ਕਰਮਕਾਂਡ, ਜਾਤੀਵਾਦ, ਵਹਿਮਾਂ ਭਰਮਾਂ ਨੂੰ ਫੈਲਾਉਣ ਅਤੇ ਗੁਰਬਾਣੀ ਸਬੰਧੀ ਅਗਿਆਨਤਾ ਨੂੰ ਫੈਲਾਉਣ ਵਿੱਚ ਮੁਢਲਾ ਯੋਗਦਾਨ ਸਿੱਖ ਸੰਤ ਹੀ ਪਾ ਰਹੇ ਹਨ। ਕਿਉਂਕਿ ਉਹ ਸਮਝ ਰਹੇ ਹਨ ਕਿ ਜੇ ਸਿੱਖਾਂ ਨੂੰ ਗੁਰਬਾਣੀ ਦਾ ਅਸਲ ਗਿਆਨ ਤੇ ਗੁਰਮਤਿ ਸਿਧਾਂਤਾਂ ਦੀ ਸੋਝੀ ਪ੍ਰਾਪਤ ਹੋ ਗਈ ਤਾਂ ਨਾ ਤਾਂ ਕਿਸੇ ਨੇ ਉਨ੍ਹਾਂ ਨੂੰ ਗੁਰੂ ਤੇ ਅਕਾਲ ਪੁਰਖ਼ ਵਿੱਚਕਾਰ ਵਿਚੋਲਾ ਮੰਨਣਾ ਹੈ ਤੇ ਨਾ ਹੀ 'ਕ੍ਰਿਤ ਕਰੋ, ਵੰਡ ਛਕੋ, ਨਾਮ ਜਪੋ' ਦੇ ਸਿਧਾਂਤ ਨੂੰ ਭੁਲਾ ਕੇ ਸੰਤ ਬਣੇ ਉਨ੍ਹਾਂ ਵਿਹਲੜਾਂ ਨੂੰ ਪੂਜਾ ਦੇ ਧਾਨ 'ਤੇ ਐਸ਼ ਪ੍ਰਸਤੀ ਦੇ ਸਾਧਨ ਪ੍ਰਾਪਤ ਹੋਣੇ ਹਨ। ਜਦੋਂ ਮੰਨੂ ਸਿਮ੍ਰਤੀ ਅਨੁਸਾਰ ਨੀਚ ਕਹੇ ਜਾਂਦੇ ਗਰੀਬ ਸਿੱਖਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਜਿਸ ਆਤਮਕ ਉਨਤੀ ਤੇ ਸਮਾਜਕ ਬਰਾਬਰਤਾ ਦੇ ਰੁਤਬੇ ਦੀ ਬਹਾਲੀ ਦੀ ਆਸ ਰੱਖ ਕੇ ਉਨ੍ਹਾਂ ਸਿੱਖ ਧਰਮ ਗ੍ਰਹਿਣ ਕੀਤਾ ਸੀ ਤੇ ਭਾਰੀ ਕੁਰਬਾਨੀਆਂ ਕੀਤੀਆਂ ਸਨ, ਉਹ ਤਾਂ ਸਿੱਖ ਧਰਮ ਵਿੱਚੋਂ ਵੀ ਉਨ੍ਹਾਂ ਨੂੰ ਨਹੀਂ ਲੱਭ ਰਿਹਾ, ਤਾਂ ਉਨ੍ਹਾਂ ਦਾ ਝੁਕਾਅ ਦੇਹਧਾਰੀ ਗੁਰੂਡੰਮ ਅਤੇ ਖਾਸ ਕਰਕੇ ਪਿਆਰੇ ਭਨਿਆਰੇ, ਡੇਰਾ ਬੱਲਾਂ ਤੇ ਸੌਦਾ ਡੇਰਾ ਸਿਰਸਾ ਵੱਲ ਵਧਣ ਲੱਗਾ ਤੇ ਪਛੜੀਆਂ ਸ਼੍ਰੇਣੀਆਂ 'ਚੋਂ ਵੱਡੀ ਗਿਣਤੀ ਉਨ੍ਹਾਂ ਦੇ ਚੇਲੇ ਬਣਨੇ ਸ਼ੁਰੂ ਹੋ ਗਏ, ਜਿੱਥੇ ਉਨ੍ਹਾਂ ਨੇ ਸਨਮਾਨ ਮਿਲਦਾ ਮਹਿਸੂਸ ਕੀਤਾ। ਸਿੱਖਾਂ ਵੱਲੋਂ ਦੇਹਧਾਰੀ ਗੁਰੂਡੰਮ ਦਾ ਵਿਰੋਧ ਵੀ ਉਸ ਸਮੇਂ ਖੁੰਡਾ ਸਾਬਤ ਹੋ ਜਾਂਦਾ ਹੈ ਜਿਸ ਸਮੇਂ ਦੇਹਧਾਰੀਆਂ ਦੇ ਚੇਲੇ ਇਹ ਕਹਿ ਕੇ ਵਿਰੋਧੀਆਂ ਨੂੰ ਚੁੱਪ ਕਰਵਾ ਦਿੰਦੇ ਹਨ ਕਿ ਜੇ ਜਗਿਆਸੂ ਅਤੇ ਰੱਬ ਦੇ ਵਿਚਕਾਰ ਸਿੱਖ ਸੰਤ ਵਿਚੋਲਿਆਂ ਦੇ ਤੌਰ 'ਤੇ ਪ੍ਰਵਾਨ ਹਨ ਤਾਂ ਦੇਹਧਾਰੀ ਗੁਰੂ ਕਿਉਂ ਨਹੀਂ? ਇਸ ਤਰ੍ਹਾਂ ਸਿੱਖ ਸੰਤ ਦੇਹਧਾਰੀ ਗੁਰੂਡੰਮ ਦੇ ਫੈਲਾਅ ਲਈ ਮੁੱਢਲੇ ਰੂਪ ਵਿੱਚ ਜਿੰਮੇਵਾਰ ਹਨ।

ਡੇਰੇਵਾਦ ਦੇ ਫੈਲਾਅ ਲਈ ਦੂਸਰਾ ਵੱਡਾ ਕਾਰਣ ਰਾਜਸੀ ਪਾਰਟੀਆਂ ਦੀ ਰਾਜਨੀਤਕ ਲਾਲਸਾ ਹੈ। ਸ਼੍ਰੋਮਣੀ ਅਕਾਲੀ ਦਲ, ਜਿਸ ਦੀ ਸਥਾਪਨਾ ਹੀ ਮੁੱਖ ਤੌਰ 'ਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਗੁਰੂ ਆਸ਼ੇ ਅਨੁਸਾਰ ਚਲਾਉਣ ਲਈ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਨੀਤਕ ਤੌਰ 'ਤੇ ਸਮਰਥਨ ਦੇਣ ਲਈ ਹੋਈ ਸੀ, ਵੀ ਇਸ ਲਾਲਸਾ ਤੋਂ ਮੁਕਤ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਹਿੱਤਾਂ ਲਈ ਰਾਜਨੀਤੀ ਕਰਨ ਦੀ ਥਾਂ 'ਗੁਰੂ ਸਾਹਿਬ ਵੱਲੋਂ ਬਖ਼ਸ਼ੇ ਮੀਰੀ ਪੀਰੀ ਦੇ ਸਿਧਾਂਤ' ਨੂੰ ਗਲਤ ਤੌਰ 'ਤੇ ਪੇਸ਼ ਕਰਕੇ 'ਸਿੱਖਾਂ ਦਾ ਧਰਮ ਤੇ ਰਾਜਨੀਤੀ ਇਕੱਠੀ' ਦੱਸ ਕੇ ਸ਼੍ਰਧਾਲੂ ਸਿੱਖਾਂ ਨੂੰ ਆਪਣੇ ਵੋਟ ਬੈਂਕ ਵਜੋਂ ਹੀ ਵਰਤਿਆ। ਆਮ ਸਿੱਖ ਭਾਵੇਂ ਉਹ ਸਿਧਾਂਤਕ ਤੌਰ 'ਤੇ ਸਿੱਖੀ ਤੋਂ ਕਿੰਨਾ ਵੀ ਕੋਰਾ ਕਿਉਂ ਨਾ ਹੋਵੇ, ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਹੀ ਆਪਣੇ ਆਪ ਨੂੰ ਪੱਕਾ ਸਿੱਖ ਸਮਝਣ ਲੱਗ ਪੈਂਦਾ ਹੈ। ਪੰਜਾਬ ਦੇ ਸਿੱਖਾਂ ਦਾ ਸ਼੍ਰੋਮਣੀ ਅਕਾਲੀ ਦਲ ਵੱਲ ਇਤਨਾ ਝੁਕਾਅ ਵੇਖ ਕੇ ਉਸ ਦਾ ਟਾਕਰਾ ਕਰਨ ਲਈ ਕਾਂਗਰਸ ਨੇ ਪੰਜਾਬ ਵਿੱਚ ਨਾਮਧਾਰੀ, ਨਿਰੰਕਾਰੀ, ਰਾਧਾ ਸਵਾਮੀ ਆਦਿ ਡੇਰਿਆਂ ਨੂੰ ਪ੍ਰਫੁਲਤ ਹੋਣ ਵਿੱਚ ਉਤਸ਼ਾਹਤ ਕੀਤਾ। ਡੇਰਿਆਂ ਨੂੰ ਸਰਕਾਰੀ ਜਮੀਨਾਂ ਕੌਡੀਆਂ ਦੇ ਭਾਅ ਅਲਾਟ ਕੀਤੀਆਂ, ਸਰਕਾਰੀ ਸਹੂਲਤਾਂ ਦਿੱਤੀਆਂ ਅਤੇ ਇਨ੍ਹਾਂ ਦੇ ਮੁਖੀਆਂ ਦੀ ਸਰਕਾਰੇ ਦਰਬਾਰੇ ਸੁਣਵਾਈ ਕਰਕੇ ਉਨ੍ਹਾਂ ਦਾ ਪ੍ਰਭਾਵ ਵਧਾਇਆ।

੧੯੯੭ ਤੱਕ ਇਨ੍ਹਾਂ ਸਾਰੇ ਡੇਰਿਆਂ ਦਾ ਝੁਕਾ ਕਾਂਗਰਸ ਵੱਲ ਹੀ ਸੀ ਤੇ ਇਹ ਉਨ੍ਹਾਂ ਦੇ ਪੱਕੇ ਵੋਟ ਬੈਂਕ ਸਨ। ੧੯੯੭ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਬਣੀ ਤਾ ਖਾਸ ਕਰਕੇ ਰਾਧਾ ਸਵਾਮੀ ਡੇਰਾ ਮੁਖੀ ਨੇ ਇਹ ਮਹਿਸੂਸ ਕੀਤਾ ਕਿ ਕਾਂਗਰਸ ਦੀਆਂ ਵਧੀਕੀਆਂ ਕਾਰਣ ਸਿੱਖਾਂ ਦਾ ਰੋਸ ਵਧਣ ਕਾਰਣ ਆਉਣ ਵਾਲੇ ਸਮੇਂ 'ਚ ਅਕਾਲੀਆਂ ਦੀ ਸਰਕਾਰ ਹੀ ਬਣਨੀ ਹੈ, ਤਾਂ ਸਰਕਾਰੀ ਲਾਭ ਲੈਣ ਲਈ ਉਨ੍ਹਾਂ ਦਾ ਝੁਕਾਅ ਵੀ ਅਕਾਲੀ ਦਲ ਵੱਲ ਹੋ ਗਿਆ। ਵੋਟਾਂ ਦੀ ਲਾਲਸਾ ਦੀ ਕਮਜੋਰੀ ਕਾਰਣ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਨ੍ਹਾਂ ਨੂੰ ਜੀ ਆਇਆਂ ਆਖਿਆ ਤੇ ਇਸੇ ਪਲਾਨਿੰਗ ਹੇਠ ੨੦੦੨ ਦੀਆਂ ਚੋਣਾਂ ਤੋਂ ਕੁਝ ਚਿਰ ਪਹਿਲਾਂ ਬਾਦਲ ਨੇ ਮੋਹਾਲੀ ਵਿਚ ੨੩ ਟੁਕੜਿਆਂ ਵਿਚ ਰਾਧਾਸੁਆਮੀ ਜ਼ਮੀਨ ਨੂੰ ੨੦੦ ਏਕੜ ਵਿਚ ਇਕੱਠਾ ਕਰ ਕੇ, ਸੈਕਟਰ ੭੬ ਪੂਰਾ ਹੀ, ਉਨ੍ਹਾਂ ਨੂੰ ਦੇ ਦਿੱਤਾ ਸੀ। ਉਨ੍ਹਾਂ ਫਿਰ ਹੋਰ ੩੪.੨ ਏਕੜ ਜ਼ਮੀਨ (੧੬੫੦ ਕਰੋੜ ਦੀ ਕੀਮਤ ਵਾਲੀ) 'ਤੇ ਕਬਜ਼ਾ ਵੀ ਕਰ ਲਿਆ ਸੀ ਜੋ ੬ ਸਾਲ ਮਗਰੋਂ ਖਾਲੀ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਡੇਰੇ ਕੋਲ ੭ ਫ਼ੇਜ਼ ਵਿਚ, ਮੇਨ ਮਾਰਕੀਟ ਵਿਚ, ੧.੭੫ ਏਕੜ ਥਾਂ ਹੋਰ ਵੀ ਹੈ। ਇਸ ਡੇਰੇ ਵੱਲੋਂ ਬਿਆਸ ਦੇ ਆਲੇ ਦੁਆਲੇ ਬਹੁਤ ਸਾਰੇ ਪਿੰਡਾਂ ਅਤੇ ਨਾਲ ਲਗਦੇ ਕਈ ਹੋਰ ਪਿੰਡਾਂ ਵਿਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਧੱਕੇ, ਡਰ ਅਤੇ ਸਰਕਾਰ ਅਤੇ ਪੁਲਸ ਵਿਚ ਬੈਠੇ ਆਪਣੇ 'ਦਲਾਲਾਂ' ਰਾਹੀਂ ਕਬਜ਼ੇ ਵਿਚ ਕਰ ਲਿਆ ਹੈ। ਇਹ ਕਾਰਵਾਈ ਪਿਛਲੇ ੪੦ ਸਾਲ ਤੋਂ ਬ-ਦਸਤੂਰ ਚਲ ਰਹੀ ਹੈ। ਅੱਜ ਇਸ ਡੇਰੇ ਕੋਲ ਬਿਆਸ ਵਿਚ ੩੦੦੦ ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲ ਬਿਆਸ ਸ਼ਹਿਰ ਵਿਚ ਹਸਪਤਾਲ ਵਾਲੀ ਜ਼ਮੀਨ ਵੀ ਹੈ ਅਤੇ ਹਰ ਨਗਰ, ਹਰ ਪਿੰਡ ਵਿਚ ਪ੍ਰਾਈਮ ਜਗਹ 'ਤੇ ਡੇਰੇ ਦੀਆਂ ਜ਼ਮੀਨਾਂ ਹਨ ਜੋ ੨੦੦੦ ਏਕੜ ਦੇ ਕਰੀਬ ਹਨ (ਸ਼ਾਇਦ ਵਧ ਹੀ ਹੋਣ); ਯਾਨਿ ਪੰਜਾਬ ਵਿਚ ਇਨ੍ਹਾਂ ਦੇ ਕਬਜ਼ੇ ਹੇਠ ਘਟ ਤੋਂ ਘਟ ੬੦੦੦ ਏਕੜ ਜ਼ਮੀਨ ਹੈ। ਏਨੀ ਜ਼ਮੀਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠਲੇ ਸਾਰੇ ਗੁਰਦੁਆਰਿਆਂ ਕੋਲ ਵੀ ਨਹੀਂ ਹੋਣੀ। ਸਵਾਲ ਇਹ ਹੈ ਕਿ ਇਸ ਡੇਰੇ ਨੇ ੩੦੦੦ ਏਕੜ ਜ਼ਮੀਨ 'ਤੇ ਕਾਬਜ਼ ਹੋਣ ਮਗਰੋਂ ਹੋਰ ਜ਼ਮੀਨ ਕੀ ਕਰਨੀ ਹੈ?

ਇਹ ਆਮ ਚਰਚਾ ਚਲ ਰਹੀ ਹੈ ਕਿ ਬਿਆਸ ਡੇਰੇ ਵੱਲੋਂ ਏਨੀ ਜ਼ਮੀਨ 'ਤੇ ਕਬਜ਼ੇ ਕਰਨ ਦਾ ਰਾਜ਼ ਕੀ ਹੈ? ਅੱਜ ਬਿਆਸ ਡੇਰਾ ਇਕ ਪ੍ਰਾਈਵੇਟ ਨਿਜ਼ਾਮ ਕਾਇਮ ਹੋ ਚੁੱਕਾ ਹੈ। ਇਨ੍ਹਾਂ ਦਾ ਡੇਰਾ ਇਕ 'ਰਿਆਸਤ' ਦਾ ਰੂਪ ਧਾਰਨ ਕਰ ਚੁੱਕਾ ਹੈ ਜਿਸ ਦੀ ਹਦੂਦ ਵਿਚ ਪੁਲਸ ਜਾਂ ਸਰਕਾਰੀ ਨਿਜ਼ਾਮ ਦਾ ਕੋਈ ਅਫ਼ਸਰ ਵੜ ਨਹੀਂ ਸਕਦਾ। ਕੋਈ ਅਫ਼ਸਰ ਇਨ੍ਹਾਂ ਵੱਲ ਅੱਖ ਚੁਕ ਕੇ ਨਹੀਂ ਵੇਖ ਸਕਦਾ। ਸਕਿਊਰਿਟੀ ਦੇ ਨਾਂ 'ਤੇ ਇਨ੍ਹਾਂ ਦੀ ਆਪਣੀ ਪ੍ਰਾਈਵੇਟ ਫ਼ੌਜ ਹੈ। ਇਹ ਇਕ 'ਅੰਡਰ ਵਰਲਡ' ਬਣ ਚੁਕਾ ਹੈ। ਇਹ ਆਪਣੇ ਆਪ ਵਿਚ ਇਕ ਸਮਾਨੰਤਰ ਸਰਕਾਰ' ਹੈ। ਸਰਕਾਰ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਕਰਨ ਵਾਸਤੇ ਇਸ ਦੇ ਮੁਖੀ ਗੁਰਿੰਦਰ ਸਿੰਘ ਨੇ ਹੁਣ ਤਾਂ ਆਪਣੀ ਇਕ ਭਾਣਜੀ ਪੰਜਾਬ ਦੇ ਸੀਨੀਅਰ ਮਨਿਸਟਰ ਬਿਕਰਮ ਸਿੰਘ ਮਜੀਠਿਆ ਨਾਲ ਵਿਆਹ ਦਿੱਤੀ ਹੈ। ਬਿਕਰਮ ਸਿੰਘ ਨਿੱਕੇ ਬਾਦਲ ਸੁਖਬੀਰ ਸਿੰਘ ਦਾ ਸਾਲਾ ਹੈ। ਇੰਞ ਹੁਣ ਬਿਆਸ ਡੇਰਾ ਇਕ ਤਰ੍ਹਾਂ ਨਾਲ ਪੰਜਾਬ ਦਾ ਅਣ-ਐਲਾਣਿਆ ਦੂਜਾ ਹਾਕਮ ਵੀ ਹੈ। ਉਂਞ ਪੰਜਾਬ ਵਿਚ ਸਿਰਫ਼ ਇਹ ਹੀ ਨਹੀਂ ਬਲਕਿ ਕਈ ਨਿੱਕੇ ਨਿੱਕੇ, ਦੂਜੇ ਦਰਜੇ ਦੇ, ਡੇਰੇ, ਅੰਡਰ ਵਰਲਡ, ਧਾਰਮਿਕ ਮਾਫ਼ੀਆ, ਮਿੰਨੀ ਸਰਕਾਰਾਂ ਹੋਰ ਵੀ ਮੌਜੂਦ ਹਨ, ਜਿਨ੍ਹਾਂ ਵਿਚ ਭੈਣੀ, ਦੋਦੜਾ, ਕਲੇਰਾਂ, ਰਾੜਾ, ਢੱਡਰੀਆਂ, ਆਸ਼ੂਤੋਸ਼ ਤੇ ਦਰਜਨ ਕੂ ਹੋਰ ਵੀ ਹਨ।

ਇਹ 'ਅੰਡਰ ਵਰਲਡ' ਅਤੇ ਇਕ ਸਮਾਨੰਤਰ ਸਰਕਾਰ' ਇਕੱਲੀ ਬਿਆਸ ਡੇਰੇ ਦੀ ਨਹੀਂ; ਹਰਿਆਣਾ ਵਿਚ ਸਿਰਸਾ ਡੇਰਾ ਦਾ ਵੀ ਇਹੀ ਹਾਲ ਹੈ; ਦਿੱਲੀ ਵਿਚ ਨਿਰੰਕਾਰੀ ਵੀ ਇਸ ਦਾ ਹੀ ਇਕ ਰੂਪ ਹਨ; ਦੱਖਣ ਵਿਚ ਬਹੁਤ ਸਾਰੇ ਹਿੰਦੂ ਮੰਦਰ ਤੇ ਸੰਤ ਵੀ ਇਕ ਇਕ 'ਮੁਤਵਾਜ਼ੀ ਨਿਜ਼ਾਮ/ਸਰਕਾਰ' ਹਨ ਜਿਹੜੇ ਪੰਜਾਬ 'ਚ ਵੀ ਤੇਜੀ ਨਾਲ ਪੈਰ ਪਸਾਰ ਰਹੇ ਹਨ। ਪਿੱਛੇ ਜਿਹੇ ਮਰੇ ਸਤਯ ਸਾਂਈ ਬਾਬਾ ਦੀ ਅਰਬਾਂ-ਖਰਬਾਂ ਦੀ ਦੌਲਤ ਦਾ ਰਾਜ਼ ਖੁਲ੍ਹਿਆ ਸੀ; ਇਸ ਮਗਰੋਂ ਇਕ ਹੋਰ 'ਪ੍ਰਭੂ' ਦੇ ਮਰਨ ਮਗਰੋਂ ਉਸ ਦੀ ਅਰਬਾਂ ਦੀ ਜਾਇਦਾਦਾ ਸਾਹਮਣੇ ਆਈ ਸੀ। ਨਿਰਮਲ ਬਾਬਾ, ਆਸਾ ਰਾਮ, ਰਾਮ ਦੇਵ, ਸ੍ਰੀ ਸ੍ਰੀ ਰਵੀ ਸ਼ੰਕਰ, ਸੁਸ਼ੀਲ ਮੁਨੀ ਵਰਗੇ ਵੀ ਬਹੁਤ ਹਨ। ਇਹ ਸਭ ਧਾਰਮਿਕ ਠੱਗੀ ਅਤੇ ਮਾਫ਼ੀਆ ਦੀ ਦੁਨੀਆਂ ਹੈ। ਇਹ ਧਾਰਮਿਕ ਮਾਫ਼ੀਆ ਇਸ ਮੁਲਕ ਵਿਚ ਬਹੁਤ ਵੱਡੀ ਤਾਕਤ ਬਣਦੀ ਜਾ ਰਹੀ ਹੈ। ਉਂਞ ਇਨ੍ਹਾਂ ਦੀਆਂ ਹਰਕਤਾਂ ਨਾ ਤਾਂ ਧਾਰਮਿਕ ਹਨ ਤੇ ਨਾ ਰੂਹਾਨੀਅਤ ਨਾਲ ਸਬੰਧ ਰੱਖਣ ਵਾਲੀਆਂ। ਇਹ ਤਾਂ ਸਿਆਸੀ ਤਾਕਤ, ਬਿਜ਼ਨਸ ਅਤੇ ਜੁਰਮਾਂ ਦੀ ਦੁਨੀਆਂ ਵਾਲਾ ਤਰੀਕਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜੇਹੇ ਨਿਜ਼ਾਮ ਵਾਲੇ ਧਾਰਮਕ ਆਗੂਆਂ ਦੇ ਰਾਜਿਆਂ ਨਾਲ ਹੋਏ ਗੈਰ ਸਿਧਾਂਤਕ ਗੱਠ ਜੋੜ ਦਾ:

'ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥' (ਧਨਾਸਰੀ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੬੬੨) ਅਤੇ 'ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥ ........ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ ॥੨॥ ..... ॥੨੨॥' (ਮਲਾਰ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ- ਪੰਨਾ ੧੨੮੮) ਦੇ ਗੁਰਫ਼ੁਰਮਾਨਾਂ ਰਹੀਂ ਭਾਰੀ ਵਿਰੋਧ ਕੀਤਾ। ਪਰ ਅੱਜ ਸਿੱਖ ਧਰਮ ਦਾ ਕਸਟੋਡੀਅਨ ਬਣਿਆ ਸ਼੍ਰੋਮਣੀ ਅਕਾਲੀ ਦਲ ਹੀ ਪੁੱਠੇ ਰਾਹ ਪੈ ਚੁੱਕਾ ਹੈ।

ਤੀਜੇ ਨੰਬਰ 'ਤੇ ਸਿੱਖ ਜਥੇਬੰਦੀਆਂ ਦੀ ਆਪਸੀ ਭਾਰੀ ਫੁੱਟ ਰਹਿੰਦੀ ਕਸਰ ਕੱਢ ਰਹੀ ਹੈ। ਹਰ ਜਥੇਬੰਦੀ ਆਪਣੇ ਇੱਕ ਇੱਕ ਏਜੰਡੇ ਨੂੰ ਲੈ ਕੇ ਉਸ 'ਤੇ ਇਤਨੀ ਸਖਤੀ ਨਾਲ ਪਹਿਰਾ ਦੇ ਰਹੇ ਹਨ ਕਿ ਇਸ 'ਤੇ ਵਿਰੋਧੀ ਵੀਚਾਰ ਰੱਖਣ ਵਾਲੇ ਆਪਣੇ ਗੁਰਭਾਈਆਂ ਨੂੰ ਹੀ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਨ ਸਮਝ ਰਹੀ ਹੈ। ਕੋਈ ਰਾਗਮਾਲਾ ਦੇ ਵਿਸ਼ੇ 'ਤੇ ਆਪਸ ਵਿੱਚ ਬੁਰੀ ਤਰ੍ਹਾਂ ਵੰਡੇ ਪਏ ਹਨ, ਕਈ ਮੀਟ ਖਾਣ ਜਾਂ ਨਾ ਖਾਣ ਵਿੱਚ ਉਲਝੇ ਪਏ ਹਨ, ਕੋਈ ਕਕਾਰਾਂ ਵਿੱਚ ਕੇਸ ਤੇ ਕੇਸਕੀ ਦੇ ਅਰਥ ਸਮਝਾਉਣ ਲੱਗਾ ਪਿਆ ਹੈ, ਸਿੱਖ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ ਸਮੇਤ ਕੋਈ ਐਸਾ ਮੁੱਦਾ ਹੈ ਹੀ ਨਹੀਂ, ਜਿੱਥੇ ਸਿੱਖ ਪੂਰੀ ਤਰ੍ਹਾਂ ਆਪਸ 'ਚ ਵੰਡੇ ਹੋਏ ਨਾ ਹੋਣ।

ਦਸਮ ਗ੍ਰੰਥ ਦਾ ਮੁੱਦਾ ਤਾਂ ਇਸ ਭਿਆਨਕ ਮੋੜ 'ਤੇ ਪਹੁੰਚ ਚੁੱਕਾ ਹੈ ਕਿ ਇੱਕ ਗੁਰੂ ਗ੍ਰੰਥ ਸਹਿਬ ਨੂੰ ਮੰਨਣ ਵਾਲੇ ਸਿੱਖ ਹੀ ਇੱਕ ਦੂਜੇ ਦੇ ਜਾਨੀ ਦੁਸ਼ਮਨ ਬਣੇ ਹੋਏ ਹਨ ਤੇ ਹਾਲਤ ਸ਼ੀਆ-ਸੁੰਨੀ ਮੁਸਲਮਾਨ ਤੇ ਕੈਥੋਲਿਕ-ਪ੍ਰੋਟੈਸਟੈਂਟ ਈਸਾਈਆਂ ਦੇ ਫਿਰਕਿਆਂ ਵਾਂਗ ਸਿੱਖ ਪੰਥ ਨੂੰ ਵੰਡਣ ਦੀ ਕਗਾਰ 'ਤੇ ਖੜ੍ਹੇ ਹਨ। ਦਸਮ ਗ੍ਰੰਥ ਦੇ ਹਮਾਇਤੀਆਂ ਦੀ ਹਾਲਤ ਤਾਂ ਇਹ ਬਣੀ ਪਈ ਹੈ ਕਿ ਉਹ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਪ੍ਰਮਾਣਿਕਤਾ 'ਤੇ ਉਂਗਲੀ ਉਠਾਉਣ ਵਾਲੇ ਉਸ ਵਿਅਕਤੀ ਨੂੰ ਤਾਂ ਸਹਿਣ ਕਰ ਸਕਦੇ ਹਨ, ਜਿਹੜਾ ਦਸਮ ਗ੍ਰੰਥ ਦੇ ਹੱਕ ਵਿੱਚ ਬੋਲਦਾ ਹੋਵੇ ਪਰ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਸਤਿਕਾਰ ਦੇ ਕੇ ਗਰੂ ਗ੍ਰੰਥ ਵਾਕਰ ਪ੍ਰਕਾਸ ਕਰਨ ਵਾਲਿਆਂ ਵਿਰੁਧ ਗੱਲ ਕਰਨ ਵਾਲੇ 'ਤੇ ਜਾਨੀ ਹਮਲੇ ਕਰਕੇ/ ਅਤੇ ਭੱਦੀਆਂ ਗਾਲਾਂ ਕੱਢ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਦਾ ਅਕਸ਼ ਜੰਗਲੀ ਲੋਕਾਂ ਵਾਲਾ ਪੇਸ਼ ਕਰਨ ਤੋਂ ਪਿੱਛੇ ਨਹੀਂ ਹਟਦੇ।

ਮਿਸਾਲ ਦੇ ਤੌਰ 'ਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਜਾ ਕੇ ਇਹ ਸਵਾਲ ਹੀ ਖੜ੍ਹਾ ਕੀਤਾ ਸੀ ਕਿ ਇਸੇ ਸਥਾਨ 'ਤੇ ੧੭੦੮ ਈਸਵੀ ਵਿੱਚ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਸੀ ਤਾਂ ਕੀ ਉਸ ਸਮੇਂ ਦਸਮ ਗ੍ਰੰਥ ਵੀ ਇੱਥੇ ਮੌਜੂਦ ਸੀ? ਜੇ ਨਹੀਂ ਤਾਂ ਕੀ ਗੁਰੂ ਸਾਹਿਬ ਜੀ ਕਿਸੇ ਨੂੰ ਇਹ ਅਧਿਕਾਰ ਦੇ ਗਏ ਸਨ ਕਿ ਉਨ੍ਹਾਂ ਪਿੱਛੋਂ ਕੋਈ ਗ੍ਰੰਥ ਤਿਆਰ ਕਰਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਦਿੱਤਾ ਜਾਵੇ? ਜੇ ਨਹੀਂ, ਤਾਂ ਤੁਸੀਂ ਇਹ ਅਧਿਕਾਰ ਕਿੱਥੋਂ ਲਿਆ ਹੈ ਕਿ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਸਿੱਖਾਂ ਵਿੱਚ ਇਹ ਦੁਬਿਧਾ ਪੈਦਾ ਕਰੋਂ ਕਿ ਸਿੱਖਾਂ ਦਾ ਇੱਕ ਗੁਰੂ ਹੈ ਜਾਂ ਦੋ?

ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਤ੍ਰੈਸ਼ਤਾਬਦੀ ਮਨਾਏ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤੇ ਲੱਖਾਂ ਲੋਕਾਂ ਨੇ ਦੇਸ਼ ਵਿਦੇਸ਼ 'ਚੋਂ ਇਸ ਇਹਾਸਕ ਪੁਰਬ ਮੌਕੇ ਹਜੂਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਸੀ, ਉਸ ਸਮੇ ਇਹ ਸਵਾਲ ਸਿੱਖੀ ਸਿਧਾਂਤ ਅਤੇ ਇਤਿਹਾਸ ਮੁਤਾਬਕ ਬਹੁਤ ਹੀ ਜਾਇਜ਼ ਤੇ ਢੁਕਵੇਂ ਸਨ ਜਿਨ੍ਹਾਂ ਦਾ ਢੁਕਵੀਂ ਦਲੀਲ ਨਾਲ ਜਵਾਬ ਦੇਣਾ ਬਣਦਾ ਸੀ ਜਾਂ ਪ੍ਰੋ: ਦਰਸ਼ਨ ਸਿੰਘ ਦੀ ਇਸ ਠੀਕ ਸਲਾਹ ਨੂੰ ਮੰਨ ਕੇ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾ ਦੇਣ ਚਾਹੀਦਾ ਸੀ। ਪਰ ਇਸ ਦੇ ਉਲਟ ਉਨ੍ਹਾਂ ਦੇ ਵਿਰੁਧ ਕਤਾਰਬੰਦੀ ਹੋਣ ਲੱਗੀ ਤੇ ਸਿੱਖ ਧਰਮ ਦਾ ਵਿਰੋਧੀ ਦੱਸਿਆ ਜਾਣ ਲੱਗਾ। ਆਪਣੀ ਮੰਗ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੋ: ਦਰਸ਼ਨ ਸਿੰਘ ਨੇ ਦਸਮ ਗ੍ਰੰਥ ਦੇ ਤ੍ਰਿਅ ਚਰਿਤ੍ਰ ਦੇ ਕੁਝ ਭਾਗਾਂ ਦੀ ਵਿਆਖਿਆ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਜੇਹੀ ਰਚਨਾ ਮੇਰੇ ਗੁਰੂ ਦੀ ਨਹੀਂ ਹੋ ਸਕਦੀ। ਅਜੇਹੀ ਰਚਨਾ ਨੂੰ ਗੁਰੂ ਸਾਹਿਬ ਜੀ ਦੇ ਨਾਮ ਨਾਲ ਜੋੜਨਾ ਉਨ੍ਹਾਂ ਦੀ ਮਹਾਨ ਸ਼ਖਸ਼ੀਅਤ ਨੂੰ ਧੱਬਾ ਲਾਉਣ ਦੇ ਬਰਾਬਰ ਹੈ। ਇਸ ਵਿਆਖਿਆ ਨੂੰ ਗੁਰੂ ਸਾਹਿਬ ਜੀ ਅਤੇ ਉਨ੍ਹਾਂ ਦੀ ਬਾਣੀ ਦਾ ਵਿਰੋਧ ਦੱਸ ਕੇ ਅਕਾਲ ਤਖ਼ਤ ਰਾਹੀਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਤੇ ਉਨ੍ਹਾਂ ਦੇ ਪ੍ਰਚਾਰ 'ਤੇ ਪਾਬੰਦੀ ਲਾ ਦਿੱਤੀ। ਦਸਮ ਗ੍ਰੰਥ ਦੇ ਹਮਾਇਤੀਆਂ ਨੇ ਉਨ੍ਹਾਂ ਦੇ ਕੀਰਤਨ ਸਮਾਗਮ ਬੰਦ ਕਰਵਾਉਣ ਲਈ ਉਨ੍ਹਾਂ 'ਤੇ ਜਾਨੀ ਹਮਲੇ ਤੱਕ ਕੀਤੇ ਅਤੇ ਇੰਨੀ ਭੱਦੀ ਭਾਸ਼ਾ ਵਰਤੀ ਕਿ ਕੋਈ ਸਭਿਅਕ ਮਨੁਖ ਸੁਣ ਕੇ ਹੀ ਸ਼ਰਮਸ਼ਾਰ ਹੋ ਜਾਂਦਾ ਹੈ। ਅਜੇਹਾ ਕਰਨ ਵਾਲੇ ਭੁੱਲ ਹੀ ਗਏ ਕਿ ਪ੍ਰੋ ਦਰਸ਼ਨ ਸਿੰਘ ਨੇ ਖਾੜਕੂ ਸੰਘਰਸ਼ ਸਮੇਂ ਆਪਣੇ ਪ੍ਰਚਾਰ ਰਾਹੀਂ ਉਹ ਰੋਲ ਨਿਭਾਇਆ ਸੀ ਜਿਹੜਾ ਅੱਜ ਤੱਕ ਕੋਈ ਹੋਰ ਨਾਮਵਰ ਪ੍ਰਚਾਰਕ ਨਹੀਂ ਨਿਭਾ ਸਕਿਆ।

ਦੂਸਰੇ ਪਾਸੇ ਧਰਮ ਸਿੰਘ ਨਾਮੀ ਨਿਹੰਗ ਨੇ ਦਸਮ ਗ੍ਰੰਥ ਦੇ ਪ੍ਰਕਾਸ਼ ਕਰਨ ਨੂੰ ਜਾਇਜ਼ ਠਹਿਰਾਉਣ ਲਈ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਹੀ ਨਹੀਂ ਸੀ। ਉਨ੍ਹਾਂ ਗੁਰੂ ਅਰਜੁਨ ਸਾਹਿਬ ਜੀ ਦੇ ਸਮੇਂ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤੇ ਜਾਣ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਮਦਮਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਇਸ ਦੀ ਸੰਪੂਰਨਤਾ ਕਰਨ ਦੇ ਇਤਿਹਾਸ ਨੂੰ ਵੀ ਪੂਰੀ ਤਰ੍ਹਾਂ ਰੱਦ ਕੀਤਾ ਤੇ ਕਿਹਾ ਕਿ ਦਮਦਮੀ ਨਾਮ ਦੀ ਕੋਈ ਬੀੜ ਉਨ੍ਹਾਂ ਨੇ ਲਿਖਵਾਈ ਹੀ ਨਹੀਂ ਸੀ। ਇਹ ਸਿੱਖ ਇਤਿਹਾਸ ਅਤੇ ਸਿਧਾਂਤ 'ਤੇ ਬਹੁਤ ਵੱਡਾ ਹਮਲਾ ਸੀ। ਇਸ ਨੂੰ ਵੀ ਅਕਾਲ ਤਖ਼ਤ ਤੋਂ ਛੇਕਿਆ ਗਿਆ ਹੈ ਪਰ ਇਸ ਨਾਲ ਦਸਮ ਗ੍ਰੰਥ ਦੇ ਹਮਾਇਤੀ ਉਹ ਸਲੂਕ ਨਹੀਂ ਕਰ ਰਹੇ ਜਿਹੜਾ ਸਤਿਕਾਰਤ ਪ੍ਰੋ: ਦਰਸ਼ਨ ਸਿੰਘ ਜੀ ਨਾਲ ਕਰ ਰਹੇ ਹਨ। ਕਈ ਵਾਰ ਤਾਂ ਦਸਮ ਗ੍ਰੰਥ ਦੀ ਹਮਾਇਤ ਵਿੱਚ ਉਹ ਧਰਮ ਸਿੰਘ ਨਿਹੰਗ ਦੀਆਂ ਵੀਡੀਓ ਵੀ ਪੇਸ਼ ਕਰਦੇ ਹਨ। ਜਿਸ ਸਮੇਂ ਉਨ੍ਹਾਂ ਨੂੰ ਇਹ ਚੇਤਾ ਕਰਵਾਇਆ ਜਾਂਦਾ ਹੈ ਕਿ ਇਹ ਤਾਂ ਉਹ ਨਿਹੰਗ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਮੁੱਢੋਂ ਹੀ ਰੱਦ ਕਰਦਾ ਹੈ। ਤਾਂ ਇਸ ਦੇ ਜਵਾਬ ਵਿੱਚ ਉਹ ਇਹ ਕਹਿਣ ਤੱਕ ਚਲੇ ਜਾਂਦੇ ਹਨ ਕਿ ਇਹ ਸਾਡਾ ਘਰੇਲੂ ਮਸਲਾ ਹੈ ਇਸ 'ਤੇ ਬਾਅਦ ਵਿੱਚ ਵੀਚਾਰ ਕਰ ਲਵਾਂਗੇ ਪਹਿਲਾਂ ਦਸਮ ਗ੍ਰੰਥ ਦੇ ਵਿਰੋਧੀਆਂ ਨਾਲ ਹੀ ਸਿਝਣਾ ਹੈ।

ਦਸਮ ਗ੍ਰੰਥ ਦੇ ਹਮਾਇਤੀ ਤੇ ਵਿਰੋਧੀ ਧੜੇ ਇਸ ਕਦਰ ਆਮੋ ਸਾਮਣੇ ਹਨ ਕਿ ਦਸਮ ਗ੍ਰੰਥ ਦੇ ਹੱਕ ਜਾਂ ਵਿਰੋਧ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛਡਦੇ। ਆਪਣੇ ਸਮਝੇ ਜਾਂਦੇ ਵਿਰੋਧੀ ਦਾ ਜਾਵਾਬ ਦਿੱਤੇ ਬਿਨਾਂ ਇਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤੇ ਨਾ ਹੀ ਰੋਟੀ ਹਜ਼ਮ ਹੁੰਦੀ ਹੈ। ਪਰ ਪੰਥ ਦੀਆਂ ਆਰਥਕ/ਸਮਾਜਕ/ਧਾਰਮਿਕ ਮੰਗਾਂ, ਪੰਥ ਦੀ ਹੋਂਦ, ਇਨਸਾਫ਼ ਅਤੇ ਡੇਰਾ ਬਿਆਸ ਵਰਗੇ ਅਨੇਕਾਂ ਹੋਰ ਮਸਲੇ ਹਨ ਜਿਨ੍ਹਾਂ ਵੱਲ ਇਨ੍ਹਾਂ ਦਾ ਧਿਆਨ ਕਦੀ ਜਾਂਦਾ ਹੀ ਨਹੀਂ। ਜਾਵੇ ਤਾਂ ਤਾਂ ਜੇ ਕਰ ਦਸਮ ਗ੍ਰੰਥ ਦੇ ਵਿਰੋਧ ਜਾਂ ਹਮਾਇਤ ਵਾਲੀ ਚਿੰਤਾ ਤੋਂ ਮੁਕਤ ਹੋਣ। ਉਸ ਤਰ੍ਹਾਂ ਤਾਂ ਸਿੱਖ ਦਿਨ ਵਿੱਚ ਕਈ ਵਾਰ ਅਰਦਾਸ ਕਰਦੇ ਹਨ: 'ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਅਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!' ਪਰ ਇਹ ਅਰਦਾਸ ਕਰਨ ਵਾਲਿਆਂ ਦੇ ਰਾਜ ਵਿੱਚ ਅਤੇ ਸਿੱਖੀ ਵਿੱਚ ਅਰਦਾਸ ਦੀ ਮਹੱਤਤਾ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਦਸਮ ਗ੍ਰੰਥ ਦੇ ਹਮਾਇਤੀ ਤੇ ਵਿਰੋਧੀਆਂ ਦੀਆਂ ਅੱਖਾਂ ਦੇ ਸਾਹਮਣੇ ਡੇਰਾ ਬਿਆਸ ਦੇ ਭੂਮਾਫੀਆ ਨੇ ਗੁਰਦੁਆਰੇ ਨੂੰ ਢਹਿਢੇਰੀ ਕਰਕੇ ਆਪਣੇ ਡੇਰੇ ਵਿੱਚ ਸ਼ਾਮਲ ਕਰ ਲਿਆ ਪਰ ਕੋਈ ਕੁਰਬਾਨੀ ਲਈ ਤਾਂ ਕੀ ਵਿਖਾਵੇ ਕਰਨ ਲਈ ਵੀ ਨਹੀਂ ਨਿਕਲਿਆ। ਕੁਝ ਹੋਰ ਸਿਰਫ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਹਨ। ਸਾਡੀ ਪਾਟੋਧਾੜ ਕਾਰਣ, ਇਹ ਹੈ ਸਾਡੀ ਨਿੱਘਰੀ ਹੋਈ ਹਾਲਤ ਜਿਸ ਕਾਰਣ ਅਸੀਂ ਕਿਸੇ ਵਿਰੋਧੀ ਦੀ ਸਾਜਿਸ਼ ਦਾ ਕਦੀ ਵੀ ਜਵਾਬ ਦੇਣ ਦੇ ਸਮਰਥ ਨਹੀ ਬਣ ਸਕਦੇ।

ਇਹ ਅਰਦਾਸਾਂ ਕਰਨ ਵਾਲਿਓ! ਜੇ ਕਰ ਤੁਹਾਨੂੰ ਪੰਥ 'ਤੇ ਜਰਾ ਮਾਤਰ ਵੀ ਤਰਸ ਹੈ ਗੁਰੂ ਸਾਹਿਬਾਨ ਤੇ ਪੁਰਾਤਨ ਸਿੰਘਾਂ ਦੀਆਂ ਕੁਰਬਾਨੀਆਂ ਯਾਦ ਹਨ ਤਾਂ ਆਪਸੀ ਮੱਤਭੇਦ ਭੁਲਾ ਕੇ ਇਕੱਤਰ ਹੋਣ ਦੀ ਭਾਰੀ ਲੋੜ ਹੈ। ਏਕਤਾ ਦਾ ਰਾਹ ਪੱਧਰਾ ਕਰਨ ਲਈ ਸਭ ਤੋਂ ਜਰੂਰੀ ਸ਼ਰਤ ਹੈ ਕਿ ੧੭੦੮ ਈਸਵੀ ਵਿੱਚ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਸਮੇਂ ਸਿੱਖਾਂ ਨੂੰ ਕੀਤਾ ਇਹ ਹੁਕਮ: 'ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ' ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਦਸਮ ਗ੍ਰੰਥ ਨਾਲੋਂ 'ਗੁਰੂ' ਸ਼ਬਦ ਦੀ ਵਰਤੋਂ ਬਿਲਕੁਲ ਬੰਦ ਕੀਤੀ ਜਾਵੇ। ਇਸ ਨੂੰ ਗੁਰੂ ਵਾਂਗ ਪ੍ਰਕਾਸ਼ ਕਰਕੇ ਗੁਰੂ ਵਾਲਾ ਸਤਿਕਾਰ ਦੇਣਾ ਬੰਦ ਕੀਤਾ ਜਾਵੇ। ਹਾਂ ਜਿਹੜੇ ਧੜੇ ਇਸ ਨੂੰ ਗੁਰੂ ਕ੍ਰਿਤ ਮੰਨਦੇ ਹਨ ਉਹ ਇਸ ਨੂੰ ਆਪਣੇ ਘਰ ਰੱਖ ਕੇ ਧਾਰਮਿਕ ਪੋਥੀਆਂ ਵਾਂਗ ਪੜ੍ਹ ਸਕਦੇ ਹਨ। ੧੯੪੫ ਵਿੱਚ ਲਾਗੂ ਕੀਤੀ ਗਈ ਸਿੱਖ ਰਹਿਤ ਮਰਿਆਦਾ ਅਤੇ ੨੦੦੩ ਵਿੱਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਬਿਨਾਂ ਹੀਲ ਹੁੱਜਤ ਸਾਰੀਆਂ ਧਿਰਾਂ ਹੂਬਹੂ ਮੰਨ ਲੈਣ। ਹਾਂ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅਤੇ ਇਤਿਹਾਸ ਤੋਂ ਸੇਧ ਲੈਣ ਵਾਲੇ ਦੋਹਾਂ ਧਿਰਾਂ ਦੇ ਵਿਦਵਾਨ ਦੀਆਂ ਕਮੇਟੀਆਂ ਬਣਾ ਕੇ ਮਤਭੇਦ ਵਾਲੇ ਨੁਕਤਿਆਂ 'ਤੇ ਵੀਚਾਰ ਕਰਕੇ ਪਹਿਲ ਦੇ ਅਧਾਰ 'ਤੇ ਗੁਰਮਤਿ ਅਨੁਸਾਰੀ ਲੋੜੀਂਦੀ ਸੋਧ ਕਰ ਲੈਣੀ ਚਾਹੀਦੀ ਹੈ।

ਦੂਸਰੀ ਮੁੱਖ ਲੋੜ ਹੈ ਕਿ ਆਪਣੀਆਂ ਆਪਣੀਆਂ ਟਕਸਾਲਾਂ ਤੇ ਹੋਰ ਜਥੇਬੰਦੀਆਂ ਜਿਹੜੀਆਂ ਇਹ ਦਾਅਵਾ ਕਰਦੀਆਂ ਹਨ ਕਿ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਭਾਈ ਦਇਆ ਸਿੰਘ ਜਾਂ ਕਿਸੇ ਹੋਰ ਪੁਰਾਤਨ ਸਤਿਕਾਰਤ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੀ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਹੱਥੀਂ ਸਥਾਪਤ ਕੀਤੀ ਹੈ ਉਹ ਵੀ ਸਮੇਂ ਦੀ ਮੰਗ ਅਨੁਸਾਰ ਆਪਣੀਆਂ ਆਪਣੀਆਂ ਟਕਸਾਲਾਂ ਤੇ ਜਥੇਬੰਦੀਆਂ ਭੰਗ ਕਰਕੇ ਪੰਥ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਣ। ਉਨ੍ਹਾਂ ਨੂੰ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਮਸੰਦ ਸਿਸਟਮ ਵੀ ਗੁਰੂ ਰਾਮਦਾਸ ਜੀ ਨੇ ਆਪਣੇ ਹੱਥੀਂ ਸ਼ੁਰੂ ਕੀਤਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਮਸੰਦ ਸਿਸਟਮ ਨੂੰ ਰੱਦ ਕੀਤਾ। ਗੁਰੂ ਅਮਰ ਦਾਸ ਜੀ ਨੇ ਮੰਜੀਆਂ ਤੇ ਪੀੜ੍ਹੇ ਸਥਾਪਤ ਕੀਤੇ ਸਨ ਪਰ ਅੱਜ ਉਨ੍ਹਾਂ ਦੀ ਕੋਈ ਹੋਂਦ ਨਹੀਂ ਹੈ। ਇਸ ਲਈ ਸਭ ਤੋਂ ਵੱਧ ਲੋੜੀਂਦੀ ਚੀਜ ਪੰਥਕ ਏਕਤਾ ਤੇ ਸਿਧਾਂਤ ਹੈ। ਇਹ ਲੋੜਾਂ ਪੂਰੀਆਂ ਕਰਨ ਲਈ ਹੀ ਸਮੇਂ ਦੀ ਲੋੜ ਅਨੁਸਾਰ ਸੰਸਥਾਵਾਂ ਬਣਾਈਆਂ ਜਾਂਦੀਆਂ ਹਨ ਪਰ ਜੇ ਕਦੀ ਇਹ ਪੰਥਕ ਏਕਤਾ ਅਤੇ ਸਿਧਾਂਤ ਲਾਗੂ ਕਰਨ ਵਿਚ ਹੀ ਰੋੜਾ ਬਣ ਜਾਣ ਤਾਂ ਇਨ੍ਹਾਂ ਨੂੰ ਫੋਰਨ ਭੰਗ ਕਰ ਦੇਣ ਵਿੱਚ ਹੀ ਭਲਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top